logo
भारतवाणी
bharatavani  
logo
Knowledge through Indian Languages
Bharatavani

Punjabi Encyclopaedic Dictionary of Theatre (Punjabi-English)

ਦਸ਼ ਰੂਪਕ
ਜਿਹੜੀ ਕਲਾ ਪ੍ਰਦਰਸ਼ਨੀ ਦੇ ਮਾਧਿਅਮ ਰਾਹੀਂ ਦਰਸ਼ਕਾਂ ਦੇ ਸਾਹਮਣੇ ਪੇਸ਼ ਕੀਤੀ ਜਾਂਦੀ ਹੈ ਉਸ ਨੂੰ ਰੂਪਕ ਕਿਹਾ ਜਾਂਦਾ ਹੈ| ਸੰਸਕ੍ਰਿਤ ਨਾਟ ਪਰੰਪਰਾ ਵਿੱਚ ਨਾਟਕ ਨੂੰ ਰੂਪਕ ਕਿਹਾ ਗਿਆ ਹੈ ਕਿਉਂਕਿ ਇਸ ਵਿੱਚ ਅਭਿਨੇਤਾ ਆਪਣੇ ਵਾਸਤਵਿਕ ਰੂਪ ਨੂੰ ਤਿਲਾਂਜਲੀ ਦੇ ਕੇ ਨਵਾਂ ਰੂਪ ਅਖਤਿਆਰ ਕਰ ਲੈਂਦਾ ਹੈ ਅਰਥਾਤ ਨਾਟਕੀ ਪਾਤਰ ਦੀ ਭੂਮਿਕਾ ਨਿਭਾਉਣ ਵੇਲੇ ਅਭਿਨੇਤਾ ਆਪਣਾ ਆਪਾ ਤਿਆਗ ਕੇ ਪਰ ਆਪੇ ਨੂੰ ਧਾਰਨ ਕਰ ਲੈਂਦਾ ਹੈ| ਧਨੰਜਯ ਨੇ ਦ੍ਰਿਸ਼ ਕਾਵਿ ਨੂੰ ਰੂਪਕ ਕਿਹਾ ਹੈ| ਪ੍ਰਦਰਸ਼ਨੀ ਅਤੇ ਸੰਵਾਦ, ਦ੍ਰਿਸ਼ ਕਾਵਿ ਦੇ ਦੋ ਅਜਿਹੇ ਤੱਤ ਹਨ ਜਿਹੜੇ ਰੂਪਕ ਦੇ ਅੰਤਰਗਤ ਵਿਚਾਰੇ ਜਾਂਦੇ ਹਨ| ਰੂਪਕ ਦੇ ਦਸ ਪ੍ਰਕਾਰ ਮੰਨੇ ਗਏ ਹਨ| 1 ਨਾਟਕ 2 ਪ੍ਰਕਰਣ 3 ਅੰਕ 4 ਵਯਾਯੋਗ 5 ਭਾਣ 6 ਸਮਵਕਾਰ 7 ਵੀਥੀ 8 ਪ੍ਰਹਸਨ 9 ਡਿਮ 10 ਈਹਾਮ੍ਰਿਗ| ਭਰਤਮੁਨੀ ਦੇ ਨਾਟ-ਸ਼ਾਸਤਰ ਵਿੱਚ ਰੂਪਕ ਦੇ ਅੰਤਰਗਤ ਨਾਟਕ ਨੂੰ ਸਭ ਤੋਂ ਪਹਿਲੇ ਨੰਬਰ ਤੇ ਵਿਚਾਰਿਆ ਗਿਆ ਹੈ| ਨਾਟਕ ਨੂੰ ਰੂਪਕ ਦਾ ਇੱਕ ਭੇਦ ਮੰਨਿਆ ਗਿਆ ਹੈ| ਨਾਟਕ ਦੀ ਕਥਾ ਵਸਤੂ ਕਿਸੇ ਪ੍ਰਸਿੱਧ ਰਾਜੇ ਜਾਂ ਇਤਿਹਾਸਕ ਪ੍ਰਸਿੱਧੀ ਵਾਲੇ ਵਿਅਕਤੀ ਨਾਲ ਸੰਬੰਧਤ ਹੁੰਦੀ ਹੈ| ਇਸ ਦਾ ਨਾਇਕ ਤੇਜਸਵੀ ਗੁਣਾਂ ਦਾ ਧਾਰਨੀ ਹੁੰਦਾ ਹੈ| ਅਜਿਹੀ ਰਚਨਾ ਵਿੱਚ ਪੰਜ ਤੋਂ ਦਸ ਅੰਕ ਹੁੰਦੇ ਹਨ| ਰੂਪਕ ਦੀ ਦੂਜੀ ਕਿਸਮ ਪ੍ਰਕਰਣ ਨੂੰ ਮੰਨਿਆ ਗਿਆ ਹੈ| ਇਸ ਦੀ ਕਥਾ ਵਸਤੂ ਕਲਪਨਾ 'ਤੇ ਅਧਾਰਿਤ ਹੁੰਦੀ ਹੈ ਜਿਸ ਦਾ ਨਾਇਕ ਸ਼ਾਂਤ ਸੁਭਾਅ ਦਾ ਬ੍ਰਾਹਮਣ ਜਾਂ ਵੈਸ਼ ਜਾਤੀ ਨਾਲ ਸਬੰਧਤ ਵਿਅਕਤੀ ਹੁੰਦਾ ਹੈ| ਇਹ ਨਾਟਕ ਲੋਕਾਂ ਦੇ ਦੁਖਾਂ ਸੁਖਾਂ ਨੂੰ ਬਿਆਨ ਕਰਨ ਵਾਲਾ ਹੁੰਦਾ ਹੈ| ਇਸ ਵਿੱਚ ਕਿਸੇ ਦੇਵਤਾ ਦੀ ਕਥਾ ਨੂੰ ਪੇਸ਼ ਨਹੀਂ ਕੀਤਾ ਜਾਂਦਾ| ਨਾਟਿਕਾ ਵੀ ਰੂਪਕ ਦਾ ਇੱਕ ਹੋਰ ਮਹੱਤਵਪੂਰਨ ਭੇਦ ਹੈ| ਇਸ ਦੀ ਕਥਾ ਵਸਤੂ ਵੀ ਕਲਪਿਤ ਹੁੰਦੀ ਹੈ| ਇਸ ਦਾ ਨਾਇਕ ਰਾਜਾ ਨੂੰ ਬਣਾਇਆ ਜਾਂਦਾ ਹੈ ਇਸ ਰੂਪਕ ਵਿੱਚ ਇਸਤਰੀ ਪਾਤਰਾਂ ਦੀ ਗਿਣਤੀ ਵਧੇਰੇ ਹੁੰਦੀ ਹੈ| ਇਸ ਦੀ ਰਚਨਾ ਚਾਰ ਅੰਕਾਂ ਵਿੱਚ ਕੀਤੀ ਜਾਂਦੀ ਹੈ| ਪੂਰੀ ਰਚਨਾ ਵਿੱਚ ਗੀਤ, ਨ੍ਰਿਤ ਅਤੇ ਸੰਵਾਦਾਂ ਦੀ ਭਰਮਾਰ ਹੁੰਦੀ ਹੈ| ਨਾਇਕ ਆਪਣੀ ਰਾਣੀ ਨੂੰ ਤਿਆਗ ਕੇ ਕਿਸੇ ਨੱਚਣ ਵਾਲੀ ਦੇ ਮੋਹ ਵਿੱਚ ਫ਼ਸ ਜਾਂਦਾ ਹੈ| ਰਾਣੀ ਦਾ ਕ੍ਰੋਧ ਤੇ ਰਾਜੇ ਦੇ ਰਾਣੀ ਨੂੰ ਮਨਾਉਣ ਦੇ ਭਰਪੂਰ ਯਤਨ ਨਾਇਕਾ ਦੀ ਕਥਾ ਵਸਤੂ ਦਾ ਆਧਾਰ ਹੁੰਦੇ ਹਨ| ਸਮਵਕਾਰ ਵਿੱਚ ਦੇਵਤਿਆਂ ਅਤੇ ਰਾਖਸ਼ਾਂ ਦੀ ਕਥਾ ਹੁੰਦੀ ਹੈ| ਇਸ ਦਾ ਨਾਇਕ ਉਦਾਤ ਗੁਣਾਂ ਦਾ ਧਾਰਨੀ ਹੁੰਦਾ ਹੈ| ਇਸ ਦੇ ਕੁਲ ਅੰਕ ਤਿੰਨ ਹੁੰਦੇ ਹਨ| ਨਾਇਕਾਂ ਦੀ ਗਿਣਤੀ ਬਾਰਾਂ ਦੱਸੀ ਗਈ ਹੈ| ਤਿੰਨਾਂ ਅੰਕਾਂ ਦੀ ਕਥਾ ਅਲੱਗ-ਅਲੱਗ ਹੁੰਦੀ ਹੈ ਪਰ ਮਨੋਰਥ ਸਭ ਦਾ ਲੱਗਭੱਗ ਇੱਕੋ ਹੁੰਦਾ ਹੈ| ਇਸ ਦੇ ਦ੍ਰਿਸ਼ਾਂ ਵਿੱਚ ਹੜ੍ਹ, ਤੂਫ਼ਾਨ ਅਤੇ ਅੱਗ ਲੱਗਣ ਦੇ ਕਾਰਨ ਤੇ ਭਗਦੜ ਦੇ ਦ੍ਰਿਸ਼ਾਂ ਦੀ ਪੇਸ਼ਕਾਰੀ ਕੀਤੀ ਜਾਂਦੀ ਹੈ| ਈਹਾ ਮ੍ਰਿਗ ਰੂਪਕ ਦੇ ਚਾਰ ਅੰਕ ਹੁੰਦੇ ਹਨ| ਇਸ ਵਿੱਚ ਯੁੱਧ ਦੇ ਦ੍ਰਿਸ਼ਾਂ ਦੀ ਪ੍ਰਮੁੱਖਤਾ ਹੁੰਦੀ ਹੈ| ਦੇਵ ਪੁਰਸ਼ ਦੈਵੀ ਔਰਤ ਦੀ ਪ੍ਰਾਪਤੀ ਲਈ ਯੁੱਧ ਕਰਦਾ ਹੈ| ਨਾਇਕਾ ਦੀ ਪ੍ਰਾਪਤੀ ਯੁੱਧ ਰਾਹੀਂ ਹੁੰਦੀ ਹੈ| ਇਸ ਵਿੱਚ ਔਰਤ ਦੇ ਅਪਹਰਣ ਅਤੇ ਜੁਦਾਈ ਨਾਲ ਸਬੰਧਤ ਘਟਨਾਵਾਂ ਦੀ ਬਹੁਤਾਤ ਹੁੰਦੀ ਹੈ| ਘਟਨਾਵਾਂ ਵਿੱਚ ਸ਼ਿੰਗਾਰ ਅਤੇ ਬੀਰ ਰਸ ਦੀ ਪ੍ਰਧਾਨਤਾ ਹੁੰਦੀ ਹੈ| ਵਯਾ ਯੋਗ ਦੀ ਕਥਾ ਵਸਤੂ ਪੌਰਾਣਿਕ ਅਤੇ ਮਿਥਿਹਾਸਕ ਘਟਨਾਵਾਂ 'ਤੇ ਆਧਾਰਿਤ ਹੁੰਦੀ ਹੈ| ਇਸ ਵਿੱਚ ਇਸਤਰੀ ਪਾਤਰਾਂ ਦੀ ਅਣਹੋਂਦ ਹੁੰਦੀ ਹੈ| ਨਾਇਕ ਦੇਵ ਪੁਰਸ਼ ਤੇ ਉਦਾਤ ਗੁਣਾਂ ਦਾ ਧਾਰਨੀ ਹੁੰਦਾ ਹੈ| ਰੂਪਕ ਦਾ ਇੱਕ ਹੋਰ ਭੇਦ ਡਿਮ ਹੈ| ਡਿਮ ਦੇ ਪਾਤਰ ਦੇਵਤਾ, ਰਾਖਸ਼ ਅਤੇ ਭੂਤ ਪ੍ਰੇਤ ਆਦਿ ਹੁੰਦੇ ਹਨ| ਸ਼ਿੰਗਾਰ ਅਤੇ ਹਾਸ ਰਸ ਨੂੰ ਛੱਡ ਕੇ ਬਾਕੀ ਦੇ ਰਸਾਂ ਦੀ ਇਸ ਵਿੱਚ ਪ੍ਰਧਾਨਤਾ ਹੁੰਦੀ ਹੈ| ਇਸ ਦੀ ਭਾਸ਼ਾ ਵਿੱਚ ਪੂਰਾ ਵੇਗ ਹੁੰਦਾ ਹੈ| ਲੜਾਈ ਝਗੜੇ ਆਦਿ ਦੇ ਦ੍ਰਿਸ਼ਾਂ ਦੀ ਪ੍ਰਧਾਨਤਾ ਹੁੰਦੀ ਹੈ| ਇਸ ਤੋਂ ਬਿਨਾਂ ਚੰਦਰਮਾ ਅਤੇ ਸੂਰਜ ਗ੍ਰਹਿਣ ਲੱਗਣ ਦੇ ਦ੍ਰਿਸ਼ ਵੀ ਇਸ ਵਿੱਚ ਪੇਸ਼ ਕੀਤੇ ਜਾਂਦੇ ਹਨ| ਭਾਣ ਵਿੱਚ ਕੇਵਲ ਇੱਕੋ ਪਾਤਰ ਦਾ ਪ੍ਰਦਰਸ਼ਨ ਹੁੰਦਾ ਹੈ| ਇੱਕੋ ਪਾਤਰ ਅਭਿਨੈ ਕਲਾ ਰਾਹੀਂ ਦੂਜੇ ਪਾਤਰਾਂ ਦੇ ਸੰਵਾਦਾਂ ਦਾ ਉਚਾਰਨ ਕਰਦਾ ਹੈ| ਸਰੀਰਕ ਮੁਦਰਾਵਾਂ ਰਾਹੀਂ ਦੂਜੇ ਪਾਤਰਾਂ ਦੇ ਸੰਵਾਦਾਂ ਨੂੰ ਸੁਣਨ ਦਾ ਅਭਿਨੈ ਵੀ ਕਰਦਾ ਹੈ| ਦੂਜੇ ਰੂਪਕਾਂ ਦੀ ਤਰ੍ਹਾਂ ਇਸ ਵਿੱਚ ਬਹੁਤੇ ਅੰਕ ਨਹੀਂ ਹੁੰਦੇ ਸਗੋਂ ਇੱਕੋ ਅੰਕ ਹੁੰਦਾ ਹੈ| ਸੰਸਕ੍ਰਿਤ ਨਾਟ ਪਰੰਪਰਾ ਵਿੱਚ ਇਸ ਰੂਪਕ ਦੀ ਦੀਰਘ ਪਰੰਪਰਾ ਹੈ| ਵੀਥੀ ਨਾਟ ਰੂਪਕ ਵਿੱਚ ਇੱਕੋ ਅੰਕ ਹੁੰਦਾ ਹੈ| ਵੀਥੀ ਤੋ ਭਾਵ ਗਲੀ ਜਾਂ ਰਾਹ ਤੋਂ ਹੈ| ਇਹ ਇੱਕ ਤਰ੍ਹਾਂ ਨਾਲ ਉਸ ਵੇਲੇ ਦਾ ਸਟਰੀਟ ਪਲੇ ਹੈ| ਇਸ ਵਿੱਚ ਸਾਰੇ ਰਸਾਂ ਦੀ ਵਰਤੋਂ ਕੀਤੀ ਜਾਂਦੀ ਹੈ| ਭਰਤਮੁਨੀ ਦੇ ਨਾਟ ਸ਼ਾਸਤਰ ਵਿੱਚ ਇਸ ਨਾਟ-ਰੂਪਕ ਲਈ ਤੇਰਾਂ ਅੰਗਾਂ ਦਾ ਜ਼ਿਕਰ ਕੀਤਾ ਗਿਆ ਹੈ| ਹਸਾਉਣੇ ਸੰਵਾਦਾਂ ਰਾਹੀਂ ਨਾਟਕੀ ਕਟਾਖਸ਼ ਉਸਾਰਨ ਦੀ ਪਰੰਪਰਾ ਵੀਥੀ ਰੂਪਕ ਦੇ ਅੰਤਰਗਤ ਮਿਲਦੀ ਹੈ| ਭੰਡਾਂ ਮਰਾਸੀਆਂ ਦੀ ਗੱਲਬਾਤ ਵਿੱਚੋਂ ਉਪਜਣ ਵਾਲਾ ਹਾਸ ਰਸ ਇਸ ਰੂਪਕ ਵਿੱਚੋਂ ਦ੍ਰਿਸ਼ਟੀਗੋਚਰ ਹੁੰਦਾ ਹੈ| ਪ੍ਰਹਸਨ ਨਾਟ-ਰੂਪਕ ਦੀਆਂ ਦੋ ਕਿਸਮਾਂ ਦਰਸਾਈਆਂ ਗਈਆਂ ਹਨ| ਸ਼ੁੱਧ ਅਤੇ ਸੰਕੀਰਨ ਪ੍ਰਹਸਨ| ਪੂਜਾ ਪਾਠ ਕਰਨ ਵਾਲੇ ਬ੍ਰਾਹਮਣਾਂ ਦੇ ਜੀਵਨ ਆਚਾਰ ਵਿੱਚ ਪਸਰੇ ਪਖੰਡ ਦਾ ਹਾਸੇ ਦੀ ਵਿਧੀ ਰਾਹੀਂ ਮਖੌਲ ਉਡਾਉਣਾ ਸ਼ੁੱਧ ਪ੍ਰਹਸਨ ਦੇ ਅੰਤਰਗਤ ਆਉਂਦਾ ਹੈ| ਨਿਮਨ ਵਰਗ ਵਿੱਚ ਫੈਲੇ ਕੁਹਜ ਅਤੇ ਕੁਰੀਤੀਆਂ ਨੂੰ ਪ੍ਰਗਟਾਉਣ ਵਾਲੀ ਰਚਨਾ ਨੂੰ ਸੰਕੀਰਨ ਪ੍ਰਹਸਨ ਕਿਹਾ ਜਾਂਦਾ ਹੈ| ਸ਼ੁੱਧ ਪ੍ਰਹਸਨ ਵਿੱਚ ਭਾਸ਼ਾ ਦਾ ਮਿਆਰ ਸ਼ੁੱਧ ਰੱਖਿਆ ਜਾਂਦਾ ਹੈ| ਸੰਕੀਰਨ ਪ੍ਰਹਸਨ ਵਿੱਚ ਧੋਖਾ, ਫ਼ਰੇਬ ਤੇ ਫ਼ਜ਼ੂਲ ਕਿਸਮ ਦੇ ਸੰਵਾਦਾਂ ਦੀ ਗੁੰਜਾਇਸ਼ ਵਧੇਰੇ ਹੁੰਦੀ ਹੈ| ਅੰਕ ਜਾਂ ਉਤਸ੍ਰਿਸ਼ਟਿਕਾਂਕ ਰੂਪਕ ਵਿੱਚ ਇੱਕ ਹੀ ਅੰਕ ਹੁੰਦਾ ਹੈ| ਇਸ ਦੀ ਕਥਾ ਵਸਤੂ ਇਤਿਹਾਸ ਆਧਾਰਤ ਹੁੰਦੀ ਹੈ| ਇਸ ਦੇ ਪਾਤਰ ਦੈਵੀ ਸ਼ਖਸੀਅਤ ਦੇ ਨਾ ਹੋ ਕੇ ਸਾਧਾਰਨ ਕਿਸਮ ਦੇ ਮਨੁੱਖ ਹੀ ਹੁੰਦੇ ਹਨ| ਇਸਤਰੀਆਂ ਦੇ ਰੋਣ ਕੁਰਲਾਣ ਤੇ ਵਿਰਲਾਪ ਦੇ ਦ੍ਰਿਸ਼ਾਂ ਦੀ ਭਰਮਾਰ ਹੁੰਦੀ ਹੈ| ਇਹ ਕਰੁਣਾ ਰਸ ਪ੍ਰਧਾਨ ਰੂਪਕ ਹੈ| ਸੰਸਕ੍ਰਿਤ ਨਾਟਕ ਭਾਸ ਦਾ 'ਉਰੂਭੰਗ' ਉਤਸ੍ਰਿਸ਼ਟਿਕਾਂਕ ਦੀ ਬਿਹਤਰੀਨ ਉਦਾਹਰਨ ਹੈ| (ਸਹਾਇਕ ਗ੍ਰੰਥ - ਨਵਨਿੰਦਰਾ ਬਹਿਲ : ਨਾਟਕੀ ਸਾਹਿਤ; ਬਖ਼ਸ਼ੀਸ਼ ਸਿੰਘ : ਪੰਜਾਬੀ ਨਾਟਕ ਵਿੱਚ ਲੋਕ ਤੱਤ; ਭਰਤ ਮੁਨੀ: ਨਾਟਯ ਸ਼ਾਸਤ੍ਰ)

