logo
भारतवाणी
bharatavani  
logo
Knowledge through Indian Languages
Bharatavani

Punjabi Encyclopaedic Dictionary of Theatre (Punjabi-English)

ਮਹਾਂਨਾਟਕ
ਮਹਾਂਨਾਟਕ, ਨਾਟਕ ਦੀ ਅਜਿਹੀ ਵੰਨਗੀ ਹੈ ਜਿਸ ਦਾ ਸੰਬੰਧ ਨਾਟ ਸ਼ਾਸਤਰੀ ਰਚੇ ਜਾਣ ਤੋਂ ਪੂਰਵਲੀ ਪਰੰਪਰਾ ਨਾਲ ਜੋੜਿਆ ਜਾਂਦਾ ਹੈ| ਡਾ. ਹਰਚਰਨ ਸਿੰਘ ਆਪਣੀ ਪੁਸਤਕ ਨਾਟਕ ਕਲਾ ਤੇ ਹੋਰ ਲੇਖ ਵਿੱਚ ਮਹਾਂਨਾਟਕ ਬਾਰੇ ਆਪਣਾ ਮੱਤ ਪੇਸ਼ ਕਰਦਿਆਂ ਲਿਖਦਾ ਹੈ ''ਮੈਨੂੰ ਇਉਂ ਪ੍ਰਤੀਤ ਹੁੰਦਾ ਹੈ ਕਿ ਮਹਾਂਨਾਟਕ ਪੁਰਾਣੀ ਕਿਸਮ ਦਾ ਇੱਕ ਨਾਟਕ ਹੈ ਜੋ ਵਰਣਨਾਤਮਕ ਹੋ ਸਕਦਾ ਹੈ ਅਤੇ ਇਸ ਵਿੱਚ ਹਰ ਕਿਸਮ ਦੇ ਤੱਤ ਮਿਲੇ ਹੋਏ ਹਨ ਜਿਵੇਂ ਕਿ ਇਸ ਦੇ ਨਾਂ (ਸਮੱਗਰ) ਸਮੱਗਰੀ ਤੋਂ ਇਹ ਸਪਸ਼ਟ ਹੋ ਜਾਂਦਾ ਹੈ'' (ਪੰਨਾ 107)
ਡਾ. ਮਨਮੋਹਨ ਘੋਸ਼ ਵੀ ਇਸੇ ਮੱਤ ਦਾ ਅਨੁਸਾਰੀ ਹੈ| ਉਹ ਮਹਾਂਨਾਟਕ ਨੂੰ ਇੱਕ ਪ੍ਰਾਚੀਨ ਰਚਨਾ ਮੰਨਦਾ ਹੈ ਜਿਸ ਦਾ ਰਚਨਾ ਕਾਲ ਉਹ ਅਨੰਦਵਰਧਨ ਤੋਂ ਵੀ ਪਹਿਲਾਂ ਦਾ ਨਿਸ਼ਚਿਤ ਕਰਦਾ ਹੈ| ਦਰਅਸਲ ਨਾਟ ਸ਼ਾਸਤਰ ਦੇ ਰਚੇ ਜਾਣ ਤੋਂ ਪਹਿਲਾਂ ਵੀ ਨਾਟਕ ਲਿਖੇ ਜਾਣ ਦੀ ਦੀਰਘ ਪਰੰਪਰਾ ਮੌਜੂਦ ਸੀ ਪਰ ਨਾਟ ਸ਼ਾਸਤਰ ਵਿੱਚ ਮਹਾਂਨਾਟਕ ਬਾਰੇ ਕੋਈ ਵਰਣਨ ਨਹੀਂ ਕੀਤਾ ਗਿਆ| ਡਾਕਟਰ ਡੇ. ਮਹਾਂਨਾਟਕ ਦਾ ਸੰਬੰਧ ਬੰਗਾਲ ਦੇ ਜਾਤਰਾ ਲੋਕ ਨਾਟ ਰੂਪ ਨਾਲ ਜੋੜਦਾ ਹੈ ਕਿਉਂਕਿ ਜਾਤਰਾ ਲੋਕ ਨਾਟ ਦੀਆਂ ਮੁੱਖ ਵਿਸ਼ੇਸ਼ਤਾਵਾਂ ਮਹਾਂਨਾਟਕ ਨਾਲ ਮੇਲ ਖਾਂਦੀਆਂ ਹਨ| ਮਹਾਂਨਾਟਕ ਦਾ ਵਿਸ਼ਾ ਧਾਰਮਕ ਜਾਂ ਮਿਥਿਹਾਸਕ ਕਥਾ ਨਾਲ ਸੰਬੰਧਤ ਹੁੰਦਾ ਹੈ| ਮਹਾਂਕਾਵਿਕਤਾ ਇਸ ਦਾ ਮੁੱਖ ਲੱਛਣ ਹੁੰਦਾ ਹੈ| ਇਸ ਦੀ ਸ਼ੈਲੀ ਵਰਣਨਾਤਮਕ ਹੁੰਦੀ ਹੈ ਤੇ ਰੰਗਮੰਚ ਬਾਰੇ ਵਿਸਤ੍ਰਿਤ ਹਦਾਇਤਾਂ ਦਾ ਇਸ ਨਾਟਕ ਵਿੱਚ ਵਰਣਨ ਕੀਤਾ ਜਾਂਦਾ ਹੈ| ਨਾਟਕ ਵਿਚਲਾ ਕੋਰਸ ਕਥਾ ਨੂੰ ਵੱਡ ਆਕਾਰੀ ਸੰਦਰਭ ਪ੍ਰਦਾਨ ਕਰਨ ਵਾਲਾ ਹੁੰਦਾ ਹੈ| ਜਾਤਰਾ ਲੋਕ ਨਾਟ ਦੇ ਵੀ ਮੁੱਖ ਲੱਛਣ ਇਹੋ ਹਨ ਜਿਹੜੇ ਮਹਾਂਨਾਟਕ ਨਾਲ ਮੇਲ ਖਾਂਦੇ ਹਨ| ਮਹਾਂਨਾਟਕ ਬਾਰੇ ਇੱਕ ਹੋਰ ਹਵਾਲੇ ਦਾ ਜ਼ਿਕਰ ਸਾਰਦਾਤਿਯ ਦੇ ਭਾਵ ਪ੍ਰਕਾਸਮਾ ਵਿੱਚ ਕੀਤਾ ਮਿਲਦਾ ਹੈ| ਇਹ ਹਵਾਲਾ ਵੀ ਡਾ. ਹਰਚਰਨ ਸਿੰਘ ਦੀ ਇਸੇ ਪੁਸਤਕ ਵਿੱਚ ਸੰਕਲਿਤ ਹੈ| ਨਾਟ ਕਲਾ ਬਾਰੇ ਸੁਬੰਧੂ ਨਾਂ ਦੇ ਲੇਖਕ ਨੇ ਨਾਟਕ ਦਾ ਵਰਗੀਕਰਣ ਕਰਦਿਆਂ ਮਹਾਂਨਾਟਕ ਦੀ ਮਿਸਾਲ ਦਿੱਤੀ ਹੈ| ਡਾ. ਹਰਚਰਨ ਸਿੰਘ ਨੇ ਬਚਿੱਤਰ ਨਾਟਕ ਅਤੇ ਰਾਜ ਪ੍ਰਬੋਧ ਨਾਟਕ ਨੂੰ ਮਹਾਂਨਾਟਕ ਪਰੰਪਰਾ ਦੇ ਅੰਤਰਗਤ ਰੱਖਿਆ ਹੈ| ਬਚਿੱਤਰ ਨਾਟਕ ਦਾ ਅਰੰਭ ਮੰਗਲਾਚਰਣ ਨਾਲ ਹੁੰਦਾ ਹੈ| ਪੂਰਵਲੇ ਜਨਮ ਦੇ ਗਿਆਨ ਤੇ ਤਜਰਬੇ ਨੂੰ ਇਸ ਨਾਟਕ ਵਿੱਚ ਦਿਖਾਉਣ ਦਾ ਜ਼ਿਕਰ ਇਸਦੇ ਪਹਿਲੇ ਅੰਕ ਵਿੱਚ ਕੀਤਾ ਗਿਆ ਹੈ| ਇਹ ਨਾਟਕ ਗੁਰੂ ਸਾਹਿਬ ਦੇ ਅਦੁੱਤੀ ਗਿਆਨ ਨਾਲ ਭਰਪੂਰ ਵਚਿਤਰ ਕਿਸਮ ਦੀ ਰਚਨਾ ਹੈ| ਇਸ ਵਿੱਚ ਪੌਰਾਣਿਕ ਤੇ ਮਿਥਿਕ ਕਥਾਵਾਂ ਦੇ ਹਵਾਲਿਆਂ ਨਾਲ ਮਨੁੱਖ ਨੂੰ ਅਲੌਕਿਕ ਕਿਸਮ ਦੇ ਗਿਆਨ ਨਾਲ ਜੋੜਿਆ ਗਿਆ ਹੈ| ਕੁਝ ਚਿੰਤਕ ਇਸ ਰਚਨਾ ਨੂੰ ਨਾਟਕ ਦੇ ਤੌਰ 'ਤੇ ਸਵੀਕਾਰ ਨਹੀਂ ਕਰਦੇ ਸਗੋਂ ਲੀਲਾ ਵਰਣਨ ਕਰਨ ਵਾਲੀ ਰਚਨਾ ਮੰਨਦੇ ਹਨ ਕਿਉਂਕਿ ਇਸ ਵਿੱਚ ਵਚਿੱਤਰ ਕਾਰਨਾਮਿਆਂ ਦੀ ਪੇਸ਼ਕਾਰੀ ਹੈ ਪਰ ਡਾ. ਹਰਚਰਨ ਸਿੰਘ ਇਸ ਨਾਟਕ ਨੂੰ ਮਹਾਂ ਨਾਟਕ ਦੀ ਕਿਸਮ ਪ੍ਰਵਾਨ ਕਰਦਾ ਹੈ| ਇਸ ਨਾਟਕ ਵਿਚਲੇ ਅਲੋਕਾਰੀ ਤੱਤਾਂ ਕਰਕੇ ਹੀ ਉਹ ਇਸ ਨੂੰ ਜ਼ਿੰਦਗੀ ਦੇ ਨਾਟਕ ਨਾਲ ਤੁਲਨਾ ਦੇਂਦਾ ਹੈ| ਉਹ ਬਚਿੱਤਰ ਨਾਟਕ ਨੂੰ ਸਮੱਗਰ ਨਾਟਕ ਦੀ ਸ਼੍ਰੇਣੀ ਵਿੱਚ ਰੱਖਦਾ ਹੈ| ਇਸ ਵੱਡ ਆਕਾਰੀ ਰਚਨਾ ਵਿੱਚ ਥਾਂ ਥਾਂ 'ਤੇ ਨਾਟਕੀ ਮੌਕਿਆਂ ਨਾਲ ਭਰਪੂਰ ਸਥਿਤੀਆਂ ਦੀ ਸਿਰਜਨਾ ਕੀਤੀ ਗਈ ਹੈ| ਕਵਿਤਾ ਦੇ ਮਾਧਿਅਮ ਵਿੱਚ ਹੋਣ ਦੇ ਬਾਵਜੂਦ ਨਾਟਕ ਦਾ ਵੱਡਾ ਹਿੱਸਾ ਅਜਿਹਾ ਹੈ ਜਿੱਥੇ ਕੇਵਲ ਇੱਕੋ ਪਾਤਰ ਮੌਜੂਦ ਹੈ ਤੇ ਉਹ ਹਿੱਸਾ ਸਿੱਧਾ ਦਰਸ਼ਕਾਂ/ਪਾਠਕਾਂ ਨੂੰ ਸੰਬੋਧਿਤ ਹੈ| ਬਚਿੱਤਰ ਨਾਟਕ ਮਹਾਂਨਾਟਕ ਵੰਨਗੀ ਦੀ ਸ੍ਰੇਸ਼ਟ ਉਦਾਹਰਨ ਹੈ| (ਸਹਾਇਕ ਗ੍ਰੰਥ - ਹਰਚਰਨ ਸਿੰਘ : ਨਾਟਕ ਕਲਾ ਅਤੇ ਹੋਰ ਲੇਖ)

