logo
भारतवाणी
bharatavani  
logo
Knowledge through Indian Languages
Bharatavani

Punjabi Encyclopaedic Dictionary of Theatre (Punjabi-English)

ਫ਼ਲਾਈਜ਼
ਸਟੇਜ ਦੇ ਉਪਰਲੇ ਸਾਰੇ ਹਿੱਸੇ ਨੂੰ ਫ਼ਲਾਈਜ਼ ਕਿਹਾ ਜਾਂਦਾ ਹੈ| ਮੰਚ ਉਤੋਂ ਮੰਚ ਸਮੱਗਰੀ ਨੂੰ ਚੁੱਕ ਕੇ ਛੁਪਾਉਣ ਲਈ ਇਸ ਦੀ ਵਰਤੋਂ ਕੀਤੀ ਜਾਂਦੀ ਹੈ| ਸਮਾਨ ਨੂੰ ਚੁੱਕਣ ਲਈ ਤਾਰਾਂ ਨੂੰ ਇਸ ਤਰ੍ਹਾਂ ਸੈਟ ਕੀਤਾ ਜਾਂਦਾ ਹੈ ਤਾਂ ਜੋ ਅਸਾਨੀ ਨਾਲ ਕਿਸੇ ਵੀ ਵਸਤ ਨੂੰ ਚੁੱਕ ਕੇ ਫ਼ਲਾਈਜ਼ ਵਿੱਚ ਪੁਚਾਇਆ ਜਾ ਸਕੇ| ਅਜੋਕੇ ਸਮੇਂ ਵਿੱਚ ਨਵੀਂ ਤਕਨੀਕ ਨਾਲ ਬਣਾਏ ਥੀਏਟਰਾਂ ਵਿੱਚ ਇਹ ਸੁਵਿਧਾ ਕਾਫ਼ੀ ਹੱਦ ਤੱਕ ਉਪਲਬਦ ਹੈ| ਇਸ ਕੰਮ ਲਈ ਕਈ ਤਰ੍ਹਾਂ ਦੇ ਉਪਕਰਨ ਅਤੇ ਮਸ਼ੀਨਾਂ ਦੀ ਸਹਾਇਤਾ ਲਈ ਜਾਂਦੀ ਹੈ| (ਸਹਾਇਕ ਗ੍ਰੰਥ - ਕੁਲਦੀਪ ਸਿੰਘ ਧੀਰ : ਨਾਟਕ ਸਟੇਜ ਤੇ ਦਰਸ਼ਕ)

