logo
भारतवाणी
bharatavani  
logo
Knowledge through Indian Languages
Bharatavani

Punjabi Encyclopaedic Dictionary of Theatre (Punjabi-English)

ਕਾਮੇਡੀ

Comedy

ਅਰਸਤੂ ਨੇ ਤ੍ਰਾਸਦੀ ਦੇ ਨਾਲ ਕਾਮਦੀ ਬਾਰੇ ਵੀ ਵਿਸਤ੍ਰਿਤ ਚਰਚਾ ਕੀਤੀ ਹੈ ਪਰ ਉਸਦਾ ਬਹੁਤਾ ਹਿੱਸਾ ਹੁਣ ਉਪਲਬਧ ਨਹੀਂ ਹੈ| ਤ੍ਰਾਸਦੀ ਅਤੇ ਕਾਮਦੀ ਵਿੱਚ ਅੰਤਰ ਦਰਸਾਉਂਦਿਆਂ ਅਰਸਤੂ ਨੇ ਇਹ ਸਿੱਧ ਕੀਤਾ ਕਿ ਜਿੱਥੇ ਤ੍ਰਾਸਦੀ ਦਾ ਮਨੋਰਥ ਗੰਭੀਰ ਅਤੇ ਵਧੀਆ ਜੀਵਨ ਦਾ ਚਿਤ੍ਰਣ ਕਰਨਾ ਹੁੰਦਾ ਹੈ ਉੱਥੇ ਕਾਮਦੀ ਦਾ ਨਿਸ਼ਾਨਾ ਯਥਾਰਥ ਜੀਵਨ ਨਾਲੋਂ ਘਟੀਆ ਜਾਂ ਮੰਦਾ ਚਿਤ੍ਰਣ ਕਰਨਾ ਹੁੰਦਾ ਹੈ| ਇਸ ਵਿੱਚ ਹਲਕੇ ਪੱਧਰ ਦੇ ਪਾਤਰਾਂ ਦਾ ਅਨੁਕਰਨ ਹੁੰਦਾ ਹੈ| ਅਰਸਤੂ ਦਾ ਹਲਕੇ ਜਾਂ ਨੀਵੇਂ ਪਾਤਰਾਂ ਤੋਂ ਭਾਵ ਕਦਾਚਿਤ ਦੁਸ਼ਟ ਜਾਂ ਭੈੜੇ ਤੋਂ ਨਹੀਂ ਸੀ| ਹਲਕੇ ਤੋਂ ਭਾਵ ਅਜਿਹੇ ਦੋਸ਼ ਤੋਂ ਹੈ ਜਿਹੜਾ ਹਾਸਾ ਪੈਦਾ ਕਰਨ ਵਾਲਾ ਹੋਵੇ| ਅਜਿਹੇ ਭੱਦੇਪਣ ਵਿੱਚ ਕਰੂਪਤਾ ਤਾਂ ਨਿਸ਼ਚੇ ਹੀ ਹੁੰਦੀ ਹੈ ਪਰ ਇਹ ਕਲੇਸ਼ਕਾਰੀ ਜਾਂ ਨੁਕਸਾਨਦਾਇਕ ਨਹੀਂ ਹੁੰਦਾ| ਕਾਮਦੀ, ਨਾਟਕ ਦਾ ਅਜਿਹਾ ਰੂਪ ਹੈ ਜਿਸ ਦਾ ਮੂਲ ਭਾਵ ਹਾਸੇ ਨਾਲ ਸੰਬੰਧਤ ਹੈ| ਡਾ. ਨਗੇਂਦ੍ਰ ਕਾਮਦੀ ਦਾ ਵਿਵੇਚਨ ਕਰਦਿਆਂ ਹੋਇਆ ਕਾਮਦੀ ਦੇ ਸੰਕਲਪ ਨੂੰ ਇਉਂ ਸਪਸ਼ਟ ਕਰਦਾ ਹੈ|
'ਕਾਮਦੀ ਦੇ ਮੂਲ ਭਾਵ ਦਾ ਵਿਸ਼ਾ ਕੋਈ ਅਜਿਹਾ ਦੋਸ਼ ਸਰੀਰਕ ਅਤੇ ਚਰਿਤ੍ਰਿਕ ਵਿਕਾਰ ਹੁੰਦਾ ਹੈ ਜੋ ਕਲੇਸ਼ਕਾਰੀ ਜਾਂ ਅਮੰਗਲਕਾਰੀ ਨਾ ਹੋਵੇ; ਅਰਥਾਤ ਇਹ ਦੋਸ਼ ਗੰਭੀਰ ਨਹੀਂ ਹੋਣਾ ਚਾਹੀਦਾ, ਜਿਸ ਨਾਲ ਦਰਸ਼ਕ ਦੇ ਮਨ ਵਿੱਚ ਕਿਸੇ ਪ੍ਰਕਾਰ ਦਾ ਕਲੇਸ਼ ਹੋਵੇ ਜਾਂ ਜਿਸ ਨਾਲ ਹਾਨੀ ਦੀ ਸੰਭਾਵਨਾ ਹੋਵੇ ਜਾਂ ਜੋ ਤ੍ਰਾਸਦਾਇਕ ਅਥਵਾ ਅਮੰਗਲਕਾਰੀ ਹੋਵੇ'' (ਅਰਸਤੂ ਦਾ ਕਾਵਿ ਸ਼ਾਸਤ੍ਰ : ਪੰਨਾ 113-14)
ਕਾਮਦੀ ਦਾ ਵਿਸ਼ਾ ਵਿਅਕਤੀਗਤ ਨਹੀਂ ਹੁੰਦਾ ਸਗੋਂ ਇਸ ਵਿੱਚ ਸਮੂਹ ਜਨਾਂ ਦੇ ਦੋਸ਼ਾਂ ਦਾ ਵਿਵਰਨ ਹੁੰਦਾ ਹੈ| ਇਸ ਵਿੱਚ ਪੇਸ਼ ਕਥਾਵਸਤੂ ਪ੍ਰਸਿੱਧੀ ਪ੍ਰਾਪਤ ਵਿਸ਼ੇ ਨਾਲ ਸੰਬੰਧਤ ਨਹੀਂ ਹੁੰਦੀ ਸਗੋਂ ਕਾਲਪਨਿਕ, ਖਿਆਲੀ ਜਾਂ ਮਨ ਘੜਤ ਹੁੰਦੀ ਹੈ| ਕਾਮਦੀ ਵੀ ਤ੍ਰਾਸਦੀ ਵਾਂਗ ਦ੍ਰਿਸ਼ ਕਾਵਿ ਦਾ ਹੀ ਇੱਕ ਭੇਦ ਹੈ| ਕਾਮਦੀ ਦੇ ਕਥਾਨਕ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ ਆਦਿ, ਮੱਧ, ਅੰਤ, ਸੰਭਵਤਾ, ਸੰਭਾਵਿਤਾ ਆਦਿ ਤ੍ਰਾਸਦੀ ਦੇ ਕਥਾਨਕ ਨਾਲ ਮੇਲ ਖਾਂਦੀਆਂ ਹਨ| ਤ੍ਰਾਸਦੀ ਦੀ ਵੱਖਰਤਾ ਇਸ ਦੇ ਗੰਭੀਰ ਪ੍ਰਭਾਵ ਨਾਲ ਸੰਬੰਧਤ ਹੁੰਦੀ ਹੈ ਜਦਕਿ ਕਾਮਦੀ ਦਾ ਆਧਾਰ ਵਿਕ੍ਰਿਤੀ-ਮੂਲਕ ਹੁੰਦਾ ਹੈ ਤ੍ਰਾਸਦੀ ਵਿੱਚ ਕਰੁਣਾ ਅਤੇ ਤ੍ਰਾਸ ਦੇ ਭਾਵਾਂ ਦੀ ਪ੍ਰਧਾਨਤਾ ਹੁੰਦੀ ਹੈ ਜਦਕਿ ਕਾਮਦੀ ਵਿੱਚ ਭੱਦੇ ਹਾਸੇ ਦਾ ਪ੍ਰਭਾਵ ਹੁੰਦਾ ਹੈ| (ਸਹਾਇਕ ਗ੍ਰੰਥ - ਅਰਸਤੂ ਦਾ ਕਾਵਿ ਸ਼ਾਸਤਰ; ਹਰਚਰਨ ਸਿੰਘ : ਨਾਟਕ ਕਲਾ ਅਤੇ ਹੋਰ ਲੇਖ; ਮੈਥਲੀਪ੍ਰਸਾਦ ਭਾਰਦਵਾਜ : ਪਾਸ਼ਚਾਤਯ ਕਾਵਯ ਸ਼ਾਸਤਰ ਕੇ ਸਿਧਾਂਤ)

ਕਾਵਿ - ਸ਼ਾਸਤਰ

Poetics

ਅਰਸਤੂ ਦੁਆਰਾ ਰਚਿਤ ਇਸ ਗ੍ਰੰਥ ਦਾ ਰਚਨਾ ਕਾਲ ਈਸਾ ਤੋਂ ਪਹਿਲਾਂ ਦਾ ਮੰਨਿਆ ਜਾਂਦਾ ਹੈ| ਸੌਂਦਰਯ ਸ਼ਾਸਤਰੀ ਨੇਮਾਂ ਦੇ ਨਾਲ-ਨਾਲ ਨਾਟ ਸਿਧਾਂਤਾਂ ਬਾਰੇ ਚਰਚਾ ਕਰਦਿਆਂ ਇਸ ਰਚਨਾ ਵਿੱਚ ਦੁਖਾਂਤ ਦੇ ਵਿਆਪਕ ਪਰਿਪੇਖ ਨੂੰ ਉਲੀਕਿਆ ਗਿਆ ਹੈ| ਨਾਟਕ ਦੇ ਸਰੂਪ ਨੂੰ ਦੁਖਾਂਤ ਦੇ ਪ੍ਰਸੰਗ ਵਿੱਚ ਨਿਸ਼ਚਿਤ ਕੀਤਾ ਗਿਆ ਹੈ| ਨਾਟ ਕਲਾ ਦੇ ਸਿਧਾਂਤਾਂ ਬਾਰੇ ਵਿਸਤ੍ਰਿਤ ਜਾਣਕਾਰੀ ਇਸ ਕਾਵਿ ਸ਼ਾਸਤਰ ਵਿੱਚੋਂ ਉਪਲਬਧ ਨਹੀਂ ਹੁੰਦੀ| ਅਰਸਤੂ ਨੇ ਤ੍ਰਾਸਦੀ ਦੇ ਸਰੂਪ ਨੂੰ ਇਉਂ ਪਰਿਭਾਸ਼ਤ ਕੀਤਾ ਹੈ|
'ਤ੍ਰਾਸਦੀ ਕਿਸੇ ਗੰਭੀਰ, ਮੁਕੰਮਲ ਅਤੇ ਨਿਸ਼ਚਿਤ ਆਕਾਰ ਵਾਲੇ ਕਾਰਜ ਦੀ ਅਨੁਕ੍ਰਿਤੀ ਦਾ ਨਾਮ ਹੈ ਜਿਸ ਦਾ ਮਾਧਿਅਮ ਨਾਟਕ ਦੇ ਭਿੰਨ-ਭਿੰਨ ਹਿੱਸਿਆਂ ਵਿੱਚ ਭਿੰਨ-ਭਿੰਨ ਰੂਪ ਨਾਲ ਵਰਤੀ ਗਈ ਸਭ ਪ੍ਰਕਾਰ ਦੇ ਕਲਾਤਮਕ ਗਹਿਣਿਆਂ ਨਾਲ ਅਲੰਕ੍ਰਿਤ ਭਾਸ਼ਾ ਹੁੰਦੀ ਹੈ ਜੋ ਬਿਰਤਾਂਤਕ ਰੂਪ ਵਿੱਚ ਨਾ ਹੋ ਕੇ ਕਾਰਜ-ਵਪਾਰ ਰੂਪ ਵਿੱਚ ਹੁੰਦੀ ਹੈ ਅਤੇ ਜਿਸ ਵਿੱਚ ਕਰੁਣਾ ਤੇ ਤ੍ਰਾਸ ਰਾਹੀਂ ਇਨ੍ਹਾਂ ਮਨੋਵਿਕਾਰਾਂ ਦਾ ਉਚਿੱਤ ਵਿਰੇਚਨ ਕੀਤਾ ਜਾਂਦਾ ਹੈ'' (ਅਰਸਤੂ : ਕਾਵਿ ਸ਼ਾਸਤ੍ਰ, ਪੰਨਾ 57)
ਅਰਸਤੂ ਨੇ ਤ੍ਰਾਸਦੀ ਦੇ ਛੇ ਅੰਗ ਨਿਰਧਾਰਤ ਕੀਤੇ ਹਨ ਜਿਹੜੇ ਉਹਦੇ ਸੁਹਜ ਦਾ ਆਧਾਰ ਸਿੱਧ ਹੁੰਦੇ ਹਨ| ਇਹ ਛੇ ਅੰਗ ਕਥਾਨਕ, ਚਰਿੱਤਰ-ਚਿਤ੍ਰਣ, ਪਦ-ਰਚਨਾ, ਵਿਚਾਰ ਤੱਤ, ਦ੍ਰਿਸ਼ ਵਿਧਾਨ ਅਤੇ ਗੀਤ ਹਨ| ਇਨ੍ਹਾਂ ਵਿੱਚੋਂ ਕਥਾਨਕ, ਚਰਿੱਤਰ-ਚਿਤ੍ਰਣ ਅਤੇ ਵਿਚਾਰ ਤੱਤ ਨੂੰ ਅਨੁਕਰਨ ਦੇ ਵਿਸ਼ੇ ਮੰਨਿਆ ਗਿਆ ਹੈ| ਦ੍ਰਿਸ਼ ਵਿਧਾਨ ਨੂੰ ਮਾਧਿਅਮ ਤੇ ਪਦ ਰਚਨਾ ਤੇ ਗੀਤ ਨੂੰ ਅਨੁਕਰਨ ਦੀਆਂ ਵਿਧੀਆਂ ਕਿਹਾ ਗਿਆ ਹੈ (ਉਹੀ ਪੰਨਾ 58-59)
ਅਰਸਤੂ ਅਨੁਸਾਰ ਨਾਟਕ ਅਜਿਹਾ ਕਾਰਜ ਹੈ ਜਿਸਦਾ ਮੰਚ ਉੱਤੇ ਅਨੁਕਰਨ ਰਾਹੀਂ ਪ੍ਰਦਰਸ਼ਨ ਹੁੰਦਾ ਹੈ| ਨਾਟਕ ਵਿੱਚ ਭਾਸ਼ਾ ਨਾਲੋਂ ਦ੍ਰਿਸ਼ ਦੀ ਮਹੱਤਤਾ ਵਧੇਰੇ ਹੁੰਦੀ ਹੈ| ਇਸ ਦਾ ਮੁੱਖ ਮੰਤਵ ਭੈ ਅਤੇ ਕਰੁਣਾ ਦੀਆਂ ਭਾਵਨਾਵਾਂ ਦਾ ਵਿਰੇਚਨ ਕਰਨਾ ਹੁੰਦਾ ਹੈ| ਨਾਟਕਕਾਰ ਜੀਵਨ ਦੀ ਨਕਲ ਨੂੰ ਮੰਚ ਉੱਤੇ ਹੁ-ਬੂ-ਹੂ ਸਾਕਾਰ ਨਹੀਂ ਕਰਦਾ ਸਗੋਂ ਪੁਨਰ ਸਿਰਜਨਾ ਰਾਹੀਂ ਜੀਵਨ ਦੀ ਕਲਾਤਮਕ ਪੇਸ਼ਕਾਰੀ ਕਰਦਾ ਹੈ| ਅਰਸਤੂ ਨੇ ਸੁਖਾਂਤ ਨਾਟਕ ਨੂੰ ਨਿਮਨ-ਪੱਧਰ ਦੀ ਰਚਨਾ ਸਵੀਕਾਰ ਕੀਤਾ ਹੈ| ਦੁਖਾਂਤ ਨਾਟਕ ਨੂੰ ਉੱਤਮ ਰਚਨਾ ਦਾ ਦਰਜਾ ਦਿੱਤਾ ਗਿਆ ਹੈ ਕਿਉਂਕਿ ਇਹ ਮਨੁੱਖੀ ਚਰਿਤਰ ਨੂੰ ਸ੍ਰੇਸ਼ਟ ਬਣਾਉਣ ਵਿੱਚ ਕਾਰਗਰ ਰੋਲ ਅਦਾ ਕਰਦੀ ਹੈ| ਨਾਟਕ ਦੀ ਉਤਕ੍ਰਿਸ਼ਟਤਾ ਲਈ ਨਾਟਕ ਦੇ ਪਾਤਰਾਂ ਦਾ ਚਰਿਤਰ ਵੀ ਉਦਾਤ ਗੁਣਾਂ ਨਾਲ ਭਰਪੂਰ ਹੋਣਾ ਚਾਹੀਦਾ ਹੈ| ਨਾਟਕ ਦੀ ਭਾਸ਼ਾ ਬਾਰੇ ਅਰਸਤੂ ਦਾ ਵਿਚਾਰ ਹੈ ਕਿ ਇਹ ਕਾਵਿਕ ਅਤੇ ਅਲੰਕ੍ਰਿਤ ਹੋਣੀ ਚਾਹੀਦੀ ਹੈ| ਅਜਿਹਾ ਦੁਖਾਂਤ ਨਾਟਕ ਦਰਸ਼ਕਾਂ ਦੇ ਮਨਾਂ ਅੰਦਰਲੇ ਭੈ ਅਤੇ ਕਰੁਣਾ ਦੇ ਕੁੰਠਿਤ ਭਾਵਾਂ ਨੂੰ ਵਿਰੇਚਤ ਕਰਦਾ ਹੈ ਤੇ ਇਉਂ ਉਨ੍ਹਾਂ ਦੇ ਮਾਨਸਿਕ ਭਾਵਾਂ ਦੀ ਸ਼ੁੱਧੀ ਹੁੰਦੀ ਹੈ| ਨਾਟਕ (ਦੁਖਾਂਤ) ਦੀ ਕਥਾਨਕ ਰਚਨਾ ਬਾਰੇ ਅਰਸਤੂ ਅਜਿਹੀਆਂ ਘਟਨਾਵਾਂ ਸਿਰਜੇ ਜਾਣ 'ਤੇ ਬਲ ਦੇਂਦਾ ਹੈ ਜਿਹੜੀਆਂ ਦਰਸ਼ਕਾਂ ਦੇ ਮਨਾਂ ਵਿੱਚ ਉਤਸੁਕਤਾ ਪੈਦਾ ਕਰਨ| ਉਤਸੁਕਤਾ ਦੇ ਅਜਿਹੇ ਅੰਸ਼ਾਂ ਕਾਰਨ ਹੀ ਦਰਸ਼ਕ ਦੇ ਮਨ ਵਿੱਚ ਭੈ ਅਤੇ ਕਰੁਣਾ ਦੇ ਭਾਵ ਜਾਗ੍ਰਿਤ ਹੁੰਦੇ ਹਨ| ਨਾਟਕ (ਦੁਖਾਂਤ) ਦਾ ਨਾਇਕ ਸ੍ਰੇਸ਼ਟ ਗੁਣਾਂ ਦਾ ਧਾਰਨੀ ਹੋਣ ਦੇ ਬਾਵਜੂਦ ਅਚਾਨਕ ਕਿਸੇ ਭੁੱਲ ਕਾਰਨ ਸੰਕਟ ਦਾ ਸ਼ਿਕਾਰ ਹੁੰਦਾ ਹੈ| ਦਰਸ਼ਕ ਦੇ ਮਨ ਵਿੱਚ ਇਸੇ ਕਾਰਨ ਭੈ ਅਤੇ ਕਰੁਣਾ ਦੇ ਭਾਵ ਜਾਗ੍ਰਿਤ ਹੁੰਦੇ ਹਨ| ਦੁਖਾਂਤ ਦੇ ਬਾਕੀ ਤੱਤਾਂ ਬਾਰੇ ਅਰਸਤੂ ਨੇ ਵਿਆਪਕ ਚਰਚਾ ਨਹੀਂ ਕੀਤੀ| ਵਿਰੇਚਨ ਦੇ ਸੰਕਲਪ ਬਾਰੇ ਅਰਸਤੂ ਨੇ ਵਿਸਤਾਰ ਵਿੱਚ ਵਿਆਖਿਆ ਕੀਤੀ ਹੈ| ਯੂਨਾਨੀ ਚਿਕਿਤਸਾ ਪ੍ਰਣਾਲੀ ਨਾਲ ਸੰਬੰਧਤ ਇਸ ਸ਼ਬਦ ਦਾ ਪ੍ਰਸੰਗ ਸ਼ੁੱਧੀਕਰਨ ਨਾਲ ਜੁੜਿਆ ਹੋਇਆ ਹੈ| ਜਿਵੇਂ ਕਥਾਰਸਿਜ਼ ਦੀ ਪ੍ਰਕ੍ਰਿਆ ਦੇ ਅੰਤਰਗਤ ਸਰੀਰ ਦੀ ਅਰੋਗਤਾ ਲਈ ਦਵਾਈਆਂ ਨਾਲ ਸਰੀਰ ਵਿੱਚੋਂ ਗਲਤ ਮਾਦੇ ਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ ਬਿਲਕੁਲ ਉਸੇ ਤਰ੍ਹਾਂ ਨਾਟਕ ਦੀ ਕਲਾ ਅਜਿਹੀ ਕਲਾ ਹੈ ਜਿਸ ਵਿੱਚ ਉੱਤੇਜਿਤ ਭਾਵਾਂ ਰਾਹੀਂ ਸੁਹਿਰਦ ਦਰਸ਼ਕ ਦੇ ਮਨ ਅੰਦਰ ਇੱਕਠੇ ਹੋ ਚੁੱਕੇ ਭਾਵਾਂ ਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ| ਇਉਂ ਵਿਰੇਚਨ ਦੀ ਪ੍ਰਕ੍ਰਿਆ ਅਧੀਨ ਦਰਸ਼ਕਾਂ ਦੇ ਮਨ ਦੀ ਸ਼ੁੱਧੀ ਹੁੰਦੀ ਹੈ| ਦਰਸ਼ਕ ਮਨੋਵਿਕਾਰਾਂ ਦੀ ਮੈਲ ਤੋਂ ਰਹਿਤ ਹੋ ਕੇ ਅਨੰਦ ਦੀ ਸਥਿਤੀ ਨੂੰ ਪ੍ਰਾਪਤ ਕਰਦਾ ਹੈ| (ਸਹਾਇਕ ਗ੍ਰੰਥ - ਅਰਸਤੂ ਦਾ ਕਾਵਿ ਸ਼ਾਸਤ੍ਰ)