ਮਹਾਂਨਾਟਕ ਮੰਚਣ ਵਿਧੀ
ਮਹਾਂਨਾਟਕ ਮੰਚਣ ਵਿਧੀਯ - ਜਿਵੇਂ ਕਿ ਇਸ ਦੇ ਨਾਂ ਤੋਂ ਹੀ ਸਪਸ਼ਟ ਹੈ 'ਮਹਾਂ' ਅਰਥਾਤ ਜੀਵਨ ਦੇ ਵਿਸ਼ਾਲ ਪੱਖ ਨੂੰ ਪੇਸ਼ ਕਰਨ ਦੀ ਵਿਧੀ| ਨਾਟਕ ਨੂੰ ਮੰਚ ਉੱਤੇ ਪੇਸ਼ ਕਰਨ ਦੀ ਇਸ ਵਿਧੀ ਦੇ ਅੰਤਰਗਤ ਦਰਸ਼ਕਾਂ ਨੂੰ ਭਾਵੁਕ ਹੋਣ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ| ਨਾਟਕ-ਨਿਰਦੇਸ਼ਕ ਦੀ ਮੁਖ ਕੋਸ਼ਿਸ਼ ਇਹੋ ਹੁੰਦੀ ਹੈ ਕਿ ਮੰਚ ਉੱਤੇ ਵਾਪਰ ਰਹੇ ਕਾਰਜ ਵਿੱਚ ਦਰਸ਼ਕ ਜਜ਼ਬਾਤੀ ਤੌਰ ਤੇ ਸ਼ਾਮਲ ਨਾ ਹੋਣ ਸਗੋਂ ਵਿੱਥ ਤੇ ਰਹਿ ਕੇ ਨਿਰਪੱਖ ਸੋਚ ਦੇ ਧਾਰਨੀ ਬਣ ਕੇ ਆਪਣਾ ਪ੍ਰਤੀਕਰਮ ਪ੍ਰਗਟਾਉਣ| ਇਸੇ ਲਈ ਬਰੈਖ਼ਤ ਦੀ ਇਸ ਵਿਧੀ ਨੂੰ ਵਿੱਥ-ਸਿਧਾਂਤ ਦਾ ਨਾਂ ਵੀ ਦਿੱਤਾ ਗਿਆ ਹੈ| ਇਸ ਵਿੱਚ ਅਭਿਨੇਤਾ ਦਰਸ਼ਕਾਂ ਨਾਲ ਸਾਂਝ ਪਾਉਣ ਦੀ ਕੋਸ਼ਿਸ਼ ਨਹੀ ਕਰਦਾ| ਮੰਚ ਉੱਤੇ ਚਲਦੇ ਕਾਰਜ ਵਿੱਚੋਂ ਬਾਹਰ ਆ ਕੇ ਅਭਿਨੇਤਾ ਦਾ ਦਰਸ਼ਕਾਂ ਨੂੰ ਸਿੱਧਾ ਸੰਬੋਧਨ, ਥੀਏਟਰ ਦੇਖਣ ਵਾਲਿਆਂ ਨੂੰ ਮੁੜ ਮੁੜ ਅਹਿਸਾਸ ਕਰਵਾTਂਦਾ ਹੈ ਕਿ ਉਹ ਜਿੰਦਗੀ ਨੂੰ ਨਹੀਂ ਸਗੋਂ ਨਾਟਕ ਨੂੰ ਦੇਖ ਰਹੇ ਹਨ| ਇਉਂ ਜਜ਼ਬਾਤੀ ਤੌਰ 'ਤੇ ਨਾਟਕੀ ਕਾਰਜ ਵਿੱਚ ਦਰਸ਼ਕਾਂ ਨੂੰ ਸ਼ਾਮਲ ਹੋਣ ਤੋਂ ਬਚਾਈ ਰੱਖਣਾ ਇਸ ਵਿਧੀ ਦੀ ਮੁੱਖ ਲੋੜ ਹੈ| ਜੀਵਨ ਦੀ ਵਿਆਪਕਤਾ ਨੂੰ ਦਰਸਾਉਣ ਦੀ ਲੋੜ ਵਜੋਂ ਕਈ ਦ੍ਰਿਸ਼ਾਂ ਦੀ ਪੇਸ਼ਕਾਰੀ ਮੰਚ ਉੱਤੇ ਨਹੀ ਕੀਤੀ ਜਾਂਦੀ ਸਗੋਂ ਦਰਸ਼ਕਾਂ ਨੂੰ ਉਨ੍ਹਾਂ ਬਾਰੇ ਜ਼ਬਾਨੀ ਦੱਸ ਕੇ ਨਾਟਕੀ ਕਾਰਜ ਨੂੰ ਅੱਗੇ ਤੋਰਿਆ ਜਾਂਦਾ ਹੈ| ਸੀਮਾਂਬੱਧ ਕਲਾ ਹੋਣ ਕਾਰਨ ਥੋੜ੍ਹੇ ਸਮੇਂ ਵਿੱਚ ਜੀਵਨ ਦੀ ਵਿਸ਼ਾਲਤਾ ਨੂੰ ਦਰਸਾਉਣ ਲਈ ਨਾਟਕ ਨਿਰਦੇਸ਼ਕ ਵਜੋਂ ਕਈ ਨਾਟ ਵਿਧੀਆਂ ਦੀ ਵਰਤਂੋ ਕੀਤੀ ਜਾਂਦੀ ਹੈ| ਗੀਤ, ਸਮੂਹ ਗਾਇਨ, ਸੂਤਰਧਾਰ, ਮਨਬਚਨੀ, ਭਾਸ਼ਨ, ਸੁਪਨੇ ਤੇ ਲੋਕ ਨਾਟ ਵਿਧੀਆਂ ਦੇ ਪ੍ਰਯੋਗ ਰਾਹੀਂ ਜਿੰਦਗੀ ਦੇ ਵਿਸ਼ਾਲ ਕੈਨਵਸ ਦਾ ਪ੍ਰਦਰਸ਼ਨ ਇਸ ਮੰਚਣ ਵਿਧੀ ਦੇ ਤਹਿਤ ਪੇਸ਼ ਕੀਤਾ ਜਾਂਦਾ ਹੈ| ਨਾਟਕੀ ਵਾਤਾਵਰਨ ਦੀ ਸਿਰਜਨਾ ਲਈ ਰਿਕਾਰਡ ਕੀਤੀਆਂ ਆਵਾਜ਼ਾਂ, ਪਿੱਠ ਭੂਮੀ ਦੀਆਂ ਆਵਾਜ਼ਾਂ , ਸੰਗੀਤਕ ਧੁਨਾਂ ਦੀ ਯਥਾ ਸੰਭਵ ਢੁੱਕਵੀਂ ਵਰਤੋਂ ਕੀਤੀ ਜਾਂਦੀ ਹੈ| ਇਸ ਸਾਰੀ ਮੰਚਣ ਵਿਧੀ ਦੀਆਂ ਬਾਰੀਕੀਆਂ ਬਾਰੇ ਨਿਰਦੇਸ਼ਕ ਦੀ ਸੂਖ਼ਮ ਸੂਝ ਹੋਣੀ ਚਾਹੀਦੀ ਹੈ| ਸੂਤਰਧਾਰ ਦੀ ਭੂਮਿਕਾ ਇਸ ਨਾਟ ਵਿਧੀ ਦੇ ਅੰਤਰਗਤ ਬੜੀ ਮਹੱਤਵਪੂਰਨ ਹੁੰਦੀ ਹੈ| ਅੱਜ ਬਹੁਤੇ ਨਾਟਕ-ਨਿਰਦੇਸ਼ਕ ਇਸ ਵਿਧੀ ਦੀ ਵਰਤੋਂ ਕਰਕੇ ਥੋੜ੍ਹੇ ਸਮੇਂ ਵਿੱਚ ਜੀਵਨ ਦੀ ਵਿਸ਼ਾਲਤਾ ਨੂੰ ਦਰਸ਼ਕਾਂ ਸਾਹਵੇਂ ਸਾਕਾਰ ਕਰਨ ਦੀ ਕੋਸ਼ਿਸ਼ ਕਰਦੇ ਹਨ| ਬਲਵੰਤ ਗਾਰਗੀ ਆਪਣੇ ਨਾਟਕਾਂ ਦੇ ਮੰਚਣ ਵੇਲੇ ਇਸ ਵਿਧੀ ਦੀ ਵਰਤੋਂ ਬੜੀ ਕਲਾਤਮਕਤਾ ਨਾਲ ਕਰਦਾ ਸੀ| (ਸਹਾਇਕ ਗ੍ਰੰਥ - ਸਤੀਸ਼ ਕੁਮਾਰ ਵਰਮਾ : ਬਰੈਖ਼ਤ ਅਤੇ ਪੰਜਾਬੀ ਨਾਟਕ; Bertolt Brecht : Brecht on Theatre)

ਮੰਗਲਾਚਰਣ

Invocation

ਮੰਗਲਾਚਰਣ ਦੇ ਸ਼ਾਬਦਕ ਅਰਥ ਮੰਗਲ, ਖੁਸ਼ੀ ਜਾਂ ਅਨੰਦ ਦੇ ਹਨ| ਕਿਸੇ ਪੁਸਤਕ ਦੇ ਅਰੰਭ ਵਿੱਚ ਜਾਂ ਰਚਨਾ ਦੀ ਸ਼ੁਰੂਆਤ ਵੇਲੇ ਰਚਨਾਕਾਰ ਵਲੋਂ ਆਪਣੇ ਇਸ਼ਟ ਦੀ ਅਰਾਧਨਾ ਕਰਨ ਨੂੰ ਮੰਗਲਾਚਰਣ ਕਿਹਾ ਜਾਂਦਾ ਹੈ| ਇਸ ਰਵਾਇਤ ਦਾ ਸੰਬੰਧ ਲੇਖਕ ਵਲੋਂ ਰਚਨਾ ਜਾਂ ਲਿਖਤ ਦੀ ਨਿਰਵਿਘਨ ਸਮਾਪਤੀ ਨਾਲ ਜੁੜਿਆ ਹੋਇਆ ਹੈ| ਨਾਟਕ ਦੇ ਸੰਦਰਭ ਵਿੱਚ, ਨਾਟਕ ਅਰੰਭ ਹੋਣ ਤੋਂ ਪਹਿਲਾਂ ਮੰਗਲਾਚਰਣ ਦੀ ਪਰੰਪਰਾ ਦਾ ਸੰਬੰਧ ਸੰਸਕ੍ਰਿਤ ਨਾਟ ਪਰੰਪਰਾ ਤੋਂ ਚਲਿਆ ਆ ਰਿਹਾ ਹੈ ਜਿਸ ਵਿੱਚ ਦੇਵਤਿਆਂ, ਬ੍ਰਾਹਮਣਾਂ ਜਾਂ ਰਾਜੇ ਦੀ ਉਸਤਤ ਕਰਕੇ ਉਨ੍ਹਾਂ ਤੋਂ ਅਸ਼ੀਰਵਾਦ ਲਿਆ ਜਾਂਦਾ ਸੀ| ਭਰਤਮੁਨੀ ਦੇ ਨਾਟ ਸ਼ਾਸ਼ਤਰ ਦੇ ਪੰਜਵੇਂ ਅਧਿਆਇ (ਪੂਰਵ ਰੰਗ) ਵਿੱਚ ਇਸ ਦੇ ਵਿਧਾਨ ਬਾਰੇ ਵਿਆਪਕ ਚਰਚਾ ਕੀਤੀ ਮਿਲਦੀ ਹੈ| ਚੂੰਕਿ ਇਸ ਦਾ ਸੰਬੰਧ ਨਾਟਕ ਪੇਸ਼ ਕਰਨ ਤੋਂ ਪਹਿਲਾਂ ਦੇ ਹਿੱਸੇ ਨਾਲ ਹੁੰਦਾ ਹੈ ਇਸ ਲਈ ਇਸ ਨੂੰ ਪੂਰਵ-ਰੰਗ ਕਿਹਾ ਗਿਆ ਹੈ| ਅਭਿਨਵਗੁਪਤ ਇਸ ਮੱਤ ਦਾ ਅਨੁਸਾਰੀ ਹੈ ਕਿ ਦੇਵਤਿਆਂ ਦੀ ਉਸਤਤ ਕਰਨ ਨਾਲ ਅਤੇ ਸੰਗੀਤ ਤੇ ਸਾਜ਼ਾਂ ਦੀਆਂ ਪੂਰਵ ਧੁਨਾਂ ਨਾਲ ਨਾਟਕ ਕਰਨ ਵਾਲੇ ਅਦਾਕਾਰਾਂ, ਦਰਸ਼ਕਾਂ ਅਤੇ ਹੋਰ ਸੰਬੰਧਤ ਲੋਕਾਂ ਲਈ ਸ਼ੁਭ ਕਾਮਨਾਵਾਂ ਦੀ ਦੁਆ ਕੀਤੀ ਜਾਂਦੀ ਹੈ| ਇਸ ਤੋਂ ਬਾਅਦ ਨਾਂਦੀ ਪਾਠ ਦਾ ਜ਼ਿਕਰ ਵੀ ਕੀਤਾ ਮਿਲਦਾ ਹੈ| ਨਾਂਦੀ ਵਿੱਚ ਦੇਵਤਿਆਂ ਤੇ ਬ੍ਰਾਹਮਣਾਂ ਤੋਂ ਉਸਤਤ ਪੂਰਬਕ ਆਸ਼ੀਰਵਾਦ ਲਿਆ ਜਾਂਦਾ ਸੀ| ਇਸੇ ਆਧਾਰ 'ਤੇ ਨਾਟਕ ਵਿੱਚ ਮੰਗਲਾਚਰਣ ਸਿਰਜਣ ਦੀ ਰਵਾਇਤ ਚਲੀ ਆ ਰਹੀ ਹੈ ਪਰ ਸਮੇਂ ਦੇ ਬੀਤਣ ਨਾਲ ਮੰਗਲਾਚਰਣ ਦੀ ਰੂੜੀ ਸਥਾਪਤ ਅਰਥਾਂ ਤੋਂ ਵੱਖਰਾ ਪਰਿਪੇਖ ਸਿਰਜਦੀ ਨਜ਼ਰ ਆਉਂਦੀ ਹੈ| ਸਵਰਾਜਬੀਰ ਆਪਣੇ ਨਾਟਕ ਕ੍ਰਿਸ਼ਨ ਵਿੱਚ ਮੰਗਲਾਚਰਣ ਦੀ ਵਰਤੋਂ ਕਿਸੇ ਇਸ਼ਟ ਦੀ ਅਰਾਧਨਾ ਲਈ ਨਹੀਂ ਸਗੋਂ ਨਾਟਕ ਦੇ ਥੀਮਕ ਪਾਸਾਰ ਨੂੰ ਵਿਸਤਾਰ ਦੇਣ ਲਈ ਕਰਦਾ ਹੈ| ਨਾਟਕ ਦੇ ਅਰੰਭ ਵਿੱਚ ਸੂਤਰਧਾਰ, ਨਟ ਅਤੇ ਨਟੀਆਂ ਵਲੋਂ ਉਚਾਰਿਆ ਜਾਣ ਵਾਲਾ ਮੰਗਲਾਚਰਣ ਖੇਡੇ ਜਾਣ ਵਾਲੇ ਨਾਟਕ ਬਾਰੇ ਜਾਣਕਾਰੀ ਦੇਣ ਦੇ ਨਾਲ ਨਾਲ ਨਾਟਕ ਦੇ ਥੀਮ ਬਾਰੇ ਵੀ ਚਾਨਣਾ ਪਾਉਂਦਾ ਹੈਯ
ਦੱਸੇ ਕੌਣ ਕਹਾਣੀ ਮਿੱਤਰਾ ਦੱਸੇ ਕੌਣ ਕਹਾਣੀ ਇਹ ਬੜੀ ਪੁਰਾਣੀ ਬਾਤ ਏ ਮਿੱਤਰਾ ਬੜੀ ਪੁਰਾਣੀ ਬਾਤ ਬਾਤ ਲੋਕਾਂ ਦੀ ਪ੍ਰਲੋਕਾਂ ਦੀ ਤੇ ਵੇਦ ਪੁਰਾਣ ਸਲੋਕਾਂ ਦੀ - - - - - - - - - - ਕੋਈ ਕਿਵੇਂ ਠੀਕ ਪਹਿਚਾਣ ਕਰੇ ? (ਪੰਨਾ 32)
ਇੱਥੇ ਮੰਗਲਾਚਰਣ ਰਾਹੀਂ ਉਸਤਤ ਦਾ ਸੰਦਰਭ ਉਜਾਗਰ ਨਹੀਂ ਹੋ ਰਿਹਾ ਸਗੋਂ ਦਰਸ਼ਕਾਂ ਨੂੰ ਵਿਵੇਕਸ਼ੀਲ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ| ਮੰਗਲਾਚਰਣ ਦੀ ਰਵਾਇਤੀ ਵਿਧੀ ਰੂਪਾਂਤਰਿਤ ਹੁੰਦੀ ਹੋਈ ਨਵੇਂ ਅਰਥਾਂ ਨੂੰ ਗ੍ਰਹਿਣ ਕਰਦੀ ਹੈ| (ਸਹਾਇਕ ਗ੍ਰੰਥ - ਭਰਤ ਮੁਨੀ : ਨਾਟਯ ਸ਼ਾਸਤ੍ਰ ; ਸਵਰਾਜਬੀਰ : ਕ੍ਰਿਸ਼ਨ)

