logo
भारतवाणी
bharatavani  
logo
Knowledge through Indian Languages
Bharatavani

Punjabi Encyclopaedic Dictionary of Theatre (Punjabi-English)

ਛਾਉ

Folk theatre of Bihar

ਛਾਉ ਨ੍ਰਿਤ ਨਾਟ ਦਾ ਸੰਬੰਧ ਬਿਹਾਰ ਦੀ ਰਿਆਸਤ ਸਰਾਏਕਿਲਾ ਨਾਲ ਹੈ| ਇੱਥੋਂ ਦੇ ਰਾਜੇ ਇਸ ਕਲਾ ਨਾਲ ਸੰਬੰਧਤ ਰਹੇ ਹਨ| ਇਸ ਦੀ ਪੇਸ਼ਕਾਰੀ ਮੁਖੌਟੇ ਪਹਿਨ ਕੇ ਕੀਤੀ ਜਾਂਦੀ ਹੈ| ਅਦਾਕਾਰ ਮੁਖੌਟਿਆਂ ਦੀ ਵਰਤੋਂ ਨਾਲ ਵੱਖ-ਵੱਖ ਤਰ੍ਹਾਂ ਦੇ ਕਿਰਦਾਰ ਪਸ਼ੂ, ਪੰਛੀ, ਦੇਵਤਿਆਂ ਆਦਿ ਦੀ ਭੂਮਿਕਾ ਨਿਭਾਉਣ ਵਿੱਚ ਬੜੇ ਸਮਰੱਥ ਸਿੱਧ ਹੁੰਦੇ ਹਨ| ਇਸ ਨ੍ਰਿਤ ਨਾਟ ਦੀ ਪੇਸ਼ਕਾਰੀ ਧਾਰਮਕ ਮਾਹੌਲ ਵਿੱਚ ਸੰਪੰਨ ਹੁੰਦੀ ਹੈ ਪਰ ਉਂਞ ਇਸ ਦੇ ਵਿਸ਼ਿਆਂ ਦਾ ਸੰਬੰਧ ਧਾਰਮਿਕਤਾ ਨਾਲ ਬਿਲਕੁਲ ਨਹੀਂ ਹੈ| ਸਰਾਏ ਕਿਲਾ ਦੇ ਵਾਰਸ਼ਿਕ ਉਤਸਵ ਉੱਤੇ ਇਸ ਲੋਕ ਨਾਟਕ ਦੀਆਂ ਵੱਖ-ਵੱਖ ਝਲਕੀਆਂ ਪੇਸ਼ ਕੀਤੀਆਂ ਜਾਂਦੀਆਂ ਹਨ| ਛਾਉ ਦੀ ਪ੍ਰਦਰਸ਼ਨੀ ਵੇਲੇ ਇਸ ਦੇ ਅਭਿਨੇਤਾ ਮੂਕ ਅਭਿਨੈ ਕਰਦੇ ਹਨ| ਸੰਵਾਦਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ| ਇਹ ਲੋਕ ਨਾਟਕ ਅਰਧਨਾਰੀਸ਼੍ਵਰ ਦੇ ਨਮਿੱਤ ਖੇਡਿਆ ਜਾਂਦਾ ਹੈ| ਇਸ ਨੂੰ ਕੇਵਲ ਮਰਦ ਖੇਡਦੇ ਹਨ| ਇਸ ਦੀਆਂ ਪੈਰਾਂ ਨਾਲ ਸੰਬੰਧਤ ਗਤੀਆਂ ਪਰਿਖੰਡਾ ਤੇ ਆਧਾਰਤ ਹਨ| ਪਰਿਖੰਡਾ ਪਹਿਲੇ ਸਮਿਆਂ ਵਿੱਚ ਸਿਪਾਹੀਆਂ ਦੀ ਕਵਾਇਦ ਹੁੰਦੀ ਸੀ| ਇਸ ਕਵਾਇਦ ਸਦਕਾ ਉਹਨਾਂ ਨੂੰ ਚੁਸਤ ਦਰੁਸਤ ਰੱਖਿਆ ਜਾਂਦਾ ਸੀ ਅਤੇ ਲੜਾਈ ਵਿੱਚ ਉਹਨਾਂ ਨੂੰ ਵਿਸ਼ੇਸ਼ ਮੁਹਾਰਤ ਹਾਸਲ ਹੁੰਦੀ ਸੀ| ਇਸ ਨ੍ਰਿਤ ਨਾਟ ਵਿੱਚ ਜਾਨਵਰਾਂ ਅਤੇ ਪੰਛੀਆਂ ਦੀਆਂ ਚਾਲਾਂ ਦੀ ਨਕਲ ਕੀਤੀ ਜਾਂਦੀ ਹੈ| ਪੈਰ ਅਤੇ ਲੱਤਾਂ ਦੀ ਵਰਤੋਂ ਰਾਹੀਂ ਭਾਵਾਂ ਦੀ ਅਭਿਵਿਅਕਤੀ ਕੀਤੀ ਜਾਂਦੀ ਹੈ| ਪੈਰਾਂ ਰਾਹੀਂ ਕੀਤਾ ਅਭਿਨੈ ਇਸ ਨ੍ਰਿਤ ਨਾਟ ਨੂੰ ਸ਼ਕਤੀਸ਼ਾਲੀ ਬਣਾਉਂਦਾ ਹੈ| ਬਲਵੰਤ ਗਾਰਗੀ ਨੇ ਆਪਣੀ ਪੁਸਤਕ ਲੋਕ ਨਾਟਕ ਵਿੱਚ ਛਾਉ ਦੇ ਅਦਾਕਾਰ ਦੀਆਂ ਪੈਰਾਂ ਰਾਹੀਂ ਕੀਤੀ ਜਾਣ ਵਾਲੀਆਂ ਗਤੀਵਿਧੀਆਂ ਦਾ ਬੜਾ ਵਿਸਤਾਰ ਪੂਰਬਕ ਵਰਨਣ ਕੀਤਾ ਹੈ| ਹੱਥਾਂ ਨਾਲ ਕੀਤੇ ਜਾਣ ਵਾਲੇ ਕੰਮਾਂ ਨੂੰ ਛਾਉ ਦੇ ਅਦਾਕਾਰ ਬੜੀ ਤੇਜ਼ੀ ਨਾਲ ਪੈਰਾਂ ਰਾਹੀਂ ਨਿਭਾਉਂਦੇ ਹਨ| ਪੈਰ ਦੇ ਅੰਗੂਠੇ ਨਾਲ ਮੱਥੇ ਉੱਤੇ ਬੜੀ ਪ੍ਰਬੀਨਤਾ ਨਾਲ ਟਿੱਕਾ ਲਾ ਕੇ ਮੁੜ ਆਪਣੀ ਥਾਂ ਉੱਤੇ ਵਾਪਸ ਆਉਣ ਦੀ ਕਲਾ ਛਾਉ ਦੇ ਅਦਾਕਾਰਾਂ ਦੇ ਹਿੱਸੇ ਆਈ ਹੈ| ਪਰਿਖੰਡਾ ਦੀ ਰੀਤ ਨਿਭਾਉਣ ਦਾ ਬਕਾਇਦਾ ਇੱਕ ਵਿਧਾਨ ਹੈ| ਸ਼ਿਵਲਿੰਗ ਅੱਗੇ ਡੰਡੌਤ ਕਰਕੇ ਸ਼ਕਤੀ ਪ੍ਰਾਪਤ ਕੀਤੀ ਜਾਂਦੀ ਹੈ| ਅਜਿਹਾ ਸਭ ਕੁਝ ਗੁਰੂ ਦੀ ਹਾਜ਼ਰੀ ਵਿੱਚ ਨਿਭਾਇਆ ਜਾਂਦਾ ਹੈ| ਮਸ਼ਕ ਕਰਨ ਵਾਲੇ, ਗੁਰੂ ਦੁਆਰਾ ਉਚਾਰੇ ਜਾਣ ਵਾਲੇ ਵਾਕ ਸ਼ਬਦਾਂ ਦੇ ਨਾਲ-ਨਾਲ ਬੋਲਦੇ ਹਨ ਤਾਂ ਕਿ ਉਨ੍ਹਾਂ ਦਾ ਧਿਆਨ ਪੈਰਾਂ ਰਾਹੀਂ ਦਿੱਤੀ ਜਾਣ ਵਾਲੀ ਚਾਲ ਤੋਂ ਏਧਰ ਓਧਰ ਨਾ ਹੋਵੇ| ਇਹ ਨ੍ਰਿਤ ਨਾਟ ਉੜੀਆ ਦੇ ਪ੍ਰਸਿੱਧ ਕਵੀਆਂ ਦੀਆਂ ਧੁਨਾਂ 'ਤੇ ਖੇਡਿਆ ਜਾਂਦਾ ਹੈ| ਸਾਜ਼ ਵਜਾਉਣ ਵਾਲੇ ਸਾਜਿੰਦੇ ਨ੍ਰਿਤ ਕਰਨ ਵਾਲੇ ਅਦਾਕਾਰਾਂ ਦੇ ਪਿੱਛੇ ਬੈਠਦੇ ਹਨ| ਦਰਸ਼ਕ ਮੰਚ ਦੇ ਚਾਰੇ ਪਾਸੇ ਬੈਠਦੇ ਹਨ| ਨ੍ਰਿਤ ਕਰਨ ਵਾਲੇ ਅਦਾਕਾਰ ਮੁੱਖ ਮਹਿਮਾਨ ਤੇ ਸ਼ਾਹੀ ਪਰਿਵਾਰ ਵੱਲ ਮੂੰਹ ਕਰਕੇ ਆਪਣੀ ਕਲਾ ਦੀ ਪ੍ਰਸਤੁਤੀ ਕਰਦੇ ਹਨ| ਛਾਉ ਨਾਟ ਦੇ ਵਿਸ਼ੇ ਅਧਿਆਤਮਕ ਸਰੋਕਾਰਾਂ ਨਾਲ ਸੰੰਬੰਧਤ ਹੁੰਦੇ ਹਨ| ਇਸ ਵਿੱਚ ਵਰਤਿਆ ਜਾਣ ਵਾਲਾ ਸੰਗੀਤ ਸ਼ਾਸਤਰੀ ਨਿਯਮਾਂ ਦੇ ਅਨਸਾਰ ਹੁੰਦਾ ਹੈ ਪਰ ਇਸ ਦੇ ਬਾਵਜੂਦ ਇਸ ਵਿੱਚ ਲੋਕ ਤੱਤਾਂ ਦੀ ਪ੍ਰਮੁੱਖਤਾ ਬਣੀ ਰਹਿੰਦੀ ਹੈ| ਦਰਅਸਲ ਇਹ ਨ੍ਰਿਤ-ਨਾਟ ਸ਼ਾਸਤਰੀ ਅਤੇ ਲੋਕ ਕਲਾ ਦੇ ਵਿਚਕਾਰਲੀ ਕਲਾ ਹੈ| ਇਸ ਦੀ ਪ੍ਰਦਰਸ਼ਨੀ ਵੇਲੇ ਅਦਾਕਾਰ ਮੁਖੌਟੇ ਪਹਿਨ ਕੇ ਆਪਣੇ ਰੋਲ ਦਾ ਨਿਭਾਅ ਕਰਦੇ ਹਨ| ਇਹ ਮੁਖੌਟੇ ਬੜੇ ਸਾਧਾਰਨ ਕਿਸਮ ਦੇ ਹੁੰਦੇ ਹਨ ਜਿਹੜੇ ਇੱਕੋ ਰੰਗ ਦੇ ਲੇਪ ਨਾਲ ਬਣੇ ਹੁੰਦੇ ਹਨ| ਉੜੀਸਾ ਦੀ ਇੱਕ ਹੋਰ ਰਿਆਸਤ ਮਿਉਰਭੰਗ ਵਿੱਚ ਵੀ ਛਾਉ ਖੇਡਿਆ ਜਾਂਦਾ ਹੈ ਪਰ ਇੱਕੇ ਛਾਉ ਦੀ ਸਥਿਤੀ ਕੁਝ ਵੱਖਰੀ ਕਿਸਮ ਦੀ ਹੁੰਦੀ ਹੈ| ਇੱਥੋਂ ਦੇ ਕਲਾਕਾਰ ਮੁਖੌਟੇ ਨਹੀਂ ਪਾਉਂਦੇ| ਇਸ ਨਾਟ ਨੂੰ ਖੇਡਣ ਵਾਲਿਆਂ ਵਿੱਚ ਰਿਕਸ਼ਾ ਚਲਾਉਣ ਵਾਲੇ, ਫ਼ੇਰੀ ਲਾਉਣ ਵਾਲੇ ਤੇ ਲੱਕੜਹਾਰੇ ਹੁੰਦੇ ਹਨ| ਇੱਥੋਂ ਦਾ ਛਾਉ ਸਰਾਏਕਿਲਾ ਦੇ ਛਾਉ ਨਾਲੋਂ ਵਧੇਰੇ ਸ਼ਕਤੀਸ਼ਾਲੀ ਹੁੰਦਾ ਹੈ| ਇਸ ਲੋਕ ਨਾਟ ਦੀ ਅਹਿਮੀਅਤ ਨਿਰਾਲੀ ਹੈ| ਉਥੋਂ ਦੇ ਵਾਸੀਆਂ ਦਾ ਇਹ ਪਸੰਦੀਦਾ ਲੋਕ ਨਾਟਕ ਹੈ| (ਸਹਾਇਕ ਗ੍ਰੰਥ - ਬਲਵੰਤ ਗਾਰਗੀ : ਲੋਕ ਨਾਟਕ)

ਛਾਇਆ ਨਾਟਕ
ਛਇਆ ਨਾਟਕ ਦੀ ਪ੍ਰਦਰਸ਼ਨੀ ਮੰਚ ਉੱਤੇ ਪਾਰਦਰਸ਼ੀ ਪਰਦੇ ਅਤੇ ਰੋਸ਼ਨੀਆਂ ਦੀ ਮਦਦ ਰਾਹੀਂ ਕੀਤੀ ਜਾਂਦੀ ਹੈ| ਦਰਸ਼ਕ ਪਰਦੇ ਦੇ ਦੂਜੇ ਪਾਸੇ ਬੈਠਦੇ ਹਨ| ਮੰਚ ਸੰਚਾਲਕ ਤੇਜ ਰੋਸ਼ਨੀਆਂ ਰਾਹੀਂ ਪਰਦੇ ਉੱਤੇ ਚਮੜੇ ਦੀਆਂ ਬਣੀਆਂ ਪੁਤਲੀਆਂ ਰਾਹੀਂ ਨਾਟਕੀ ਥੀਮ ਨੂੰ ਉਜਾਗਰ ਕਰਦਾ ਹੈ| ਦਰਸ਼ਕ ਸਾਰੇ ਦ੍ਰਿਸ਼ ਨੂੰ ਪਰਦੇ Tਤੇ ਉਭਰਦੇ ਆਕਾਰਾਂ ਰਾਹੀਂ ਗ੍ਰਹਿਣ ਕਰਦੇ ਤੇ ਆਪਣੀ ਕਲਪਨਾ ਰਾਹੀਂ ਵਿਸਤਾਰ ਦੇਂਦੇ ਹਨ| ਭਾਰਤ ਵਿੱਚ ਕੇਰਲ, ਉੜੀਸਾ, ਆਂਧਰਾਪ੍ਰਦੇਸ਼, ਕਰਨਾਟਕ, ਛਾਇਆ ਨਾਟ ਦੇ ਪ੍ਰਮੁੱਖ ਕੇਂਦਰ ਹਨ| ਬਹੁਤੇ ਛਾਇਆ ਨਾਟਕਾਂ ਦੀਆਂ ਨਾਟ ਕਥਾਵਾਂ ਰਮਾਇਣ ਤੇ ਮਹਾਂਭਾਰਤ ਦੀਆਂ ਕਥਾ ਕਹਾਣੀਆਂ 'ਤੇ ਆਧਾਰਤ ਹੁੰਦੀਆਂ ਹਨ| ਸਾਰੇ ਦ੍ਰਿਸ਼ਾਂ ਨੂੰ ਪਰਛਾਵਿਆਂ ਰਾਹੀਂ ਦਰਸ਼ਕਾਂ ਸਾਹਵੇਂ ਮੂਰਤੀਮਾਨ ਕੀਤਾ ਜਾਂਦਾ ਹੈ| ਦੱਖਣੀ ਪੂਰਬੀ ਏਸ਼ੀਆ ਦੇ ਸਾਰੇ ਮੁਲਕਾਂ ਵਿੱਚ ਇਸ ਨਾਟ ਪਰੰਪਰਾ ਦਾ ਪ੍ਰਚਲਨ ਇਸ ਗੱਲ ਦੀ ਗਵਾਹੀ ਦੇਂਦਾ ਹੈ ਕਿ ਇਸ ਦਾ ਮੁੱਖ ਕੇਂਦਰ ਭਾਰਤ ਹੀ ਰਿਹਾ ਹੈ| ਇੰਡੋਨੇਸ਼ੀਆ ਇਸ ਨਾਟ-ਪਰੰਪਰਾ ਦਾ ਸਭ ਤੋਂ ਵੱਡਾ ਕੇਂਦਰ ਹੈ| ਇੱਕੋਂ ਦੀ ਛਾਇਆ ਨਾਟ ਪਰੰਪਰਾ ਤੇ ਭਾਰਤ ਦੀ ਛਾਇਆ ਨਾਟ ਪਰੰਪਰਾ ਵਿੱਚ ਕਈ ਪੱਧਰ 'ਤੇ ਸਾਂਝ ਦੇ ਸਬੂਤ ਮਿਲਦੇ ਹਨ| ਸੰਸਕ੍ਰਿਤ ਨਾਟਕ ਵਿਚਲਾ ਵਿਦੂਸ਼ਕ ਪਾਤਰ ਇੰਡੋਨੇਸ਼ੀਆ ਦੇ ਛਾਇਆ ਨਾਟਕਾਂ ਵਿੱਚ ਵੀ ਦੇਖਣ ਨੂੰ ਮਿਲਦਾ ਹੈ| ਪੰਜਾਬ ਵਿੱਚ ਛਾਇਆ ਜਾਂ ਪਰਛਾਵਾਂ ਨਾਟਕਾਂ ਦੀ ਅਣਹੋਂਦ ਹੈ| ਇਸ ਨਾਟਕ ਵਿੱਚ ਪਾਤਰਾਂ ਦੇ ਹਾਵ ਭਾਵ ਦਰਸ਼ਕਾਂ ਨੂੰ ਨਜ਼ਰ ਨਹੀਂ ਆਉਂਦੇ ਸਗੋਂ ਉਨ੍ਹਾਂ ਦੀਆਂ ਗਤੀਵਿਧੀਆਂ ਤੇ ਕਾਰਜ ਪਰਦੇ ਉੱਤੇ ਪੈ ਰਹੀ ਰੋਸ਼ਨੀ ਦੇ ਪ੍ਰਭਾਵ ਰਾਹੀਂ ਦਰਸ਼ਕਾਂ ਤੱਕ ਪਹੁੰਚਦੇ ਹਨ| ਅਜਿਹੇ ਨਾਟਕ ਵਿੱਚ ਆਮ ਤੌਰ 'ਤੇ ਲੜਾਈ ਝਗੜੇ ਤੇ ਯੁੱਧ ਦੇ ਦ੍ਰਿਸ਼ਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸਾਕਾਰ ਕੀਤਾ ਜਾਂਦਾ ਹੈ| ਇਸ ਨਾਟਕ ਵਿੱਚ ਪਰਛਾਵੇਂ ਦੀ ਵਿਧੀ ਵਰਤ ਕੇ ਅਤੀਤ ਅਤੇ ਭਵਿਖ ਦੇ ਦ੍ਰਿਸ਼ ਉਜਾਗਰ ਕੀਤੇ ਜਾਂਦੇ ਹਨ| ਗੁਰਦਿਆਲ ਸਿੰਘ ਫੁੱਲ ਦੇ ਨਾਟਕ 'ਕਲਾ ਤੇ ਜਿੰਦਗੀ' ਵਿੱਚ ਨਾਟਕ ਦਾ ਮੁੱਖ ਪਾਤਰ ਆਪਣੇ ਹੀ ਪਰਛਾਵੇਂ ਨਾਲ ਮੁਕਾਬਲਾ ਕਰਦਾ ਹੈ| ਉੱਚੀ ਉੱਚੀ ਗੱਲਾਂ ਕਰਦਾ ਹੈ, ਲੜਦਾ ਹੈ ਤੇ ਅਖੀਰ ਗੁੱਸੇ ਵਿੱਚ ਆ ਕੇ ਉਸ ਨੂੰ ਪਿਸਤੌਲ ਨਾਲ ਮਾਰਦਾ ਹੈ| ਗੋਲੀ ਪਰਦੇ ਵਿੱਚ ਲੱਗ ਜਾਂਦੀ ਹੈ| ਪੰਜਾਬੀ ਵਿੱਚ ਇਸ ਵਿਧੀ ਨਾਲ ਨਾਟਕ ਖੇਡਣ ਦਾ ਪ੍ਰਚਲਨ ਨਹੀਂ ਹੈ| (ਸਹਾਇਕ ਗ੍ਰੰਥ - ਖੋਜ ਪਤ੍ਰਿਕਾ ਲੋਕ ਨਾਟ ਸ਼ੈਲੀਆਂ ਵਿਸ਼ੇਸ਼ ਅੰਕ)

ਛਾਇਆ ਚਿੱਤਰ
silhouette


logo