ਕਾਵਿ ਨਾਟਕ
ਕਾਵਿ ਨਾਟਕ- ਆਦਿ ਕਾਲ ਤੋਂ ਹੀ ਸੰਸਾਰ ਦਾ ਮਹਾਨ ਨਾਟਕ ਕਵਿਤਾ ਦੇ ਮਾਧਿਅਮ ਰਾਹੀਂ ਪ੍ਰਗਟ ਹੁੰਦਾ ਰਿਹਾ ਹੈ| ਦੁਨੀਆਂ ਦੇ ਉਚ ਕੋਟੀ ਦੇ ਨਾਟਕਕਾਰ ਕਾਲੀਦਾਸ, ਸੋਫ਼ੋਕਲੀਜ਼ ਅਤੇ ਸ਼ੈਕਸਪੀਅਰ ਸ੍ਰੇਸ਼ਟ ਕਵੀ ਹੋਣ ਤੋਂ ਪਹਿਲਾਂ ਪ੍ਰਤਿਭਾਸ਼ਾਲੀ ਨਾਟਕਕਾਰ ਦੇ ਤੌਰ 'ਤੇ ਵਧੇਰੇ ਪ੍ਰਵਾਨਿਤ ਹੋਏ| ਯੂਨਾਨੀ ਚਿੰਤਕ ਅਰਸਤੂ ਨੇ ਕਵਿਤਾ ਦਾ ਸ੍ਰੇਸ਼ਟਤਮ ਰੂਪ ਨਾਟਕ ਨੂੰ ਹੀ ਮੰਨਿਆ ਸੀ| ਕਾਵਿ ਨਾਟਕ ਤੋਂ ਭਾਵ ਅਜਿਹੀ ਨਾਟ ਰਚਨਾ ਤੋਂ ਹੁੰਦਾ ਹੈ ਜਿਹੜਾ ਕਵਿਤਾ ਦੇ ਮਾਧਿਅਮ ਵਿੱਚ ਲਿਖਿਆ ਗਿਆ ਹੋਵੇ| ਇਸ ਦੇ ਸੰਵਾਦ ਕਵਿਤਾ ਵਿੱਚ ਹੁੰਦੇ ਹਨ| ਕਵਿਤਾ ਵਿੱਚ ਲਿਖਿਆ ਗਿਆ ਨਾਟਕ ਵਾਰਤਕ ਸ਼ੈਲੀ ਵਿੱਚ ਲਿਖੇ ਗਏ ਨਾਟਕ ਨਾਲੋਂ ਵੱਧ ਪ੍ਰਭਾਵਸ਼ਾਲੀ ਹੁੰਦਾ ਹੈ ਕਿਉਂਕਿ ਇਸ ਵਿੱਚ ਪਾਤਰਾਂ ਦੇ ਭਾਵਾਂ ਨੂੰ ਵਧੇਰੇ ਸੂਖ਼ਮ ਢੰਗ ਨਾਲ ਮੂਰਤੀਮਾਨ ਕੀਤਾ ਜਾਂਦਾ ਹੈ ਤੇ ਦਰਸ਼ਕ ਉਸ ਸੂਖ਼ਮਤਾ ਦੇ ਅਹਿਸਾਸ ਨੂੰ ਫੜ੍ਹਨ ਲਈ ਆਪਣੀ ਕਲਪਨਾ ਸ਼ਕਤੀ ਦੀ ਵਰਤੋਂ ਵਧੇਰੇ ਸੰਵੇਦਨਸ਼ੀਲਤਾ ਨਾਲ ਕਰਦੇ ਹਨ| ਅਭਿਨੇਤਾ ਦੇ ਮੂੰਹੋਂ ਨਿਕਲੇ ਕਾਵਿਕ ਵਾਰਤਾਲਾਪ ਵਿਸ਼ੇਸ਼ ਨਾਟਕੀ ਮਾਹੌਲ ਸਿਰਜਨ ਵਿੱਚ ਸਹਾਈ ਹੁੰਦੇ ਹਨ| ਵਾਰਤਕ ਸ਼ੈਲੀ ਵਿੱਚ ਲਿਖੇ ਨਾਟਕ ਨਾਲੋਂ ਇਸ ਦੀ ਮੁੱਖ ਵੱਖਰਤਾ ਇਹੋ ਹੈ ਕਿ ਕਵਿਤਾ ਦੀ ਸ਼ੈਲੀ ਵਿੱਚ ਕਹੀ ਗਈ ਸਧਾਰਨ ਗੱਲ ਵੀ ਅਸਾਧਾਰਨਤਾ ਦੇ ਗੁਣ ਨੂੰ ਗ੍ਰਹਿਣ ਕਰ ਲੈਂਦੀ ਹੈ| ਕਾਵਿ ਰੂਪ ਮਨੁੱਖੀ ਮਨ ਨੂੰ ਵਾਰਤਕ ਦੇ ਮੁਕਾਬਲੇ ਵਧੇਰੇ ਆਕਰਸ਼ਿਤ ਕਰਦਾ ਹੈ| ਕਾਵਿ ਨਾਟਕ ਆਪਣੀ ਸੰਰਚਨਾ ਦੇ ਪੱਖੋਂ ਵੀ ਵਾਰਤਕ ਸ਼ੈਲੀ ਵਿੱਚ ਲਿਖੇ ਨਾਟਕ ਨਾਲੋਂ ਵੱਖਰਾ ਹੁੰਦਾ ਹੈ| ਇਸ ਵਿੱਚ ਸੰਗੀਤ, ਪ੍ਰਤੀਕ ਅਤੇ ਬਿੰਬਾਂ ਦੀ ਵਰਤੋਂ ਵਧੇਰੇ ਮਾਤਰਾ ਵਿੱਚ ਕੀਤੀ ਜਾਂਦੀ ਹੈ| ਪੰਜਾਬੀ ਦੇ ਮੁਢਲੇ ਨਾਟਕ ਹਨੂੰਮਾਨ ਨਾਟਕ, ਪ੍ਰਬੋਧ ਚੰਦਰ ਨਾਟਕ, ਬਚਿਤਰ ਨਾਟਕ, ਰਾਜ ਪ੍ਰਬੋਧ ਨਾਟਕ ਬ੍ਰਜ ਭਾਸ਼ਾ ਵਿੱਚ ਲਿਖੇ ਗਏ ਸਨ| ਇਨ੍ਹਾਂ ਦਾ ਮਾਧਿਅਮ ਕਵਿਤਾ ਸੀ ਪਰ ਇਨ੍ਹਾਂ ਵਿੱਚ ਨਾਟਕੀ ਅੰਸ਼ਾਂ ਦੀ ਘਾਟ ਸੀ| ਵੀਹਵੀਂ ਸਦੀ ਵਿੱਚ ਲਿਖੇ ਗਏ ਪੰਜਾਬੀ ਕਾਵਿ-ਨਾਟਕਾਂ ਉੱਤੇ ਪੱਛਮੀ ਚਿੰਤਕਾਂ ਵਿਸ਼ੇਸ਼ ਤੌਰ ਤੇ ਈਲੀਅਟ ਅਤੇ ਯੇਟਸ ਦਾ ਪ੍ਰਭਾਵ ਨਜ਼ਰ ਆਉਂਦਾ ਹੈ| ਟੀ. ਐਸ. ਈਲੀਅਟ ਦਾ ਕਾਵਿ-ਨਾਟਕ ਦੀ ਪਰੰਪਰਾ ਨੂੰ ਸੁਰਜੀਤ ਕਰਨ ਵਿੱਚ ਵੱਡਾ ਯੋਗਦਾਨ ਹੈ| ਪੰਜਾਬੀ ਵਿੱਚ ਸੰਤ ਸਿੰਘ ਸੇਖੋਂ ਨੇ 1941 ਵਿੱਚ 'ਬਾਬਾ ਬੋਹੜ' ਕਾਵਿ-ਨਾਟਕ ਲਿਖ ਕੇ ਇਸ ਪਰੰਪਰਾ ਦੀ ਸ਼ੁਰੂਆਤ ਕੀਤੀ| ਸੇਖੋਂ ਨੇ ਇਸ ਨਾਟਕ ਵਿੱਚ ਸਿੱਖ ਇਤਿਹਾਸ ਨੂੰ ਲੌਕਿਕ ਛੰਦਾਂ ਰਾਹੀਂ ਪੇਸ਼ ਕੀਤਾ| ਇਸ ਪਰੰਪਰਾ ਦਾ ਅਨੁਸਰਨ ਕਰਦਿਆਂ ਕਰਤਾਰ ਸਿੰਘ ਦੁੱਗਲ ਨੇ ਇੱਕ ਸਿਫ਼ਰ ਸਿਫ਼ਰ ਇਕਾਂਗੀ ਦੀ ਰਚਨਾ ਕਵਿਤਾ ਦੇ ਮਾਧਿਅਮ ਰਾਹੀਂ ਕੀਤੀ| ਸੰਸਾਰ ਅਮਨ ਲਹਿਰ ਦੇ ਪ੍ਰਭਾਵ ਥੱਲੇ ਪੰਜਾਬ ਅਤੇ ਦਿੱਲੀ ਵਿੱਚ ਕਾਵਿ-ਨਾਟਕਾਂ ਦਾ ਪ੍ਰਦਰਸ਼ਨ ਵੱਡੇ ਪੱਧਰ 'ਤੇ ਹੋਇਆ| ਜੋਗਿੰਦਰ ਬਾਹਰਲਾ ਅਤੇ ਤੇਰਾ ਸਿੰਘ ਚੰਨ ਨੇ ਵੱਡੀ ਗਿਣਤੀ ਵਿੱਚ ਕਾਵਿ-ਨਾਟਕਾਂ ਦੀ ਰਚਨਾ ਕੀਤੀ| 'ਬਾਹਰਲਾ' ਦੇ ਹਾੜੀ ਸੌਣੀ, ਸਧਰਾਂ, ਧਰਤੀ ਦੇ ਬੋਲ, ਖੋਹੀਆਂ ਰੰਬੀਆਂ ਅਤੇ ਤੇਰਾ ਸਿੰਘ ਚੰਨ ਦੇ ਆਖਰੀ ਪੜਾਅ, ਲੱਕੜ ਦੀ ਲੱਤ, ਸਾਜ਼ਸ਼ ਅਤੇ ਨੀਲ ਦੀ ਸ਼ਹਿਜ਼ਾਦੀ ਆਦਿ ਨਾਟਕ ਅਮਨ ਕਾਨਫ਼ਰੰਸਾਂ ਦੌਰਾਨ ਖੇਡੇ ਤੇ ਸਲਾਹੇ ਗਏ| ਪੰਜਾਬੀ ਕਾਵਿ-ਨਾਟਕ ਦੇ ਵਿਕਾਸ ਦਾ ਇਹ ਦੌਰ ਵਿਸ਼ੇਸ਼ ਮਹੱਤਤਾ ਵਾਲਾ ਹੈ| ਹਰਿਭਜਨ ਸਿੰਘ ਦਾ 1957 ਵਿੱਚ ਲਿਖਿਆ ਗਿਆ ਕਾਵਿ-ਨਾਟਕ ਤਾਰ ਤੁਪਕਾ ਪ੍ਰਤੀਕਾਤਮਕ ਅਰਥਾਂ ਦਾ ਧਾਰਨੀ ਹੈ| ਇਸੇ ਪਰੰਪਰਾ ਨੂੰ ਅੱਗੇ ਤੋਰਦਿਆਂ ਗੁਰਦਿਆਲ ਸਿੰਘ ਫੁੱਲ ਨੇ ਕਲਜੁਗਿ ਰਥੁ ਅਗਨਿ ਕਾ ਤੇ ਅਮਰ ਕੋਮਲ ਨੇ ਸਾਉਣ ਮਹੀਨਾ, ਕਣਕ ਦੀ ਕਹਾਣੀ, ਜੁਗ ਚੇਤਨਾ, ਸੁਹਣਾ ਪੰਜਾਬ ਆਦਿ ਕਾਵਿ-ਨਾਟਕ ਲਿਖ ਕੇ ਇਸ ਖੇਤਰ ਵਿੱਚ ਭਰਪੂਰ ਯੋਗਦਾਨ ਦਿੱਤਾ| ਸੱਤਵੇਂ ਦਹਾਕੇ ਵਿੱਚ ਗੁਰੂ ਨਾਨਕ ਦੇਵ ਅਤੇ ਗੁਰੂ ਗੋਬਿੰਦ ਸਿੰਘ ਦੀਆਂ ਜਨਮ ਸ਼ਤਾਬਦੀਆਂ ਦੇ ਮੌਕੇ ਉੱਤੇ ਵੀ ਇਸ ਨਾਟ ਵਿਧਾ ਦਾ ਘੇਰਾ ਮੋਕਲਾ ਹੁੰਦਾ ਹੈ| ਇਸ ਸਮੇਂ ਦੀਆਂ ਵਰਨਣਯੋਗ ਕਾਵਿ-ਨਾਟ ਕ੍ਰਿਤੀਆਂ ਗੁਰਚਰਨ ਸਿੰਘ ਜਸੂਜਾ ਦੁਆਰਾ ਰਚਿਤ ਪਾਰਸ ਦੀ ਛੁਹ ਅਤੇ ਕਪੂਰ ਸਿੰਘ ਘੁੰਮਣ ਦਾ ਵਿਸਮਾਦ ਨਾਦ ਵਿਸ਼ੇਸ਼ ਮਹੱਤਤਾ ਦੀਆਂ ਲਖਾਇੱਕ ਹਨ| ਰਵਿੰਦਰ ਰਵੀ ਦਾ ਬੀਮਾਰ ਸਦੀ ਅਤੇ ਸੂਰਜ ਨਾਟਕ ਚਰਚਿਤ ਕਾਵਿ ਨਾਟਕ ਹਨ| ਸ਼ੀਲਾ ਭਾਟੀਆ ਨੇ ਵੀ ਕਾਵਿ-ਨਾਟਕ ਦੇ ਖੇਤਰ ਵਿੱਚ ਵੱਡਮੁੱਲਾ ਯੋਗਦਾਨ ਪਾਇਆ ਹੈ| ਸ਼ਿਵ ਕੁਮਾਰ ਬਟਾਲਵੀ ਦਾ ਕਾਵਿ ਨਾਟਕ ਲੂਣਾ ਪੁਰਸਕ੍ਰਿਤ ਰਚਨਾ ਹੈ ਪਰ ਇਸ ਦੀ ਸ਼ੈਲੀ ਵਿੱਚ ਨਾਟਕੀ ਅੰਸ਼ਾਂ ਨਾਲੋਂ ਸਰੋਦੀ ਤੱਤਾਂ ਦੀ ਬਹੁਲਤਾ ਹੈ| ਭਾਵਾਂ ਦੇ ਸੰਚਾਰ ਵੇਲੇ ਨਾਟਕੀ ਵਾਰਤਾਲਾਪ ਦੀ ਕਮੀ ਖਟਕਦੀ ਹੈ| ਸਲਵਾਨ ਦੀ ਪਤਨੀ ਬਣਨ ਜਾ ਰਹੀ ਲੂਣਾ ਆਪਣੇ ਮਨੋਭਾਵਾਂ ਦੀ ਤਰਜਮਾਨੀ ਸਰੋਦੀ ਗੀਤਾਂ ਰਾਹੀਂ ਕਰਦੀ ਹੈ :
ਮੈਂ ਅੱਗ ਟੁਰੀ ਪਰਦੇਸ ਨੀ ਸਈਉ ਅੱਗ ਟੁਰੀ ਪਰਦੇਸ ਇੱਕ ਛਾਤੀ ਮੇਰਾ ਹਾੜ ਤਪੰਦਾ ਦੂਜੀ ਤਪੰਦਾ ਜੇਠ ਨੀ ਮੈਂ ਅੱਗ ਟੁਰੀ ਪਰਦੇਸ (ਲੂਣਾ - ਪੰਨਾ 82)
ਉਪਰੋਕਤ ਕਾਵਿ-ਸਤਰਾਂ ਰਾਹੀਂ ਹੋਣ ਵਾਲੇ ਸੰਚਾਰ ਵਿੱਚ ਨਾਟਕੀ ਅੰਸ਼ਾਂ ਨਾਲੋਂ ਸਰੋਦੀ ਤੱਤਾਂ ਦੀ ਬਹੁਲਤਾ ਤੇ ਪੰਜਾਬੀ ਕਾਵਿ ਨਾਟਕ ਦੇ ਸਹੀ ਵਿਕਾਸ ਦੇ ਨਾ ਹੋਣ ਦਾ ਕਾਰਨ ਇਸ ਦੇ ਨਿਕਾਸ ਦਾ ਯੋਗ ਦਿਸ਼ਾ ਵਿੱਚੋਂ ਨਾ ਹੋਣਾ ਹੈ| ਮਨਜੀਤ ਪਾਲ ਕੌਰ ਇਸ ਮੱਤ ਦੀ ਧਾਰਨੀ ਹੈ,
'ਪੁਰਾਣਾ ਯੂਨਾਨੀ ਕਾਵਿ ਨਾਟ ਤੇ ਅੰਗਰੇਜ਼ੀ ਕਾਵਿ-ਨਾਟ ਦਾ ਵਿਕਾਸ ਉਹਨਾਂ ਬੋਲੀਆਂ ਤੇ ਪੂਰਬਲੇ ਸਾਹਿਤਾਂ ਵਿੱਚੋਂ ਉਪਲੱਬਧ ਹੁੰਦੇ ਕਾਵਿ-ਨਾਟਕੀ ਅੰਸ਼ਾਂ ਨੂੰ ਪ੍ਰਫ਼ੁਲੱਤ ਕਰਕੇ ਹੋਇਆ ਸੀ| ਪੰਜਾਬੀ ਕਾਵਿ ਨਾਟ ਦਾ ਵਿਕਾਸ ਇਹਨਾਂ ਅੰਸ਼ਾਂ ਨੂੰ ਅੱਖੋਂ ਉਹਲੇ ਕਰਕੇ ਹੋਇਆ ਹੈ|'' (ਕਾਵਿ ਨਾਟ, ਪੰਨਾ 163) (ਸਹਾਇਕ ਗ੍ਰੰਥ - ਹਰਚਰਨ ਸਿੰਘ : ਨਾਟਕ ਕਲਾ ਅਤੇ ਹੋਰ ਲੇਖ; ਸ਼ਿਵ ਕੁਮਾਰ ਬਟਾਲਵੀ : ਲੂਣਾ; ਮਨਜੀਤ ਪਾਲ ਕੌਰ : ਕਾਵਿ ਨਾਟ)