ਦਰਸ਼ਕ

Audience

ਦਰਸ਼ਕ, ਨਾਟਕ ਦੀ ਮਹੱਤਵਪੂਰਨ ਧਿਰ ਹੁੰਦੇ ਹਨ| ਪਾਤਰਾਂ ਤੋਂ ਦਰਸ਼ਕਾਂ ਤੱਕ ਫ਼ੈਲਣ ਵਾਲੀ ਇਸ ਵਿਧਾ ਵਿੱਚ ਦਰਸ਼ਕਾਂ ਦੀ ਅਹਿਮੀਅਤ ਨਾਟਕ ਦੀਆਂ ਹੋਰ ਜ਼ਰੂਰੀ ਧਿਰਾਂ ਨਾਲੇ ਕਿਸੇ ਤਰ੍ਹਾਂ ਵੀ ਘੱਟ ਨਹੀਂ ਹੁੰਦੀ| ਨਾਟ ਪਾਠ ਦੀ ਮੰਚਣ ਪ੍ਰਕ੍ਰਿਆ ਦੌਰਾਨ ਅਰਥਾਂ ਦਾ ਸਿੱਧਾ ਸੰਚਾਰ ਦਰਸ਼ਕਾਂ ਤੱਕ ਪਹੁੰਚਦਾ ਹੈ| ਸੰਚਾਰ ਦੀ ਇਹ ਪ੍ਰਕ੍ਰਿਆ ਹੀ ਨਾਟਕ ਦੀ ਵਿਧਾ ਨੂੰ ਸਾਹਿਤ ਦੇ ਹੋਰ ਰੂਪਾਂ ਤੋਂ ਵੱਖਰਿਆਂ ਕਰਦੀ ਹੈ| ਰੰਗਮੰਚ ਦੀ ਮੁੱਢਲੀ ਲੋੜ ਦਰਸ਼ਕ ਹੀ ਹੁੰਦੇ ਹਨ| ਨਾਟਕੀ ਮੰਚਣ ਵੇਲੇ ਪਾਤਰਾਂ ਦੇ ਸੰਵਾਦ ਉਚਾਰਨ ਤੋਂ ਪਹਿਲਾਂ, ਦਰਸ਼ਕ ਮਹਿਜ ਦ੍ਰਿਸ਼ ਦੇ ਜ਼ਰੀਏ, ਪਾਤਰਾਂ ਦੀ ਵੇਸਭੂਸ਼ਾ ਤੇ ਮੇਕਅੱਪ ਰਾਹੀਂ ਹੀ ਕਈ ਕੁਝ ਹਾਸਿਲ ਕਰ ਲੈਣ ਦੀ ਹੈਸੀਅਤ ਵਿੱਚ ਹੁੰਦੇ ਹਨ| ਕਿਸੇ ਨਾਟਕ ਵਿੱਚ ਨਾਟਕਕਾਰ , ਨਾਟਕ-ਨਿਰਦੇਸ਼ਕ, ਅਦਾਕਾਰ ਵਾਂਗ ਦਰਸ਼ਕ ਦੀ ਜਗ੍ਹਾ ਵੀ ਉਨ੍ਹੀ ਹੀ ਮਹੱਤਵਪੂਰਨ ਹੁੰਦੀ ਹੈ| ਨਾਟ-ਪਾਠ ਦੇ ਮੰਚਣ ਵੇਲੇ ਨਾਟਕ ਦੀ ਟੈਕਸਟ ਨੂੰ ਬਹੁਪਰਤੀ ਤੇ ਬਹੁਦਿਸ਼ਾਵੀ ਬਣਾਉਣ ਵਿੱਚ ਦਰਸ਼ਕ ਦੀ ਭੂਮਿਕਾ ਸਭ ਤੋਂ ਅਹਿਮ ਹੁੰਦੀ ਹੈ| ਉਹ ਪਾਤਰਾਂ ਦੀ ਅਦਾਕਾਰੀ ਉਨਾਂ੍ਹ ਦੇ ਸੰਕੇਤਾਂ, ਇਸ਼ਾਰਿਆਂ, ਹਾਵਾਂ ਭਾਵਾਂ ਤੇ ਉਨ੍ਹਾਂ ਦੀ ਚੁੱਪ ਨੂੰ ਡੀ ਕੋਡ ਕਰਦਾ ਹੋਇਆ ਨਾਟਕ ਦੇ ਥੀਮ ਨੂੰ ਵਿਸ਼ਾਲ ਕਲੇਵਰ ਤੇ ਫ਼ੈਲਾਉਂਦਾ ਹੈ| ਨਾਟ ਪਾਠ ਦੀ ਰਚਨਾ ਕਰਨ ਵੇਲੇ ਹੀ ਨਾਟਕਕਾਰ ਦਰਸ਼ਕ ਵਰਗ ਨੂੰ ਆਪਣੀ ਕਲਪਨਾ ਵਿੱਚ ਰੱਖ ਕੇ ਨਾਟਕ ਦੀ ਸਿਰਜਨਾ ਕਰਦਾ ਹੈ| ਲਾਈਵ ਵਿਧਾ ਹੋਣ ਕਰਕੇ ਦਰਸ਼ਕਾਂ ਦੇ ਪ੍ਰਤਿਕਰਮ ਤੋਂ ਨਾਟਕਕਾਰ ਨੂੰ ਹਮੇਸ਼ਾ ਸੁਚੇਤ ਰਹਿਣਾ ਪੈਂਦਾ ਹੈ| ਦਰਸ਼ਕ ਵਰਗ ਦੀਆਂ ਭਾਵਨਾਵਾਂ ਤੋਂ ਵਿਪਰੀਤ ਖੇਡਿਆ ਜਾਣ ਵਾਲਾ ਨਾਟਕ, ਨਾਟਕ ਨੂੰ ਫ਼ਲਾਪ ਕਰਨ ਦੇ ਨਾਲ-ਨਾਲ ਨਾਟਕ ਨਿਰਦੇਸ਼ਕ ਲਈ ਭਾਰੀ ਬਿਪਤਾ ਵੀ ਖੜ੍ਹਾ ਕਰ ਸਕਦਾ ਹੈ| ਇਸ ਲਈ ਦਰਸ਼ਕ ਵਰਗ ਦੀਆਂ ਮਨੋਵਿਗਿਆਨਕ ਰੁਚੀਆਂ ਨਾਟਕੀ ਪੇਸ਼ਕਾਰੀ ਦੀ ਸਫ਼ਲਤਾ ਜਾਂ ਅਸਫ਼ਲਤਾ ਦਾ ਆਧਾਰ ਬਣਦੀਆਂ ਹਨ| ਦਰਸ਼ਕ ਨਾਟਕ ਦੀ ਟੈਕਸਟ/ਪਾਠ ਬਾਰੇ ਸੋਚਣ ਦੀ ਪ੍ਰਕ੍ਰਿਆ ਵਿੱਚੋਂ ਨਹੀਂ ਗੁਜ਼ਰਦਾ ਸਗੋਂ ਹਰ ਨਿੱਕੇ ਵੱਡੇ ਵੇਰਵੇ ਨੂੰ ਆਪਣੀਆਂ ਅੱਖਾਂ ਸਾਹਮਣੇ ਵਾਪਰਦਾ ਦੇਖਦਾ ਹੈ| ਮੰਚ ਉੱਤੇ ਜੀਵੰਤ ਰੂਪ ਵਿੱਚ ਚਲ ਰਹੀ ਜਿੰਦਗੀ ਦਰਸ਼ਕ ਨੂੰ ਖਾਸ ਕਿਸਮ ਦਾ ਅਨੰਦ ਅਤੇ ਹੁਲਾਰਾ ਪ੍ਰਦਾਨ ਕਰਦੀ ਹੈ| ਕਿਸੇ ਵੀ ਨਾਟਕ ਦੀ ਮੰਚੀ ਪੇਸ਼ਕਾਰੀ ਦੀ ਸਫ਼ਲਤਾ ਜਾਂ ਅਸਫ਼ਲਤਾ ਦੇ ਅਸਲੀ ਜੱਜ ਦਰਸ਼ਕ ਬਣਦੇ ਹਨ| ਨਾਟ ਰਚਨਾ ਵਿਚਲੇ ਸੰਦੇਸ਼ ਦੀ ਮਹੱਤਤਾ ਇਸ ਗੱਲ ਉੱਤੇ ਨਿਰਭਰ ਕਰਦੀ ਹੈ ਕਿ ਉਹ ਦਰਸ਼ਕਾਂ ਨੂੰ ਕਿਸ ਹੱਦ ਤਕ ਪ੍ਰਭਾਵਤ ਕਰਨ ਵਿੱਚ ਸਮਰੱਥ ਰਿਹਾ ਹੈ| ਵਿਸ਼ਵ ਪੱਧਰ ਉੱਤੇ ਕਿਸੇ ਵੀ ਭਾਸ਼ਾ ਵਿੱਚ ਰਚਿਆ ਜਾਣ ਵਾਲਾ ਨਾਟਕ ਰੰਗਮੰਚ ਅਤੇ ਦਰਸ਼ਕਾਂ ਤੋਂ ਵਿਹੂਣੇ ਹੋਣ ਦੀ ਸਥਿਤੀ ਵਿੱਚ ਵਿਕਸਿਤ ਨਹੀਂ ਹੋਇਆ| ਪੰਜਾਬੀ ਨਾਟਕ ਦੇ ਸੰਦਰਭ ਵਿੱਚ ਦਰਸ਼ਕ ਵਰਗ ਨਾਟਕ ਦੀ ਪ੍ਰਮੁੱਖ ਧਿਰ ਬਣਿਆ ਰਿਹਾ ਹੈ ਪਰ ਇਸ ਵਰਗ ਦੀ ਮੰਚੀ ਭਾਸ਼ਾ ਨੂੰ ਸਮਝਣ ਵਿੱਚ ਵੀ ਸਦਾ ਇੱਕ ਸੀਮਾ ਬਣੀ ਰਹੀ ਹੈ ਜਿਸ ਦੇ ਸਿੱਟੇ ਵਜੋਂ ਪੰਜਾਬੀ ਨਾਟਕ ਸੁਧਾਰਵਾਦੀ ਤੇ ਉਪਦੇਸ਼ਾਤਮਕ ਰੁਚੀਆਂ ਤੱਕ ਸੀਮਤ ਰਿਹਾ ਹੈ| ਦਰਸ਼ਕ ਵਰਗ ਦੇ ਇਸ ਦਬਾਅ ਕਾਰਨ ਪੰਜਾਬੀ ਨਾਟਕਕਾਰਾਂ ਨੇ ਜਟਿਲ ਕਥਾਨਕਾਂ ਨੂੰ ਲੈ ਕੇ ਨਾਟਕਾਂ ਦੀ ਸਿਰਜਨਾ ਨਹੀਂ ਕੀਤੀ| ਜਿੱਥੇ ਅਲਪ ਵਿਕਸਿਤ ਮੰਚ ਅਤੇ ਹੰਢੇ ਵਰਤੇ ਕਲਾਕਾਰਾਂ ਦੀ ਘਾਟ ਪੰਜਾਬੀ ਨਾਟਕ ਦੇ ਵਿਕਾਸ ਦੀ ਸੀਮਾ ਬਣੀ ਰਹੀ ਹੈ ਉੱਥੇ ਦਰਸ਼ਕ ਵਰਗ ਵੀ ਇਸ ਵਿਧਾ ਦੇ ਵਿਕਾਸ ਦੇ ਰਾਹ ਵਿੱਚ ਰੁਕਾਵਟ ਬਣਿਆ ਰਿਹਾ ਹੈ| ਇਉਂ ਦਰਸ਼ਕ ਜਿੱਥੇ ਇਸ ਵਿਧਾ ਦੀ ਪ੍ਰਮੁੱਖ ਲੋੜ ਹੈ ਉੱਥੇ ਇੱਕ ਸੀਮਾ ਵੀ ਸਿੱਧ ਹੁੰਦਾ ਹੈ| ਦ੍ਰਿਸ਼ ਦੀ ਕਲਾ ਹੋਣ ਕਰਕੇ ਕੋਈ ਵੀ ਨਾਟ ਰਚਨਾ ਦਰਸ਼ਕਾਂ ਤੋਂ ਟੁੱਟ ਕੇ ਪ੍ਰਵਾਨ ਨਹੀਂ ਚੜ੍ਹਦੀ| (ਸਹਾਇਕ ਗ੍ਰੰਥ - ਸੁਰਜੀਤ ਸਿੰਘ ਸੇਠੀ : ਨਾਟਕ ਕਲਾ; ਪਾਲੀ ਭੁਪਿੰਦਰ ਸਿੰਘ : ਪੰਜਾਬੀ ਨਾਟਕ ਦਾ ਕਾਵਿ ਸ਼ਾਸਤਰ (ਪੰਜਾਬ ਯੂਨੀਵਰਸਿਟੀ ਨੂੰ ਪ੍ਰਸਤੁਤ ਖੋਜ ਪ੍ਰਬੰਧ)

