logo
भारतवाणी
bharatavani  
logo
Knowledge through Indian Languages
Bharatavani

Punjabi Encyclopaedic Dictionary of Theatre (Punjabi-English)

ਐਪਿਕ ਥੀਏਟਰ

Epic Theatre

ਜਰਮਨ ਦੇ ਨਾਟਕਕਾਰ ਬਰਟੋਲਤ ਬਰੈਖ਼ਤ ਨੇ ਵੀਹਵੀਂ ਸਦੀ ਦੇ ਦੂਜੇ ਦਹਾਕੇ ਵਿੱਚ ਆਪਣੇ ਨਾਟਕਾਂ ਲਈ ਇਸ ਟਰਮ ਦੀ ਵਰਤੋਂ ਕੀਤੀ ਸੀ । ਉਸ ਨੇ ਰਵਾਇਤੀ ਨਾਟ ਪਰੰਪਰਾ ਦੇ ਵਿਪਰੀਤ ਦਰਸ਼ਕਾਂ ਅਤੇ ਅਭਿਨੇਤਾਵਾਂ ਦੇ ਦਰਮਿਆਨ ਵਿਥ ਰੱਖਣ ਦੀ ਗੱਲ ਕੀਤੀ । ਐਪਿਕ ਥੀਏਟਰ ਦਰਸ਼ਕਾਂ ਦੀ ਅਭਿਨੇਤਾ ਨਾਲ ਨੇੜਤਾ ਰੱਖਣ ਦੇ ਖਿਲਾਫ਼ ਹੈ । ਉਹ ਦਰਸ਼ਕਾਂ ਨੂੰ ਸੋਚਣ ਦੀ ਚੇਟਕ ਲਾਉਂਦਾ ਹੈ । ਬਰੈਖ਼ਤ ਇਸ ਮੱਤ ਦਾ ਅਨੁਸਾਰੀ ਸੀ ਕਿ ਜੇਕਰ ਦਰਸ਼ਕ ਮੰਚ ਉੱਤੇ ਚਲ ਰਹੇ ਕਾਰਜ ਵਿੱਚ ਖੁਭ ਜਾਂਦਾ ਹੈ ਤਾਂ ਉਹ ਨਾਟਕ ਦੀ ਸਮੱਸਿਆ ਬਾਰੇ ਬਾਹਰਮੁਖੀ ਹੋ ਕੇ ਸੋਚ ਵਿਚਾਰ ਨਹੀਂ ਕਰ ਸਦਕਾ ਸਗੋਂ ਭਾਵੁਕ ਪੱਧਰ 'ਤੇ ਉਸ ਦੇ ਹੱਲ ਬਾਰੇ ਸੋਚੇਗਾ । ਇਸ ਲਈ ਥੀਏਟਰ ਦਾ ਮੁੱਖ ਮਕਸਦ ਦਰਸ਼ਕਾਂ ਨੂੰ ਚੇਤੰਨ ਸੋਚ ਦੇ ਧਾਰਨੀ ਬਨਾਉਣ ਨਾਲ ਸੰਬੰਧਤ ਹੈ । ਇਸ ਨਾਟਕ ਵਿੱਚ ਨਾਟਕ ਦੀ ਕਥਾ ਨੂੰ ਸੂਤਰਧਾਰ ਅੱਗੇ ਤੋਰਦਾ ਹੈ । ਕਈ ਘਟਨਾਵਾਂ ਬਾਰੇ ਦਰਸ਼ਕਾਂ ਨੂੰ ਸਿੱਧਾ ਮੁਖਾਤਬ ਹੋ ਕੇ ਨਾਟਕ ਦੀ ਕਥਾ ਦੇ ਵੇਰਵੇ ਬਿਆਨ ਕੀਤੇ ਜਾਂਦੇ ਹਨ । ਬਰੈਖ਼ਤ ਰਵਾਇਤੀ ਥੀਏਟਰ ਵਾਂਗ ਦਰਸ਼ਕਾਂ ਵਿੱਚ ਉਤਸੁਕਤਾ ਪੈਦਾ ਕਰਨ ਦੇ ਖਿਲਾਫ਼ ਸੀ । ਅਜਿਹੇ ਨਾਟਕ ਵਿੱਚ ਗੀਤ ਸੰਗੀਤ ਅਤੇ ਸਮੂਹਗਾਨ ਵਿਧੀਆਂ ਦੀ ਵਰਤੋਂ ਆਮ ਕੀਤੀ ਜਾਂਦੀ ਹੈ । ਇਸ ਨੂੰ ਐਪਿਕ ਜਾਂ ਟੋਟਲ ਥੀਏਟਰ ਇਸ ਕਰਕੇ ਕਿਹਾ ਜਾਂਦਾ ਹੈ ਕਿਉਂ ਕਿ ਇਹ ਜੀਵਨ ਦੀ ਵਿਸ਼ਾਲਤਾ ਨੂੰ ਪੇਸ਼ ਕਰਦਾ ਹੈ । ਬਿਆਨੀਆ ਵਿਧੀ, ਸੂਚਨਾ ਵਿਧੀ ਅਤੇ ਸਮੂਹਗਾਨ ਰਾਹੀਂ ਜੀਵਨ ਦੀ ਵਿਆਪਕਤਾ ਨੂੰ ਮੰਚ ਉੱਤੇ ਇਉਂ ਪੇਸ਼ ਕੀਤਾ ਜਾਂਦਾ ਹੈ ਕਿ ਦਰਸ਼ਕਾਂ ਨੂੰ ਇਸ ਗੱਲ ਦਾ ਅਹਿਸਾਸ ਰਹਿੰਦਾ ਹੈ ਕਿ ਉਹ ਮੰਚ ਉੱਤੇ ਜੀਵਨ ਨਹੀਂ ਸਗੋਂ ਨਾਟਕ ਦੇਖ ਰਹੇ ਹਨ । ਬਰੈਖ਼ਤ ਇਸ ਮੱਤ ਦਾ ਧਾਰਨੀ ਸੀ ਕਿ ਮੰਚ ਉੱਤੇ ਅਭਿਨੇਤਾ ਆਪਣੇ ਪਾਤਰ ਦੇ ਰੋਲ ਨੂੰ ਭੋਗਣ ਦੀ ਸਥਿਤੀ ਵਿੱਚ ਨਹੀਂ ਜਾਣਾ ਚਾਹੀਦਾ । ਉਸਨੇ ਅਭਿਨੇਤਾ ਨੂੰ ਪਾਤਰ ਤੋਂ ਦੂਰ ਰਹਿਣ ਦਾ ਮੱਤ ਪ੍ਰਸਤੁਤ ਕੀਤਾ । ਇਸੇ ਨੂੰ ਐਲੀਨੇਸ਼ਨ ਤੇ ਅਲਹਿਦਗੀ ਦਾ ਨਾਂ ਦਿੱਤਾ ਗਿਆ । ਇਹ ਥੀਏਟਰ ਦਰਸ਼ਕਾਂ ਨੂੰ ਵੀ ਪੇਸ਼ਕਾਰੀ ਦਾ ਹਿੱਸਾ ਬਣਾਉਣ ਦੇ ਖਿਲਾਫ਼ ਸੀ । ਬਰੈਖ਼ਤ ਨੇ ਅਜਿਹੀ ਵਿਧੀਆਂ ਦਾ ਸੁਝਾਅ ਦਿੱਤਾ ਜਿਸ ਨਾਲ ਦਰਸ਼ਕ ਮੰਚ ਉੱਤੇ ਚਲ ਰਹੇ ਕਾਰਜ ਤੋਂ ਇੱਕ ਵਿੱਥ ਉੱਤੇ ਵਿਚਰ ਸਕੇ । ਸੰਗੀਤ ਤੇ ਕੋਰਸ ਦੀ ਵਿਧੀ ਰਾਹੀਂ ਨਾਟਕੀ ਕਾਰਜ ਨੂੰ ਅੱਗੇ ਤੋਰਨ ਦੀ ਬਜਾਏ, ਕਾਰਜ ਨੂੰ ਰੋਕਣ ਲਈ ਵਰਤਿਆ ਗਿਆ । ਉਹਦੇ ਨਾਟਕਾਂ ਵਿਚਲਾ ਸੰਗੀਤ ਨਾਟਕੀ ਅਰਥਾਂ ਨੂੰ ਵਿਸਤਾਰ ਦੇਣ ਦੀ ਥਾਵੇਂ ਚੱਲ ਰਹੇ ਨਾਟਕੀ ਕਾਰਜ ਉੱਤੇ ਟਿੱਪਣੀ ਕਰਦਾ ਸੀ । ਉਹ ਜੀਵਨ ਦੇ ਮਸਲਿਆਂ ਨੂੰ ਯਥਾਰਥਮਈ ਢੰਗ ਦੇ ਨਾਲ ਪੇਸ਼ ਕਰਨ ਦੀ ਥਾਵੇਂ ਅਜਨਬੀਕਰਨ ਦੀ ਵਿਧੀ ਰਾਹੀਂ ਪੇਸ਼ ਕਰਨ ਦੇ ਹੱਕ ਵਿੱਚ ਸੀ । ਉਹ ਨਾਟਕੀ ਕਾਰਜ ਨੂੰ ਵਰਤਮਾਨ ਵਿੱਚ ਸਾਕਾਰ ਕਰਨ ਨਾਲੋਂ ਅਤੀਤ ਵਿੱਚ ਪੇਸ਼ ਕਰਨ ਦੀ ਤਰਜੀਹ ਦੇਂਦਾ ਸੀ ਤਾਂ ਕਿ ਦਰਸ਼ਕ ਇੱਕ ਫ਼ਾਸਲੇ ਤੋਂ ਇਨ੍ਹਾਂ ਸਾਰੀਆਂ ਘਟਨਾਵਾਂ ਬਾਰੇ ਚੇਤੰਨ ਹੋ ਕੇ ਸੋਚ ਸਕੇ । ਐਪਿਕ / ਮਹਾਂਕਾਵਿ ਵਾਂਗ ਇਹ ਨਾਟਕ ਜੀਵਨ ਦੇ ਵੱਡਆਕਾਰੀ ਸੰਦਰਭ ਨੂੰ ਪੇਸ਼ ਕਰਦਾ ਹੈ । ਰਵਾਇਤੀ ਕਿਸਮ ਦੇ ਪਲਾਟ ਨਾਲੋਂ ਇਸ ਨਾਟਕ ਦੀ ਬਣਤਰ ਮਹਾਂਕਾਵਿ ਦੀ ਬਣਤਰ ਨਾਲ ਮੇਲ ਖਾਣ ਵਾਲੀ ਹੁੰਦੀ ਹੈ । ਸਮੇਂ ਤੇ ਸਥਾਨ ਦੇ ਅੰਤਰ ਨੂੰ ਸਿੱਧ ਕਰਨ ਲਈ ਕੋਈ ਲੰਮੇ ਚੌੜੇ ਵੇਰਵੇ ਦੇਣ ਦੀ ਲੋੜ ਨਹੀਂ ਹੁੰਦੀ । ਦ੍ਰਿਸ਼ਾਂ ਦਾ ਸੰਬੰਧ ਵੱਖ - ਵੱਖ ਸਥਾਨਾਂ ਨਾਲ ਹੁੰਦਾ ਹੈ । ਦਰਸ਼ਕਾਂ ਤੱਕ ਦ੍ਰਿਸ਼ ਬਦਲੀ ਦੀ ਅਜਿਹੀ ਜਾਣਕਾਰੀ ਦੇਣ ਲਈ ਘੱਟ ਤੋਂ ਘੱਟ ਲਫ਼ਜਾਂ ਦੀ ਵਰਤੋਂ ਕੀਤੀ ਜਾਂਦੀ ਹੈ । ਪੰਜਾਬੀ ਨਾਟਕਕਾਰਾਂ ਨੇ ਵੀ ਐਪਿਕ ਥੀਏਟਰ ਦੇ ਪ੍ਰਭਾਵ ਸਪਸ਼ਟ ਰੂਪ ਵਿੱਚ ਦ੍ਰਿਸ਼ਟੀਗੋਚਰ ਹੁੰਦਾ ਹੈ । ਸਭ ਤੇਂ ਪਹਿਲਾਂ ਬਲਵੰਤ ਗਾਰਗੀ ਨੇ ਇਸ ਥੀਏਟਰ ਦਾ ਪ੍ਰਭਾਵ ਕਬੂਲਣ ਵਾਲੇ ਦੁਨੀਆਂ ਦੇ ਮਹਾਨ ਨਾਟਕਕਾਰ ਐਡਵਰਡ ਬੌਂਡ, ਚਰਚਿਲ ਅਤੇ ਟੋਨੀ ਖੁਸ਼ਨੇਰ ਹਨ ।

