logo
भारतवाणी
bharatavani  
logo
Knowledge through Indian Languages
Bharatavani

Punjabi Encyclopaedic Dictionary of Theatre (Punjabi-English)

ਆਫ਼ ਸਟੇਜ

Off Stage)

ਨਾਟਕ ਦੇ ਖੇਤਰ ਵਿੱਚ ਆਫ਼ ਸਟੇਜ ਤੋਂ ਭਾਵ ਅਜਿਹੀ ਗਤੀਵਿਧੀ ਜਾਂ ਕਾਰਜ ਤੋਂ ਲਿਆ ਜਾਂਦਾ ਹੈ ਜਿਹੜਾ ਮੰਚ ਉੱਤੇ ਨਹੀਂ ਵਾਪਰਦਾ ਅਰਥਾਤ ਅਜਿਹਾ ਕਾਰਜ ਦਰਸ਼ਕਾਂ ਦੇ ਸਨਮੁੱਖ ਨਹੀਂ ਵਾਪਰਦਾ ਸਗੋਂ ਸਟੇਜ ਦੇ ਪਿਛਲੇ ਹਿੱਸੇ ਵਿੱਚ ਵਾਪਰਦਾ ਹੈ । ਨਾਟਕ ਦੇ ਲਿਖਤੀ ਪਾਠ ਨੂੰ ਮੰਚੀ ਰੂਪ ਵਿੱਚ ਰੂਪਾਂਤਰਣ ਕਰਨ ਵੇਲੇ ਆਫ਼ ਸਟੇਜ ਦੀ ਭੂਮਿਕਾ ਮਹੱਤਪੂਰਣ ਹੁੰਦੀ ਹੈ । ਪਿੱਠ ਭੂਮੀ ਤੋਂ ਆਉਣ ਵਾਲੀਆਂ ਆਵਾਜ਼ਾਂ, ਗੀਤ ਆਦਿ ਆਫ਼ ਸਟੇਜ ਤੋਂ ਹੀ ਪੇਸ਼ ਹੁੰਦੇ ਹਨ ਜਿਹੜੇ ਨਾਟਕ ਦੀ ਪ੍ਰਦਰਸ਼ਨੀ ਵਿੱਚ ਪ੍ਰਭਾਵੀ ਰੋਲ ਅਦਾ ਕਰਦੇ ਹਨ । ਜਿਹੜੇ ਵਰਕਰ ਜਾਂ ਰੰਗਕਰਮੀ ਸਟੇਜ ਦੇ ਉੱਤੇ ਨਹੀਂ ਆਉਂਦੇ ਸਗੋਂ ਸਟੇਜ ਦੇ ਪਿੱਛੇ ਰਹਿ ਕੇ ਹੀ ਆਪਣਾ ਰੋਲ ਨਿਭਾਉਂਦੇ ਹਨ ਉਨ੍ਹਾਂ ਨੂੰ ਆਫ਼ ਸਟੇਜ ਵਰਕਰ ਕਿਹਾ ਜਾਂਦਾ ਹੈ । ਮੰਚ ਸੱਜਾ, ਰੂਪ ਸੱਜਾ ਤੇ ਮੰਚ ਵਿਉਂਤਕਾਰੀ ਵਿੱਚ ਇਨ੍ਹਾਂ ਦਾ ਯੋਗਦਾਨ ਅਹਿਮ ਹੁੰਦਾ ਹੈ । (ਸਹਾਇਕ ਗ੍ਰੰਥ - ਆਤਮਜੀਤ : ਨਾਟਕ ਦਾ ਨਿਰਦੇਸ਼ਨ)

ਆਵਾਜ਼ ਪ੍ਰਭਾਵ

sound effects

ਨਾਟਕ ਦੀ ਪ੍ਰਦਰਸ਼ਨੀ ਵਿੱਚ ਰੋਸ਼ਨੀ ਦੀ ਵਿਉਂਤਕਾਰੀ ਦੇ ਨਾਲ - ਨਾਲ ਆਵਾਜ਼ਾਂ ਦੀ ਵਿਉਂਤਕਾਰੀ ਵੀ ਉਨਾਂ ਹੀ ਮਹੱਤਵ ਰੱਖਦੀ ਹੈ । ਧੁਨੀ ਜਾਂ ਆਵਾਜ਼ਾਂ ਦੇ ਪ੍ਰਭਾਵ ਰਾਹੀਂ ਨਾਟਕ ਦੀ ਪੇਸ਼ਕਾਰੀ ਨੂੰ ਗੰਭੀਰਤਾ ਤੇ ਸੰਜੀਦਗੀ ਪ੍ਰਦਾਨ ਕੀਤੀ ਜਾਂਦੀ ਹੈ । ਆਵਾਜ਼ਾਂ ਦਾ ਸਹੀ ਪ੍ਰਭਾਵ ਸਿਰਜਨ ਲਈ ਬਕਾਇਦਾ ਇਸ ਖੇਤਰ ਵਿੱਚ ਕੰਮ ਕਰਨ ਵਾਲੇ ਮਾਹਿਰ ਵਿਅਕਤੀਆਂ ਦੀ ਮਦਦ ਲਈ ਜਾਂਦੀ ਹੈ । ਪਾਤਰਾਂ ਦੁਆਰਾ ਉਚਾਰੇ ਵਾਰਤਾਲਾਪਾਂ ਦਾ ਦਰਸ਼ਕਾਂ ਤੱਕ ਸਹੀ ਸੰਚਾਰ ਹੋਣ ਲਈ ਧੁਨੀ ਪ੍ਰਬੰਧ ਦਾ ਠੀਕ ਹੋਣਾ ਅਤਿ ਜਰੂਰੀ ਹੈ । ਅਜਿਹਾ ਨਾ ਹੋਣ ਦੀ ਸੂਰਤ ਵਿੱਚ ਨਾਟਕ ਦੀ ਪੇਸ਼ਕਾਰੀ ਅਸਫ਼ਲ ਸਿੱਧ ਹੋ ਸਕਦੀ ਹੈ । ਪਾਤਰਾਂ ਦੇ ਸੂਖ਼ਮ ਭਾਵਾਂ ਨੂੰ ਪ੍ਰਗਟਾਉਣ ਵਿੱਚ ਅਤੇ ਨਾਟਕੀ ਮਾਹੌਲ ਨੂੰ ਸਿਰਜਨ ਵਿੱਚ ਆਵਾਜ਼ਾਂ ਦੀ ਭੂਮਿਕਾ ਅਹਿਮ ਹੁੰਦੀ ਹੈ । ਪਾਤਰਾਂ ਦੇ ਮਨ ਅੰਦਰਲੇ ਸ਼ੋਰ, ਬੇਚੈਨੀ ਅਤੇ ਮਾਨਸਿਕ ਪਰੇਸ਼ਾਨੀ ਨੂੰ ਦਰਸ਼ਕਾਂ ਤੱਕ ਉਨੀ ਹੀ ਸ਼ਿੱਦਤ ਨਾਲ ਪੁਚਾਉਣ ਲਈ ਹਨੇਰੀ ਅਤੇ ਤੇਜ ਤੂਫਾਨ ਦੀਆਂ ਰਿਕਾਰਡ ਕੀਤੀਆਂ ਆਵਾਜ਼ਾਂ ਨਾਟਕੀ ਮਾਹੌਲ ਨੂੰ ਸਿਰਜਨ ਵਿੱਚ ਸਹਾਈ ਸਿੱਧ ਹੁੰਦੀਆਂ ਹਨ । ਭਾਸ਼ਾ ਦੇ ਮੁਕਾਬਲੇ ਆਵਾਜ਼ਾਂ ਦੇ ਪ੍ਰਭਾਵ ਰਾਹੀਂ ਕੀਤਾ ਜਾਣ ਵਾਲਾ ਸੰਚਾਰ ਨਾਟਕੀ ਪ੍ਰਦਰਸ਼ਨ ਨੂੰ ਵਧੇਰੇ ਸਸ਼ਕਤ ਬਣਾਉਂਦਾ ਹੈ । ਸਮੇਂ ਅਤੇ ਸਥਾਨ ਬਾਰੇ ਜਾਣਕਾਰੀ ਦੇਣ ਲਈ ਵੀ ਰਿਕਾਰਡ ਕੀਤੀਆਂ ਆਵਾਜ਼ਾਂ ਦੀ ਸਹਾਇਤਾ ਲਈ ਜਾਂਦੀ ਹੈ । ਆਵਾਜ਼ਾਂ ਦੇ ਸਹੀ ਤਾਲਮੇਲ ਲਈ ਨਾਟਕ ਨਿਰਦੇਸ਼ਕ ਨੂੰ ਤਕਨੀਕੀ ਜਾਣਕਾਰੀ ਲੋੜੀਂਦੀ ਸਮਝੀ ਜਾਂਦੀ ਹੈ । ਬੇਮੌਕਾ ਆਵਾਜ਼ਾਂ ਅਤੇ ਅਣਲੋੜੀਂਦਾ ਸੰਗੀਤ ਨਾਟਕ ਦੇ ਸਫ਼ਲ ਮੰਚਨ ਵਿੱਚ ਰੁਕਾਵਟ ਦਾ ਕਾਰਨ ਵੀ ਬਣ ਸਕਦਾ ਹੈ । ਪੂਰਨ ਖਾਮੋਸ਼ੀ ਦੀ ਮੰਗ ਕਰਨ ਵਾਲੇ ਦ੍ਰਿਸ਼ਾਂ ਵਿੱਚ ਅਣਲੇੜੀਂਦੀਆਂ ਆਵਾਜ਼ਾਂ ਨਾਟਕੀ ਪ੍ਰਭਾਵ ਨੂੰ ਖ਼ਤਮ ਕਰ ਦੇਂਦੀਆਂ ਹਨ । ਨਾਟਕ ਇੱਕ ਲਾਈਵ ਵਿਧਾ ਹੋਣ ਕਰਕੇ ਅਤੇ ਸਿੱਧੇ ਰੂਪ ਵਿੱਚ ਦਰਸ਼ਕਾਂ ਨਾਲ ਜੁੜੇ ਹੋਣ ਕਾਰਨ ਗਲਤ ਆਵਾਜ਼ਾਂ ਰਾਹੀਂ ਪੈਦਾ ਹੋਣ ਵਾਲਾ ਖ਼ਲਲ ਦਰਸ਼ਕਾਂ ਦੀ ਬਿਰਤੀ ਨੂੰ ਭੰਗ ਕਰ ਸਕਦਾ ਹੈ । ਨਿਰਸੰਦੇਹ ਨਾਟਕ ਵਿੱਚ ਸੰਵਾਦਾਂ ਦੀ ਮਹੱਤਤਾ ਬੜੀ ਅਹਿਮ ਹੁੰਦੀ ਹੈ ਪਰ ਸੂਝਵਾਨ ਨਿਰਦੇਸ਼ਕ ਆਵਾਜ਼ਾਂ ਦੇ ਪ੍ਰਭਾਵ ਰਾਹੀਂ ਨਾਟਕੀ ਥੀਮ ਨੂੰ ਸਪਸ਼ਟ ਕਰਨ ਦੇ ਨਾਲ ਨਾਲ ਨਾਟਕੀ ਵਾਤਾਵਰਨ ਦੀ ਪ੍ਰਭਾਵਸ਼ਾਲੀ ਸਿਰਜਨਾ ਕਰਦੇ ਹਨ । ਅਜਿਹਾ ਪ੍ਰਭਾਵ ਜਿੱਥੇ ਦਰਸ਼ਕਾਂ ਨੂੰ ਅਨੰਦਿਤ ਕਰਦਾ ਹੈ ਉੱਥੇ ਨਾਟਕ ਦੇ ਪ੍ਰਦਰਸ਼ਨ ਵਿੱਚ ਸੁਹਜ ਵੀ ਭਰਦਾ ਹੈ । (ਸਹਾਇਕ ਗ੍ਰੰਥ - ਸੁਰਜੀਤ ਸਿੰਘ ਸੇਠੀ : ਸਿਰਜਨਾਤਮਿਕ ਨਾਟਕ ਨਿਰਦੇਸ਼ਨ ; ਸੀਤਾ ਰਾਮ ਚਤੁਰਵੇਦੀ : ਭਾਰਤੀਯ ਤਥਾ ਪਾਸ਼ਚਾਤਯ ਰੰਗਮੰਚ)

