logo
भारतवाणी
bharatavani  
logo
Knowledge through Indian Languages
Bharatavani

Punjabi Encyclopaedic Dictionary of Theatre (Punjabi-English)

ਜਲਸਾ

Folk theatre of Punjab

ਜਲਸਾ ਪੰਜਾਬ ਦੀ ਲੋਕ ਨਾਟ ਪਰੰਪਰਾ ਦਾ ਇੱਕ ਰੂਪ ਹੈ| ਉਨੀਵੀਂ ਸਦੀ ਵਿੱਚ ਇਸ ਦਾ ਪ੍ਰਚਲਨ ਪੰਜਾਬ ਵਿੱਚ ਵੱਡੇ ਪੱਧਰ 'ਤੇ ਮੌਜੂਦ ਸੀ| ਜਲਸੇ ਵਿੱਚ ਨੱਚਣ ਵਾਲੇ ਆਮ ਤੌਰ 'ਤੇ ਛੋਟੀ ਉਮਰ ਦੇ ਨੌਜੁਆਨ ਮੁੰਡੇ ਹੁੰਦੇ ਸਨ ਜਿਹੜੇ ਔਰਤਾਂ ਦੀ ਭੂਮਿਕਾ ਅਦਾ ਕਰਦੇ ਸਨ| ਜਲਸਾ ਮੰਡਲੀ ਦੇ ਮੋਹਰੀ ਨਚਾਰ ਨੂੰ ਸੱਜ ਵਿਆਹੀ ਵਹੁਟੀ ਵਾਂਗ ਸਜਾਇਆ ਜਾਂਦਾ ਸੀ| ਲੋਕ ਬੜੇ ਹੁਮ-ਹਮਾ ਕੇ ਇਸ ਜਲਸੇ ਨੂੰ ਦੇਖਣ ਦੂਰੋਂ ਨੇੜਿਓਂ ਆਉਂਦੇ ਸਨ| ਹੁਸਨ ਅਤੇ ਨਾਚ ਦਾ ਪੂਰਾ ਜਲਵਾ ਇਸ ਜਲਸੇ ਵਿੱਚ ਦੇਖਣ ਨੂੰ ਮਿਲਦਾ ਸੀ| ਜਲਸਾ ਵਧੇਰੇ ਕਰਕੇ ਮਾਲਵੇ ਅਤੇ ਦੁਆਬੇ ਦੇ ਇਲਾਕੇ ਵਿੱਚ ਖੇਡਿਆ ਜਾਂਦਾ ਸੀ| ਜਲਸੇ ਦੇ ਕਲਾਕਾਰ ਆਮ ਤੌਰ 'ਤੇ ਪਿੰਡ ਦੇ ਅਵਾਰਾ ਤੇ ਵੈਲੀ ਕਿਸਮ ਦੇ ਮੁੰਡੇ ਹੁੰਦੇ ਸਨ| ਜਲਸੇ ਵਾਲਾ ਨਚਾਰ ਜਦੋਂ ਨਾਚ ਦਾ ਅਰੰਭ ਕਰਦਾ ਤਾਂ ਜਲਸੇ ਵਿੱਚ ਨੱਚ ਰਹੇ ਨਚਾਰ ਦਾ ਪੂਰਾ ਸਰੀਰਕ ਜਲਵਾ ਦਿਖਾਉਣ ਲਈ ਪਿੰਡ ਦਾ ਹੀ ਕੋਈ ਚੰਚਲ ਮੁੰਡਾ ਇੱਕ ਮਸ਼ਾਲ ਲੈ ਕੇ ਉਹਦੇ ਮੂੰਹ ਉੱਤੇ ਰੋਸ਼ਨੀ ਪਾਉਣ ਲਈ ਉਹਦੇ ਨਾਲ ਨਾਲ ਘੁੰਮਦਾ ਸੀ| ਬਾਕੀ ਮੰਡਲੀ ਦੇ ਲੋਕ, ਸਾਜ਼ਾਂ ਦੀਆਂ ਤਿੱਖੀਆਂ ਆਵਾਜ਼ਾਂ ਨਾਲ ਨਾਚ ਵਿੱਚ ਪੂਰੀ ਰੂਹ ਫੂਕ ਦਿੰਦੇ| ਲੋਕ ਅਸ਼ ਅਸ਼ ਕਰ ਉਠਦੇ ਤੇ ਕਲਾਕਾਰਾਂ ਉੱਤੇ ਪੈਸਿਆਂ ਦੀ ਬੁਛਾੜ ਕਰ ਦਿੰਦੇ| ਜਲਸਾ ਖੇਡਣ ਦੇ ਕੋਈ ਨਿਰਧਾਰਤ ਨੇਮ ਨਹੀਂ ਸਨ| ਕਦੇ ਰਾਸਧਾਰੀਆਂ ਦੇ ਨਿਯਮਾਂ ਦਾ ਅਨੁਸਰਨ ਕੀਤਾ ਜਾਂਦਾ ਅਤੇ ਕਦੇ ਕੱਥਕ ਕਲੀ ਨ੍ਰਿਤ ਸ਼ੈਲੀ ਨੂੰ ਆਧਾਰ ਬਣਾ ਕੇ ਜਲਸਾ ਖੇਡਿਆ ਜਾਂਦਾ ਸੀ| ਜਲਸਾ ਖੇਡਣ ਵਾਲੇ ਹਮੇਸ਼ਾ ਪੰਜਾਬੀ ਭਾਸ਼ਾ ਨੂੰ ਹੀ ਆਧਾਰ ਬਣਾਉਂਦੇ ਸਨ ਜਿਸਦੇ ਵਿੱਚ ਲੋਕਾਂ ਦੀ ਸਥਾਨਕ ਬੋਲੀ ਅਤੇ ਮੁਹਾਵਰੇ ਦੀ ਰੰਗਤ ਨਜ਼ਰ ਆਉਂਦੀ ਸੀ| ਪਰ ਕਲਾ ਪੱਖੋਂ ਇਸ ਵਿੱਚ ਕੋਈ ਨਿਵੇਕਲੀ ਕਿਸਮ ਦੀਆਂ ਖੂਬੀਆਂ ਨਹੀਂ ਸਨ ਹੁੰਦੀਆਂ| ਇਸੇ ਕਰਕੇ ਨਾਟ ਆਲੋਚਕਾਂ ਨੇ ਇਸ ਨੂੰ ਨਾਟਕ ਦਾ ਰੂਪ ਸਵੀਕਾਰਨ ਤੋਂ ਵੀ ਗੁਰੇਜ਼ ਕੀਤਾ ਹੈ ਕਿਉਂਕਿ ਇਸ ਦਾ ਬਹੁਤਾ ਵਿਧੀ ਵਿਧਾਨ ਨਾਟਕੀ ਤੱਤਾਂ ਤੋਂ ਵਿਹੂਣਾ ਹੈ| ਦਰਅਸਲ ਜਲਸੇ ਵਿੱਚ ਨਾਚ ਤੇ ਗਾਣੇ ਦਾ ਪ੍ਰੋਗਰਾਮ ਹੁੰਦਾ ਸੀ ਪਰ ਨਾਲ ਹੀ ਨਾਟਕ ਦੀ ਪ੍ਰਦਰਸ਼ਨੀ ਲਈ ਵੀ ਜਲਸਾ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਸੀ| ਇਸੇ ਤਰ੍ਹਾਂ ਰਾਸਾਂ ਨੂੰ ਵੀ ਜਲਸੇ ਦੇ ਅੰਤਰਗਤ ਰੱਖਿਆ ਜਾਂਦਾ ਸੀ| (ਸਹਾਇਕ ਗ੍ਰੰਥ - ਬਖ਼ਸ਼ੀਸ਼ ਸਿੰਘ : ਪੰਜਾਬੀ ਨਾਟਕ ਵਿੱਚ ਲੋਕ ਤੱਤ)

ਜਾਤਰਾ

Folk theatre of Bengal

ਭਾਰਤ ਦੇ ਵੱਖ-ਵੱਖ ਖਿਤਿਆਂ ਨਾਲ ਸੰਬੰਧਤ ਪ੍ਰਮੁੱਖ ਲੋਕ ਨਾਟਕਾਂ ਵਿੱਚੋਂ 'ਜਾਤਰਾ' ਵੀ ਲੋਕ ਨਾਟਕ ਦੀ ਇੱਕ ਵੰਨਗੀ ਹੈ| ਇਸਦਾ ਸੰਬੰਧ ਬੰਗਾਲ ਪ੍ਰਾਂਤ ਨਾਲ ਹੈ| ਜਾਤਰਾ ਇੱਕ ਪ੍ਰਕਾਰ ਦਾ ਗੀਤ ਨਾਟਕ ਹੁੰਦਾ ਹੈ| ਇਸ ਦੇ ਵਿਸ਼ਿਆਂ ਦਾ ਘੇਰਾ ਧਰਮ, ਬੀਰ ਕਥਾਵਾਂ ਅਤੇ ਸਿੰਗਾਰ ਰਸੀ ਕਥਾਵਾਂ ਦੇ ਆਲੇ ਦੁਆਲੇ ਘੁੰਮਦਾ ਹੈ| ਅਰੰਭ ਵਿੱਚ ਇਹ ਗੀਤ ਨਾਟਕ ਕ੍ਰਿਸ਼ਨ ਦੇ ਜੀਵਨ 'ਤੇ ਆਧਾਰਤ ਕਥਾਵਾਂ ਨੂੰ ਲੈ ਕੇ ਖੇਡਿਆ ਜਾਂਦਾ ਸੀ| ਆਪੋ ਅਪਣੇ ਰੋਲ ਨੂੰ ਨਿਭਾTਣ ਵਿੱਚ ਪਾਤਰ ਵਿਸ਼ੇਸ਼ ਨਿਪੁੰਨਤਾ ਹਾਸਲ ਕਰ ਲੈਂਦਾ ਸੀ| ਰਾਧਾ ਜਾਂ ਕ੍ਰਿਸ਼ਨ ਦੀ ਭੂਮਿਕਾ ਨਿਭਾTਣ ਵਾਲਾ ਪਾਤਰ ਐਨੀ ਸ਼ਿੱਦਤ ਤੇ ਜੋਸ਼ ਨਾਲ ਆਪਣਾ ਰੋਲ ਨਿਭਾਉਂਦਾ ਕਿ ਨਾਟਕ ਦੇਖਣ ਵਾਲੇ ਵੀ ਉਨੇ ਹੀ ਉਤਸ਼ਾਹ ਤੇ ਮਸਤੀ ਵਿੱਚ ਆ ਕੇ ਨੱਚਣ ਅਤੇ ਝੂਮਣ ਲੱਗ ਪੈਂਦੇ ਸਨ| ਹੌਲੀ-ਹੌਲੀ ਇਸ ਲੋਕ ਨਾਟਕ ਦੇ ਵਿਸ਼ਿਆਂ ਦਾ ਘੇਰਾ ਧਰਮ ਤੋਂ ਹਟ ਕੇ ਸਮਾਜਕ ਰੰਗਣ ਵਾਲੇ ਸਰੋਕਾਰਾਂ ਤੱਕ ਫੈਲ ਗਿਆ| ਇਸ ਦੇ ਕਲਾਕਾਰ ਮੌਕੇ ਮੁਤਾਬਕ ਗੀਤ ਰਚਣ ਦੀ ਕਲਾ ਤੋਂ ਬਾਖ਼ੂਬੀ ਵਾਕਫ਼ ਹੁੰਦੇ ਹਨ ਅਤੇ ਤਤਕਾਲੀ ਮਸਲਿਆਂ 'ਤੇ ਟੀਕਾ ਟਿੱਪਣੀ ਕਰਨ ਵਿੱਚ ਇਨ੍ਹਾਂ ਨੂੰ ਵਿਸ਼ੇਸ਼ ਮੁਹਾਰਤ ਹਾਸਲ ਹੁੰਦੀ ਹੈ| ਕੌਮੀ ਜਾਗ੍ਰਤੀ ਦੀ ਲਹਿਰ ਵੇਲੇ ਇਸ ਲੋਕ ਨਾਟਕ ਦੀ ਵਰਤੋਂ ਰਾਹੀਂ ਤਤਕਾਲੀ ਸਮਾਜ ਵਿੱਚ ਰਾਜਸੀ ਚੇਤਨਾ ਪੈਦਾ ਕਰਨ ਦੇ ਹਵਾਲੇ ਵੀ ਮਿਲਦੇ ਹਨ| ਵੱਖ-ਵੱਖ ਨਾਟ ਮੰਡਲੀਆਂ ਨੇ ਇਸ ਗੀਤ ਨਾਟ ਦੇ ਮਾਧਿਅਮ ਰਾਹੀਂ ਅੰਗਰੇਜ਼ੀ ਹਕੂਮਤ ਵਿਰੁੱਧ ਆਵਾਜ਼ ਬੁਲੰਦ ਕਰਕੇ ਆਮ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ| ਜਿਥੋਂ ਤੱਕ ਇਸ ਲੋਕ-ਨਾਟਕ ਦੀ ਪ੍ਰਦਰਸ਼ਨੀ ਦਾ ਸੰਬੰਧ ਹੈ ਇਸ ਦੀ ਪੇਸ਼ਕਾਰੀ ਵਿੱਚ ਕਥਾਕਾਰ ਦਾ ਰੋਲ ਬੜਾ ਅਹਿਮ ਹੁੰਦਾ ਹੈ| ਅਦਾਕਾਰ ਸੰਗੀਤਕ ਲੈਅ ਤੇ ਤਾਲ ਨਾਲ ਵਾਰਤਾਲਾਪਾਂ ਦਾ ਉਚਾਰਨ ਕਰਦੇ ਹਨ| ਕਥਾਕਾਰ ਕਥਾ ਨੂੰ ਅੱਗੇ ਤੋਰਦਾ ਹੈ| ਅਭਿਨੇਤਾਵਾਂ ਦਾ ਪਹਿਰਾਵਾ ਬੜੀ ਚਮਕ ਦਮਕ ਵਾਲਾ ਹੁੰਦਾ ਹੈ| ਮੇਕਅੱਪ ਬੜਾ ਸ਼ੋਖ ਤੇ ਗੂੜ੍ਹੇ ਰੰਗ ਦਾ ਹੁੰਦਾ ਹੈ| ਬੜੀ ਉੱਚੀ ਤੇ ਤਿੱਖੀ ਅਵਾਜ਼ ਰਾਹੀਂ ਅਦਾਕਾਰ ਇਸ ਗੀਤ ਨਾਟ ਦੀ ਪੇਸ਼ਕਾਰੀ ਕਰਦੇ ਹਨ| ਇਸ ਨੂੰ ਦੇਖਣ ਲਈ ਦਰਸ਼ਕ ਮੰਚ ਦੇ ਚਾਰੇ ਪਾਸੇ ਮੌਜੂਦ ਹੁੰਦੇ ਹਨ| ਸ੍ਰੇਸ਼ਟ ਕਵੀਆਂ ਦੇ ਗੀਤ ਅਤੇ ਕਵਿਤਾਵਾਂ, ਵੀ ਇਸ ਗੀਤ-ਨਾਟ ਦਾ ਆਧਾਰ ਬਣੇ ਹਨ| ਪੰਦਰਵੀਂ-ਸੋਲਵੀਂ ਸਦੀ ਵਿੱਚ ਇਸ ਗੀਤ ਨਾਟ ਦਾ ਸੰਬੰਧ ਕ੍ਰਿਸ਼ਨ- ਕਥਾਵਾਂ ਨਾਲ ਸੰਬੰਧਤ ਸੀ ਪਰ ਹੌਲੀ-ਹੌਲੀ ਸਮਕਾਲੀ ਸਮੱਸਿਆਵਾਂ ਦੀ ਪੇਸ਼ਕਾਰੀ ਲੋਕ ਨਾਟ ਦੀ ਇਸ ਵੰਨਗੀ ਦਾ ਅੰਗ ਬਣ ਗਈ| (ਸਹਾਇਕ ਗ੍ਰੰਥ - ਬਲਵੰਤ ਗਾਰਗੀ : ਲੋਕ ਨਾਟਕ)


logo