ਮੰਚ ਜੜਤ

Stage Setting

ਮੰਚ ਜੜਤ ਦੇ ਸੰਕਲਪ ਦਾ ਪਰਿਪੇਖ ਡਾਇਰੈਕਟਰ ਦੀ ਸਟੇਜ ਸੰਬੰਧੀ ਵਿਸਤ੍ਰਿਰਤ ਪਰਿਕਲਪਨਾ ਅਤੇ ਥੀਏਟਰੀਕਲ ਪੇਸ਼ਕਾਰੀ ਨਾਲ ਜੁੜਿਆ ਹੁੰਦਾ ਹੈ| ਨਾਟਕ ਦੀ ਪੇਸ਼ਕਾਰੀ ਦੇ ਪ੍ਰਸੰਗ ਵਿੱਚ ਮੰਚ ਜੜਤ ਦਾ ਸੰਬੰਧ ਉਸ ਘਟਨਾ ਸਥਾਨ, ਇਤਿਹਾਸਕ ਸਮੇਂ ਅਤੇ ਸਮਾਜਕ ਪ੍ਰਸਥਿਤੀਆਂ ਨਾਲ ਜੁੜਿਆ ਹੁੰਦਾ ਹੈ ਜਿਸਦੇ ਅੰਤਰਗਤ ਨਾਟਕੀ ਕਾਰਜ ਵਾਪਰਦਾ ਹੈ| ਨਾਟਕੀ ਪੇਸ਼ਕਾਰੀ ਵਿੱਚ ਵਾਤਾਵਰਨ ਦਾ ਪ੍ਰਭਾਵ ਸਿਰਜਣ ਲਈ ਵੇਸ ਭੂਸ਼ਾ ਅਤੇ ਮੇਕਅੱਪ ਨਾਲੋਂ ਵੱਧ ਮਹੱਤਤਾ ਮੰਚ ਜੜਤ ਦੀ ਹੁੰਦੀ ਹੈ| ਮੰਚ ਜੜਤ ਰਾਹੀਂ ਹੀ ਉਪਯੁਕਤ ਸਮੇਂ ਸਥਾਨ ਤੇ ਮਾਹੌਲ ਦੀ ਸਿਰਜਨਾ ਕੀਤੀ ਜਾਂਦੀ ਹੈ| ਵੱਖ ਵੱਖ ਨਾਟ-ਨਿਰਦੇਸ਼ਕਾਂ ਦੁਆਰਾ ਮੰਚਿਤ ਹੋਣ ਵਾਲੇ ਇੱਕੋ ਨਾਟਕ ਦੀ ਮੰਚ ਜੜਤ ਪ੍ਰਤੀ ਰਚਨਾਤਮਕ ਸੂਝ ਨਾਟਕੀ ਪ੍ਰਭਾਵ ਨੂੰ ਉਜਾਗਰ ਕਰਨ ਵਿੱਚ ਸਹਾਈ ਸਿੱਧ ਹੁੰਦੀ ਹੈ| ਕਪੂਰ ਸਿੰਘ ਘੁੰਮਣ ਦਾ ਨਾਟਕ ਅਤੀਤ ਦੇ ਪਰਛਾਵੇਂ ਦੀ ਮੰਚ ਜੜਤ ਵਿੱਚ ਰੋਸ਼ਨੀਆਂ ਦਾ ਮਹੱਤਵ ਬੜਾ ਅਹਿਮ ਹੈ| ਅਜਿਹੇ ਨਾਟਕ ਦਾ ਕਾਰਗਰ ਪ੍ਰਭਾਵ ਅਜਿਹੇ ਥੀਏਟਰ ਵਿੱਚ ਹੀ ਪੈਦਾ ਹੋ ਸਕਦਾ ਹੈ ਜਿੱਥੇ ਰੋਸ਼ਨੀ ਦੀਆਂ ਸਹੀ ਸੁਵਿਧਾਵਾਂ ਪ੍ਰਾਪਤ ਹੋਣਗੀਆਂ| ਆਤਮਜੀਤ ਦੇ ਨਾਟਕ ਫ਼ਰਸ਼ ਵਿੱਚ ਉਗਿਆ ਰੁੱਖ ਦੀ ਸਮੁੱਚੀ ਮੰਚ ਜੜਤ ਪ੍ਰਤੀਕਾਤਮਕ ਹੈ| ਮੰਚ ਉੱਤੇ ਨਜ਼ਰ ਆ ਰਹੀ ਡਰਿੱਫ਼ਟਵੁੱਡ ਵਿਅੰਗਾਤਮਕ ਚਿਹਨ ਦੇ ਰੂਪ ਵਿੱਚ ਸਾਕਾਰ ਹੁੰਦੀ ਹੈ| ਫ਼ਰਸ਼, ਸਭਿਆਚਾਰਕ ਬੰਧਨ ਦਾ ਚਿਹਨ ਹੈ ਤੇ ਰੁੱਖ ਮਨੁੱਖ ਦੀ ਪ੍ਰਕ੍ਰਿਤਕ ਇੱਛਾ ਦਾ ਪ੍ਰਤੀਕ ਬਣ ਕੇ ਉਭਰਦਾ ਹੈ| ਨਾਟਕ ਦੇ ਅਰੰਭ ਵਿੱਚ ਰੁੱਖ ਦਾ ਫ਼ਰਸ਼ ਵਿੱਚੋਂ ਉੱਗਣਾ, ਨਾਟਕ ਦੇ ਅਖੀਰ ਤੱਕ ਰੁੱਖ ਦਾ ਵੱਡੇ ਦਰਖਤ ਵਿੱਚ ਬਦਲ ਜਾਣਾ, ਫਰਸ਼ ਵਿੱਚ ਤ੍ਰੇੜਾਂ ਦਾ ਪੈਣਾ ਤੇ ਅਖ਼ੀਰ ਵਿੱਚ ਫਰਸ਼ ਦਾ ਪਾਟ ਜਾਣਾ; ਨਾਟਕ ਦੀ ਪੂਰੀ ਸਟੇਜ ਸੈਟਿੰਗ ਪ੍ਰਤੀਕਾਤਮਕ ਹੈ| ਵੀਨਾ ਦੇ ਮਨ ਅੰਦਰ ਉਠੀ ਬੇਲਗਾਮ ਇੱਛਾ ਦੇ ਵਧਣ ਦੇ ਨਾਲ ਨਾਲ ਰੁੱਖ ਦਾ ਆਕਾਰ ਵੱਡਾ ਹੋ ਰਿਹਾ ਹੈ| ਅਜਿਹੀ ਕਲਾਤਮਕ ਮੰਚ ਜੜਤ ਨਾਟਕੀ ਸਮੱਸਿਆ ਨੂੰ ਕੇਵਲ ਇਸਦੇ ਲਿਖਤੀ ਪਾਠ ਤਕ ਹੀ ਸੀਮਤ ਨਹੀਂ ਰੱਖਦੀ ਸਗੋਂ ਨਾਟਕ ਦੇ ਆਰ ਪਾਰ ਫ਼ੈਲੇ ਸੱਚ ਨੂੰ ਵੀ ਆਪਣੀ ਪਕੜ ਵਿੱਚ ਲੈਂਦੀ ਹੈ|
ਲਿਖਤੀ ਨਾਟ ਪਾਠ ਦੀਆਂ ਮੰਚੀ ਸੰਭਾਵਨਾਵਾਂ ਨੁੰ ਸਸ਼ਕਤ ਰੂਪ ਨਾਲ ਉਭਾਰਨ ਵਿੱਚ ਵੀ ਮੰਚ ਜੜਤ ਦੀ ਭੂਮਿਕਾ ਮਹੱਤਵਪੂਰਨ ਹੁੰਦੀ ਹੈ| ਨਾਟਕੀ ਪਾਠ ਨੂੰ ਵਰਤਮਾਨ ਸਮੇਂ ਵਿੱਚ ਪੇਸ਼ ਕਰਨ ਵੇਲੇ ਸਮੇਂ ਤੇ ਸਥਾਨ ਦਾ ਰੋਲ ਬੜਾ ਅਹਿਮ ਹੁੰਦਾ ਹੈ| ਜੀਵਨ ਵਿੱਚ ਵਾਪਰੀ ਘਟਨਾ ਨੂੰ ਨਾਟਕਕਾਰ ਨਾਟਕ ਦੇ ਲਿਖਤੀ ਰੂਪ ਵਿੱਚ ਕਲਮਬੱਧ ਕਰਦਾ ਹੈ| ਲਿਖਤੀ ਰੂਪ ਦੀ ਮੰਚੀ ਪੇਸ਼ਕਾਰੀ ਵੇਲੇ ਵਾਸਤਵਿਕ ਜਿੰਦਗੀ ਦਾ ਭਰਮ ਮੰਚ ਜੜਤ ਰਾਹੀਂ ਹੀ ਰੂਪਮਾਨ ਹੁੰਦਾ ਹੈ| ਨਾਟਕੀ ਕਥਾ ਦਾ ਇੱਕ ਸਮਾਂ ਤੇ ਸਥਾਨ ਉਹ ਹੁੰਦਾ ਹੈ ਜਦੋਂ ਉਹ ਅਸਲ ਰੂਪ ਵਿੱਚ ਜ਼ਿੰਦਗੀ ਵਿੱਚ ਵਾਪਰੀ ਹੁੰਦੀ ਹੈ| ਦੂਜਾ ਸਮਾਂ ਤੇ ਸਥਾਨ ਉਹ ਹੁੰਦਾ ਹੈ ਜਦੋਂ ਨਾਟਕ -ਨਿਰਦੇਸ਼ਕ ਉਸ ਨੂੰ ਨਾਟਕੀ ਸੂਝ ਰਾਹੀਂ ਮੰਚ 'ਤੇ ਸਾਕਾਰ ਕਰਕੇ ਅਸਲ ਜੀਵਨ ਦੀ ਭਰਾਂਤੀ ਸਿਰਜਦਾ ਹੈ| ਇਹ ਭਰਾਂਤੀ ਸਿਰਜਨਾ ਹੀ ਮੰਚ ਜੜਤ ਦਾ ਅਸਲ ਕਾਰਜ ਹੈ| ਇਹ ਮੰਚ ਜੜਤ ਦਾ ਹੀ ਕਮਾਲ ਹੁੰਦਾ ਹੈ ਕਿ ਮੰਚ ਉੱਤੇ ਵਾਪਰਦੇ ਕਾਰਜ ਨੂੰ ਦੇਖ ਕੇ ਦਰਸ਼ਕ ਉਸ ਸਮੇਂ ਤੇ ਸਥਿਤੀ ਵਿੱਚ ਪਹੁੰਚ ਜਾਂਦਾ ਹੈ ਜਦੋਂ ਵਾਸਤਵ ਵਿੱਚ ਉਹ ਘਟਨਾ ਵਾਪਰੀ ਹੁੰਦੀ ਹੈ| ਮੰਚ ਜੜਤ ਇੱਕ ਰਚਨਾਤਮਕ ਕਲਾ ਹੈ ਜਿਹੜੀ ਮੰਚ ਉੱਤੇ ਅਭਿਨੈ ਕਰ ਰਹੇ ਪਾਤਰਾਂ ਦੇ ਭਾਵਾਂ ਨੂੰ ਹੀ ਨਿਰੂਪਤ ਨਹੀਂ ਕਰਦੀ ਸਗੋਂ ਨਾਟਕ ਦੇ ਅੰਤਰੀਵ ਅਰਥਾਂ ਨੂੰ ਵਿਸ਼ਾਲ ਪੱਧਰ 'ਤੇ ਵਿਸਤਾਰਦੀ ਵੀ ਹੈ| ਲਿਖਤ ਪਾਠ ਵਿਚਲੇ ਛੁਪੇ ਅਰਥਾਂ ਨੂੰ ਸਮਝਣ ਅਤੇ ਨਵੇਂ ਅਰਥ ਪ੍ਰਦਾਨ ਕਰਨ ਵਿੱਚ ਵੀ ਮੰਚ ਜੜਤ ਹੀ ਸਹਾਈ ਹੁੰਦੀ ਹੈ| ਮੰਚ ਉੱਤੇ ਦ੍ਰਿਸ਼ਟੀਗੋਚਰ ਹੋ ਰਹੀ ਨਿੱਕੀ ਤੋਂ ਨਿੱਕੀ ਵਸਤ ਮੰਚੀ ਬਿੰਬਾਂ ਦਾ ਰੂਪ ਧਾਰ ਕੇ ਦਰਸ਼ਕਾਂ ਨੂੰ ਬੌਧਿਕ ਸੋਚ ਦਾ ਧਾਰਨੀ ਬਣਾਉਂਦੀ ਹੈ| ਮੰਚ ਜੜਤ ਦੀ ਕਲਾ ਦੁਆਰਾ ਹੀ ਕਿਸੇ ਵੀ ਨਾਟਕ ਦੇ ਇਤਿਹਾਸਕ ਧਾਰਮਕ ਜਾਂ ਰਾਜਸੀ ਹੋਣ ਦੀ ਜਾਣਕਾਰੀ ਵੀ ਦਰਸ਼ਕਾਂ ਨੂੰ ਪ੍ਰਾਪਤ ਹੋ ਜਾਂਦੀ ਹੈ| ਇਉਂ ਸੁਚੱਜੀ ਮੰਚ ਜੜਤ ਜਿੱਥੇ ਨਾਟ-ਪਾਤਰਾਂ ਦੇ ਭਾਵਾਂ ਨੁੰ ਅਭਿਵਿਅਕਤ ਕਰਦੀ ਹੈ, ਉੱਥੇ ਨਾਟਕੀ ਮਾਹੌਲ ਨੂੰ ਸਿਰਜਣ ਵਿੱਚ ਵੀ ਯੋਗਦਾਨ ਪਾਉਂਦੀ ਹੈ| ਅਸਲ ਦਾ ਭੁਲਾਦਰਾਂ ਸਿਰਜ ਕੇ ਅਤੀਤ ਦਾ ਵਰਤਮਾਨ ਵਿੱਚ ਨਿਰੂਪਣ ਕਰਦੀ ਹੈ ਅਤੇ ਨਾਟਕ ਦੀ ਹਰੇਕ ਰਮਜ਼ ਨੂੰ ਡੀਕੋਡ ਕਰਨ ਵਿੱਚ ਸਾਰਥਕ ਭੂਮਿਕਾ ਨਿਭਾਉਂਦੀ ਹੈ| (ਸਹਾਇਕ ਗ੍ਰੰਥ - ਆਤਮਜੀਤ : ਫਰਸ਼ ਵਿੱਚ ਉਗਿਆ ਰੁੱਖ਼; ਨਵਨਿੰਦਰਾ ਘੁੰਮਣ : ਪੰਜਾਬੀ ਰੰਗਮੰਚ; ਲਾਲ ਸਿੰਘ ਸੰਪਾ.: ਨਾਟਕ ਸਿਧਾਂਤ ਆਲੋਚਨਾ ਤੇ ਰੰਗਮੰਚ; Eric Bentley : What is Theatre)

