logo
भारतवाणी
bharatavani  
logo
Knowledge through Indian Languages
Bharatavani

Punjabi Encyclopaedic Dictionary of Theatre (Punjabi-English)

ਪ੍ਰਕ੍ਰਿਤੀ ਵਿਕਲਪ
ਮੁਨੀ ਨੇ ਪਾਤਰਾਂ ਦੀ ਪ੍ਰਕ੍ਰਿਤੀ ਬਾਰੇ ਚਰਚਾ ਕਰਦਿਆਂ ਨਾਟਕ ਵਿੱਚ ਤਿੰਨ ਤਰ੍ਹਾਂ ਦੀ ਭੂਮਿਕਾ ਦਾ ਜਿਕਰ ਕੀਤਾ ਹੈ| ਅਨੁਰੂਪ, ਵਿਰੂਪ ਅਤੇ ਰੂਪ-ਅਨੁਰੂਪ| ਜਦੋਂ ਨਾਟਕ ਵਿੱਚ ਕੋਈ ਪੁਰਸ਼ ਪਾਤਰ ਪਹਿਰਾਵੇ, ਸ਼ਸਤਰਾਂ ਅਤੇ ਵਸਤਰਾਂ ਦੀ ਮਦਦ ਨਾਲ ਇਸਤਰੀ ਪਾਤਰ ਦੀ ਭੂਮਿਕਾ ਨਿਭਾਉਂਦਾ ਹੈ ਅਤੇ ਇਸੇ ਤਰ੍ਹਾਂ ਇਸਤਰੀ, ਪੁਰਸ਼ ਪਾਤਰ ਦਾ ਰੋਲ ਅਦਾ ਕਰਦੀ ਹੇ ਤਾਂ ਇਸ ਨੂੰ ਰੂਪ ਅਨੁਰੂਪ ਪ੍ਰਕ੍ਰਿਤੀ ਕਿਹਾ ਜਾਂਦਾ ਹੈ| ਨਾਟਕ ਵਿੱਚ ਇਸ ਪ੍ਰਕ੍ਰਿਤੀ ਦੀ ਬਹੁਤ ਮਹੱਤਤਾ ਹੁੰਦੀ ਹੈ ਪਰ ਇਹਦੇ ਵਿਪਰੀਤ ਜਦੋਂ ਕੋਈ ਪਾਤਰ ਆਪਣੇ ਬੁਨਿਆਦੀ ਸੁਭਾਅ, ਆਦਤਾਂ ਅਤੇ ਰੁਚੀਆਂ ਮੁਤਾਬਕ ਆਪਣੀ ਭੂਮਿਕਾ ਅਦਾ ਕਰਦਾ ਹੈ ਤਾਂ ਉਸ ਨੂੰ ਅਨੁਰੂਪ ਪ੍ਰਕ੍ਰਿਤੀ ਕਿਹਾ ਜਾਂਦਾ ਹੈ| ਜਿਵੇਂ ਲੜਾਈਆਂ ਤੇ ਜੰਗਾਂ ਦੇ ਦ੍ਰਿਸ਼ਾਂ ਨੂੰ ਮਰਦ ਪਾਤਰ, ਔਰਤਾਂ ਨਾਲੋਂ ਵਧੇਰੇ ਕਾਰਗਾਰ ਢੰਗ ਨਾਲ ਨਿਭਾ ਸਕਦੇ ਹਨ ਤੇ ਇਸੇ ਤਰ੍ਹਾਂ ਕੋਮਲ ਭਾਵਾਂ ਦੀ ਅਭਿਵਿਅਕਤੀ ਔਰਤਾਂ ਵਧੇਰੇ ਵਧੀਆ ਢੰਗ ਨਾਲ ਕਰ ਸਕਦੀਆਂ ਹਨ| ਜਿਵੇਂ ਰਤੀ ਭਾਵ ਦਾ ਪ੍ਰਗਟਾ, ਨ੍ਰਿਤ ਅਤੇ ਸੰਗੀਤ ਦਾ ਪ੍ਰਦਰਸ਼ਨ ਕਰਨ ਵਿੱਚ ਔਰਤਾਂ ਦੀ ਨਜ਼ਾਕਤ ਮਰਦਾਂ ਨਾਲੋਂ ਵਧੇਰੇ ਸਸ਼ਕਤ ਢੰਗ ਨਾਲ ਉਭਰਦੀ ਹੈ| ਨਾਟਕ ਦੀ ਸਫ਼ਲ ਪ੍ਰਦਰਸ਼ਨੀ ਵਿੱਚ ਅਨੁਰੂਪ ਪ੍ਰਕ੍ਰਿਤੀ ਦਾ ਮਹੱਤਵ ਨਾਟ ਆਚਾਰੀਆਂ ਵਲੋਂ ਸਵੀਕਾਰਿਆ ਗਿਆ ਹੈ| ਪਾਤਰਾਂ ਦੀ ਵਿਰੂਪ ਭੂਮਿਕਾ ਦਾ ਵੀ ਨਾਟਕ ਵਿੱਚ ਮਹੱਤਵ ਬੜਾ ਅਹਿਮ ਹੁੰਦਾ ਹੈ| ਜਦੋਂ ਕੋਈ ਅਭਿਨੇਤਾ ਪਹਿਰਾਵੇ, ਗਹਿਣਿਆਂ ਅਤੇ ਅਸਤਰ ਸ਼ਸਤਰਾਂ ਨਾਲ ਆਪਣੇ ਬੁਨਿਆਦੀ ਸਰੂਪ ਨੂੰ ਬਦਲ ਕੇ ਕਿਸੇ ਹੋਰ ਪਾਤਰ ਦੀ ਭੂਮਿਕਾ ਨਿਭਾਉਂਦਾ ਹੈ| ਜਿਵੇਂ ਹਨੂੰਮਾਨ ਦੀ ਭੁਮਿਕਾ ਨਿਭਾਉਣ ਵੇਲੇ ਅਜਿਹੇ ਮੁਖੌਟਿਆਂ ਅਤੇ ਸ਼ਸਤਰਾਂ ਦੀ ਵਰਤੋਂ ਕਰਨੀ ਕਿ ਨਾਟਕ ਦੇਖਣ ਵਾਲਿਆਂ ਨੂੰ ਹਨੂੰਮਾਨ ਦਾ ਆਭਾਸ ਹੋ ਜਾਵੇ| ਪਾਤਰਾਂ ਦੀ ਅਜਿਹੀ ਭੂਮਿਕਾ ਨੂੰ ਵਿਰੂਪ ਪ੍ਰਕ੍ਰਿਤੀ ਦੀ ਭੂਮਿਕਾ ਕਿਹਾ ਜਾਂਦਾ ਹੈ| ਅਜਿਹੀ ਸਥਿਤੀ ਵਿੱਚ ਪਾਤਰ ਆਪਣੇ ਬੁਨਿਆਦੀ ਰੂਪ ਨੂੰ ਛੁਪਾ ਲੈਂਦਾ ਹੈ| ਵਿਰੂਪ ਪ੍ਰਕ੍ਰਿਤੀ ਨੂੰ ਧਾਰਨ ਕਰਨ ਲੱਗਿਆਂ ਅਭਿਨੇਤਾ ਆਪਣੇ ਪਾਤਰ ਦੇ ਰੋਲ ਨੂੰ ਯਥਾਰਥ ਦੇ ਪੱਧਰ 'ਤੇ ਨਿਭਾਉਣ ਵਾਲਾ ਹੋਣਾ ਚਾਹੀਦਾ ਹੈ| ਕ੍ਰਿਸ਼ਨ ਦੀ ਭੂਮਿਕਾ ਨਿਭਾਉਣ ਵਾਲੇ ਅਭਿਨੇਤਾ ਨੂੰ ਦਰਸ਼ਕ ਤਾਂ ਹੀ ਭਗਵਾਨ ਕ੍ਰਿਸ਼ਨ ਦੇ ਰੂਪ ਵਿੱਚ ਸਵੀਕਾਰਨਗੇ ਜੇਕਰ ਉਹਦੀ ਸ਼ਖਸੀਅਤ ਮਿੱਥ ਵਿੱਚ ਪਏ ਭਗਵਾਨ ਕ੍ਰਿਸ਼ਨ ਦੇ ਬਿੰਬ ਨਾਲ ਮੇਲ ਖਾਣ ਵਾਲੀ ਹੋਵੇਗੀ| ਉਸੇ ਸੁਭਾਅ ਅਤੇ ਰੂਪ ਦਾ ਪਾਤਰ ਅਭਿਨੈ ਕਲਾ ਰਾਹੀਂ ਦਰਸ਼ਕਾਂ ਨੂੰ ਵਧੇਰੇ ਪ੍ਰਭਾਵਤ ਕਰ ਸਕਦਾ ਹੈ| ਵਿਰੂਪ ਭੂਮਿਕਾ ਨਿਭਾਉਣ ਵੇਲੇ ਅਭਿਨੇਤਾ ਕਈ ਵਾਰ ਆਪਣੇ ਪਾਤਰ ਦੇ ਰੋਲ ਵਿੱਚ ਇੰਨਾ ਖੁਭ ਜਾਂਦਾ ਹੈ ਕਿ ਨਾਟਕ ਖਤਮ ਹੋਣ ਤੋਂ ਬਾਅਦ ਆਪਣੇ ਅਸਲੀ ਰੂਪ ਵਿੱਚ ਵਾਪਸ ਆਉਂਦਿਆਂ ਉਸ ਨੂੰ ਲੰਮਾ ਸਮਾਂ ਲੱਗ ਜਾਂਦਾ ਹੈ| ਨਾਟਕ ਦੀ ਪ੍ਰਦਰਸ਼ਨੀ ਵਿੱਚ ਤਿੰਨਾਂ ਤਰ੍ਹਾਂ ਦੀ ਪ੍ਰਕ੍ਰਿਤੀ ਦਾ ਮਹੱਤਵ ਅਹਿਮ ਹੁੰਦਾ ਹੈ| (ਸਹਾਇਕ ਗ੍ਰੰਥ - ਭਰਤ ਮੁਨੀ : ਨਾਟਯ ਸ਼ਾਸਤ੍ਰ)