ਐਪਿਕ ਥੀਏਟਰ

Epic Theatre

ਜਰਮਨ ਦੇ ਨਾਟਕਕਾਰ ਬਰਟੋਲਤ ਬਰੈਖ਼ਤ ਨੇ ਵੀਹਵੀਂ ਸਦੀ ਦੇ ਦੂਜੇ ਦਹਾਕੇ ਵਿੱਚ ਆਪਣੇ ਨਾਟਕਾਂ ਲਈ ਇਸ ਟਰਮ ਦੀ ਵਰਤੋਂ ਕੀਤੀ ਸੀ । ਉਸ ਨੇ ਰਵਾਇਤੀ ਨਾਟ ਪਰੰਪਰਾ ਦੇ ਵਿਪਰੀਤ ਦਰਸ਼ਕਾਂ ਅਤੇ ਅਭਿਨੇਤਾਵਾਂ ਦੇ ਦਰਮਿਆਨ ਵਿਥ ਰੱਖਣ ਦੀ ਗੱਲ ਕੀਤੀ । ਐਪਿਕ ਥੀਏਟਰ ਦਰਸ਼ਕਾਂ ਦੀ ਅਭਿਨੇਤਾ ਨਾਲ ਨੇੜਤਾ ਰੱਖਣ ਦੇ ਖਿਲਾਫ਼ ਹੈ । ਉਹ ਦਰਸ਼ਕਾਂ ਨੂੰ ਸੋਚਣ ਦੀ ਚੇਟਕ ਲਾਉਂਦਾ ਹੈ । ਬਰੈਖ਼ਤ ਇਸ ਮੱਤ ਦਾ ਅਨੁਸਾਰੀ ਸੀ ਕਿ ਜੇਕਰ ਦਰਸ਼ਕ ਮੰਚ ਉੱਤੇ ਚਲ ਰਹੇ ਕਾਰਜ ਵਿੱਚ ਖੁਭ ਜਾਂਦਾ ਹੈ ਤਾਂ ਉਹ ਨਾਟਕ ਦੀ ਸਮੱਸਿਆ ਬਾਰੇ ਬਾਹਰਮੁਖੀ ਹੋ ਕੇ ਸੋਚ ਵਿਚਾਰ ਨਹੀਂ ਕਰ ਸਦਕਾ ਸਗੋਂ ਭਾਵੁਕ ਪੱਧਰ 'ਤੇ ਉਸ ਦੇ ਹੱਲ ਬਾਰੇ ਸੋਚੇਗਾ । ਇਸ ਲਈ ਥੀਏਟਰ ਦਾ ਮੁੱਖ ਮਕਸਦ ਦਰਸ਼ਕਾਂ ਨੂੰ ਚੇਤੰਨ ਸੋਚ ਦੇ ਧਾਰਨੀ ਬਨਾਉਣ ਨਾਲ ਸੰਬੰਧਤ ਹੈ । ਇਸ ਨਾਟਕ ਵਿੱਚ ਨਾਟਕ ਦੀ ਕਥਾ ਨੂੰ ਸੂਤਰਧਾਰ ਅੱਗੇ ਤੋਰਦਾ ਹੈ । ਕਈ ਘਟਨਾਵਾਂ ਬਾਰੇ ਦਰਸ਼ਕਾਂ ਨੂੰ ਸਿੱਧਾ ਮੁਖਾਤਬ ਹੋ ਕੇ ਨਾਟਕ ਦੀ ਕਥਾ ਦੇ ਵੇਰਵੇ ਬਿਆਨ ਕੀਤੇ ਜਾਂਦੇ ਹਨ । ਬਰੈਖ਼ਤ ਰਵਾਇਤੀ ਥੀਏਟਰ ਵਾਂਗ ਦਰਸ਼ਕਾਂ ਵਿੱਚ ਉਤਸੁਕਤਾ ਪੈਦਾ ਕਰਨ ਦੇ ਖਿਲਾਫ਼ ਸੀ । ਅਜਿਹੇ ਨਾਟਕ ਵਿੱਚ ਗੀਤ ਸੰਗੀਤ ਅਤੇ ਸਮੂਹਗਾਨ ਵਿਧੀਆਂ ਦੀ ਵਰਤੋਂ ਆਮ ਕੀਤੀ ਜਾਂਦੀ ਹੈ । ਇਸ ਨੂੰ ਐਪਿਕ ਜਾਂ ਟੋਟਲ ਥੀਏਟਰ ਇਸ ਕਰਕੇ ਕਿਹਾ ਜਾਂਦਾ ਹੈ ਕਿਉਂ ਕਿ ਇਹ ਜੀਵਨ ਦੀ ਵਿਸ਼ਾਲਤਾ ਨੂੰ ਪੇਸ਼ ਕਰਦਾ ਹੈ । ਬਿਆਨੀਆ ਵਿਧੀ, ਸੂਚਨਾ ਵਿਧੀ ਅਤੇ ਸਮੂਹਗਾਨ ਰਾਹੀਂ ਜੀਵਨ ਦੀ ਵਿਆਪਕਤਾ ਨੂੰ ਮੰਚ ਉੱਤੇ ਇਉਂ ਪੇਸ਼ ਕੀਤਾ ਜਾਂਦਾ ਹੈ ਕਿ ਦਰਸ਼ਕਾਂ ਨੂੰ ਇਸ ਗੱਲ ਦਾ ਅਹਿਸਾਸ ਰਹਿੰਦਾ ਹੈ ਕਿ ਉਹ ਮੰਚ ਉੱਤੇ ਜੀਵਨ ਨਹੀਂ ਸਗੋਂ ਨਾਟਕ ਦੇਖ ਰਹੇ ਹਨ । ਬਰੈਖ਼ਤ ਇਸ ਮੱਤ ਦਾ ਧਾਰਨੀ ਸੀ ਕਿ ਮੰਚ ਉੱਤੇ ਅਭਿਨੇਤਾ ਆਪਣੇ ਪਾਤਰ ਦੇ ਰੋਲ ਨੂੰ ਭੋਗਣ ਦੀ ਸਥਿਤੀ ਵਿੱਚ ਨਹੀਂ ਜਾਣਾ ਚਾਹੀਦਾ । ਉਸਨੇ ਅਭਿਨੇਤਾ ਨੂੰ ਪਾਤਰ ਤੋਂ ਦੂਰ ਰਹਿਣ ਦਾ ਮੱਤ ਪ੍ਰਸਤੁਤ ਕੀਤਾ । ਇਸੇ ਨੂੰ ਐਲੀਨੇਸ਼ਨ ਤੇ ਅਲਹਿਦਗੀ ਦਾ ਨਾਂ ਦਿੱਤਾ ਗਿਆ । ਇਹ ਥੀਏਟਰ ਦਰਸ਼ਕਾਂ ਨੂੰ ਵੀ ਪੇਸ਼ਕਾਰੀ ਦਾ ਹਿੱਸਾ ਬਣਾਉਣ ਦੇ ਖਿਲਾਫ਼ ਸੀ । ਬਰੈਖ਼ਤ ਨੇ ਅਜਿਹੀ ਵਿਧੀਆਂ ਦਾ ਸੁਝਾਅ ਦਿੱਤਾ ਜਿਸ ਨਾਲ ਦਰਸ਼ਕ ਮੰਚ ਉੱਤੇ ਚਲ ਰਹੇ ਕਾਰਜ ਤੋਂ ਇੱਕ ਵਿੱਥ ਉੱਤੇ ਵਿਚਰ ਸਕੇ । ਸੰਗੀਤ ਤੇ ਕੋਰਸ ਦੀ ਵਿਧੀ ਰਾਹੀਂ ਨਾਟਕੀ ਕਾਰਜ ਨੂੰ ਅੱਗੇ ਤੋਰਨ ਦੀ ਬਜਾਏ, ਕਾਰਜ ਨੂੰ ਰੋਕਣ ਲਈ ਵਰਤਿਆ ਗਿਆ । ਉਹਦੇ ਨਾਟਕਾਂ ਵਿਚਲਾ ਸੰਗੀਤ ਨਾਟਕੀ ਅਰਥਾਂ ਨੂੰ ਵਿਸਤਾਰ ਦੇਣ ਦੀ ਥਾਵੇਂ ਚੱਲ ਰਹੇ ਨਾਟਕੀ ਕਾਰਜ ਉੱਤੇ ਟਿੱਪਣੀ ਕਰਦਾ ਸੀ । ਉਹ ਜੀਵਨ ਦੇ ਮਸਲਿਆਂ ਨੂੰ ਯਥਾਰਥਮਈ ਢੰਗ ਦੇ ਨਾਲ ਪੇਸ਼ ਕਰਨ ਦੀ ਥਾਵੇਂ ਅਜਨਬੀਕਰਨ ਦੀ ਵਿਧੀ ਰਾਹੀਂ ਪੇਸ਼ ਕਰਨ ਦੇ ਹੱਕ ਵਿੱਚ ਸੀ । ਉਹ ਨਾਟਕੀ ਕਾਰਜ ਨੂੰ ਵਰਤਮਾਨ ਵਿੱਚ ਸਾਕਾਰ ਕਰਨ ਨਾਲੋਂ ਅਤੀਤ ਵਿੱਚ ਪੇਸ਼ ਕਰਨ ਦੀ ਤਰਜੀਹ ਦੇਂਦਾ ਸੀ ਤਾਂ ਕਿ ਦਰਸ਼ਕ ਇੱਕ ਫ਼ਾਸਲੇ ਤੋਂ ਇਨ੍ਹਾਂ ਸਾਰੀਆਂ ਘਟਨਾਵਾਂ ਬਾਰੇ ਚੇਤੰਨ ਹੋ ਕੇ ਸੋਚ ਸਕੇ । ਐਪਿਕ / ਮਹਾਂਕਾਵਿ ਵਾਂਗ ਇਹ ਨਾਟਕ ਜੀਵਨ ਦੇ ਵੱਡਆਕਾਰੀ ਸੰਦਰਭ ਨੂੰ ਪੇਸ਼ ਕਰਦਾ ਹੈ । ਰਵਾਇਤੀ ਕਿਸਮ ਦੇ ਪਲਾਟ ਨਾਲੋਂ ਇਸ ਨਾਟਕ ਦੀ ਬਣਤਰ ਮਹਾਂਕਾਵਿ ਦੀ ਬਣਤਰ ਨਾਲ ਮੇਲ ਖਾਣ ਵਾਲੀ ਹੁੰਦੀ ਹੈ । ਸਮੇਂ ਤੇ ਸਥਾਨ ਦੇ ਅੰਤਰ ਨੂੰ ਸਿੱਧ ਕਰਨ ਲਈ ਕੋਈ ਲੰਮੇ ਚੌੜੇ ਵੇਰਵੇ ਦੇਣ ਦੀ ਲੋੜ ਨਹੀਂ ਹੁੰਦੀ । ਦ੍ਰਿਸ਼ਾਂ ਦਾ ਸੰਬੰਧ ਵੱਖ - ਵੱਖ ਸਥਾਨਾਂ ਨਾਲ ਹੁੰਦਾ ਹੈ । ਦਰਸ਼ਕਾਂ ਤੱਕ ਦ੍ਰਿਸ਼ ਬਦਲੀ ਦੀ ਅਜਿਹੀ ਜਾਣਕਾਰੀ ਦੇਣ ਲਈ ਘੱਟ ਤੋਂ ਘੱਟ ਲਫ਼ਜਾਂ ਦੀ ਵਰਤੋਂ ਕੀਤੀ ਜਾਂਦੀ ਹੈ । ਪੰਜਾਬੀ ਨਾਟਕਕਾਰਾਂ ਨੇ ਵੀ ਐਪਿਕ ਥੀਏਟਰ ਦੇ ਪ੍ਰਭਾਵ ਸਪਸ਼ਟ ਰੂਪ ਵਿੱਚ ਦ੍ਰਿਸ਼ਟੀਗੋਚਰ ਹੁੰਦਾ ਹੈ । ਸਭ ਤੇਂ ਪਹਿਲਾਂ ਬਲਵੰਤ ਗਾਰਗੀ ਨੇ ਇਸ ਥੀਏਟਰ ਦਾ ਪ੍ਰਭਾਵ ਕਬੂਲਣ ਵਾਲੇ ਦੁਨੀਆਂ ਦੇ ਮਹਾਨ ਨਾਟਕਕਾਰ ਐਡਵਰਡ ਬੌਂਡ, ਚਰਚਿਲ ਅਤੇ ਟੋਨੀ ਖੁਸ਼ਨੇਰ ਹਨ ।