ਮੰਚ ਜੜਤ ਰਹਿਤ ਮੰਚਣ ਵਿਧੀ

Suggestive theatre style

ਇਸ ਵਿਧੀ ਦੇ ਅੰਤਰਗਤ ਨਾਟਕ ਦੀ ਪ੍ਰਦਰਸ਼ਨੀ ਬਿਨਾਂ ਕਿਸੇ ਵਿਸ਼ੇਸ਼ ਮੰਚ ਸਮੱਗਰੀ ਦੇ ਹੁੰਦੀ ਹੈ| ਨਾਟਕ ਵਿੱਚ ਕਾਰਜ ਤੇਜ਼ ਰਫ਼ਤਾਰ ਨਾਲ ਵਾਪਰਦਾ ਹੈ| ਪਾਤਰ ਅਭਿਨੈ ਰਾਹੀਂ ਹੀ ਦ੍ਰਿਸ਼ ਨੂੰ ਸਾਕਾਰ ਕਰਦੇ ਹਨ ਅਤੇ ਦਰਸ਼ਕ ਉਨੀ ਹੀ ਤੇਜੀ ਨਾਲ ਉਸ ਸਾਰੇ ਦ੍ਰਿਸ਼ ਨੂੰ ਆਤਮਸਾਤ ਕਰ ਲੈਂਦੇ ਹਨ| ਅਭਿਨੇਤਾ ਲੋੜ ਮੁਤਾਬਕ ਢੁਕਵੇਂ ਮਾਹੌਲ ਦੀ ਸਿਰਜਨਾ ਬਿਨਾਂ ਸਾਜੋ ਸਮਾਨ ਦੇ ਕਰ ਲੈਂਦੇ ਹਨ| ਚੁਸਤ ਵਾਰਤਾਲਾਪ ਅਤੇ ਨਾਟਕੀ ਕਾਰਜ ਰਾਹੀਂ ਮੰਚ ਜੜਤ ਦੀ ਕਮੀ ਨੂੰ ਪੂਰਿਆਂ ਕੀਤਾ ਜਾਂਦਾ ਹੈ| ਇਸ ਨਾਟਕ ਵਿੱਚ ਦ੍ਰਿਸ਼ ਦੀ ਮਹੱਤਤਾ ਨਹੀਂ ਹੁੰਦੀ ਸਗੋਂ ਪਾਤਰਾਂ ਦਾ ਆਂਗਿਕ ਅਤੇ ਵਾਚਿਕ ਅਭਿਨੈ ਹੀ ਨਾਟਕ ਦੇ ਅੰਤਰੀਵ ਭਾਵਾਂ ਨੂੰ ਸਾਕਾਰ ਕਰਦਾ ਹੈ| ਮੰਚ ਜੜਤ ਦੀ ਅਣਹੋਂਦ ਨੂੰ ਸੰਵਾਦਾਂ ਦੀ ਉਚਾਰਣ ਕਲਾ ਅਤੇ ਪਾਤਰਾਂ ਦੇ ਪ੍ਰਦਰਸ਼ਨ ਰਾਹੀਂ ਪੂਰਿਆਂ ਕੀਤਾ ਜਾਦਾ ਹੈ| ਵੱਖ ਵੱਖ ਸਥਾਨਾਂ ਉੱਤੇ ਵਾਪਰੇ ਕਾਰਜ ਲਈ ਮੰਚ ਉੱਤੇ ਵੱਖਰੇ ਦ੍ਰਿਸ਼ਾਂ ਦੀ ਪੇਸ਼ਕਾਰੀ ਨਹੀਂ ਕੀਤੀ ਜਾਂਦੀ ਸਗੋਂ ਇੱਕੋ ਥਾਂ ਉੱਤੇ ਸਾਰਾ ਕਾਰਜ ਵਾਪਰਦਾ ਦਿਖਾਇਆ ਜਾਂਦਾ ਹੈ| ਸਥਾਨ ਦੇ ਵਖਰੇਵਿਆਂ ਨੂੰ ਅਭਿਨੇਤਾ ਵਾਰਤਾਲਾਪ ਰਾਹੀਂ ਅਤੇ ਅਭਿਨੈ ਦੀ ਕਲਾਤਮਕਤਾ ਰਾਹੀਂ ਸਾਕਾਰ ਕਰ ਲੈਂਦਾ ਹੈ| ਨਾਟਕੀ ਕਾਰਜ ਏਨੀ ਤੇਜ਼ੀ ਨਾਲ ਵਾਪਰਦਾ ਦਿਖਇਆ ਜਾਂਦਾ ਹੈ ਕਿ ਦਰਸ਼ਕ ਅਤੇ ਅਭਿਨੇਤਾ ਵਿਚਲੀ ਵਿੱਥ ਮਿਟ ਜਾਂਦੀ ਹੈ| ਨਾਟਕ ਨਿਰਦੇਸ਼ਕ ਅਜਿਹੀਆਂ ਕਲਾਤਮਕ ਜੁਗਤਾਂ ਦੀ ਵਰਤੋਂ ਕਰਦਾ ਹੈ ਕਿ ਦਰਸ਼ਕ ਨੂੰ ਮੰਚ ਜੜਤ ਦੀ ਲੋੜ ਮਹਿਸੂਸ ਨਹੀਂ ਹੁੰਦੀ| ਦਰਸ਼ਕ ਆਪਣੀ ਕਲਪਨਾ ਸ਼ਕਤੀ ਸਦਕਾ ਆਪਣੇ ਵਿਵੇਕ ਨੂੰ ਤੀਖਣ ਕਰਦੇ ਹਨ ਤੇ ਨਾਟਕ ਦੇ ਗਹਿਨ ਅਰਥਾਂ ਨੂੰ ਬਿਨਾਂ ਮੰਚ ਜੜਤ ਦੇ ਵਿਸ਼ਾਲ ਅਰਥਾਂ ਵਿੱਚ ਗ੍ਰਹਿਣ ਕਰਨ ਦੇ ਸਮਰੱਥ ਹੋ ਜਾਂਦੇ ਹਨ| (ਸਹਾਇਕ ਗ੍ਰੰਥ - ਗੁਰਦਿਆਲ ਸਿੰਘ ਫੁੱਲ : ਪੰਜਾਬੀ ਨਾਟਕ : ਸਰੂਪ ਸਿਧਾਂਤ ਤੇ ਵਿਕਾਸ)

ਮੰਚ ਭਾਸ਼ਾ

Theatre language)