ਪ੍ਰਗਟਾਅਵਾਦੀ ਨਾਟ ਪ੍ਰਵਿਰਤੀ
ਪ੍ਰਗਟਾਅਵਾਦ ਲਈ ਅੰਗਰੇਜ਼ੀ ਵਿੱਚ Expressionism ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ| ਇਸ ਪ੍ਰਵਿਰਤੀ ਦਾ ਸੰਬੰਧ ਜਰਮਨੀ ਨਾਲ ਜੁੜਿਆ ਹੋਇਆ ਹੈ| ਪਹਿਲੇ ਸੰਸਾਰ ਯੁੱਧ ਤੋਂ ਮਗਰੋਂ ਸਮੁੱਚੇ ਵਿਸ਼ਵ ਚਿੰਤਨ ਵਿੱਚ ਵੱਡੇ ਪੱਧਰ ਉੱਤੇ ਵਿਆਪਕ ਪਰਿਵਰਤਨ ਵਾਪਰਦਾ ਹੈ| ਦੂਜੇ ਸੰਸਾਰ ਯੁੱਧ ਵਿੱਚ ਜਰਮਨ ਦੀ ਹੋਈ ਹਾਰ ਕਾਰਨ ਲੋਕਾਂ ਦੇ ਸੋਚਣ ਢੰਗ ਵਿੱਚ ਤਬਦੀਲੀ ਆਉਂਦੀ ਹੈ| ਆਪਣੀ ਸੁਰੱਖਿਆ ਪ੍ਰਤੀ ਉਹਨਾਂ ਵਿੱਚ ਚੇਤਨਾ ਦਾ ਆਗਾਜ਼ ਹੁੰਦਾ ਹੈ| ਇਨ੍ਹਾਂ ਪਰਿਸਥਿਤੀਆਂ ਦੇ ਅੰਤਰਗਤ ਵੀਹਵੀਂ ਸਦੀ ਦੇ ਪਹਿਲੇ ਦਹਾਕੇ ਵਿੱਚ ਜਰਮਨੀ ਵਿੱਚ ਪੈਦਾ ਹੋਈ ਪ੍ਰਗਟਾਅਵਾਦ ਦੀ ਰੁਚੀ ਤੀਜੇ ਦਹਾਕੇ ਤੱਕ ਸਮੁੱਚੇ ਯੂਰਪ ਦੇ ਨਾਟਕੀ ਸਾਹਿਤ ਵਿੱਚ ਦ੍ਰਿਸ਼ਟੀਗੋਚਰ ਹੁੰਦੀ ਹੈ| ਇਸ ਪ੍ਰਵਿਰਤੀ ਦੇ ਅੰਤਰਗਤ ਨਾਟਕਕਾਰ ਵਿਅਕਤੀਵਾਦੀ ਰੁਚੀਆਂ ਦਾ ਪ੍ਰਗਟਾਵਾ ਕਰਦਾ ਹੈ| ਅਜਿਹੀ ਨਾਟਕੀ ਰਚਨਾ ਵਿੱਚ ਬਾਹਰਮੁੱਖੀ ਜਗਤ ਦੇ ਨਿੱਜੀ ਅਨੁਭਵ ਨੂੰ ਪਾਤਰਾਂ ਦੇ ਦ੍ਰਿਸ਼ਟੀਕੋਣ ਰਾਹੀਂ ਸਾਕਾਰ ਕੀਤਾ ਜਾਂਦਾ ਹੈ| ਜਰਮਨੀ ਵਿੱਚ ਪੈਦਾ ਹੋਈ ਅਜਿਹੀ ਵਿਸ਼ਾਦਗ੍ਰਸਤ ਸਥਿਤੀ ਅਤੇ ਮਾਨਸਿਕ ਅਸੰਤੁਸ਼ਟਤਾ ਉਥੋਂ ਦੇ ਨਾਟ ਸਾਹਿਤ ਵਿੱਚ ਰੂਪਮਾਨ ਹੁੰਦੀ ਹੈ ਜਿਸ ਨੂੰ ਸਾਹਿਤ ਦੀ ਭਾਸ਼ਾ ਵਿੱਚ ਪ੍ਰਗਟਾਅਵਾਦ ਦਾ ਨਾਂ ਦਿੱਤਾ ਗਿਆ| ਪ੍ਰਗਟਾਅਵਾਦੀ ਪ੍ਰਵਿਰਤੀ ਦੇ ਅਧੀਨ ਲਿਖੇ ਨਾਟਕਾਂ ਵਿੱਚ ਨਾਟਕਕਾਰ ਦੀ ਵਿਅਕਤੀਵਾਦੀ ਰੁਚੀ ਹਾਵੀ ਹੁੰਦੀ ਹੈ| ਨਾਟਕ ਵਿੱਚ ਵਿਰੋਧ ਅਤੇ ਵਿਦਰੋਹ ਦੀ ਸੁਰ ਭਾਰੂ ਹੁੰਦੀ ਹੈ| ਨਿੱਜੀ ਭਾਵਾਂ ਦੇ ਪ੍ਰਗਟਾਵੇ ਵੇਲੇ ਕਵੀ ਕਾਵਿਕ ਭਾਸ਼ਾ ਦੀ ਵਰਤੋਂ ਕਰਦਾ ਹੈ| ਅਜਿਹੀ ਭਾਸ਼ਾ ਲੇਖਕ ਦੇ ਵਿਚਾਰਾਂ ਨੂੰ ਦਰਸ਼ਕਾਂ ਤੱਕ ਪੁਚਾਉਣ ਵਿੱਚ ਸਮੱਰਥ ਸਿੱਧ ਹੁੰਦੀ ਹੈ| ਅਜਿਹੇ ਨਾਟਕ ਵਿੱਚ ਸਮਾਜਿਕ ਵਿਵਸਥਾ ਅਤੇ ਹਰੇਕ ਤਰ੍ਹਾਂ ਦੇ ਰਿਸ਼ਤਿਆਂ ਦਾ ਨਕਾਰਣ ਕੀਤਾ ਜਾਂਦਾ ਹੈ| ਪਾਤਰਾਂ ਦੁਆਰਾ ਉਚਰਿਤ ਮਨਬਚਨੀਆਂ ਵੀ ਲੇਖਕ ਦੇ ਨਿਜੀ ਭਾਵਾਂ ਦਾ ਸਮੂਰਤੀਕਰਣ ਕਰਦੀਆਂ ਹਨ| ਸਟਰਿੰਡਬਰਗ ਇਸ ਪ੍ਰਵਿਰਤੀ ਦਾ ਮੁੱਖ ਨਾਟਕਕਾਰ ਹੈ| ਉਹ ਪਾਤਰਾਂ ਦੀ ਨਿਰਾਸ਼ਾ ਅਤੇ ਸੰਕਟ ਦਾ ਵਿਸ਼ਲੇਸ਼ਣ ਨਿੱਜੀ ਦ੍ਰਿਸ਼ਟੀਕੋਣ ਤੋਂ ਕਰਨ ਦਾ ਯਤਨ ਕਰਦਾ ਹੈ| ਅਜਿਹੇ ਨਾਟਕਾਂ ਵਿੱਚ ਪਾਤਰ ਦੁਬਿਧਾ ਅਤੇ ਦੁਚਿਤੀ ਦੀ ਸਥਿਤੀ ਦਾ ਸ਼ਿਕਾਰ ਹੁੰਦੇ ਹਨ| ਮਾਨਸਿਕ ਉਲਝਣਾਂ ਵਿੱਚ ਗ੍ਰਸੇ ਇਨ੍ਹਾਂ ਪਾਤਰਾਂ ਦੀ ਸਥਿਤੀ ਖੰਡਿਤ ਮਾਨਸਿਕਤਾ ਦੀ ਸ਼ਿਕਾਰ ਹੁੰਦੀ ਹੈ| ਦਬੀਆਂ ਘੁਟੀਆਂ ਭਾਵਨਾਵਾਂ ਨਾਲ ਗ੍ਰਸੇ ਅਜਿਹੇ ਪਾਤਰ ਜੀਵਨ ਦੇ ਸੱਚ ਨਾਲ ਸਮਝੌਤਾ ਕਰਨਾ ਗਵਾਰਾ ਨਹੀਂ ਕਰਦੇ| ਅਜਿਹੇ ਨਾਟਕਾਂ ਵਿੱਚ ਅੰਕ ਵੰਡ ਤੋਂ ਗੁਰੇਜ਼ ਕਰਨ ਦਾ ਸੁਝਾਅ ਦਿੱਤਾ ਗਿਆ ਹੈ| ਦਰਸ਼ਕਾਂ ਦੀ ਬਿਰਤੀ ਖੰਡਿਤ ਨਾ ਹੋਣ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਪਰਦਿਆਂ ਦੀ ਵਰਤੋਂ ਦਾ ਸੁਝਾਅ ਨਹੀਂ ਦਿੱਤਾ ਗਿਆ| ਅਜਿਹੇ ਨਾਟਕ ਦੀ ਪੇਸ਼ਕਾਰੀ ਦਾ ਸਮਾਂ ਵੱਧ ਤੋਂ ਵੱਧ ਡੇਢ ਘੰਟੇ ਦਾ ਹੁੰਦਾ ਹੈ ਤਾਂ ਜੋ ਦਰਸ਼ਕ ਅਕੇਵਾਂ ਮਹਿਸੂਸ ਨਾ ਕਰਨ| ਅਜਿਹੇ ਨਾਟਕਾਂ ਦੀ ਪ੍ਰਦਰਸ਼ਨੀ ਲਈ ਛੋਟੇ ਥੀਏਟਰ ਦੀ ਲੋੜ ਉੱਤੇ ਬਲ ਦਿੱਤਾ ਗਿਆ ਹੈ ਤਾਂ ਜੋ ਦਰਸ਼ਕ ਅਦਾਕਾਰਾਂ ਦੀ ਨਿੱਕੀ ਤੋਂ ਨਿੱਕੀ ਅਦਾ ਨੂੰ ਨੇੜਿਓਂ ਦੇਖ ਸਕਣ| ਅਜਿਹੇ ਨਾਟਕ ਵਿੱਚ ਪਾਤਰਾਂ ਨੂੰ ਸਿਰਜਣਾਤਮਕ ਹੋਣ ਦਾ ਵੀ ਮੌਕਾ ਦਿੱਤਾ ਜਾਂਦਾ ਹੈ| ਲੋੜ ਮੁਤਾਬਕ ਪਾਤਰ ਆਪਣੀ ਅਦਾਕਾਰੀ ਦੀ ਪ੍ਰਤਿਭਾ ਨੂੰ ਸਾਕਾਰ ਕਰ ਸਕਣ ਅਜਿਹੀ ਸਥਿਤੀ ਵਿੱਚ ਪਾਤਰ ਨਿਰਦੇਸ਼ਕ ਦੀਆਂ ਹਦਾਇਤਾਂ ਤੋਂ ਸੁਰਖਰੂ ਰਹਿੰਦਾ ਹੈ| ਪਰੰਪਰਕ ਵਿਧੀ ਤੋਂ ਉਲਟ ਇਸ ਪ੍ਰਵਿਰਤੀ ਨਾਲ ਸੰਬੰਧਤ ਨਾਟਕਾਂ ਵਿੱਚ ਅਭਿਨੇਤਾਵਾਂ ਦੇ ਮੇਕਅੱਪ ਉੱਤੇ ਜ਼ੋਰ ਨਹੀਂ ਦਿੱਤਾ ਜਾਂਦਾ ਸਗੋਂ ਅਦਾਕਾਰ ਆਪਣੀ ਅਦਾਕਾਰੀ ਰਾਹੀਂ ਪਾਤਰ ਨੂੰ ਸਾਕਾਰ ਕਰਨ ਦੀ ਕੋਸ਼ਿਸ਼ ਕਰਦਾ ਹੈ| ਜਿਥੋਂ ਤੱਕ ਇਸ ਨਾਟਕ ਵਿੱਚ ਮੰਚ ਸਮੱਗਰੀ ਦੀ ਵਰਤੋਂ ਦਾ ਸੁਆਲ ਹੈ, ਸਟਰਿੰਡਬਰਗ ਨੇ ਚਿੰਨਾਤਮਕ ਕਾਰਜ ਦੇ ਮਹੱਤਵ ਉੱਤੇ ਵਧੇਰੇ ਜ਼ੋਰ ਦਿੱਤਾ ਹੈ| ਇਸ ਧਾਰਨਾ ਦੇ ਸੰਬੰਧਤ ਨਾਟਕਕਾਰਾਂ ਵਿੱਚ ਵੈਡੇਕਾਈਂਡ ਯੂਜੀਨ ਓ ਨੀਲ, ਐਲਮਰ ਰਾਈਸ ਆਦਿ ਪ੍ਰਮੁੱਖ ਨਾਟਕਕਾਰ ਹਨ ਜਿਨ੍ਹਾਂ ਨੇ ਨਾਟਕਾਂ ਦੀ ਰਵਾਇਤੀ ਪੇਸ਼ਕਾਰੀ ਤੋਂ ਹਟ ਕੇ, ਚਿੰਨ੍ਹਾਤਮਕ ਰੰਗਮੰਚ, ਵਾਰਤਾਲਾਪ ਦੇ ਪੱਖੋਂ ਭਾਸ਼ਨੀ ਸੰਵਾਦ ਤੇ ਸਧਾਰਣ ਪਾਤਰਾਂ ਦੇ ਵਿਪਰੀਤ ਅਲੰਕਾਰੀ ਚਰਿੱਤਰ ਵਾਲੇ ਪਾਤਰਾਂ ਉੱਤੇ ਵਿਸ਼ੇਸ਼ ਤੌਰ 'ਤੇ ਬਲ ਦਿੱਤਾ ਹੈ| ਪ੍ਰਗਟਾਅਵਾਦੀ ਪ੍ਰਵਿਰਤੀ ਦੇ ਅਧੀਨ ਜਿੱਥੇ ਵੱਥ ਪੱਖੋਂ ਮਨੁੱਖੀ ਰਿਸ਼ਤਿਆਂ ਤੋਂ ਬਗਾਵਤ ਅਤੇ ਕ੍ਰਾਂਤੀ ਦੀ ਭਾਵਨਾ ਨੂੰ ਉਜਾਗਰ ਕਰਨ ਵਾਲੇ ਨਾਟਕਾਂ ਦੀ ਰਚਨਾ ਕੀਤੀ ਗਈ ਉੱਥੇ ਚਿੰਨ੍ਹਾਤਮਕ ਵਾਰਤਾਲਾਪ ਅਤੇ ਪ੍ਰਤੀਕਾਤਮਕ ਸਟੇਜ ਸੈਟਿੰਗ ਇਸ ਦੀ ਵਿੱਲਖਣਤਾ ਨੂੰ ਉਜਾਗਰ ਕਰਨ ਵਾਲੇ ਪਛਾਣ ਚਿੰਨ ਸਿੱਧ ਹੋਏ| (ਸਹਾਇਕ ਗ੍ਰੰਥ - ਨਵਨਿੰਦਰਾ ਬਹਿਲ : ਨਾਟਕੀ ਸਾਹਿਤ)