ਐਬਸਰਡ ਥੀਏਟਰ

Absurd Theatre

ਐਬਸਰਡ ਥੀਏਟਰ ਲਈ ਪੰਜਾਬੀ ਵਿੱਚ ਊਲ ਜਲੂਲ ਨਾਟਕ ਸ਼ਬਦ ਦਾ ਪ੍ਰਚਲਨ ਹੋਇਆ । ਸੁਰਜੀਤ ਸਿੰਘ ਸੇਠੀ ਨੇ ਇਸ ਸ਼ੈਲੀ ਦੇ ਪ੍ਰਭਾਵ ਅਧੀਨ ਨਾਟਕਾਂ ਦੀ ਰਚਨਾ ਕੀਤੀ ਹੈ । ਦੂਜੇ ਵਿਸ਼ਵ ਯੁੱਧ ਤੋਂ ਪਿਛੋਂ ਕਲਾ ਤੇ ਸਾਹਿਤ ਪ੍ਰਤੀ ਬਣੀਆਂ ਪਰੰਪਰਕ ਧਾਰਨਾਵਾਂ ਪ੍ਰਤੀ ਤਿੱਖੇ ਵਿਰੋਧ ਸਾਹਮਣੇ ਆਏ । ਮਨੁੱਖੀ ਹੋਂਦ ਪ੍ਰਤੀ ਬਣੀਆਂ ਆਸਥਾਵਾਂ ਤਿੜਕ ਗਈਆਂ । ਵਿਸ਼ਵ ਯੁੱਧਾਂ ਦੇ ਪ੍ਰਭਾਵ ਨੇ ਮਨੁੱਖੀ ਮਾਨਸਿਕਤਾ ਵਿੱਚ ਵਿਆਪਕ ਪਰਿਵਰਤਨ ਲਿਆਂਦਾ । ਬੇਬਸੀ ਤੇ ਨਿਰਾਸਤਾ ਦੇ ਅਜਿਹੇ ਆਲਮ ਵਿੱਚ ਮਨੁੱਖ ਜ਼ਿੰਦਗੀ ਨਾਲੋਂ ਮੌਤ ਵਿੱਚ ਸੁਰੱਖਿਆ ਭਾਲਣ ਲੱਗਾ । ਇਸ ਕਰਕੇ ਜ਼ਿੰਦਗੀ ਦਾ ਸਾਰਾ ਕੁਝ ਉਸ ਲਈ ਅਰਥਹੀਣ ਹੋ ਗਿਆ । ਇਸ ਅਰਥਹੀਣਤਾ ਨੇ ਉਸ ਵਿੱਚ ਨਿਰਾਸ਼ਾ ਤੇ ਆਤਮ ਹੱਤਿਆ ਦੇ ਭਾਵਾਂ ਨੂੰ ਜ਼ਿਆਦਾ ਤੀਬਰ ਕੀਤਾ । ਸਿੱਟੇ ਵਜੋਂ ਉਸ ਦੀ ਮਾਨਸਿਕਤਾ ਵਿੱਚ ਅਜਿਹੀ ਅਰਥਹੀਣਤਾ ਪੈਦਾ ਹੋਈ । ਇਸ ਸਾਰੇ ਕੁਝ ਨੂੰ ਕੁਝ ਅਸਤਿਤਵਵਾਦੀਆਂ ਨੇ ਦਾਰਸ਼ਨਿਕ ਆਧਾਰ ਪ੍ਰਦਾਨ ਕਰਕੇ ਅਸਤਿਤਵਾਦ ਨੂੰ ਵੱਖਰੇ ਰੂਪ ਵਿੱਚ ਪਰਿਭਾਸ਼ਤ ਕੀਤਾ । ਪੰਜਵੇਂ ਦਹਾਕੇ ਦੇ ਨੇੜੇ ਯੂਰਪ ਵਿੱਚ ਅਜਿਹੇ ਨਾਟਕਾਂ ਦੀ ਰਚਨਾ ਕੀਤੀ ਗਈ ਜਿਹੜੇ ਨਾਟਕ ਦੇ ਰਵਾਇਤੀ ਵਿਧਾਨ ਨੂੰ ਤੋੜਨ ਵਾਲੇ ਸਨ । ਇਨ੍ਹਾਂ ਨਾਟਕਾਂ ਦੀ ਮੁੱਖ ਸੁਰ ਜ਼ਿੰਦਗੀ ਦੀ ਨਿਰਾਰਥਕਤਾ ਤੇ ਅਸਾਰਤਾ ਨੂੰ ਉਭਾਰਨ ਵਾਲੀ ਸੀ । ਮਾਰਟਿਨ ਐਸਲਿਨ ਨੇ ਇਨ੍ਹਾਂ ਨਾਟਕਾਂ ਨੂੰ ਥੀਏਟਰ ਆਫ਼ ਦੀ ਐਬਸਰਡ ਦਾ ਨਾਂ ਦਿੱਤਾ । ਇਨ੍ਹਾਂ ਦੀ ਮੰਚਣ ਸ਼ੈਲੀ ਵਿੱਚ ਵੀ ਵੱਖਰਤਾ ਦ੍ਰਿਸ਼ਟੀਗੋਚਰ ਹੁੰਦੀ ਸੀ ਜਿਸ ਨੂੰ ਐਬਸਰਡਵਾਦੀ ਨਾਟ - ਸ਼ੈਲੀ ਦਾ ਨਾਂ ਦਿੱਤਾ ਗਿਆ । ਇਨ੍ਹਾਂ ਨਾਟਕਾਂ ਦਾ ਵਿਚਾਰਧਾਰਾਈ ਆਧਾਰ ਅਸਤਿਤਵਵਾਦ ਹੈ । ਇਸ ਨਾਟ - ਸ਼ੈਲੀ ਦੇ ਪ੍ਰਮੁੱਖ ਨਾਟਕਕਾਰ ਸੈਮੁਅਲ ਬੈਕਟ, ਆਰਥਰ ਐਦਾਮੋਵ, ਯਾਂ ਜੈਨ, ਐਡਵਰਡ ਐਲਬੀ ਤੇ ਹੈਰਾਲਡ ਪਿੰਟਰ ਹਨ । ਇਨ੍ਹਾਂ ਨਾਟਕਾਂ ਦੀ ਸੰਰਚਨਾ ਵਿੱਚ ਲਕੀਰੀ ਕਿਸਮ ਦੇ ਪਲਾਟ ਦੀ ਅਣਹੋਂਦ ਹੁੰਦੀ ਹੈ । ਨਾਟਕ ਜਿਸ ਮਸਲੇ ਨਾਲ ਅਰੰਭ ਹੁੰਦਾ ਹੈ ਉਸੇ ਮਸਲੇ 'ਤੇ ਨਾਟਕ ਦਾ ਅੰਤ ਹੁੰਦਾ ਨਜ਼ਰ ਆਉਂਦਾ ਹੈ । ਇਨ੍ਹਾਂ ਨਾਟਕਾਂ ਨੂੰ ਸਟੇਜ ਰੂਪਕ ਅਤੇ ਕਾਵਿਕ - ਬਿੰਬ ਦੇ ਨਾਂ ਪ੍ਰਦਾਨ ਕੀਤੇ ਗਏ ਹਨ । ਇਹ ਕਾਵਿਕ - ਬਿੰਬ ਸੁਪਨੇ ਦੀ ਨਿਆਈਂ ਹੁੰਦੇ ਹਨ । ਪਰੰਪਰਕ ਕਿਸਮ ਦਾ ਕਥਾਨਕ ਨਾ ਹੋਣ ਕਰਕੇ ਇਨ੍ਹਾਂ ਵਿਚਲੇ ਬਿੰਬਾਂ ਨੂੰ ਸਮਝਣ ਲਈ ਉਚੇਚਾ ਯਤਨ ਕਰਨਾ ਪੈਂਦਾ ਹੈ । ਸੈਮੂਅਲ ਬੈਕਟ ਦਾ ਵੇਟਿੰਗ ਫ਼ਾਰ ਗੋਦੋ ਐਬਸਰਡ ਨਾਟਕ ਦੀ ਬਿਹਤਰੀਨ ਮਿਸਾਲ ਹੈ । ਅਜਿਹੇ ਨਾਟਕਾਂ ਵਿੱਚ ਪਾਤਰ ਵਿਕਾਸ ਦੀ ਗੁੰਜਾਇਸ਼ ਨਹੀਂ ਹੁੰਦੀ । ਨਾਟਕੀ ਪਾਤਰ ਮਨੁੱਖੀ ਹੋਂਦ ਦੇ ਪ੍ਰਸ਼ਨਾਂ ਨਾਲ ਜੂਝਦੇ, ਸਥਿਤੀ ਦਾ ਬਿੰਬ ਬਣ ਕੇ ਉਭਰਦੇ ਹਨ । ਇਹ ਥੀਏਟਰ ਰਵਾਇਤੀ ਭਾਸ਼ਾਈ ਸੰਵਾਦਾਂ ਦਾ ਵੀ ਨਕਾਰਣ ਕਰਦਾ ਹੈ ਕਿਉਂਕਿ ਮਨੁੱਖੀ ਸੰਬੰਧਾਂ ਨੂੰ ਸਮਝਣ ਸਮਝਾਉਣ ਵਿੱਚ ਭਾਸ਼ਾ ਦੀ ਅਸਮਰੱਥਾ ਬਾਰੇ ਇਸ ਥੀਏਟਰ ਦੇ ਚਿੰਤਕਾਂ ਨੂੰ ਸ਼ੰਕਾ ਜਾਪਦੀ ਹੈ । ਅਜਿਹੇ ਨਾਟਕਾਂ ਦਾ ਪ੍ਰਦਰਸ਼ਨ ਦਰਸ਼ਕਾਂ / ਪਾਠਕਾਂ ਦੇ ਅੰਦਰ ਇੱਕ ਅਜੀਬ ਕਿਸਮ ਦੀ ਬੇਚੈਨੀ ਪੈਦਾ ਕਰ ਦੇਂਦਾ ਹੈ । ਹਰੇਕ ਪਾਤਰ ਦੀ ਭੂਮਿਕਾ ਸੰਸਕ੍ਰਿਤ ਨਾਟਕ ਦੇ ਵਿਦੂਸ਼ਕ ਵਰਗੀ ਜਾਪਦੀ ਹੈ । ਜਿਸਦਾ ਮੁੱਖ ਮੰਤਵ ਦਰਸ਼ਕਾਂ ਨੂੰ ਸੱਚ ਦਾ ਅਹਿਸਾਸ ਕਰਾਉਣਾ ਹੁੰਦਾ ਹੈ । ਉਘੜ ਦੁਘੜੇ ਪਾਤਰਾਂ ਤੇ ਬੇਮਤਲਬ ਜਾਪਦੀ ਵਾਰਤਾਲਾਪ ਰਾਹੀਂ ਜ਼ਿੰਦਗੀ ਦੇ ਗਹਿਰ ਗੰਭੀਰ ਮਸਲਿਆਂ ਨਾਲ ਸੰਵਾਦ ਰਚਾਉਣਾ ਇਸ ਥੀਏਟਰ ਦਾ ਮਕਸਦ ਰਿਹਾ ਹੈ । ਪੱਛਮ ਵਿੱਚ ਵਿਕਸਤ ਹੋਇਆ ਨਕਾਰਤਮਕ ਅਸਤਿਤਵਾਦੀ ਚਿੰਤਨ ਇਸ ਨਾਟਕ ਦਾ ਮੁੱਖ ਆਧਾਰ ਹੈ । ਮਨੁੱਖੀ ਹੋਂਦ ਦੇ ਬੁਨਿਆਦੀ ਮਸਲਿਆਂ ਨੂੰ ਲੈ ਕੇ ਲਿਖੇ ਗਏ ਇਨ੍ਹਾਂ ਨਾਟਕਾਂ ਦਾ ਆਧਾਰ ਇਤਿਹਾਸ ਦੇ ਕਿਸੇ ਕਾਲ ਖੰਡ ਨਾਲ ਸੰਬੰਧਤ ਨਹੀਂ ਹੈ ਸਗੋਂ ਜ਼ਿੰਦਗੀ ਵਿੱਚ ਵਿਆਪਕ ਪੱਧਰ ਉੱਤੇ ਪਸਰੀ ਉਹ ਅਨਿਸ਼ਚਿਤਤਾ ਅਤੇ ਬੇਚੈਨੀ ਹੈ ਜਿਸਦੀ ਹੋਣੀ ਨੂੰ ਮਨੁੱਖ ਲਗਾਤਾਰ ਹੰਢਾ ਰਿਹਾ ਹੈ । ਇਨ੍ਹਾਂ ਨਾਟਕਾਂ ਵਿੱਚ ਜੀਵਨ ਦੀ ਨਿਰਾਰਥਕਤਾ ਅਤੇ ਅਰਥਹੀਣਤਾ ਦੇ ਭਾਵ ਉਜਾਗਰ ਹੁੰਦੇ ਹਨ । ਇਨ੍ਹਾਂ ਨਾਟਕਾਂ ਵਿੱਚ ਘਟਨਾਵਾਂ ਨਹੀਂ ਵਾਪਰਦੀਆਂ ਸਗੋਂ ਨਾਟਕੀ ਬਿੰਬਾਂ ਰਾਹੀਂ ਸਥਿਤੀਆਂ ਦੀ ਸਿਰਜਨਾ ਕੀਤੀ ਜਾਂਦੀ ਹੈ । ਪਰੰਪਰਕ ਕਿਸਮ ਦੇ ਪਲਾਟ ਰਾਹੀਂ ਨਾਟਕੀ ਕਥਾ ਦੀ ਉਸਾਰੀ ਨਹੀਂ ਕੀਤੀ ਜਾਂਦੀ । ਇਹ ਨਾਟਕ ਨਾਟਕੀ ਟੱਕਰ ਜਾਂ ਦਵੰਦ ਦੀ ਪੇਸ਼ਕਾਰੀ ਵੀ ਨਹੀਂ ਕਰਦੇ । ਇਸੇ ਕਰਕੇ ਇਨ੍ਹਾਂ ਨੂੰ ਅਨਾਟਕ ਵੀ ਕਿਹਾ ਜਾਂਦਾ ਹੈ । ਇਨ੍ਹਾਂ ਦੀ ਮੁੱਖ ਸੁਰ ਵਿਅੰਗਾਤਮਕ ਹੁੰਦੀ ਹੈ । ਇਹਦੇ ਪਾਤਰ ਸਰਕਸ ਦੇ ਜੋਕਰਾਂ ਵਰਗੀਆਂ ਹਰਕਤਾਂ ਕਰਦੇ ਤੇ ਫਜ਼ੂਲ ਕਿਸਮ ਦੀ ਗੱਲਬਾਤ ਰਾਹੀਂ ਜ਼ਿੰਦਗੀ ਬਾਰੇ ਆਪਣੇ ਨਜ਼ਰੀਏ ਨੂੰ ਵਿਅੰਗ ਤੇ ਕਟਾਖ ਦੀ ਭਾਸ਼ਾ ਵਿੱਚ ਪੇਸ਼ ਕਰਦੇ ਹਨ । ਪਰੰਪਰਕ ਨਾਟਕੀ ਤੱਤਾਂ ਦੀ ਅਣਹੋਂਦ ਵਿੱਚ ਰੰਗਮੰਚ ਦਾ ਮਹੱਤਵ ਇਨ੍ਹਾਂ ਨਾਟਕਾਂ ਵਿੱਚ ਵਧੇਰੇ ਸਸ਼ਕਤ ਹੁੰਦਾ ਹੈ । ਇਹ ਥੀਏਟਰ ਪੱਛਮ ਦੀਆਂ ਕਰਤਬੀ ਕਲਾਵਾਂ ਦਾ ਅਨੁਸਰਨ ਕਰਦਾ ਹੈ । ਮਾਈਮ, ਬਾਜੀਗਰਾਂ, ਨਟਾਂ ਤੇ ਕਠਪੁਤਲੀਆਂ ਦੀਆਂ ਕਲਾ ਜੁਗਤਾਂ ਨੂੰ ਇਸ ਥੀਏਟਰ ਨੇ ਆਪਣੇ ਨਾਟਕਾਂ ਲਈ ਵਰਤਿਆ ਹੈ । ਪੰਜਾਬੀ ਵਿੱਚ ਸੁਰਜੀਤ ਸਿੰਘ ਸੇਠੀ ਦਾ ਨਾਟਕ ਕਿੰਗ ਮਿਰਜ਼ਾ ਤੇ ਸਪੇਰਾ ਇਸੇ ਨਾਟ ਸ਼ੈਲੀ ਦੇ ਪ੍ਰਤੀਨਿੱਧ ਲੇਖਕਾਂ ਵਿੱਚ ਬੈਕਟ ਦਾ ਨਾਂ ਵਿਸ਼ੇਸ਼ ਮਹੱਤਤਾ ਦਾ ਧਾਰਨੀ ਹੈ । ਸਹਾਇਕ ਗ੍ਰੰਥ - ਸੁਰਜੀਤ ਸਿੰਘ ਸੇਠੀ : ਸਿਰਜਨਾਤਮਿਕ ਨਾਟਕ ਨਿਰਦੇਸ਼ਨ; ਜਗਬੀਰ ਸਿੰਘ 'ਐਬਸਰਡ ਦਾ ਥੀਏਟਰ ਅਤੇ ਸਮਕਾਲੀ ਪੰਜਾਬੀ ਨਾਟਕ' ਮਨਜੀਤ ਪਾਲ ਕੌਰ( ਸੰਪਾ.) : ਪੰਜਾਬੀ ਨਾਟਕ ਤੇ ਰੰਗਮੰਚ ਵਿਕਾਸ ਦੀਆਂ ਸਮੱਸਿਆਵਾਂ ; Martin Esslin: Absurd Drama)