ਦ੍ਰਿਸ਼ - ਸੰਗਲੀ

Knitting of scene

ਨਾਟਕ ਦੇ ਪ੍ਰਦਰਸ਼ਨ ਵੇਲੇ ਮੰਚ ਉੱਤੇ ਸਾਕਾਰ ਹੋ ਰਿਹਾ ਦ੍ਰਿਸ਼ ਦਰਸ਼ਕਾਂ ਤੱਕ ਵਿਸ਼ੇਸ਼ ਅਰਥਾਂ ਦਾ ਸੰਚਾਰ ਕਰਦਾ ਹੈ| ਇੱਕ ਦ੍ਰਿਸ਼ ਵਿੱਚੋਂ ਨਜ਼ਰ ਆ ਰਹੇ ਪਾਤਰਾਂ ਦਾ ਸੰਬੰਧ ਕਿਸੀ ਵਿਸ਼ੇਸ਼ ਸਥਿਤੀ ਨੂੰ ਉਭਾਰਨ ਵਾਲਾ ਹੁੰਦਾ ਹੈ ਪਰ, ਕਈ ਨਾਟਕਾਂ ਵਿੱਚ ਇੱਕੋ ਵੇਲੇ ਇੱਕ ਤੋਂ ਵਧੇਰੇ ਦ੍ਰਿਸ਼ ਰੂਪਮਾਨ ਹੋ ਰਹੇ ਹੁੰਦੇ ਹਨ| ਅਜਿਹੇ ਦ੍ਰਿਸ਼ ਵੱਖ-ਵੱਖ ਹੁੰਦੇ ਹੋਏ ਵੀ ਸਮੁੱਚਤਾ ਦੀ ਪੱਧਰ ਤੇ ਇੱਕੋ ਥੀਮ ਨੂੰ ਉਭਾਰਨ ਵਿੱਚ ਸਹਾਈ ਹੁੰਦੇ ਹਨ| ਸਮੱਗਰਤਾ ਦਾ ਪ੍ਰਭਾਵ ਸਿਰਜਨ ਵਾਲੇ ਅਜਿਹੇ ਦ੍ਰਿਸ਼, ਦ੍ਰਿਸ਼-ਸੰਗਲੀ ਦੇ ਅੰਤਰਗਤ ਆਉਂਦੇ ਹਨ| ਜਿਵੇਂ ਪਿੰਡ ਦੇ ਦ੍ਰਿਸ਼ ਦੀ ਸਿਰਜਨਾ ਕਰਨ ਵੇਲੇ ਇੱਕ ਪਾਸੇ ਨਿੱਕੀ ਜਿਹੀ ਮਨਿਆਰੀ ਦੀ ਦੁਕਾਨ ਨਜ਼ਰ ਆਉਂਦੀ ਹੈ, ਦੂਜੇ ਪਾਸੇ ਔਰਤਾਂ ਗੋਹਾ ਥੱਪ ਰਹੀਆਂ ਹਨ, ਚੂੜੀਆਂ ਵੇਚਣ ਵਾਲਾ ਚੂੜੀਆਂ ਵੇਚ ਰਿਹਾ ਹੈ, ਕਿਸੇ ਪਾਸੇ ਸੱਥ ਨਜ਼ਰ ਆ ਰਹੀ ਹੈ ਤੇ ਕਿਧਰੇ ਬੈਠ ਕੇ ਲੋਕ ਤਾਸ਼ ਖੇਡ ਰਹੇ ਹਨ| ਇਹ ਸਾਰੇ ਦ੍ਰਿਸ਼ ਵੱਖੋ-ਵੱਖਰੇ ਹੁੰਦੇ ਹੋਏ ਵੀ ਸਮੁੱਚੇ ਰੂਪ ਵਿੱਚ ਦ੍ਰਿਸ਼ ਏਕਤਾ ਦਾ ਪ੍ਰਭਾਵ ਸਿਰਜਦੇ ਹਨ| ਦ੍ਰਿਸ਼-ਸੰਗਲੀ ਵਿੱਚ ਸਭ ਤੋਂ ਮਹੱਤਵਪੂਰਨ ਤੱਤ ਮੰਚੀ ਸਪੇਸ ਦੀ ਢੁੱਕਵੀਂ ਵਰਤੋਂ ਕਰਨੀ ਹੁੰਦਾ ਹੈ; ਕਿਉਂਕਿ ਨਾਟਕ ਦੀ ਪ੍ਰਦਰਸ਼ਨੀ ਵੇਲੇ ਸਪੇਸ ਦਾ ਮਹੱਤਵ ਬੜਾ ਅਹਿਮ ਹੁੰਦਾ ਹੈ| ਸਪੇਸ ਰਾਹੀਂ ਪ੍ਰਦਾਨ ਕੀਤੇ ਜਾਣ ਵਾਲੇ ਅਰਥ ਮੰਚੀ ਪੇਸ਼ਕਾਰੀ ਨੂੰ ਪ੍ਰਭਾਵੀ ਬਣਾਉਣ ਵਿੱਚ ਆਪਣੀ ਭੂਮਿਕਾ ਅਦਾ ਕਰਦੇ ਹਨ| ਬਿਨ੍ਹਾਂ ਕਿਸੇ ਮੰਚ ਸਮੱਗਰੀ ਤੇ ਸੈਟਾਂ ਦੀ ਵਰਤੋਂ ਬਿਨਾਂ ਜਦੋਂ ਕੇਵਲ ਪਾਤਰ ਵੰਡ ਰਾਹੀਂ ਦ੍ਰਿਸ਼ ਦੀ ਭਰਪੂਰਤਾ ਨੂੰ ਸਾਕਾਰ ਕੀਤਾ ਜਾਂਦਾ ਹੈ ਤਾਂ ਅਜਿਹੀ ਸਾਰੀ ਤਕਨੀਕ ਜਾਂ ਵਿਧੀ ਦ੍ਰਿਸ਼-ਸੰਗਲੀ ਦੇ ਅੰਤਰਗਤ ਵਿਚਾਰੀ ਜਾਂਦੀ ਹੈ| (ਸਹਾਇਕ ਗ੍ਰੰਥ - ਆਤਮਜੀਤ : ਨਾਟਕ ਦਾ ਨਿਰਦੇਸ਼ਨ)

ਦ੍ਰਿਸ਼ - ਡਿਜ਼ਾਇਨ

Scene design

ਨਾਟਕ ਵਿੱਚ ਸੈਟ ਡਿਜ਼ਾਇਨ ਦੇ ਨਾਲ-ਨਾਲ ਸੀਨ ਡਿਜ਼ਾਈਨ ਦੀ ਵੀ ਮਹੱਤਤਾ ਪ੍ਰਮੁੱਖ ਹੁੰਦੀ ਹੈ| ਨਾਟਕ ਦੀ ਪ੍ਰਦਰਸ਼ਨੀ ਵੇਲੇ ਨਾਟਕੀ ਵਾਤਾਵਰਨ ਨੂੰ ਉਸਾਰਨ ਵਿੱਚ ਦ੍ਰਿਸ਼ ਦੀ ਭੂਮਿਕਾ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ| ਯੂਨਾਨੀ ਨਾਟ ਪਰੰਪਰਾ ਵਿੱਚ ਦ੍ਰਿਸ਼ ਨੂੰ ਪ੍ਰਮੁੱਖ ਸਥਾਨ ਦਿੱਤਾ ਜਾਂਦਾ ਸੀ| ਯੂਨਾਨੀ ਨਾਟਕ ਅਜਿਹੇ ਨਾਟ ਘਰਾਂ ਵਿੱਚ ਖੇਡਿਆ ਜਾਂਦਾ ਸੀ ਜਿਨ੍ਹਾਂ ਦਾ ਆਰਕੀਟੈਕਚਰ ਵਿਸ਼ੇਸ਼ ਕਿਸਮ ਦੇ ਦ੍ਰਿਸ਼ ਦੀ ਸਿਰਜਨਾ ਕਰਨ ਵਾਲਾ ਹੁੰਦਾ ਸੀ| ਪਾਤਰਾਂ ਦੇ ਮੰਚ ਉੱਤੇ ਆਉਣ ਜਾਣ ਲਈ ਬਕਾਇਦਾ ਸਥਾਨ ਨਿਸ਼ਚਿਤ ਹੁੰਦੇ ਸਨ| ਪਿੱਠ ਭੂਮੀ ਦੇ ਅਜਿਹੇ ਦ੍ਰਿਸ਼ਾਂ ਰਾਹੀਂ ਦਰਸ਼ਕ ਨਾਟਕ ਦੇ ਅਰਥਾਂ ਦੀ ਗਹਿਰਾਈ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਸਨ| ਗਰੀਕ ਥੀਏਟਰ ਤੋਂ ਲੈ ਕੇ ਅਜੋਕੇ ਸਮੇਂ ਤੱਕ ਪਹੁੰਚਦਿਆਂ ਦ੍ਰਿਸ਼ ਨਿਰਮਾਣ ਕਲਾ ਦਾ ਵੱਡੀ ਪੱਧਰ 'ਤੇ ਵਿਕਾਸ ਹੋਇਆ ਨਜ਼ਰ ਆਉਂਦਾ ਹੈ | ਹਰੇਕ ਥੀਏਟਰ ਦ੍ਰਿਸ਼ ਡਿਜ਼ਾਇਨ ਕਰਨ ਪ੍ਰਤੀ ਪੂਰੀ ਤਰ੍ਹਾਂ ਸੁਚੇਤ ਹੁੰਦਾ ਹੈ ਜਿਸਦਾ ਇੱਕੋ ਇੱਕ ਮੁੱਖ ਮਨੋਰਥ ਨਾਟਕ ਦੀਆਂ ਸਮੁੱਚੀਆਂ ਸੰਭਾਵਨਾਵਾਂ ਨੂੰ ਪੂਰੀ ਸਮਰੱਥਾ ਨਾਲ ਉਘਾੜਨ ਦਾ ਹੁੰਦਾ ਹੈ| ਨਾਟਕ ਦੀ ਸਫ਼ਲ ਪੇਸ਼ਕਾਰੀ ਵਿੱਚ ਦ੍ਰਿਸ਼ ਡਿਜ਼ਾਇਨ ਦਾ ਰੋਲ ਮਹੱਤਵਪੂਰਨ ਹੁੰਦਾ ਹੈ| ਦ੍ਰਿਸ਼ ਡਿਜਾਇਨ ਇੱਕ ਹੁਨਰੀ ਕਲਾ ਹੈ| ਇਸ ਕਲਾ ਵਿੱਚ ਸਭ ਤੋਂ ਵਧੇਰੇ ਮਹੱਤਵ ਸਟੇਜ ਸਮੱਗਰੀ ਨੂੰ ਤਰਤੀਬ ਪ੍ਰਦਾਨ ਕਰਨ ਦਾ ਹੁੰਦਾ ਹੈ| ਮੰਚ ਉੱਤੇ ਦ੍ਰਿਸ਼ਟੀਗੋਚਰ ਹੋ ਰਹੀ ਹਰੇਕ ਵਸਤੂ ਵਿੱਚ ਬਕਾਇਦਾ ਇਕਸਾਰਤਾ ਤੇ ਸੁਹਜ ਦਾ ਪ੍ਰਭਾਵ ਨਾਟਕੀ ਪੇਸ਼ਕਾਰੀ ਨੂੰ ਪ੍ਰਭਾਵੀ ਬਣਾਉਣ ਵਿੱਚ ਮਦਦਗਾਰ ਸਿੱਧ ਹੁੰਦਾ ਹੈ| ਸੁਚੱਜੀ ਦ੍ਰਿਸ਼ ਵਿਉਂਤਕਾਰੀ ਦਰਸ਼ਕਾਂ ਦੀਆਂ ਭਾਵਨਾਵਾਂ ਨੂੰ ਟੁੰਬਣ ਦੀ ਸਮੱਰਥਾ ਪੈਦਾ ਕਰਦੀ ਹੈ| ਮੰਚ ਉੱਤੇ ਵਾਪਰਨ ਵਾਲਾ ਸਮੁੱਚਾ ਕਾਰਜ ਦ੍ਰਿਸ਼ ਦੇ ਘੇਰੇ ਅੰਦਰ ਹੀ ਸੰਪੰਨ ਹੁੰਦਾ ਹੈ| ਅਦਾਕਾਰਾਂ ਦੀ ਅਦਾਕਾਰੀ ਨੂੰ ਅਰਥ ਪ੍ਰਦਾਨ ਕਰਨ ਵਿੱਚ ਵੀ ਦ੍ਰਿਸ਼ ਦੀ ਸਿਰਜਨਾ ਸਹਾਈ ਹੁੰਦੀ ਹੈ ਕਿਉਂਕਿ ਕਿਸੇ ਦ੍ਰਿਸ਼ ਦੇ ਅੱਗੇ/ਸਾਹਮਣੇ ਵਾਪਰਨ ਵਾਲਾ ਕਾਰਜ ਦ੍ਰਿਸ਼ ਦੇ ਪ੍ਰਸੰਗ ਵਿੱਚ ਹੀ ਸਾਰਥਕਤਾ ਗ੍ਰਹਿਣ ਕਰਦਾ ਹੈ| ਸਾਰ ਰੂਪ ਵਿੱਚ ਦ੍ਰਿਸ਼ ਦੀ ਸਿਰਜਨਾ ਨਾਟਕੀ ਸੰਦੇਸ਼ ਦੀ ਵਾਹਕ ਸਿੱਧ ਹੁੰਦੀ ਹੈ| ਵੱਖ ਵੱਖ ਸਰੋਕਾਰਾਂ ਵਾਲੇ ਨਾਟਕਾਂ ਲਈ ਇੱਕੋ ਜਿਹੀ ਰਵਾਇਤੀ ਕਿਸਮ ਦੀ ਦ੍ਰਿਸ਼ ਡਿਜਾਇਨਿੰਗ ਦਾ ਉਨੀਵੀਂ ਸਦੀ ਵਿੱਚ ਭਰਵਾਂ ਵਿਰੋਧ ਹੋਇਆ ਕਿਉਂਕਿ ਅਜਿਹੀ ਸੈਟਿੰਗ ਦਾ ਨਾਟਕ ਨਾਲ ਕੋਈ ਜੀਵੰਤ ਸੰਬੰਧ ਨਹੀਂ ਸੀ ਹੁੰਦਾ| ਗੋਰਦੇਨ ਕਰੇਗ ਅਤੇ ਐਡਲਫ਼ ਐਪੀਆ ਵਰਗੇ ਡਿਜ਼ਾਇਨਰਾਂ ਨੇ ਨਾਟਕ ਦੀ ਪ੍ਰਦਰਸ਼ਨੀ ਲਈ ਦ੍ਰਿਸ਼ ਡਿਜ਼ਾਇਨ ਕਰਨ ਦੀ ਵਿਗਿਆਨਕ ਸੂਝ ਪ੍ਰਦਾਨ ਕੀਤੀ| ਦ੍ਰਿਸ਼ ਸਿਰਜਨਾ ਰਾਹੀਂ ਦਰਸ਼ਕਾਂ ਨੂੰ ਅਹਿਸਾਸ ਦੀ ਚੇਤਨਾ ਪ੍ਰਦਾਨ ਕੀਤੀ ਜਾਂਦੀ ਹੈ ਜਿਸ ਦਾ ਸੰਬੰਧ ਨਾਟਕੀ ਪੇਸ਼ਕਾਰੀ ਦੇ ਅਰਥ ਸੰਚਾਰ ਨਾਲ ਜੁੜਿਆ ਹੁੰਦਾ ਹੈ| ਦ੍ਰਿਸ਼ ਡਿਜ਼ਾਇਨ ਰਾਹੀਂ ਜੀਵਨ ਦਾ ਉਤਾਰਾ ਜਾਂ ਨਕਲ ਨਹੀਂ ਕੀਤੀ ਜਾਂਦੀ ਸਗੋਂ ਜੀਵਨ ਦੇ ਅਨੁਭਵਾਂ ਦੀ ਸੂਖ਼ਮ ਵਿਆਖਿਆ ਦੀ ਇਹ ਕਲਾਤਮਕ ਤੇ ਜਟਿਲ ਵਿਧੀ ਹੈ| ਦ੍ਰਿਸ਼ ਡਿਜ਼ਾਇਨ ਕਰਨਾ ਇੱਕ ਇੱਕਲੇ ਵਿਅਕਤੀ ਦਾ ਕੰਮ ਨਹੀਂ ਹੁੰਦਾ ਸਗੋਂ ਇਸ ਲਈ ਸਮੂਹਕ ਯਤਨਾਂ ਦੀ ਲੋੜ ਹੁੰਦੀ ਹੈ| ਸਹਾਇਕ ਗ੍ਰੰਥ - ਸੁਰਜੀਤ ਸਿੰਘ ਸੇਠੀ : ਸਿਰਜਨਾਤਮਿਕ ਨਾਟਕ ਨਿਰਦੇਸ਼ਨ ; Oscar. G. Brockett : The theatre : An introduction)

ਦੁਹਰਾਤਮਕ ਸੰਵਾਦ
ਦੁਹਰਾਤਮਕ ਸੰਵਾਦ ਤੋਂ ਭਾਵ ਅਜਿਹੇ ਸੰਵਾਦਾਂ ਤੋਂ ਲਿਆ ਜਾਂਦਾ ਹੈ ਜਿਨ੍ਹਾਂ ਦਾ ਨਾਟਕ ਵਿੱਚ ਬਾਰ-ਬਾਰ ਉਚਾਰਨ ਕੀਤਾ ਜਾਂਦਾ ਹੈ| ਅਜਿਹੇ ਸੰਵਾਦਾਂ ਰਾਹੀਂ ਨਾਟਕ ਵਿੱਚ ਰੌਚਿਕਤਾ ਦਾ ਅੰਸ਼ ਪੈਦਾ ਕੀਤਾ ਜਾਂਦਾ ਹੈ| ਜਦੋਂ ਕੋਈ ਪਾਤਰ ਨਾਟਕ ਵਿੱਚ ਇੱਕੋ ਸੰਵਾਦ ਦੀ ਮੁੜ ਮੁੜ ਕੇ ਵਰਤੋਂ ਕਰਦਾ ਹੈ ਤਾਂ ਅਜਿਹੇ ਸੰਵਾਦ ਦਰਸ਼ਕਾਂ ਦਾ ਵਿਸ਼ੇਸ਼ ਤੌਰ 'ਤੇ ਧਿਆਨ ਆਕਰਸ਼ਤ ਕਰਦੇ ਹਨ| ਨਾਟਕ ਦੇ ਮੰਚਣ ਪੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਅਜਿਹੇ ਸੰਵਾਦ ਪ੍ਰਭਾਵੀ ਸਿੱਧ ਹੁੰਦੇ ਹਨ| ਪੰਜਾਬੀ ਨਾਟਕਾਂ ਵਿੱਚ ਅਜਿਹੇ ਸੰਵਾਦਾਂ ਦੀ ਵਰਤੋਂ ਨਾਟਕਕਾਰਾਂ ਨੇ ਜਿੰਦਗੀ ਦੀਆਂ ਤਲਖ਼ ਸਚਾਈਆਂ ਨੂੰ ਬਿਆਨ ਕਰਨ ਲਈ ਕੀਤੀ ਹੈ| ਅਜਿਹੇ ਸੰਵਾਦਾਂ ਨੂੰ ਕਹਾਉਣ ਲਈ ਸ਼ਰਾਬੀ, ਅਮਲੀ, ਛੜੇ ਤੇ ਨਸ਼ੇੜੀ ਕਿਸਮ ਦੇ ਪਾਤਰ ਪੰਜਾਬੀ ਨਾਟਕਾਂ ਵਿੱਚ ਦ੍ਰਿਸ਼ਟੀਗੋਚਰ ਹੁੰਦੇ ਹਨ| ਅਜਮੇਰ ਔਲਖ ਦੇ ਨਾਟਕ ਸੱਤ ਬੇਗਾਨੇ ਵਿੱਚ ਲੱਕੜ ਚੱਬ ਇਸੇ ਕਿਸਮ ਦਾ ਪਾਤਰ ਹੈ ਜਿਹੜਾ ਸੰਵਾਦਾਂ ਦੇ ਦੁਹਰਾਓ ਰਾਹੀਂ ਨਾਟਕ ਵਿੱਚ ਕਲਾਤਮਕਤਾ ਦਾ ਅੰਸ਼ ਭਰਦਾ ਹੈ| ਪੂਰੇ ਨਾਟਕ ਵਿੱਚ ਲੱਕੜ ਚੱਬ ਦੁਆਰਾ ਗੱਡਾ ਡਹੀਆ ਕੀਤਾ ਦਾ ਮੁੜ ਮੁੜ ਦੁਹਰਾਓ ਨਾਟਕੀ ਪ੍ਰਭਾਵ ਨੂੰ ਵਧਾਉਣ ਵਿੱਚ ਕਾਰਗਰ ਸਿੱਧ ਹੁੰਦਾ ਹੈ : ਲੱਕੜ ਚੱਬ, ''ਆਉੜਨੀ ਕੀ ਸੀ| ਐਂ ਕਚਿਆਈ ਜੀ ਤਾਂ ਨਾ ਦਿਆ ਕਰੋ|'' ਐ ਤਾਂ ਗਿਆਨੀ ਜੀ ਥੋਡੇ ਆਲੀ ਚਾਚੀ ਨੇ ਗੱਡਾ ਡਹੀਆ ਕੀਤਾ| (ਪੰਨਾ 87) (ਸਹਾਇਕ ਗ੍ਰੰਥ - ਅਜਮੇਰ ਔਲਖ : ਸੱਤ ਬੇਗਾਨੇ)

ਦੁਖਾਂਤ

Tragedy

ਦੁਖਾਂਤ ਨਾਟਕ ਵਿੱਚ ਦੁੱਖ ਅਤੇ ਪੀੜਾ ਦੇ ਅਹਿਸਾਸ ਨੂੰ ਦਰਸ਼ਕਾਂ ਸਾਹਮਣੇ ਪੇਸ਼ ਕੀਤਾ ਜਾਂਦਾ ਹੈ| ਭਾਰਤੀ ਵਿਚਾਰਧਾਰਾ ਦੇ ਕਰਮ ਸਿਧਾਂਤ ਅਨੁਸਾਰ ਭਾਰਤੀ ਨਾਟ ਪਰੰਪਰਾ ਸੁਖਾਂਤ ਦੀ ਧਾਰਨੀ ਰਹੀ ਹੈ| ਸਾਹਿਤ ਆਚਾਰੀਆਂ ਵਲੋਂ ਮੌਤ ਦੇ ਦ੍ਰਿਸ਼ਾਂ ਦੀ ਮੰਚ ਉੱਤੇ ਮਨਾਹੀ ਕੀਤੀ ਗਈ ਹੈ| ਪੱਛਮ ਵਿੱਚ ਦੁਖਾਂਤ ਨੂੰ ਸਾਹਿਤ ਦਾ ਉੱਤਮ ਰੂਪ ਪ੍ਰਵਾਨ ਕੀਤਾ ਗਿਆ ਹੈ| ਯੂਨਾਨ ਵਿੱਚ ਦੁਖਾਂਤ ਦੀ ਕਲਾ ਦੇ ਸਿਖਰ ਨੂੰ ਛੂਹਣ ਤੋਂ ਮਗਰੋਂ ਅਰਸਤੂ ਨੇ ਦੁਖਾਂਤ ਨਾਟਕ ਦਾ ਸਿਧਾਂਤ ਪੇਸ਼ ਕਰਦਿਆਂ ਇਸ ਨੂੰ ਪਰਿਭਾਸ਼ਤ ਕਰਦਿਆਂ ਲਿਖਿਆ ਕਿ ਦੁਖਾਂਤ ਇੱਕ ਅਜਿਹੀ ਨਾਟ ਰਚਨਾ ਹੈ ਜਿਹੜੀ ਆਪਣੇ ਆਪ ਵਿੱਚ ਸੰਪੂਰਨ ਤੇ ਗੰਭੀਰ ਕਾਰਜ ਦਾ ਅਨੁਕਰਨ ਹੈ| ਇਸ ਦੇ ਪਾਤਰਾਂ ਦਾ ਕਿਰਦਾਰ ਉਚਾ ਤੇ ਸੁੱਚਾ ਹੁੰਦਾ ਹੈ| ਇਸ ਦੀ ਭਾਸ਼ਾ ਕਾਵਿਕ ਅਤੇ ਰਾਗਾਤਮਿਕ ਹੁੰਦੀ ਹੈ| ਅਜਿਹੀ ਰਚਨਾ ਦਰਸ਼ਕਾਂ ਦੇ ਮਨਾਂ ਵਿੱਚ ਕਰੁਣਾ ਅਤੇ ਭੈ ਦੇ ਭਾਵ ਪੈਦਾ ਕਰਨ ਦੀ ਸਮਰੱਥਾ ਰੱਖਦੀ ਹੈ| ਇਸ ਰਚਨਾ ਦਾ ਅੰਤ ਨਾਇਕ ਦੀ ਮੌਤ ਜਾਂ ਬਰਬਾਦੀ ਨਾਲ ਜੁੜਿਆ ਹੁੰਦਾ ਹੈ| ਇਸ ਦੀਆਂ ਘਟਨਾਵਾਂ ਦਰਸ਼ਕਾਂ ਦੇ ਮਨਾਂ ਅੰਦਰੋਂ ਕਰੁਣਾ ਅਤੇ ਭੈ ਦੇ ਭਾਵਾਂ ਦਾ ਵਿਰੇਚਨ ਕਰਦੀਆਂ ਹਨ| ਨਾਟਕ ਦੇ ਅਖੀਰ 'ਤੇ ਦਰਸ਼ਕਾਂ ਦੇ ਮਨ ਵਿੱਚੋਂ ਕੁੰਠਿਤ ਭਾਵਾਂ ਦਾ ਨਿਕਾਸ ਹੋ ਜਾਂਦਾ ਹੈ| ਬਣਤਰ ਪਖੋਂ ਇਸ ਦੇ ਛੇ ਤੱਤ ਗੋਂਦ, ਪਾਤਰ, ਵਾਰਤਾਲਾਪ, ਦ੍ਰਿਸ਼, ਗੀਤ ਤੇ ਵਿਚਾਰ ਸਵੀਕਾਰ ਕੀਤੇ ਗਏ ਹਨ| ਐਸਕਾਈਲਸ, ਸੋਫ਼ੋਕਲੀਜ਼ ਤੇ ਯੂਰੀਪੀਡੀਜ਼ ਯੂਨਾਨ ਦੇ ਮਹਾਨ ਨਾਟਕਕਾਰਾਂ ਹੋਏ ਹਨ ਜਿਨ੍ਹਾਂ ਨੇ ਦੁਖਾਂਤ ਨਾਟਕਾਂ ਦੀ ਰਚਨਾ ਕੀਤੀ ਹੈ| ਦੁਖਾਂਤ ਦਾ ਨਾਇਕ ਸੁਚੇਤ ਜਾਂ ਅਚੇਤ ਰੂਪ ਵਿੱਚ ਦੁੱਖ ਤੇ ਬਿਪਤਾ ਨੂੰ ਸਹੇੜਦਾ ਹੈ ਤੇ ਮੌਤ ਦੇ ਰਾਹ ਨੂੰ ਖੁਸ਼ੀ ਖੁਸ਼ੀ ਸਵੀਕਾਰਦਾ ਹੈ| ਯੂਨਾਨੀ ਸਾਹਿਤ ਵਿੱਚ ਐਨਟਿਗਨੀ ਦੀ ਬਹਾਦਰੀ ਨੂੰ ਸਭ ਤੋਂ ਸ੍ਰੇਸ਼ਟ ਦੁਖਾਂਤ ਸਵੀਕਾਰ ਕੀਤਾ ਗਿਆ ਹੈ ਕਿਉਂਕਿ ਇਸ ਵਿੱਚ ਐਨਟਿਗਨੀ ਅਜਿਹੀ ਪਾਤਰ ਹੈ ਜਿਹੜੀ ਸੁਚੇਤ ਪੱਧਰ 'ਤੇ ਮੌਤ ਨੂੰ ਵੰਗਾਰਦੀ ਹੈ| ਦੁਖਾਂਤ ਦਾ ਸਭ ਤੋਂ ਅਹਿਮ ਪੱਖ ਉਸ ਦਾ ਅੰਤਮ ਪ੍ਰਭਾਵ ਹੁੰਦਾ ਹੈ ਜਿਹੜਾ ਮਨੁੱਖ ਨੂੰ ਆਤਮਕ ਸ਼ੁੱਧੀ ਪ੍ਰਦਾਨ ਕਰਦਾ ਹੈ| ਮਨੁੱਖੀ ਵਿਕਾਰਾਂ ਤੇ ਗਲਤ ਰੁਚੀਆਂ ਦਾ ਨਿਕਾਸ ਹੋ ਜਾਂਦਾ ਹੈ| ਅਰਸਤੂ ਇਸ ਮੱਤ ਦਾ ਧਾਰਨੀ ਹੈ ਕਿ ਅਜਿਹੇ ਭਾਵਾਂ ਦੀ ਖਲਾਸੀ ਹੋਣ ਨਾਲ ਸਹਿਜ ਅਵਸਥਾ ਉਤਪੰਨ ਹੋ ਜਾਂਦੀ ਹੈ| ਰੂਪ ਪੱਖੋਂ ਦੁਖਾਂਤ ਨੂੰ ਕਈ ਸ਼੍ਰੇਣੀਆਂ ਵਿੱਚ ਵੰਡਿਆ ਜਾਂਦਾ ਹੈ| ਗੁਰਦਿਆਲ ਸਿੰਘ ਫੁੱਲ ਦੁਖਾਂਤ ਦੀ ਸ਼੍ਰੇਣੀ ਵੰਡ ਕਰਦਿਆਂ ਇਸ ਦੀਆਂ ਤਿੰਨ ਪ੍ਰਮੁੱਖ ਕਿਸਮਾਂ ਦਾ ਵਰਣਨ ਕਰਦਾ ਹੈ| ਪ੍ਰਮਾਣਿਕ ਜਾਂ ਪ੍ਰਾਚੀਨ ਦੁਖਾਂਤ, ਰੁਮਾਂਚਕ ਤੇ ਯਥਾਰਥਕ ਦੁਖਾਂਤ| ਪ੍ਰਾਚੀਨ ਦੁਖਾਂਤ ਵਿੱਚ ਪਰਦੇ ਦੀ ਸਹੂਲਤ ਨਾ ਹੋਣ ਕਰਕੇ ਸਮੇਂ ਸਥਾਨ ਤੇ ਕਾਰਜ ਦੀ ਏਕਤਾ ਕਾਇਮ ਰਹਿੰਦੀ ਸੀ| ਪੂਰੇ ਨਾਟਕ ਦੌਰਾਨ ਕੋਰਸ ਮੰਚ ਉੱਤੇ ਰਹਿੰਦਾ ਸੀ| ਰੁਮਾਂਚਕ ਦੁਖਾਂਤ ਵਿੱਚ ਭਾਵੁਕ ਘਟਨਾਵਾਂ ਦੀ ਬਹੁਤਾਤ ਹੁੰਦੀ ਸੀ| ਸਮੇਂ ਸਥਾਨ ਤੇ ਕਾਰਜ ਦੀ ਅਨੇਕਤਾ ਦੇ ਨਾਲ-ਨਾਲ ਪਰਾਸਰੀਰਕ ਅੰਸ਼ਾਂ ਦੀ ਬਹੁਲਤਾ ਵੱਡੀ ਪੱਧਰ 'ਤੇ ਹੁੰਦੀ ਸੀ| ਤੀਜੇ ਕਿਸਮ ਦਾ ਦੁਖਾਂਤ ਯਥਾਰਥਕ ਰੰਗਣ ਦਾ ਹੈ ਜਿਸ ਵਿੱਚ ਸਧਾਰਨ ਜੀਵਨ ਦੀਆਂ ਸਧਾਰਨ ਘਟਨਾਵਾਂ ਦੀ ਪੇਸ਼ਕਾਰੀ ਨਾਲ ਦੁਖਾਂਤਕ ਭਾਵ ਪੈਦਾ ਕੀਤੇ ਜਾਂਦੇ ਹਨ| ਹੋਣੀ, ਦੁਖਾਂਤ ਨਾਟਕ ਦਾ ਅਜਿਹਾ ਤੱਤ ਹੈ ਜਿਹੜਾ ਨਾਇਕ ਦੇ ਸੰਕਟ ਦਾ ਕਾਰਨ ਬਣਦਾ ਹੈ| ਦੁਖਾਂਤ ਨਾਟਕ ਵਿੱਚ ਵਿਸ਼ਵਵਿਆਪਕਤਾ ਦਾ ਗੁਣ ਹੁੰਦਾ ਹੈ; ਅਜਿਹਾ ਪ੍ਰਭਾਵ ਨਾਟਕ ਵਿੱਚ ਗਹਿਰਾਈ ਅਤੇ ਵਿਸ਼ਾਲਤਾ ਲਿਆਉਂਦਾ ਹੈ| ਨਾਟਕ ਵਿੱਚ ਡੂੰਘਾਈ ਦੇ ਭਾਵ ਪੈਦਾ ਕਰਨ ਲਈ ਨਾਟਕਕਾਰ ਅਜਿਹੇ ਚਿੰਨ੍ਹਾਂ ਦੀ ਵਰਤੋਂ ਕਰਦਾ ਹੈ ਜਿਹੜੇ ਨਾਟਕ ਵਿਚਲੇ ਦੁਖਾਂਤਕ ਅੰਸ਼ਾਂ ਨੂੰ ਡੂੰਘਾਈ ਪ੍ਰਦਾਨ ਕਰਦੇ ਹਨ| ਦੁਖਾਂਤ ਵਿੱਚ ਕਲੇਸ਼, ਪੀੜਾ, ਕਰੁਣਾ, ਦੁੱਖ, ਕਰੁਣਾ ਤੇ ਤਬਾਹੀ ਦੇ ਭਾਵ ਹੁੰਦੇ ਹਨ| (ਸਹਾਇਕ ਗ੍ਰੰਥ - ਅਰਸਤੂ ਦਾ ਕਾਵਿ ਸ਼ਾਸਤਰ; ਹਰਚਰਨ ਸਿੰਘ : ਨਾਟਕ ਕਲਾ ਅਤੇ ਹੋਰ ਲੇਖ; ਮੈਥਲੀਪ੍ਰਸਾਦ ਭਾਰਦਵਾਜ : ਪਾਸ਼ਚਾਤਯ ਕਾਵਯ ਸ਼ਾਸਤ੍ਰ ਕੇ ਸਿਧਾਂਤ)
ਰੂਪ ਪੱਖੋਂ ਦੁਖਾਂਤ ਨੂੰ ਕਈ ਸ਼੍ਰੇਣੀਆਂ ਵਿੱਚ ਵੰਡਿਆ ਜਾਂਦਾ ਹੈ| ਗੁਰਦਿਆਲ ਸਿੰਘ ਫੁੱਲ ਦੁਖਾਂਤ ਦੀ ਸ਼੍ਰੇਣੀ ਵੰਡ ਕਰਦਿਆਂ ਇਸ ਦੀਆਂ ਤਿੰਨ ਪ੍ਰਮੁੱਖ ਕਿਸਮਾਂ ਦਾ ਵਰਣਨ ਕਰਦਾ ਹੈ| ਪ੍ਰਮਾਣਿਕ ਜਾਂ ਪ੍ਰਾਚੀਨ ਦੁਖਾਂਤ, ਰੁਮਾਂਚਕ ਤੇ ਯਥਾਰਥਕ ਦੁਖਾਂਤ| ਪ੍ਰਾਚੀਨ ਦੁਖਾਂਤ ਵਿੱਚ ਪਰਦੇ ਦੀ ਸਹੂਲਤ ਨਾ ਹੋਣ ਕਰਕੇ ਸਮੇਂ ਸਥਾਨ ਤੇ ਕਾਰਜ ਦੀ ਏਕਤਾ ਕਾਇਮ ਰਹਿੰਦੀ ਸੀ| ਪੂਰੇ ਨਾਟਕ ਦੌਰਾਨ ਕੋਰਸ ਮੰਚ ਉੱਤੇ ਰਹਿੰਦਾ ਸੀ| ਰੁਮਾਂਚਕ ਦੁਖਾਂਤ ਵਿੱਚ ਭਾਵੁਕ ਘਟਨਾਵਾਂ ਦੀ ਬਹੁਤਾਤ ਹੁੰਦੀ ਸੀ| ਸਮੇਂ ਸਥਾਨ ਤੇ ਕਾਰਜ ਦੀ ਅਨੇਕਤਾ ਦੇ ਨਾਲ-ਨਾਲ ਪਰਾਸਰੀਰਕ ਅੰਸ਼ਾਂ ਦੀ ਬਹੁਲਤਾ ਵੱਡੀ ਪੱਧਰ 'ਤੇ ਹੁੰਦੀ ਸੀ| ਤੀਜੇ ਕਿਸਮ ਦਾ ਦੁਖਾਂਤ ਯਥਾਰਥਕ ਰੰਗਣ ਦਾ ਹੈ ਜਿਸ ਵਿੱਚ ਸਧਾਰਨ ਜੀਵਨ ਦੀਆਂ ਸਧਾਰਨ ਘਟਨਾਵਾਂ ਦੀ ਪੇਸ਼ਕਾਰੀ ਨਾਲ ਦੁਖਾਂਤਕ ਭਾਵ ਪੈਦਾ ਕੀਤੇ ਜਾਂਦੇ ਹਨ| ਹੋਣੀ, ਦੁਖਾਂਤ ਨਾਟਕ ਦਾ ਅਜਿਹਾ ਤੱਤ ਹੈ ਜਿਹੜਾ ਨਾਇਕ ਦੇ ਸੰਕਟ ਦਾ ਕਾਰਨ ਬਣਦਾ ਹੈ| ਦੁਖਾਂਤ ਨਾਟਕ ਵਿੱਚ ਵਿਸ਼ਵਵਿਆਪਕਤਾ ਦਾ ਗੁਣ ਹੁੰਦਾ ਹੈ; ਅਜਿਹਾ ਪ੍ਰਭਾਵ ਨਾਟਕ ਵਿੱਚ ਗਹਿਰਾਈ ਅਤੇ ਵਿਸ਼ਾਲਤਾ ਲਿਆਉਂਦਾ ਹੈ| ਨਾਟਕ ਵਿੱਚ ਡੂੰਘਾਈ ਦੇ ਭਾਵ ਪੈਦਾ ਕਰਨ ਲਈ ਨਾਟਕਕਾਰ ਅਜਿਹੇ ਚਿੰਨ੍ਹਾਂ ਦੀ ਵਰਤੋਂ ਕਰਦਾ ਹੈ ਜਿਹੜੇ ਨਾਟਕ ਵਿਚਲੇ ਦੁਖਾਂਤਕ ਅੰਸ਼ਾਂ ਨੂੰ ਡੂੰਘਾਈ ਪ੍ਰਦਾਨ ਕਰਦੇ ਹਨ| ਦੁਖਾਂਤ ਵਿੱਚ ਕਲੇਸ਼, ਪੀੜਾ, ਕਰੁਣਾ, ਦੁੱਖ, ਕਰੁਣਾ ਤੇ ਤਬਾਹੀ ਦੇ ਭਾਵ ਹੁੰਦੇ ਹਨ| (ਸਹਾਇਕ ਗ੍ਰੰਥ - ਅਰਸਤੂ ਦਾ ਕਾਵਿ ਸ਼ਾਸਤਰ; ਹਰਚਰਨ ਸਿੰਘ : ਨਾਟਕ ਕਲਾ ਅਤੇ ਹੋਰ ਲੇਖ; ਮੈਥਲੀਪ੍ਰਸਾਦ ਭਾਰਦਵਾਜ : ਪਾਸ਼ਚਾਤਯ ਕਾਵਯ ਸ਼ਾਸਤ੍ਰ ਕੇ ਸਿਧਾਂਤ)