ਕੁਚੀ ਪੁਡੀ

Folk theatre of Andhra Pradesh

ਆਂਧਰਾ ਪ੍ਰਦੇਸ਼ ਦੇ ਵੀਥੀ ਨਾਟਕਮ ਦੀ ਤਰ੍ਹਾਂ ਕੁਚੀ ਪੁਡੀ ਵੀ ਉਥੋਂ ਦਾ ਇੱਕ ਨ੍ਰਿਤ ਨਾਟ ਹੈ| ਬ੍ਰਾਹਮਣ ਜਾਤੀ ਦੇ ਇਸ ਨ੍ਰਿਤ ਨਾਟ ਦਾ ਸੰਬੰਧ ਆਂਧਰਾ ਪ੍ਰਦੇਸ਼ ਦੇ ਇੱਕ ਪਿੰਡ ਕੁਚੀ ਪੁਡੀ ਦੇ ਨਾਂ ਨਾਲ ਜੁੜਿਆ ਹੋਇਆ ਹੈ| ਤੀਰਥ ਨਰਾਇਣ ਯੋਗੀ ਤੇ ਸਿਧੇਂਦ੍ਰ ਯੋਗੀ ਦਾ ਇਸ ਲੋਕ ਨਾਟ ਰੂਪ ਨੂੰ ਵਿਕਸਿਤ ਕਰਨ ਵਿੱਚ ਵਿਸ਼ੇਸ਼ ਰੋਲ ਹੈ| ਇਸ ਕਲਾ ਰੂਪ ਉੱਤੇ ਭਗਤੀ ਧਾਰਾ ਦਾ ਪ੍ਰਭਾਵ ਸਪਸ਼ਟ ਰੂਪ ਵਿੱਚ ਨਜ਼ਰ ਆਉਂਦਾ ਹੈ| ਇਸ ਨ੍ਰਿਤ ਨਾਟ ਦਾ ਜ਼ਿਕਰ ਪੰਦਰਵੀਂ ਸਦੀ ਵਿੱਚ ਰਚੇ ਗਏ 'ਕੁਚੀ ਪੁਡੀ ਕਿਆਪਤ' ਗ੍ਰੰਥ ਵਿੱਚੋਂ ਮਿਲਦਾ ਹੈ| ਇਹ ਨ੍ਰਿਤ-ਨਾਟ ਰਾਤ ਵੇਲੇ ਖੁਲ੍ਹੇ ਅਕਾਸ਼ ਥੱਲੇ ਖੇਡਿਆ ਜਾਂਦਾ ਹੈ| ਪਹਿਲਾਂ ਇਸ ਦੇ ਵਿਸ਼ੇ ਕ੍ਰਿਸ਼ਨ ਅਤੇ ਸ਼ਿਵ ਦੀਆਂ ਕਥਾਵਾਂ ਨਾਲ ਸੰਬੰਧਤ ਹੁੰਦੇ ਸਨ ਫ਼ੇਰ ਭਾਗਵਤ ਪੁਰਾਣ ਦੀਆਂ ਕਥਾਵਾਂ ਉੱਤੇ ਆਧਾਰਤ ਵੀ ਇਹ ਲੋਕ-ਨਾਟ ਖੇਡੇ ਜਾਣ ਲੱਗੇ| ਕੁਚੀਪੁਡੀ ਨੂੰ ਪੂਰਨ ਨ੍ਰਿਤ ਨਾਟ ਕਿਹਾ ਜਾਂਦਾ ਹੈ ਕਿਉਂਕਿ ਇਸ ਵਿੱਚ ਭਰਤਮੁਨੀ ਦੇ ਕਾਵਿ ਸ਼ਾਸਤਰ ਅਨੁਸਾਰ ਤਿੰਨ ਤਰ੍ਹਾਂ ਦੇ ਨ੍ਰਿਤਾਂ ਦੇ ਸਾਰੇ ਤੱਤ ਮੌਜੂਦ ਹਨ| ਇਸ ਦੇ ਖੇਡੇ ਜਾਣ ਤੋਂ ਪੂਰਵ ਕਈ ਤਰ੍ਹਾਂ ਦੀਆਂ ਰਸਮਾਂ ਕੀਤੇ ਜਾਣ ਦਾ ਪ੍ਰਚਲਨ ਹੈ| ਮੰਚ ਦੀ ਸ਼ੁਧਤਾ ਲਈ ਜਲ ਦਾ ਛਿੱਟਾ ਦਿੱਤਾ ਜਾਂਦਾ ਹੈ| ਫ਼ੇਰ ਆਰਤੀ ਕੀਤੀ ਜਾਂਦੀ ਹੈ| ਨਾਟਕ ਦੀ ਸ਼ੁਰੂਆਤ ਬਾਰੇ ਸੂਤਰਧਾਰ ਸਭ ਨੂੰ ਸੂਚਨਾ ਦੇਂਦਾ ਹੈ| ਨਾਟਕ ਦੇ ਵਿਸ਼ੇ ਬਾਰੇ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ| ਨਾਟਕ ਵਿੱਚ ਹਿੱਸਾ ਲੈਣ ਵਾਲੇ ਕਲਾਕਾਰ ਬ੍ਰਾਹਮਣ ਜਾਤੀ ਨਾਲ ਸੰਬੰਧ ਰੱਖਣ ਵਾਲੇ ਮਰਦ ਹੀ ਹੁੰਦੇ ਸਨ| ਔਰਤਾਂ ਦੀ ਭੂਮਿਕਾ ਮਰਦ ਪਾਤਰਾਂ ਵਲੋਂ ਨਿਭਾਈ ਜਾਂਦੀ ਹੈ| ਮੰਚ ਨੂੰ ਰੋਸ਼ਨ ਕਰਨ ਲਈ ਦੀਵੇ ਬਾਲ ਕੇ ਰੱਖੇ ਜਾਂਦੇ ਹਨ| ਇਸ ਨ੍ਰਿਤ ਨਾਟ ਨੂੰ ਖੇਡਣ ਵਾਲੇ ਕਲਾਕਾਰ ਨ੍ਰਿਤ ਕਲਾ ਅਤੇ ਅਭਿਨੈ ਕਲਾ ਵਿੱਚ ਮਾਹਿਰ ਹੁੰਦੇ ਹਨ ਅਦਾਕਾਰੀ ਦੀ ਇਸ ਪ੍ਰਬੀਨਤਾ ਸਦਕਾ ਹੀ ਉਹ ਦਰਸ਼ਕਾਂ ਨੂੰ ਆਪਣੀ ਕਲਾ ਰਾਹੀਂ ਪ੍ਰਭਾਵਤ ਕਰਦੇ ਹਨ| ਪਾਤਰਾਂ ਦਾ ਪਹਿਰਾਵਾ ਬੜਾ ਸਾਦਗੀ ਵਾਲਾ ਹੁੰਦਾ ਹੈ| ਮਰਦ ਅਭਿਨੇਤਾ ਧੋਤੀ ਕੁੜਤਾ ਜਾਂ ਜੈਕਟ ਪਾTਂਦੇ ਹਨ| ਲੱਕੜ ਦੇ ਹਲਕੇ ਗਹਿਣਿਆਂ ਦੀ ਵਰਤੋਂ ਕੀਤੀ ਜਾਂਦੀ ਹੈ| ਔਰਤਾਂ ਰਵਾਇਤੀ ਕਿਸਮ ਦੇ ਗਹਿਣੇ ਪਾਉਂਦੀਆਂ ਹਨ| ਸਿਰ ਤੇ ਪਾਉਣ ਲਈ ਗਕੁੜੀ ਤੇ ਬਾਂਹ ਉੱਤੇ ਪਾਉਣ ਲਈ ਚੰਦਰੇ ਵਾਂਕੀ ਗਹਿਣਿਆਂ ਦੀ ਵਰਤੋਂ ਕੀਤੀ ਜਾਂਦੀ ਹੈ| ਇਸ ਨ੍ਰਿਤ ਨਾਟ ਵਿੱਚ ਕਰਨਾਟਕ ਦੇ ਕਲਾਸੀਕਲ ਸੰਗੀਤ ਦਾ ਪ੍ਰਯੋਗ ਕੀਤਾ ਜਾਂਦਾ ਹੈ| ਨਾਟਕ ਦੇ ਅਦਾਕਾਰ ਗਾਉਣ ਦੀ ਕਲਾ ਵਿੱਚ ਵੀ ਮਾਹਿਰ ਹੁੰਦੇ ਹਨ ਇਸ ਲਈ ਨ੍ਰਿਤ ਨਾਟ ਦੇ ਦੌਰਾਨ ਜਿੱਥੇ ਲੋੜ ਪਵੇ, ਗਾਇਕ ਦੀ ਭੂਮਿਕਾ ਵੀ ਨਿਭਾ ਲੈਂਦੇ ਹਨ| ਇਸ ਨਾਟ ਦੀ ਬਕਾਇਦਾ ਸਿਖਲਾਈ ਦਿੱਤੀ ਜਾਂਦੀ ਹੈ ਜਿਸ ਦਾ ਮਕਸਦ ਅਦਾਕਾਰਾਂ ਨੂੰ ਨ੍ਰਿਤ ਤੇ ਨਾਟ ਦਾ ਸਹੀ ਸੁਮੇਲ ਸਿਖਾਉਣਾ ਹੁੰਦਾ ਹੈ ਅਰਥਾਤ ਨ੍ਰਿਤ, ਅਦਾਕਾਰੀ ਅਤੇ ਰਸ ਦੇ ਸੰਚਾਰ ਰਾਹੀਂ ਦਰਸ਼ਕ ਇਸ ਕਲਾ ਦਾ ਅਨੰਦ ਪਾਣ ਸਕਣ| ਨ੍ਰਿਤ ਨਾਟਾਂ ਵਿੱਚੋਂ ਇਸ ਦੀ ਪਛਾਣ ਅਤੇ ਨੁਹਾਰ ਵੱਖਰੀ ਹੀ ਦਿਸਦੀ ਹੈ| (ਸਹਾਇਕ ਗ੍ਰੰਥ - ਖੋਜ ਪਤ੍ਰਿਕਾ ਲੋਕ ਨਾਟ ਸ਼ੈਲੀਆਂ ਵਿਸ਼ੇਸ਼ ਅੰਕ; ਬਲਵੰਤ ਗਾਗਰੀ : ਲੋਕ ਨਾਟਕ)

ਕੁਰਾਵੰਜੀ

Folk theatre of Tamilnadu

ਕੁਰਾਵੰਜੀ ਤਾਮਿਲਨਾਡੂ ਦੇ ਲੋਕ ਨਾਟਕ ਦੀ ਇੱਕ ਕਿਸਮ ਹੈ| ਇਸ ਦੀ ਪੇਸ਼ਕਾਰੀ ਨ੍ਰਿਤ ਰਾਹੀਂ ਕੀਤੀ ਜਾਂਦੀ ਹੈ ਇਸੇ ਲਈ ਇਸ ਨੂੰ ਨ੍ਰਿਤ ਨਾਟ ਸ਼੍ਰੇਣੀ ਦੇ ਅੰਤਰਗਤ ਰੱਖਿਆ ਜਾਂਦਾ ਹੈ| ਗਾਰਗੀ ਨੇ ਆਪਣੀ ਪੁਸਤਕ ਲੋਕ ਨਾਟਕ ਵਿੱਚ ਇਸ ਦਾ ਜ਼ਿਕਰ ਕੀਤਾ ਹੈ| ਕੁਰਾ ਦਾ ਅਰਥ ਟੱਪਰੀਵਾਸ ਔਰਤ ਤੋਂ ਲਿਆ ਜਾਂਦਾ ਹੈ| ਇਸ ਨਾਟਕ ਦਾ ਪ੍ਰਦਰਸ਼ਨ ਕੇਵਲ ਔਰਤ ਪਾਤਰਾਂ ਦੁਆਰਾ ਕੀਤਾ ਜਾਂਦਾ ਹੈ| ਚਾਰ ਤੋਂ ਅੱਠ ਔਰਤ ਅਭਿਨੇਤਰੀਆਂ ਇਸ ਨਾਟਕ ਦੀ ਪੇਸ਼ਕਾਰੀ ਵਿੱਚ ਭਾਗ ਲੈਂਦੀਆਂ ਹਨ| ਨਾਟਕ ਦੀ ਨਾਇਕਾ ਆਪਣੇ ਪਿਆਰੇ ਦੇ ਵਿਯੋਗ ਵਿੱਚ ਬੇਚੈਨ ਨਜ਼ਰ ਆਉਂਦੀ ਹੈ| ਨਾਇਕਾ ਦੀ ਸਹੇਲੀ ਉਸ ਨੂੰ ਆਪਣੇ ਪ੍ਰੇਮੀ ਨੂੰ ਮਨਾਉਣ ਦੀਆਂ ਜੁਗਤਾਂ ਸਿਖਾਉਂਦੀ ਹੈ| ਪੂਰੇ ਨ੍ਰਿਤ ਨਾਟ ਵਿੱਚ ਨਾਇਕ ਮੰਚ ਉੱਤੇ ਨਜ਼ਰ ਨਹੀਂ ਆਉਂਦਾ| ਇਸ ਨਾਟਕ ਵਿੱਚ ਨਾਇਕ ਦੀ ਹੈਸੀਅਤ ਰਾਜੇ ਜਾਂ ਦੇਵਤਾ ਦੀ ਹੁੰਦੀ ਹੈ| ਇਹ ਨਾਟਕ ਆਪਣੇ ਵਿਸ਼ੇ ਅਤੇ ਬਣਤਰ ਪੱਖੋਂ ਲੋਕ ਨਾਟਕ ਦੀ ਵੰਨਗੀ ਦੇ ਅੰਤਰਗਤ ਆਉਂਦਾ ਹੈ ਪਰ ਇਸ ਦਾ ਸੰਗੀਤ ਅਤੇ ਨ੍ਰਿਤ ਸ਼ਾਸਤਰੀ ਵਿਧੀ ਦੇ ਅਨੁਰੂਪ ਹੁੰਦਾ ਹੈ| ਤਾਮਿਲਨਾਡੂ ਦੇ ਲੋਕਾਂ ਦਾ ਇਹ ਬੜਾ ਹਰਮਨ ਪਿਆਰਾ ਨ੍ਰਿਤ ਨਾਟ ਹੈ| ਦਰਸ਼ਕ ਬੜੇ ਚਾਅ ਤੇ ਉਤਸ਼ਾਹ ਨਾਲ ਇਸ ਨ੍ਰਿਤ ਨਾਟ ਦਾ ਆਨੰਦ ਮਾਣਦੇ ਹਨ| (ਸਹਾਇਕ ਗ੍ਰੰਥ - ਬਲਵੰਤ ਗਾਰਗੀ : ਲੋਕ ਨਾਟਕ)