ਐਰੀਨਾ ਥੀਏਟਰ

Arena Theatre

ਐਰੀਨਾ ਥੀਏਟਰ ਤੋਂ ਭਾਵ ਅਜਿਹੇ ਥੀਏਟਰ ਜਾਂ ਰੰਗਮੰਚ ਤੋਂ ਹੈ ਜਿਹੜਾ ਆਪਣੀ ਬਣਤਰ ਵਿੱਚ ਗੋਲ ਆਕਾਰ ਦਾ ਹੁੰਦਾ ਹੈ । ਅਜਿਹੇ ਥੀਏਟਰ ਵਿੱਚ ਦਰਸ਼ਕ ਚਾਰੇ ਪਾਸੇ ਬੈਠ ਸਕਦੇ ਹਨ । ਇਹ ਥੀਏਟਰ ਯਥਾਰਥਵਾਦ ਦੇ ਸੰਕਲਪ ਨੂੰ ਰੱਦ ਕਰਦਾ ਹੈ । ਇਸ ਥੀਏਟਰ ਦਾ ਸੰਬੰਧ ਦਰਸ਼ਕਾਂ ਦੀ ਕਿਸੇ ਘਟਨਾ ਨੂੰ ਦੇਖਣ ਦੀ ਰੁਚੀ ਵਿਚੋਂ ਉਤਪੰਨ ਹੋਇਆ ਹੈ । ਇਸ ਥੀਏਟਰ ਦਾ ਕਾਰਜ ਕੇਂਦਰ ਵਿੱਚ ਵਾਪਰਦਾ ਹੈ ਅਤੇ ਦਰਸ਼ਕ ਵਰਗ ਦੀ ਇਸ ਵਿੱਚ ਪੂਰੀ ਸ਼ਮੂਲੀਅਤ ਹੁੰਦੀ ਹੈ । ਭਾਵੇਂ ਐਰੀਨਾ ਥੀਏਟਰ ਦਾ ਕੋਈ ਨਿਸ਼ਚਿਤ ਆਕਾਰ ਨਹੀਂ ਸੁਝਾਇਆ ਗਿਆ ਪਰ ਇਹ ਅਕਸਰ ਛੋਟੇ ਆਕਾਰ ਦਾ ਹੁੰਦਾ ਹੈ । ਇਸ ਥੀਏਟਰ ਵਿੱਚ ਦਰਸ਼ਕ ਅਤੇ ਅਭਿਨੇਤਾ ਵਿਚਲਾ ਫ਼ਾਸਲਾ ਬਹੁਤ ਘੱਟ ਹੁੰਦਾ ਹੈ । ਇਸਦੇ ਅਦਾਕਾਰ ਬੜੀ ਕੁਸ਼ਲਤਾ ਨਾਲ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹਨ ਕਿਉਂਕਿ ਇਸ ਦੇ ਦਰਸ਼ਕ ਸਟੇਜ ਦੇ ਚਾਰੇ ਪਾਸੇ ਮੌਜੂਦ ਹੁੰਦੇ ਹਨ ਇਸ ਲਈ ਅਦਾਕਾਰਾਂ ਨੂੰ ਅਦਾਕਾਰੀ ਦੌਰਾਨ ਇਸ ਗੱਲ ਦਾ ਉਚੇਚਾ ਪਿਆਨ ਰੱਖਣਾ ਪੈਂਦਾ ਹੈ ਕਿ ਉਹ ਸਾਰੇ ਦਰਸ਼ਕਾਂ ਨਾਲ ਆਪਣਾ ਰਾਬਤਾ ਬਣਾਈ ਰੱਖਣ । ਇਸੇ ਲਈ ਉਹ ਸਮੁੱਚੀ ਪੇਸ਼ਕਾਰੀ ਦੌਰਾਨ ਜ਼ਿਆਦਾ ਗਤੀਸ਼ੀਲ ਰਹਿੰਦੇ ਹਨ । ਇਹ ਥੀਏਟਰ ਪ੍ਰੋਰੇਸੀਨੀਅਮ ਸਟੇਜ ਦੀਆਂ ਸੀਮਾਵਾਂ ਨੂੰ ਤੋੜਨ ਦੀ ਰੁਚੀ ਵਿਚੋਂ ਹੋਂਦ ਵਿੱਚ ਆਇਆ ਹੈ । (ਸਹਾਇਕ ਗ੍ਰੰਥ - ਆਤਮਜੀਤ : ਨਾਟਕ ਦਾ ਨਿਰਦੇਸ਼ਨ)