ਮੰਚ ਭਾਸ਼ਾ ਦਾ ਸੰਬੰਧ ਨਾਟਕ ਦੇ ਪ੍ਰਦਰਸ਼ਨੀ ਪੱਖ ਨਾਲ ਹੈ| ਪਾਤਰਾਂ ਦੇ ਜੈਸਚਰ, ਸੰਕੇਤ, ਹਾਵ-ਭਾਵ, ਚੇਸ਼ਟਾਵਾਂ, ਮੰਚ ਉੱਤੇ ਵਾਪਰਨ ਵਾਲਾ ਕਾਰਜ, ਮੰਚ ਸਮੱਗਰੀ, ਪਾਤਰਾਂ ਦਾ ਪਹਿਰਾਵਾ, ਸੰਗੀਤ, ਰੋਸ਼ਨੀਆਂ ਅਤੇ ਮੰਚ ਉੱਤੇ ਦ੍ਰਿਸ਼ਟੀਗੋਚਰ ਹੋ ਰਹੀ ਹਰੇਕ ਵਸਤ, ਇਸ ਦੇ ਅੰਤਰਗਤ ਆਉਂਦੀ ਹੈ| ਨਾਟਕੀ ਲਿਖਤ ਵਿੱਚ ਇੱਕ ਭਾਸ਼ਾ ਸੰਵਾਦਾਂ ਰਾਹੀਂ ਪ੍ਰਵਾਹਿਤ ਹੁੰਦੀ ਹੈ ਜਿਸ ਨੂੰ ਪਾਠਕ/ਦਰਸ਼ਕ ਵਰਗ ਪਾਤਰਾਂ ਦੀ ਆਪਸੀ ਗੱਲਬਾਤ ਰਾਹੀਂ ਗ੍ਰਹਿਣ ਕਰਦਾ ਹੈ, ਪਰ ਸੰਵਾਦਾਂ ਦੀ ਭਾਸ਼ਾ ਨਾਟਕ ਦੀ ਸਮੁੱਚਤਾ ਨੂੰ ਪਕੜਨ ਵਿੱਚ ਅਧੂਰੀ ਰਹਿੰਦੀ ਹੈ| ਸੰਵਾਦਾਂ ਰਾਹੀਂ ਉਭਰਨ ਵਾਲੇ ਅਰਥ ਤੋਂ ਬਿਨਾਂ ਨਾਟਕ ਦੀ ਪ੍ਰਦਰਸ਼ਨੀ ਦੌਰਾਨ ਨਾਟ-ਨਿਰਦੇਸ਼ਕ ਅਜਿਹੀ ਭਾਸ਼ਾ ਦੀ ਸਿਰਜਨਾ ਕਰਦਾ ਹੈ ਜਿਹੜੀ ਨਾਟਕ ਦੀ ਟੈਕਸਟ ਵਿੱਚ ਸਮਾਈ ਹੁੰਦੀ ਹੈ| ਸੂਝਵਾਨ ਨਿਰਦੇਸ਼ਕ ਮੰਚ ਦੀ ਉਪਰੋਕਤ ਬਿਆਨ ਕੀਤੀ ਭਾਸ਼ਾ ਰਾਹੀਂ ਨਾਟਕ ਵਿੱਚ ਨਿਹਿਤ ਭਾਵਾਂ ਨੂੰ ਵਿਸਤਾਰ ਪ੍ਰਦਾਨ ਕਰਦਾ ਹੈ| ਨਾਟਕ ਦੇ ਲਿਖਤੀ ਰੂਪ ਨੂੰ ਸਮੁਚੱਤਾ ਦਾ ਪ੍ਰਭਾਵ ਦੇਣ ਵਿੱਚ ਇਸ ਦੇ ਪ੍ਰਸਤੁਤੀ ਪੱਖ ਦਾ ਮਹੱਤਵ ਅਹਿਮ ਹੁੰਦਾ ਹੈ| ਇਸ ਲਈ ਨਾਟਕ ਦੀ ਭਾਸ਼ਾ ਕੇਵਲ ਲਿਖਤੀ ਟੈਕਸਟ ਦੀ ਭਾਸ਼ਾ ਨਹੀਂ ਹੁੰਦੀ ਸਗੋਂ ਨਿਰੇਦਸ਼ਕ ਦੁਆਰਾ ਇਸ ਦੀ ਮੰਚੀ ਪੇਸ਼ਕਾਰੀ ਦੌਰਾਨ ਮੰਚ 'ਤੇ ਸਿਰਜੀ ਜਾਂਦੀ ਹੈ| ਇਸ ਦਾ ਘੇਰਾ ਨਾਟਕਕਾਰ ਦੀ ਲਿਖਤ ਭਾਸ਼ਾ ਤੋਂ ਲੈ ਕੇ ਨਾਟ-ਨਿਰਦੇਸ਼ਕ ਦੀ ਮੰਚ ਭਾਸ਼ਾ ਤੱਕ ਫੈਲਿਆ ਹੁੰਦਾ ਹੈ| ਨਾਟ-ਪਾਠ ਤੋਂ ਨਾਟ ਮੰਚ ਤੱਕ ਪਹੁੰਚਣ ਵਿੱਚ ਸ਼ਬਦ, ਦ੍ਰਿਸ਼ ਵਿੱਚ ਰੂਪਾਂਤਰਤ ਹੋ ਜਾਂਦਾ ਹੈ| ਨਾਟਕੀ ਥੀਮ ਨੂੰ ਉਭਾਰਨ ਲਈ ਨਾਟ ਚਿੰਤਕਾਂ ਅਤੇ ਆਚਾਰੀਆਂ ਨੇ ਟੱਕਰ ਅਤੇ ਕਾਰਜ ਦੀ ਲੋੜ 'ਤੇ ਬਲ ਦਿੱਤਾ ਹੈ ਪਰ ਅਜਿਹੀਆਂ ਨਾਟ ਪੇਸ਼ਕਾਰੀਆਂ ਦਰਸ਼ਕਾਂ ਦੁਆਰਾ ਪ੍ਰਵਾਨ ਹੋਈਆਂ ਹਨ ਜਿੱਥੇ ਟੱਕਰ ਗੈਰਹਾਜ਼ਰ ਹੁੰਦੀ ਹੈ| ਇਸ ਸਥਿਤੀ ਵਿੱਚ ਪਾਤਰ ਸੰਵਾਦਾਂ ਦਾ ਉਚਾਰਨ ਨਹੀਂ ਕਰਦੇ ਸਗੋਂ ਉਨ੍ਹਾਂ ਦੇ ਹਾਵ-ਭਾਵ, ਪਹਿਰਾਵੇ, ਮੰਚ ਜੜਤ ਤੇ ਰੋਸ਼ਨੀਆਂ ਦੇ ਦਾਇਰਿਆਂ ਰਾਹੀਂ ਜਿਸ ਕਿਸਮ ਦੇ ਦ੍ਰਿਸ਼ ਦੀ ਉਸਾਰੀ ਹੋ ਰਹੀ ਹੁੰਦੀ ਹੈ ਉਸ ਦ੍ਰਿਸ਼ ਰਾਹੀਂ ਸੰਚਾਰ ਹੋ ਰਹੇ ਅਰਥ ਨਾਟਕ ਦੀ ਸਮੱਸਿਆ ਨੂੰ ਵੱਡ ਅਕਾਰੀ ਸੰਦਰਭ ਪ੍ਰਦਾਨ ਕਰਦੇ ਹਨ| ਇਸੇ ਨੂੰ ਮੰਚ ਦੀ ਭਾਸ਼ਾ ਕਿਹਾ ਜਾਂਦਾ ਹੈ| ਕਹਿਣ ਤੋਂ ਭਾਵ ਹੈ ਰੰਗਮੰਚ ਦੀ ਭਾਸ਼ਾ ਦ੍ਰਿਸ਼ ਦੀ ਭਾਸ਼ਾ ਹੁੰਦੀ ਹੈ| ਆਤਮਜੀਤ ਦੇ ਨਾਟਕ ਫ਼ਰਸ਼ ਵਿੱਚ ਉਗਿਆ ਰੁੱਖ ਨਾਟਕ ਵਿੱਚ ਪਿੱਠ ਭੂਮੀ ਤੋਂ ਆਉਂਦੀ ਗੱਡੀ ਦੀ ਛੁਕ ਛੁਕ ਦੀ ਤੇਜ਼ ਆਵਾਜ਼ ਮੰਚੀ ਭਾਸ਼ਾ ਦੀ ਬਿਹਤਰੀਨ ਉਦਾਹਰਨ ਹੈ| ਦ੍ਰਿਸ਼ ਰਾਹੀਂ ਅਰਥ ਸੰਚਾਰ ਕਰਨ ਦੀ ਕਿਰਿਆ ਵਿੱਚ ਨਿਰਦੇਸ਼ਕ ਦੀ ਨਿਰਦੇਸ਼ਕੀ ਸੂਝ ਮੰਚ ਦੀ ਭਾਸ਼ਾ ਦਾ ਸਿਰਜਨ ਕਰਦੀ ਹੈ| ਇਹ ਭਾਸ਼ਾ ਪਿੱਠਵਰਤੀ ਸੰਗੀਤ, ਮੰਚ ਜੜਤ, ਪਾਤਰਾਂ ਦੇ ਵਿਵਹਾਰ ਤੇ ਆਵਾਜ਼ਾਂ ਰਾਹੀਂ ਸਾਕਾਰ ਹੁੰਦੀ ਹੈ| ਦ੍ਰਿਸ਼ ਦੀ ਭਾਸ਼ਾ ਸਿਰਜਨ ਦੀ ਹੁਨਰੀ ਪ੍ਰਤਿਭਾ ਹਰੇਕ ਨਿਰਦੇਸ਼ਕ ਕੋਲ ਨਹੀਂ ਹੁੰਦੀ| ਆਮ ਤੌਰ 'ਤੇ ਸ਼ਾਬਦਿਕ ਭਾਸ਼ਾ ਦੀ ਮਦਦ ਰਾਹੀਂ ਦ੍ਰਿਸ਼ਾਂ ਦੀ ਉਸਾਰੀ ਕੀਤੀ ਜਾਂਦੀ ਹੈ| ਅਜਿਹੇ ਨਾਟਕਾਂ ਦੇ ਅਰਥ ਸੰਚਾਰ ਦੀ ਇੱਕ ਸੀਮਾ ਬਣ ਜਾਂਦੀ ਹੈ ਕਿਉਂਕਿ ਇਨ੍ਹਾਂ ਨੂੰ ਸਮਝਣ ਦਾ ਆਧਾਰਭੂਤ ਤੱਤ ਕੇਵਲ ਭਾਸ਼ਾ ਰਹਿ ਜਾਂਦੀ ਹੈ|
ਮੰਚ ਜਾਂ ਦ੍ਰਿਸ਼ ਦੀ ਭਾਸ਼ਾ ਜਿੱਥੇ ਨਾਟਕੀ ਟੈਕਸਟ ਦੇ ਅਰਥਾਂ ਦਾ ਵਿਸਤਾਰ ਕਰਦੀ ਹੈ ਉੱਥੇ ਇਹਦੇ ਦਰਸ਼ਕਾਂ ਦਾ ਘੇਰਾ ਵੀ ਵਿਸ਼ਾਲ ਕਰਦੀ ਹੈ| ਮਨੁੱਖ ਦੀ ਇਹ ਸੁਭਾਵਕ ਰੁਚੀ ਹੈ ਕਿ ਉਹ ਸੁਣਨ ਨਾਲੋਂ ਦੇਖੀ ਘਟਨਾ ਦਾ ਪ੍ਰਭਾਵ ਜਲਦੀ ਕਬੂਲਦਾ ਹੈ| ਇਸ ਲਈ ਨਾਟਕ ਦੀ ਪੇਸ਼ਕਾਰੀ ਵਿੱਚ ਮੰਚ ਭਾਸ਼ਾ ਅਜਿਹਾ ਤੱਤ ਹੈ ਜਿਹੜਾ ਨਾਟਕ ਵਿੱਚ ਸੰਵਾਦਾਂ ਨਾਲੋਂ ਕਾਰਜ ਨੂੰ ਵਧੇਰੇ ਮਹੱਤਤਾ ਦੇਂਦਾ ਹੈ| ਨਾਟਕੀ ਪ੍ਰਸਤੁਤੀ ਦੀ ਸਫ਼ਲਤਾ ਦੀ ਬੁਨਿਆਦੀ ਲੋੜ ਇਸ ਦੀ ਮੰਚੀ ਭਾਸ਼ਾ ਵਿੱਚ ਛੁਪੀ ਹੁੰਦੀ ਹੈ ਜਿਹੜੀ ਦ੍ਰਿਸ਼ ਦੇ ਜ਼ਰੀਏ ਸਾਕਾਰ ਹੁੰਦੀ ਹੈ| ਲਿਖਤ ਤੋਂ ਪ੍ਰਸਤੁਤੀ ਤੱਕ ਦੀ ਯਾਤਰਾ ਵਿੱਚ ਮੰਚ ਭਾਸ਼ਾ ਦਾ ਸਿਰਜਕ ਨਾਟ ਨਿਰਦੇਸ਼ਕ ਹੁੰਦਾ ਹੈ| ਇੱਕੋ ਸਕ੍ਰਿਪਟ ਜਿੱਥੇ ਅਲੱਗ ਅਲੱਗ ਨਾਟ ਨਿਰਦੇਸ਼ਕਾਂ ਦੇ ਹੱਥਾਂ ਵਿੱਚ ਨਵੇਂ ਅਰਥਾਂ ਨੂੰ ਗ੍ਰਹਿਣ ਕਰਦੀ ਹੈ ਉੱਥੇ ਇੱਕੋ ਨਾਟਕ ਦੀਆਂ ਅਲੱਗ ਅਲੱਗ ਪੇਸ਼ਕਾਰੀਆਂ ਵੀ ਅਰਥਾਂ ਦੀਆਂ ਨਵੀਆਂ ਪਰਤਾਂ ਨੂੰ ਉਘਾੜਦੀਆਂ ਹਨ| ਇਨ੍ਹਾਂ ਰਮਜ਼ਾਂ ਨੂੰ ਖੋਲ੍ਹਣ ਵਿੱਚ ਹੀ ਮੰਚ ਭਾਸ਼ਾ ਦੀ ਸਾਰਥਕਤਾ ਸਿੱਧ ਹੁੰਦੀ ਹੈ| (ਸਹਾਇਕ ਗ੍ਰੰਥ - ਕੁਸੁਮ ਕੁਮਾਰ : ਹਿੰਦੀ ਨਾਟਯ ਚਿੰਤਨ; ਨੇਮੀਚੰਦਰ ਜੈਨ : ਰੰਗ ਦਰਸ਼ਨ )