ਕੇਂਦਰੀ ਪਾਤਰ

Protagonist

ਆਂਧਰਾ ਪ੍ਰਦੇਸ਼ ਦੇ ਵੀਥੀ ਨਾਟਕਮ ਦੀ ਤਰ੍ਹਾਂ ਕੁਚੀ ਪੁਡੀ ਵੀ ਉਥੋਂ ਦਾ ਇੱਕ ਨ੍ਰਿਤ ਨਾਟ ਹੈ| ਬ੍ਰਾਹਮਣ ਜਾਤੀ ਦੇ ਇਸ ਨ੍ਰਿਤ ਨਾਟ ਦਾ ਸੰਬੰਧ ਆਂਧਰਾ ਪ੍ਰਦੇਸ਼ ਦੇ ਇੱਕ ਪਿੰਡ ਕੁਚੀ ਪੁਡੀ ਦੇ ਨਾਂ ਨਾਲ ਜੁੜਿਆ ਹੋਇਆ ਹੈ| ਤੀਰਥ ਨਰਾਇਣ ਯੋਗੀ ਤੇ ਸਿਧੇਂਦ੍ਰ ਯੋਗੀ ਦਾ ਇਸ ਲੋਕ ਨਾਟ ਰੂਪ ਨੂੰ ਵਿਕਸਿਤ ਕਰਨ ਵਿੱਚ ਵਿਸ਼ੇਸ਼ ਰੋਲ ਹੈ| ਇਸ ਕਲਾ ਰੂਪ ਉੱਤੇ ਭਗਤੀ ਧਾਰਾ ਦਾ ਪ੍ਰਭਾਵ ਸਪਸ਼ਟ ਰੂਪ ਵਿੱਚ ਨਜ਼ਰ ਆਉਂਦਾ ਹੈ| ਇਸ ਨ੍ਰਿਤ ਨਾਟ ਦਾ ਜ਼ਿਕਰ ਪੰਦਰਵੀਂ ਸਦੀ ਵਿੱਚ ਰਚੇ ਗਏ 'ਕੁਚੀ ਪੁਡੀ ਕਿਆਪਤ' ਗ੍ਰੰਥ ਵਿੱਚੋਂ ਮਿਲਦਾ ਹੈ| ਇਹ ਨ੍ਰਿਤ-ਨਾਟ ਰਾਤ ਵੇਲੇ ਖੁਲ੍ਹੇ ਅਕਾਸ਼ ਥੱਲੇ ਖੇਡਿਆ ਜਾਂਦਾ ਹੈ| ਪਹਿਲਾਂ ਇਸ ਦੇ ਵਿਸ਼ੇ ਕ੍ਰਿਸ਼ਨ ਅਤੇ ਸ਼ਿਵ ਦੀਆਂ ਕਥਾਵਾਂ ਨਾਲ ਸੰਬੰਧਤ ਹੁੰਦੇ ਸਨ ਫ਼ੇਰ ਭਾਗਵਤ ਪੁਰਾਣ ਦੀਆਂ ਕਥਾਵਾਂ ਉੱਤੇ ਆਧਾਰਤ ਵੀ ਇਹ ਲੋਕ-ਨਾਟ ਖੇਡੇ ਜਾਣ ਲੱਗੇ| ਕੁਚੀਪੁਡੀ ਨੂੰ ਪੂਰਨ ਨ੍ਰਿਤ ਨਾਟ ਕਿਹਾ ਜਾਂਦਾ ਹੈ ਕਿਉਂਕਿ ਇਸ ਵਿੱਚ ਭਰਤਮੁਨੀ ਦੇ ਕਾਵਿ ਸ਼ਾਸਤਰ ਅਨੁਸਾਰ ਤਿੰਨ ਤਰ੍ਹਾਂ ਦੇ ਨ੍ਰਿਤਾਂ ਦੇ ਸਾਰੇ ਤੱਤ ਮੌਜੂਦ ਹਨ| ਇਸ ਦੇ ਖੇਡੇ ਜਾਣ ਤੋਂ ਪੂਰਵ ਕਈ ਤਰ੍ਹਾਂ ਦੀਆਂ ਰਸਮਾਂ ਕੀਤੇ ਜਾਣ ਦਾ ਪ੍ਰਚਲਨ ਹੈ| ਮੰਚ ਦੀ ਸ਼ੁਧਤਾ ਲਈ ਜਲ ਦਾ ਛਿੱਟਾ ਦਿੱਤਾ ਜਾਂਦਾ ਹੈ| ਫ਼ੇਰ ਆਰਤੀ ਕੀਤੀ ਜਾਂਦੀ ਹੈ| ਨਾਟਕ ਦੀ ਸ਼ੁਰੂਆਤ ਬਾਰੇ ਸੂਤਰਧਾਰ ਸਭ ਨੂੰ ਸੂਚਨਾ ਦੇਂਦਾ ਹੈ| ਨਾਟਕ ਦੇ ਵਿਸ਼ੇ ਬਾਰੇ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ| ਨਾਟਕ ਵਿੱਚ ਹਿੱਸਾ ਲੈਣ ਵਾਲੇ ਕਲਾਕਾਰ ਬ੍ਰਾਹਮਣ ਜਾਤੀ ਨਾਲ ਸੰਬੰਧ ਰੱਖਣ ਵਾਲੇ ਮਰਦ ਹੀ ਹੁੰਦੇ ਸਨ| ਔਰਤਾਂ ਦੀ ਭੂਮਿਕਾ ਮਰਦ ਪਾਤਰਾਂ ਵਲੋਂ ਨਿਭਾਈ ਜਾਂਦੀ ਹੈ| ਮੰਚ ਨੂੰ ਰੋਸ਼ਨ ਕਰਨ ਲਈ ਦੀਵੇ ਬਾਲ ਕੇ ਰੱਖੇ ਜਾਂਦੇ ਹਨ| ਇਸ ਨ੍ਰਿਤ ਨਾਟ ਨੂੰ ਖੇਡਣ ਵਾਲੇ ਕਲਾਕਾਰ ਨ੍ਰਿਤ ਕਲਾ ਅਤੇ ਅਭਿਨੈ ਕਲਾ ਵਿੱਚ ਮਾਹਿਰ ਹੁੰਦੇ ਹਨ ਅਦਾਕਾਰੀ ਦੀ ਇਸ ਪ੍ਰਬੀਨਤਾ ਸਦਕਾ ਹੀ ਉਹ ਦਰਸ਼ਕਾਂ ਨੂੰ ਆਪਣੀ ਕਲਾ ਰਾਹੀਂ ਪ੍ਰਭਾਵਤ ਕਰਦੇ ਹਨ| ਪਾਤਰਾਂ ਦਾ ਪਹਿਰਾਵਾ ਬੜਾ ਸਾਦਗੀ ਵਾਲਾ ਹੁੰਦਾ ਹੈ| ਮਰਦ ਅਭਿਨੇਤਾ ਧੋਤੀ ਕੁੜਤਾ ਜਾਂ ਜੈਕਟ ਪਾTਂਦੇ ਹਨ| ਲੱਕੜ ਦੇ ਹਲਕੇ ਗਹਿਣਿਆਂ ਦੀ ਵਰਤੋਂ ਕੀਤੀ ਜਾਂਦੀ ਹੈ| ਔਰਤਾਂ ਰਵਾਇਤੀ ਕਿਸਮ ਦੇ ਗਹਿਣੇ ਪਾਉਂਦੀਆਂ ਹਨ| ਸਿਰ ਤੇ ਪਾਉਣ ਲਈ ਗਕੁੜੀ ਤੇ ਬਾਂਹ ਉੱਤੇ ਪਾਉਣ ਲਈ ਚੰਦਰੇ ਵਾਂਕੀ ਗਹਿਣਿਆਂ ਦੀ ਵਰਤੋਂ ਕੀਤੀ ਜਾਂਦੀ ਹੈ| ਇਸ ਨ੍ਰਿਤ ਨਾਟ ਵਿੱਚ ਕਰਨਾਟਕ ਦੇ ਕਲਾਸੀਕਲ ਸੰਗੀਤ ਦਾ ਪ੍ਰਯੋਗ ਕੀਤਾ ਜਾਂਦਾ ਹੈ| ਨਾਟਕ ਦੇ ਅਦਾਕਾਰ ਗਾਉਣ ਦੀ ਕਲਾ ਵਿੱਚ ਵੀ ਮਾਹਿਰ ਹੁੰਦੇ ਹਨ ਇਸ ਲਈ ਨ੍ਰਿਤ ਨਾਟ ਦੇ ਦੌਰਾਨ ਜਿੱਥੇ ਲੋੜ ਪਵੇ, ਗਾਇਕ ਦੀ ਭੂਮਿਕਾ ਵੀ ਨਿਭਾ ਲੈਂਦੇ ਹਨ| ਇਸ ਨਾਟ ਦੀ ਬਕਾਇਦਾ ਸਿਖਲਾਈ ਦਿੱਤੀ ਜਾਂਦੀ ਹੈ ਜਿਸ ਦਾ ਮਕਸਦ ਅਦਾਕਾਰਾਂ ਨੂੰ ਨ੍ਰਿਤ ਤੇ ਨਾਟ ਦਾ ਸਹੀ ਸੁਮੇਲ ਸਿਖਾਉਣਾ ਹੁੰਦਾ ਹੈ ਅਰਥਾਤ ਨ੍ਰਿਤ, ਅਦਾਕਾਰੀ ਅਤੇ ਰਸ ਦੇ ਸੰਚਾਰ ਰਾਹੀਂ ਦਰਸ਼ਕ ਇਸ ਕਲਾ ਦਾ ਅਨੰਦ ਪਾਣ ਸਕਣ| ਨ੍ਰਿਤ ਨਾਟਾਂ ਵਿੱਚੋਂ ਇਸ ਦੀ ਪਛਾਣ ਅਤੇ ਨੁਹਾਰ ਵੱਖਰੀ ਹੀ ਦਿਸਦੀ ਹੈ| (ਸਹਾਇਕ ਗ੍ਰੰਥ - ਖੋਜ ਪਤ੍ਰਿਕਾ ਲੋਕ ਨਾਟ ਸ਼ੈਲੀਆਂ ਵਿਸ਼ੇਸ਼ ਅੰਕ; ਬਲਵੰਤ ਗਾਗਰੀ : ਲੋਕ ਨਾਟਕ) 55| ਕੁਰਾਵੰਜੀ (Folk theatre of Tamilnadu) : - ਕੁਰਾਵੰਜੀ ਤਾਮਿਲਨਾਡੂ ਦੇ ਲੋਕ ਨਾਟਕ ਦੀ ਇੱਕ ਕਿਸਮ ਹੈ| ਇਸ ਦੀ ਪੇਸ਼ਕਾਰੀ ਨ੍ਰਿਤ ਰਾਹੀਂ ਕੀਤੀ ਜਾਂਦੀ ਹੈ ਇਸੇ ਲਈ ਇਸ ਨੂੰ ਨ੍ਰਿਤ ਨਾਟ ਸ਼੍ਰੇਣੀ ਦੇ ਅੰਤਰਗਤ ਰੱਖਿਆ ਜਾਂਦਾ ਹੈ| ਗਾਰਗੀ ਨੇ ਆਪਣੀ ਪੁਸਤਕ ਲੋਕ ਨਾਟਕ ਵਿੱਚ ਇਸ ਦਾ ਜ਼ਿਕਰ ਕੀਤਾ ਹੈ| ਕੁਰਾ ਦਾ ਅਰਥ ਟੱਪਰੀਵਾਸ ਔਰਤ ਤੋਂ ਲਿਆ ਜਾਂਦਾ ਹੈ| ਇਸ ਨਾਟਕ ਦਾ ਪ੍ਰਦਰਸ਼ਨ ਕੇਵਲ ਔਰਤ ਪਾਤਰਾਂ ਦੁਆਰਾ ਕੀਤਾ ਜਾਂਦਾ ਹੈ| ਚਾਰ ਤੋਂ ਅੱਠ ਔਰਤ ਅਭਿਨੇਤਰੀਆਂ ਇਸ ਨਾਟਕ ਦੀ ਪੇਸ਼ਕਾਰੀ ਵਿੱਚ ਭਾਗ ਲੈਂਦੀਆਂ ਹਨ| ਨਾਟਕ ਦੀ ਨਾਇਕਾ ਆਪਣੇ ਪਿਆਰੇ ਦੇ ਵਿਯੋਗ ਵਿੱਚ ਬੇਚੈਨ ਨਜ਼ਰ ਆਉਂਦੀ ਹੈ| ਨਾਇਕਾ ਦੀ ਸਹੇਲੀ ਉਸ ਨੂੰ ਆਪਣੇ ਪ੍ਰੇਮੀ ਨੂੰ ਮਨਾਉਣ ਦੀਆਂ ਜੁਗਤਾਂ ਸਿਖਾਉਂਦੀ ਹੈ| ਪੂਰੇ ਨ੍ਰਿਤ ਨਾਟ ਵਿੱਚ ਨਾਇਕ ਮੰਚ ਉੱਤੇ ਨਜ਼ਰ ਨਹੀਂ ਆਉਂਦਾ| ਇਸ ਨਾਟਕ ਵਿੱਚ ਨਾਇਕ ਦੀ ਹੈਸੀਅਤ ਰਾਜੇ ਜਾਂ ਦੇਵਤਾ ਦੀ ਹੁੰਦੀ ਹੈ| ਇਹ ਨਾਟਕ ਆਪਣੇ ਵਿਸ਼ੇ ਅਤੇ ਬਣਤਰ ਪੱਖੋਂ ਲੋਕ ਨਾਟਕ ਦੀ ਵੰਨਗੀ ਦੇ ਅੰਤਰਗਤ ਆਉਂਦਾ ਹੈ ਪਰ ਇਸ ਦਾ ਸੰਗੀਤ ਅਤੇ ਨ੍ਰਿਤ ਸ਼ਾਸਤਰੀ ਵਿਧੀ ਦੇ ਅਨੁਰੂਪ ਹੁੰਦਾ ਹੈ| ਤਾਮਿਲਨਾਡੂ ਦੇ ਲੋਕਾਂ ਦਾ ਇਹ ਬੜਾ ਹਰਮਨ ਪਿਆਰਾ ਨ੍ਰਿਤ ਨਾਟ ਹੈ| ਦਰਸ਼ਕ ਬੜੇ ਚਾਅ ਤੇ ਉਤਸ਼ਾਹ ਨਾਲ ਇਸ ਨ੍ਰਿਤ ਨਾਟ ਦਾ ਆਨੰਦ ਮਾਣਦੇ ਹਨ| (ਸਹਾਇਕ ਗ੍ਰੰਥ - ਬਲਵੰਤ ਗਾਰਗੀ : ਲੋਕ ਨਾਟਕ)