ਐਲਿਜ਼ਾਬੇਥਨ ਥੀਏਟਰ

Elizabethan Theatre

ਇੰਗਲੈਂਡ ਵਿੱਚ ਪੁਨਰਜਾਗਰਣ ਕਾਲ ਦੇ ਸ਼ੁਰੂ ਤੋਂ ਲੈ ਕੇ ਸ਼ੈਕਸਪੀਅਰ ਦੇ ਸਮੇਂ ਤੱਕ ਨੂੰ ਐਲਿਜ਼ਾਬੇਥਨ ਕਾਲ ਕਿਹਾ ਜਾਂਦਾ ਹੈ । ਇਸ ਸਮੇਂ ਦੇ ਦੌਰਾਨ ਦੋ ਤਰ੍ਹਾਂ ਦੇ ਥੀਏਟਰ ਦਾ ਜ਼ਿਕਰ ਮਿਲਦਾ ਹੈ । ਆਮ ਲੋਕ ਜਿਨ੍ਹਾਂ ਥੀਏਟਰਾਂ ਵਿੱਚ ਨਾਟਕ ਦੇਖਦੇ ਸਨ, ਉਨ੍ਹਾਂ ਉੱਤੇ ਛੱਤ ਨਹੀਂ ਸੀ ਹੁੰਦੀ । ਦੂਜੇ ਕਿਸਮ ਦੇ ਨਾਟ ਘਰ ਓਹ ਸਨ ਜਿੱਥੇ ਸ਼ਹਿਰ ਦੇ ਮੋਹਤਬਰ ਲੋਕ ਨਾਟਕ ਦੇਖਦੇ ਸਨ । ਇਹ ਆਕਾਰ ਵਿੱਚ ਛੋਟੇ ਹੁੰਦੇ ਸਨ । ਖੁੱਲ੍ਹੇ ਥੀਏਟਰ ਦੇ ਮੁਕਾਬਲੇ ਇੱਥੇ ਨਾਟਕ ਦੇਖਣ ਵਾਲਿਆਂ ਦੀ ਗਿਣਤੀ ਥੋੜ੍ਹੀ ਹੁੰਦੀ ਸੀ । ਇਹ ਨਾਟ ਘਰ ਆਕਾਰ ਵਿੱਚ ਗੋਲ, ਚੌਰਸ ਜਾਂ ਪੰਜ ਕੋਨਿਆਂ ਵਾਲੇ ਹੁੰਦੇ ਸਨ । ਇਹ ਥੀਏਟਰ ਆਪਣੇ ਤੋਂ ਪੂਰਬਲੀ ਰੋਮਨ ਮੰਚ ਪਰੰਪਰਾ ਅਤੇ ਮੱਧਕਾਲ ਦੇ ਚਰਚ ਨਾਟਕਾਂ ਦੇ ਗੁਣਾਂ ਦੇ ਧਾਰਨੀ ਸਨ । ਸ਼ੈਕਸਪੀਅਰ ਦੇ ਸਮੇਂ ਦਾ ਮਸ਼ਹੂਰ ਥੀਏਟਰ ਗਲੋਬ ਥੀਏਟਰ ਸੀ ਜਿਸ ਦੀ ਉਸਾਰੀ ਟੇਮਜ਼ ਦਰਿਆ ਦੇ ਕਿਨਾਰੇ ਕੀਤੀ ਗਈ ਸੀ । ਇਸ ਵਿੱਚ ਦੋ ਹਜ਼ਾਰ ਤੱਕ ਦਰਸ਼ਕਾਂ ਦੇ ਬੈਠਣ ਦੀ ਗੁੰਜਾਇਸ਼ ਹੁੰਦੀ ਸੀ । ਐਲਿਜ਼ਾਬੇਥਨ ਥੀਏਟਰ ਵਿੱਚ ਔਰਤਾਂ ਮੰਚ ਉੱਤੇ ਪ੍ਰਦਰਸ਼ਨ ਨਹੀਂ ਸਨ ਕਰਦੀਆਂ ਸਗੋਂ ਔਰਤਾਂ ਦੀ ਭੂਮਿਕਾ, ਮਰਦਾਂ ਦੁਆਰਾ ਹੀ ਨਿਭਾਈ ਜਾਂਦੀ ਸੀ । ਵਿਸ਼ੇਸ਼ ਪਾਤਰ ਦਾ ਰੋਲ ਨਿਭਾਉਣ ਲਈ ਮੁਖੌਟਿਆਂ ਦੀ ਵਰਤੋਂ ਕੀਤੀ ਜਾਂਦੀ ਸੀ । ਨਾਟਕ ਦੀ ਪੇਸ਼ਕਾਰੀ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਸੰਗੀਤ ਦੀ ਵਰਤੋਂ ਲੋੜ ਮੁਤਾਬਕ ਕੀਤੀ ਜਾਂਦੀ ਸੀ । ਨਾਟਕ ਦੇ ਅਰੰਭ ਵਿੱਚ ਟਰੰਪਟ ਵਜਾਇਆ ਜਾਂਦਾ ਸੀ । ਨਾਟਕੀ ਦ੍ਰਿਸ਼ਾਂ ਦੀ ਪੇਸ਼ਕਾਰੀ ਵਿੱਚ ਪਰਦੇ ਦੀ ਵਰਤੋਂ ਨਹੀਂ ਸੀ ਕੀਤੀ ਜਾਂਦੀ । ਅਭਿਨੇਤਾਵਾਂ ਦੇ ਮੰਚ ਉੱਤੇ ਆਉਣ ਜਾਂ ਜਾਣ ਵੇਲੇ ਪਰਦੇ ਦਾ ਉਹਲਾ ਨਹੀਂ ਹੁੰਦਾ ਸੀ । ਨਾਟਕਾਂ ਦੇ ਮੰਚਣ ਵੇਲੇ ਦ੍ਰਿਸ਼ ਸੱਜਾ ਦਾ ਕੋਈ ਵਿਧਾਨ ਨਹੀਂ ਸੀ । ਦਰਸ਼ਕਾਂ ਨੂੰ ਸਥਾਨ ਬਦਲੀ ਦਾ ਅਹਿਸਾਸ ਪਾਤਰਾਂ ਦੇ ਆਪਸੀ ਸੰਵਾਦਾਂ ਰਾਹੀਂ ਕਰਵਾਇਆ ਜਾਂਦਾ ਸੀ । ਸੰਕੇਤਾਂ ਦੀ ਭਾਸ਼ਾ ਰਾਹੀਂ ਜਾਂ ਵੇਸਭੂਸ਼ਾ ਰਾਹੀਂ ਦ੍ਰਿਸ਼ ਸਿਰਜਨ ਦੀ ਵਿਵਸਥਾ ਭਾਰਤੀ ਨਾਟ - ਪਰੰਪਰਾ ਦਾ ਅੰਗ ਰਹੀ ਹੈ । ਐਲਿਜ਼ਾਬੇਥਨ ਥੀਏਟਰ ਵੀ ਇਸ ਪ੍ਰਸੰਗ ਵਿੱਚ ਇਸੇ ਨਾਟ ਪਰੰਪਰਾ ਦਾ ਅਨੁਸਾਰੀ ਹੈ । ਦ੍ਰਿਸ਼ ਵਿਵਸਥਾ ਵੱਲ ਵਿਸ਼ੇਸ਼ ਧਿਆਨ ਨਾ ਦੇਣ ਦੀ ਸੂਰਤ ਵਿੱਚ ਵੱਡੇ ਤੋਂ ਵੱਡਾ ਨਾਟਕ ਦੋ ਘੰਟੇ ਦੇ ਅੰਦਰ ਖੇਡ ਲਿਆ ਜਾਂਦਾ ਸੀ । ਨਾਟਕ ਦਿਨ ਦੀ ਰੌਸ਼ਨੀ ਵਿੱਚ ਹੀ ਖੇਡੇ ਜਾਂਦੇ ਸਨ । ਰਾਤ ਦਾ ਦ੍ਰਿਸ਼ ਸਿਰਜਨ ਲਈ ਮਸ਼ਾਲਾਂ ਬਾਲੀਆਂ ਜਾਂਦੀਆਂ ਸਨ । ਕਾਰਜ ਦੀ ਨਿਰੰਤਰਤਾ ਇਸ ਥੀਏਅਟਰ ਦੀ ਮੁੱਖ ਪਛਾਣ ਸੀ । ਦ੍ਰਿਸ਼ ਦੀ ਸਮਾਪਤੀ ਉੱਤੇ ਸਮੇਂ ਦਾ ਵਕਫਾ ਨਹੀਂ ਸੀ ਹੁੰਦਾ ਸਗੋਂ ਉਸੇ ਵੇਲੇ ਅਗਲੇ ਦ੍ਰਿਸ਼ ਦੇ ਅਭਿਨੇਤਾ ਮੰਚ ਉੱਤੇ ਪ੍ਰਵੇਸ਼ ਹੋ ਕੇ ਆਪਣਾ ਰੋਲ ਨਿਭਾਉਣ ਲੱਗ ਪੈਂਦੇ ਸਨ । ਕੁਝ ਹੰਢੇ ਵਰਤੇ ਅਭਿਨੇਤਾ ਇਕੱਠੇ ਹੋ ਕੇ ਐਕਟਿੰਗ ਕੰਪਨੀ ਦਾ ਨਿਰਮਾਣ ਕਰ ਲੈਂਦੇ ਸਨ । ਕੰਪਨੀ ਨੂੰ ਚਲਾਉਣ ਵਿੱਚ ਮੁੱਖ ਹਿੱਸਾ ਇਨ੍ਹਾਂ ਦਾ ਹੁੰਦਾ ਸੀ । ਬਾਕੀ ਦੇ ਕੰਮਾਂ ਲਈ ਦੂਜੇ ਵਰਕਰਾਂ ਨੂੰ ਉਨਾਂ ਦੇ ਕੰਮ ਦਾ ਮਿਹਨਤਾਨਾ ਦੇ ਦਿੱਤਾ ਜਾਂਦਾ ਸੀ । ਇਹ ਕੰਪਨੀਆਂ ਨਾਟਕਕਾਰਾਂ ਤੋਂ ਨਾਟਕ ਲਿਖਵਾਉਂਦੀਆਂ ਸਨ । ਨਾਟਕਕਾਰਾਂ ਨੂੰ ਨਾਟਕ ਲਿਖਣ ਬਦਲੇ ਉਨ੍ਹਾਂ ਦੀ ਕੀਮਤ ਅਦਾ ਕਰ ਦਿੱਤੀ ਜਾਂਦੀ ਸੀ ਜਾਂ ਫੇਰ ਕੰਪਨੀਆਂ ਦੇ ਮਾਲਕ ਨਾਟਕ ਨੂੰ ਹੀ ਖਰੀਦ ਲੈਂਦੇ ਸਨ । ਨਾਟ ਘਰਾਂ ਉੱਤੇ ਉਨੇ ਦਿਨਾਂ ਤੱਕ ਝੰਡਾ ਝੂਲਦਾ ਰਹਿੰਦਾ ਸੀ ਜਿੰਨੇ ਦਿਨ ਨਾਟਕ ਦਾ ਪ੍ਰਦਰਸ਼ਨ ਚਲਦਾ ਰਹਿੰਦਾ ਸੀ । ਨਾਟਕ ਦੀਆਂ ਪੇਸ਼ਕਾਰੀਆਂ ਲਗਾਤਾਰ ਚਲਦੀਆਂ ਰਹਿੰਦੀਆਂ ਸਨ । ਹਰ ਵਰਗ ਦੇ ਲੋਕ ਇਨ੍ਹਾਂ ਨਾਟਕਾਂ ਨੂੰ ਦੇਖਣ ਲਈ ਆਉਂਦੇ ਸਨ । ਸਹਾਇਕ ਗ੍ਰੰਥ - ਕਮਲੇਸ਼ ਉੱਪਲ : ਪੰਜਾਬੀ ਨਾਟਕ ਅਤੇ ਰੰਗਮੰਚ)

