logo
भारतवाणी
bharatavani  
logo
Knowledge through Indian Languages
Bharatavani

Punjabi Encyclopaedic Dictionary of Theatre (Punjabi-English)

ਭਗਤ

Folk theatre

ਭਗਤ, ਲੋਕ ਨਾਟਕ ਦਾ ਇੱਕ ਅਜਿਹਾ ਰੂਪ ਹੈ ਜਿਸਦੀ ਨੌਟੰਕੀ ਨਾਲ ਵੱਡੀ ਪੱਧਰ 'ਤੇ ਸਾਂਝ ਹੁੰਦੀ ਹੈ ਪਰ ਕਈ ਪੱਖਾਂ ਵਿੱਚ ਇਸ ਦੇ ਨਿਵੇਕਲੇ ਲੱਛਣ ਵੀ ਹਨ| ਇਸ ਦਾ ਵਿਸ਼ਾ ਧਾਰਮਕ ਰੁਚੀਆਂ ਨਾਲ ਸੰਬੰਧਤ ਹੁੰਦਾ ਹੈ| ਇਸ ਦੀ ਪੇਸ਼ਕਾਰੀ ਦਾ ਮੁੱਖ ਉਦੇਸ਼ ਸਮਾਜ ਵਿੱਚ ਧਰਮ ਦੇ ਆਧਾਰ 'ਤੇ ਪੈਦਾ ਹੋਈਆਂ ਕੁਰੀਤੀਆਂ ਨੂੰ ਦੂਰ ਕਰਨਾ ਹੁੰਦਾ ਹੈ| ਭਗਤ ਦੀ ਪੇਸ਼ਕਾਰੀ ਵੇਲੇ ਧਾਰਮਕ ਰੀਤੀ ਰਿਵਾਜ਼ਾਂ ਨੂੰ ਉਚੇਚੇ ਤੌਰ 'ਤੇ ਨਿਭਾਇਆ ਜਾਂਦਾ ਹੈ| ਮੰਚ ਸਥਾਪਤੀ ਵੇਲੇ ਹੀ ਮੰਤਰਾਂ ਦਾ ਉਚਾਰਨ ਕੀਤਾ ਜਾਂਦਾ ਹੈ| ਨਾਟਕ ਦਾ ਅਰੰਭ ਜੋਤ ਜਗਾਉਣ ਦੀ ਰਸਮ ਨਾਲ ਹੁੰਦਾ ਹੈ| ਪੂਰੀ ਪੇਸ਼ਕਾਰੀ ਦੌਰਾਨ ਜੋਤ ਜਗਦੀ ਰਹਿੰਦੀ ਹੈ| ਪ੍ਰਦਰਸ਼ਨੀ ਦੀ ਸਮਾਪਤੀ ਵੇਲੇ ਜੋਤ ਨੂੰ ਵੱਡੇ ਕੀਤੇ ਜਾਣ ਦਾ ਵਿਧਾਨ ਹੈ| ਪੇਸ਼ਕਾਰੀ ਦੌਰਾਨ ਕਈ ਤਰ੍ਹਾਂ ਦੇ ਨਾਟਕੀ ਸਾਜ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ| ਤਬਲਾ ਤੇ ਹਾਰਮੋਨੀਅਮ ਸਾਜ਼ਾਂ ਦੀ ਵਰਤੋਂ ਕਰਨ ਦਾ ਰੁਝਾਨ ਆਮ ਤੌਰ 'ਤੇ ਵਧੇਰੇ ਹੈ| ਇਸ ਦੀ ਮੰਚ ਜੜਤ ਵੀ ਨਿਵੇਕਲੇ ਢੰਗ ਨਾਲ ਕੀਤੀ ਜਾਂਦੀ ਹੈ | ਕਈ ਵਾਰ ਦੋ ਮੰਜਲੀ ਮੰਚ ਦਾ ਨਿਰਮਾਣ ਕੀਤਾ ਜਾਂਦਾ ਹੈ| ਮੰਚ ਦੇ ਤਿੰਨ ਹਿੱਸਿਆਂ ਵਿੱਚ ਦਰਸ਼ਕ ਬੈਠਦੇ ਹਨ| ਚੌਥੇ ਪਾਸੇ ਅਦਾਕਾਰਾਂ ਦੇ ਤਿਆਰ ਹੋਣ ਲਈ ਕਮਰਾ ਹੁੰਦਾ ਹੈ| ਪ੍ਰਦਰਸ਼ਨੀ ਦਾ ਮੁੱਖ ਕਾਰਜ ਖਲੀਫ਼ੇ ਦੁਆਰਾ ਨਿਭਾਇਆ ਜਾਂਦਾ ਹੈ| ਖਲੀਫ਼ਾ ਨਾਟਕੀ ਕਥਾ ਬਾਰੇ ਦਰਸ਼ਕਾਂ ਨੂੰ ਜਾਣਕਾਰੀ ਦੇਂਦਾ ਹੈ| ਸਮੁੱਚੇ ਸੰਚਾਲਨ ਨੂੰ ਨਿਭਾਉਣ ਦੀ ਜ਼ਿੰਮੇਵਾਰੀ ਵੀ ਖਲੀਫ਼ੇ ਦੁਆਰਾ ਨਿਭਾਈ ਜਾਂਦੀ ਹੈ| (ਸਹਾਇਕ ਗ੍ਰੰਥ - ਖੋਜ ਪਤ੍ਰਿਕਾ : ਲੋਕ ਨਾਟ ਸ਼ੈਲੀਆਂ ਵਿਸ਼ੇਸ਼ ਅੰਕ (ਸੰਪਾ. ਅੰਮ੍ਰਿਤਪਾਲ ਕੌਰ ਅਤੇ ਰਜਿੰਦਰ ਲਹਿਰੀ))