ਫ਼ੁੱਟ ਲਾਈਟਾਂ

Foot lights

ਨਾਟਕ ਦੀ ਮੰਚੀ ਪੇਸ਼ਕਾਰੀ ਦੇ ਦੌਰਾਨ ਕਈ ਤਰ੍ਹਾਂ ਦੇ ਰੋਸ਼ਨੀ ਉਪਕਰਣਾਂ ਦੀ ਵਰਤੋਂ ਕੀਤੀ ਜਾਂਦੀ ਹੈ| ਫੁੱਟ ਲਾਈਟ ਵੀ ਅਜਿਹਾ ਹੀ ਇੱਕ ਉਪਕਰਣ ਹੈ| ਇਹ ਹਲਕੀ ਵਾਟੇਜ ਦੀ ਰੋਸ਼ਨੀ ਹੁੰਦੀ ਹੈ| ਇਸ ਲਾਈਟ ਦੀ ਵਿਉਂਤਬੰਦੀ ਸਟੇਜ ਦੇ ਫ਼ਰਸ਼ ਤੋਂ ਸਾਢੇ ਤਿੰਨ ਇੰਚ ਤੋਂ ਵਧੇਰੇ ਉੱਚੀ ਨਹੀਂ ਕੀਤੀ ਜਾਂਦੀ| ਇਸ ਲਾਈਟ ਨੂੰ ਦਰਸ਼ਕ ਨਹੀਂ ਦੇਖ ਸਕਦੇ| ਫੁੱਟ ਲਾਈਟ ਤੋਂ ਨਿਕਲਣ ਵਾਲੀ ਰੋਸ਼ਨੀ ਕਾਰਨ ਸਟੇਜ ਉੱਤੇ ਕਈ ਤਰ੍ਹਾਂ ਦੇ ਪਰਛਾਵੇਂ ਬਣਨ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ| ਇਸ ਲਈ ਬਹੁਤੇ ਨਿਰਦੇਸ਼ਕ ਇਸ ਉਪਕਰਣ ਦੀ ਵਰਤੋਂ ਕਰਨਾ ਪਸੰਦ ਨਹੀਂ ਕਰਦੇ| ਫੁੱਟ ਲਾਈਟਾਂ ਰਾਹੀਂ ਪੈਦਾ ਹੋਣ ਵਾਲੇ ਰੰਗ ਸਟੇਜ ਸੈਟਿੰਗ ਦੀ ਟੋਨ ਨੂੰ ਪ੍ਰਭਾਵੀ ਬਣਾਉਣ ਵਿੱਚ ਮਦਦ ਕਰਦੇ ਹਨ ਪਰ ਇਸ ਲਾਈਟ ਦੀ ਵਰਤੋਂ ਕਰਨ ਵਿੱਚ ਨਿਰਦੇਸ਼ਕ ਦੀ ਸੂਖ਼ਮ ਸੋਝੀ ਦਾ ਹੋਣਾ ਜ਼ਰੂਰੀ ਹੁੰਦਾ ਹੈ ਕਿਉਂਕਿ ਇਸ ਰੋਸ਼ਨੀ ਦਾ ਪ੍ਰਭਾਵ ਪ੍ਰੋਸੀਨੀਅਮ ਆਰਕ ਉੱਤੇ ਨਹੀਂ ਪੈਣਾ ਚਾਹੀਦਾ| ਇਸ ਲਾਈਟ ਦਾ ਮੁੱਖ ਕੰਮ ਮੰਚ ਵਿਉਂਤ ਦੀ ਟੋਨਿੰਗ ਵਿੱਚ ਵਾਧਾ ਕਰਨਾ ਹੁੰਦਾ ਹੈ| (ਸਹਾਇਕ ਗ੍ਰੰਥ - ਆਤਮਜੀਤ : ਨਾਟਕ ਦਾ ਨਿਰਦੇਸ਼ਨ; ਕੁਲਦੀਪ ਸਿੰਘ ਧੀਰ : ਨਾਟਕ ਸਟੇਜ ਤੇ ਦਰਸ਼ਕ)