ਇੱਕ ਪਾਤਰੀ ਨਾਟਕ

Solo play

ਜਿਵੇਂ ਇਸ ਦੇ ਨਾਂ ਤੋਂ ਹੀ ਸਪਸ਼ਟ ਹੈ ਇੱਕ ਅੰਗ ਵਾਲੀ ਰਚਨਾ ਅਰਥਾਤ ਜ਼ਿੰਦਗੀ ਦੀ ਕਿਸੇ ਇੱਕ ਘਟਨਾ ਜਾਂ ਸਥਿਤੀ ਨੂੰ ਪੇਸ਼ ਕਰਨ ਵਾਲੀ ਸਾਹਿਤ ਵਿਧਾ ਦਾ ਨਾਂ ਇਕਾਂਗੀ ਹੈ । ਇਕਾਂਗੀ ਪੂਰੇ ਨਾਟਕ ਦੇ ਸੰਖੇਪ ਰੂਪ ਨੂੰ ਨਹੀਂ ਕਿਹਾ ਜਾਂਦਾ । ਇਕਾਂਗੀ ਦਾ ਥੀਮ ਅਤੇ ਪਲਾਟ ਇਕਹਿਰਾ ਅਤੇ ਸੰਜਮੀ ਹੁੰਦਾ ਹੈ । ਇਸ ਵਿੱਚ ਪਾਤਰਾਂ ਦੇ ਵਿਕਾਸ ਦੀ ਗੁੰਜਾਇਸ਼ ਨਹੀਂ ਹੁੰਦੀ । ਇਸ ਦੇ ਸੁਰੂ ਹੁੰਦਿਆਂ ਹੀ ਪਾਤਰ ਕਿਸੇ ਮਾਨਸਿਕ ਤਨਾਓ / ਗੁੰਝਲ ਦਾ ਸ਼ਿਕਾਰ ਦਿਖਾਏ ਜਾਂਦੇ ਹਨ ਇਕਾਂਗੀ ਵਿੱਚ ਕੇਵਲ ਇੱਕ ਅੰਕ ਤੇ ਇੱਕ ਝਾਕੀ ਨੂੰ ਹੀ ਪੇਸ਼ ਕੀਤਾ ਜਾਂਦਾ ਹੈ । ਪੂਰੇ ਨਾਟਕ ਦੇ ਵਿਪਰੀਤ ਇਕਾਂਗੀ ਵਿੱਚ ਜੀਵਨ ਦੀ ਵਿਆਪਕ ਤਸਵੀਰ ਨੂੰ ਇਕਾਂਗੀ ਪੇਸ਼ ਨਹੀਂ ਕੀਤਾ ਜਾਂਦਾ ਸਗੋਂ ਜ਼ਿੰਦਗੀ ਦੇ ਕਿਸੇ ਇੱਕ ਪਹਿਲੂ / ਪੱਖ ਨੂੰ ਇਕਹਿਰੇ ਪਲਾਟ, ਘੱਟ ਪਾਤਰ ਤੇ ਸੰਜਮੀ ਵਾਰਤਾਲਾਪ ਨਾਲ ਪੇਸ਼ ਕਰਨ ਵਾਲੀ ਸਾਹਿਤ ਦੀ ਇਸ ਵੰਨਗੀ ਵਿੱਚ ਸਮੇਂ ਸਥਾਨ ਤੇ ਕਾਰਜ ਦੀ ਏਕਤਾ ਨੂੰ ਬਰਕਰਾਰ ਰੱਖਿਆ ਜਾਂਦਾ ਹੈ । ਇਕਾਂਗੀ ਵਿੱਚ ਘੱਟ ਤੋਂ ਘੱਟ ਨਾਟ ਸਮੱਗਰੀ ਨਾਲ ਵੱਧ ਤੋਂ ਵੱਧ ਤੀਖਣ ਪ੍ਰਭਾਵ ਸਿਰਜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ । ਇਉਂ ਪੂਰਾ ਨਾਟਕ ਅਤੇ ਇਕਾਂਗੀ ਦੇ ਵੱਖ- ਵੱਖ ਨਾਟ ਵਿਧਾਵਾਂ ਹਨ । ਪੰਜਾਬੀ ਇਕਾਂਗੀ ਦੇ ਜਨਮ ਤੇ ਵਿਕਾਸ ਵਿੱਚ ਨੋਰ੍ਹਾਂ ਰਿਚਰਡਜ਼ ਦੀ ਵਿੱਲਖਣ ਦੇਣ ਹੈ । ਅਰੰਭ ਵਿੱਚ ਉਸਨੇ ਸ਼ੈਕਸਪੀਅਰ ਦੇ ਲਿਖੇ ਨਾਟਕਾਂ ਦੇ ਮੁਕਾਬਲੇ ਕਰਵਾਏ । ਮਗਰੋਂ ਉਸ ਨੇ ਪੰਜਾਬੀ ਵਿੱਚ ਨਾਟਕ ਲਿਖਣ ਲਈ ਉਤਸ਼ਾਹਤ ਕੀਤਾ । ਉਸ ਰਾਹੀਂ ਕਰਵਾਏ ਗਏ ਨਾਟ ਮੁਕਾਬਲਿਆਂ ਵਿੱਚ ਆਈ. ਸੀ ਨੰਦਾ ਦੇ ਇਕਾਂਗੀ ਦੁਲਹਨ ਨੂੰ ਪਹਿਲਾ ਇਨਾਮ ਮਿਲਿਆ । ਆਈ. ਸੀ. ਨੰਦਾ ਨੇ ਆਪਣੇ ਇਕਾਂਗੀਆਂ ਵਿੱਚ ਤਤਕਾਲੀ ਜੀਵਨ ਦੀਆਂ ਸਮੱਸਿਆਵਾਂ ਨੂੰ ਯਥਾਰਥਕ ਦ੍ਰਿਸ਼ਟੀ ਤੋਂ ਪਸ਼ ਕੀਤਾ । ਨੰਦਾ ਤੇਂ ਪਿੱਛੋਂ ਹਰਚਰਨ ਸਿੰਘ ਨੇ ਵੱਖ - ਵੱਖ ਵਿਸ਼ਿਆਂ ਨਾਲ ਸੰਬੰਧਤ ਵੱਡੇ ਪੱਧਰ 'ਤੇ ਇਕਾਂਗੀਆਂ ਦੀ ਰਚਨਾ ਕੀਤੀ । ਸੰਤ ਸਿੰਘ ਸੇਖੇਂ, ਬਲਵੰਤ ਗਾਰਗੀ, ਗੁਰਦਿਆਲ ਸਿੰਘ ਫੁੱਲ, ਕਪੂਰ ਸਿੰਘ ਘੁੰਮਣ, ਸੁਰਜੀਤ ਸਿੰਘ ਸੇਠੀ, ਆਤਮਜੀਤ, ਅਜਮੇਰ ਔਲਖ ਆਦਿ ਨਾਟਕਕਾਰਾਂ ਨੇ ਇਕਾਂਗੀਆਂ ਦੀ ਰਚਨਾ ਕਰਕੇ ਇਸ ਵਿਧਾ ਦਾ ਘੇਰਾ ਹੇਰ ਵਿਸ਼ਾਲ ਕੀਤਾ । ਆਤਮਜੀਤ, ਅਜਮੇਰ ਔਲਖ, ਪਾਲੀ ਭੁਪਿੰਦਰ ਤੇ ਗੁਰਸ਼ਰਨ ਸਿੰਘ ਨੇ ਯੁਵਕ ਮੇਲਿਆਂ ਲਈ ਵਿਸ਼ੇਸ਼ ਤੋਰ 'ਤੇ ਇਕਾਂਗੀ ਲਿਖੇ ਤੇ ਖੇਡੇ ਹਨ । ਪਰ ਅੱਜ ਬਹੁਤੇ ਨਾਟਕਕਾਰ ਇਕਾਂਗੀ ਨਾਲੋਂ ਨਾਟਕ ਲਿਖਣ ਨੂੰ ਵਧੇਰੇ ਤਰਜੀਹ ਦਿੰਦੇ ਹਨ । ਪੰਜਾਬੀ ਦੇ ਮੁੱਢਲੇ ਨਾਟਕਕਾਰ ਆਈ. ਸੀ. ਨੰਦਾ, ਹਰਚਰਨ ਸਿੰਘ, ਸੇਖੋਂ, ਗਾਰਗੀ ਆਦਿ ਨਾਟਕਕਾਰਾਂ ਨੇ ਪੂਰੇ ਨਾਟਕਾਂ ਦੇ ਨਾਲ - ਨਾਲ ਇਕਾਂਗੀ ਨਾਟ - ਸੰਗ੍ਰਹਿ ਵੀ ਉਸੇ ਗਿਣਤੀ ਵਿੱਚ ਲਿਖੇ ਹਨ ਪਰ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਦਿਨੋ ਦਿਨ ਜਟਿਲ ਹੋ ਰਹੀ ਮਨੁੱਖੀ ਸੋਚ ਨੇ ਨਾਟਕਕਾਰਾਂ ਨੂੰ ਪੂਰੇ ਨਾਟਕ ਲਿਖਣ ਲਈ ਪ੍ਰੇਰਿਤ ਕਰ ਦਿੱਤਾ ਹੈ । ਇਸ ਸਮੇਂ ਆਤਮਜੀਤ, ਸਵਰਾਜਬੀਰ, ਪਾਲੀ ਭੁਪਿੰਦਰ, ਦਵਿੰਦਰ ਦਮਨ, ਅਜਮੇਰ ਔਲਖ ਪੰਜਾਬੀ ਦੇ ਪਮੁੱਖ ਨਾਟਕਕਾਰ ਪੂਰੇ ਨਾਟਕ ਦੀ ਵਿਧਾ ਰਾਹੀਂ ਦਰਸ਼ਕਾ / ਪਾਠਕਾਂ ਦੇ ਸਨਮੁੱਖ ਹੋ ਰਹੇ ਹਨ ।ਸਹਾਇਕ ਗ੍ਰੰਥ - ਸ. ਨ. ਸੇਵਕ, ਚੋਣਵੇਂ ਪੰਜਾਬੀ ਇਕਾਂਗੀ ; ਗੁਰਦਿਆਲ ਸਿੰਘ ਫ਼ੁੱਲ : 'ਇਕਾਂਗੀ ਤੇ ਉਸਦੀ ਬਣਤਰ' ਸਾਹਿਤ ਸਮਾਚਾਰ ਦਾ ਨਾਟਕ ਅੰਕ)
ਇਹ ਇੱਕ ਪਾਤਰੀ ਨਾਟਕ ਕੇਂਦਰੀ ਕਿਰਦਾਰ ਆਤਮਾ ਰਾਮ ਦੀ ਖੰਡਤ ਮਾਨਸਿਕਤਾ ਨੂੰ ਪੇਸ਼ ਕਰਨ ਦੇ ਨਾਲ ਨਾਲ ਭਾਸ਼ਾਈ ਪੱਧਰ ਤੇ ਬਹੁਅਰਥੀ ਸੰਵਾਦ ਦੀ ਸਿਰਜਨਾ ਵੀ ਕਰਦਾ ਹੈ ਜਦੋਂ ਉਹ ਮੁਲਕ ਦੇ ਨਿਜ਼ਾਮ ਦੀ ਹਕੀਕਤ ਨੂੰ ਵਿਅੰਗ ਦੀ ਵਿਧੀ ਰਾਹੀਂ ਉਘਾੜਦਾ ਹੈ : ਤੇਤੀ ਪਰਸੈਂਟ ਕਾਬਲੀਅਤ ਦੇ ਸਿਰ 'ਤੇ ਚਲ ਰਿਹਾ ਹੈ ਇਹ ਦੇਸ਼ ਤੇ ਤੁਸੀ ਭਾਲਦੇ ਹੇ ਕਿ ਇਹ ਸੌ ਪਰਸੈਂਟ ਤਰੱਕੀ ਕਰੇ -- ਲੋਕ ਮਿਹਨਤ ਕਰ ਰਹੇ ਹਨ ਤੇਤੀ ਪਰਸੈਂਟ -- ਨੇਤਾ ਦੇਸ਼ ਚਲਾ ਰਹੇ ਹਨ ਤੇਤੀ ਪਰਸੈਂਟ ।ਲੋਕ ਬੱਚੇ ਜੰਮ ਰਹੇ ਹਨ ਤੇਤੀ ਪਰਸੈਂਟ । ਛਿਆਹਠ ਪਰਸੈਂਟ ਤਾਂ ਜ਼ਿੰਦਗੀ ਇੱਥੇ ਅਣਜੰਮੀ ਹੀ ਰਹਿ ਜਾਂਦੀ ਹੈ' ਪੰਨਾ 68)
ਸੋਮਪਾਲ ਹੀਰਾ ਦਾ ਦਾਸਤਾਨ - ਏ - ਦਿਲ, ਦਿਲ ਦੀ ਸਵੈ - ਜੀਵਨੀ ਉੱਤੇ ਆਧਾਰਤ ਇੱਕ ਪਾਤਰੀ ਨਾਟਕ ਹੈ ਜਿਸ ਵਿੱਚੋਂ ਇੱਕ ਪਾਤਰ ਲਾਲ ਸਿੰਘ ਆਪਣੀ ਜੀਵਨ ਗਾਥਾ ਸੁਣਾਉਂਦਾ ਹੈ । ਲਾਲ ਸਿੰਘ ਦੀ ਜ਼ਬਾਨੀ ਸੁਣਾਏ ਜਾ ਰਹੇ ਜ਼ੁਲਮਾਂ ਦੀ ਦਾਸਤਾਂ ਨੂੰ ਗੀਤ ਦੇ ਬੋਲ ਸ਼ਿੱਦਤ ਪ੍ਰਦਾਨ ਕਰਦੇ ਹਨ ।
ਇਕੱਲਾ ਪਾਤਰ ਸੰਵਾਦਾਂ ਦੇ ਜ਼ਰੀਏ ਦ੍ਰਿਸ਼ ਸਿਰਜਣ ਵਿੱਚ ਕਾਮਯਾਬ ਰਹਿੰਦਾ ਹੈ । ਆਵਾਜ਼ਾਂ ਅਤੇ ਗੀਤਾਂ ਦੇ ਜ਼ਰੀਏ ਨਾਟਕਕਾਰ ਬੱਝਵਾਂ ਪ੍ਰਭਾਵ ਸਿਰਜਣ ਦੀ ਕੋਸ਼ਿਸ਼ਿ ਕਰਦਾ ਹੈ : ਲਾਲ ਸਿੰਘ (ਡਿੱਗਿਆ ਹੋਇਆ )ਡੀ. ਐਸ. ਪੀ. ਪੰਨੂੰ ਦੀਆਂ ਸੋਟੀਆਂ ਦੀ ਸੱਟ ਮੇਰੇ ਬਿਲਕੁਲ ਨੀ ਲੱਗੀ - ਪਰ ਚੂਹੜੇ ਚਮਾਰ ਸ਼ਬਦ ਨੇ ਮੈਨੂੰ ਲਹੂ ਲੁਹਾਣ ਕਰ ਦਿੱਤਾ - ਅੱਜ ਡੀ. ਐਸ. ਪੀ. ਪੰਨੂੰ ਦੇ ਹੱਥ ਵਿੱਚ ਲਾਲ ਸਿੰਘ ਦਿਲ ਨਹੀਂ ਪੂਰੇ ਪੰਜਾਬ ਦੇ ਚੂੜ੍ਹੇ ਚਮਾਰ ਕਾਬੂ ਆਏ ਹੋਏ ਸੀ - ਗੀਤ : ਇੱਕ ਰਾਤ ਸੀ, ਸੰਗੀਨ ਸੀ ਜਾਂ ਜ਼ਿੰਦਗੀ ਦਾ ਗੀਤ ਸੀ । ਸੰਵਾਦ ਸੂਲੀ ਤੇ ਸਿਦਕ ਦਾ, ਕੋਈ ਸੁਣ ਰਹੀ ਤਵਾਰੀਖ ਸੀ । ਲਸ਼ਕਰ ਹਕੂਮਤਾਂ ਦਹਿਸ਼ਤਾਂ ਦੀ ਆਕੜੀ ਹੋਈ ਧੌਣ ਸੀ । ਸਰਗਮ ਪੂਰੇ ਸੂਹੇ ਗੀਤ ਦੀ ਕੋਈ ਗੂੰਜਦੀ ਵਿੱਚ ਪੌਣ ਸੀ । ਇੱਕ ਪਾਤਰੀ ਨਾਟਕ ਵਿੱਚ ਵਿਚਾਰਾਂ ਦਾ ਸੰਚਾਰ ਕਰਨ ਲਈ ਕਈ ਪ੍ਰਕਾਰ ਦੀਆਂ ਜੁਗਤਾਂ ਦੀ ਵਰਤੋਂ ਕੀਤੀ ਜਾਂਦੀ ਹੈ । ਸਹਾਇਕ ਗ੍ਰੰਥ - ਹਰਿਭਜਨ ਸਿੰਘ ਭਾਟੀਆ 'ਪਾਲੀ ਭੁਪਿੰਦਰ ਦੀ ਨਾਟਕੀ ਵਿੱਲਖਲਤਾ' ਪਾਲੀ ਭੁਪਿੰਦਰ :ਪਿਆਸਾ ਕਾਂ; ਸੋਮਪਾਲ ਹੀਰਾ : ਦਾਸਤਾਨ - ਏ - ਦਿਲ)