ਭਰਮ ਸਿਰਜਨ ਕਲਾ

Art of illusion

ਨਾਟਕ ਭਰਮ ਸਿਰਜਨ ਦੀ ਕਲਾ ਹੈ| ਥੀਏਟਰ ਵਿੱਚ ਬੈਠਿਆ ਦਰਸ਼ਕ ਮੰਚੀ ਪੇਸ਼ਕਾਰੀ ਨੂੰ ਦੇਖ ਕੇ ਭਾਵੁਕ ਹੁੰਦਾ ਹੈ, ਇਹ ਜਾਣਦਿਆਂ ਹੋਇਆਂ ਵੀ ਕਿ ਮੰਚ ਉੱਤੇ ਪੇਸ਼ ਹੋ ਰਿਹਾ ਯਥਾਰਥ ਜ਼ਿੰਦਗੀ ਦਾ ਸੱਚ ਨਹੀਂ ਸਗੋਂ ਸੱਚ ਦਾ ਭਰਮ ਹੈ| ਨਾਟਕ ਇੱਕ ਅਜਿਹੀ ਕਲਾ ਹੈ ਜਿੱਥੇ ਦਰਸ਼ਕ ਨਾਟਕੀ ਪਾਤਰਾਂ ਦੇ ਦੁੱਖ ਸੁੱਖ ਨਾਲ ਆਪਣੇ ਆਪ ਨੂੰ ਆਤਮਸਾਤ ਕਰਦਾ ਹੈ| ਬਰੈਖ਼ਤ ਨੇ ਇਸ ਕਲਾ ਨੂੰ ਭਾਵਾਂ ਦੀ ਪੱਧਰ 'ਤੇ ਗ੍ਰਹਿਣ ਕਰਨ ਦੀ ਵਿਰੋਧਤਾ ਕਰਦਿਆਂ ਬੁੱਧੀ ਦੇ ਪੱਧਰ 'ਤੇ ਗ੍ਰਹਿਣ ਕਰਨ ਦਾ ਬਲ ਦਿੱਤਾ ਸੀ| ਉਹ ਇਸ ਮੱਤ ਦਾ ਅਨੁਸਾਰੀ ਸੀ ਕਿ ਥੀਏਟਰ ਵਿੱਚ ਨਾਟਕ ਦੇਖਦਿਆਂ ਦਰਸ਼ਕ ਇਸ ਭਰਮ ਦਾ ਸ਼ਿਕਾਰ ਨਹੀਂ ਹੋਣੇ ਚਾਹੀਦੇ ਕਿ ਉਹ ਮੰਚ ਉੱਤੇ ਜੀਵਨ ਨੂੰ ਸਾਖਿਆਤ ਰੂਪ ਵਿੱਚ ਦੇਖ ਰਹੇ ਹਨ ਸਗੋਂ ਉਹਨਾਂ ਨੂੰ ਇਹ ਅਹਿਸਾਸ ਲਗਾਤਾਰ ਰਹਿਣਾ ਚਾਹੀਦਾ ਹੈ ਕਿ ਉਹ ਜ਼ਿੰਦਗੀ ਦਾ ਨਾਟਕ ਦੇਖ ਰਹੇ ਹਨ| ਦਰਅਸਲ ਨਾਟਕ ਦੀ ਹੋਂਦ ਵਿਧੀ ਯਥਾਰਥ ਨਾਲ ਨਹੀਂ ਸਗੋਂ ਯਥਾਰਥ ਦੇ ਭਰਮ ਸਿਰਜਨ ਨਾਲ ਸੰਬੰਧ ਰੱਖਦੀ ਹੈ ਜਿੱਥੇ ਦਰਸ਼ਕ ਨੂੰ ਇਸ ਗੱਲ ਦਾ ਸਦਾ ਅਹਿਸਾਸ ਰਹਿੰਦਾ ਹੈ ਕਿ ਉਹ ਥੀਏਟਰ ਵਿੱਚ ਬੈਠਾ ਜ਼ਿੰਦਗੀ ਦੇ ਰੂਪਾਂਤਰਤ ਰੂਪ ਨੂੰ ਦੇਖ ਰਿਹਾ ਹੈ| ਭਰਮ ਸਿਰਜਨ ਦੀ ਇਸ ਕਲਾ ਦਾ ਮੁੱਖ ਮੰਤਵ ਦਰਸ਼ਕਾਂ ਨੂੰ ਅਹਿਸਾਸ ਕਰਾਉਣ ਦੀ ਭਾਵਨਾ ਨਾਲ ਜੁੜਿਆ ਹੁੰਦਾ ਹੈ| ਭਰਮ ਸਿਰਜਨ ਦੀ ਭਰਾਂਤੀ ਨੂੰ ਜਾਣਦਿਆਂ ਹੋਇਆਂ ਵੀ ਦਰਸ਼ਕ ਮੰਚ ਰਾਹੀਂ ਪ੍ਰਾਪਤ ਹੋਣ ਵਾਲੇ ਅਨੁਭਵ ਵਿੱਚ ਪੂਰੀ ਤਰ੍ਹਾਂ ਖੁਭ ਜਾਂਦਾ ਹੈ ਕਿਉਂਕਿ ਮੰਚ ਰਾਹੀਂ ਪ੍ਰਦਰਸ਼ਤ ਹੋਣ ਵਾਲੇ ਜੀਵਨ ਵਿੱਚ ਅਤੇ ਦਰਸ਼ਕ ਦੇ ਭਾਵਾਂ ਵਿੱਚ ਬੜੀ ਨੇੜਲੀ ਸਾਂਝ ਹੁੰਦੀ ਹੈ| ਉਸੇ ਨਾਟਕ ਦਾ ਪ੍ਰਦਰਸ਼ਨ ਸਫ਼ਲ ਹੁੰਦਾ ਹੈ ਜਿਹੜਾ ਦਰਸ਼ਕਾਂ ਦੇ ਜਜ਼ਬਾਤ ਦੀ, ਉਹਨਾਂ ਦੇ ਦੁੱਖਾਂ ਸੁੱਖਾਂ ਤੇ ਭਾਵਨਾਵਾਂ ਦੀ ਤਰਜ਼ਮਾਨੀ ਕਰਨ ਵਾਲਾ ਹੁੰਦਾ ਹੈ| ਪੰਜਾਬੀ ਨਾਟਕ ਦੇ ਪ੍ਰਸੰਗ ਵਿੱਚ ਇਹ ਗੱਲ ਵਿਸ਼ੇਸ਼ ਧਿਆਨ ਦੇਣ ਵਾਲੀ ਹੈ ਕਿ ਪੰਜਾਬੀ ਦੇ ਨਾਟਕਕਾਰ ਉਚੇਚੇ ਤੌਰ ਤੇ ਦਰਸ਼ਕਾਂ ਦੀਆਂ ਅਜਿਹੀਆਂ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਨਾਟਕ ਲਿਖਦੇ ਹਨ| ਨਾਟਕ ਵਿੱਚ ਭਰਮ ਸਿਰਜਨ ਵਿਧੀ ਦੀ ਸਭ ਤੋਂ ਵੱਡੀ ਖ਼ੂਬੀ ਇਸ ਗੱਲ ਵਿੱਚ ਨਿਹਿਤ ਹੈ ਕਿ ਦਰਸ਼ਕ ਆਪਣੀ ਇੱਛਾ ਅਨੁਸਾਰ ਇਸ ਪ੍ਰਕ੍ਰਿਆ ਦਾ ਹਿੱਸਾ ਬਣਨ ਨੂੰ ਕਬੂਲ ਕਰਦਾ ਹੈ| ਮੰਚ ਉੱਤੇ ਵਾਪਰਨ ਵਾਲੀ ਹਰ ਪ੍ਰਕ੍ਰਿਆ ਦੇ ਕਾਲਪਨਿਕ ਪਾਸਾਰਾਂ ਨੂੰ ਦਰਸ਼ਕ ਵਰਗ ਉਸੇ ਰੂਪ ਵਿੱਚ ਸਵੀਕਾਰ ਕਰ ਲੈਂਦਾ ਹੈ ਜਿਵੇਂ ਕਿ ਨਾਟਕਕਾਰ ਉਨ੍ਹਾਂ ਤੋਂ ਉਮੀਦ ਕਰਦਾ ਹੈ| ਗੁਰਸ਼ਰਨ ਸਿੰਘ ਨੇ ਆਪਣੇ ਨਾਟਕਾਂ ਵਿੱਚ ਇਸ ਵਿਧੀ ਦੀ ਵਰਤੋਂ ਵੱਡੇ ਪੱਧਰ ਉੱਤੇ ਕੀਤੀ ਹੈ| ਖਚਾਖਚ ਭਰੇ ਹਾਲ ਵਿੱਚ ਮੰਚ ਦਾ ਗੇੜਾ ਕੱਢ ਕੇ ਇਹ ਗੱਲ ਕਹਿਣਾ --------''ਲਓ ਜੀ ਤੁਸੀਂ ਹੁਣ ਸਮਝੋ ਕਿ ਮੈਂ ਰਾਜੇ ਦੇ ਮਹਿਲ ਵਿੱਚ ਪੁੱਜ ਗਿਆ ਹਾਂ'' ਤੇ ਦਰਸ਼ਕਾਂ ਦਾ ਇਸ ਗੱਲ ਨੂੰ ਆਪਣੀ ਕਲਪਨਾ ਦੇ ਜ਼ਰੀਏ ਉਸੇ ਰੂਪ ਵਿੱਚ ਸਵੀਕਾਰ ਲੈਣਾ, ਭਰਮ ਸਿਰਜਣ ਦੀ ਬਿਹਤਰੀਨ ਮਿਸਾਲ ਹੈ| ਭਰਮ ਸਿਰਜਨ ਦੀ ਇਹ ਕਲਾ ਅਭਿਨੇਤਾਵਾਂ ਦੇ ਅਭਿਨੈ ਉੱਤੇ ਵੀ ਬਹੁਤ ਨਿਰਭਰ ਕਰਦੀ ਹੈ| ਸੰਸਕ੍ਰਿਤ ਨਾਟਕ ਨੇ ਇਸੇ ਕਲਾ ਦੀ ਵਰਤੋਂ ਰਾਹੀਂ ਜ਼ਿੰਦਗੀ ਦੇ ਵਿਸ਼ਾਲ ਅਨੁਭਵ ਨੂੰ ਵਿਆਪਕ ਸੰਦਰਭ ਵਿੱਚ ਚਿਤਰ ਕੇ ਸ੍ਰੇਸ਼ਟ ਨਾਟਕਾਂ ਦੀ ਸਿਰਜਨਾ ਕੀਤੀ ਹੈ| ਇਸੇ ਲਈ ਸੰਸਕ੍ਰਿਤ ਨਾਟਕ ਵਿੱਚ ਮੰਚ ਜੜਤ ਅਤੇ ਦ੍ਰਿਸ਼ ਸੱਜਾ ਦਾ ਮਹੱਤਵ ਗੌਣ ਹੈਸੀਅਤ ਵਾਲਾ ਰਿਹਾ ਹੈ| ਨਾਟਕ ਦੀ ਬਾਕੀ ਵਿਧਾਵਾਂ ਨਾਲੋਂ ਵੱਖਰਤਾ ਇਹੋ ਹੈ ਕਿ ਇਸ ਵਿੱਚ ਦਰਸ਼ਕਾਂ ਨੂੰ ਕਿਹਾ ਜਾਂ ਸਮਝਾਇਆ ਨਹੀਂ ਜਾਂਦਾ ਸਗੋਂ ਅਹਿਸਾਸ ਕਰਾਇਆ ਜਾਂਦਾ ਹੈ| ਕਹਿਣ ਸੁਨਣ ਅਤੇ ਦੇਖਣ ਨਾਲੋਂ ਦਰਸ਼ਕ ਨੂੰ ਮਹਿਸੂਸ ਕਰਵਾਉਣ ਵਿੱਚ ਨਾਟਕ ਦਾ ਮਹੱਤਵ ਵੱਧ ਹੁੰਦਾ ਹੈ| ਇਸ ਲਈ ਭਰਮ ਸਿਰਜਨ ਦੀ ਵਿਧੀ ਨਾਟਕ ਦੀ ਮੁਢਲੀ ਲੋੜ ਹੈ ਜਿੱਥੇ ਮੰਚੀ ਸੀਮਾਵਾਂ ਨੂੰ ਵਿਸਤਾਰ ਦੇ ਕੇ ਵਿਸ਼ਾਲ ਕੈਨਵਸ 'ਤੇ ਫ਼ੈਲਾਇਆ ਜਾਂਦਾ ਹੈ| ਰੰਗਮੰਚ ਦੀ ਹੋਂਦ ਨੂੰ ਬਚਾਉਣ ਦਾ ਮੁਢਲਾ ਤੇ ਮੁੱਖ ਆਧਾਰ ਭਰਮ ਸਿਰਜਨਾ ਦਾ ਤੱਤ ਹੀ ਹੈ| (ਸਹਾਇਕ ਗ੍ਰੰਥ - ਪਾਲੀ ਭੁਪਿੰਦਰ ਸਿੰਘ : ਪੰਜਾਬੀ ਨਾਟਕ ਦਾ ਕਾਵਿ ਸ਼ਾਸਤਰ ਪੰਜਾਬ ਯੂਨੀਵਰਸਿਟੀ ਨੂੰ ਪ੍ਰਸਤੁਤ ਖੋਜ ਪ੍ਰਬੰਧ); Wendell V. Harris : Dictionary of concepts in Literary Criticism and theory)