ਕੋਰਸ

Chorus

ਕੋਰਸ ਦਾ ਸੰਬੰਧ ਯੂਨਾਨੀ ਨਾਟ ਪਰੰਪਰਾ ਨਾਲ ਜੁੜਿਆ ਹੋਇਆ ਹੈ| ਯੂਨਾਨੀ ਨਾਟਕ ਵਿੱਚ ਕੋਰਸ ਦੀ ਵਿਸ਼ੇਸ਼ ਸਾਰਥਕਤਾ ਸੀ| ਮੁਢਲੇ ਰੂਪ ਵਿੱਚ ਯੂਨਾਨੀ ਨਾਟਕ ਇੱਕ ਤਰ੍ਹਾਂ ਨਾਲ ਕੋਰਸ ਗੀਤ ਹੀ ਸੀ| ਕੋਰਸ ਦੇ ਗੀਤ ਵਿੱਚੋਂ ਕੁਝ ਭਾਗ ਅਜਿਹਾ ਹੁੰਦਾ ਸੀ ਜਿਸ ਦਾ ਅਭਿਨੈ ਕੀਤਾ ਜਾਂਦਾ ਸੀ| ਦੂਜੇ ਅਰਥਾਂ ਵਿੱਚ ਕੋਰਸ, ਯੂਨਾਨੀ ਨਾਟਕ ਵਿੱਚ ਇੱਕ ਜੁਗਤ ਦੇ ਤੌਰ 'ਤੇ ਨਹੀਂ ਵਰਤਿਆ ਜਾਂਦਾ ਸੀ| ਯੂਨਾਨ ਦੀ ਪ੍ਰਾਚੀਨ ਪਰੰਪਰਾ ਵਿੱਚ, ਕੋਰਸ ਅਜਿਹੇ ਲੋਕਾਂ ਦੇ ਇੱਕੱਠ ਨੂੰ ਕਿਹਾ ਜਾਂਦਾ ਸੀ ਜਿਹੜਾ ਧਾਰਮਕ ਉਤਸਵਾਂ 'ਤੇ ਨ੍ਰਿਤ ਕਲਾਵਾਂ ਦੇ ਪ੍ਰਦਰਸ਼ਨ ਵੇਲੇ ਮੁਖੌਟੇ ਪਾ ਕੇ ਗੀਤਾਂ ਦਾ ਉਚਾਰਨ ਕਰਦਾ ਸੀ| ਗਰੀਕ ਟਰੈਜਡੀ ਵਿੱਚ ਵੀ ਕੋਰਸ ਦੀ ਅਜਿਹੀ ਹੀ ਭੂਮਿਕਾ ਰਹੀ ਹੈ| ਯੂਨਾਨ ਦੇ ਨਾਟਕਕਾਰ ਐਸਕਾਈਲਸ ਅਤੇ ਸੋਫ਼ੋਕਲੀਜ਼ ਦੇ ਨਾਟਕਾਂ ਵਿੱਚ ਕੋਰਸ ਦੀ ਸਥਿਤੀ ਨਾਟਕੀ ਸਥਿਤੀਆਂ ਅਤੇ ਘਟਨਾਵਾਂ ਉੱਤੇ ਟਿੱਪਣੀ ਕਰਨ ਦੀ ਰਹੀ ਹੈ ਜਦ ਕਿ ਯੂਰੀਪੀਡੀਜ਼ ਦੇ ਨਾਟਕਾਂ ਵਿੱਚ ਕੋਰਸ ਦਾ ਕਾਰਜ ਸਰੋਦੀ ਤੱਤ ਪੈਦਾ ਕਰਨ ਨਾਲ ਸੰਬੰਧਤ ਰਿਹਾ ਹੈ| ਰੋਮ ਦੇ ਨਾਟਕਕਾਰਾਂ ਨੇ ਵੀ ਵਿਸ਼ੇਸ਼ ਤੌਰ 'ਤੇ Seneca (ਸੈਨੇਕਾ) ਨੇ ਯੂਨਾਨੀ ਪਰੰਪਰਾ ਤੋਂ ਪ੍ਰਭਾਵਤ ਹੋ ਕੇ ਕੋਰਸ ਦੀ ਵਰਤੋਂ ਆਪਣੇ ਨਾਟਕਾਂ ਵਿੱਚ ਕੀਤੀ ਸੀ| ਸੋਲਵੀਂ ਸਦੀ ਵਿੱਚ ਅੰਗਰੇਜ਼ੀ ਨਾਟਕਕਾਰਾਂ ਨੇ ਵੀ ਸੈਨੇਕਾ ਦੀ ਕੋਰਸ ਜੁਗਤ ਨੂੰ ਅਪਣਾਇਆ| ਇਸੇ ਪਰੰਪਰਾ ਦਾ ਅਨੁਸਰਨ ਕਰਦਿਆਂ ਜੌਨ ਮਿਲਟਨ, ਸ਼ੈਲੇ , ਥਾਮਸ ਹਾਰਡੀ ਅਤੇ ਵੀਹਵੀਂ ਸਦੀ ਵਿੱਚ ਟੀ.ਐਸ. ਇਲੀਅਟ ਨੇ murder in the Cathedral ਵਿੱਚ ਕਲਾਸੀਕਲ ਕੋਰਸ ਦੀ ਬੜੀ ਭਾਵਪੂਰਤ ਵਰਤੋਂ ਕੀਤੀ| ਗੀਤ ਅਤੇ ਨ੍ਰਿਤ ਦੇ ਅਜਿਹੇ ਕੋਰਸ ਦੀ ਵਰਤੋਂ ਓਪੇਰਾ ਵਿੱਚ ਵੀ ਨਜ਼ਰ ਆਉਂਦੀ ਹੈ| ਐਲਿਜ਼ਾਬੇਥਨ ਯੁੱਗ ਵਿੱਚ ਕੋਰਸ ਇੱਕ ਪਾਤਰ ਤੱਕ ਸੀਮਤ ਹੋ ਕੇ ਰਹਿ ਗਿਆ ਜਿਸਦਾ ਕੰਮ ਨਾਟਕ ਦੇ ਅਰੰਭ ਵਿੱਚ ਮੰਗਲਾਚਰਨ/ਪ੍ਰਸਤਾਵਨਾ ਦੇ ਤੌਰ ਤੇ ਭੂਮਿਕਾ ਨਿਭਾਉਣਾ ਹੁੰਦਾ ਸੀ ਜਾਂ ਨਾਟਕ ਦੇ ਅਖ਼ੀਰ ਤੇ ਉਪ ਸੰਹਾਰ ਦੇ ਤੌਰ ਤੇ ਕਾਵਿ- ਬੰਦ ਦੀ ਸਿਰਜਨਾ ਕਰਨਾ ਹੁੰਦਾ ਸੀ| ਅਜੋਕੇ ਸਮੇਂ ਵਿੱਚ ਕੋਰਸ ਲਈ ਕੋਰਲ ਕਰੈਕਟਰ ਅਰਥਾਤ ਸਮੂਹਗਾਨ ਦੀ ਵਰਤੋਂ ਕੀਤੀ ਜਾਂਦੀ ਹੈ| ਨਾਟਕ ਦਾ ਅਜਿਹਾ ਪਾਤਰ ਨਾਟਕੀ ਕਾਰਜ ਤੋਂ ਵੱਖ ਹੋ ਕੇ ਨਾਟਕੀ ਸਥਿਤੀਆਂ ਉੱਤੇ ਟਿੱਪਣੀ ਕਰਦਾ ਹੈ| ਅਜਿਹੀਆਂ ਟਿੱਪਣੀਆਂ ਦਰਸ਼ਕ ਲਈ ਸੋਚਣ ਦਾ ਇੱਕ ਵਿਸ਼ੇਸ਼ ਪਰਿਪੇਖ ਸਿਰਜਦੀਆਂ ਹਨ ਜਿਸ ਸਦਕਾ ਉਹ ਦੂਜੇ ਪਾਤਰਾਂ ਅਤੇ ਘਟਨਾਵਾਂ ਬਾਰੇ ਆਪਣੀ ਧਾਰਨਾ ਬਣਾਉਂਦਾ ਹੈ| ਪੰਜਾਬੀ ਨਾਟਕ ਵਿੱਚ ਪਿੱਠ ਭੂਮੀ 'ਚੋਂ ਉਭਰਦੇ ਗੀਤਾਂ ਲਈ ਕੋਰਸ ਪਦ ਦੀ ਵਰਤੋਂ ਕੀਤੀ ਜਾਂਦੀ ਹੈ| ਪਾਲੀ ਭੁਪਿੰਦਰ ਪੰਜਾਬੀ ਨਾਟਕ ਵਿੱਚ ਕੋਰਸ ਦੀ ਵਰਤੋਂ ਦੇ ਸਹੀ ਸੰਦਰਭ ਲਈ ਕੇਵਲ ਦੋ ਨਾਟਕਾਂ ਦੀ ਪ੍ਰੋੜਤਾ ਕਰਦਾ ਹੈ| ਤਰਸੇਮ ਨੀਲਗਿਰੀ ਦਾ ਛੜਿਆਂ ਦਾ ਗੀਤ ਅਤੇ ਗੁਰਚਰਨ ਸਿੰਘ ਜਸੂਜਾ ਦਾ ਜੰਗਲ ਨਾਟਕ | ਇਨ੍ਹਾਂ ਦੋਨਾਂ ਨਾਟਕਾਂ ਵਿੱਚ ਕੋਰਸ, ਪਾਤਰ ਹੋਣ ਦੇ ਨਾਲ-ਨਾਲ ਨਾ ਕੇਵਲ ਮੰਚ ਸਮੱਗਰੀ ਦਾ ਹਿੱਸਾ ਹਨ ਸਗੋਂ ਸਥਿਤੀਆਂ ਉੱਤੇ ਵਿਅੰਗ ਅਤੇ ਭਾਵਪੂਰਤ ਟਿੱਪਣੀਆਂ ਕਰਕੇ ਨਾਟਕੀ ਅਰਥਾਂ ਨੂੰ ਗਹਿਗਈ ਵੀ ਪ੍ਰਦਾਨ ਕਰਦੇ ਹਨ| ਨੀਲਗਿਰੀ ਦੇ ਨਾਟਕ ਵਿੱਚ ਤਾਂ ਛੜੇ ਹੀ ਕੋਰਸ ਹਨ| ਇਉਂ ਕੋਰਸ ਦਾ ਦੁੱਖ ਹੀ ਸਾਰੇ ਨਾਟਕ ਦਾ ਦੁੱਖ ਬਣ ਗਿਆ ਹੈ| ਪੰਜਾਬੀ ਨਾਟਕਕਾਰਾਂ ਨੇ ਆਪੋ ਆਪਣੀਆਂ ਵਿਹਾਰਕ ਲੋੜਾਂ ਅਨੁਸਾਰ ਇਸ ਵਿਧੀ ਨੂੰ ਢਾਲ ਲਿਆ ਹੈ| ਕਿਧਰੇ ਇਹ ਦਰਸ਼ਕਾਂ ਅਤੇ ਪਾਤਰਾਂ ਦਰਮਿਆਨ ਇੱਕ ਪੁਲ ਦਾ ਕੰਮ ਕਰਦਾ ਹੈ ਤੇ ਕਿਤੇ ਇਹ ਪਾਤਰਾਂ ਨੂੰ ਵੀ ਮੁਖਾਤਬ ਹੁੰਦਾ ਹੈ ਅਤੇ ਦਰਸ਼ਕਾਂ ਨੂੰ ਵੀ| ਇਹਦੀ ਵਰਤੋਂ ਨਾਟਕੀ ਘਟਨਾਵਾਂ ਅਤੇ ਪਾਤਰਾਂ ਉੱਤੇ ਟਿੱਪਣੀ ਕਰਨ ਲਈ ਵੀ ਕੀਤੀ ਜਾਂਦੀ ਹੈ| ਕੋਰਸ ਦੀ ਭੂਮਿਕਾ ਸੂਤਰਧਾਰ ਦੇ ਰੋਲ ਨਾਲ ਮਿਲਦੀ ਜੁਲਦੀ ਹੁੰਦੀ ਹੈ| ਕਪੂਰ ਸਿੰਘ ਘੁੰਮਣ ਦੇ ਨਾਟਕ ਵਿਸਮਾਦ ਨਾਦ ਵਿਚਲਾ ਕੋਰਸ ਵਿਸਮਾਦੀ ਪ੍ਰਭਾਵ ਪੈਦਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ| ਨਾਟਕ ਦੇ ਅਰੰਭ ਵਿਚਲਾ ਕੋਰਸ ਵਿਸਮਾਦੀ ਵਾਤਾਵਰਨ ਸਿਰਜਦਾ ਹੈ :
ਵਿਸਮਾਦੁ ਨਾਦ ਵਿਸਮਾਦੁ ਵੇਦ ਵਿਸਮਾਦੁ ਜੀਅ ਵਿਸਮਾਦੁ ਭੇਦ --------
ਇਸ ਨਾਟਕ ਦਾ ਅੰਤ ਵੀ ਕੋਰਸ ਰਾਹੀਂ ਹੁੰਦਾ ਹੈ| ਨਾਟਕ ਵਿਚਲਾ ਕੋਰਸ ਗੁਰੂ ਨਾਨਕ ਦੀ ਹੋਂਦ ਦਾ ਪ੍ਰਭਾਵ ਵੀ ਸਿਰਜਦਾ ਹੈ| ਇਸੇ ਤਰ੍ਹਾਂ ਕੋਰਸ ਰਾਹੀਂ ਬੁਰੇ ਕਿਰਦਾਰ ਵਾਲੇ ਪਾਤਰਾਂ ਨੂੰ ਸਹੀ ਜੀਵਨ ਸੇਧ ਵੀ ਦਿਤੀ ਗਈ ਹੈ| ਪੰਜਾਬੀ ਨਾਟਕ ਵਿੱਚ ਕੋਰਸ ਦੀ ਵਰਤੋਂ ਜਿੱਥੇ ਭਾਵਾਂ ਦੀ ਤੀਬਰਤਾ ਨੂੰ ਉਸਾਰਨ ਲਈ ਕੀਤੀ ਗਈ ਹੈ ਉੱਥੇ ਦ੍ਰਿਸ਼ ਬਦਲੀ ਲਈ ਵੀ ਕੋਰਸ ਦੀ ਵਰਤੋਂ ਸਫ਼ਲਤਾ ਪੂਰਬਕ ਢੰਗ ਨਾਲ ਕੀਤੀ ਗਈ ਹੈ| ਥੀਏਟਰ ਦੀ ਭਾਸ਼ਾ ਨੂੰ ਬਾਰੀਕੀ ਨਾਲ ਸਮਝਣ ਵਾਲਾ ਨਾਟਕਕਾਰ ਆਤਮਜੀਤ ਕੋਰਸ ਦੀ ਵਰਤੋਂ ਰਾਹੀਂ ਨਾਟਕੀ ਟੈਕਸਟ ਨੂੰ ਬਹੁਪਰਤੀ ਬਣਾਕੇ ਵਿਸ਼ਾਲਤਾ ਪ੍ਰਦਾਨ ਕਰਦਾ ਹੈ| ਔਰਤ ਦੀ ਹੋਂਦ ਅਤੇ ਹੋਣੀ ਬਾਰੇ ਸੰਵਾਦ ਰਚਾਉਣ ਵਾਲਾ ਆਤਮਜੀਤ ਦਾ ਨਾਟਕ ''ਮੈਂ ਤਾਂ ਇੱਕ ਸਾਰੰਗੀ ਹਾਂ'' ਵਿਚਲਾ ਕੋਰਸ ਇਸ ਨਾਟਕ ਦੀ ਅਹਿਮ ਵਿਲੱਖਣਤਾ ਸਿੱਧ ਹੁੰਦਾ ਹੈ, ''ਮੈਂ ਤਾਂ ਇੱਕ ਸਾਰੰਗੀ ਹਾਂ| ਨਜ਼ਰਾਂ ਦੇ ਜਿੰਨੇ ਵੀ ਸ਼ੀਸ਼ੇ ਓਨੇ ਰੰਗਾਂ ਵਿੱਚ ਰੰਗੀ ਹਾਂ'' ਕੋਰਸ ਦਾ ਪੂਰੇ ਨਾਟਕ ਵਿੱਚ ਪੁਨਰ ਦੁਹਰਾਓ ਭਾਰਤੀ ਸਮਾਜ ਵਿੱਚ ਨਾਰੀ ਵੇਦਨਾ ਨੂੰ ਸਸ਼ਕਤ ਰੂਪ ਵਿੱਚ ਉਭਾਰਦਾ ਪ੍ਰਤੀਤ ਹੁੰਦਾ ਹੈ| ਪਾਲੀ ਭੁਪਿੰਦਰ ਦੇ ਨਾਟਕ ਮੈਂ ਭਗਤ ਸਿੰਘ ਵਿਚਲਾ ਕੋਰਸ ਨਾਟਕੀ ਥੀਮ ਨੂੰ ਵੱਡਆਕਾਰੀ ਸੰਦਰਭ ਪ੍ਰਦਾਨ ਕਰਨ ਵਿੱਚ ਸਮਰੱਥ ਸਿੱਧ ਹੁੰਦਾ ਹੈ| ਨਿਮਨ ਵਰਗ ਦੇ ਲੋਕਾਂ ਦੀਆਂ ਦਬੀਆਂ ਘੁਟੀਆਂ ਭਾਵਨਾਵਾਂ ਨੂੰ ਜ਼ਬਾਨ ਪ੍ਰਦਾਨ ਕਰਨ ਅਤੇ ਨਾਟਕੀ ਦ੍ਰਿਸ਼ ਨੂੰ ਅਰਥ ਦੇਣ ਵਿੱਚ ਨਾਟਕੀ ਕੋਰਸ ਦੀ ਭੂਮਿਕਾ ਅਹਿਮ ਸਿੱਧ ਹੁੰਦੀ ਹੈ| ਦਰਸ਼ਕ ਵਰਗ ਕੋਰਸ ਦੇ ਇਨ੍ਹਾਂ ਬੋਲਾਂ ਰਾਹੀਂ ਸਮੱਸਿਆ ਦੇ ਅਹਿਮ ਸਰੋਕਾਰਾਂ ਤੱਕ ਪਹੁੰਚ ਜਾਂਦਾ ਹੈ :
ਕੋਰਸ ਪਿੰਡ ਦੀ ਕਹਾਣੀ, ਇੱਕ ਪਿੰਡ ਦੀ ਕਹਾਣੀ, ------------------------- ਮਿਹਨਤਕਸ਼ ਨੇ ਲੋਕ ਇੱਥੋਂ ਦੇ, ਮਿਹਨਤ ਹੀ ਹੈ ਜ਼ਿੰਦਗੀ ਦਸਾਂ ਨਹੁੰਆਂ ਦੀ ਕਿਰਤ ਕਰਨੀ, ਇਹੀ ਇਨ੍ਹਾਂ ਦੀ ਬੰਦਗੀ ਸੂਰਜ ਚੜ੍ਹਦਾ ਤੇ ਡਿਗ ਜਾਂਦਾ ਜੀਵਨ ਚੱਕਰ ਚਲਦਾ ਰਹਿੰਦਾ ਸਾਰਾ ਜੀਵਨ ਇਉਂ ਲੰਘ ਜਾਂਦਾ, ਜਿਉਂ ਦਰਿਆ ਦੇ ਪਾਣੀ ---------------------------------- ਰਾਤ ਪਈ ਤੇ ਥੱਕ ਸੌਂ ਜਾਂਦੇ ਨੀਂਦ ਦੇ ਜੰਗਲ ਵਿੱਚ ਖੋ ਜਾਂਦੇ ਥੱਕੀਆਂ ਬਾਹਾਂ ਦਾ ਕਰਕੇ ਸਿਰ੍ਹਾਣਾ ਸੁਪਨੇ ਸੰਗ ਸੁਪਨੇ ਹੋ ਜਾਂਦੇ (ਪੰਨਾ : 8-9)
ਸਵਰਾਜਬੀਰ ਦੇ ਨਾਟਕ ਕ੍ਰਿਸ਼ਨ ਦੇ ਗਿਆਰਵੇਂ ਦ੍ਰਿਸ਼ ਵਿੱਚ ਜਰਾ ਦੀ ਅਗਵਾਈ ਵਿੱਚ ਵਣਵਾਸੀਆਂ ਦੀ ਕ੍ਰਿਸ਼ਨ ਦੀ ਸੱਤਾ ਪ੍ਰਤੀ ਬਗਾਵਤ, ਸਮਾਜ ਦੇ ਨਿਮਨ ਵਰਗ ਵਿੱਚ ਆ ਰਹੀ ਉਸ ਵਿਦਰੋਹੀ ਚੇਤਨਾ ਵੱਲ ਸੰਕੇਤ ਕਰਦੀ ਹੈ ਜਿੱਥੇ ਉਹ ਹਾਕਮ ਵਰਗ ਦੀਆਂ ਬੇਇਨਸਾਫ਼ੀਆਂ ਨੂੰ ਸਹਿਣ ਲਈ ਹਰਗਿਜ਼ ਤਿਆਰ ਨਹੀਂ| ਅਜਿਹੀ ਚੇਤਨਾ ਨੂੰ ਨਾਟਕਕਾਰ ਨੇ ਕੋਰਸ ਦੀ ਵਿਧੀ ਰਾਹੀਂ ਹੋਰ ਵਧੇਰੇ ਪ੍ਰਜਵਲਿਤ ਕਰ ਦਿੱਤਾ ਹੈ :
ਆਓ ਵੀਰੋ, ਆਓ ਸਾਥੀਓ, ਲੜਨ ਮਰਨ ਦਾ ਵੇਲਾ ਏ ਜਿਤਣਾ ਹੈ ਇਹ ਯੁੱਧ ਆਖਰੀ, ਜੂਝ ਮਰਨ ਦਾ ਵੇਲਾ ਏ ਬਦਲਾ ਲੈਣਾ ਹੈ ਜੰਗ ਦਾ, ਸੌਂਹ ਜੰਗਲ ਦੀ ਖਾਂਦੇ ਹਾਂ ਰਣ ਭੂਮੀ ਨੂੰ ਜਾਂਦੇ ਹਾਂ----------------
ਪੰਜਾਬੀ ਨਾਟਕਕਾਰਾਂ ਨੇ ਕੋਰਸ ਦੀ ਵਰਤੋਂ ਸਥਿਤੀਆਂ ਉੱਤੇ ਵਿਅੰਗ ਕਰਨ, ਵਾਤਾਵਰਣ ਦੀ ਸਿਰਜਨਾ ਕਰਨ, ਨਾਟਕੀ ਥੀਮ ਨੂੰ ਵਿਸ਼ਾਲਤਾ ਪ੍ਰਦਾਨ ਕਰਨ, ਦ੍ਰਿਸ਼ ਬਦਲੀ ਕਰਨ ਅਤੇ ਭਾਵਾਂ ਦੀ ਤੀਬਰਤਾ ਨੂੰ ਪ੍ਰਚੰਡਤਾ ਪ੍ਰਦਾਨ ਕਰਨ ਲਈ ਕੀਤੀ ਹੈ|
(ਸਹਾਇਕ ਗ੍ਰੰਥ - ਆਦਿਯ ਰੰਗਾਚਾਰੀਆ : ਭਾਰਤੀ ਰੰਗਮੰਚ; ਸਵਰਾਜਬੀਰ : ਕ੍ਰਿਸ਼ਨ; ਸੁਰਜੀਤ ਸਿੰਘ ਸੇਠੀ : ਨਾਟਕ ਕਲਾ; ਕਪੂਰ ਸਿੰਘ ਘੁੰਮਣ : ਵਿਸਮਾਦੁ ਨਾਦ; ਪਾਲੀ ਭੁਪਿੰਦਰ ਸਿੰਘ : ਮੈਂ ਭਗਤ ਸਿੰਘ)