ਪ੍ਰਚਾਰ

Propaganda

ਏਂਗਲਜ਼ ਦਾ ਪ੍ਰਸਿੱਧ ਕਥਨ ਹੈ ਕਿ ਵਿਚਾਰ ਜਾਂ ਸੰਦੇਸ਼ ਕਿਸੇ ਰਚਨਾ ਵਿੱਚ ਫੁੱਲ ਦੀ ਖੁਸ਼ਬੂ ਵਾਂਗ ਸਮਾਇਆ ਹੁੰਦਾ ਹੈ| ਇਹ ਕਿਸੇ ਸਾਹਿਤਕ ਪਾਠ ਵਿੱਚੋਂ ਸੁੱਤੇਸਿਧ ਉਭਰਨਾ ਚਾਹੀਦਾ ਹੈ ਸਿੱਧੇ ਰੂਪ ਵਿੱਚ ਉਕਤੀਆਂ ਜਾਂ ਭਾਸ਼ਣ ਰਾਹੀਂ ਨਹੀਂ| ਜੇ ਅਜਿਹਾ ਹੁੰਦਾ ਹੈ ਤਾਂ ਇਹ ਪ੍ਰਚਾਰ ਹੈ| ਹਰੇਕ ਨਾਟਕਕਾਰ ਆਪਣੀ ਵਿਚਾਰਧਾਰਾ ਦਾ ਪ੍ਰਗਟਾਵਾ ਪਾਤਰਾਂ ਦੇ ਮਾਧਿਅਮ ਰਾਹੀਂ ਸੰਕੇਤਕ ਰੂਪ ਵਿੱਚ ਕਰਦਾ ਹੈ ਪਰ ਜਦੋਂ ਅਜਿਹੀ ਵਿਚਾਰਧਾਰਾ ਸੰਵਾਦਾਂ ਦੇ ਰੂਪ ਵਿੱਚ ਉਲਾਰ ਰੂਪ ਧਾਰਨ ਕਰ ਲੈਂਦੀ ਹੈ ਤਾਂ ਨਾਟਕਕਾਰ ਆਪਣੇ ਪਾਤਰਾਂ ਵਿੱਚੋਂ ਪ੍ਰਗਟ ਹੋਣ ਲੱਗ ਪੈਂਦਾ ਹੈ| ਅਜਿਹੇ ਨਾਟਕ ਵਿੱਚ ਪ੍ਰਚਾਰ ਦੀ ਸੁਰ ਭਾਰੂ ਹੋ ਜਾਂਦੀ ਹੈ ਤੇ ਨਾਟਕ ਦੀ ਕਲਾਤਮਕਤਾ ਖ਼ਤਰੇ ਵਿੱਚ ਪੈ ਜਾਂਦੀ ਹੈ| ਨਾਟਕ ਵਿੱਚੋਂ ਨਾਟਕੀਅਤਾ ਦਾ ਤੱਤ ਵਿਹੂਣਾ ਹੋ ਜਾਂਦਾ ਹੈ| ਜਦੋਂ ਕੋਈ ਨਾਟਕਕਾਰ ਭਾਸ਼ਨੀ ਸੰਵਾਦਾਂ ਦੇ ਜ਼ਰੀਏ ਦਰਸ਼ਕਾਂ ਦੇ ਮਿਆਰ ਨੂੰ ਧਿਆਨ ਵਿੱਚ ਰੱਖਦੇ ਹੋਏ 'ਬੱਲੇ ਬੱਲੇ' ਲੈਣ ਦੀ ਕੋਸ਼ਿਸ਼ ਕਰਦਾ ਹੈ ਤਾਂ ਅਜਿਹਾ ਨਾਟਕ ਪ੍ਰਾਪੇਗੰਡੇ ਦੇ ਪੱਧਰ 'ਤੇ ਉਤਰ ਆਉਂਦਾ ਹੈ| ਨਾਟਕੀ ਸੁਹਜ ਤੋਂ ਊਣਾ ਅਜਿਹਾ ਨਾਟਕ ਪ੍ਰਚਾਰਕ ਰੁਚੀਆਂ ਨੂੰ ਗ੍ਰਹਿਣ ਕਰ ਲੈਂਦਾ ਹੈ| ਅਜਿਹੀ ਸਥਿਤੀ ਵਿੱਚ ਨਾਟਕ ਵਿੱਚੋਂ ਦ੍ਰਿਸ਼ ਦੇ ਤੱਤ ਦੀ ਅਵਹੇਲਨਾ ਹੁੰਦੀ ਹੈ| ਅਜਿਹੇ ਨਾਟਕ ਦਾ ਇੱਕੋ ਇੱਕ ਮਕਸਦ ਵਿਚਾਰਾਂ ਦੀ ਸਿੱਧੀ ਸਪਸ਼ਟ ਵਿਆਖਿਆ ਕਰਨੀ ਰਹਿ ਜਾਂਦਾ ਹੈ| ਪ੍ਰਚਾਰਕ ਕਿਸਮ ਦੇ ਸੰਵਾਦਾਂ ਰਾਹੀਂ ਅਜਿਹਾ ਨਾਟਕ ਦਰਸ਼ਕਾਂ ਨੂੰ ਸਿੱਧਾ ਸੰਬੋਧਨ ਕਰਦਾ ਹੈ| ਦਰਸ਼ਕਾਂ ਨੂੰ ਬੰਨ੍ਹ ਕੇ ਰੱਖਣ ਲਈ ਅਤੇ ਉਨ੍ਹਾਂ ਦੇ ਬੌਧਿਕ ਮਿਆਰ ਪ੍ਰਤੀ ਸ਼ੰਕਾ ਦੇ ਭੈਅ ਵਿੱਚੋਂ ਪ੍ਰਚਾਰ ਦੀ ਰੁਚੀ ਪੰਜਾਬੀ ਨਾਟਕ ਉੱਤੇ ਭਾਰੂ ਰਹੀ ਹੈ| ਜਦੋਂ ਨਾਟਕਕਾਰ ਨਾਟਕ ਦੇ ਜ਼ਰੀਏ ਕਿਸੇ ਵਿਚਾਰ ਨੂੰ ਪ੍ਰਚਾਰ ਦੀ ਹੱਦ ਤੱਕ ਲੈ ਜਾਵੇ ਤਾਂ ਅਜਿਹੀ ਸਥਿਤੀ ਵਿੱਚ ਨਾਟਕ ਵਿਆਖਿਆ ਦੀ ਰੁਚੀ ਦਾ ਸ਼ਿਕਾਰ ਹੋ ਜਾਂਦਾ ਹੈ| ਅਜਿਹੀ ਰੁਚੀ ਨੂੰ ਨਾਟਕ ਦੀ ਕਮਜੋਰੀ ਸਮਝਿਆ ਜਾਂਦਾ ਹੈ| ਸੰਵਾਦਾਂ ਦੀ ਮਹੱਤਤਾ ਕੇਵਲ ਨਾਟਕੀ ਲਿਖਤ ਦੇ ਪ੍ਰਸੰਗ ਵਿੱਚ ਹੀ ਸਾਰਥਕਤਾ ਗ੍ਰਹਿਣ ਕਰਨ ਵਾਲੀ ਹੋਣੀ ਚਾਹੀਦੀ ਹੈ| ਵਿਆਖਿਆ ਦੀ ਰੁਚੀ ਅਧੀਨ ਸਿਰਜੇ ਗਏ ਸੰਵਾਦ ਰਚਨਾ ਉੱਤੇ ਬੋਝਲ ਹੋ ਜਾਂਦੇ ਹਨ ਤੇ ਭਾਸ਼ਨੀ ਸੁਰ ਅਖ਼ਤਿਆਰ ਕਰ ਲੈਂਦੇ ਹਨ| ਨਾਟਕ ਨੂੰ ਦੇਖਣ ਨਾਲੋਂ ਪੜ੍ਹੇ ਜਾਣ ਦੀ ਕਲਾ ਤੱਕ ਸੀਮਤ ਕਰਨਾ ਜਿੱਥੇ ਇਸਦੇ ਮੰਚੀ ਪੱਖ ਨੂੰ ਉਪੇਖ਼ਿਅਤ ਕਰਦਾ ਹੈ| ਉੱਥੇ ਇਸ ਵਿੱਚ ਵਿਆਖਿਆ ਦੀ ਰੁਚੀ ਨੂੰ ਵੀ ਵਿਸਤਾਰ ਦੇਂਦਾ ਹੈ| ਸਿੱਟੇ ਵਜੋਂ ਨਾਟਕ ਅੰਦਰਲੀ ਨਾਟਕੀਅਤਾ 'ਤੇ ਵਾਰ ਹੁੰਦਾ ਹੈ|
ਗੁਰਸ਼ਰਨ ਸਿੰਘ ਪੰਜਾਬੀ ਦਾ ਵੱਡਾ ਨਾਟਕਕਾਰ ਹੈ ਪਰ ਉਸਦੇ ਬਹੁਤੇ ਨਾਟਕਾਂ ਉੱਤੇ ਪ੍ਰਚਾਰ ਦਾ ਦੋਸ਼ ਲੱਗਦਾ ਰਿਹਾ ਹੈ ਕਿਉਂ ਕਿ ਉਸਦੇ ਨਾਟਕਾਂ ਵਿੱਚ ਪਾਤਰ ਦਰਸ਼ਕਾਂ ਨੂੰ ਸਿੱਧਾ ਸੰਬੋਧਨ ਕਰਦੇ ਹਨ| ਨਾਟਕ ਦੀ ਪ੍ਰਦਰਸ਼ਨੀ ਦੌਰਾਨ ਪਾਤਰਾਂ ਦਾ ਨਾਟਕੀ ਕਾਰਜ ਤੋਂ ਬਾਹਰ ਆ ਕੇ ਦਰਸ਼ਕਾਂ ਦੇ ਰੂ-ਬ-ਰੂ ਹੋਣਾ ਤੇ ਭਾਸ਼ਾਈ ਕਿਸਮ ਦੇ ਸੰਵਾਦਾਂ ਦੇ ਉਚਾਰਨ ਨਾਲ ਨਾਟਕਕਾਰ ਦੀ ਵਿਚਾਰਧਾਰਾ ਪਾਤਰਾਂ ਰਾਹੀਂ ਪ੍ਰਗਟ ਹੋਣ ਲੱਗ ਪੈਂਦੀ ਹੈ| ਦਰਸ਼ਕਾਂ ਨੂੰ ਸੰਬੋਧਨ ਕਰਨ ਦੀ ਵਿਧੀ ਨਾਟਕ ਵਿੱਚ ਪ੍ਰਚਾਰ ਦੇ ਅੰਸ਼ਾਂ ਦਾ ਵਾਧਾ ਕਰਦੀ ਹੈ| ਪੰਜਾਬੀ ਦੇ ਬਹੁਤੇ ਨਾਟਕਾਂ ਵਿੱਚ ਇਹ ਰੁਚੀ ਦੇਖਣ ਨੂੰ ਮਿਲਦੀ ਹੈ| ਵਿਸ਼ੇਸ਼ ਤੌਰ 'ਤੇ ਜਦੋਂ ਨਾਟਕਕਾਰ ਦਾ ਮੁੱਖ ਪ੍ਰਯੋਜਨ ਸਮਾਜਕ ਤੇ ਰਾਜਨੀਤਕ ਵਿਸੰਗਤੀਆਂ ਪ੍ਰਤੀ ਦਰਸ਼ਕਾਂ ਵਿੱਚ ਚੇਤਨਾ ਪੈਦਾ ਕਰਨੀ ਹੋਵੇ ਤਾਂ ਅਜਿਹੀ ਸਥਿਤੀ ਵਿੱਚ ਰੰਗਮੰਚੀ ਸਰੋਕਾਰ ਦੂਜੈਲਾ ਸਥਾਨ ਗ੍ਰਹਿਣ ਕਰ ਲੈਂਦੇ ਹਨ| ਪ੍ਰਚਾਰਕ ਰੁਚੀ ਕਾਰਨ ਸੰਵਾਦ ਭਾਸ਼ਨੀ ਰੂਪ ਲੈ ਲੈਂਦੇ ਹਨ| ਨਵੇਂ ਨਾਟਕਕਾਰ ਇਸ ਰੁਚੀ ਤੋਂ ਕਾਫੀ ਹੱਦ ਤੱਕ ਮੁਕਤ ਹੋਏ ਹਨ| ਸੁਰਜੀਤ ਸਿੰਘ ਸੇਠੀ, ਕਪੂਰ ਸਿੰਘ ਘੁੰਮਣ, ਬਲਵੰਤ ਗਾਰਗੀ ਅਤੇ ਆਤਮਜੀਤ ਪੰਜਾਬੀ ਦੇ ਅਜਿਹੇ ਨਾਟਕਕਾਰ ਹਨ ਜਿਨ੍ਹਾਂ ਨੇ ਨਾਟ ਨੇਮਾਂ ਨੂੰ ਧਿਆਨ ਵਿੱਚ ਰੱਖਦਿਆਂ ਕਲਾਤਮਕ ਸੁਹਜ ਨਾਲ ਭਰਪੂਰ ਨਾਟਕ ਲਿਖੇ ਹਨ ਪਰ ਇਨ੍ਹਾਂ ਨਾਟਕਾਂ ਵਿੱਚ ਵੀ ਕਈ ਥਾਈਂ ਪ੍ਰਚਾਰ ਦੀ ਰੁਚੀ ਭਾਰੂ ਹੋਈ ਨਜ਼ਰੀ ਪੈਂਦੀ ਹੈ ਜਿੱਥੇ ਇਹ ਆਪਣੇ ਪਾਤਰਾਂ ਰਾਹੀਂ ਆਪ ਬੋਲਦੇ ਨਜਰ ਆਉਂਦੇ ਹਨ| ਵਿਸ਼ੇਸ਼ ਤੌਰ 'ਤੇ ਜਦੋਂ ਕੋਈ ਨਾਟਕਕਾਰ ਸਮਾਜ ਦੇ ਪੀੜਤ ਵਰਗ ਦੀ ਧਿਰ ਬਣਦਾ ਹੋਇਆ ਭਾਵੁਕਤਾ ਦਾ ਸ਼ਿਕਾਰ ਹੋ ਜਾਂਦਾ ਹੈ ਉੱਥੇ ਉਸਦੇ ਸੰਵਾਦਾਂ ਵਿੱਚ ਉਚੇਚ ਦਾ ਅੰਸ਼ ਸ਼ਾਮਲ ਹੋ ਜਾਂਦਾ ਹੈ| ਅਜਿਹੀ ਸਥਿਤੀ ਵਿੱਚ ਨਾਟਕਕਾਰ ਆਪਣੀ ਵਿਚਾਰਧਾਰਾ ਦਾ ਸਿੱਧਾ ਪ੍ਰਚਾਰ ਕਰਨ ਲੱਗ ਪੈਂਦਾ ਹੈ| ਅਨਪੜ੍ਹ ਤੇ ਅਧਪੜ੍ਹ ਕਿਸਮ ਦੇ ਪਾਤਰ ਦਾਰਸ਼ਨਿਕ ਵਿਚਾਰ ਵਟਾਂਦਰਾ ਕਰਦੇ ਨਜ਼ਰ ਆਉਂਦੇ ਹਨ| ਅਜਿਹਾ ਰੁਝਾਨ ਨਾਟਕ ਦੇ ਸੁਹਜ ਨੂੰ ਖ਼ਤਮ ਕਰ ਦੇਂਦਾ ਹੈ| ਅਜਮੇਰ ਔਲਖ ਦੇ ਨਾਟਕ ਨਿੱਕੇ ਸੂਰਜਾਂ ਦੀ ਲੜਾਈ ਵਿੱਚ ਇਹ ਉਲਾਰ ਨਜ਼ਰ ਆਉਂਦਾ ਹੈ| ਬਲਵੰਤ ਗਾਰਗੀ ਦੇ ਨਾਟਕਾਂ ਵਿੱਚ ਪ੍ਰਚਾਰ ਦਾ ਅੰਸ਼ ਦੂਜੇ ਨਾਟਕਕਾਰਾਂ ਦੇ ਮੁਕਾਬਲਤਨ ਕਾਫ਼ੀ ਘੱਟ ਹੈ| ਪ੍ਰਚਾਰ ਦੀ ਰੁਚੀ ਮੁੱਖ ਰੂਪ ਵਿੱਚ ਦੋ ਢੰਗਾਂ ਨਾਲ ਹੀ ਵਧੇਰੇ ਪ੍ਰਗਟ ਹੁੰਦੀ ਹੈ| ਜਦੋਂ ਨਾਟਕਕਾਰ ਮੰਚੀ ਦ੍ਰਿਸ਼ ਨਾਲੋਂ ਵਿਚਾਰ ਨੂੰ ਪਹਿਲ ਦੇਣ ਦੀ ਸੋਚਦਾ ਹੈ ਤਾਂ ਪਾਤਰ ਉਹਦੇ ਵਿਚਾਰਾਂ ਦੀ ਵਕਾਲਤ ਕਰਨ ਲੱਗ ਪੈਂਦੇ ਹਨ| ਅਜਿਹੀ ਸਥਿਤੀ ਵਿੱਚ ਨਾਟਕ ਉੱਤੇ ਲਾਊਡ ਹੋਣ ਦਾ ਇਲਜ਼ਾਮ ਲੱਗਦਾ ਹੈ| ਦੂਜੀ ਸਥਿਤੀ ਵਿੱਚ ਪਾਤਰ, ਦਰਸ਼ਕਾਂ ਨੂੰ ਸਿੱਧਾ ਮੁਖਾਤਬ ਹੁੰਦੇ ਹਨ; ਅਜਿਹਾ ਰੁਝਾਨ ਨਾਟਕ ਦੀ ਕਲਾਤਮਕਤਾ ਉੱਤੇ ਪ੍ਰਹਾਰ ਕਰਦਾ ਹੈ| (ਸਹਾਇਕ ਗ੍ਰੰਥ - ਸੁਰਜੀਤ ਸਿੰਘ ਸੇਠੀ : ਨਾਟਕ ਕਲਾ)

ਪ੍ਰਚਾਰਵਾਦੀ ਨਾਟਕ

Propaganda theatre

ਪ੍ਰਚਾਰਕ ਨਾਟਕ, ਨਾਟਕ ਦੇ ਉਸ ਰੂਪ ਨੂੰ ਕਿਹਾ ਜਾਂਦਾ ਹੈ ਜਦੋਂ ਕਿਸੇ ਧਾਰਮਿਕ ਜਾਂ ਰਾਜਨੀਤਕ ਵਿਚਾਰਾਂ ਦੇ ਪ੍ਰਚਾਰ ਲਈ ਨਾਟਕ ਨੂੰ ਮਾਧਿਅਮ ਬਣਾਇਆ ਜਾਂਦਾ ਹੈ| ਮਾਰਜੋਰੀ ਬੋਲਟਨ (Marjorie Boulton) ਇਸ ਮੱਤ ਦਾ ਅਨੁਸਾਰੀ ਹੈ ਕਿ ਪ੍ਰਚਾਰਕ ਨਾਟਕ ਦਾ ਪਹਿਲਾ ਤੇ ਪ੍ਰਮੁੱਖ ਉਦੇਸ਼ ਰਾਜਸੀ ਤੇ ਧਾਰਮਕ ਵਿਚਾਰਾਂ ਨਾਲ ਦਰਸ਼ਕਾਂ ਨੂੰ ਪ੍ਰਭਾਵਤ ਕਰਨਾ ਹੁੰਦਾ ਹੈ ਕਿਉਂਕਿ ਨਾਟਕ ਅਜਿਹੀ ਵਿਧਾ ਹੈ ਜਿਹੜੀ ਸਿੱਧੇ ਰੂਪ ਵਿੱਚ ਦਰਸ਼ਕਾਂ ਨੂੰ ਮੁਖਾਤਬ ਹੁੰਦੀ ਹੈ| ਇਸ ਲਈ ਮੰਚ ਰਾਹੀਂ ਲੋਕਾਂ ਉੱਤੇ ਹੋਣ ਵਾਲੇ ਪ੍ਰਚਾਰ ਦਾ ਅਸਰ ਸਾਹਿਤ ਦੇ ਦੂਜੇ ਰੂਪਾਂ ਨਾਲੋਂ ਕਿਤੇ ਵਧੇਰੇ ਹੁੰਦਾ ਹੈ| ਬਿਆਨ ਕੀਤੀ ਗੱਲਬਾਤ ਨਾਲੋਂ ਅੱਖਾਂ ਸਾਹਮਣੇ ਵਾਪਰਨ ਵਾਲੀ ਘਟਨਾ ਦਾ ਦਰਸ਼ਕਾਂ ਉੱਤੇ ਸਦਾ ਵੱਧ ਪ੍ਰਭਾਵ ਪੈਂਦਾ ਹੈ| ਇਸ ਲਈ ਵਿਸ਼ਵ ਪੱਧਰ ਉੱਤੇ ਹਰੇਕ ਧਰਮ ਦੇ ਪ੍ਰਚਾਰਕਾਂ ਨੇ ਆਪਣੇ ਧਰਮ ਦੇ ਪ੍ਰਚਾਰ ਲਈ ਨਾਟਕ ਦੇ ਮਾਧਿਅਮ ਦੀ ਵਰਤੋਂ ਵੱਡੀ ਪੱਧਰ ਉੱਤੇ ਕੀਤੀ ਹੈ| ਪੱਛਮ ਵਿੱਚ ਈਸਾਈ ਧਰਮ ਦੇ ਪ੍ਰਚਾਰ ਲਈ ਨਾਟਕ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ| ਲੋਕਾਂ ਦੀ ਵਿਚਾਰਧਾਰਾ ਨੂੰ ਬਦਲਣ ਵਿੱਚ ਪ੍ਰਚਾਰਕ ਨਾਟਕ ਦੀ ਭੂਮਿਕਾ ਸਦਾ ਮੋਹਰੀ ਬਣੀ ਰਹੀ ਹੈ| ਪ੍ਰਚਾਰਕ ਨਾਟਕ ਦੀ ਰੁਚੀ ਨੇ ਨਾਟਕ ਨੂੰ ਗੰਭੀਰ ਕਲਾ ਰੂਪ ਬਣਾਉਣ ਵਿੱਚ ਵੱਡਾ ਯੋਗਦਾਨ ਪਾਇਆ ਹੈ ਪਰ ਜਦੋਂ ਕੋਈ ਨਾਟਕਕਾਰ ਆਪਣੇ ਵਿਚਾਰਾਂ ਦਾ ਸਿੱਧੇ ਰੂਪ ਵਿੱਚ ਮੰਚ ਤੋਂ ਪ੍ਰਚਾਰ ਕਰਨ ਲੱਗ ਪੈਂਦਾ ਹੈ ਤਾਂ ਅਜਿਹੀ ਸਥਿਤੀ ਵਿੱਚ ਨਾਟਕ ਕਲਾਤਮਕ ਰੁਚੀਆਂ ਤੋਂ ਵਿਹੂਣਾ ਹੋ ਜਾਂਦਾ ਹੈ| ਨਾਟਕਕਾਰ ਆਪਣੇ ਪਾਤਰਾਂ ਰਾਹੀਂ ਖ਼ੁਦ ਨਜਰ ਨਹੀਂ ਆਉਣਾ ਚਾਹੀਦਾ| ਉਸ ਦਾ ਪ੍ਰਚਾਰ ਨਾਟਕੀ ਕਾਰਜ ਵਿੱਚੋਂ ਸੁਭਾਵਕ ਰੂਪ ਵਿੱਚ ਉਭਰਨਾ ਚਾਹੀਦਾ ਹੈ| ਪ੍ਰਚਾਰਕ ਨਾਟਕ ਹੋਣ ਦੇ ਬਾਵਜੂਦ ਅਜਿਹੇ ਨਾਟਕ ਵਿੱਚੋਂ ਪ੍ਰਚਾਰ ਦੀ ਰੁਚੀ ਹਾਵੀ ਨਹੀਂ ਹੋਣੀ ਚਾਹੀਦੀ| ਸਿੱਖ ਗੁਰੂਆਂ ਦੇ ਸਿਧਾਂਤਾਂ ਤੇ ਅਸੂਲਾਂ ਨੂੰ ਲੋਕਾਂ ਤੱਕ ਪੁਚਾਉਣ ਲਈ ਪੰਜਾਬੀ ਵਿੱਚ ਅਜਿਹੇ ਨਾਟਕਾਂ ਦੀ ਰਚਨਾ ਕੀਤੀ ਗਈ| ਹਿੰਦ ਦੀ ਚਾਦਰ, ਗਗਨ ਮੈਂ ਥਾਲੁ, ਸਭ ਕਿਛੁ ਹੋਤ ਉਪਾਇ, ਆਪਣਾ ਮੂਲ ਪਛਾਣ, ਜਿਨ ਸਚ ਪਲੇ ਹੋਇ, ਅਸੀਂ ਦੂਣ ਸਵਾਇ ਹੋਇ ਆਦਿ ਨਾਟਕ ਪ੍ਰਚਾਰਕ ਨਾਟਕ ਹਨ ਜਿਨ੍ਹਾਂ ਦੇ ਵਿਸ਼ੇ ਸਿੱਖੀ ਸਿਧਾਤਾਂ ਦੇ ਪ੍ਰਚਾਰ ਨਾਲ ਸੰਬੰਧਤ ਹਨ ਪਰ ਇਨ੍ਹਾਂ ਨਾਟਕਾਂ ਵਿੱਚ ਪ੍ਰਚਾਰ ਦੀ ਰੁਚੀ ਭਾਰੂ ਹੁੰਦੀ ਨਜ਼ਰ ਨਹੀਂ ਆਉਂਦੀ| ਗੁਰਸ਼ਰਨ ਸਿੰਘ ਨੇ ਆਪਣੇ ਨਾਟਕਾਂ ਰਾਹੀਂ ਮਾਰਕਸਵਾਦੀ ਵਿਚਾਰਾਂ ਦਾ ਖੁਲ੍ਹੇ ਢੰਗ ਨਾਲ ਪ੍ਰਚਾਰ ਕੀਤਾ ਹੈ| ਉਹਦੇ ਪਾਤਰ ਕਈ ਵੇਰਾਂ ਪਾਤਰ ਦਰਸ਼ਕਾਂ ਨੂੰ ਸਿੱਧਾ ਸੰਬੋਧਨ ਕਰਨ ਲੱਗ ਪੈਂਦੇ ਹਨ| ਦਰਅਸਲ ਪ੍ਰਚਾਰਕ ਨਾਟਕ ਵਿੱਚ ਵਿਚਾਰ ਪਾਤਰਾਂ ਰਾਹੀਂ ਸਾਕਾਰ ਹੋਣੇ ਚਾਹੀਦੇ ਹਨ ਤਾਂ ਜੋ ਨਾਟਕ ਵਿਚਲੀ ਕਲਾਤਮਕਤਾ ਕਾਇਮ ਰਹੇ| ਸਫ਼ਲ ਪ੍ਰਚਾਰਕ ਨਾਟਕ ਉਹੀ ਗਿਣਿਆ ਜਾਂਦਾ ਹੈ ਜਿਸ ਵਿੱਚ ਨਾਟਕਕਾਰ ਕੇਵਲ ਪ੍ਰਚਾਰਕ ਹੋਣ ਦਾ ਅਹਿਸਾਸ ਨਾ ਕਰਾਵੇ ਸਗੋਂ ਉਹਦਾ ਪ੍ਰਚਾਰ ਨਾਟਕੀ ਕਾਰਜ ਰਾਹੀਂ ਸਹਿਜ ਸੁਭਾ ਉਜਾਗਰ ਹੋਣਾ ਚਾਹੀਦਾ ਹੈ| (ਸਹਾਇਕ ਗ੍ਰੰਥ - ਗੁਰਦਿਆਲ ਸਿੰਘ ਫੁੱਲ : ਪੰਜਾਬੀ ਨਾਟਕ : ਸਰੂਪ ਸਿਧਾਂਤ ਤੇ ਵਿਕਾਸ; Marjorie Boulton : The Anatomy of Drama)

ਪ੍ਰਤੀਕਾਤਮਕ / ਸੰਕੇਤਾਤਮਕ ਨਾਟ ਸ਼ੈਲੀ
ਨਾਟਕ ਵਿੱਚ ਚਿੰਨ੍ਹਾਂ ਅਤੇ ਪ੍ਰਤੀਕਾਂ ਦੀ ਵਰਤੋਂ ਨਾਟਕੀ ਵਿਸ਼ੇ ਨੂੰ ਗੰਭੀਰਤਾ ਪ੍ਰਦਾਨ ਕਰਨ ਵਿੱਚ ਸਹਾਈ ਸਿੱਧ ਹੁੰਦੀ ਹੈ| ਭਾਵਾਂ ਅਤੇ ਵਿਚਾਰਾਂ ਨੂੰ ਵਿਸ਼ਾਲਤਾ ਪ੍ਰਦਾਨ ਕਰਨ ਵੇਲੇ ਨਾਟਕਕਾਰ ਚਿੰਨ੍ਹਾਤਮਕ ਸ਼ੈਲੀ ਰਾਹੀਂ ਰਚਨਾ ਨੂੰ ਵੱਡ ਆਕਾਰੀ ਸੰਦਰਭ ਪ੍ਰਦਾਨ ਕਰਦਾ ਹੈ| ਪਾਤਰਾਂ ਦੇ ਮਨੋਭਾਵਾਂ ਨੂੰ ਸੂਖ਼ਮਤਾ ਨਾਲ ਚਿਤਰਣ ਵਿੱਚ ਬਲਵੰਤ ਗਾਰਗੀ ਪੰਜਾਬੀ ਦਾ ਪਹਿਲਾ ਨਾਟਕਕਾਰ ਹੈ ਜਿਸਨੇ ਆਪਣੇ ਨਾਟਕਾਂ ਵਿੱਚ ਚਿੰਨ੍ਹਾਤਮਕ ਸ਼ੈਲੀ ਦੀ ਵਰਤੋਂ ਕੀਤੀ| ਇਸ ਤੋਂ ਪੂਰਵ ਨੰਦਾ ਕਾਲ ਦਾ ਨਾਟਕ ਯਥਾਰਥਵਾਦੀ ਨਾਟ ਪਰੰਪਰਾ ਦਾ ਅਨੁਸਾਰੀ ਸੀ| ਬਲਵੰਤ ਗਾਰਗੀ ਨੇ ਚਿੰਨ੍ਹਾਂ ਦੀ ਵਰਤੋਂ ਰਾਹੀਂ ਪਾਤਰਾਂ ਦੇ ਧੁਰ ਅੰਦਰਲੇ ਨਾਲ ਦਰਸ਼ਕਾਂ ਦੀ ਸਾਂਝ ਪੁਆਉਣ ਦੀ ਕੋਸ਼ਿਸ਼ ਕੀਤੀ| ਪਾਤਰਾਂ ਦਾ ਮਨੋਵਿਸ਼ਲੇਸ਼ਣ ਕਰਨ ਵਿੱਚ ਚਿੰਨ੍ਹਾਂ ਦੀ ਵਰਤੋਂ ਕਾਰਗਰ ਸਿੱਧ ਹੁੰਦੀ ਹੈ| ਗਾਰਗੀ ਤੋਂ ਪਿਛੋਂ ਸੁਰਜੀਤ ਸਿੰਘ ਸੇਠੀ, ਕਪੂਰ ਸਿੰਘ ਘੁੰਮਣ ਨੇ ਇਸ ਸ਼ੈਲੀ ਦਾ ਹੋਰ ਵਧੇਰੇ ਪ੍ਰਯੋਗ ਵੱਡੀ ਪੱਧਰ 'ਤੇ ਕੀਤਾ| ਆਤਮਜੀਤ ਦੇ ਨਾਟਕਾਂ ਵਿੱਚ ਇਸ ਸ਼ੈਲੀ ਦਾ ਵਿਕਸਿਤ ਰੂਪ ਨਜ਼ਰ ਆਉਂਦਾ ਹੈ| ਪੰਜਾਬੀ ਨਾਟਕਕਾਰਾਂ ਨੇ ਚਿੰਨ੍ਹਾਂ ਦੀ ਵਰਤੋਂ ਪਾਤਰਾਂ ਦੀ ਸਥਿਤੀ ਨੂੰ ਰੂਪਮਾਨ ਕਰਨ ਲਈ ਕੀਤੀ ਹੈ| ਨਾਟਕ ਵਿੱਚ ਨਰੇਟਰ ਦੀ ਅਣਹੋਂਦ ਕਾਰਨ ਨਾਟਕਕਾਰ ਚਿੰਨ੍ਹਾਤਮਕ ਸ਼ੈਲੀ ਰਾਹੀਂ ਪਾਤਰਾਂ ਦੇ ਅੰਦਰੂਨੀ ਭਾਵਾਂ ਨੂੰ ਜ਼ਬਾਨ ਪ੍ਰਦਾਨ ਕਰਦਾ ਹੈ| ਲੋਹਾ ਕੁੱਟ ਨਾਟਕ ਵਿੱਚ ਸੰਤੀ ਦੇ ਅਤ੍ਰਿਪਤ ਭਾਵਾਂ ਦੀ ਪੇਸ਼ਕਾਰੀ ਅੱਗ ਦੇ ਚਿੰਨ੍ਹ ਰਾਹੀਂ ਮੂਰਤੀਮਾਨ ਹੋਈ ਹੈ| ਚਿੰਨ੍ਹਾਂ ਦੀ ਕਲਾਤਮਕਤਾ ਨੂੰ ਦਰਸਾਉਣ ਵਿੱਚ ਆਤਮਜੀਤ ਨੂੰ ਵਿਸ਼ੇਸ਼ ਮੁਹਾਰਤ ਹਾਸਿਲ ਹੈ| ਉਹਦੇ ਨਾਟਕਾਂ ਵਿੱਚ ਵਰਤੇ ਗਏ ਚਿੰਨ੍ਹ ਨਾਟਕੀ ਵਸਤ, ਸੰਵਾਦ ਅਤੇ ਸਥਿਤੀਆਂ ਵਿੱਚ ਪੂਰੀ ਤਰ੍ਹਾਂ ਰਲਗੱਡ ਹੋ ਕੇ ਸਾਰਥਕਤਾ ਗ੍ਰਹਿਣ ਕਰਦੇ ਹਨ| ਦਰਸ਼ਕ ਇਨ੍ਹਾਂ ਚਿੰਨ੍ਹਾਂ ਰਾਹੀਂ ਰਚਨਾ ਦੇ ਬਹੁਪਰਤੀ ਅਰਥਾਂ ਦੀ ਰਸਾਈ ਕਰਦਾ ਹੈ| ਪਾਲੀ ਭੁਪਿੰਦਰ ਦੇ ਨਾਟਕ ਉਸਨੂੰ ਕਹੀਂ ਅਤੇ ਤੁਹਾਨੂੰ ਕਿਹੜਾ ਰੰਗ ਪਸੰਦ ਹੈ ਚਿੰਨ੍ਹਾਤਮਕ ਸ਼ੈਲੀ ਵਿੱਚ ਰਚੇ ਗਏ ਨਾਟਕ ਹਨ| ਆਤਮਜੀਤ ਦੇ ਨਾਟਕ ਹਵਾ ਮਹਲ, ਦਾਇਰਾ ਤੇ ਸਲੀਬ, ਮੁਰਗੀਖਾਨਾ, ਫ਼ਰਸ਼ ਵਿੱਚ ਉਗਿਆ ਰੁੱਖ ਕਲਾਤਮਕ ਚਿੰਨ੍ਹਾਂ ਦੀ ਸਿਰਜਣ ਕਰਦੇ ਹਨ| ਫ਼ਰਸ਼ ਵਿੱਚ ਉਗਿਆ ਰੁੱਖ ਨਾਟਕ ਵਿੱਚ ਨਾਟਕ ਦਾ ਇੱਕ ਮਹੱਤਵਪੂਰਨ ਚਿੰਨ੍ਹ ਡਰਿਫ਼ਟ ਵੁੱਡ ਹੈ| ਮੰਚ ਉੱਤੇ ਡਰਾਇੰਗ ਰੂਮ ਵਿੱਚ ਸ਼ੋ ਪੀਸ ਦੇ ਰੂਪ ਵਿੱਚ ਪਈ ਇਹ ਡਰਿਫ਼ਟ ਵੁੱਡ ਦਰਸ਼ਕਾਂ ਦੀ ਉਤਸੁਕਤਾ ਜਗਾਉਂਦੀ ਹੈ| ਨਾਟਕ ਦੀ ਮੁੱਖ ਪਾਤਰ ਵੀਨਾ ਦੀ ਸਥਿਤੀ ਇਸ ਡਰਿਫ਼ਟ ਵੁੱਡ ਨਾਲ ਮੇਲ ਖਾਂਦੀ ਹੈ ਜਿੱਥੇ ਮਰਦ ਔਰਤ ਨੂੰ ਇੱਕ ਖੂਬਸੂਰਤ ਸ਼ੋ ਪੀਸ ਦੇ ਰੂਪ ਵਿੱਚ ਪ੍ਰਵਾਨ ਕਰਨਾ ਚਾਹੁੰਦਾ ਹੈ| ਜੀਉਂਦੇ ਜਾਗਦੇ, ਪਲਰਦੇ, ਝੂਮਦੇ ਰੁੱਖ ਦੇ ਰੂਪ ਵਿੱਚ ਨਹੀਂ| ਮਰਦ ਨੂੰ ਘਰ ਦੀ ਸਜਾਵਟ ਲਈ ਰੁੱਖ ਦੀ ਲੋੜ ਤਾਂ ਹੈ ਪਰ ਉਹ ਜੜ੍ਹੋਂ ਟੁੱਟਿਆ ਹੋਇਆ ਰੁੱਖ ਚਾਹੁੰਦਾ ਹੈ ਜਿਸ ਦੇ ਵਧਣ ਫੈਲਣ ਦੀ ਕੋਈ ਗੁੰਜਾਇਸ਼ ਨਾ ਹੋਵੇ| ਨਾਟਕ ਵਿੱਚ ਇਸ ਚਿੰਨ੍ਹ ਦੀ ਵਰਤੋਂ ਵਿਅੰਗਾਤਮਕ ਅਰਥਾਂ ਵਿੱਚ ਸਾਕਾਰ ਹੋ ਕੇ ਨਾਟਕ ਦੀ ਵਸਤ ਅਤੇ ਨਾਟਕ ਦੀਆਂ ਸਥਿਤੀਆਂ ਵਿੱਚੋਂ ਰੂਪਮਾਨ ਹੋ ਰਹੀ ਹੈ| ਆਤਮਜੀਤ ਨੇ ਇਸ ਚਿੰਨ੍ਹ ਰਾਹੀਂ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਭਾਰਤੀ ਸਮਾਜ ਵਿੱਚ ਔਰਤ ਦੀ ਸਥਿਤੀ ਘਰ ਦੇ ਡਰਾਇੰਗ ਰੂਮ ਵਿੱਚ ਪਈ ਮਹਿਜ਼ ਇੱਕ ਖੂਬਸੂਰਤ ਸ਼ੋ ਪੀਸ ਵਰਗੀ ਹੈ| ਚਿੰਨ੍ਹਾਂ ਦੀ ਕਲਾਤਮਕ ਵਰਤੋਂ ਕਰਨ ਤੋਂ ਮਗਰੋਂ ਜਦੋਂ ਨਾਟਕਕਾਰ ਉਨ੍ਹਾਂ ਚਿੰਨ੍ਹਾਂ ਨੂੰ ਖੋਲਣ ਦੀ ਕੋਸ਼ਿਸ਼ ਕਰਦਾ ਹੈ ਤਾਂ ਨਾਟਕ ਵਿਆਖਿਆ ਦੀ ਰੁਚੀ ਦਾ ਸ਼ਿਕਾਰ ਹੋ ਜਾਂਦਾ ਹੈ| ਚਿੰਨ੍ਹਾਂ ਦੀ ਵਰਤੋਂ ਉਦੋਂ ਹੀ ਸਫ਼ਲ ਸਮਝੀ ਜਾਂਦੀ ਹੈ ਜਦੋਂ ਨਾਟਕ ਵਿਚਲਾ ਸੰਦੇਸ਼, ਵਰਤੇ ਗਏ ਚਿੰਨ੍ਹ ਰਾਹੀਂ ਸਮੁੱਚੀਆਂ ਅਰਥ ਸੰਭਾਵਨਾਵਾਂ ਨੂੰ ਸਸ਼ਕਤ ਰੂਪ ਵਿੱਚ ਬਿਨਾਂ ਵਿਆਖਿਆ ਦੀ ਰੁਚੀ ਤੋਂ ਉਜਾਗਰ ਕਰੇ| ਪੰਜਾਬੀ ਨਾਟਕ ਵਿੱਚ ਚਿੰਨ੍ਹਾਂ ਦੀ ਵਰਤੋਂ ਦਾ ਬਹੁਤਾ ਸੰਦਰਭ ਪਾਤਰਾਂ ਦੇ ਸੰਵਾਦਾਂ ਰਾਹੀਂ ਜਾਂ ਮੰਚ ਸਮੱਗਰੀ ਰਾਹੀਂ ਰੂਪਮਾਨ ਹੁੰਦਾ ਨਜ਼ਰ ਆਉਂਦਾ ਹੈ| ਨਾਟਕੀ ਸਥਿਤੀਆਂ ਦੇ ਪ੍ਰਸੰਗ ਵਿੱਚ ਸਹਿਜ ਰੂਪ ਵਿੱਚ ਇਸ ਦੀ ਵਰਤੋਂ ਬਹੁਤ ਘੱਟ ਨਾਟਕਾਂ ਵਿੱਚ ਨਜ਼ਰੀ ਪੈਂਦੀ ਹੈ| ਪਾਲੀ ਭੁਪਿੰਦਰ ਦੇ ਨਾਟਕ ਉਸਨੂੰ ਕਹੀਂ ਵਿੱਚ ਨਾਟਕ ਦੇ ਅਖੀਰ ਵਿੱਚ ਆਤੂ ਦਾ ਖਿੜਕੀ ਖੁਲਵਾਉਣਾ ਖੂਬਸੂਰਤ ਚਿੰਨ੍ਹ ਦੀ ਵਰਤੋਂ ਦਾ ਪਰਿਪੇਖ ਸਿਰਜਦਾ ਹੈ| ਖਿੜਕੀ ਦਾ ਖੁਲ੍ਹਣਾ ਆਤੂ ਦਾ ਮਾਨਸਿਕ ਬੋਝ ਤੋਂ ਮੁਕਤ ਹੋਣ ਦੀ ਸਥਿਤੀ ਨੂੰ ਦਰਸਾਉਂਦਾ ਹੈ| ਚਿੰਨ੍ਹਾਤਮਕ ਸ਼ੈਲੀ ਵਿਚਾਰਾਂ ਨੂੰ ਪ੍ਰਗਟਾਉਣ ਦਾ ਪ੍ਰਭਾਵੀ ਤੇ ਕਲਾਤਮਕ ਮਾਧਿਅਮ ਹੈ| (ਸਹਾਇਕ ਗ੍ਰੰਥ -ਨਵਨਿੰਦਰਾ ਬਹਿਲ : ਨਾਟਕੀ ਸਾਹਿਤ)