ਮੰਚੀ ਚਿਹਨ

Theatrical Symbols

ਪ੍ਰਦਰਸ਼ਨੀ ਦੀ ਇਸ ਕਲਾ ਵਿੱਚ ਅਭਿਨੇਤਾ ਇੱਕ ਅਜਿਹਾ ਕਿਰਦਾਰ ਹੈ ਜਿਸ ਰਾਹੀਂ ਮੰਚ ਉੱਤੇ ਵਾਪਰ ਰਹੇ ਹਰੇਕ ਕਾਰਜ ਦਾ ਅਰਥ ਆਪਣੀ ਸਮੁੱਚਤਾ ਨੂੰ ਗ੍ਰਹਿਣ ਕਰਦਾ ਹੈ| ਅਭਿਨੇਤਾ ਰਾਹੀਂ ਉਚਾਰੇ ਜਾਣ ਵਾਲੇ ਸੰਵਾਦ, ਸੰਵਾਦਾਂ ਨੂੰ ਉਚਾਰਨ ਦਾ ਢੰਗ, ਉਚਾਰਨ ਵੇਲੇ ਕਿਸੇ ਸ਼ਬਦ 'ਤੇ ਦਿੱਤਾ ਗਿਆ ਵਿਸ਼ੇਸ਼ ਬਲ, ਉਚਾਰਨ ਦੀ ਤੀਬਰਤਾ, ਸੰਕੇਤ, ਚੇਸ਼ਟਾਵਾਂ, ਹਿਲਜੁਲ, ਧੁਨੀ, ਸੁਰ ਆਦਿ ਮੰਚੀ ਚਿਹਨਾਂ ਨੂੰ ਸਿਰਜਨ ਵਾਲੇ ਪ੍ਰਭਾਵੀ ਤੱਤ ਹਨ| ਇਨ੍ਹਾਂ ਵਿੱਚੋਂ ਕੁਝ ਚਿਹਨਾਂ ਦਾ ਸੰਬੰਧ ਅਦਾਕਾਰ ਦੇ ਉਚਾਰਨ ਢੰਗ ਨਾਲ ਹੁੰਦਾ ਹੈ ਅਤੇ ਕੁਝ ਉਸ ਦੀ ਸਰੀਰਕ ਭਾਸ਼ਾ (Body Language) ਨੂੰ ਪ੍ਰਗਟਾਉਣ ਦਾ ਮਾਧਿਅਮ ਬਣਦੇ ਹਨ| ਉਚਾਰਨ ਨਾਲ ਸੰਬੰਧਤ ਚਿਹਨਾਂ ਦਾ ਸੰਬੰਧ ਅਦਾਕਾਰ ਦੀ ਸੁਰ, ਧੁਨੀ, ਤੀਬਰਤਾ ਆਦਿ ਨਾਲ ਹੁੰਦਾ ਹੈ ਇਸੇ ਤਰ੍ਹਾਂ ਅਭਿਨੇਤਾ ਦੀਆਂ ਸਰੀਰਕ ਮੁਦਰਾਵਾਂ ਸੰਕੇਤ, ਇਸ਼ਾਰੇ, ਮੂਕ ਅਭਿਨੈ ਆਦਿ ਅਜਿਹੇ ਚਿਹਨ ਹਨ ਜਿਹੜੇ ਉਸ ਦੇ ਸਰੀਰਕ ਅਭਿਨੈ ਰਾਹੀਂ ਅਰਥਾਂ ਦਾ ਸੰਚਾਰ ਕਰਦੇ ਹਨ| ਤੀਜੇ ਮੰਚੀ ਚਿਹਨ ਪ੍ਰਭਾਵ ਨਾਲ ਸੰਬੰਧਤ ਹੁੰਦੇ ਹਨ| ਇਨ੍ਹਾਂ ਵਿੱਚ ਵੱਖ ਵੱਖ ਰੰਗ ਦੀਆਂ ਰੋਸ਼ਨੀਆਂ (Lights), ਸੰਗੀਤਕ ਧੁਨੀਆਂ ਜਾਂ ਪਿੱਠ ਭੂਮੀ ਦੀਆਂ ਆਵਾਜ਼ਾਂ ਆਦਿ ਸ਼ਾਮਲ ਹਨ| ਭਰਤ ਮੁਨੀ ਦੇ ਨਾਟ ਸ਼ਾਸਤਰ ਵਿੱਚ ਆਂਗਿਕ ਅਭਿਨੈ ਦੇ ਅੰਤਰਗਤ ਹੱਥ, ਪੈਰ, ਅੱਖਾਂ, ਬੁਲ੍ਹ, ਭਰਵੱਟੇ, ਸਿਰ, ਛਾਤੀ ਆਦਿ ਅੰਗਾਂ ਰਾਹੀ ਹੋਣ ਵਾਲੇ ਅਰਥ ਸੰਚਾਰ ਦਾ ਵਿਸਤ੍ਰਿਤ ਪਰਿਪੇਖ, ਸਰੀਰਕ ਮੁਦਰਾਵਾਂ ਰਾਹੀਂ ਪ੍ਰਗਟਾਏ ਜਾਣ ਵਾਲੇ ਅਰਥਾਂ ਦੀ ਸਾਰਥਕਤਾ ਨੂੰ ਉਜਾਗਰ ਕਰਦਾ ਹੈ| ਸਰੀਰ ਦੀ ਭਾਸ਼ਾ ਨੂੰ ਪ੍ਰਗਟਾਉਣ ਵਾਲੇ ਇਨ੍ਹਾਂ ਅੰਗਾਂ ਦੀਆਂ ਚੇਸ਼ਟਾਵਾਂ ਨਾਟਕ ਪ੍ਰਦਰਸ਼ਨ ਨੂੰ ਕਲਾਤਮਕ ਸੁਹਜ ਪ੍ਰਦਾਨ ਕਰਨ ਵਿੱਚ ਕਾਰਗਰ ਭੂਮਿਕਾ ਨਿਭਾਉਂਦੀਆਂ ਹਨ| ਇਸੇ ਤਰ੍ਹਾਂ ਅਭਿਨੇਤਾ ਦਾ ਮੇਕਅੱਪ, ਵੇਸ ਭੂਸ਼ਾ, ਪਹਿਰਾਵਾ ਅਤੇ ਵਾਲਾਂ ਦੇ ਸਟਾਈਲ ਅਜਿਹੇ ਮੰਚੀ ਚਿਹਨ ਹਨ ਜਿਹੜੇ ਅਦਾਕਾਰ ਦੀ ਬਾਹਰਲੀ ਦਿਖ ਨੂੰ ਪ੍ਰਭਾਵਤ ਕਰਦੇ ਹਨ| ਇਨ੍ਹਾਂ ਨੂੰ ਭਰਤ ਮੁਨੀ ਨੇ ਆਹਾਰਯ ਅਭਿਨੈ ਦੇ ਅੰਤਰਗਤ ਵਿੱਚਾਰਿਆ ਹੈ| ਨਾਟਕੀ ਕਾਰਜ ਵਿੱਚ ਗਤੀਸ਼ੀਲਤਾ ਲਿਆਉਣ ਵਿੱਚ ਅਤੇ ਅਦਾਕਾਰ ਦੀ ਬਾਹਰੀ ਦਿਖ ਰਾਹੀ ਦਰਸ਼ਕਾਂ ਨੂੰ ਵਿਸ਼ੇਸ਼ ਅਰਥ ਪ੍ਰਦਾਨ ਕਰਨ ਵਿੱਚ ਇਨ੍ਹਾਂ ਚਿਹਨਾਂ ਦਾ ਮਹੱਤਵ ਅਹਿਮ ਹੁੰਦਾ ਹੈ| ਇਹਨਾਂ ਨੂੰ Visual Signs ਜਾਂ ਦ੍ਰਿਸ਼ਕ ਚਿਹਨਾਂ ਦੀ ਕੈਟਾਗਰੀ ਦੇ ਅੰਤਰਗਤ ਰੱਖਿਆ ਜਾਂਦਾ ਹੈ| ਜਿਨ੍ਹਾਂ ਦੀ ਹੋਂਦ ਨਾਟਕੀ ਟੈਕਸਟ ਵਿੱਚ ਅਦਿਸ ਰੂਪ ਵਿੱਚ ਪਈ ਰਹਿੰਦੀ ਹੈ ਪਰ ਮੰਚੀ ਪ੍ਰਦਰਸ਼ਨ ਵੇਲੇ ਅਭਿਨੇਤਾ ਦੀ ਬਾਹਰੀ ਦਿਖ ਜਿਸ ਵਿੱਚ ਉਹਦਾ ਪਹਿਰਾਵਾ, ਮੇਕਅੱਪ ਤੇ ਸਰੀਰਕ ਹਿੱਲਜੁਲ ਆਦਿ ਸ਼ਾਮਲ ਹਨ; ਉਸ ਸਪੇਸ ਵਿੱਚ ਵਿਸ਼ੇਸ਼ ਅਰਥਾਂ ਦੇ ਲਖਾਇਕ ਸਿੱਧ ਹੁੰਦੇ ਹਨ| ਰੰਗਮੰਚੀ ਟੈਕਸਟ ਨੂੰ ਵਿਸ਼ਾਲ ਸੰਦਰਭ ਵਿੱਚ ਸਮਝਣ ਵੇਲੇ ਸੰਗੀਤਕ ਧੁਨਾਂ ਅਤੇ ਧੁਨੀ ਪ੍ਰਬੰਧ ਦੀ ਸੁਚੱਜੀ ਵਿਉਂਤਕਾਰੀ ਵੀ ਚਿਹਨਾਂ ਦੀ ਸਿਰਜਨਾ ਕਰਦੀ ਹੈ| ਅਜਿਹੇ ਚਿਹਨ ਸਮੇਂ ਨਾਲ ਸਬੰਧੰਤ ਹੁੰਦੇ ਹਨ| ਵੱਖ-ਵੱਖ ਧੁਨੀਆਂ ਦੀ ਰਿਕਾਰਡ ਕੀਤੀ ਆਵਾਜ਼ ਨਾਟਕੀ ਵਾਤਾਵਰਨ ਦੀ ਉਸਾਰੀ ਕਰਨ ਵਿੱਚ ਕਾਰਗਰ ਰੋਲ ਅਦਾ ਕਰਦੀ ਹੈ| ਇਸੇ ਤਰ੍ਹਾਂ ਸੰਗੀਤਕ ਧੁਨਾਂ ਦੀ ਕਿਸੇ ਵਿਸ਼ੇਸ਼ ਸਭਿਆਚਾਰ ਦੇ ਪ੍ਰਸੰਗ ਵਿੱਚ ਵਰਤੋਂ, ਨਾਟਕ ਦੇਖ ਰਹੇ ਦਰਸ਼ਕਾਂ ਨੂੰ ਉਸ ਕਿਸਮ ਦੇ ਮਾਨਸਿਕ ਵਾਤਾਵਰਣ ਦਾ ਪ੍ਰਭਾਵ ਪ੍ਰਦਾਨ ਕਰਦੀ ਹੈ| ਅਜਿਹੇ ਚਿਹਨਾਂ ਨੂੰ ਅਣਉਚਰਿਤ (Inarticulate Sounds) ਧੁਨੀਆਂ ਦੇ ਪਰਿਪੇਖ ਵਿੱਚ ਵਿੱਚਾਰਿਆ ਜਾਂਦਾ ਹੈ| ਇਸੇ ਤਰ੍ਹਾਂ ਮੰਚ ਸਮੱਗਰੀ, ਸਟੇਜ ਸੈਟਿੰਗ, ਰੋਸ਼ਨੀਆਂ ਆਦਿ ਅਜਿਹੇ ਚਿਹਨ ਹਨ ਜਿਹੜੇ ਸਮੇਂ ਅਤੇ ਸਥਾਨ ਦੇ ਵਰਗ ਨਾਲ ਸੰਬੰਧਤ ਹਨ| ਮੰਚ ਉੱਤੇ ਸਮੇਂ ਦੀ ਹੱਦਬੰਦੀ ਅੰਦਰ ਸਥਾਨ ਦੀ ਸੁਚੱਜੀ ਅਤੇ ਢੁੱਕਵੀਂ ਵਰਤੋਂ ਸਟੇਜ ਸੈਟਿੰਗ ਦੀ ਸਾਰਥਕਤਾ ਨੂੰ ਉਭਾਰਦੀ ਨਾਟਕ ਦੇ ਪ੍ਰਦਰਸ਼ਨ ਨੂੰ ਸਫ਼ਲ ਬਣਾਉਂਦੀ ਹੈ| ਰੋਸ਼ਨੀ ਵਿਉਂਤਕਾਰੀ ਦਾ ਸਹੀ ਪ੍ਰਬੰਧ ਨਾਟਕੀ ਮੂਡ ਨੂੰ ਸਾਕਾਰ ਕਰਨ ਵਿੱਚ ਅਤੇ ਪਾਤਰਾਂ ਦੇ ਧੁਰ ਅੰਦਰਲੇ ਨਾਲ ਦਰਸ਼ਕਾਂ ਦੀ ਸਾਂਝ ਪੁਆਉਣ ਵਿੱਚ ਸਹਾਇਤਾ ਕਰਦਾ ਹੈ| ਮੰਚੀ ਚਿਹਨ ਦੇ ਮਹੱਤਵ ਦੇ ਨਾਲ ਨਾਲ ਦਰਸ਼ਕ ਵਰਗ ਦੀ ਭੂਮਿਕਾ ਨੂੰ ਵੀ ਚਿਹਨ ਵਿਗਿਆਨੀਆਂ ਨੇ ਵਿਸ਼ੇਸ਼ ਮਹੱਤਵ ਦਿੱਤਾ ਹੈ ਕਿਉਂਕਿ ਮੰਚੀ ਰੂਪਕ ਦੀ ਉਸਾਰੀ ਕਰਨ ਵਿੱਚ ਦਰਸ਼ਕਾਂ ਦੀ ਸਰਗਰਮ ਭੂਮਿਕਾ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ| ਨਾਟਕ ਦੇ ਪ੍ਰਦਰਸ਼ਨੀ ਪਾਠ ਵਿੱਚ ਦਰਸ਼ਕਾਂ ਦੀ ਸ਼ਮੂਲੀਅਤ ਹੀ ਇਸ ਨੂੰ ਸਮੱਗਰਤਾ ਅਤੇ ਸਮੁੱਚਤਾ ਦਾ ਭਾਵ ਪ੍ਰਦਾਨ ਕਰਦੀ ਹੈ| ਕਿਸੇ ਵੀ ਨਾਟਕੀ ਕਿਰਤ ਦਾ ਮੰਚੀ ਪਹਿਲੂ ਇਨ੍ਹਾਂ ਦ੍ਰਿਸ਼ਕ ਅਤੇ ਸ਼੍ਰਵਣੀ ਚਿਹਨਾਂ ਰਾਹੀਂ ਹੀ ਸੰਪੂਰਨਤਾ ਦੇ ਭਾਵ ਨੂੰ ਗ੍ਰਹਿਣ ਕਰਦਾ ਹੈ| (ਸਹਾਇਕ ਗ੍ਰੰਥ - ਭਰਤ ਮੁਨੀ : ਨਾਟਯ ਸ਼ਾਸਤ੍ਰ ; ਮੈਥਿਲੀ ਪ੍ਰਸਾਦ ਭਾਰਦਵਾਜ : ਪਾਸ਼ਚਾਤਯ ਕਾਵਯ ਸ਼ਾਸਤਰ ਕੇ ਸਿਧਾਂਤ; ਸ਼ੰਭੂ ਮਿੱਤ੍ਰ : ਕਿਸੇ ਕਹਤੇ ਹੈਂ ਨਾਟਯ ਕਲਾ)