ਇਕਾਂਗੀ

One act play

ਜਿਵੇਂ ਇਸ ਦੇ ਨਾਂ ਤੋਂ ਹੀ ਸਪਸ਼ਟ ਹੈ ਇੱਕ ਅੰਗ ਵਾਲੀ ਰਚਨਾ ਅਰਥਾਤ ਜ਼ਿੰਦਗੀ ਦੀ ਕਿਸੇ ਇੱਕ ਘਟਨਾ ਜਾਂ ਸਥਿਤੀ ਨੂੰ ਪੇਸ਼ ਕਰਨ ਵਾਲੀ ਸਾਹਿਤ ਵਿਧਾ ਦਾ ਨਾਂ ਇਕਾਂਗੀ ਹੈ । ਇਕਾਂਗੀ ਪੂਰੇ ਨਾਟਕ ਦੇ ਸੰਖੇਪ ਰੂਪ ਨੂੰ ਨਹੀਂ ਕਿਹਾ ਜਾਂਦਾ । ਇਕਾਂਗੀ ਦਾ ਥੀਮ ਅਤੇ ਪਲਾਟ ਇਕਹਿਰਾ ਅਤੇ ਸੰਜਮੀ ਹੁੰਦਾ ਹੈ । ਇਸ ਵਿੱਚ ਪਾਤਰਾਂ ਦੇ ਵਿਕਾਸ ਦੀ ਗੁੰਜਾਇਸ਼ ਨਹੀਂ ਹੁੰਦੀ । ਇਸ ਦੇ ਸੁਰੂ ਹੁੰਦਿਆਂ ਹੀ ਪਾਤਰ ਕਿਸੇ ਮਾਨਸਿਕ ਤਨਾਓ / ਗੁੰਝਲ ਦਾ ਸ਼ਿਕਾਰ ਦਿਖਾਏ ਜਾਂਦੇ ਹਨ ਇਕਾਂਗੀ ਵਿੱਚ ਕੇਵਲ ਇੱਕ ਅੰਕ ਤੇ ਇੱਕ ਝਾਕੀ ਨੂੰ ਹੀ ਪੇਸ਼ ਕੀਤਾ ਜਾਂਦਾ ਹੈ । ਪੂਰੇ ਨਾਟਕ ਦੇ ਵਿਪਰੀਤ ਇਕਾਂਗੀ ਵਿੱਚ ਜੀਵਨ ਦੀ ਵਿਆਪਕ ਤਸਵੀਰ ਨੂੰ ਇਕਾਂਗੀ ਪੇਸ਼ ਨਹੀਂ ਕੀਤਾ ਜਾਂਦਾ ਸਗੋਂ ਜ਼ਿੰਦਗੀ ਦੇ ਕਿਸੇ ਇੱਕ ਪਹਿਲੂ / ਪੱਖ ਨੂੰ ਇਕਹਿਰੇ ਪਲਾਟ, ਘੱਟ ਪਾਤਰ ਤੇ ਸੰਜਮੀ ਵਾਰਤਾਲਾਪ ਨਾਲ ਪੇਸ਼ ਕਰਨ ਵਾਲੀ ਸਾਹਿਤ ਦੀ ਇਸ ਵੰਨਗੀ ਵਿੱਚ ਸਮੇਂ ਸਥਾਨ ਤੇ ਕਾਰਜ ਦੀ ਏਕਤਾ ਨੂੰ ਬਰਕਰਾਰ ਰੱਖਿਆ ਜਾਂਦਾ ਹੈ । ਇਕਾਂਗੀ ਵਿੱਚ ਘੱਟ ਤੋਂ ਘੱਟ ਨਾਟ ਸਮੱਗਰੀ ਨਾਲ ਵੱਧ ਤੋਂ ਵੱਧ ਤੀਖਣ ਪ੍ਰਭਾਵ ਸਿਰਜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ । ਇਉਂ ਪੂਰਾ ਨਾਟਕ ਅਤੇ ਇਕਾਂਗੀ ਦੇ ਵੱਖ- ਵੱਖ ਨਾਟ ਵਿਧਾਵਾਂ ਹਨ । ਪੰਜਾਬੀ ਇਕਾਂਗੀ ਦੇ ਜਨਮ ਤੇ ਵਿਕਾਸ ਵਿੱਚ ਨੋਰ੍ਹਾਂ ਰਿਚਰਡਜ਼ ਦੀ ਵਿੱਲਖਣ ਦੇਣ ਹੈ । ਅਰੰਭ ਵਿੱਚ ਉਸਨੇ ਸ਼ੈਕਸਪੀਅਰ ਦੇ ਲਿਖੇ ਨਾਟਕਾਂ ਦੇ ਮੁਕਾਬਲੇ ਕਰਵਾਏ । ਮਗਰੋਂ ਉਸ ਨੇ ਪੰਜਾਬੀ ਵਿੱਚ ਨਾਟਕ ਲਿਖਣ ਲਈ ਉਤਸ਼ਾਹਤ ਕੀਤਾ । ਉਸ ਰਾਹੀਂ ਕਰਵਾਏ ਗਏ ਨਾਟ ਮੁਕਾਬਲਿਆਂ ਵਿੱਚ ਆਈ. ਸੀ ਨੰਦਾ ਦੇ ਇਕਾਂਗੀ ਦੁਲਹਨ ਨੂੰ ਪਹਿਲਾ ਇਨਾਮ ਮਿਲਿਆ । ਆਈ. ਸੀ. ਨੰਦਾ ਨੇ ਆਪਣੇ ਇਕਾਂਗੀਆਂ ਵਿੱਚ ਤਤਕਾਲੀ ਜੀਵਨ ਦੀਆਂ ਸਮੱਸਿਆਵਾਂ ਨੂੰ ਯਥਾਰਥਕ ਦ੍ਰਿਸ਼ਟੀ ਤੋਂ ਪਸ਼ ਕੀਤਾ । ਨੰਦਾ ਤੇਂ ਪਿੱਛੋਂ ਹਰਚਰਨ ਸਿੰਘ ਨੇ ਵੱਖ - ਵੱਖ ਵਿਸ਼ਿਆਂ ਨਾਲ ਸੰਬੰਧਤ ਵੱਡੇ ਪੱਧਰ 'ਤੇ ਇਕਾਂਗੀਆਂ ਦੀ ਰਚਨਾ ਕੀਤੀ । ਸੰਤ ਸਿੰਘ ਸੇਖੇਂ, ਬਲਵੰਤ ਗਾਰਗੀ, ਗੁਰਦਿਆਲ ਸਿੰਘ ਫੁੱਲ, ਕਪੂਰ ਸਿੰਘ ਘੁੰਮਣ, ਸੁਰਜੀਤ ਸਿੰਘ ਸੇਠੀ, ਆਤਮਜੀਤ, ਅਜਮੇਰ ਔਲਖ ਆਦਿ ਨਾਟਕਕਾਰਾਂ ਨੇ ਇਕਾਂਗੀਆਂ ਦੀ ਰਚਨਾ ਕਰਕੇ ਇਸ ਵਿਧਾ ਦਾ ਘੇਰਾ ਹੇਰ ਵਿਸ਼ਾਲ ਕੀਤਾ । ਆਤਮਜੀਤ, ਅਜਮੇਰ ਔਲਖ, ਪਾਲੀ ਭੁਪਿੰਦਰ ਤੇ ਗੁਰਸ਼ਰਨ ਸਿੰਘ ਨੇ ਯੁਵਕ ਮੇਲਿਆਂ ਲਈ ਵਿਸ਼ੇਸ਼ ਤੋਰ 'ਤੇ ਇਕਾਂਗੀ ਲਿਖੇ ਤੇ ਖੇਡੇ ਹਨ । ਪਰ ਅੱਜ ਬਹੁਤੇ ਨਾਟਕਕਾਰ ਇਕਾਂਗੀ ਨਾਲੋਂ ਨਾਟਕ ਲਿਖਣ ਨੂੰ ਵਧੇਰੇ ਤਰਜੀਹ ਦਿੰਦੇ ਹਨ । ਪੰਜਾਬੀ ਦੇ ਮੁੱਢਲੇ ਨਾਟਕਕਾਰ ਆਈ. ਸੀ. ਨੰਦਾ, ਹਰਚਰਨ ਸਿੰਘ, ਸੇਖੋਂ, ਗਾਰਗੀ ਆਦਿ ਨਾਟਕਕਾਰਾਂ ਨੇ ਪੂਰੇ ਨਾਟਕਾਂ ਦੇ ਨਾਲ - ਨਾਲ ਇਕਾਂਗੀ ਨਾਟ - ਸੰਗ੍ਰਹਿ ਵੀ ਉਸੇ ਗਿਣਤੀ ਵਿੱਚ ਲਿਖੇ ਹਨ ਪਰ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਦਿਨੋ ਦਿਨ ਜਟਿਲ ਹੋ ਰਹੀ ਮਨੁੱਖੀ ਸੋਚ ਨੇ ਨਾਟਕਕਾਰਾਂ ਨੂੰ ਪੂਰੇ ਨਾਟਕ ਲਿਖਣ ਲਈ ਪ੍ਰੇਰਿਤ ਕਰ ਦਿੱਤਾ ਹੈ । ਇਸ ਸਮੇਂ ਆਤਮਜੀਤ, ਸਵਰਾਜਬੀਰ, ਪਾਲੀ ਭੁਪਿੰਦਰ, ਦਵਿੰਦਰ ਦਮਨ, ਅਜਮੇਰ ਔਲਖ ਪੰਜਾਬੀ ਦੇ ਪਮੁੱਖ ਨਾਟਕਕਾਰ ਪੂਰੇ ਨਾਟਕ ਦੀ ਵਿਧਾ ਰਾਹੀਂ ਦਰਸ਼ਕਾ / ਪਾਠਕਾਂ ਦੇ ਸਨਮੁੱਖ ਹੋ ਰਹੇ ਹਨ ।ਸਹਾਇਕ ਗ੍ਰੰਥ - ਸ. ਨ. ਸੇਵਕ, ਚੋਣਵੇਂ ਪੰਜਾਬੀ ਇਕਾਂਗੀ ; ਗੁਰਦਿਆਲ ਸਿੰਘ ਫ਼ੁੱਲ : 'ਇਕਾਂਗੀ ਤੇ ਉਸਦੀ ਬਣਤਰ' ਸਾਹਿਤ ਸਮਾਚਾਰ ਦਾ ਨਾਟਕ ਅੰਕ)