ਭਵਾਈ

Folk theatre of Gujrat

ਇਹ ਗੁਜਰਾਤ ਪ੍ਰਾਂਤ ਦਾ ਪ੍ਰਸਿੱਧ ਲੋਕ-ਨਾਟ ਹੈ| ਇਸ ਦੇ ਵਿਸ਼ਿਆਂ ਦਾ ਘੇਰਾ ਸੂਰਬੀਰਾਂ ਤੇ ਯੋਧਿਆਂ ਦੀਆਂ ਬੀਰ ਕਥਾਵਾਂ ਨਾਲ ਸੰਬੰਧਤ ਹੁੰਦਾ ਹੈ| ਇਸ ਨਾਟਕ ਨੂੰ ਖੇਡਣ ਵਾਲੇ ਕਲਾਕਾਰ ਲੰਮੇ ਸਮੇਂ ਤੋਂ ਆਪਣੀ ਪਰੰਪਰਾ ਨਾਲ ਜੁੜੇ ਆ ਰਹੇ ਹਨ ਅਤੇ ਇੱਕ ਰੋਲ ਨੂੰ ਇੱਕੋ ਘਰਾਣੇ ਦੇ ਲੋਕ ਪੀੜ੍ਹੀ ਦਰ ਪੀੜ੍ਹੀ ਨਿਭਾਉਂਦੇ ਰਹਿੰਦੇ ਹਨ| ਭਵਾਈ ਦੇ ਅਦਾਕਾਰ ਨ੍ਰਿਤ, ਅਦਾਕਾਰੀ ਅਤੇ ਸੰਗੀਤ ਤੇ ਖੇਤਰ ਵਿੱਚ ਵਿਸ਼ੇਸ਼ ਮੁਹਾਰਤ ਰੱਖਣ ਵਾਲੇ ਹੁੰਦੇ ਹਨ| ਮੱਧਕਾਲ ਵਿੱਚ ਇਹ ਲੋਕ -ਨਾਟਕ ਬੜਾ ਹਰਮਨ ਪਿਆਰਾ ਸੀ ਤੇ ਇਸ ਦੇ ਅਦਾਕਾਰਾਂ ਨੂੰ ਰਾਜਿਆਂ ਦੇ ਦਰਬਾਰ ਵਿੱਚ ਵਿਸ਼ੇਸ਼ ਮਾਣ ਸਤਿਕਾਰ ਦਿੱਤਾ ਜਾਂਦਾ ਸੀ ਪਰ ਅਠਾਰਵੀਂ ਸਦੀ ਵਿੱਚ ਇਸ ਦੇ ਅਦਾਕਾਰ ਬਦਨਾਮ ਹੋ ਗਏ ਕਿਉਂਕਿ ਉਨ੍ਹਾਂ ਨੇ ਘਟੀਆ ਕਿਸਮ ਦੇ ਭਾਵਾਂ ਦੀ ਪ੍ਰਦਰਸ਼ਨ ਲਈ ਇਸ ਕਲਾ ਨੂੰ ਵਰਤਣਾ ਸ਼ੁਰੂ ਕਰ ਦਿੱਤਾ| ਭਵਾਈ ਖੇਡਣ ਵਾਲਿਆਂ ਦੀ ਮੰਡਲੀ ਵਿੱਚ ਚੌਦਾਂ ਕਲਾਕਾਰ ਹੁੰਦੇ ਹਨ| ਇਸ ਦੇ ਅਰੰਭ ਹੋਣ ਤੋ ਪਹਿਲਾਂ ਖੜੀਆ ਮਿੱਟੀ ਨਾਲ ਵੀਹ ਫੁੱਟ ਦਾ ਇੱਕ ਗੋਲ ਚੱਕਰ ਵਾਹਿਆ ਜਾਂਦਾ ਹੈ| ਇਸ ਥਾਂ ਨੂੰ ਪੋੜ੍ਹ ਕਿਹਾ ਜਾਂਦਾ ਹੈ| ਦੋ ਜਣਿਆਂ ਦੇ ਭੁੰਗਲ (ਬਿਗਲ) ਵਜਾTਣ ਨਾਲ ਇਸ ਕਲਾ ਦਾ ਅਰੰਭ ਹੁੰਦਾ ਹੈ| ਭੁੰਗਲ ਦੇ ਸੁਰਾਂ ਰਾਹੀਂ ਖੇਲ ਦਾ ਕਾਰਜ ਅੱਗੇ ਵੱਧਦਾ ਹੈ| ਦਰਸ਼ਕ ਇਸ ਪੋੜ੍ਹ ਦੇ ਚਾਰ ਚੁਫੇਰੇ ਬੈਠ ਕੇ ਇਸ ਦਾ ਅਨੰਦ ਮਾਣਦੇ ਹਨ| ਇਸ ਕਲਾ ਦਾ ਪ੍ਰਦਰਸ਼ਨ ਮਸ਼ਾਲਾਂ ਦੇ ਚਾਨਣ ਵਿੱਚ ਕੀਤਾ ਜਾਂਦਾ ਹੈ| ਕੁਝ ਅਦਾਕਾਰ ਔਰਤਾਂ ਦੇ ਪਹਿਰਾਵੇ ਵਿੱਚ ਗਾਉਂਦੇ ਤੇ ਨੱਚਦੇ ਹਨ| ਇਹ ਔਰਤਾਂ ਮੁੱਖ ਕਲਾਕਾਰ ਦੀ ਸਹਾਇਤਾ ਕਰਦੀਆਂ ਉਸ ਨੂੰ ਵਡਿਆਉਂਦੀਆਂ ਹਨ| ਮਸ਼ਾਲਾਂ ਦੀ ਮਦਦ ਰਾਹੀਂ ਮੁੱਖ ਅਭਿਨੇਤਾ ਦੇ ਹਾਵਾਂ ਭਾਵਾਂ ਨੂੰ ਉਭਾਰ ਕੇ ਦਰਸ਼ਕਾਂ ਤਕ ਪੁਚਾਇਆ ਜਾਂਦਾ ਹੈ| ਹੰਢਿਆ ਵਰਤਿਆ ਇੱਕੋ ਕਲਾਕਾਰ ਕਈ ਪਾਤਰਾਂ ਦੀ ਭੂਮਿਕਾ ਨਿਭਾਉਣ ਵਿੱਚ ਕਮਾਲ ਪੇਸ਼ ਕਰ ਦਿੰਦਾ ਹੈ| ਲੋਕ ਨਾਟਕ ਦੀ ਰਵਾਇਤੀ ਪਰੰਪਰਾ ਅਨੁਸਾਰ ਇਸ ਨਾਟਕ ਦੀ ਪੇਸ਼ਕਾਰੀ ਸਾਰੀ ਸਾਰੀ ਰਾਤ ਹੁੰਦੀ ਰਹਿੰਦੀ ਹੈ| ਇਸ ਨਾਟਕ ਦੇ ਕਲਾਕਾਰ ਇਸ ਦੀ ਪੇਸ਼ਕਾਰੀ ਦੌਰਾਨ ਕਿਸੇ ਭਾਵੁਕ ਦ੍ਰਿਸ਼ ਉੱਤੇ ਦਰਸ਼ਕਾਂ ਵਿੱਚ ਪਹੁੰਚ ਕੇ ਪੈਸੇ ਇੱਕਠੇ ਕਰਨ ਦੀ ਚਲਾਕੀ ਵੀ ਵਰਤ ਲੈਂਦੇ ਹਨ| (ਸਹਾਇਕ ਗ੍ਰੰਥ - ਬਲਵੰਤ ਗਾਰਗੀ : ਲੋਕ ਨਾਟਕ)