ਦੁਖਾਂਤਕ - ਸੁਖਾਂਤ

Tragic - Comedy

ਦੁਖਾਂਤਕ ਸੁਖਾਂਤ, ਨਾਟਕ ਦੀ ਅਜਿਹੀ ਕਿਸਮ ਹੈ ਜਿਸ ਵਿੱਚ ਨਾਟਕ ਦੀ ਕਥਾ, ਪਾਤਰ ਤੇ ਕਥਾਨਕ, ਦੁਖਾਂਤਕ ਅੰਸ਼ਾਂ ਨਾਲ ਭਰਪੂਰ ਹੁੰਦੇ ਹਨ ਅਰਥਾਤ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਨਾਟਕ, ਦੁਖਾਂਤ ਨਾਟਕ ਦੇ ਤੌਰ 'ਤੇ ਅੱਗੇ ਵੱਧਦਾ ਹੈ ਪਰ ਅਚਾਨਕ ਕਿਸੇ ਘਟਨਾ ਦੇ ਵਾਪਰਨ ਨਾਲ ਦੁਖਾਂਤ ਵਾਪਰਨ ਤੋਂ ਟਲ ਜਾਂਦਾ ਹੈ| ਅਜਿਹੇ ਨਾਟਕ ਨੂੰ ਅੰਗਰੇਜ਼ੀ ਵਿੱਚ Tragic – Comedy ਕਿਹਾ ਜਾਂਦਾ ਹੈ|
ਐਲਿਜ਼ਾਬੇਥਨ ਨਾਟਕ ਵਿੱਚ ਦੁਖਾਂਤ ਅਤੇ ਸੁਖਾਂਤ ਦੇ ਤੱਤ ਮਿਸ਼ਰਿਤ ਰੂਪ ਵਿੱਚ ਮਿਲਦੇ ਹਨ| ਦੁਖਾਂਤਕ ਸੁਖਾਂਤ ਵਿੱਚ ਸ੍ਰੇਸ਼ਟ ਵਰਗ ਦੇ ਨਾਲ ਨਾਲ ਨਿਮਨ ਵਰਗ ਦੇ ਪਾਤਰ ਵੀ ਹੁੰਦੇ ਸਨ| ਪੁਨਰਜਾਗਰਣ ਕਾਲ ਵਿੱਚ ਨਾਟਕ ਦੀ ਇਸ ਕਿਸਮ ਨੂੰ ਉਤਮ ਨਾਟਕਾਂ ਦੀ ਵੰਨਗੀ ਵਿੱਚ ਨਹੀਂ ਸੀ ਰੱਖਿਆ ਜਾਂਦਾ ਸਗੋਂ ਇਸ ਨੂੰ ਮਿਲਾਵਟ ਵਾਲੀ ਰਚਨਾ ਕਹਿ ਕੇ ਨਿਮਨ ਨਾਟਕਾਂ ਦੀ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਜਾਂਦਾ ਸੀ| ਸ਼ੈਕਸਪੀਅਰ ਦਾ ਮਰਚੈਂਟ ਆਫ਼ ਵੀਨਸ ਦੁਖਾਂਤਕ ਸੁਖਾਂਤ ਨਾਟਕ ਦੀ ਹੀ ਵੰਨਗੀ ਹੈ ਕਿਉਂਕਿ ਇਸ ਨਾਟਕ ਵਿੱਚ ਉਚ ਕੁਲੀਨ ਵਰਗ ਦੇ ਪਾਤਰਾਂ ਦੇ ਨਾਲ ਨਾਲ ਨਿਮਨ ਕਿਸਮ ਦੇ ਪਾਤਰ ਵੀ ਸ਼ਾਮਲ ਹਨ ਤੇ ਇਸੇ ਦੇ ਨਾਲ ਨਾਲ ਨਾਟਕ ਦੀ ਕਥਾ ਅਖੀਰ 'ਤੇ ਪਹੁੰਚ ਕੇ ਸੁਖਾਂਤਕ ਮੋੜ ਵੀ ਲੈ ਲੈਂਦੀ ਹੈ| ਨਾਟਕ ਦੀ ਇਸ ਕਿਸਮ ਦੀ ਰਚਨਾ ਹੋਣ ਨਾਲ ਸੁਖਾਂਤ ਅਤੇ ਦੁਖਾਂਤ ਨਾਟਕ ਦੀ ਵੱਖਰੀ ਪਛਾਣ ਦਾ ਖਤਰਾ ਪੈਦਾ ਹੋ ਗਿਆ| ਇਬਸਨ ਦਾ ਨਾਟਕ The Wild duck ਦੁਖਾਂਤਕ ਸੁਖਾਂਤ ਨਾਟਕ ਦੀ ਬਿਹਤਰੀਨ ਮਿਸਾਲ ਹੈ| ਸੁਖਾਂਤ ਅਤੇ ਦੁਖਾਂਤ ਨਾਟਕ ਦੇ ਤੱਤਾਂ ਦਾ ਸੰਤੁਲਨ ਇਸ ਨਾਟਕ ਵਿੱਚ ਦੇਖਿਆ ਜਾ ਸਕਦਾ ਹੈ| ਇਬਸਨ ਤੋਂ ਪਿਛੋਂ ਬਰਨਾਰਡ ਸ਼ਾਅ, ਚੈਖ਼ਵ ਦੇ ਨਾਟਕਾਂ ਵਿੱਚੋਂ ਵੀ ਦੁਖਾਂਤਕ ਸੁਖਾਂਤ ਨਾਟਕ ਦੇ ਅੰਸ਼ ਨਜ਼ਰੀ ਪੈਂਦੇ ਹਨ| ਆਈ. ਸੀ. ਨੰਦਾ ਦਾ ਸੁਭੱਦਰਾ ਨਾਟਕ ਵੀ ਇਸੇ ਨਾਟਕ ਦੀ ਕਿਸਮ ਦੇ ਅੰਤਰਗਤ ਰੱਖਿਆ ਜਾ ਸਕਦਾ ਹੈ ਕਿਉਂਕਿ ਨਾਟਕ ਦੇ ਅਰੰਭ ਵਿੱਚ ਦੁਖਾਂਤਕ ਪ੍ਰਭਾਵ ਦੇਣ ਵਾਲੇ ਇਸ ਨਾਟਕ ਦਾ ਅਖ਼ੀਰ ਸੁਖਾਂਤ ਰੂਪ ਵਿੱਚ ਸੰਪੰਨ ਹੁੰਦਾ ਹੈ| ਵਿਸ਼ਵ ਪੱਧਰ 'ਤੇ ਇਸ ਵੇਲੇ ਅਜਿਹੇ ਨਾਟਕ ਲਿਖਣ ਦਾ ਪ੍ਰਚਲਨ ਨਹੀਂ ਹੈ; ਜਾਂ ਤਾਂ ਦੁਖਾਂਤ ਨਾਟਕ ਲਿਖੇ ਜਾ ਰਹੇ ਹਨ ਜਾਂ ਫੇਰ ਸੁਖਾਂਤ ਨਾਟਕਾਂ ਦੀ ਰਚਨਾ ਕੀਤੀ ਜਾ ਰਹੀ ਹੈ|
ਪੰਜਾਬੀ ਦੇ ਨਾਟਕਕਾਰ ਵੀ ਇਸ ਵਿਧਾ ਨੂੰ ਲੈ ਕੇ ਨਾਟਕਾਂ ਦੀ ਰਚਨਾ ਨਹੀਂ ਕਰ ਰਹੇ| ਸ਼ੈਕਸਪੀਅਰ ਨੇ ਸਤਾਰਵੀਂ ਸਦੀ ਦੇ ਅਰੰਭ ਵਿੱਚ ਵਿਸ਼ੇਸ਼ ਤੌਰ 'ਤੇ 1609 ਤੋਂ 1611 ਦੇ ਦਰਮਿਆਨ cymbeline ਤੇ The Winter's tale ਦੁਖਾਂਤਕ ਸੁਖਾਂਤ ਦੀ ਵਿਧਾ 'ਤੇ ਆਧਾਰਤ ਰੋਮਾਂਚਕ ਨਾਟਕਾਂ ਦੀ ਰਚਨਾ ਕੀਤੀ ਸੀ| Tragic – Comedy ਟਰਮ ਦੀ ਵਰਤੋਂ ਅਜਿਹੇ ਨਾਟਕਾਂ ਲਈ ਵੀ ਕੀਤੀ ਜਾਂਦੀ ਹੈ ਜਿਨ੍ਹਾਂ ਵਿੱਚ ਦੂਹਰੇ ਕਥਾਨਕ ਹੁੰਦੇ ਹਨ| ਇੱਕ ਪਲਾਟ ਗੰਭੀਰ ਕਿਸਮ ਦਾ ਅਤੇ ਦੂਜਾ ਹਸਾਉਣੇ ਕਿਸਮ ਦਾ ਹੁੰਦਾ ਹੈ| ਨਾਟਕ ਦੀ ਇਸ ਕਿਸਮ ਨੂੰ ਅਜਿਹੇ ਦੁਖਾਂਤ ਦਾ ਨਾਂ ਵੀ ਦਿੱਤਾ ਜਾਂਦਾ ਹੈ ਜਿਸ ਵਿੱਚ ਕਿਸੇ ਕਾਰਨ ਕਰਕੇ ਦੁਖਾਂਤ ਵਾਪਰਨ ਤੋਂ ਟਲ ਜਾਂਦਾ ਹੈ| (ਸਹਾਇਕ ਗ੍ਰੰਥ - ਸੁਰਜੀਤ ਸਿੰਘ ਸੇਠੀ : ਨਾਟਕ ਕਲਾ ; ਮੈਥਲੀ ਪ੍ਰਸਾਦ ਭਾਰਦਵਾਜ : ਪਾਸ਼ਚਾਤਯ ਕਾਵਯ ਸ਼ਾਮਤਰ ਕੇ ਸਿਧਾਂਤ; M.H. Abhrams : A Glossary of literary terms )

ਦੇਸ਼ ਕਾਲ ਤੇ ਵਾਤਾਵਰਨ
ਦੇਸ਼ ਕਾਲ ਅਤੇ ਵਾਤਾਵਰਨ ਨਾਟਕੀ ਪ੍ਰਕ੍ਰਿਆ ਦਾ ਮਹੱਤਵਪੂਰਨ ਅੰਗ ਹੁੰਦੇ ਹਨ| ਮੰਚ ਉੱਤੇ ਰੂਪਮਾਨ ਹੋ ਰਹੀ ਭ੍ਰਮਕ ਪੇਸ਼ਕਾਰੀ ਨੂੰ ਦਰਸ਼ਕ ਯਥਾਰਥ ਰੂਪ ਵਿੱਚ ਗ੍ਰਹਿਣ ਕਰਦਾ ਹੈ| ਦਰਅਸਲ ਇਹ ਨਾਟਕ ਦੇ ਅਜਿਹੇ ਤੱਤ ਹਨ ਜਿਹੜੇ ਸੂਖ਼ਮ ਮਨੋਵਿਗਿਆਨ ਪ੍ਰਕ੍ਰਿਆ ਦੁਆਰਾ ਅਣਯਥਾਰਥਕ ਜੀਵਨ ਦਾ ਯਥਾਰਥ ਭੁਲਾਂਦਰਾ ਪੈਦਾ ਕਰਨ ਵਿੱਚ ਮਦਦ ਕਰਦੇ ਹਨ| ਨਾਟਕ ਦੇਖ ਰਿਹਾ ਦਰਸ਼ਕ ਮੰਚ ਉੱਤੇ ਵਾਪਰਦੇ ਨਾਟਕੀ ਜਗਤ ਨਾਲ ਇਨ੍ਹਾਂ ਤੱਤਾਂ ਕਾਰਨ ਹੀ ਆਪਣੇ ਆਪ ਨੂੰ ਆਤਮਸਾਤ ਕਰਦਾ ਹੈ| ਨਾਟਕੀ ਕਥਾ ਅਤੇ ਮੰਚ ਉੱਤੇ ਹੋ ਰਹੇ ਅਭਿਨੈ ਨੂੰ ਮੰਨਣਯੋਗ ਬਣਾਉਣ ਵਿੱਚ ਇਨ੍ਹਾਂ ਤੱਤਾਂ ਦੀ ਅਹਿਮੀਅਤ ਨਿਵੇਕਲੀ ਹੁੰਦੀ ਹੈ| ਦੇਸ਼ ਕਾਲ ਅਤੇ ਵਾਤਾਵਰਨ ਦਾ ਪਰਿਪੇਖ ਬੜਾ ਵਿਸਤ੍ਰਿਤ ਹੈ| ਸਮਾਂ, ਸਥਾਨ, ਵੇਸ ਭੂਸ਼ਾ, ਆਚਾਰ-ਵਿਹਾਰ, ਚਿੰਤਨ, ਵਾਰਤਾਲਾਪ, ਉਚਾਰਨ ਸ਼ੈਲੀ ਤੇ ਪਿਠ ਭੂਮੀ ਆਦਿ ਸਾਰੇ ਸੰਕਲਪ ਦੇਸ਼ ਕਾਲ ਅਤੇ ਵਾਤਾਵਰਨ ਦੇ ਅੰਤਰਗਤ ਗਿਣੇ ਜਾਂਦੇ ਹਨ| ਵਾਸਤਵਿਕਤਾ, ਯਥਾਰਥਕਤਾ, ਸੁਭਾਵਿਕਤਾ, ਸੰਭਵਤਾ ਤੇ ਮੰਨਣਯੋਗਤਾ ਆਦਿ ਇਸ ਦੇ ਮਹੱਤਵਪੂਰਨ ਤੇ ਲੋੜੀਂਦੇ ਗੁਣ ਸਵੀਕਾਰੇ ਗਏ ਹਨ| ਪ੍ਰਭਾਵ ਦੀ ਦ੍ਰਿਸ਼ਟੀ ਤੋਂ ਇਨ੍ਹਾਂ ਗੁਣਾਂ ਦਾ ਹੋਣਾ ਕਿਸੀ ਵੀ ਰਚਨਾ ਲਈ ਅਨਿਵਾਰੀ ਮੰਨਿਆ ਜਾਂਦਾ ਹੈ| ਦਰਸ਼ਨੀ ਅਤੇ ਸਮਾਂਗਤ ਕਲਾ ਹੋਣ ਕਰਕੇ ਨਾਟਕ ਵਿੱਚ ਇਨ੍ਹਾਂ ਤੱਤਾਂ ਦੀ ਹੋਂਦ ਹੋਰ ਵੀ ਮਹੱਤਵਪੂਰਨ ਬਣ ਜਾਂਦੀ ਹੈ| (ਸਹਾਇਕ ਗ੍ਰੰਥ -ਮੈਥਲੀਪ੍ਰਸਾਦ ਭਾਰਦਵਾਜ : ਪਾਸ਼ਚਾਤਯ ਕਾਵਯ ਸ਼ਾਸਤਰ ਕੇ ਸਿਧਾਂਤ)

ਦਰਸ਼ਕ
spectators / Audience

ਦੁਖਾਂਤ
tragedy


logo