ਕੋਰੇਗਸ

Choregus

ਯੂਨਾਨੀ ਨਾਟਕ ਵਿੱਚ ਕੋਰਸ/ਸਮੂਹਗਾਨ ਦੀ ਮਹੱਤਤਾ ਬੜੀ ਅਹਿਮ ਹੁੰਦੀ ਸੀ| ਕੋਰਸ ਦਾ ਮੁੱਖ ਕੰਮ ਨਾਟਕ ਦੇ ਕਾਰਜ ਨੂੰ ਅੱਗੇ ਤੋਰਨਾ ਤੇ ਨਾਟਕ ਦੀ ਵਿਆਖਿਆ ਕਰਨਾ ਹੁੰਦਾ ਸੀ| ਨਾਟ ਚਿੰਤਕ ਇਸ ਮੱਤ ਦੇ ਧਾਰਨੀ ਹਨ ਕਿ ਯੂਨਾਨੀ ਥੀਏਟਰ ਵਿੱਚ ਨਾਟ-ਨਿਰਦੇਸ਼ਕ ਦੀ ਭੂਮਿਕਾ ਕੋਰੇਗਸ ਨਿਭਾਉਂਦਾ ਸੀ| ਇਸ ਦਾ ਕੰਮ ਕੋਰਸ ਦੀ ਸਿਖਲਾਈ ਦੇਣਾ ਹੁੰਦਾ ਸੀ| ਕੋਰਸ ਦੇ ਕਲਾਕਾਰਾਂ ਨੂੰ ਮੰਚ ਉੱਤੇ ਤੁਰਨ ਫ਼ਿਰਨ, ਉਨ੍ਹਾਂ ਦੀਆਂ ਚੇਸ਼ਟਾਵਾਂ, ਮੁਦਰਾਵਾਂ ਤੇ ਸੰਕੇਤਾਂ ਵਿੱਚ ਇਕਸਾਰਤਾ ਦਾ ਪ੍ਰਭਾਵ ਪੈਦਾ ਕਰਨ ਦੀ ਜ਼ਿੰਮੇਵਾਰੀ ਕੋਰੇਗਸ ਨਿਭਾਉਂਦਾ ਸੀ| ਸੁਰਜੀਤ ਸਿੰਘ ਸੇਠੀ ਆਪਣੀ ਪੁਸਤਕ ਸਿਰਜਨਾਤਮਿਕ ਨਾਟਕ-ਨਿਰਦੇਸ਼ਨ ਵਿੱਚ ਕੋਰੇਗਸ ਦੀ ਭੂਮਿਕਾ ਨੂੰ ਇਉਂ ਉਜਾਗਰ ਕਰਦਾ ਹੈ,
'ਉਹ ਸਟਰਾਫੀ(Strophe) ਤੇ ਐਂਟੀ ਸਟਰਾਫੀ ਵਿਚਲੇ ਵਸਤੂ ਦੀ ਵਿਆਖਿਆ ਕਰਦਾ ਸੀ| ਸਟਰਾਫੀ ਤੇ ਐਂਟੀ ਸਟਰਾਫੀ ਅਸੀਂ ਉਨ੍ਹਾਂ ਸਤਰਾਂ ਨੂੰ ਕਹਿੰਦੇ ਹਾਂ ਜੋ ਕੋਰਸ ਦੇ ਸੱਜੇ ਤੋਂ ਖੱਬੇ ਪਾਸੇ ਵੱਲ ਚਲਣ ਸਮੇਂ ਉਚਾਰਣ ਕੀਤੀਆਂ ਜਾਂਦੀਆਂ ਹਨ`-(ਪੰਨਾ 6)|
ਮੰਚ ਉੱਤੇ ਅਦਾਕਾਰਾਂ ਦੇ ਉਚਾਰੇ ਬੋਲਾਂ ਦੀ ਵਿਆਖਿਆ ਕਰਨਾ ਦਰਸ਼ਕਾਂ ਅਤੇ ਅਦਾਕਾਰਾਂ ਨੂੰ ਆਪਸ ਵਿੱਚ ਜੋੜੇ ਰੱਖਣ ਵਿੱਚ ਵੀ ਕੋਰੇਗਸ ਦਾ ਰੋਲ ਅਹਿਮ ਹੁੰਦਾ ਸੀ| ਦ੍ਰਿਸ਼ ਨਿਰਮਾਣ ਕਰਨ, ਪਾਤਰਾਂ ਦੇ ਪਹਿਰਾਵੇ ਅਤੇ ਹਾਰ-ਸ਼ਿੰਗਾਰ ਕਰਨ ਦੀ ਜ਼ਿੰਮੇਵਾਰੀ ਵੀ ਕੋਰੇਗਸ ਦੀ ਹੁੰਦੀ ਸੀ| ਪਾਤਰਾਂ ਦੀ ਚੋਣ ਕਰਨ ਵਿੱਚ ਬਕਾਇਦਾ ਕੋਰੇਗਸ ਦੀ ਸਲਾਹ ਲਈ ਜਾਂਦੀ ਸੀ| ਵਿਸ਼ੇਸ਼ ਤੌਰ 'ਤੇ ਮਰਦ ਪਾਤਰਾਂ ਨੂੰ ਟਰੇਨਿੰਗ ਦੇਣ ਦਾ ਕੰਮ ਕੋਰੇਗਸ ਦੇ ਸਪੁਰਦ ਕੀਤਾ ਜਾਂਦਾ ਸੀ| ਨਵੇਂ ਨਾਟਕ ਦੀ ਪੇਸ਼ਕਾਰੀ ਵੇਲੇ ਯੂਨਾਨ ਵਿੱਚ ਟਰੰਪੈਟ ਵਜਾਉਣ ਦੀ ਰਵਾਇਤ ਸੀ| ਟਰਪੰਟ ਦੀ ਧੁਨ ਬਣਾਉਣ ਦਾ ਕੰਮ ਵੀ ਕੋਰੇਗਸ ਦਾ ਹੁੰਦਾ ਸੀ| ਕਾਵਿਕ ਬੋਲਾਂ ਦੇ ਉਚਾਰਨ ਰਾਹੀਂ ਕਿਸੇ ਵੀ ਕਿਸਮ ਦੇ ਦ੍ਰਿਸ਼ ਸਿਰਜਣਾ ਦਾ ਦਰਸ਼ਕਾਂ ਨੂੰ ਅਹਿਸਾਸ ਕਰਾਉਣ 'ਤੇ ਉਸ ਤਰ੍ਹਾਂ ਦੇ ਮਾਨਸਿਕ ਵਾਤਾਵਰਨ ਵਿੱਚ ਪੁਚਾਉਣ ਦੀ ਕਲਾ ਵਿੱਚ ਕੋਰੇਗਸ ਨੂੰ ਪ੍ਰਵੀਨਤਾ ਹਾਸਲ ਹੁੰਦੀ ਸੀ| ਖੁਸ਼ੀ ਅਤੇ ਉਦਾਸੀ ਦੇ ਭਾਵਾਂ ਦਾ ਨਿਰੂਪਣ, ਨ੍ਰਿਤ ਦੀ ਕਲਾ ਰਾਹੀਂ ਅਜਿਹੀ ਕਲਾਤਮਕਤਾ ਨਾਲ ਕੀਤਾ ਜਾਂਦਾ ਸੀ ਕਿ ਦਰਸ਼ਕ ਭਾਸ਼ਾਈ ਸੰਚਾਰ ਤੋਂ ਬਿਨਾਂ ਹੀ ਅਹਿਸਾਸ ਦੀ ਤੀਬਰਤਾ ਦਾ ਅਨੁਭਵ ਕਰਨ ਵਿੱਚ ਸਮਰੱਥ ਹੋ ਜਾਂਦੇ ਸਨ| ਦਰਸ਼ਕਾਂ ਦੇ ਮੂਡ ਦੀ ਸਿਰਜਨਾ ਕਰਨ ਵਿੱਚ ਕੋਰੇਗਸ ਨੂੰ ਵਿਸ਼ੇਸ਼ ਮੁਹਾਰਤ ਹਾਸਲ ਹੁੰਦੀ ਸੀ| ਚਿਹਰੇ ਦੇ ਹਾਵਾਂ ਭਾਵਾਂ ਨਾਲੋਂ ਪਾਤਰਾਂ ਦੀ ਹਿਲਜੁਲ ਦਰਸ਼ਕਾਂ ਤੱਕ ਭਾਵਪੂਰਤ ਅਰਥਾਂ ਦੀ ਸਿਰਜਨਾ ਕਰਦੀ ਸੀ| ਇਸ ਪ੍ਰਕਿਰਿਆ ਨੂੰ Pentomimic Dramatisation ਕਿਹਾ ਜਾਂਦਾ ਹੈ| ਅਜਿਹੀ ਪ੍ਰਕਿਰਿਆ ਵਿੱਚ ਭਾਸ਼ਾਈ ਸੰਚਾਰ ਨਾਲੋਂ ਵਧੇਰੇ ਮਹੱਤਵ ਅਦਾਕਾਰਾਂ ਦੀਆਂ ਸਰੀਰਕ ਮੂਵਮੈਂਟਸ ਦਾ ਹੁੰਦਾ ਹੈ| ਨਾਟਕੀ ਪ੍ਰਸਤੁਤੀ ਵੇਲੇ ਉਪਰੋਕਤ ਕਾਰਜ ਕੋਰੇਗਸ ਦੁਆਰਾ ਨਿਭਾਏ ਜਾਂਦੇ ਸਨ| ਇਹ ਇੱਕ ਤਰ੍ਹਾਂ ਦਾ ਨਾਟਕ ਨਿਰਦੇਸ਼ਕ ਅਤੇ ਕੋਰੀਓਗ੍ਰਾਫ਼ਰ ਹੁੰਦਾ ਸੀ| (ਸਹਾਇਕ ਗ੍ਰੰਥ : - ਸੁਰਜੀਤ ਸਿੰਘ ਸੇਠੀ : ਸਿਰਜਨਾਤਮਿਕ ਨਾਟਕ ਨਿਰਦੇਸ਼ਨ)