ਪ੍ਰਦਰਸ਼ਨੀ ਕਲਾ

Performing art

ਨਾਟਕ ਦੇ ਲਿਖਤੀ ਪਾਠ ਦਾ ਮੰਚੀ ਸੰਦਰਭ ਪ੍ਰਦਰਸ਼ਨੀ ਕਲਾ ਦੇ ਅੰਤਰਗਤ ਆਉਂਦਾ ਹੈ ਪਰ ਲਿਖਤੀ ਟੈਕਸਟ ਤੋਂ ਇਸਦੀ ਪ੍ਰਕ੍ਰਿਤੀ ਬਿਲਕੁਲ ਵੱਖ ਹੁੰਦੀ ਹੈ| ਮੰਚ ਉੱਤੇ ਪੇਸ਼ ਹੋ ਰਹੇ ਕਾਰਜ ਅਤੇ ਗਤੀਵਿਧੀਆਂ ਰਾਹੀਂ ਹੋਣ ਵਾਲੇ ਅਰਥਾਂ ਦੇ ਸੰਚਾਰ ਪਿਛੇ ਨਾਟ-ਨਿਰਦੇਸ਼ਕ ਦੀ ਮੰਚੀ ਸੂਝ ਅਤੇ ਨਾਟ ਪ੍ਰਤਿਭਾ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ| ਲਿਖਤ ਵਿਚਲੇ ਸੰਕੇਤਾਂ ਨੂੰ ਵਿਸਤਾਰ ਦੇਣ ਵਿੱਚ ਅਤੇ ਸਮੁੱਚੇ ਨਾਟਕੀ ਕਾਰਜ ਨੂੰ ਵਿਧੀਵਤ ਢੰਗ ਨਾਲ ਕ੍ਰਮ ਤੇ ਤਰਤੀਬ ਦੇਣ ਵਿੱਚ ਹੀ ਨਿਰਦੇਸ਼ਕ ਦੀ ਨਿਰਦੇਸ਼ਕੀ ਸੂਝ ਦਾ ਅਹਿਸਾਸ ਹੁੰਦਾ ਹੈ| ਨਾਟਕੀ ਟੈਕਸਟ ਦਾ ਮੰਚ ਉੱਤੇ ਸਮੂਰਤੀਕਰਨ ਕਰਨ ਵੇਲੇ ਨਿਰਦੇਸ਼ਕ ਦੀ ਮੁੱਖ ਕੋਸ਼ਿਸ਼ ਰਚਨਾ ਦੇ ਬਹੁਪਰਤੀ ਅਰਥ ਸਾਕਾਰ ਕਰਨਾ ਹੁੰਦਾ ਹੈ| ਮੰਚ ਉੱਤੇ ਨਜ਼ਰ ਆ ਰਹੀ ਨਿੱਕੀ ਤੋਂ ਨਿੱਕੀ ਮੰਚ ਸਮੱਗਰੀ ਅਤੇ ਪਾਤਰਾਂ ਦੇ ਜੈਸਚਰ, ਚੇਸ਼ਟਾਵਾਂ ਤੇ ਸਰੀਰਕ ਭਾਸ਼ਾ ਰਾਹੀ ਉਤਪੰਨ ਹੋ ਰਿਹਾ ਹਰੇਕ ਅਰਥ ਦਰਸ਼ਕਾਂ ਲਈ ਸਾਰਥਕਤਾ ਦਾ ਪ੍ਰਸੰਗ ਸਿਰਜਨ ਵਾਲਾ ਹੁੰਦਾ ਹੈ, ਚਾਹੇ ਇਹ ਅਭਿਨੇਤਾ ਦੁਆਰਾ ਉਚਾਰੇ ਬੋਲਾਂ ਨਾਲ ਸੰਬੰਧਤ ਹੋਵੇ ਜਾਂ ਫੇਰ ਉਸਦੇ ਮੂਕ ਅਭਿਨੈ ਅਤੇ ਹਰਕਤਾਂ ਰਾਹੀਂ ਦ੍ਰਿਸ਼ਟੀਗੋਚਰ ਹੋਣ ਵਾਲਾ ਹੋਵੇ| ਸਮੇਂ ਅਤੇ ਸਥਾਨ ਵਿੱਚ ਵਾਪਰਨ ਵਾਲੀ ਹਰ ਗਤੀਵਿਧੀ ਪ੍ਰਦਰਸ਼ਨ ਦੇ ਜ਼ਰੀਏ ਹੀ ਅਰਥਾਂ ਦਾ ਸੰਚਾਰ ਕਰਨ ਵਿੱਚ ਦ੍ਰਿਸ਼ਟੀਗੋਚਰ ਹੁੰਦੀ ਹੈ| ਪ੍ਰਦਰਸ਼ਨੀ ਇੱਕ ਅਜਿਹਾ ਵਰਤਾਰਾ ਹੈ ਜਿਸ ਵਿੱਚ ਸਥਿਰਤਾ (Stabilty) ਦੇ ਅੰਸ਼ ਨਹੀਂ ਹੁੰਦੇ| ਇਹ ਕਲਾ ਵਰਤਮਾਨ ਵਿੱਚ ਵਾਪਰਦੀ ਹੈ| ਇਸੇ ਲਈ ਇੱਕ ਪੇਸ਼ਕਾਰੀ ਦਾ ਪ੍ਰਭਾਵ ਜ਼ਰੂਰੀ ਨਹੀਂ ਕਿ ਦੂਜੀ ਪੇਸ਼ਕਾਰੀ ਨਾਲ ਮੇਲ ਖਾਣ ਵਾਲਾ ਸਿੱਧ ਹੁੰਦਾ ਹੋਵੇ| ਪ੍ਰਦਰਸ਼ਨ ਦੀ ਕਿਸੀ ਵੀ ਪੇਸ਼ਕਾਰੀ ਨੂੰ ਸੰਪੂਰਨ ਨਹੀਂ ਮੰਨਿਆ ਜਾ ਸਕਦਾ| ਦ੍ਰਿਸ਼ ਦੀ ਕਲਾ ਦੇ ਇਹ ਅਜਿਹੇ ਤੱਤ ਹਨ ਜਿਹੜੇ ਇਸ ਨੂੰ ਸਾਹਿਤ ਦੇ ਦੂਜੇ ਰੂਪਾਂ ਤੋਂ ਭਿੰਨਤਾ ਪ੍ਰਦਾਨ ਕਰਦੇ ਹਨ| ਨਾਟਕ ਦੀ ਲਿਖਤੀ ਟੈਕਸਟ ਦਾ ਆਧਾਰ ਸ਼ਬਦ ਹੁੰਦੇ ਹਨ ਅਤੇ ਇਹ ਟੈਕਸਟ ਕਾਲ ਦੇ ਸੰਦਰਭ ਵਿੱਚ ਆਪਣੀ ਹੋਂਦ ਗ੍ਰਹਿਣ ਕਰਦੀ ਹੈ| ਇਸ ਨੂੰ ਪੜ੍ਹਨ ਅਤੇ ਸੁਣਨ ਵੇਲੇ ਪਾਠਕ ਦੇ ਮਨ ਉੱਤੇ ਇਸ ਦਾ ਮਾਨਸਿਕ ਬਿੰਬ ਉਭਰਦਾ ਹੈ| ਪ੍ਰਦਰਸ਼ਨੀ ਕਲਾ ਦੇ ਅੰਤਰਗਤ ਨਾਟ ਪਾਠ ਦੇ ਸੰਚਾਰ ਦਾ ਮਾਧਿਅਮ ਕੇਵਲ ਭਾਸ਼ਾ ਨਾ ਰਹਿ ਕੇ ਸਗੋਂ ਵਸਤੂ ਦਾ ਸਮੂਰਤੀਕਰਨ ਕਰਕੇ ਦਰਸ਼ਕਾਂ ਦੇ ਸਨਮੁੱਖ ਪੇਸ਼ ਕਰਨਾ ਹੁੰਦਾ ਹੈ| ਪ੍ਰਦਰਸ਼ਨੀ ਦਾ ਇਹ ਪਰਿਪੇਖ ਸਮੇਂ ਦੇ ਨਾਲ-ਨਾਲ ਸਥਾਨ ਨੂੰ ਵੀ ਕਲੇਵਰ ਵਿੱਚ ਲੈਂਦਾ ਹੈ| ਨਾਟਕੀ ਪਾਠ ਨਾਲੋਂ ਇਸ ਦੀ ਵੱਖਰਤਾ ਦ੍ਰਿਸ਼ਕ ਹੋਣ ਵਿੱਚ ਸਾਕਾਰ ਹੁੰਦੀ ਹੈ| ਪ੍ਰਦਰਸ਼ਨ ਦੀ ਕਲਾ ਰਾਹੀਂ ਮੰਚ ਉੱਤੇ ਸਾਕਾਰ ਹੋ ਰਿਹਾ ਯਥਾਰਥ ਅਸਲ ਯਥਾਰਥ ਨਾ ਹੋ ਕੇ ਯਥਾਰਥ ਦਾ ਚਿਹਨੀਕ੍ਰਿਤ ਰੂਪ ਹੁੰਦਾ ਹੈ| (ਸਹਾਇਕ ਗ੍ਰੰਥ -ਹਰਚਰਨ ਸਿੰਘ : ਨਾਟਕ ਕਲਾ ਅਤੇ ਹੋਰ ਲੇਖ; ਰਤਨ ਸਿੰਘ ਜੱਗੀ (ਸੰਪਾ.) : ਸਾਹਿਤ ਕੋਸ਼)

ਪ੍ਰਯੋਗਵਾਦੀ ਨਾਟਕ

Experimental theatre

ਵੀਹਵੀਂ ਸਦੀ ਦੇ ਛੇਵੇਂ ਅਤੇ ਸਤਵੇਂ ਦਹਾਕੇ ਵਿੱਚ ਪੰਜਾਬੀ ਨਾਟਕ ਵਿੱਚ ਵਿਸ਼ੇ ਅਤੇ ਸ਼ਿਲਪ ਪੱਖੋਂ ਨਵੇਂ ਰੁਝਾਨਾਂ ਦੀ ਗੱਲ ਸਾਹਮਣੇ ਆਈ| ਪ੍ਰਯੋਗਵਾਦੀ ਨਾਟਕ ਦਾ ਸੰਬੰਧ ਨਵੀਨਤਾ ਦੇ ਇਸੇ ਸੰਕਲਪ ਨਾਲ ਜੁੜਿਆ ਹੋਇਆ ਹੈ| ਇਸ ਦੌਰ ਦੇ ਪ੍ਰਮੁੱਖ ਨਾਟਕਕਾਰ ਕਪੂਰ ਸਿੰਘ ਘੁੰਮਣ ਅਤੇ ਸੁਰਜੀਤ ਸਿੰਘ ਸੇਠੀ ਹਨ| ਇਸ ਤੋਂ ਪਹਿਲਾਂ ਸੰਤ ਸਿੰਘ ਸੇਖੋਂ ਨੇ ਬਾਬਾ ਬੋਹੜ ਇਕਾਂਗੀ ਵਿੱਚ ਨਵੇਂ ਪ੍ਰਯੋਗਾਂ ਦੀ ਸ਼ੁਰੂਆਤ ਕਰ ਦਿੱਤੀ ਸੀ| ਇਸ ਵਿੱਚ ਬੋਹੜ ਸਮੇਂ ਦਾ ਰੋਲ ਨਿਭਾਉਣ ਵਾਲਾ ਅਜਿਹਾ ਪਾਤਰ ਹੈ ਜਿਹੜਾ ਦਰਸ਼ਕਾਂ ਨੂੰ ਬੀਤੇ ਸਮੇਂ ਦੀਆਂ ਘਟਨਾਵਾਂ ਸੁਣਾਉਂਦਾ ਹੈ| ਇਉਂ ਨਿਰਜੀਵ ਵਸਤਾਂ ਦਾ ਮਾਨਵੀਕਰਨ ਕਰਨ ਦਾ ਨਵਾਂ ਪ੍ਰਯੋਗ ਸੇਖੋਂ ਨੇ ਆਪਣੇ ਇਸ ਨਾਟਕ ਵਿੱਚ ਕੀਤਾ| ਬਲਵੰਤ ਗਾਰਗੀ ਦੇ ਨਾਟਕਾਂ ਵਿੱਚ ਸ਼ਿਲਪ ਅਤੇ ਰੰਗ ਮੰਚ ਪੱਖੋਂ ਨਵੇਂ ਪ੍ਰਯੋਗਾਂ ਦੀ ਵੰਨਸੁਵੰਨਤਾ ਨਜ਼ਰ ਆਉਂਦੀ ਹੈ| ਸੁਲਤਾਨ ਰਜ਼ੀਆ ਉਸ ਦਾ ਇਸ ਪੱਖੋਂ ਪ੍ਰਯੋਗਵਾਦੀ ਨਾਟਕ ਹੈ| ਕਪੂਰ ਸਿੰਘ ਘੁੰਮਣ ਦੇ ਮੁੱਢਲੇ ਨਾਟਕ ਭਾਵੇਂ ਰਵਾਇਤੀ ਵਿਸ਼ਿਆਂ ਤੇ ਪਰੰਪਰਾਗਤ ਸ਼ੈਲੀ ਨਾਲ ਸੰਬੰਧਤ ਸਨ ਪਰ ਇਸ ਦੌਰ ਵਿੱਚ ਲਿਖੇ ਨਾਟਕਾਂ ਵਿੱਚ ਉਸਨੇ ਮਨੁੱਖੀ ਮਨੋਗੁੰਝਲਾਂ ਤੇ ਮਨੋਵਿਗਿਆਨ ਨੂੰ ਮੰਚ ਉੱਤੇ ਦਰਸਾਉਣ ਲਈ ਛਾਇਆ ਨਾਟ, ਪੁਤਲੀ ਨਾਟ ਅਤੇ ਮੂਕ ਅਭਿਨੈ ਦੀ ਵਿਧੀ ਨੂੰ ਬੜੇ ਕਾਰਗਰ ਢੰਗ ਨਾਲ ਨਿਭਾਇਆ ਹੈ| ਜਿਊਂਦੀ ਲਾਸ਼ ਉਸ ਦਾ ਇੱਕ ਪ੍ਰਯੋਗਵਾਦੀ ਨਾਟਕ ਹੈ ਜਿਸ ਵਿੱਚ ਮਨੁੱਖੀ ਹੱਡੀਆਂ ਦੇ ਪਿੰਜਰ ਨੂੰ ਪਿਛੋਕੜ ਵਿੱਚ ਦਰਸਾ ਕੇ ਵਿੱਲਖਣ ਕਿਸਮ ਦਾ ਪ੍ਰਭਾਵ ਸਿਰਜਨ ਦੀ ਕੋਸ਼ਿਸ਼ ਕੀਤੀ ਗਈ ਹੈ| ਜ਼ਿੰਦਗੀ ਤੋਂ ਦੂਰ ਨਾਟਕ ਵਿੱਚ ਉਸ ਨੇ ਜਾਨਵਰ ਪਾਤਰਾਂ ਨੂੰ ਮੰਚ ਉੱਤੇ ਲਿਆਉਣ ਦਾ ਨਵਾਂ ਪ੍ਰਯੋਗ ਕੀਤਾ ਹੈ| ਇਸ ਵਿੱਚ ਪ੍ਰਤੀਨਾਇਕ ਪਾਤਰ ਦੀ ਸਿਰਜਨਾ ਕਰਕੇ ਉਸ ਨੇ ਮੰਚ ਪੇਸ਼ਕਾਰੀ ਪੱਖੋਂ ਨਵਾਂ ਤਜਰਬਾ ਕੀਤਾ| ਇਹ ਪਾਤਰ ਅਸਲ ਪਾਤਰਾਂ ਦੀ ਮਾਨਸਿਕਤਾ ਨੂੰ ਉਜਾਗਰ ਕਰਨ ਵਿੱਚ ਬੜਾ ਪ੍ਰਭਾਵਸ਼ਾਲੀ ਪਾਤਰ ਹੈ| ਇਸ ਨਾਟਕ ਦੀ ਨਿਰਦੇਸ਼ਨਾ ਕਪੂਰ ਸਿੰਘ ਘੁੰਮਣ ਨੇ ਆਪ ਕੀਤੀ ਸੀ| ਘੁੰਮਣ ਨੇ ਮੰਚ ਪੱਖੋਂ ਹਰ ਨਵਾਂ ਪ੍ਰਯੋਗ ਕੀਤਾ ਜਿਸ ਸਦਕਾ ਪੰਜਾਬੀ ਨਾਟਕ ਦੀਆਂ ਅਭਿਨੈ ਅਤੇ ਪੇਸ਼ਕਾਰੀ ਪੱਖੋਂ ਨਵੀਆਂ ਸੰਭਾਵਨਾਵਾਂ ਉਜਾਗਰ ਹੋਈਆਂ| ਪ੍ਰਯੋਗਵਾਦੀ ਰੁਚੀ ਦਾ ਇਹ ਰੁਝਾਨ ਸੁਰਜੀਤ ਸਿੰਘ ਸੇਠੀ ਦੇ ਨਾਟਕਾਂ ਵਿੱਚ ਵੀ ਵੱਡੀ ਪੱਧਰ 'ਤੇ ਦ੍ਰਿਸ਼ਟੀਗੋਚਰ ਹੁੰਦਾ ਹੈ| ਪੱਛਮ ਦੀਆਂ ਨਾਟ ਸ਼ੈਲੀਆਂ ਦਾ ਪ੍ਰਭਾਵ ਕਬੂਲਣ ਵਿੱਚ ਸੁਰਜੀਤ ਸਿੰਘ ਸੇਠੀ ਮੋਹਰੀ ਨਾਟਕਕਾਰ ਹੈ| ਐਬਸਰਡ ਨਾਟ-ਸ਼ੈਲੀ ਦਾ ਕਲਾਤਮਕ ਪ੍ਰਯੋਗ ਕਰਨ ਵਿੱਚ ਸੇਠੀ ਦੀ ਭੂਮਿਕਾ ਮਹੱਤਵਪੂਰਨ ਹੈ| ਉਸ ਦੇ ਨਾਟਕ ਕਿੰਗ, ਮਿਰਜ਼ਾ ਤੇ ਸਪੇਰਾ, ਭਰਿਆ ਭਰਿਆ ਸੱਖਣਾ ਸੱਖਣਾ, ਇਹ ਜ਼ਿੰਦਗੀ ਹੈ ਦੋਸਤੋ ਵਿਸ਼ੇ, ਤਕਨੀਕ ਅਤੇ ਮੰਚ ਪੱਖੋਂ ਪ੍ਰਯੋਗਵਾਦੀ ਨਾਟਕ ਹਨ| ਭਰਿਆ ਭਰਿਆ ਸੱਖਣਾ ਸੱਖਣਾ ਨਾਟਕ ਵਿੱਚ ਨਾਟਕਕਾਰ ਨੇ ਸਮਾਜ ਦੀ ਮੱਧਵਰਗੀ ਸ਼੍ਰੇਣੀ ਤੇ ਕਾਟਵਾਂ ਵਿਅੰਗ ਕੀਤਾ ਹੈ| ਸਮਾਜ ਦਾ ਇਹ ਵਰਗ ਬਾਹਰੋਂ ਦੇਖਣ ਨੂੰ ਬੜਾ ਭਰਪੂਰ ਤੇ ਖੁਸ਼ਹਾਲ ਲੱਗਦਾ ਹੈ ਜਦਕਿ ਵਾਸਤਵਿਕਤਾ ਇਹ ਹੈ ਕਿ ਇਸ ਵਰਗ ਦਾ ਜੀਵਨ ਜੀਉਣ ਦਾ ਢੰਗ ਬਿਲਕੁਲ ਖੋਖਲਾ ਤੇ ਅਕਾਊ ਕਿਸਮ ਦਾ ਹੈ| ਨਾਟਕ ਦਾ ਹਰੇਕ ਪਾਤਰ ਜਿੰਦਗੀ ਤੋਂ ਅੱਕ ਥੱਕ ਕੇ ਜ਼ਿੰਦਗੀ ਜੀਉਂ ਰਿਹਾ ਹੈ| ਨਾਟਕਕਾਰ ਨੇ ਵਿਸ਼ੇ ਦੀ ਪੇਸ਼ਕਾਰੀ ਲਈ ਨਵੀਂ ਤਕਨੀਕ ਦੀ ਵਰਤੋਂ ਕੀਤੀ ਹੈ| ਇਸੇ ਤਰ੍ਹਾਂ ਕਿੰਗ ਮਿਰਜ਼ਾ ਤੇ ਸਪੇਰਾ ਉਸ ਦਾ ਇੱਕ ਹੋਰ ਪ੍ਰਯੋਗਵਾਦੀ ਨਾਟਕ ਹੈ ਜਿਸ ਵਿੱਚ ਉਸ ਨੇ ਐਬਸਰਡ ਥੀਏਟਰ ਦੀ ਧਾਰਨਾ ਨੂੰ ਪੇਸ਼ ਕੀਤਾ ਹੈ| ਮਰਦ ਮਰਦ ਨਹੀਂ ਤੀਵੀਂ ਤੀਵੀਂ ਨਹੀਂ ਵਿੱਚ ਹਵਾਈ ਜਹਾਜ ਦੇ ਹਾਦਸੇ ਤੋਂ ਬਚੇ ਦੋ ਅਜਨਬੀ ਪਾਤਰ ਹਨ ਜਿਹੜੇ ਬੜੇ ਗੰਭੀਰ ਮਸਲਿਆਂ ਉੱਤੇ ਗੱਲਬਾਤ ਕਰਦੇ ਹਨ| ਪੂਰਾ ਨਾਟਕ ਇਨ੍ਹਾਂ ਦੋ ਪਾਤਰਾਂ ਦੀ ਗੱਲਬਾਤ ਰਾਹੀਂ ਅੱਗੇ ਵਧਦਾ ਹੈ| ਨਾਟਕ ਵਿੱਚ ਪਾਤਰਾਂ ਦੀ ਗਿਣਤੀ ਕੇਵਲ ਦੋ ਹੈ| ਇਹ ਜ਼ਿੰਦਗੀ ਹੈ ਦੋਸਤੋ ਵੀ ਉਸ ਦਾ ਐਬਸਰਡ ਸ਼ੈਲੀ ਵਿੱਚ ਲਿਖਿਆ ਨਾਟਕ ਹੈ| ਸੁਰਜੀਤ ਸਿੰਘ ਸੇਠੀ ਨੇ ਆਪਣੇ ਹਰੇਕ ਨਾਟਕ ਵਿੱਚ ਰੋਸ਼ਨੀਆਂ ਤੇ ਸੰਗੀਤ ਦੀ ਕਲਾਮਈ ਵਰਤੋਂ ਰਾਹੀਂ ਨਵਾਂ ਪ੍ਰਭਾਵ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ| ਸੇਠੀ ਨੇ ਕੇਵਲ ਸ਼ਿਲਪ ਪੱਖੋਂ ਹੀ ਨਵੇਂ ਪ੍ਰਯੋਗ ਨਹੀਂ ਕੀਤੇ ਸਗੋਂ ਵਿਸ਼ੇ ਪੱਖੋਂ ਵੀ ਦਲੇਰ ਕਿਸਮ ਦੇ ਵਿਸ਼ਿਆਂ ਦੀ ਪੇਸ਼ਕਾਰੀ ਕੀਤੀ| ਮਹਾਂਨਗਰੀ ਜੀਵਨ ਦੇ ਪਾਜਾਂ ਨੂੰ ਨਿਧੜਕ ਹੋ ਕੇ ਉਘਾੜਨ ਵਿੱਚ ਵੀ ਸੇਠੀ ਦੇ ਨਾਟਕਾਂ ਨੂੰ ਪ੍ਰਯੋਗਵਾਦੀ ਨਾਟਕਾਂ ਦੇ ਅੰਤਰਗਤ ਰੱਖਿਆ ਜਾਂਦਾ ਹੈ| ਜੀਵਨ ਦੀਆਂ ਵਿਸੰਗਤੀਆਂ ਤੇ ਵਰਜਿਤ ਵਿਸ਼ਿਆਂ ਨੂੰ ਕਲਾਤਮਕ ਢੰਗ ਨਾਲ ਪੇਸ਼ ਕਰਨ ਵਿੱਚ ਸੇਠੀ ਦੀ ਪ੍ਰਯੋਗਵਾਦੀ ਰੁਚੀ ਅਹਿਮ ਸਿੱਧ ਹੁੰਦੀ ਹੈ| ਪੈਬਲ ਬੀਚ ਤੇ ਲੌਂਗ ਗੁਆਚਾ ਦੇ ਸਾਰੇ ਨਾਟਕ ਵਿਸ਼ੇ ਅਤੇ ਸ਼ਿਲਪ ਪੱਖੋਂ ਵਿਲੱਖਣਤਾ ਦੇ ਧਾਰਨੀ ਹਨ ਜਿਨ੍ਹਾਂ ਦੀ ਪੇਸ਼ਕਾਰੀ ਲਈ ਹੰਢੇ ਵਰਤੇ ਕਲਾਕਾਰਾਂ ਅਤੇ ਸੂਝਵਾਨ ਨਿਰਦੇਸ਼ਕਾਂ ਦੀ ਲੋੜ ਜ਼ਰੂਰੀ ਜਾਪਦੀ ਹੈ| ਗੁਰਦਿਆਲ ਸਿੰਘ ਫੁੱਲ ਨੇ ਧਾਰਮਕ ਨਾਟਕਾਂ ਦੀ ਪ੍ਰਦਰਸ਼ਨੀ ਵੇਲੇ ਨਾਇਕ ਨੂੰ ਮੰਚ ਉੱਤੇ ਲਿਆਉਣ ਤੋਂ ਬਿਨਾਂ ਦਰਸ਼ਕਾਂ ਨੂੰ ਨਾਇਕ ਦਾ ਭਰਪੂਰ ਅਹਿਸਾਸ ਦਿਵਾਉਣ ਦਾ ਨਵਾਂ ਪ੍ਰਯੋਗ ਕੀਤਾ| ਇਸੇ ਵਿਧੀ ਦਾ ਅਨੁਸਰਨ ਕਰਦਿਆਂ ਧਾਰਮਿਕ ਨਾਟਕਾਂ ਵਿੱਚ ਸਿੱਖ ਗੁਰੂਆਂ ਦੀ ਹੋਂਦ ਨੂੰ ਰੋਸ਼ਨੀਆਂ ਦੇ ਪ੍ਰਯੋਗ ਰਾਹੀਂ ਜਾਂ ਸ਼ਬਦ ਗਾਇਨ ਦੇ ਪ੍ਰਭਾਵ ਰਾਹੀਂ ਸਿਰਜਨ ਦੀ ਜੁਗਤ ਵੱਖ-ਵੱਖ ਨਾਟਕਕਾਰਾਂ ਵੱਲੋਂ ਅਪਣਾਈ ਗਈ| ਆਤਮਜੀਤ ਨੇ ਵੀ ਰੰਗਮੰਚ ਤੇ ਨਾਟਕ ਦੇ ਖੇਤਰ ਵਿੱਚ ਵਿਲੱਖਣ ਕਿਸਮ ਦੇ ਪ੍ਰਯੋਗਾਂ ਰਾਹੀਂ ਪੰਜਾਬੀ ਨਾਟਕ ਨੂੰ ਵੱਥ ਅਤੇ ਕੱਥ ਪੱਖੋਂ ਅਮੀਰ ਕੀਤਾ ਹੈ| ਸਮਕਾਲੀ ਜੀਵਨ ਦੀਆਂ ਵਿਸੰਗਤੀਆਂ ਨੂੰ ਪ੍ਰਤੀਕਾਤਮਕ ਸ਼ੈਲੀ ਵਿੱਚ ਪੇਸ਼ ਕਰਨ ਵਾਲੇ ਉਸ ਦੇ ਪ੍ਰਮੁੱਖ ਨਾਟਕ ਚਾਬੀਆਂ, ਮੁਰਗੀਖਾਨਾ, ਸਾਢੇ ਤਿੰਨ ਲੱਤਾਂ ਵਾਲਾ ਮੇਜ਼, ਫ਼ਰਸ਼ ਵਿੱਚ ਉਗਿਆ ਰੁੱਖ ਅਤੇ ਸ਼ਹਿਰ ਬੀਮਾਰ ਹੈ ਹਨ| ਪੁਰਾਤਨ ਮਿੱਥ ਨੂੰ ਅਜੋਕੇ ਸੰਦਰਭ ਵਿੱਚ ਪੇਸ਼ ਕਰਨ ਵਾਲਾ ਉਸ ਦਾ ਇੱਕ ਹੋਰ ਨਾਟਕ ਪੂਰਨ ਹੈ| ਅਜਮੇਰ ਔਲਖ, ਚਰਨ ਦਾਸ ਸਿਧੂ, ਸਵਰਾਜਬੀਰ, ਪਾਲੀ ਭੁਪਿੰਦਰ ਅਜੋਕੀ ਪੀੜ੍ਹੀ ਦੇ ਅਜਿਹੇ ਨਾਟਕਕਾਰ ਹਨ ਜਿਨ੍ਹਾਂ ਦੇ ਵਿਸ਼ੇ ਤੇ ਰੂਪ ਪੱਖੋਂ ਨਵੇਂ ਪ੍ਰਯੋਗਾਂ ਨੇ ਪੰਜਾਬੀ ਨਾਟਕ ਤੇ ਰੰਗਮੰਚ ਦੀਆਂ ਨਵੀਆਂ ਉਮੀਦਾਂ ਜਗਾਈਆਂ ਹਨ| (ਸਹਾਇਕ ਗ੍ਰੰਥ - ਪਾਲੀ ਭੁਪਿੰਦਰ ਸਿੰਘ : ਨਾਟਕ ਅਤੇ ਨਾਟ ਚਿੰਤਨ)