ਇਕਾਂਤ ਕਥਨ
ਨਾਟਕ ਦੀ ਪ੍ਰਦਰਸ਼ਨੀ ਦੌਰਾਨ ਅਭਿਨੇਤਾ ਦੁਆਰਾ ਦਰਸ਼ਕਾਂ ਨੂੰ ਸਿੱਧੇ ਰੂਪ ਵਿੱਚ ਸੰਬੋਧਿਤ ਕੀਤੇ ਜਾਣ ਵਾਲੇ ਕਥਨਾਂ ਨੂੰ ਇਕਾਂਤ ਕਥਨ ਕਿਹਾ ਜਾਂਦਾ ਹੈ । ਪਾਤਰਾਂ /ਅਭਿਨੇਤਾਵਾਂ ਦੁਆਰਾ ਉਚਾਰੇ ਗਏ ਇਨ੍ਹਾਂ ਕਥਨਾਂ ਨੂੰ ਸਟੇਜ ਉੱਤੇ ਮੌਜੂਦ ਦੂਜੇ ਪਾਤਰ ਨਹੀਂ ਸੁਣ ਸਕਦੇ । ਇਨ੍ਹਾਂ ਕਥਨਾਂ ਰਾਹੀਂ ਪਾਤਰ ਆਪਣੇ ਮਨ ਦੇ ਵਿਚਾਰ /ਜਜ਼ਬਾਤ ਦਰਸ਼ਕਾਂ ਨਾਲ ਸਾਂਝਿਆਂ ਕਰਦਾ ਹੈ । ਸ਼ੈਕਸਪੀਅਰ ਨੇ ਆਪਣੇ ਨਾਟਕਾਂ ਵਿੱਚ ਇਸ ਵਿਧੀ ਦੀ ਵਰਤੇਂ ਵੱਡੇ ਪੱਧਰ ਉੱਤੇ ਕੀਤੀ ਹੈ । ਓਥੈਲੋ ਨਾਟਕ ਦਾ ਮੁੱਖ ਪਾਤਰ ਇਆਗੋ ਪੂਰੇ ਨਾਟਕ ਦੌਰਾਨ ਕਈ ਵੇਰਾਂ ਇਕਾਂਤ ਕਥਨ ਦੇ ਰੂਪ ਵਿੱਚ ਦਰਸ਼ਕਾਂ ਨੂੰ ਸਿੱਧੇ ਰੂਪ ਵਿੱਚ ਮੁਖਾਤਬ ਹੁੰਦਾ ਹੈ । ਪੰਜਾਬੀ ਨਾਟਕਕਾਰ ਵੀ ਲੋੜ ਮੁਤਾਬਕ ਇਸ ਵਿਧੀ ਦੀ ਵਰਤੋਂ ਆਪਣੇ ਨਾਟਕਾਂ ਵਿੱਚ ਕਰਦੇ ਹਨ ।

ਇਤਿਹਾਸਕ ਨਾਟਕ

Historical Play

ਇਤਿਹਾਸਕ ਨਾਟਕ ਦਾ ਵਿਸ਼ਾ ਇਤਿਹਾਸਕ ਘਟਨਾਵਾਂ ਉੱਤੇ ਆਧਾਰਤ ਹੁੰਦਾ ਹੈ । ਇਤਿਹਾਸਕ ਨਾਟਕ ਰਚੇ ਜਾਣ ਦਾ ਮੰਤਵ ਇਤਿਹਾਸ ਦਾ ਹੂ - ਬ - ਹੂ ਚਿਤਰਣ ਕਰਨਾ ਨਹੀਂ ਹੁੰਦਾ ਸਗੋਂ ਤਤਕਾਲੀ ਘਟਨਾਵਾਂ ਦੇ ਜ਼ਰੀਏ ਸਮਕਾਲੀ ਪਰਿਸਥਿਤੀਆਂ ਨਾਲ ਸੰਵਾਦ ਰਚਾ ਕੇ ਵਰਤਮਾਨ ਜੀਵਨ ਬਾਰੇ ਆਪਣਾ ਨਿਰਪੱਖ ਮੱਤ ਪੇਸ਼ ਕਰਨਾ ਹੁੰਦਾ ਹੈ । ਅਜਿਹਾ ਕਰਦਿਆਂ ਨਾਟਕਕਾਰ ਦਰਸ਼ਕਾਂ /ਪਾਠਕਾਂ ਦੀ ਅਲੋਚਨਾ ਤੋਂ ਵੀ ਬਚਿਆ ਰਹਿੰਦਾ ਹੈ ਤੇ ਆਪਣੀ ਗੱਲ ਵੀ ਨਿਧੜਕ ਹੋ ਕੇ ਕਹਿ ਜਾਂਦਾ ਹੈ । ਇਤਿਹਾਸਕ ਨਾਟਕ ਵਿੱਚ ਦਰਸ਼ਕ ਨਾਟਕ ਦੀ ਕਥਾ ਤੋਂ ਅਗਾਉਂ ਰੂਪ ਵਿੱਚ ਵਾਕਿਫ਼ ਹੋਣ ਕਾਰਨ ਨਾਟਕੀ ਕਾਰਜ ਨਾਲ ਆਪਣੇ ਆਪ ਨੂੰ ਜਲਦੀ ਆਤਮਸਾਤ ਕਰ ਲੈਂਦੇ ਹਨ । ਨਾਟਕ ਵਿੱਚ ਪੇਸ਼ ਇਤਿਹਾਸਕ ਨਾਇਕ ਨਾਲ ਜ਼ਜ਼ਬਾਤੀ ਪੱਧਰ ਦੀ ਸਾਂਝ ਦਰਸ਼ਕਾਂ ਉੱਤੇ ਵਿਸ਼ੇਸ਼ ਪ੍ਰਭਾਵ ਪਾਉਣ ਵਿੱਚ ਸਹਾਈ ਹੁੰਦੀ ਹੈ । ਜਿੱਥੇ ਇਤਿਹਾਸ ਦਾ ਕਾਰਜ ਕਿਸੇ ਵਿਸ਼ੇਸ਼ ਕਾਲ ਖੰਡ ਵਿੱਚ ਵਾਪਰੀਆਂ ਘਟਨਾਵਾਂ ਦਾ ਬਿਉਰਾ ਦੇਣਾ ਹੁੰਦਾ ਹੈ ਉੱਥੇ ਇਤਿਹਾਸਕ ਨਾਟਕ ਰਚਣ ਵਾਲੇ ਨਾਟਟਕਾਰ ਦਾ ਮਕਸਦ ਉਨ੍ਹਾਂ ਘਟਨਾਵਾਂ ਦੇ ਕਾਰਨਾਂ ਨੂੰ ਤਲਾਸ਼ ਕਰਨਾ ਹੁੰਦਾ ਹੈ ਅਤੇ ਉਨ੍ਹਾਂ ਸਦਕਾ ਇਤਿਹਾਸ ਵਿੱਚ ਵਾਪਰੀਆਂ ਮਹੱਤਵਪੂਰਨ ਤਬਦੀਲੀਆਂ ਦੀ ਨਿਸ਼ਾਨਦੇਹੀ ਕਰਨਾ ਹੁੰਦਾ ਹੈ । ਪੰਜਾਬੀ ਵਿੱਚ ਹਰਚਰਨ ਸਿੰਘ ਦਾ ਰਾਜਾ ਪੋਰਸ, ਰੋਸ਼ਨ ਲਾਲ ਆਹੂਜਾ ਦਾ ਕਲਿੰਗਾ ਦਾ ਦੁਖਾਂਤ, ਸੰਤ ਸਿੰਘ ਸੇਖੋਂ ਦਾ ਬੇੜਾ ਬੰਧ ਨਾ ਸਕਿਓ ਅਤੇ ਮੋਇਆਂ ਸਾਰ ਨਾ ਕਾਈ, ਬਲਵੰਤ ਗਾਰਗੀ ਦਾ ਸੁਲਤਾਨ ਰਜ਼ੀਆ ਇਤਿਹਾਸਕ ਨਾਟਕ ਦੀਆਂ ਉਦਾਹਰਨਾਂ ਹਨ । ਇਹ ਨਾਟਕ ਪੰਜਾਬ ਦੇ ਸਿੱਖ ਇਤਿਹਾਸ ਅਤੇ ਹਿੰਦੂ ਇਤਿਹਾਸ 'ਤੇ ਅਧਾਰਿਤ ਘਟਨਾਵਾਂ ਤੇ ਲਿਖੇ ਗਏ ਹਨ । ਵੀਹਵੀਂ ਸਦੀ ਦੇ ਇਤਿਹਾਸ ਨੂੰ ਆਧਾਰ ਬਣਾ ਕੇ ਭਗਤ ਸਿੰਘ ਦੀ ਸ਼ਹਾਦਤ ਬਾਰੇ ਪਾਲੀ ਭੁਪਿੰਦਰ ਨੇ ਮੈਂ ਭਗਤ ਸਿੰਘ ਅਤੇ ਮੈਂ ਫ਼ੇਰ ਆਵਾਂਗਾ ਇਤਿਹਾਸਕ ਨਾਟਕ ਦੀ ਰਚਨਾ ਕੀਤੀ ਹੈ । ਇਤਿਹਾਸਕ ਨਾਟਕ ਵਿੱਚ ਪਾਤਰਾਂ ਦੇ ਆਹਾਰਯ ਅਭਿਨੈ ਦੇ ਮਹੱਤਵ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ । ਨਾਟਕੀ ਪਾਤਰ ਨੂੰ ਇਤਿਹਾਸਕ ਪਾਤਰ ਬਣਾਉਣ ਵਿੱਚ ਪਹਿਰਾਵੇ, ਪੋਸ਼ਾਕਾਂ, ਮੁਕਟਾਂ ਤੇ ਸ਼ਸਤਰਾਂ ਦੀ ਅਵੱਸ਼ਕਤਾ ਨੂੰ ਨਾਟ ਸ਼ਾਸਤਰੀਆਂ ਵਲੋਂ ਮੁੱਢਲੀ ਲੋੜ ਦੇ ਤੌਰ 'ਤੇ ਸਵੀਕਾਰਿਆ ਗਿਆ ਹੈ । ਰਾਮ ਚੰਦਰ ਦੀ ਭੂਮਿਕਾ ਨਿਭਾਉਣ ਵਾਲੇ ਪਾਤਰ ਨੂੰ ਭਗਵਾਨ ਰਾਮ ਦੇ ਰੂਪ ਵਿੱਚ ਤਾਂ ਹੀ ਸਵੀਕਾਰਿਆ ਜਾਵੇਗਾ ਜਦੇਂ ਉਹ ਆਪਣੇ ਪਹਿਰਾਵੇ ਤੇ ਆਭੂਸ਼ਨਾਂ ਸਦਕਾ ਦਰਸ਼ਕਾਂ ਨੂੰ ਰਾਮਾਇਣ ਵਿਚਲੇ ਰਾਮ ਨਾਲ ਮੇਲ ਖਾਂਦਾ ਪ੍ਰਤੀਤ ਹੋਵੇਗਾ । ਪੰਜਾਬੀ ਵਿੱਚ ਇਤਿਹਾਸਕ ਨਾਟਕਾਂ ਦਾ ਮੰਚੀ ਅਭਿਨੈ ਨਾ ਹੋਣ ਦਾ ਮੁੱਖ ਕਾਰਨ ਮੰਚੀ ਸੀਮਾਵਾਂ ਦੀ ਸੀਮਾ ਅਤੇ ਬਜਟ ਦਾ ਸੀਮਤ ਹੋਣਾ ਹੈ । ਨੰਦਾ ਕਾਲ ਤੋਂ ਪਿਛੋਂ ਪੰਜਾਬੀ ਨਾਟਕ ਦੇ ਭਾਰਤੀ ਮਿਥਿਹਾਸ ਉੱਤੇ ਅਧਾਰਤ ਨਾਟਕ ਨਾ ਲਿਖੇ /ਖੇਡੇ ਜਾਣ ਦੀ ਮੁੱਖ ਵਜ੍ਹਾ ਸੀਮਤ ਸੋਮਿਆਂ ਦੀ ਹੋਂਦ ਹੈ । ਇਨ੍ਹਾਂ ਨਾਟਕਾਂ ਦੀ ਪ੍ਰਦਰਸ਼ਨੀ ਲਈ ਮਹਿੰਗੇ ਵਸਤਰਾਂ, ਗਹਿਣਿਆਂ ਤੇ ਮਹਿੰਗੀ ਮੰਚ ਸੱਜਾ ਦੀ ਲੋੜ ਹੁੰਦੀ ਹੈ । ਅਜਿਹਾ ਨਾ ਹੋਣ ਦੀ ਸੂਰਤ ਵਿੱਚ ਪੰਜਾਬੀ ਵਿੱਚ ਇਤਿਹਾਸਕ ਮਿਥੀਹਾਸਕ ਨਾਟਕਾਂ ਦੀ ਲਿਖੇ ਜਾਣ ਦੀ ਪਰੰਪਰਾ ਅਜੇ ਕਾਫੀ ਊਣੀ ਹੈ । ਸਹਾਇਕ ਗ੍ਰੰਥ - ਐਸ. ਐਸ. ਅਮੇਲ 'ਇਤਿਹਾਸਕ ਨਾਟਕ' ਸਾਹਿਤ ਸਮਾਚਾਰ ਦਾ ਨਾਟਕ ਅੰਕ ; ਸਤੀਸ਼ ਕੁਮਾਰ ਵਰਮਾ : ਪੰਜਾਬੀ ਨਾਟਕ ਦਾ ਇਤਿਹਾਸ)


logo