ਕੋਲੋਕਿਆਲਿਜ਼ਮ

Colloquialism

ਕੋਲੋਕਿਆਲਿਜ਼ਮ ਤੋਂ ਭਾਵ ਬੋਲਚਾਲ ਦੀ ਬੋਲੀ ਤੋਂ ਹੈ| ਇਸ ਜੁਗਤ ਰਾਹੀਂ ਨਾਟਕਕਾਰ ਯਥਾਰਥ ਦਾ ਪ੍ਰਭਾਵ ਸਿਰਜਣ ਦੀ ਕੋਸ਼ਿਸ਼ ਕਰਦਾ ਹੈ| ਅਜਿਹੇ ਨਾਟਕ ਵਿੱਚ ਪਾਤਰਾਂ ਦੀ ਗੱਲਬਾਤ ਦਾ ਅੰਦਾਜ਼ਾ ਆਮ ਬੋਲਚਾਲ ਦੀ ਭਾਸ਼ਾ ਵਾਲਾ ਹੁੰਦਾ ਹੈ| ਇਸ ਨਾਟਕ ਦੀ ਭਾਸ਼ਾ ਕਿਸੇ ਵਿਸ਼ੇਸ਼ ਇਲਾਕੇ ਦੇ ਉਪਭਾਸ਼ਾਈ ਮੁਹਾਵਰੇ ਦੀ ਪ੍ਰਤੀਨਿਧਤਾ ਕਰਨ ਵਾਲੀ ਹੁੰਦੀ ਹੈ| ਵਿਆਕਰਣਕ ਨਿਯਮਾਂ ਦੀ ਅਣਹੋਂਦ ਵਿੱਚ ਪਾਤਰਾਂ ਦੇ ਮੂੰਹੋਂ ਉਚਾਰੀ ਗਈ ਆਪ ਮੁਹਾਰੀ ਭਾਸ਼ਾ ਲੋਕਾਂ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਦੀ ਹੈ| ਕਿਸੇ ਵੀ ਸਮਾਜ ਸਭਿਆਚਾਰਕ ਸਥਿਤੀਆਂ ਦੇ ਅਨੁਕੂਲ ਸਿਰਜੀ ਗਈ ਅਜਿਹੀ ਭਾਸ਼ਾ ਨਾਟਕੀ ਪਾਤਰਾਂ ਦੇ ਜੀਵਨ ਦੀ ਯਥਾਰਥਕ ਪੇਸ਼ਕਾਰੀ ਕਰਨ ਵਿੱਚ ਯੋਗ ਸਿੱਧ ਹੁੰਦੀ ਹੈ| ਵਾਰਤਾਲਾਪ ਅਤੇ ਭਾਸ਼ਾ ਸ਼ੈਲੀ ਦੋਵੇਂ ਪੱਧਰਾਂ 'ਤੇ ਨਾਟਕਕਾਰ ਇਸ ਦੀ ਵਰਤੋਂ ਕਰਕੇ ਨਾਟਕ ਵਿੱਚ ਆਂਚਲਿਕਤਾ ਦੀ ਰੰਗਣ ਪੈਦਾ ਕਰਦਾ ਹੈ| ਪੰਜਾਬੀ ਵਿੱਚ ਅਜਮੇਰ ਔਲਖ, ਬਲਵੰਤ ਗਾਰਗੀ ਅਜਿਹੀ ਜੁਗਤ ਦੀ ਕਾਰਗਰ ਵਰਤੋਂ ਕਰਨ ਵਿੱਚ ਪ੍ਰਬੀਨ ਨਾਟਕਕਾਰ ਹਨ| ਬਲਵੰਤ ਗਾਰਗੀ ਦੇ ਨਾਟਕ ਕਣਕ ਦੀ ਬੱਲੀ ਵਿੱਚ ਤਾਬਾਂ, ਝੰਡੂ ਅਤੇ ਮੱਘਰ ਦੀ ਬੋਲੀ ਵਿੱਚ ਮਲਵਈ ਮੁਹਾਵਰਾ ਨਜ਼ਰ ਆਉਂਦਾ ਹੈ|
ਤਾਬਾਂ : ਵੇ ਕੁੱਤਿਆ, ਤੂੰ ਕੀ ਕਰਨਾ ਐ ਕਲੀਆਂ ਦਾ ? ਹੁਣ ਤਾਂ ਕੋਈ ਪੰਡਿਤ ਲੈ ਕੇ ਆਉਂਦਾ ਜਾਂ ਮਾਲੀ| ਤੂੰ ਭਿੱਟ ਦਿਤਾ| ਹੁਣ ਕਿਸ ਕੰਮ? ਇੱਕੇ ਟੰਗਾਂ ਨਾ ਮਾਰਦਾ ਫ਼ਿਰ| ਜਾਹ! ਝੰਡੂ........... ਇਹ ਫਫੇਕੁੱਟਣੀ ਕੋਈ ਕਾਰਾ ਕਰ ਕੇ ਹਟੂ| ਮੇਰੀ ਖੱਬੀ ਅੱਖ ਫ਼ੜਕਦੀ ਐ.......... ਮੈਂ ਜਾਵਾਂ ਨਹੀਂ ਤਾਂ ਖੌਂਸੜੇ ਪੈਣਗੇ| ਔਹ ਜਾਂਦੈ ਨਰਾਇਣਾ ਬੰਦੂਕ ਚੁੱਕੀ| ਮੱਘਰ: ਤੂੰ ਕੌਣ ਹੁੰਦੈ ਵਿੱਚ ਬੋਲਣ ਵਾਲਾ ? ਆਪਣੀ ਤੀਵੀਂ ਨਾਲ ਗੱਲ ਕਰ ਰਿਹਾਂ| (ਬਲਵੰਤ ਗਾਰਗੀ ਦੇ ਨਾਟਕ ਪੰਨਾ 173-174) (ਸਹਾਇਕ ਗ੍ਰੰਥ - ਬਲਵੰਤ ਗਾਰਗੀ : ਬਲਵੰਤ ਗਾਗਰੀ ਦੇ ਨਾਟਕ)

ਖ਼ਲਨਾਇਕ / ਪ੍ਰਤੀਨਾਇਕ

Villian

ਨਾਇਕ ਦੇ ਵਿਰੋਧੀ ਪਾਤਰ ਨੂੰ ਪ੍ਰਤੀਨਾਇਕ ਜਾਂ ਖ਼ਲਨਾਇਕ ਕਿਹਾ ਜਾਂਦਾ ਹੈ| ਅਜਿਹਾ ਪਾਤਰ ਨਾਇਕ ਦੀਆਂ ਇਛਾਵਾਂ ਦਾ ਵਿਰੋਧ ਕਰਦਾ ਹੈ| ਉਸਦਾ ਹਰ ਕਾਰਜ ਨਾਇਕ ਦੇ ਵਿਚਾਰਾਂ ਦੇ ਵਿਪਰੀਤ ਵਾਪਰਦਾ ਹੈ| ਦੋਨਾਂ ਪਾਤਰਾਂ ਦੀ ਅਜਿਹੀ ਵਿਰੋਧਤਾ ਕਾਰਨ ਹੀ ਨਾਟਕ ਵਿੱਚ ਟੱਕਰ ਪੈਦਾ ਹੁੰਦੀ ਹੈ ਜਿਸ ਨਾਲ ਨਾਟਕ ਵਿੱਚ ਗਤੀਸ਼ੀਲਤਾ ਦਾ ਅੰਸ਼ ਭਰਦਾ ਹੈ| ਅਜਿਹਾ ਪਾਤਰ ਆਪਣੇ ਭੈੜੇ ਕਿਰਦਾਰ ਕਾਰਨ ਪਾਠਕਾਂ/ਦਰਸ਼ਕਾਂ ਦੀ ਨਿੰਦਿਆ ਦਾ ਪਾਤਰ ਬਣਦਾ ਹੈ| ਦੁਸ਼ਟ ਕਰਮਾਂ ਤੇ ਘਟੀਆ ਸੋਚ ਕਾਰਨ ਪੂਰੇ ਨਾਟਕ ਵਿੱਚ ਇਹ ਪਾਤਰ ਬਦੀ ਦਾ ਕਿਰਦਾਰ ਬਣ ਕੇ ਉਭਰਦਾ ਹੈ| ਕਈ ਨਾਟਕਕਾਰ ਅਜਿਹੇ ਪਾਤਰ ਨੂੰ ਨਿੰਦਿਆ ਦੀ ਦ੍ਰਿਸ਼ਟੀ ਤੋਂ ਨਹੀਂ ਚਿਤਰਦੇ ਸਗੋਂ ਉਸਦੇ ਦੋਖੀ ਕਿਰਦਾਰ ਦੀ ਵਜ੍ਹਾ ਵਿਵਸਥਾ ਨਾਲ ਜੋੜ ਕੇ ਪੇਸ਼ ਕਰਦੇ ਹਨ| ਅਜਿਹੇ ਨਾਟਕਾਂ ਵਿੱਚ ਪਾਤਰ ਨੇਕੀ ਜਾਂ ਬਦੀ ਦਾ ਪ੍ਰਤੀਕ ਬਣ ਕੇ ਪੇਸ਼ ਨਹੀਂ ਹੁੰਦੇ|
ਚਰਨਦਾਸ ਸਿੱਧੂ ਆਪਣੇ ਨਾਟਕਾਂ ਵਿੱਚ ਪਾਤਰਾਂ ਨੂੰ ਨਾਇਕ ਅਤੇ ਖਲਨਾਇਕ ਧਿਰਾਂ ਵਿੱਚ ਵੰਡ ਦੇ ਪੇਸ਼ ਕਰਦਾ ਹੈ ਜਿੱਥੇ ਉੁਹਦੇ ਨਾਇਕ ਪਾਤਰ ਸ਼ਰਾਫਤ, ਭਲਮਾਨਸੀ, ਤਿਆਗ ਅਤੇ ਬਲੀਦਾਨ ਦੀ ਮੂਰਤ ਬਣ ਕੇ ਪੇਸ਼ ਹੁੰਦੇ ਹਨ ਉੱਥੇ ਖਲਨਾਇਕ ਜਾਂ ਪ੍ਰਤੀਨਾਇਕ ਪਾਤਰ ਬੜੇ ਸ਼ੋਸ਼ਣੀ, ਦਮਨਕਾਰੀ, ਜ਼ਾਲਮ ਅਤੇ ਘਿਨਾਉਣੇ ਕਿਰਦਾਰ ਦੇ ਰੂਪ ਵਿੱਚ ਨਜ਼ਰ ਆਉਂਦੇ ਹਨ| ਉਹ ਨਾਇਕ ਪਾਤਰ ਪ੍ਰਤੀ ਹਮਦਰਦੀ ਅਤੇ ਪ੍ਰਤੀਨਾਇਕ ਪ੍ਰਤੀ ਦਰਸ਼ਕਾਂ ਦੇ ਮਨਾਂ ਵਿੱਚ ਨਫ਼ਰਤ ਪੈਦਾ ਕਰਦਾ ਹੈ| ਮਸਤ ਮੇਘੋਵਾਲੀਆ ਨਾਟਕ ਵਿੱਚ ਚੌਧਰੀ ਬਲਬੀਰ ਸਿੰਘ ਪ੍ਰਤੀਨਾਇਕ ਪਾਤਰ ਹੈ ਜਿਸ ਦਾ ਕੰਮ ਠੇਕੇਦਾਰ ਨਾਲ ਮਿਲ ਕੇ ਔਰਤਾਂ ਦੇ ਉਧਾਲੇ, ਬਲਾਤਕਾਰ ਤੇ ਕਤਲ ਕਰਨਾ ਹੈ| ਪਹਿਲਾਂ ਉਹ ਮਸਤ ਦੀ ਮਾਂ ਦਾ ਕਤਲ ਕਰਦਾ ਹੈ ਫੇਰ ਜਗਦੰਬਾ ਨਾਲ ਜ਼ਬਰ ਜਨਾਹ ਕਰਕੇ ਉਸਨੂੰ ਨਹਿਰ ਵਿੱਚ ਸੁੱਟ ਦੇਂਦਾ ਹੈ ਅਖੀਰ ਵਿੱਚ ਮਸਤ ਨੂੰ ਵੀ ਗੋਲੀ ਮਾਰ ਦੇਂਦਾ ਹੈ| ਬਹੁਤੇ ਨਾਟਕਕਾਰ ਪਾਤਰਾਂ ਦੀ ਵੰਡ ਇਸ ਦ੍ਰਿਸ਼ਟੀਕੋਣ ਤੋਂ ਨਹੀਂ ਕਰਦੇ|


logo