ਮੰਚੀ ਟੈਕਸਟ / ਪਾਠ

Theatrical text

ਨਾਟਕ ਦੇ ਲਿਖਤੀ ਰੂਪ ਨੂੰ ਸਾਹਿਤਕ ਅਤੇ ਮੰਚੀ ਟੈਕਸਟ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ| ਸਾਹਿਤਕ ਰੂੜੀਆਂ ਦੁਆਰਾ ਸਿਰਜੀ ਸਕਰਿਪਟ ਨੂੰ ਪਾਠਕ ਵਰਗ ਭਾਸ਼ਾਈ ਟੈਕਸਟ ਦੇ ਰੂਪ ਵਿੱਚ ਅਧਿਐਨ ਦਾ ਆਧਾਰ ਬਣਾਉਂਦਾ ਹੈ ਤੇ ਮੰਚੀ ਰੂੜੀਆਂ ਦੇ ਰੂਪ ਵਿੱਚ ਗ੍ਰਹਿਣ ਕੀਤੀ ਟੈਕਸਟ ਦਾ ਆਧਾਰ ਭਾਸ਼ਾਈ ਨਹੀਂ ਹੁੰਦਾ ਸਗੋਂ ਉੱਥੇ ਦਰਸ਼ਕ ਵਰਗ ਨਾਟਕੀ ਪਾਠ ਨੂੰ ਦ੍ਰਿਸ਼ ਕੋਡਾਂ ਦੇ ਪ੍ਰਸੰਗ ਵਿੱਚ ਗ੍ਰਹਿਣ ਕਰਦਾ ਹੈ| ਨਾਟਕ ਨੂੰ ਦੂਜੇ ਯਾਨਰਾਂ ਨਾਲੋਂ ਨਿਖੇੜਨ ਦਾ ਮੂਲ ਆਧਾਰ ਹੀ ਇਸ ਦਾ ਮੰਚੀ ਪਹਿਲੂ ਹੈ| ਲਿਖਤ ਪਾਠ ਦੇ ਆਧਾਰ 'ਤੇ ਸਮੀਖਿਆ ਕਰਨ ਵੇਲੇ ਨਾਟਕ ਦੀ ਲਿਖਤੀ ਸਕਰਿਪਟ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ| ਮੰਚੀ ਟੈਕਸਟ ਦੇ ਆਧਾਰ 'ਤੇ ਨਾਟਕ ਦੀ ਪਰਖ ਕਰਨ ਵੇਲੇ ਨਾਟਕ ਦੇ ਪ੍ਰਦਰਸ਼ਨੀ ਪਹਿਲੂ ਨੂੰ ਅਹਿਮੀਅਤ ਦਿੱਤੀ ਜਾਂਦੀ ਹੈ| ਲਿਖਤੀ ਨਾਟ ਪਾਠ ਅਤੇ ਉਸ ਦੇ ਪ੍ਰਦਰਸ਼ਨੀ ਪੱਖ ਦਾ ਆਪਸ ਵਿੱਚ ਪੱਬ ਪੌਂਚੇ ਦਾ ਰਿਸ਼ਤਾ ਹੈ| ਕੋਈ ਵੀ ਮੰਚੀ ਟੈਕਸਟ ਉਸ ਦੇ ਲਿਖਤੀ ਪਾਠ ਤੋਂ ਬਿਨਾਂ ਹੋਂਦ ਵਿੱਚ ਨਹੀਂ ਆਉਂਦੀ| ਇਹ ਤਾਂ ਸੰਭਵ ਹੈ ਕਿ ਲਿਖਤੀ ਪਾਠ, ਮੰਚੀ ਟੈਕਸਟ ਦੇ ਪ੍ਰਦਰਸ਼ਨ ਤੋਂ ਬਾਅਦ ਲਿਖਤੀ ਰੂਪ ਅਖ਼ਤਿਆਰ ਕਰੇ ਪਰ ਨਿਰਸੰਦੇਹ ਨਿਰਦੇਸ਼ਕ ਦੇ ਜ਼ਿਹਨ ਵਿੱਚ ਇਸ ਦਾ ਖ਼ਾਕਾ ਉਸਰਿਆ ਹੁੰਦਾ ਹੈ ਜਿਸ ਦੇ ਆਧਾਰ 'ਤੇ ਉਹ ਬਿਨਾਂ ਇਸ ਨੂੰ ਲਿਖਤੀ ਰੂਪ ਪ੍ਰਦਾਨ ਕੀਤਿਆਂ ਵੀ ਇਸ ਦੀ ਪੇਸ਼ਕਾਰੀ ਕਰ ਲੈਂਦਾ ਹੇ|
ਮੰਚੀ ਪਾਠ ਅਤੇ ਲਿਖਤੀ ਨਾਟ ਪਾਠ ਵਿੱਚ ਵਰਤੇ ਗਏ ਚਿੰਨ੍ਹ ਭਾਵੇਂ ਅਲੱਗ ਅਲੱਗ ਹੁੰਦੇ ਹਨ ਪਰ ਬੁਨਿਆਦੀ ਤੌਰ 'ਤੇ ਦੋਨੋਂ ਪਾਠ ਆਪਸ ਵਿੱਚ ਅੰਤਰ ਸੰਬੰਧਤ ਹੁੰਦੇ ਹਨ| ਜਿੱਥੇ ਲਿਖਤੀ ਨਾਟ ਪਾਠ ਵਿੱਚ ਮੰਚੀ ਸੰਭਾਵਨਾਵਾਂ ਮੌਜੂਦ ਹੁੰਦੀਆਂ ਹਨ ਉੱਥੇ ਮੰਚੀ ਪਾਠ ਦਾ ਸੁਹਜ ਉਹਦੀ ਸਾਹਿਤਕਤਾ ਵਿੱਚ ਵੀ ਨਿਹਿਤ ਹੁੰਦਾ ਹੈ| ਦਰਅਸਲ ਨਾਟਕ ਦੀ ਮੰਚੀ ਟੈਕਸਟ, ਨਾਟਕ ਦੀ ਸਾਹਿਤਕ ਟੈਕਸਟ ਵਿੱਚ ਤੇ ਸਾਹਿਤਕ ਪਾਠ ਨਾਟਕ ਦੇ ਮੰਚੀ ਪਾਠ ਵਿੱਚ ਰਲਗੱਡ ਰੂਪ ਵਿੱਚ ਪਏ ਹੁੰਦੇ ਹਨ| ਨਾਟਕ ਵਿੱਚ ਡੂੰਘੇ ਅਮੂਰਤ ਰੂਪਕ, ਬਿੰਬ ਤੇ ਚਿੰਨ੍ਹ ਮੰਚ ਉੱਤੇ ਪ੍ਰਦਰਸ਼ਨੀ ਦੇ ਦੌਰਾਨ ਮੰਚੀ ਭਾਸ਼ਾ ਰਾਹੀਂ ਸਾਕਾਰ ਹੁੰਦੇ ਹਨ ਜਿਨ੍ਹਾਂ ਨੂੰ ਚੇਤੰਨ ਦਰਸ਼ਕ ਅਰਥ ਦੇ ਕੇ ਵੱਡਅਕਾਰੀ ਸੰਦਰਭ ਪ੍ਰਦਾਨ ਕਰਨ ਵਿੱਚ ਸਮੱਰਥ ਹੁੰਦਾ ਹੈ| ਲਿਖਤ ਅੰਦਰ ਰਮਜ਼ ਰੂਪ ਵਿੱਚ ਸਮਾਏ ਬਿੰਬਾਂ ਨੂੰ ਸਿਆਣਾ ਨਿਰਦੇਸ਼ਕ ਦ੍ਰਿਸ਼ ਦੀ ਭਾਸ਼ਾ ਵਿੱਚ ਰੂਪਾਂਤਰਤ ਕਰ ਦੇਂਦਾ ਹੈ| ਇਉਂ ਮੰਚੀ ਟੈਕਸਟ, ਲਿਖਤੀ ਟੈਕਸਟ ਬਿਨਾਂ ਵਜੂਦ ਗ੍ਰਹਿਣ ਕਰਨ ਤੋਂ ਅਸਮਰੱਥ ਰਹਿੰਦੀ ਹੈ| ਇਨ੍ਹਾਂ ਦੋਨਾਂ ਦੀ ਹੋਂਦ ਇੱਕ ਦੂਜੇ ਉੱਤੇ ਆਸਰਿਤ (ਨਿਰਭਰ) ਹੈ| ਕਿਸੇ ਵੀ ਨਾਟਕੀ ਟੈਕਸਟ ਦਾ ਅਧਿਐਨ ਉਸ ਦੇ ਲਿਖਤੀ ਅਤੇ ਪ੍ਰਦਰਸ਼ਨੀ ਪਾਠ ਦੇ ਸਮਿਨਵੈ ਰਾਹੀਂ ਹੀ ਸਹੀ ਅਰਥਾਂ ਵਿੱਚ ਉਜਾਗਰ ਹੁੰਦਾ ਹੈ| (ਸਹਾਇਕ ਗ੍ਰੰਥ - ਐਚ.ਵੀ. ਸ਼ਰਮਾ : ਰੰਗ ਸਥਾਪਤਯ ਕੁਛ ਟਿੱਪਣੀਆਂ)

ਮੱਤਵਾਰਨੀ
ਰੰਗਮੰਚ ਨਾਲ ਸੰਬੰਧਤ ਇਸ ਸ਼ਬਦ ਦੇ ਅਰਥ ਵਰਾਂਡੇ ਦੇ ਪ੍ਰਸੰਗ ਵਿੱਚ ਕੀਤੇ ਮਿਲਦੇ ਹਨ| ਅਭਿਨਵ ਗੁਪਤ ਨੇ ਮੱਤਵਾਰਨੀ ਸ਼ਬਦ ਨੂੰ ਇਸੇ ਪ੍ਰਸੰਗ ਵਿੱਚ ਸਮਝਣ ਦਾ ਯਤਨ ਕੀਤਾ ਹੈ| ਦਰਅਸਲ ਇਸ ਦੇ ਅਰਥ ਬਾਰੇ ਵਿਦਵਾਨਾਂ ਵਿੱਚ ਮੱਤਭੇਦ ਹੈ| ਭਰਤਮੁਨੀ ਦੇ ਨਾਟ ਸ਼ਾਸਤਰ ਦੀ ਅੰਤਿਕਾ (1) ਵਿੱਚ ਭਰਤ ਦੇ ਨਾਟਯਗ੍ਰਿਹ (ਨਾਟਯਮੰਡਪ) ਬਾਰੇ ਚਰਚਾ ਕਰਦਿਆਂ ਮੱਤਵਰਨੀ ਦੇ ਅਰਥ ਇਉਂ ਸਪਸ਼ਟ ਕੀਤੇ ਗਏ ਹਨ| ''ਮੰਦਿਰਾਂ ਦੀ ਪਰਿਕ੍ਰਮਾ (ਪਰਕਰਮਾ) ਵਾਂਗ ਰੰਗਭੂਮੀ ਦੇ ਚੋਹਾਂ ਪਾਸਿਆਂ ਦੀ ਜ਼ਮੀਨ ਨੂੰ ਮੱਤਵਾਰਣੀ ਕਿਹਾ ਜਾਂਦਾ ਸੀ| ਇਸ ਦੀ ਚੌੜਾਈ 8x8 ਵਰਗ ਹੱਥ ਜਿੰਨੀ ਹੁੰਦੀ ਸੀ| ਉਸ ਦੀ ਸ਼ਕਲ ਚੌਰਸ ਹੁੰਦੀ ਸੀ| (ਪੰਨਾ 468)
ਨਾਟ ਸ਼ਾਸਤਰ ਵਿੱਚ ਮੱਤਵਾਰਨੀ ਦੀ ਗਿਣਤੀ ਬਾਰੇ ਵੀ ਵੱਖ ਵੱਖ ਮੱਤ ਹਨ| ਕਿਧਰੇ ਇਸ ਦੀ ਗਿਣਤੀ ਇੱਕ ਅਤੇ ਕਿਤੇ ਦੋ ਦੱਸੀ ਗਈ ਹੈ| ਅਜੋਕੇ ਚਿੰਤਕਾਂ ਦੀ ਧਾਰਨਾ ਇਹੋ ਹੈ ਕਿ ਮੱਤਵਾਰਨੀ ਇੱਕੋ ਹੁੰਦੀ ਸੀ| ਇਸ ਦੀ ਸ਼ਕਲ ਇੱਕ ਚੁਬਾਰੇ ਵਰਗੀ ਹੁੰਦੀ ਸੀ| ਰੰਗਭੂਮੀ ਵਿੱਚ ਇਸ ਦੀ ਉਚਾਈ ਰੰਗਮੰਚ ਜਿੰਨੀ ਹੁੰਦੀ ਸੀ| ਨਾਟਯਗ੍ਰਿਹ ਦੇ ਪ੍ਰਾਚੀਨ ਨਕਸ਼ਿਆਂ ਮੁਤਾਬਕ ਮੱਤਵਰਨੀ ਇੱਕ ਛੱਜੇ ਵਰਗੀ ਥਾਂ ਸੀ ਜਿਸ ਨੂੰ ਉਪਰੋਂ ਛੱਤਿਆ ਜਾਂਦਾ ਸੀ| ਨਾਟ ਚਿੰਤਕਾਂ ਦਾ ਅਨੁਮਾਨ ਹੈ ਕਿ ਇਹ ਉਹ ਸਥਾਨ ਹੁੰਦਾ ਸੀ ਜਿਥੋਂ ਦੇਵੀ ਦੇਵਤਿਆਂ ਦੇ ਦ੍ਰਿਸ਼ ਦਿਖਾਏ ਜਾਂਦੇ ਸਨ| ਵਿਸ਼ੇਸ਼ ਤੌਰ 'ਤੇ ਸਵਰਗ ਨਾਲ ਸੰਬੰਧਤ ਦ੍ਰਿਸ਼ਾਂ ਦੀ ਪੇਸ਼ਕਾਰੀ ਮੱਤਵਾਰਣੀਆਂ ਰਾਹੀਂ ਕੀਤੀ ਜਾਂਦੀ ਸੀ| ਉਸ ਸਮੇਂ ਦੇ ਲਿਖੇ ਗਏ ਨਾਟਕਾਂ ਵਿੱਚ ਦੈਵੀ ਪਾਤਰਾਂ ਦੀ ਗਿਣਤੀ ਕਾਫ਼ੀ ਮਾਤਰਾ ਵਿੱਚ ਹੁੰਦੀ ਸੀ| ਜਿਵੇਂ ਜਿਵੇਂ ਇਨ੍ਹਾਂ ਦੀ ਭੂਮਿਕਾ ਨਾਟਕਾਂ ਵਿੱਚੋਂ ਖਤਮ ਹੁੰਦੀ ਚਲੀ ਗਈ ਨਾਲ ਹੀ ਮੱਤਵਾਰਨੀਆਂ ਦੀ ਪਰੰਪਰਾ ਵੀ ਖ਼ਤਮ ਹੁੰਦੀ ਗਈ| ਇਉਂ ਮਤਵਾਰਨੀ ਦਾ ਸੰਬੰਧ ਭਾਰਤੀ ਨਾਟ ਮੰਡਪ ਨਾਲ ਜੁੜਿਆ ਹੋਇਆ ਹੈ| ਭਰਤਮੁਨੀ ਨੇ ਰੰਗਮੰਚ ਤੇ ਮਤਵਾਰਨੀ ਦੀ ਉਚਾਈ ਬਰਾਬਰ ਰੱਖਣ ਦੀ ਪ੍ਰੋੜ੍ਹਤਾ ਕੀਤੀ ਹੈ| ਮੱਤਵਾਰਨੀਆਂ ਨੂੰ ਫੁੱਲਾਂ ਦੇ ਹਾਰਾਂ, ਚੰਦਨ, ਧੂਪ ਤੇ ਬਸਤਰਾਂ ਨਾਲ ਸਜਾਉਣ ਦਾ ਜ਼ਿਕਰ ਭਰਤਮੁਨੀ ਦੇ ਨਾਟ ਸ਼ਾਸਤਰ ਵਿੱਚ ਕੀਤਾ ਮਿਲਦਾ ਹੈ| ਮੱਤਵਾਰਨੀਆਂ ਦੇ ਥੱਲੇ ਲੋਹਾ ਰੱਖਣ ਦੀ ਗੱਲ ਵੀ ਕੀਤੀ ਗਈ ਹੈ| ਮੱਤਵਾਰਨੀਆਂ ਬਣਾਉਣ ਵੇਲੇ ਲੋਕਾਂ ਨੂੰ ਪ੍ਰਸਾਦ ਦਿੱਤਾ ਜਾਂਦਾ ਸੀ| (ਸਹਾਇਕ ਗ੍ਰੰਥ -ਭਰਤ ਮੁਨੀ : ਨਾਟਯ ਸ਼ਾਸਤ੍ਰ; ਵਸ਼ਿਸ਼ਠ ਨਰਾਇਣ ਤ੍ਰਿਪਾਠੀ : ਨਾਟਕ ਕੇ ਰੰਗਮੰਚੀਯ ਪ੍ਰਤਿਮਾਨ)