ਭਾਸ਼ਾ - ਸ਼ੈਲੀ
ਨਾਟਕ ਕੇਵਲ ਸ਼ਾਬਦਕ ਕਲਾ ਨਹੀਂ ਹੈ ਕਿਉਂਕਿ ਭਾਸ਼ਾ ਦੇ ਨਾਲ ਨਾਲ ਨਾਟਕ ਵਿੱਚ ਦ੍ਰਿਸ਼ ਦੀ ਮਹੱਤਤਾ ਨੂੰ ਵੀ ਘਟਾ ਕੇ ਨਹੀਂ ਦੇਖਿਆ ਜਾ ਸਕਦਾ| ਨਾਟਕ ਦੇ ਥੀਮ ਨੂੰ ਸਮੁਚਤਾ ਨਾਲ ਪਕੜਨ ਅਤੇ ਸਮਝਣ ਵਿੱਚ ਨ੍ਰਿਤ, ਰੋਸ਼ਨੀ, ਤੇ ਮੰਚ ਸਮੱਗਰੀ ਦੀ ਮਹੱਤਤਾ ਵੀ ਬੜੀ ਅਹਿਮ ਹੁੰਦੀ ਹੈ ਪਰ ਇਸ ਦੇ ਬਾਵਜੂਦ ਭਾਸ਼ਾ ਦੇ ਦਰਜੇ ਨੂੰ ਕਦਾਚਿਤ ਦੂਜਾ ਸਥਾਨ ਨਹੀਂ ਦਿੱਤਾ ਜਾ ਸਕਦਾ| ਨਾਟਕ ਦੇ ਵਿਚਾਰਾਂ ਨੂੰ ਦਰਸ਼ਕਾਂ ਤੱਕ ਪੁਚਾਉਣ ਵਿੱਚ ਭਾਸ਼ਾ ਦਾ ਯੋਗਦਾਨ ਬੜਾ ਮਹੱਤਵਪੂਰਨ ਹੁੰਦਾ ਹੈ| ਭਾਸ਼ਾ-ਸ਼ੈਲੀ ਅਜਿਹਾ ਮਾਧਿਅਮ ਹੈ ਜਿਸ ਦੇ ਜ਼ਰੀਏ ਨਾਟਕਕਾਰ ਨਾਟਕੀ ਕਥਾ ਦਾ ਸੰਚਾਰ ਕਰਦਾ ਹੈ| ਪਾਤਰਾਂ ਦੇ ਵਿਚਾਰਾਂ, ਉਨ੍ਹਾਂ ਦੇ ਆਪਸੀ ਸੰਬੰਧਾਂ ਤੇ ਮਨੋਵੇਗਾਂ ਨੂੰ ਪਾਠਕਾਂ ਦਰਸ਼ਕਾਂ ਨਾਲ ਸਾਂਝਿਆਂ ਕਰਦਾ ਹੈ| ਨਾਟਕੀ ਸਰੋਕਾਰਾਂ ਨੂੰ ਉਭਾਰਨ ਅਤੇ ਨਾਟਕੀ ਸਮੱਸਿਆ ਦੀ ਜਟਿਲਤਾ ਦਾ ਦਰਸ਼ਕਾਂ ਤੱਕ ਸੰਚਾਰਨ ਹੋਣ ਵਿੱਚ ਭਾਸ਼ਾ ਦਾ ਮਹੱਤਵ ਅਹਿਮ ਹੁੰਦਾ ਹੈ| ਪਾਤਰਾਂ ਦਾ ਚਰਿਤਰ ਚਿਤਰਣ, ਨਾਟਕੀ ਦਵੰਦ ਦੀ ਪੇਸ਼ਕਾਰੀ ਅਤੇ ਨਾਟਕੀ ਕਥਾਨਕ ਦਾ ਵਿਕਾਸ ਭਾਸ਼ਾ ਰਾਹੀਂ ਹੀ ਰੂਪਮਾਨ ਹੁੰਦਾ ਹੈ| ਨਾਟਕੀ ਕਾਰਜ ਨੂੰ ਅਗਾਂਹ ਤੋਰਨ, ਨਾਟਕ ਦੇ ਥੀਮ ਨੂੰ ਬਹੁਪਰਤੀ ਬਣਾਉਣ ਅਤੇ ਨਾਟਕ ਦੀ ਵਕਰੋਰਤੀ ਨੂੰ ਸਾਕਾਰ ਕਰਨ ਵਿੱਚ ਭਾਸ਼ਾ ਦੀ ਭੂਮਿਕਾ ਹਮੇਸ਼ਾ ਮੱਹਤਵਪੂਰਨ ਰਹਿੰਦੀ ਹੈ| ਪਾਤਰਾਂ ਦੇ ਮੂੰਹੋਂ ਉਚਾਰੇ ਜਾਣ ਵਾਲੇ ਸ਼ਬਦ ਉਨ੍ਹਾਂ ਦਾ ਦੁਹਰਾਓ ਜਾਂ ਅਟਕਾਓ, ਉਚਾਰਨ ਦਾ ਢੰਗ ਸਾਰਾ ਕੁਝ ਮਿਲ ਕੇ ਨਾਟਕ ਦੀ ਸਮੱਸਿਆ ਨੂੰ ਵੱਡ ਆਕਾਰੀ ਸੰਦਰਭ ਪ੍ਰਦਾਨ ਕਰਦੇ ਹਨ| ਸੰਵਾਦਾਂ ਨੂੰ ਉਚਾਰਨ ਵਿੱਚ ਸਹਿਜਤਾ ਜਾਂ ਤੇਜ਼ੀ ਵੀ ਨਾਟਕ ਦੀ ਗਤੀ ਨੂੰ ਨਿਰਧਾਰਤ ਕਰਨ ਵਾਲਾ ਤੱਤ ਹੈ| ਸ਼ਬਦਾਂ ਦੀ ਚੋਣ ਤੇ ਸੰਵਾਦਾਂ ਦੀ ਭਾਸ਼ਾ ਨਾਟਕ ਦੀ ਪੱਧਰ ਅਤੇ ਕਿਸਮ ਨੂੰ ਨਿਸ਼ਚਿਤ ਕਰਦੇ ਹਨ| ਸੰਵਾਦਾਂ ਨੂੰ ਨਾਟਕ ਦੀ ਆਤਮਾ ਕਿਹਾ ਜਾਂਦਾ ਹੈ| ਸੰਵਾਦ ਤੋਂ ਭਾਵ ਨਾਟਕ ਦੀ ਭਾਸ਼ਾ ਤੋਂ ਹੀ ਲਿਆ ਜਾਂਦਾ ਹੈ| ਨਾਟਕਕਾਰ ਉਚੇਚੇ ਯਤਨ ਨਾਲ ਸੰਵਾਦਾਂ ਦੀ ਰਚਨਾ ਇਉਂ ਕਰਦਾ ਹੈ ਕਿ ਪਾਤਰਾਂ ਦੇ ਮੂੰਹੋਂ ਨਿਕਲਣ ਵਾਲੇ ਸ਼ਬਦ ਬਨਾਵਟੀ ਨਾ ਜਾਪਣ| ਵਾਰਤਾਲਾਪ ਦੀ ਭਾਸ਼ਾ ਵਿੱਚ ਸਹਿਜ ਸੁਭਾਵਕਤਾ ਦਾ ਗੁਣ ਹੋਣਾ ਲਾਜ਼ਮੀ ਹੁੰਦਾ ਹੈ| ਨਾਟਕ ਦੇ ਵਿਸ਼ੇ ਤੇ ਪਾਤਰਾਂ ਦੀ ਸ਼ਖਸੀਅਤ ਅਨੁਸਾਰ ਸੰਵਾਦਾਂ ਦੀ ਭਾਸ਼ਾ ਢੁਕਵੀਂ ਤੇ ਮੌਕੇ ਅਨੁਕੂਲ ਹੋਣੀ ਚਾਹੀਦੀ ਹੈ| ਨਾਟਕ ਦੀ ਭਾਸ਼ਾ-ਸ਼ੈਲੀ ਦੀ ਇੱਕ ਹੋਰ ਵਿਸ਼ੇਸ਼ਤਾ ਭਾਸ਼ਾ ਦਾ ਸੰਜਮੀ ਹੋਣਾ ਜਰੂਰੀ ਹੈ| ਥੋੜ੍ਹੇ ਨਾਲ ਬਹੁਤ ਕਹਿਣ ਦੀ ਸਮਰੱਥਾ ਸ੍ਰੇਸ਼ਟ ਨਾਟਕੀ ਭਾਸ਼ਾ ਦਾ ਗੁਣ ਸਵੀਕਾਰਿਆ ਗਿਆ ਹੈ| ਸਮਾਂਬੱਧ ਕਲਾ ਹੋਣ ਕਰਕੇ ਨਾਟਕ ਵਿੱਚ ਬਹੁਤ ਕੁਝ ਦਰਸ਼ਕਾਂ ਦੇ ਸਮਝਣ ਲਈ ਛੱਡ ਦਿੱਤਾ ਜਾਂਦਾ ਹੈ| ਨਾਟਕ ਦੇ ਲਿਖਤੀ ਰੂਪ ਵਿੱਚ ਨਾਟਕਕਾਰ ਇਸ ਵਿਧੀ ਦੀ ਵਰਤੋਂ ਬਿੰਦੀਆਂ ਲਾ ਕੇ ਕਰਦਾ ਹੈ| ਨਾਟਕ ਦੀ ਪ੍ਰਦਰਸ਼ਨੀ ਵੇਲੇ ਅਭਿਨੇਤਾਵਾਂ ਦਾ ਵਾਰਤਾਲਾਪ ਬੋਲਦੇ ਬੋਲਦੇ ਚੁੱਪ ਕਰ ਜਾਣਾ; ਦਰਸ਼ਕਾਂ ਨੂੰ ਇਸ ਚੁੱਪ ਦੇ ਵਿਸ਼ਾਲ ਅਰਥ ਪ੍ਰਦਾਨ ਕਰਦਾ ਹੈ| ਸੰਵਾਦਾਂ ਵਿਚਲਾ ਇਹ ਸੰਜਮ ਨਾਟਕ ਦੀ ਭਾਸ਼ਾ-ਸ਼ੈਲੀ ਦਾ ਵਿਸ਼ੇਸ਼ ਗੁਣ ਹੁੰਦਾ ਹੈ| ਬਲਵੰਤ ਗਾਰਗੀ ਅਜਿਹੀ ਸੰਜਮੀ ਭਾਸ਼ਾ ਸ਼ੈਲੀ ਦੀ ਵਰਤੋਂ ਕਰਨ ਦਾ ਮਾਹਿਰ ਹੈ| ਉਹਦੇ ਨਾਟਕ ਬਲਦੇ ਟਿੱਬੇ ਵਿੱਚ ਪ੍ਰੀਤੋ ਅਤੇ ਸਰਵਣ ਦੀ ਗੱਲਬਾਤ ਵਿੱਚ ਅਜਿਹੀ ਭਾਸ਼ਾ ਸ਼ੈਲੀ ਦਾ ਪ੍ਰਯੋਗ ਦ੍ਰਿਸ਼ਟੀਗੋਚਰ ਹੁੰਦਾ ਹੈ ਜਦੋਂ; ਪ੍ਰੀਤੋ, ਸਰਵਣ ਨੂੰ ਕਹਿੰਦੀ ਹੈ :
ਪ੍ਰੀਤੋ (ਵਕਫ਼ਾ- ਇੱਕ ਠੰਢੀ ਖੋਫ਼ਨਾਕ ਤੰਦੀ) ਜੇ ਉਸਦੇ ਜੰਮਣ ਨਾਲ ਮੇਰਾ ਇਹ ਹਸ਼ਰ ਹੋ ਰਿਹਾ ਹੈ- ਤੇਰਾ ਪਿਆਰ ਮਰ ਰਿਹੈ......... ਤੂੰ ਮੈਨੂੰ ਛੱਡ ਰਿਹਾ ਹੈਂ......... ਤੂੰ ਜੋ ਮੇਰੀ ਦੁਨੀਆ ਹੈ ....... ਮੇਰਾ ਸੁਰਗ ..... ਸੁਰਗ ਤੋਂ ਵੱਧ .....ਤਾਂ ਮੈਂ ਵੀ ਉਸ ਨੂੰ ਨਫ਼ਰਤ ਕਰਦੀ ਹਾਂ..... ਭਾਵੇਂ ਮੈਂ ਉਸ ਦੀ ਮਾਂ ਹਾਂ!
ਹਰਚਰਨ ਸਿੰਘ ਆਪਣੇ ਨਾਟਕ ਕੱਲ੍ਹ ਅੱਜ ਤੇ ਭਲਕ ਵਿੱਚ ਨਕਲੀਆਂ ਵਾਲੀ ਭਾਸ਼ਾ-ਸ਼ੈਲੀ ਦੀ ਵਰਤੋਂ ਕਰਦਾ ਹੈ| ਰੁਲੀਆ : ਮਰਾਸੀਆ ਜਮਾਲਾ : ਹਾਂ ਰੁਲੀਆ : ਰਾਜੇ ਮਹਾਰਾਜੇ ਤਾਂ ਚਲੇ ਗਏ ਜਮਾਲਾ : ਚੰਗਾ ਹੋਇਆ ਠੰਢੇ ਠੰਢੇ ਰਵਾਨਾ ਹੋਏ ਰੁਲੀਆ : ਹੁਣ ਸਾਨੂੰ ਆਪਣੀ ਵਫ਼ਾਦਾਰੀ ਬਦਲ ਲੈਣੀ ਚਾਹੀਦੀ ਹੈ ਜਮਾਲਾ : ਦਸ ਹੁਣ ਕਿਸ ਦੀ ਪੂਛ ਫ਼ੜੀਏ (ਕੱਲ੍ਹ ਅੱਜ ਤੇ ਭਲਕ, ਪੰਨਾ 57) (ਸਹਾਇਕ ਗ੍ਰੰਥ - ਮੈਥਲੀ ਪ੍ਰਸਾਦ ਭਾਰਦਵਾਜ : ਪਾਸ਼ਚਾਤਯ ਕਾਵਯ ਸ਼ਾਸਤਰ ਕੇ ਸਿਧਾਂਤ; ਹਰਚਰਨ ਸਿੰਘ : ਕੱਲ੍ਹ ਅੱਜ ਤੇ ਭਲਕ)

ਭਾਰਤੀ ਥੀਏਟਰ

Indian Theatre

ਭਾਰਤੀ ਥੀਏਟਰ ਦਾ ਇਤਿਹਾਸ ਪੱਛਮੀ ਥੀਏਟਰ ਤੋਂ ਲੱਗਭੱਗ ਇੱਕ ਹਜ਼ਾਰ ਸਾਲ ਪੁਰਾਣਾ ਹੈ| ਭਾਰਤੀ ਥੀਏਟਰ ਦਾ ਅਰੰਭ ਧਾਰਮਕ ਸਮਾਜਕ ਜਾਦੂ ਮਈ ਰੀਤਾਂ ਰਸਮਾਂ ਨਾਲ ਜੁੜਿਆ ਹੋਇਆ ਹੈ| ਰਿਗਦੇਵ ਵਿੱਚ ਯਮਯਮੀ ਦੇ ਸੰਵਾਦ ਨਾਟਕੀ ਵਿਧਾ ਦੇ ਪ੍ਰਮਾਣ ਨੂੰ ਯਕੀਨੀ ਬਣਾਉਂਦੇ ਹਨ| ਭਰਤ ਮੁਨੀ ਦੇ ਨਾਟ-ਸ਼ਾਸਤਰ ਦੇ ਨਾਲ ਭਾਰਤੀ ਥੀਏਟਰ ਨੂੰ ਬਕਾਇਦਾ ਸੇਧ ਮਿਲਦੀ ਹੈ| ਇਸ ਥੀਏਟਰ ਦਾ ਮੁੱਖ ਉਦੇਸ਼ ਦਰਸ਼ਕਾਂ ਨੂੰ ਰਸ ਪ੍ਰਦਾਨ ਕਰਨਾ ਸੀ| ਸੰਸਕ੍ਰਿਤ ਨਾਟਕ ਦੀ ਅਮੀਰ ਪਰੰਪਰਾ ਦਸਵੀਂ ਸਦੀ ਤੱਕ ਪੂਰੇ ਜਲੌਅ ਵਿੱਚ ਰਹਿਣ ਮਗਰੋਂ ਲੱਗਭੱਗ ਖਤਮ ਹੋ ਗਈ| ਮੱਧਕਾਲ ਵਿੱਚ ਇਹ ਥੀਏਟਰ ਰਾਮ ਲੀਲਾ੍ਹ ਤੇ ਰਾਸ ਲੀਲਾ ਦੀਆਂ ਪ੍ਰਦਰਸ਼ਨੀਆਂ ਰਾਹੀਂ ਮੁੜ ਸਾਕਾਰ ਹੋਣ ਲੱਗਾ| ਰਾਜਨੀਤਕ ਤੇ ਸਮਾਜਕ ਹਾਲਾਤ ਦੇ ਬਦਲਣ ਨਾਲ ਭਾਰਤ ਦੇ ਵੱਖ ਵੱਖ ਪ੍ਰਾਂਤਾਂ ਵਿੱਚ ਜਾਤਰਾ, ਤਮਾਸ਼ਾ, ਭਵਾਈ, ਯਕਸ਼ਗਾਨ, ਸਾਂਗ, ਨੋਟੰਕੀ, ਨਕਲਾਂ ਆਦਿ ਥੀਏਟਰੀਕਲ ਰੂਪ ਹੋਂਦ ਵਿੱਚ ਆਏ| ਇਨ੍ਹਾਂ ਨਾਟਕਾਂ ਦੀ ਵਸਤੂ ਮੁੱਖ ਤੌਰ 'ਤੇ ਇਤਿਹਾਸ ਮਿਥਿਹਾਸ ਦੀਆਂ ਕਥਾ ਕਹਾਣੀਆਂ ਨਾਲ ਸੰਬੰਧਤ ਹੁੰਦੀ ਸੀ| ਪ੍ਰਦਰਸ਼ਨ ਦੀ ਵਿਧੀ ਦਾ ਮਾਧਿਅਮ ਗੀਤ ਤੇ ਸੰਗੀਤ ਸੀ| ਸੂਤਰਧਾਰ ਦੀ ਭੂਮਿਕਾ ਇਨਾਂ ਨਾਟਕਾਂ ਵਿੱਚ ਅਹਿਮ ਹੁੰਦੀ ਸੀ| ਇਸਤਰੀ ਪਾਤਰਾਂ ਦਾ ਕਿਰਦਾਰ ਮਰਦਾਂ ਵਲੋਂ ਨਿਭਾਇਆ ਜਾਂਦਾ ਸੀ| ਸਮੇਂ ਦੇ ਬੀਤਣ ਤੇ ਸਥਿਤੀਆਂ ਦੇ ਬਦਲਣ ਨਾਲ ਇਨ੍ਹਾਂ ਨਾਟਕਾਂ ਦੀ ਪੇਸ਼ਕਾਰੀ ਸਧਾਰਨ ਕਿਸਮ ਦੀਆਂ ਸਟੇਜਾਂ ਉੱਤੇ ਹੋਣ ਲੱਗੀ| ਚਬੂਤਰਿਆਂ, ਥੜ੍ਹਿਆਂ ਤੇ ਮਿੱਟੀ ਦੀਆਂ ਸਟੇਜਾਂ ਬਣਾ ਕੇ ਨਾਟਕ ਖੇਡੇ ਜਾਣ ਦਾ ਪ੍ਰਚੱਲਨ ਅਰੰਭ ਹੋਇਆ| ਭਰਤਮੁਨੀ ਦੇ ਨਾਟ ਸ਼ਾਸਤਰ ਵਿੱਚ ਰੰਗ ਮੰਡਪ ਦੀ ਵਿਸਤ੍ਰਿਤ ਚਰਚਾ 105 ਸਲੋਕਾਂ ਦੇ ਅੰਤਰਗਤ ਕੀਤੀ ਮਿਲਦੀ ਹੈ| ਭਰਤ ਮੁਨੀ ਨੇ ਤਿੰਨ ਪ੍ਰਕਾਰ ਦੇ ਥੀਏਟਰਾਂ ਦਾ ਵਰਕਣ ਕੀਤਾ ਹੈ ਆਇਤਾਕਾਰ, ਵਰਗਾਕਾਰ ਤੇ ਤਿਕੋਣਾ ਥੀਏਟਰ| ਉਸ ਨੇ ਵੱਡੇ ਆਕਾਰ ਦੇ ਥੀਏਟਰ ਦੀ ਵਕਾਲਤ ਨਹੀਂ ਕੀਤੀ| ਕਿਉਂਕਿ ਅਜਿਹੇ ਥੀਏਟਰਾਂ ਵਿੱਚ ਦਰਸ਼ਕ ਅਦਾਕਾਰਾਂ ਦੀ ਅਦਾਕਾਰੀ ਨੂੰ ਨੇੜਿਓਂ ਨਹੀਂ ਦੇਖ ਸਕਦੇ ਸਨ| ਪਾਤਰਾਂ ਦੇ ਚਿਹਰਿਆਂ ਦੇ ਹਾਵਾਂ ਭਾਵਾਂ ਨੂੰ ਦੇਖਣ ਵਿੱਚ ਥੀਏਟਰ ਦੇ ਵੱਡੇ ਆਕਾਰ ਨੂੰ ਰੁਕਾਵਟ ਮੰਨਿਆ ਗਿਆ ਹੈ| ਥੀਏਟਰ ਵਿੱਚ ਖਿੜਕੀਆਂ ਤੇ ਦਰਵਾਜਿਆਂ ਦੇ ਆਹਮੋ ਸਾਹਮਣੇ ਹੋਣ ਨੂੰ ਵੀ ਤਰਜੀਹ ਨਹੀਂ ਦਿੱਤੀ ਗਈ| ਵਰਗਾਕਾਰ ਥੀਏਟਰ ਨੂੰ ਜਨਸਧਾਰਨ ਲਈ ਠੀਕ ਦਰਸਾਇਆ ਗਿਆ ਹੈ| ਨਛੱਤਰਾਂ ਦੇ ਵਿਧੀ ਵਿਧਾਨ ਰਾਹੀਂ ਥੀਏਟਰ ਬਨਾਉਣ ਦਾ ਸੁਝਾਅ ਦਿੱਤਾ ਗਿਆ ਹੈ| ਤਿੰਨੋਂ ਤਰ੍ਹਾਂ ਦੇ ਥੀਏਟਰ ਦੀ ਵੰਡ ਦਾ ਆਧਾਰ ਇੱਕੋ ਜਿਹਾ ਦੱਸਿਆ ਗਿਆ ਹੈ| ਦਰਸ਼ਕਾਂ ਦੇ ਬੈਠਣ ਵਾਲੀ ਥਾਂ ਨੂੰ ਰੰਗ ਮੰਡਲ ਕਿਹਾ ਜਾਂਦਾ ਸੀ| ਅਦਾਕਾਰੀ ਕਰਨ ਵਾਲੀ ਥਾਂ ਨੂੰ ਰੰਗ ਭੂਮੀ ਕਿਹਾ ਜਾਂਦਾ ਸੀ| ਰੰਗ ਭੂਮੀ ਦੇ ਅੱਗੋ ਦੋ ਭਾਗ ਸਨ- ਰੰਗ ਪੀਠ ਤੇ ਰੰਗ ਸੀਰਸ਼| ਰੰਗ ਸੀਰਸ਼ ਵਿੱਚ ਅਕਸਰ ਆਰਕੈਸਟਰਾ ਦਾ ਪ੍ਰਬੰਧ ਹੁੰਦਾ ਸੀ| ਸਟੇਜ ਦੀ ਵਿੱਚਕਾਰਲੀ ਥਾਂ ਨੂੰ ਨੇਪੱਥ ਕਿਹਾ ਜਾਂਦਾ ਸੀ| ਇਹ ਅਦਾਕਾਰਾਂ ਦੇ ਤਿਆਰ ਹੋਣ ਦੀ ਥਾਂ ਹੁੰਦੀ ਸੀ| ਸਟੇਜ ਦੇ ਦੋਨੋਂ ਪਾਸਿਆਂ ਵਾਲੀ ਜਗ੍ਹਾ ਨੂੰ ਮਤਵਾਰਨੀ ਕਿਹਾ ਜਾਂਦਾ ਸੀ| ਰੰਗ ਮੰਡਲ ਵਿੱਚ ਦਰਸ਼ਕਾਂ ਦਾ ਬੈਠਣ ਸਥਾਨ ਵਰਣਾਂ ਮੁਤਾਬਕ ਨਿਸ਼ਚਿਤ ਸੀ| ਇਹ ਥੀਏਟਰ ਉਪਰੋਂ ਛੱਤੇ ਹੋਏ ਹੁੰਦੇ ਸਨ| ਉਂਞ ਅਣਛੱਤੇ ਥੀਏਟਰਾਂ ਦੇ ਹਵਾਲੇ ਵੀ ਮਿਲਦੇ ਹਨ| ਵਿਸ਼ੇ ਮੁਤਾਬਕ ਇਨ੍ਹਾਂ ਨਾਟਕਾਂ ਦੇ ਸਵੇਰੇ ਦੁਪਹਿਰੇ ਅਤੇ ਰਾਤ ਨੂੰ ਖੇਡੇ ਜਾਣ ਦਾ ਸਮਾਂ ਵੀ ਨਿਸ਼ਚਿਤ ਹੁੰਦਾ ਸੀ| ਸੰਸਕ੍ਰਿਤ ਨਾਟਕਾਂ ਵਿੱਚ ਦ੍ਰਿਸ਼ ਸੱਜਾ ਦਾ ਕੋਈ ਵਧੇਰੇ ਮਹੱਤਵ ਨਹੀਂ ਸੀ| ਅਦਾਕਾਰ, ਅਦਾਕਾਰੀ ਦੇ ਜ਼ਰੀਏ ਦ੍ਰਿਸ਼ ਦੀ ਸਿਰਜਨਾ ਕਰਦਾ ਸੀ| ਦਰਸ਼ਕ ਕਲਪਨਾ ਦੀ ਵਿਧੀ ਰਾਹੀਂ ਅਦਾਕਾਰਾਂ ਦੇ ਅਭਿਨੈ ਨੂੰ ਅਰਥ ਪ੍ਰਦਾਨ ਕਰ ਦੇਂਦੇ ਸਨ| ਇੱਕ ਤੋਂ ਵੱਧ ਅੰਕਾਂ ਵਾਲੇ ਨਾਟਕਾਂ ਨੂੰ ਵੱਖ ਵੱਖ ਸਥਾਨਾਂ 'ਤੇ ਖੇਡਿਆ ਜਾਂਦਾ ਸੀ| ਸਨਾਤਨ ਭਾਰਤੀ ਥੀਏਟਰ ਦੀ ਮੰਚ ਪਰੰਪਰਾ ਬੜੇ ਵਿਆਪਕ ਪੱਧਰ ਦੀ ਸੀ| ਨਾਟ ਮੰਡਪ ਉਸਾਰੀ ਜਾਣ ਵਾਲੀ ਧਰਤੀ ਨੂੰ ਬਕਾਇਦਗੀ ਨਾਲ ਸਾਫ਼ ਸੁਥਰਾ ਕੀਤਾ ਜਾਂਦਾ ਸੀ ਅਤੇ ਪੂਰੇ ਵਿਧੀ ਵਿਧਾਨ ਨਾਲ ਉਸ ਥਾਂ ਨੂੰ ਪਵਿੱਤਰ ਕਰਕੇ ਨਿਰਮਾਣ ਦਾ ਕਾਰਜ ਅਰੰਭ ਕੀਤਾ ਜਾਂਦਾ ਸੀ| ਸ਼ੁਭ ਮਹੂਰਤ, ਵੇਦ ਮੰਤਰਾਂ ਦੇ ਪਾਠ ਤੇ ਜਲ ਦੇ ਛਿੜਕਾ ਨਾਲ ਇਸ ਕਾਰਜ ਦੀ ਸ਼ੁਰੂਆਤ ਹੁੰਦੀ ਸੀ| ਨਾਟ ਮੰਡਪ ਦੀ ਨੀਂਹ ਰੱਖਣ ਵੇਲੇ ਦਸਾਂ ਦਿਸ਼ਾਵਾਂ ਵਿੱਚ ਦਾਨ ਦਿਤਾ ਜਾਂਦਾ ਸੀ| ਇਸ ਤੋਂ ਪਿਛੋਂ ਉਸਾਰੀ ਦਾ ਕੰਮ ਸ਼ੁਰੂ ਕੀਤਾ ਜਾਂਦਾ ਸੀ| ਦੀਵਾਰਾਂ ਉਸਾਰਨ ਤੋਂ ਬਾਅਦ ਵਿਧੀ ਪੂਰਬਕ ਢੰਗ ਨਾਲ, ਢੋਲ ਬਜੰਤਰ ਵਜਾTਉਂਦੇ ਹੋਏ ਅਤੇ ਮੰਤਰਾਂ ਦੇ ਉਚਾਰਨ ਨਾਲ ਨਾਟ-ਸ਼ਾਲਾ ਦੇ ਪਵਿਤਰ ਖੰਭਿਆਂ ਦੀ ਉਸਾਰੀ ਕੀਤੀ ਜਾਂਦੀ ਸੀ| ਰੰਗਮੰਚ ਦੇ ਇੱਕ ਪਾਸੇ ਮੱਤਵਾਰਨੀ ਬਣਾਈ ਜਾਂਦੀ ਸੀ (ਨਾਟਸ਼ਾਸਤਰ ਵਿੱਚ ਮੱਤਵਾਰਨੀ ਦੇ ਅਰਥਾਂ ਬਾਰੇ ਕਈ ਤਰਾਂ ਦੇ ਮੱਤਭੇਦਾਂ ਦਾ ਜ਼ਿਕਰ ਹੈ ਕਈ ਕੋਸ਼ਾਂ ਵਿੱਚ ਇਸ ਨੂੰ ਬਰਾਂਡੇ ਦੇ ਅਰਥਾਂ ਵਿੱਚ ਵਰਤਿਆ ਗਿਆ ਹੈ ਅਤੇ ਦੂਜਾ ਇਸ ਨੂੰ ਪਰਿਕ੍ਰਮਾ ਦੇ ਅਰਥਾਂ ਵਿੱਚ ਸਮਝਿਆ ਗਿਆ ਹੈ) ਮੰਚ ਉੱਤੇ ਆਣ ਜਾਣ ਵਾਲੇ ਪਾਤਰ ਇਨ੍ਹਾਂ ਮਤਵਾਰਨੀਆਂ ਰਾਹੀਂ ਆTਉਂਦੇ ਜਾਂਦੇ ਸਨ| ਇਸੇ ਤਰ੍ਹਾਂ ਰੰਗਪੀਠ ਅਤੇ ਨੇਪੱਥ ਦੇ ਬਣਾਏ ਜਾਣ ਦੇ ਵਿਸਤ੍ਰਿਤ ਵਿਧਾਨ ਦਾ ਵੀ ਨਾਟ ਸ਼ਾਸਤਰ ਵਿੱਚ ਜ਼ਿਕਰ ਉਪਲਬਧ ਹੈ| ਰੰਗਮੰਚ ਦੀ ਉਸਾਰੀ ਮਗਰੋਂ ਕੰਧਾਂ ਉੱਤੇ ਅਨੇਕ ਤਰ੍ਹਾਂ ਦੀ ਸਜਾਵਟ ਕੀਤੀ ਜਾਂਦੀ ਸੀ| ਇਸ ਦੀਆਂ ਦੀਵਾਰਾਂ ਦੀ ਲੱਕੜ ਦੀ ਤਹਿ ਉੱਤੇ ਮੂਰਤੀਆਂ ਉਕਰੀਆਂ ਜਾਦੀਆਂ ਸਨ| ਨਾਟ ਮੰਡਪ ਵਿੱਚ ਮੰਚ ਦੀ ਵਿਉਂਤਬੰਦੀ ਇਉਂ ਕੀਤੀ ਜਾਂਦੀ ਸੀ ਕਿ ਅਦਾਕਾਰਾਂ ਨੂੰ ਆਪਣਾ ਰੋਲ ਨਿਭਾTਣ ਵੇਲੇ ਕਿਸੇ ਕਿਸਮ ਦੀ ਔਕੜ ਦਰਪੇਸ਼ ਨਹੀਂ ਸੀ ਆਉਂਦੀ| ਅਦਾਕਾਰਾਂ ਅਤੇ ਦਰਸ਼ਕਾਂ ਵਿਚਲੀ ਵਿੱਥ ਦਾ ਉਚੇਚਾ ਧਿਆਨ ਰੱਖਿਆ ਜਾਂਦਾ ਸੀ| ਨਾਟ-ਮੰਡਪ ਵਿੱਚ ਹਵਾ ਆTਣ ਲਈ ਝਰੋਖੇ ਰੱਖੇ ਜਾਂਦੇ ਸਨ ਤਾਂ ਕਿ ਦਰਸ਼ਕ ਸੁਖਾਵੇਂ ਮਾਹੌਲ ਵਿੱਚ ਨਾਟਕ ਨੂੰ ਦੇਖ ਸਕਣ| ਵੱਡੇ ਅਕਾਰ ਵਾਲੇ ਨਾਟ ਮੰਡਪ ਦੀਆਂ ਕੰਧਾਂ ਉੱਤੇ ਇਸਤਰੀ-ਪੁਰਸ਼ਾਂ ਦੇ ਵਿਲਾਸਮਈ ਚਿੱਤਰ ਬਣਾਏ ਜਾਂਦੇ ਸਨ| ਦਰਸ਼ਕਾਂ ਦੇ ਬੈਠਣ ਲਈ ਲੋਹੇ ਦੀਆਂ ਪੌੜੀਆਂ ਦੀ ਬਣਤਰ ਇਸ ਕਿਸਮ ਦੀ ਰੱਖੀ ਜਾਂਦੀ ਸੀ ਤਾਂ ਕਿ ਸਾਰੇ ਦਰਸ਼ਕ ਮੰਚ ਉੱਤੇ ਪੇਸ਼ ਹੋਣ ਵਾਲੀ ਅਦਾਕਾਰੀ ਨੂੰ ਨਿਰਵਿਘਨ ਦੇਖ ਸਕਣ| ਰੰਗਮੰਚ ਦੇ ਪਿਛਲੇ ਪਾਸੇ ਨੇਪਥ ਬਣਾਇਆ ਜਾਂਦਾ ਸੀ ਜਿਸ ਵਿੱਚ ਦੋ ਦਰਵਾਜੇ ਦੋਨੋਂ ਪਾਸੇ ਹੁੰਦੇ ਸਨ| ਇਸ ਵਿੱਚੋਂ ਸਾਜ਼ ਸੰਗੀਤ,ਬੱਦਲਾਂ ਦੇ ਗਰਜਣ, ਹਨੇਰੀ ਦੇ ਤੇਜ਼ ਚੱਲਣ ਤੇ ਢੋਲ ਨਗਾਰੇ ਵੱਜਣ ਦੀਆਂ ਅਵਾਜ਼ਾਂ ਆਉਂਦੀਆਂ ਸਨ| ਭਾਰਤੀ ਨਾਟ ਪਰੰਪਰਾ ਵਿੱਚ ਛੋਟੇ ਅਕਾਰ ਦੇ ਨਾਟ-ਮੰਡਪ ਉੱਤੇ ਜ਼ੋਰ ਦਿਤਾ ਗਿਆ ਹੈ ਕਿਉਂਕਿ ਅਦਾਕਾਰਾਂ ਦੀਆਂ ਮੁਦਰਾਵਾਂ ਸੰਕੇਤਾਂ, ਇਸ਼ਾਰਿਆਂ ਤੇ ਚਿਹਰੇ ਦੇ ਹਾਵਾਂ ਭਾਵਾਂ ਨੂੰ ਵੱਡੇ ਨਾਟ-ਮੰਡਪ ਵਿੱਚ ਦਰਸ਼ਕ ਠੀਕ ਢੰਗ ਨਾਲ ਨਹੀਂ ਦੇਖ ਸਕਦੇ ਇਸ ਲਈ ਵੱਧ ਤੋਂ ਵੱਧ ਚਾਰ ਸੌ ਦਰਸ਼ਕਾਂ ਵਾਲੇ ਨਾਟ-ਮੰਡਪ ਨੂੰ ਆਦਰਸ਼ਕ ਮੰਨਿਆ ਗਿਆ ਹੈ| ਯੂਨਾਨ ਦੀ ਪਰੰਪਰਾ ਇਸ ਤੋਂ ਵਿਪਰੀਤ ਹੈ| ਉੱਥੇ ਨਾਟਕ ਖੁਲ੍ਹੇ ਵਾਤਾਵਰਨ ਵਿੱਚ ਖੇਡਿਆ ਜਾਂਦਾ ਸੀ ਤੇ ਵੀਹ ਹਜ਼ਾਰ ਦਰਸ਼ਕ ਨਾਟਕ ਦੀ ਪੇਸ਼ਕਾਰੀ ਨੂੰ ਮੰਚ ਉੱਤੇ ਦੇਖ ਸਕਦੇ ਸਨ| (ਸਹਾਇਕ ਗ੍ਰੰਥ -ਭਰਤ ਮੁਨੀ : ਨਾਟਯ ਸ਼ਾਸਤ; ਵਸ਼ਿਸ਼ਠ ਨਰਾਇਣ ਤ੍ਰਿਪਾਠੀ : ਨਾਟਕ ਕੇ ਰੰਗਮੰਚੀਯ ਪ੍ਰਤੀਮਾਨ)