ਫ਼ੋਕਸੀਕਰਨ

Focalization

ਫ਼ੋਕਸੀਕਰਨ ਕਥਾਨਕ ਸਿਰਜਣ ਦੀ ਇੱਕ ਅਜਿਹੀ ਜੁਗਤ ਹੈ ਜਿਸ ਦੇ ਅੰਤਰਗਤ ਨਾਟਕਕਾਰ ਲਕੀਰੀ ਕਿਸਮ ਦੇ ਕਥਾਨਕ ਤੋਂ ਮੁਕਤ ਹੋ ਕੇ ਨਾਟਕ ਦੇ ਵਿਕਾਸ ਦੀ ਗਤੀ ਨਿਰਧਾਰਤ ਕਰਨ ਵਿੱਚ ਕੁਝ ਵਿਸ਼ੇਸ਼ ਘਟਨਾਵਾਂ 'ਤੇ ਫ਼ੋਕਸ ਕਰਦਾ ਹੈ ਜਿਹੜੀਆਂ ਘਟਨਾਵਾਂ ਨਾਟਕੀ ਸੰਕਟ ਦੀ ਉਸਾਰੀ ਕਰਨ ਵਿੱਚ ਅਹਿਮ ਸਿੱਧ ਹੁੰਦੀਆਂ ਹਨ| ਨਾਟਕਕਾਰ ਦਾ ਮੁੱਖ ਫ਼ੋਕਸ ਸੰਕਟ ਜਾਂ ਤਨਾਓ ਦੀ ਉਸਾਰੀ ਉੱਤੇ ਕੇਂਦਰਿਤ ਰਹਿੰਦਾ ਹੈ| ਘਟਨਾਵਾਂ ਦੇ ਵਿਕਾਸ ਕ੍ਰਮ ਦੀ ਉਸਾਰੀ ਨੂੰ ਤਰਜੀਹ ਨਹੀਂ ਦਿੱਤੀ ਜਾਂਦੀ| ਅਜਿਹਾ ਕਰਨ ਵੇਲੇ ਨਾਟਕਕਾਰ ਉਨ੍ਹਾਂ ਸਥਿਤੀਆਂ, ਪਾਤਰਾਂ ਤੇ ਘਟਨਾਵਾਂ ਵੱਲ ਬਹੁਤਾ ਧਿਆਨ ਨਹੀਂ ਦੇਂਦਾ ਜਿਨ੍ਹਾਂ ਦਾ ਸੰਕਟ ਦੀ ਉਸਾਰੀ ਕਰਨ ਵਿੱਚ ਬਹੁਤਾ ਰੋਲ ਨਹੀਂ ਹੁੰਦਾ| ਰੋਸ਼ਨੀ ਜੁਗਤ ਦੀ ਵਿਕਸਤ ਵਿਉਂਤ ਸਦਕਾ ਨਾਟਕਕਾਰ ਦਰਸ਼ਕਾਂ ਦਾ ਧਿਆਨ ਅਜਿਹੇ ਦ੍ਰਿਸ਼ਾਂ ਉੱਤੇ ਕੇਂਦਰਿਤ ਕਰਦਾ ਹੈ ਜਿਹੜੇ ਨਾਟਕੀ ਕਲਾਈਮੈਕਸ ਦੀ ਸਿਰਜਨਾ ਕਰਨ ਵਿੱਚ ਸਹਾਇਕ ਸਿੱਧ ਹੁੰਦੇ ਹਨ| ਯਥਾਰਥਵਾਦੀ ਨਾਟ ਸ਼ੈਲੀ ਦੇ ਵਿਪਰੀਤ ਨਾਟਕਾਰ ਦਾ ਮਕਸਦ ਮੰਚ ਉੱਤੇ ਜੀਵਨ ਦੇ ਅਨੁਕਰਨ ਨੂੰ ਪੇਸ਼ ਕਰਨਾ ਨਹੀਂ ਹੁੰਦਾ ਸਗੋਂ ਜਿੰਦਗੀ ਦੀ ਨਾਟਕੀਅਤਾ ਨੂੰ ਪੇਸ਼ ਕਰਨਾ ਹੁੰਦਾ ਹੈ| ਉਤਸਕਤਾ ਤੇ ਹੈਰਾਨੀਜਨਕ ਸਥਿਤੀਆਂ ਤੇ ਪਾਤਰਾਂ ਦੇ ਹਵਾਲਿਆਂ ਰਾਹੀਂ ਦਰਸ਼ਕਾਂ ਸਾਹਮਣੇ ਜਿੰਦਗੀ ਦੇ ਨਾਟਕੀ ਰੂਪ ਦਾ ਪ੍ਰਸਤੁਤੀਕਰਨ ਕੀਤਾ ਜਾਂਦਾ ਹੈ| ਫ਼ੋਕਸੀਕਰਨ ਦੀ ਇਸ ਵਿਧੀ ਨਾਲ ਨਾਟਕ ਦਾ ਪਲਾਟ ਪਰੰਪਰਕ ਢੰਗ ਨਾਲ ਅੱਗੇ ਨਹੀਂ ਤੁਰਦਾ ਯਾਨਿ ਅਰੰਭ ਵਿਕਾਸ ਮੱਧ ਸਿਖਰ ਤੇ ਅੰਤ ਵਾਲੇ ਰਵਾਇਤੀ ਕਥਾਨਕ ਨੂੰ ਨਹੀਂ ਅਪਣਾਇਆ ਜਾਂਦਾ| ਬਲਵੰਤ ਗਾਰਗੀ ਆਪਣੇ ਨਾਟਕਾਂ ਵਿੱਚ ਫ਼ੋਕਸੀਕਰਨ ਦੀ ਵਿਧੀ ਦੀ ਵਰਤੋਂ ਕਰਦਾ ਹੈ| ਧੂਣੀ ਦੀ ਅੱਗ ਅਤੇ ਅਭਿਸਾਰਿਕਾ ਨਾਟਕ ਦੇ ਕਥਾਨਕ ਸਨਾਤਨੀ ਵਿਧੀ ਤੋਂ ਵਿਪਰੀਤ ਉਨ੍ਹਾਂ ਘਟਨਾਵਾਂ 'ਤੇ ਫ਼ੋਕਸ ਕਰਦੇ ਹਨ ਜਿਹੜੇ ਨਾਟਕੀ ਸੰਕਟ ਤੇ ਤਣਾਓ ਨੂੰ ਸ਼ਿੱਦਤ ਪ੍ਰਦਾਨ ਕਰਦੇ ਹਨ| ਫਰਸ਼ 'ਚ ਉਗਿੱਆ ਰੁੱਖ (ਆਤਮਜੀਤ) ਨਾਟਕ ਵਿੱਚ ਪਤੀ ਪਤਨੀ ਦੇ ਰਿਸ਼ਤੇ ਵਿੱਚ ਦਰਾਰ ਦਾ ਮੁੱਖ ਕਾਰਨ ਸ਼ੱਕ ਦੀ ਸਥਿਤੀ ਹੈ| ਇਹ ਸ਼ੱਕ ਰੁੱਖ ਦੀ ਸ਼ਕਲ ਵਿੱਚ ਉਗਿਆ ਹੈ ਤੇ ਬੜੀ ਫ਼ੁਰਤੀ ਨਾਲ ਆਕਾਰ ਵਿੱਚ ਵੱਡਾ ਹੋ ਰਿਹਾ ਹੈ| ਨਾਟਕ ਦਾ ਸਮੁੱਚਾ ਪ੍ਰਸੰਗ, ਸਥਿਤੀਆਂ, ਹਵਾਲੇ ਤੇ ਸੰਵਾਦ ਇਸ ਰੁੱਖ 'ਤੇ ਫ਼ੋਕਸ ਕੀਤੇ ਗਏ ਹਨ| ਰੁੱਖ਼ ਬੈਡਰੂਮ ਦੇ ਐਨ ਵਿਚਕਾਰੋਂ ਉਗਿਆ ਹੈ| ਕੁਮਾਰ ਤੇ ਵੀਨਾ ਦੇ ਆਪਸੀ ਤਣਾਓ ਦੇ ਨਾਲ-ਨਾਲ ਰੁੱਖ ਦਾ ਲਗਾਤਾਰ ਵੱਡਾ ਹੋਣਾ, ਦਰਸ਼ਕਾਂ ਦੀ ਮਾਨਸਿਕਤਾ ਨੂੰ ਇਸ ਰੁੱਖ਼ ਦੇ ਨਾਲ ਜੋੜੀ ਰੱਖਣਾ ਇਹ ਫ਼ੋਕਸੀਕਰਨ ਦੀ ਹੀ ਵਿਧੀ ਹੈ| ਗੈਰ ਜ਼ਰੂਰੀ ਪ੍ਰਸੰਗਾਂ ਨੂੰ ਛੱਡ ਕੇ ਦਰਸ਼ਕਾਂ ਦਾ ਸਾਰਾ ਧਿਆਨ ਇਸ ਰੁੱਖ ਨਾਲ ਜੋੜ ਦਿੱਤਾ ਗਿਆ ਹੈ| (ਸਹਾਇਕ ਗ੍ਰੰਥ -ਪਾਲੀ ਭੁਪਿੰਦਰ ਸਿੰਘ : ਪੰਜਾਬੀ ਨਾਟਕ ਦਾ ਕਾਵਿ ਸ਼ਾਸਤਰ; (ਪੰਜਾਬ ਯੂਨੀਵਰਸਿਟੀ ਨੂੰ ਪ੍ਰਸਤੁਤ ਖੋਜ ਪ੍ਰਬੰਧ))


logo