ਮਨਬਚਨੀ

Soliloquy

ਮਨਬਚਨੀ ਉਸ ਸਥਿਤੀ ਨੂੰ ਕਿਹਾ ਜਾਂਦਾ ਹੈ ਜਦੋਂ ਕੋਈ ਪਾਤਰ ਮੰਚ ਉੱਤੇ ਆਪਣੇ ਆਪ ਨਾਲ ਗੱਲਾਂ ਕਰਦਾ ਹੈ, ਜਿਵੇਂ ਕੋਈ ਉਸ ਨੂੰ ਸੁਣ ਨਾ ਰਿਹਾ ਹੋਵੇ| ਮਨਬਚਨੀ ਲਈ ਮੋਨੋਲੌਗ ਸ਼ਬਦ ਦੀ ਵੀ ਵਰਤੋਂ ਕੀਤੀ ਜਾਂਦੀ ਹੈ ਪਰ ਮਨਬਚਨੀ ਅਤੇ ਮੋਨੋਲੌਗ ਵਿੱਚ ਅੰਤਰ ਹੰਦਾ ਹੈ| ਮੋਨੋਲੌਗ (Monologue) ਵਿੱਚ ਪਾਤਰ ਮੰਚ ਉੱਤੇ ਇਉਂ ਵਾਰਤਾਲਾਪ ਬੋਲਦਾ ਹੈ ਜਿਵੇਂ ਕਿਸੇ ਨੂੰ ਸੰਬੋਧਤ ਕਰ ਰਿਹਾ ਹੋਵੇ| ਪਾਤਰਾਂ ਦੇ ਮਨ ਅੰਦਰਲੇ ਭਾਵਾਂ, ਮਨੋਵੇਗਾਂ, ਉਦਗਾਰਾਂ ਅਤੇ ਵਿਚਾਰਾਂ ਨੂੰ ਉਨ੍ਹਾਂ ਦੇ ਮੂੰਹੋਂ ਕਹਾਉਣ ਦੀ ਵਿਧੀ ਮਨਬਚਨੀ ਕਹਾਉਂਦੀ ਹੈ| ਦਰਸ਼ਕਾਂ ਨੂੰ ਪਾਤਰਾਂ ਦੇ ਧੁਰ ਅੰਦਰਲੇ ਤੱਕ ਝਾਤ ਪੁਆਉਣ ਲਈ ਨਾਟਕਕਾਰ ਇਸ ਵਿਧੀ ਦੀ ਵਰਤੋਂ ਕਰਦਾ ਹੈ| ਸਾਹਿਤ ਦੀਆਂ ਦੂਜੀਆਂ ਵਿਧਾਵਾਂ ਨਾਵਲ, ਕਹਾਣੀ ਆਦਿ ਵਿੱਚ ਰਚਨਾਕਾਰ ਕੋਲ ਇਸ ਗੱਲ ਦੀ ਖੁਲ੍ਹ ਹੁੰਦੀ ਹੈ ਕਿ ਉਹ ਆਪਣੇ ਪਾਤਰਾਂ ਦੀ ਮਾਨਸਿਕ ਦਸ਼ਾ ਨੂੰ ਵਿਸਤਾਰ ਸਹਿਤ ਬਿਆਨ ਸਕਦਾ ਹੈ ਪਰ ਨਾਟਕ ਵਿੱਚ ਨਾਟਕਕਾਰ ਪਾਤਰਾਂ ਦੀ ਆਪਸੀ ਗੱਲਬਾਤ ਦੇ ਜ਼ਰੀਏ ਅਜਿਹਾ ਕਰ ਸਕਣ ਦੇ ਸਮਰੱਥ ਹੁੰਦਾ ਹੈ| ਜਿੱਥੇ ਵਾਰਤਾਲਾਪ ਰਾਹੀਂ ਪਾਤਰਾਂ ਦੇ ਮਨੋਭਾਵਾਂ ਤੱਕ ਅਪੜਨ ਵਿੱਚ ਨਾਟਕਕਾਰ ਅਸਮਰੱਥ ਹੋਵੇ ਉੱਥੇ ਨਾਟਕਕਾਰ ਮਨਬਚਨੀ ਦੀ ਜੁਗਤ ਦੀ ਵਰਤੋਂ ਕਰਦਾ ਹੈ| ਪਾਤਰ ਦੇ ਉੱਚੀ ਆਵਾਜ਼ ਵਿੱਚ ਸੋਚਣ ਦੇ ਇਸ ਢੰਗ ਨਾਲ ਪਾਤਰ ਦੇ ਅੰਦਰੂਨੀ ਭਾਵ ਦਰਸ਼ਕਾਂ ਤੱਕ ਪਹੁੰਚ ਜਾਂਦੇ ਹਨ ਤੇ ਇਉਂ ਦਰਸ਼ਕ ਪਾਤਰ ਦੇ ਮਨ ਅੰਦਰਲੇ ਸੰਸਾਰ ਤੋਂ ਜਾਣੂੰ ਹੋ ਜਾਂਦਾ ਹੈ| ਸੰਸਕ੍ਰਿਤ ਨਾਟਕਕਾਰਾਂ ਨੇ ਮਨਬਚਨੀਆਂ ਦਾ ਪ੍ਰਯੋਗ ਆਪਣੇ ਨਾਟਕਾਂ ਵਿੱਚ ਵਿਆਪਕ ਪੱਧਰ ਉੱਤੇ ਕੀਤਾ ਹੈ| ਸ਼ਕੁੰਤਲਾ ਵਿੱਚ ਮਨਬਚਨੀਆਂ ਰਾਹੀਂ ਸ਼ਕੁੰਤਲਾ ਦੇ ਅਵਚੇਤਨ ਨਾਲ ਦਰਸ਼ਕਾਂ ਦੀ ਸਾਂਝ ਪੁਆਈ ਗਈ ਹੈ|
ਮਨਬਚਨੀ ਦੇ ਨਾਲ ਦੀ ਮਿਲਦੀ ਜੁਲਦੀ ਇੱਕ ਹੋਰ ਵਿਧੀ ਜਿਸ ਨੂੰ aside ਕਿਹਾ ਜਾਂਦਾ ਹੈ| ਪੰਜਾਬੀ ਵਿੱਚ ਇਸ ਪਦ ਲਈ ਇਕਾਂਤ ਕਥਨ ਦੀ ਵਰਤੋਂ ਕੀਤੀ ਜਾਂਦੀ ਹੈ| ਇਸ ਵਿਧੀ ਰਾਹੀਂ ਪਾਤਰ / ਅਦਾਕਾਰ ਸਰੋਤਿਆਂ/ਦਰਸ਼ਕਾਂ ਨੂੰ ਆਪਣੀ ਗੱਲ ਇਸ ਢੰਗ ਨਾਲ ਪੁਚਾਉਂਦਾ ਹੈ ਜਿਸ ਨੂੰ ਮੰਚ ਉੱਤੇ ਮੌਜੂਦ ਦੂਜੇ ਪਾਤਰ ਨਹੀਂ ਸੁਣ ਸਕਦੇ| ਉਪਰੋਕਤ ਦੋਨੋਂ ਵਿਧੀਆਂ ਐਲਿਜ਼ਾਬੇਥਨ ਕਾਲ ਅਤੇ ਉਸ ਤੋਂ ਪਿਛਲੇਰੇ ਸਮੇਂ ਤੱਕ ਨਾਟਕਕਾਰਾਂ ਵਲੋਂ ਵਰਤੀਆਂ ਜਾਂਦੀਆਂ ਰਹੀਆਂ ਹਨ| ਉਨੀਵੀਂ ਸਦੀ ਦੇ ਅਖ਼ੀਰ ਵਿੱਚ ਨਾਟਕਕਾਰਾਂ ਵਲੋਂ ਇਨ੍ਹਾਂ ਦੋਨਾਂ ਵਿਧੀਆਂ ਨੂੰ ਨਕਾਰ ਦਿੱਤਾ ਗਿਆ| ਨਾਟਕ ਜ਼ਿੰਦਗੀ ਦੇ ਯਥਾਰਥ ਨੂੰ ਭਰਮਕ ਸਥਿਤੀ ਰਾਹੀਂ ਪੇਸ਼ ਕਰਨ ਵਾਲੀ ਵਿਧਾ ਹੈ ਜਿਸ ਸਦਕਾ ਨਾਟਕਕਾਰ ਨੇ ਅਜਿਹੀਆਂ ਸਾਰੀਆਂ ਵਿਧੀਆਂ ਨੂੰ ਤਿਆਗਣ ਦੀ ਗੱਲ ਕੀਤੀ ਜਿਹੜੀਆਂ ਅਸਿੱਧੇ ਤਰੀਕੇ ਰਾਹੀਂ ਦਰਸ਼ਕਾਂ ਤੱਕ ਸੰਚਾਰ ਕਰਦੀਆਂ ਸਨ ਪਰ ਵੀਹਵੀਂ ਸਦੀ ਵਿੱਚ ਫ਼ੇਰ ਇਸ ਵਿਧੀ ਦੀ ਵਰਤੋਂ ਨਾਟਕਕਾਰਾਂ ਦੁਆਰਾ ਕੀਤੀ ਜਾਣ ਲੱਗ ਪਈ| ਪੰਜਾਬੀ ਦੇ ਨਾਟਕਕਾਰ ਇਸ ਵਿਧੀ ਦੀ ਵਰਤੋਂ ਆਪਣੇ ਨਾਟਕਾਂ ਵਿੱਚ ਵੱਡੀ ਪੱਧਰ 'ਤੇ ਕਰਦੇ ਹਨ| ਪਾਲੀ ਭੁਪਿੰਦਰ ਦੇ ਨਾਟਕ ਤੁਹਾਨੂੰ ਕਿਹੜਾ ਰੰਗ ਪਸੰਦ ਹੈ ਵਿੱਚ ਡੀ.ਕੇ.ਦੀਆਂ ਲੰਮੀਆਂ ਮਨਬਚਨੀਆਂ ਉਹਦੇ ਅਵਚੇਤਨ ਨੂੰ ਉਘਾੜਨ ਵਿੱਚ ਸਮਰੱਥ ਸਿੱਧ ਹੁੰਦੀਆਂ ਹਨ| ਅਜਮੇਰ ਔਲਖ ਆਪਣੇ ਪਾਤਰਾਂ ਦੇ ਅੰਦਰੂਨੀ ਦਵੰਦ ਨੂੰ ਮਨਬਚਨੀਆਂ ਰਾਹੀਂ ਪੇਸ਼ ਕਰਨ ਵਿੱਚ ਪ੍ਰਬੀਨ ਨਾਟਕਕਾਰ ਹੈ| ਪੂਰਨ ਅਤੇ ਲੂਣੀ ਦੇ ਹਮ ਉਮਰ ਹੋਣ ਦੇ ਭੈਅ ਵਿੱਚ ਗ੍ਰਸੇ ਸਲਵਾਨ ਦੇ ਮਨ ਵਿੱਚ ਛਿਪੀ ਘ੍ਰਿਣਾ ਨੂੰ ਔਲਖ ਸਲਵਾਨ ਦੀਆਂ ਮਨਬਚਨੀਆਂ ਰਾਹੀਂ ਪ੍ਰਗਟ ਕਰਦਾ ਹੈ| ''ਐਸੇ ਅੰਨ੍ਹੇ ਤੇ ਡੂੰਘੇ ਖੂਹ ਵਿੱਚ ਸਿਟਿਐ ਮੇਰਾ ਪੁੱਤ ਕਿ ਕੋਈ ਬਲੀ ਪੀਰ ਫ਼ਕੀਰ ਵੀ ਕੱਢਣਾ ਚਾਹੇ ਤਾਂ ਵੀ ਨਾ ਨਿਕਲੇ|'' ਸਹਾਇਕ ਗ੍ਰੰਥ - ਸੁਰਜੀਤ ਸਿੰਘ ਸੇਠੀ : ਨਾਟਕ ਕਲਾ; ਅਜਮੇਰ ਔਲਖ : ਸਲਵਾਨ)


logo