ਭਾਵ

Emotion)

ਨਾਟਕਕਾਰ ਅਤੇ ਪਾਤਰਾਂ ਦੀਆਂ ਮਾਨਸਿਕ ਭਾਵਨਾਵਾਂ ਨੂੰ ਅਭਿਵਿਅਕਤ ਕਰਨ ਦਾ ਮਾਧਿਅਮ ਪਾਤਰਾਂ ਰਾਹੀਂ ਉਚਾਰੇ ਜਾਣ ਵਾਲੇ ਬੋਲ, ਅੰਗਾਂ ਰਾਹੀਂ ਕੀਤਾ ਜਾਣ ਵਾਲਾ ਅਭਿਨੈ ਤੇ ਮੂੰਹ ਰਾਹੀਂ ਪ੍ਰਗਟਾਈਆਂ ਜਾਣ ਵਾਲੀਆਂ ਮੁਦਰਾਵਾਂ ਹੁੰਦੀਆਂ ਹਨ| ਮਨ ਦੀ ਇੱਕਾਗਰਤਾ ਰਾਹੀਂ ਅਭਿਨੇਤਾ ਜਦੋਂ ਪਾਤਰਾਂ ਦੀ ਮਾਨਸਿਕ ਸਥਿਤੀ ਨੂੰ ਆਪਣੇ ਆਪੇ ਨਾਲ ਆਤਮਸਾਤ ਕਰਦਾ ਹੋਇਆ ਜਿਨ੍ਹਾਂ ਚੇਸ਼ਟਾਵਾਂ ਦੀ ਅਭਿਵਿਅਕਤੀ ਕਰਦਾ ਹੈ, ਉਨ੍ਹਾਂ ਨੂੰ ਭਾਵ ਕਿਹਾ ਜਾਂਦਾ ਹੈ| ਅਭਿਨਵਗੁਪਤ ਨੇ ਭਾਵ ਲਈ ਭਾਵਨ-ਵਿਆਪਾਰ ਸ਼ਬਦ ਦੀ ਵਰਤੋਂ ਕੀਤੀ ਹੈ| ਜਦੋਂ ਕੋਈ ਪਾਤਰ ਦੂਜੇ ਪਾਤਰ ਦੀਆਂ ਭਾਵਨਾਵਾਂ ਨੂੰ ਆਪਣੀਆਂ ਭਾਵਨਾਵਾਂ ਦੇ ਰੰਗ ਵਿੱਚ ਰੰਗ ਕੇ ਪੇਸ਼ ਕਰਦਾ ਹੈ ਤਾਂ ਅਜਿਹੀ ਸਥਿਤੀ ਨੂੰ ਭਾਵਨ ਕਿਹਾ ਜਾਂਦਾ ਹੈ| ਨਾਟਕ ਵਿੱਚ ਇਸ ਸਥਿਤੀ ਦੀ ਅਹਿਮੀਅਤ ਇਸ ਲਈ ਵੱਧ ਹੁੰਦੀ ਹੈ ਕਿਉਂਕਿ ਇਹ ਦਰਸ਼ਨੀ ਕਲਾ ਹੈ| ਪ੍ਰਦਰਸ਼ਨੀ ਦੌਰਾਨ ਮੰਚ ਉੱਤੇ ਕਿਸੇ ਪਾਤਰ ਦੇ ਦੁੱਖ ਨੂੰ ਦੇਖ ਕੇ ਦਰਸ਼ਕਾਂ ਦਾ ਰੋਣ ਲੱਗ ਜਾਣਾ ਇਹ ਪ੍ਰਕ੍ਰਿਆ ਭਾਵਨ ਵਿਆਪਾਰ ਕਰਕੇ ਹੀ ਵਾਪਰਦੀ ਹੈ| ਅਭਿਨੇਤਾ ਆਪਣੀ ਅਭਿਨੈ ਕਲਾ ਦੁਆਰਾ ਅਤੇ ਸੰਵਾਦਾਂ ਦੀ ਵਰਤੋਂ ਰਾਹੀਂ ਅਜਿਹਾ ਵਾਤਾਵਰਣ ਸਿਰਜ ਦੇਂਦਾ ਹੈ ਜਿਹੜਾ ਦਰਸ਼ਕਾਂ ਨੂੰ ਪਾਤਰਾਂ ਦੀ ਮਾਨਸਿਕ ਸਥਿਤੀ ਵਿੱਚ ਲੈ ਜਾਂਦਾ ਹੈ| ਦਰਸ਼ਕਾਂ ਦੀ ਮਾਨਸਿਕ ਸਥਿਤੀ ਨਾਟਕੀ ਪਾਤਰ ਦੇ ਭਾਵਾਂ ਨਾਲ ਰਲ ਜਾਂਦੀ ਹੈ| ਇਹ ਪੂਰੀ ਪ੍ਰਕ੍ਰਿਆ ਭਾਵਾਂ ਦੀ ਅਭਿਵਿਅਕਤੀ ਕਲਾ ਨਾਲ ਸੰਬੰਧਤ ਹੈ| ਆਂਗਿਕ, ਵਾਚਿਕ ਤੇ ਸਾਤਵਿਕ ਅਭਿਨੈ ਰਾਹੀਂ ਅਰਥਾਤ ਪਾਤਰਾਂ ਦੇ ਸਰੀਰਕ ਅੰਗਾਂ ਰਾਹੀਂ, ਸੰਵਾਦਾਂ ਰਾਹੀਂ ਅਤੇ ਮਨ ਦੀ ਇੱਕਾਗਰਤਾ ਰਾਹੀਂ ਕੀਤੇ ਜਾਣ ਵਾਲੇ ਅਭਿਨੈ ਦੇ ਜ਼ਰੀਏ ਨਾਟਕ ਦੇ ਅੰਤਰੀਵ ਅਰਥਾਂ ਨੂੰ ਦਰਸ਼ਕਾਂ ਦੇ ਮਨਾਂ ਵਿੱਚ ਬਿਠਾਇਆ ਜਾਂਦਾ ਹੈ ਅਜਿਹੇ ਤੱਤਾਂ ਨੂੰ ਭਾਵ ਕਿਹਾ ਜਾਂਦਾ ਹੈ|

ਭੀਲ ਗੌੜੀ

Folk theatre of Rajasthan

ਰਾਜਸਥਾਨ ਦੇ ਇਸ ਲੋਕ ਨਾਟਕ ਦਾ ਸੰਬੰਧ ਉਥੋਂ ਦੀ ਭੀਲ ਜਾਤੀ ਨਾਲ ਹੈ| ਇਹ ਨਾਟਕ ਬੁਧੀਆ ਦੇਵੀ ਦੀ ਉਸਤਤ ਵਿੱਚ ਖੇਡਿਆ ਜਾਂਦਾ ਹੈ| ਭਾਦਰੋਂ ਦੇ ਮਹੀਨੇ ਭੀਲ ਇੱਕਠੇ ਹੋ ਕੇ ਦਿਨ ਵੇਲੇ ਇਸ ਨਾਟਕ ਨੂੰ ਖੇਡਦੇ ਹਨ| ਭੀਲ, ਪੂਰੀ ਵਜਦ ਤੇ ਮਸਤੀ ਦੇ ਰਉਂ ਵਿੱਚ ਇਸ ਨਾਟਕ ਨੂੰ ਖੇਡਣ ਦਾ ਅਨੰਦ ਮਾਣਦੇ ਹਨ| ਅਦਾਕਾਰ, ਨਾਟਕ ਦੀ ਪੇਸ਼ਕਾਰੀ ਵੇਲੇ ਮੁਖੌਟਿਆਂ ਦੀ ਵਰਤੋਂ ਕਰਦੇ ਹਨ| ਪੂਰੇ ਜ਼ੋਰ ਸ਼ੋਰ ਨਾਲ ਢੋਲ ਵਜਣ ਤੇ ਕਾਂਸੀ ਦੀਆਂ ਥਾਲੀਆਂ ਖੜਕਣ ਦੀ ਆਵਾਜ਼ ਨਾਲ ਇਸ ਨਾਟਕ ਨੂੰ ਖੇਡਿਆ ਜਾਂਦਾ ਹੈ| ਇਹ ਨ੍ਰਿਤ ਲੋਕ ਨਾਟਕ ਦੀ ਕਿਸਮ ਹੈ| ਨਾਚ ਤੇ ਗੀਤਾਂ ਦੀ ਵਰਤੋਂ ਨਾਲ ਮਨਮੋਹਕ ਦ੍ਰਿਸ਼ਾਂ ਦੀ ਸਿਰਜਨਾ ਕੀਤੀ ਜਾਂਦੀ ਹੈ| ਇਸ ਨਾਟਕ ਰਾਹੀਂ ਭੀਲਾਂ ਦੇ ਰੀਤੀ ਰਿਵਾਜਾਂ, ਰਿਸ਼ਤੇ ਨਾਤਿਆਂ, ਤਿੱਥ ਤਿਉਹਾਰਾਂ ਦੀ ਪੇਸ਼ਕਾਰੀ ਕੀਤੀ ਜਾਂਦੀ ਹੈ| ਇਸ ਨਾਟਕ ਨਾਲ ਸੰਬੰਧਤ ਇੱਕ ਲੋਕ ਰੀਤ ਹੈ ਜਿਸ ਅਨੁਸਾਰ ਭੀਲਾਂ ਦਾ ਸਮੂਹ ਇੱਕਠਾ ਹੋ ਕੇ ਉਸ ਪਿੰਡ ਵਿੱਚ ਇਸ ਨਾਟਕ ਨੂੰ ਖੇਡਣ ਜਾਂਦਾ ਹੈ ਜਿੱਥੇ ਉਸ ਪਿੰਡ ਦੀ ਕੁੜੀ ਵਿਆਹੀ ਹੁੰਦੀ ਹੈ| ਨਾਟਕ ਖੇਡਣ ਤੋਂ ਪਹਿਲਾਂ ਢੋਲ ਵਜਾਇਆ ਜਾਂਦਾ ਹੈ| ਪਿੰਡ ਦੇ ਲੋਕ ਨਾਟਕ ਦੇਖਣ ਲਈ ਇੱਕਠੇ ਹੋ ਜਾਂਦੇ ਹਨ| ਪਿੰਡ ਦੀ ਕੁੜੀ ਆਪਣੇ ਪਿੰਡੋਂ ਆਏ ਮਹਿਮਾਨਾਂ ਦਾ ਖੁਲ੍ਹੇ ਦਿਲ ਨਾਲ ਸੁਆਗਤ ਕਰਦੀ ਹੈ| ਨਾਰੀਅਲ ਤੇ ਰੁਪਈਏ ਨਾਲ ਬੁਧੀਆ ਮਾਤਾ ਨੂੰ ਮੱਥਾ ਟੇਕਿਆ ਜਾਂਦਾ ਹੈ| ਇਸ ਨਾਟਕ ਦਾ ਅਰੰਭ ਸਵੇਰ ਵੇਲੇ ਹੋ ਜਾਂਦਾ ਹੈ ਤੇ ਸ਼ਾਮ ਸੂਰਜ ਛਿਪਣ ਤੱਕ ਲਗਾਤਾਰ ਇਸ ਦੀ ਪੇਸ਼ਕਾਰੀ ਕੀਤੀ ਜਾਂਦੀ ਹੈ| ਇਸ ਲੋਕ ਨਾਟਕ ਦੀ ਰਾਜਸਥਾਨ ਦੀ ਭੀਲ ਜਾਤੀ ਵਿੱਚ ਬੜੀ ਮਹੱਤਤਾ ਹੈ| (ਸਹਾਇਕ ਗ੍ਰੰਥ -ਬਲਵੰਤ ਗਾਰਗੀ : ਲੋਕ ਨਾਟਕ)

ਭੁਲੇਵਾਂ
illusion


logo