ਪ੍ਰਿਥਵੀ ਥੀਏਟਰ

Prithvi Theatre

ਇਸ ਥੀਏਟਰ ਦਾ ਨਿਰਮਾਤਾ ਪ੍ਰਿਥਵੀ ਰਾਜ ਕਪੂਰ ਸੀ| ਇਸ ਦਾ ਨਿਰਮਾਣ ਵੀਹਵੀਂ ਸਦੀ ਦੇ ਪੰਜਵੇਂ ਦਹਾਕੇ ਵਿੱਚ ਹੋਇਆ| ਇਸ ਥੀਏਟਰ ਨੂੰ ਬਣਾਉਣ ਤੇ ਵਿਕਸਿਤ ਕਰਨ ਦਾ ਪੂਰਾ ਸ਼੍ਰੇ ਪ੍ਰਿਥਵੀ ਰਾਜ ਕਪੂਰ ਨੂੰ ਜਾਂਦਾ ਹੈ| ਇਸ ਥੀਏਟਰ ਰਾਹੀਂ ਖੇਡੇ ਜਾਣ ਵਾਲੇ ਨਾਟਕਾਂ ਵਿੱਚ ਪ੍ਰਮੁੱਖ ਨਾਟਕ ਸ਼ਕੁੰਤਲਾ, ਦੀਵਾਰ, ਪਠਾਣ, ਗੱਦਾਰ ਅਤੇ ਆਹੂਤੀ ਹਨ| ਸਭ ਤੋਂ ਪਹਿਲਾ ਖੇਡਿਆ ਜਾਣ ਵਾਲਾ ਨਾਟਕ ਕਾਲੀਦਾਸ ਦਾ ਸ਼ਕੁੰਤਲਾ ਸੀ ਜਿਸ ਵਿੱਚ ਪ੍ਰਿਥਵੀ ਰਾਜ ਕਪੂਰ ਨੇ ਦੁਸ਼ਅੰਤ ਦੀ ਭੂਮਿਕਾ ਆਪ ਨਿਭਾਈ ਸੀ| ਇਸ ਨਾਟਕ ਨੂੰ ਯਥਾਰਥਕ ਰੰਗਣ ਪ੍ਰਦਾਨ ਕਰਨ ਲਈ ਲੋੜੋਂ ਵੱਧ ਤਸਵੀਰਾਂ ਤੇ ਮੰਚੀ ਸਮੱਗਰੀ ਨਾਲ ਮੰਚ ਸੱਜਾ ਨੂੰ ਬੋਝਲ ਕਰ ਦਿੱਤਾ ਗਿਆ| ਸਿੱਟੇ ਵਜੋਂ ਨਾਟਕ ਦੀ ਪੇਸ਼ਕਾਰੀ ਅਸਫ਼ਲ ਰਹੀ| ਪਠਾਣ ਨਾਟਕ ਦੀ ਪੇਸ਼ਕਾਰੀ ਵਿੱਚ ਪ੍ਰਿਥਵੀ ਰਾਜ ਕਪੂਰ ਨੂੰ ਉੱਚ ਪੱਧਰੀ ਸਫ਼ਲਤਾ ਹਾਸਲ ਹੋਈ| ਤੱਤਕਾਲੀ ਸਮੇਂ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਹਿੰਦੂ-ਮੁਸਲਮ ਭਾਈਚਾਰੇ ਨਾਲ ਸੰਬੰਧਤ ਵਿਸ਼ਿਆਂ ਨੂੰ ਲੈ ਕੇ ਵੀ ਨਾਟਕ ਖੇਡੇ ਗਏ ਜਿਨ੍ਹਾਂ ਵਿੱਚ ਪ੍ਰਿਥਵੀ ਰਾਜ ਕਪੂਰ ਨੇ ਜੀਵਨ ਦੀ ਵਿਸ਼ਾਲਤਾ ਨੂੰ ਵੱਡਅਕਾਰੀ ਰੂਪ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ| ਇਸ ਥੀਏਟਰ ਰਾਹੀਂ ਪੇਸ਼ ਹੋਣ ਵਾਲੀਆਂ ਪ੍ਰਦਰਸ਼ਨੀਆਂ ਵਿੱਚ ਪ੍ਰਿਥਵੀ ਰਾਜ ਦੀ ਛਾਪ ਸਪਸ਼ੱਟ ਰੂਪ ਵਿੱਚ ਨਜ਼ਰ ਆਉਂਦੀ ਸੀ ਕਿਉਂਕਿ ਨਾਟਕਾਂ ਦਾ ਨਿਰਦੇਸ਼ਨ ਪ੍ਰਿਥਵੀ ਰਾਜ ਕਪੂਰ ਖ਼ੁਦ ਕਰਦਾ ਸੀ ਤੇ ਇਨ੍ਹਾਂ ਨਾਟਕਾਂ ਵਿੱਚ ਪੇਸ਼ ਹੋਣ ਵਾਲੇ ਅਦਾਕਾਰ ਪ੍ਰਿਥਵੀ ਰਾਜ ਦੀ ਤਰ੍ਹਾਂ ਅਭਿਨੈ ਕਰਨ ਦੀ ਕੋਸ਼ਿਸ਼ ਕਰਦੇ ਸਨ| ਪਠਾਣ ਨਾਟਕ ਵਿੱਚ ਪ੍ਰਿਥਵੀ ਰਾਜ ਨੇ ਚੌਦਾਂ ਸਾਲ ਤੱਕ ਲਗਾਤਾਰ ਪਠਾਣ ਪਾਤਰ ਦੀ ਭੂਮਿਕਾ ਨਿਭਾਈ| ਇਸ ਥੀਏਟਰ ਵਿੱਚ ਖੇਡੇ ਜਾਣ ਵਾਲੇ ਨਾਟਕਾਂ ਦੇ ਕਿਰਦਾਰ ਪ੍ਰਿਥਵੀ ਰਾਜ ਨੂੰ ਧਿਆਨ ਵਿੱਚ ਰੱਖ ਕੇ ਲਿਖੇ ਜਾਂਦੇ ਸਨ| ਸਿੱਟੇ ਵਜੋਂ ਬਾਕੀ ਦੇ ਪਾਤਰਾਂ ਦੀ ਸ਼ਖਸੀਅਤ ਪ੍ਰਿਥਵੀ ਰਾਜ ਦੇ ਮੁਕਾਬਲੇ ਗੌਣ ਰੂਪ ਵਿੱਚ ਪੇਸ਼ ਹੁੰਦੀ ਸੀ| ਇਨ੍ਹਾਂ ਨਾਟਕਾਂ ਦਾ ਪ੍ਰਦਰਸ਼ਨ ਬੰਬਈ ਦੇ ਓਪੇਰਾ ਹਾਊਸ ਵਿੱਚ ਕੀਤਾ ਜਾਂਦਾ ਸੀ ਜਿਸਦੇ ਲਈ ਬਕਾਇਦਾ ਕਿਰਾਏ ਦੀ ਅਦਾਇਗੀ ਕਰਨੀ ਪੈਂਦੀ ਸੀ| ਨਾਟਕਾਂ ਦੀ ਪੇਸ਼ਕਾਰੀ ਭਾਰੀ ਮੰਚ ਸਮੱਗਰੀ ਤਹਿਤ ਕੀਤੀ ਜਾਂਦੀ ਸੀ| ਨਾਟਕ ਖਤਮ ਹੋਣ 'ਤੇ ਦਰਸ਼ਕਾਂ ਤੋਂ ਉਮੀਦ ਕੀਤੀ ਜਾਂਦੀ ਸੀ ਕਿ ਉਹ ਆਪਣੀ ਇੱਛਾ ਅਨੁਸਾਰ ਕੁਝ ਨਾ ਕੁਝ ਦਾਨ ਰਾਸ਼ੀ ਦੇ ਕੇ ਜਾਣ| ਨਾਟਕ ਦੀ ਪ੍ਰਦਰਸ਼ਨੀ ਦੌਰਾਨ ਪੂਰਨ ਸ਼ਾਂਤੀ ਦੀ ਮੰਗ ਕੀਤੀ ਜਾਂਦੀ ਸੀ; ਇੱਥੋਂ ਤੱਕ ਕਿ ਪੱਖੇ ਵੀ ਬੰਦ ਕਰਾ ਦਿੱਤੇ ਜਾਂਦੇ ਸਨ ਤਾਂ ਜੋ ਅਭਿਨੇਤਾ ਪੂਰੀ ਇਕਾਗਰਤਾ ਨਾਲ ਆਪਣੇ ਰੋਲ ਨੂੰ ਨਿਭਾਅ ਸਕਣ ਅਤੇ ਉਨ੍ਹਾਂ ਦੀ ਬਿਰਤੀ ਕਿਸੇ ਵੀ ਢੰਗ ਨਾਲ ਖੰਡਿਤ ਨਾ ਹੋਵੇ| ਦਰਸ਼ਕਾਂ ਵਲੋਂ ਕੀਤੇ ਜਾਂਦੇ ਸ਼ੋਰ ਸ਼ਰਾਬੇ ਨੂੰ ਬਰਦਾਸ਼ਤ ਨਹੀਂ ਸੀ ਕੀਤਾ ਜਾਂਦਾ| ਪ੍ਰਿਥਵੀ ਰਾਜ ਕਪੂਰ ਨੇ ਪੂਰੀ ਮਿਹਨਤ ਤੇ ਵਚਨਬੱਧਤਾ ਨਾਲ ਥੀਏਟਰ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਨਿਭਾਇਆ| ਹਿੰਦੀ ਵਿੱਚ ਪਾਰਸੀ ਥੀਏਟਰ ਦੀ ਪਰੰਪਰਾ ਨੂੰ ਅੱਗੇ ਤੋਰਨ ਦਾ ਸਿਹਰਾ ਪ੍ਰਿਥਵੀ ਰਾਜ ਕਪੂਰ ਦੇ ਸਿਰ ਤੇ ਬੱਝਦਾ ਹੈ| ਉਸ ਨੇ ਆਪਣੇ ਨਾਟਕਾਂ ਵਿੱਚ ਲੰਮੇ ਸਮੇਂ ਤੱਕ ਨਾਇਕ ਦੀ ਭੂਮਿਕਾ ਨਿਭਾਈ| 1960 ਵਿੱਚ ਪ੍ਰਿਥਵੀ ਰਾਜ ਕਪੂਰ ਦੀ ਖ਼ਰਾਬ ਸਿਹਤ ਕਾਰਨ ਉਸ ਨੇ ਇਸ ਥੀਏਟਰ ਨੂੰ ਬੰਦ ਕਰ ਦਿੱਤਾ| ਥੀਏਟਰ ਦੀ ਪਰੰਪਰਾ ਵਿੱਚ ਪ੍ਰਿਥਵੀ ਥੀਏਟਰ ਦੀ ਭੂਮਿਕਾ ਨੂੰ ਮਨਫ਼ੀ ਨਹੀਂ ਕੀਤਾ ਜਾ ਸਕਦਾ| (ਸਹਾਇਕ ਗ੍ਰੰਥ : - ਬਲਵੰਤ ਗਾਰਗੀ : ਰੰਗਮੰਚ)

ਪ੍ਰੋਸੀਨੀਅਮ ਥੀਏਟਰ

Proscenium theatre

ਮੰਚੀ ਪ੍ਰਦਰਸ਼ਨੀ ਲਈ ਵਰਤੀ ਜਾਂਦੇ ਥੀਏਟਰ ਨੂੰ ਪ੍ਰੋਸੀਨੀਅਮ ਥੀਏਟਰ ਕਿਹਾ ਜਾਂਦਾ ਹੈ| ਪ੍ਰੋਸੀਨੀਅਮ ਥੀਏਟਰ ਤੋਂ ਭਾਵ ਥੀਏਟਰ ਦੇ ਅਜਿਹੇ ਸੰਕਲਪ ਤੋਂ ਹੈ ਜਿੱਥੇ ਹਾਲ ਕਮਰੇ ਵਿੱਚ ਇੱਕ ਪਾਸੇ ਉੱਚਾ ਥੜਾ ਬਣਿਆ ਹੁੰਦਾ ਹੈ ਜਿਸ ਉੱਤੇ ਅਭਿਨੇਤਾ ਦਰਸ਼ਕਾਂ ਦੇ ਸਨਮੁੱਖ ਅਦਾਕਾਰੀ ਕਰਦੇ ਹਨ| ਥੜ੍ਹੇ ਦੇ ਸਾਹਮਣੇ ਦਰਸ਼ਕਾਂ ਦੇ ਬੈਠਣ ਲਈ ਵਿਸ਼ੇਸ਼ ਤਰਤੀਬ ਵਿੱਚ ਸੀਟਾਂ ਲੱਗੀਆਂ ਹੁੰਦੀਆਂ ਹਨ| ਆਮ ਤੌਰ 'ਤੇ ਅਜਿਹੇ ਥੀਏਟਰ ਵਿੱਚ ਹੀ ਨਾਟਕ ਦੀ ਪੇਸ਼ਕਾਰੀ ਹੁੰਦੀ ਹੈ| ਇਸੇ ਥੀਏਟਰ ਨੂੰ ਪ੍ਰੋਸੀਨੀਅਮ ਥੀਏਟਰ ਦਾ ਨਾਂ ਦਿੱਤਾ ਜਾਂਦਾ ਹੈ| ਲੰਮੇਂ ਸਮੇਂ ਤੋਂ ਨਾਟਕ ਦੀ ਪ੍ਰਦਰਸ਼ਨੀ ਲਈ ਅਜਿਹੇ ਥੀਏਟਰ ਦੀ ਹੀ ਵਰਤੋਂ ਕੀਤੀ ਜਾਂਦੀ ਹੈ ਜਿੱਥੇ ਇੱਕ ਪਾਸੇ ਅਭਿਨੇਤਾ ਅਤੇ ਦੂਜੇ ਪਾਸੇ ਦਰਸ਼ਕ ਮੌਜੂਦ ਹੁੰਦੇ ਹਨ| ਹਾਲ ਵਿੱਚ ਬੈਠੇ ਦਰਸ਼ਕ ਸਟੇਜ ਉੱਤੇ ਅਦਾਕਾਰਾਂ ਵਲੋਂ ਕੀਤੀ ਜਾਂਦੀ ਅਦਾਕਾਰੀ ਨੂੰ ਦੇਖਦੇ ਹਨ| ਦਰਸ਼ਕ ਅਤੇ ਅਦਾਕਾਰ ਆਪੋ ਆਪਣੇ ਸੀਮਾ ਖੇਤਰ ਵਿੱਚ ਰਹਿੰਦੇ ਹੋਏ ਆਪਣਾ ਕਾਰਜ ਨਿਭਾਉਂਦੇ ਹਨ| ਅਦਾਕਾਰ ਪਾਤਰਾਂ ਦੀ ਭੂਮਿਕਾ ਨਿਭਾਉਣ ਵੇਲੇ ਬਿਲਕੁਲ ਸਹਿਜ ਢੰਗ ਨਾਲ ਮੰਚ ਉੱਤੇ ਇਉਂ ਪੇਸ਼ ਹੁੰਦੇ ਹਨ ਜਿਵੇਂ ਸਾਹਮਣੇ ਬੈਠੇ ਦਰਸ਼ਕਾਂ ਨਾਲ ਉਨ੍ਹਾਂ ਦਾ ਕੋਈ ਵਾਹ ਨਾ ਹੋਵੇ| ਪ੍ਰੋਸੀਨੀਅਮ ਸਟੇਜ ਦੇ ਜ਼ਰੀਏ ਮੰਚ ਉੱਤੇ ਚਲ ਰਹੇ ਕਾਰਜ ਵਿੱਚ ਦਰਸ਼ਕ ਦੀ ਸ਼ਮੂਲੀਅਤ ਅੰਤਰਮੁਖਤਾ ਵਾਲੀ ਬਣ ਜਾਂਦੀ ਹੈ| ਦਰਸ਼ਕ ਦੀ ਹਿੱਸੇਦਾਰੀ ਪ੍ਰਤੀਕਰਮ ਜਾਹਰ ਕਰਨ ਵਾਲੀ ਨਹੀਂ ਰਹਿੰਦੀ| ਪ੍ਰੋਸੀਨੀਅਮ ਥੀਏਟਰ ਯਥਾਰਥ ਦਾ ਭਰਮ ਸਿਰਜਦਾ ਹੈ| ਇਸ ਥੀਏਟਰ ਵਿੱਚ ਕੰਮ ਕਰਨ ਵਾਲੇ ਅਦਾਕਾਰ ਲਾਈਵ ਰੂਪ ਵਿੱਚ ਦਰਸ਼ਕਾਂ ਸਾਹਮਣੇ ਮੌਜੂਦ ਹੁੰਦੇ ਹਨ| (ਸਹਾਇਕ ਗ੍ਰੰਥ -ਆਤਮਜੀਤ : ਨਾਟਕ ਦਾ ਨਿਰਦੇਸ਼ਨ; ਕੁਲਦੀਪ ਸਿੰਘ ਧੀਰ : ਨਾਟਕ ਸਟੇਜ ਤੇ ਦਰਸ਼ਕ)

ਪਾਕਿਸਤਾਨੀ ਪੰਜਾਬੀ ਨਾਟਕ

Pakistani punjabi play

ਪਾਕਿਸਤਾਨੀ ਪੰਜਾਬੀ ਨਾਟਕ ਦਾ ਅਰੰਭ ਦੇਸ਼ ਵੰਡ ਤੋਂ ਮਗਰੋਂ ਰੇਡੀਓ ਨਾਟਕ ਲਿਖੇ ਜਾਣ ਨਾਲ ਹੁੰਦਾ ਹੈ| ਰੇਡੀਓ ਨਾਟਕ ਤੋਂ ਬਾਅਦ ਟੀ.ਵੀ. ਨਾਟਕ ਲਿਖੇ ਗਏ| ਇਸਲਾਮੀ ਦੇਸ਼ ਹੋਣ ਕਾਰਨ ਉੱਥੇ ਨਾਟਕਾਂ ਨੂੰ ਲੰਮੇ ਸਮੇਂ ਤੱਕ ਮੰਚੀ ਛੁਹ ਪ੍ਰਾਪਤ ਨਹੀਂ ਹੋ ਸਕੀ| ਨਾਟਕੀ ਸਕ੍ਰਿਪਟ ਨੂੰ ਸਟੇਜੀ ਰੂਪ ਪ੍ਰਦਾਨ ਕਰਨ ਵਿੱਚ ਰੇਡੀਓ ਨਾਟਕ ਦਾ ਯੋਗਦਾਨ ਮਹੱਤਵਪੂਰਨ ਰਿਹਾ ਹੈ| ਪੁਸਤਕ ਰੂਪ ਵਿੱਚ ਪ੍ਰਕਾਸ਼ਤ ਹੋਇਆ ਬਹੁਤਾ ਨਾਟਕ ਰੇਡੀਓ ਨਾਟਕ ਹੀ ਹੈ| ਰਫ਼ੀ ਮੀਰ ਉਥੋਂ ਦਾ ਪਹਿਲਾ ਰੇਡੀਓ ਨਾਟਕਕਾਰ ਹੈ, ਉਸ ਤੋਂ ਮਗਰੋਂ ਆਗਾ ਅਸ਼ਰਫ਼, ਅਸ਼ਫ਼ਾਕ ਅਹਿਮਦ ਅਤ ਫ਼ਖ਼ਰ ਜ਼ਮਾਨ ਆਦਿ ਨੇ ਰੇਡੀਓ ਨਾਟਕ ਲਿਖ ਕੇ ਪੰਜਾਬੀ ਨਾਟਕ ਦੀਆਂ ਨਵੀਆਂ ਸੰਭਾਵਨਾਵਾਂ ਉਜਾਗਰ ਕੀਤੀਆਂ| ਟੀ.ਵੀ. ਦੇ ਆਉਣ ਨਾਲ ਰੇਡੀਓ ਨਾਟਕ ਨਾਲੋਂ ਟੀ.ਵੀ. ਨਾਟਕ ਲਿਖਣ ਦਾ ਰੁਝਾਨ ਵਧਿਆ| ਬਾਨੋ ਕੁਦਸੀਆ ਤੇ ਸਰਮਦ ਸਾਹਿਬਾਈ ਨੇ ਟੀ.ਵੀ ਨਾਟਕ ਲਿਖ ਕੇ ਇਸ ਵਿਧਾ ਨੂੰ ਵੱਡੇ ਪੱਧਰ 'ਤੇ ਉਤਸ਼ਾਹਿਤ ਕੀਤਾ| ਤੂੰ ਕੌਣ ਤੇ ਪੰਜਵਾਂ ਚਿਰਾਗ ਸਰਮਦ ਸਾਹਿਬਾਈ ਦੇ ਟੀ.ਵੀ. ਲਈ ਲਿਖੇ ਗਏ ਮਸ਼ਹੂਰ ਨਾਟਕ ਹਨ| ਰੇਡੀਓ ਤੇ ਟੀ.ਵੀ. ਨਾਟਕ ਦੇ ਨਾਲ ਨਾਲ ਹੌਲੀ-ਹੌਲੀ ਸਟੇਜੀ ਨਾਟਕ ਲਿਖੇ ਜਾਣ ਦਾ ਪ੍ਰਚਲਨ ਵੀ ਅਰੰਭ ਹੋਇਆ ਪਰ ਸਟੇਜੀ ਨਾਟਕ ਮੁਕਾਬਲਤਨ ਘੱਟ ਲਿਖੇ ਤੇ ਖੇਡੇ ਗਏ| ਉਥੋਂ ਦੇ ਧਾਰਮਕ ਤੇ ਰਾਜਨੀਤਕ ਹਾਲਾਤ ਕਾਰਨ ਮੰਚੀ ਨਾਟਕ ਦਾ ਵਿਕਾਸ ਵੱਡੇ ਪੱਧਰ 'ਤੇ ਨਹੀਂ ਹੋ ਸਕਿਆ| ਗੰਭੀਰ ਵਿਸ਼ਿਆਂ ਨਾਲ ਸੰਬੰਧਤ ਨਾਟਕਾਂ ਨੂੰ ਸਰਕਾਰੀ ਵਿਰੋਧ ਦਾ ਸ਼ਿਕਾਰ ਹੋਣਾ ਪੈਂਦਾ ਹੈ| ਇਸੇ ਦੇ ਨਾਲ ਨਾਲ ਵਪਾਰਕ ਰੁਚੀਆਂ ਵਾਲਾ ਪੰਜਾਬੀ ਥੀਏਟਰ ਵੀ ਹੋਂਦ ਵਿੱਚ ਆਉਂਦਾ ਹੈ ਪਰ ਇਹ ਥੀਏਟਰ ਸਾਹਿਤਕ ਤੇ ਮਿਆਰੀ ਮਾਪਦੰਡਾਂ ਤੋਂ ਊਣਾ ਰਿਹਾ| ਇਸ ਥੀਏਟਰ ਦੀ ਪ੍ਰਮੁੱਖ ਦੇਣ ਇਹੋ ਹੈ ਕਿ ਇਸ ਨੇ ਪੰਜਾਬੀ ਦਰਸ਼ਕ ਵੱਡੀ ਗਿਣਤੀ ਵਿੱਚ ਪੈਦਾ ਕੀਤੇ|
ਪਾਕਿਸਤਾਨ ਵਿੱਚ ਮਿਆਰੀ ਪੱਧਰ ਦੇ ਨਾਟਕ ਲਿਖਣ ਵਾਲਿਆਂ ਵਿੱਚ ਪ੍ਰਮੁੱਖ ਨਾਟਕਕਾਰ ਨਜ਼ਮ ਹੁਸੈਨ ਸੱਯਦ, ਸਰਮਦ ਸਹਿਬਾਈ, ਮੇਜਰ ਇਸਹਾਕ ਮੁਹੰਮਦ ਤੇ ਸ਼ਾਹਿਦ ਨਦੀਮ ਹਨ| ਗੰਭੀਰ ਸਰੋਕਾਰਾਂ ਵਾਲੇ ਮੰਚੀ ਰੂਪ ਵਿੱਚੋਂ ਪ੍ਰਵਾਨਤ ਹੋਏ ਨਾਟਕਾਂ ਵਿੱਚੋਂ ਪੰਜਵਾਂ ਚਿਰਾਗ, ਤਖਤ ਲਾਹੌਰ, ਕੁਕਨਸ, ਬੁਲ੍ਹਾ ਅਤੇ ਦੁਖ ਦਰਿਆ ਅਜਿਹੀਆਂ ਨਾਟ ਰਚਨਾਵਾਂ ਹਨ ਜਿਨ੍ਹਾਂ ਨੂੰ ਦਰਸ਼ਕਾਂ ਵਲੋਂ ਭਰਪੂਰ ਹੁੰਗਾਰਾ ਮਿਲਿਆ ਹੈ| ਉਥੋਂ ਦੀ ਫੌਜੀ ਹਕੂਮਤ ਕਾਰਨ ਸਿਸਟਮ ਦੀਆਂ ਵਧੀਕੀਆਂ ਨੂੰ ਪ੍ਰਗਟਾਉਣ ਲਈ ਨਾਟਕਕਾਰ ਆਪਣੀ ਗੱਲ ਪ੍ਰਤੀਕਾਂ ਦੀ ਭਾਸ਼ਾ ਵਿੱਚ ਕਰਦੇ ਹਨ| ਹੌਲੀ-ਹੌਲੀ ਪ੍ਰਤੀਕ ਪਾਕਿਸਤਾਨੀ ਪੰਜਾਬੀ ਨਾਟਕ ਦੇ ਭਾਸ਼ਾਈ ਸੰਚਾਰ ਦੀ ਮੁੱਖ ਵਿਧੀ ਬਣ ਗਈ| ਅਸ਼ਫ਼ਾਕ ਅਹਿਮਦ ਦਾ ਟਾਹਲੀ ਦੇ ਥੱਲੇ ਅਤੇ ਸਾਹਿਦ ਨਦੀਮ ਦਾ ਮਰਿਆ ਹੋਇਆ ਕੁੱਤਾ ਪ੍ਰਤੀਕ ਦੀ ਭਾਸ਼ਾ ਵਿੱਚ ਲਿਖੇ ਗਏ ਨਾਟਕ ਹਨ| ਪਾਕਿਸਤਾਨੀ ਪੰਜਾਬੀ ਨਾਟਕ ਦੀ ਮੁਖ ਸੁਰ ਵਿਦਰੋਹ ਤੇ ਬਗਾਵਤ ਦੀ ਸੁਰ ਹੈ| ਸਧਾਰਨ ਲੋਕਾਂ ਦੇ ਹੱਕ ਦੀ ਗੱਲ ਕਰਦਾ ਇਹ ਨਾਟਕ ਸਿਸਟਮ ਦੀਆਂ ਦੋਖੀ ਕੀਮਤਾਂ ਦਾ ਨਕਾਰਨ ਕਰਦਾ ਹੈ| ਧਰਮ ਪ੍ਰਤੀ ਮੂਲਵਾਦੀ ਸਰੋਕਾਰਾਂ ਦਾ ਖੰਡਨ ਪਾਕਿਸਤਾਨੀ ਪੰਜਾਬੀ ਨਾਟਕ ਦੀ ਮੁੱਖ ਪਛਾਣ ਰਹੀ ਹੈ| ਸਰਮਦ ਸਹਿਬਾਈ ਦਾ ਪੰਜਵਾਂ ਚਿਰਾਗ ਅਤੇ ਤੂੰ ਕੌਣ ਅਜਿਹੀਆਂ ਹੀ ਨਾਟ ਰਚਨਾਵਾਂ ਹਨ ਜਿੱਥੇ ਮਨੁੱਖ ਦੀ ਸਵੈ ਪਛਾਣ ਨਾਲ ਸੰਬੰਧਤ ਮਸਲਿਆਂ ਨੂੰ ਉਭਾਰਿਆ ਗਿਆ ਹੈ| ਨਜਮ ਹੁਸੈਨ ਸੱਯਦ ਅਤੇ ਸ਼ਾਹਿਦ ਨਦੀਮ ਅਜਿਹੇ ਪ੍ਰਗਤੀਸ਼ੀਲ ਨਾਟਕਕਾਰ ਹਨ ਜਿਨ੍ਹਾਂ ਨੇ ਲੋਕ ਵਿਰੋਧੀ ਸੱਤਾ, ਦਮਨਕਾਰੀ ਸ਼ਕਤੀਆਂ ਅਤੇ ਆਮ ਜਨਤਾ ਦੇ ਹੋ ਰਹੇ ਸ਼ੋਸ਼ਨ ਵਿਰੁੱਧ ਆਪਣੇ ਨਾਟਕਾਂ ਵਿੱਚ ਆਵਾਜ਼ ਉਠਾਈ ਹੈ| ਸੱਤਾ ਸਥਾਪਤੀ ਦਾ ਵਿਰੋਧ, ਫੌਜੀ ਡਿਕਟੇਟਰਸ਼ਿਪ ਅਤੇ ਅਫ਼ਸਰਸ਼ਾਹੀ ਨੂੰ ਇਨ੍ਹਾਂ ਨਾਟਕਕਾਰਾਂ ਨੇ ਆਪਣੇ ਨਾਟਕਾਂ ਵਿੱਚ ਵੰਗਾਰ ਕੇ ਜਨ ਹਿੱਤਾਂ ਦਾ ਪੱਖ ਪੂਰਿਆ ਹੈ| ਜਮਹੂਰੀ ਤਾਕਤਾਂ ਦਾ ਵਿਰੋਧ ਕਰਨ ਵਾਲੀਆਂ ਸ਼ਕਤੀਆਂ ਦਾ ਖੰਡਨ ਕਰਕੇ ਸਧਾਰਨ ਮਨੁੱਖ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਨਾ; ਇਨ੍ਹਾਂ ਨਾਟਕਕਾਰਾਂ ਦਾ ਮੁੱਖ ਮੰਤਵ ਰਿਹਾ ਹੈ| ਪਾਕਿਸਤਾਨ ਸਮਾਜ ਦੇ ਸਮਾਜਕ, ਸਭਿਆਚਾਰਕ, ਆਰਥਿਕ ਸੰਰਚਨਾ ਵਿੱਚ ਆ ਰਹੇ ਬਦਲਾਵ, ਔਰਤ ਦੀ ਦਮਨਕਾਰੀ ਸਥਿਤੀ ਤੇ ਨਵੀਂ ਪੁਰਾਣੀ ਪੀੜ੍ਹੀ ਵਿੱਚ ਵੱਧ ਰਹੇ ਟਕਰਾਵਾਂ ਨੂੰ ਉਥੋਂ ਦਾ ਪੰਜਾਬੀ ਨਾਟਕ ਬੜੀ ਸ਼ਿੱਦਤ ਨਾਲ ਆਪਣੀ ਪਕੜ ਵਿੱਚ ਲੈ ਰਿਹਾ ਹੈ| ਸੱਜਾਦ ਹੈਦਰ ਦਾ ਬੋਲ ਮਿੱਟੀ ਦਿਆ ਬਾਵਿਆ ਅਤੇ ਫ਼ਖ਼ਰ ਜ਼ਮਾਨ ਦਾ ਜਮੀਨ ਦੇ ਸਾਕ ਅਜਿਹੇ ਹੀ ਨਾਟਕ ਹਨ| ਪਾਕਿਸਤਾਨੀ ਪੰਜਾਬੀ ਸਾਹਿਤ ਦੀ ਨੁਹਾਰ ਬਦਲਣ ਵਿੱਚ ਉਥੋਂ ਦੇ ਪੰਜਾਬੀ ਨਾਟਕ ਤੇ ਨਾਟਕਕਾਰਾਂ ਦੀ ਭੂਮਿਕਾ ਵਿਲੱਖਣ ਰਹੀ ਹੈ| ਪਾਕਿਸਤਾਨ ਵਿੱਚ ਵਾਪਰ ਰਹੇ ਸਮਾਜਕ, ਆਰਥਕ ਤੇ ਰਾਜਸੀ ਪਰਿਵਰਤਨਾਂ ਨੂੰ ਪੰਜਾਬੀ ਨਾਟਕਕਾਰਾਂ ਨੇ ਦ੍ਰਿਸ਼ ਕਾਵਿ ਦੇ ਮਾਧਿਅਮ ਰਾਹੀਂ ਜਨ ਸਧਾਰਣ ਦੇ ਰੂ-ਬ-ਰੂ ਕਰਕੇ ਦਮਨਕਾਰੀ ਸ਼ਕਤੀਆਂ ਦਾ ਵਿਰੋਧ ਕੀਤਾ ਹੈ ਤੇ ਹੱਕ ਸੱਚ ਪ੍ਰਤੀ ਆਪਣੀ ਆਵਾਜ਼ ਬੁਲੰਦ ਕਰਦਿਆਂ ਜਨ ਚੇਤਨਾ ਦਾ ਸੰਚਾਰ ਕੀਤਾ ਹੈ| (ਸਹਾਇਕ ਗ੍ਰੰਥ - ਸਤੀਸ਼ ਕੁਮਾਰ ਵਰਮਾ : ਬੀਜ ਤੋਂ ਬਿਰਖ਼ ਤੱਕ)


logo