ਐਬਸਰਡ ਥੀਏਟਰ

Absurd Theatre

ਐਬਸਰਡ ਥੀਏਟਰ ਲਈ ਪੰਜਾਬੀ ਵਿੱਚ ਊਲ ਜਲੂਲ ਨਾਟਕ ਸ਼ਬਦ ਦਾ ਪ੍ਰਚਲਨ ਹੋਇਆ । ਸੁਰਜੀਤ ਸਿੰਘ ਸੇਠੀ ਨੇ ਇਸ ਸ਼ੈਲੀ ਦੇ ਪ੍ਰਭਾਵ ਅਧੀਨ ਨਾਟਕਾਂ ਦੀ ਰਚਨਾ ਕੀਤੀ ਹੈ । ਦੂਜੇ ਵਿਸ਼ਵ ਯੁੱਧ ਤੋਂ ਪਿਛੋਂ ਕਲਾ ਤੇ ਸਾਹਿਤ ਪ੍ਰਤੀ ਬਣੀਆਂ ਪਰੰਪਰਕ ਧਾਰਨਾਵਾਂ ਪ੍ਰਤੀ ਤਿੱਖੇ ਵਿਰੋਧ ਸਾਹਮਣੇ ਆਏ । ਮਨੁੱਖੀ ਹੋਂਦ ਪ੍ਰਤੀ ਬਣੀਆਂ ਆਸਥਾਵਾਂ ਤਿੜਕ ਗਈਆਂ । ਵਿਸ਼ਵ ਯੁੱਧਾਂ ਦੇ ਪ੍ਰਭਾਵ ਨੇ ਮਨੁੱਖੀ ਮਾਨਸਿਕਤਾ ਵਿੱਚ ਵਿਆਪਕ ਪਰਿਵਰਤਨ ਲਿਆਂਦਾ । ਬੇਬਸੀ ਤੇ ਨਿਰਾਸਤਾ ਦੇ ਅਜਿਹੇ ਆਲਮ ਵਿੱਚ ਮਨੁੱਖ ਜ਼ਿੰਦਗੀ ਨਾਲੋਂ ਮੌਤ ਵਿੱਚ ਸੁਰੱਖਿਆ ਭਾਲਣ ਲੱਗਾ । ਇਸ ਕਰਕੇ ਜ਼ਿੰਦਗੀ ਦਾ ਸਾਰਾ ਕੁਝ ਉਸ ਲਈ ਅਰਥਹੀਣ ਹੋ ਗਿਆ । ਇਸ ਅਰਥਹੀਣਤਾ ਨੇ ਉਸ ਵਿੱਚ ਨਿਰਾਸ਼ਾ ਤੇ ਆਤਮ ਹੱਤਿਆ ਦੇ ਭਾਵਾਂ ਨੂੰ ਜ਼ਿਆਦਾ ਤੀਬਰ ਕੀਤਾ । ਸਿੱਟੇ ਵਜੋਂ ਉਸ ਦੀ ਮਾਨਸਿਕਤਾ ਵਿੱਚ ਅਜਿਹੀ ਅਰਥਹੀਣਤਾ ਪੈਦਾ ਹੋਈ । ਇਸ ਸਾਰੇ ਕੁਝ ਨੂੰ ਕੁਝ ਅਸਤਿਤਵਵਾਦੀਆਂ ਨੇ ਦਾਰਸ਼ਨਿਕ ਆਧਾਰ ਪ੍ਰਦਾਨ ਕਰਕੇ ਅਸਤਿਤਵਾਦ ਨੂੰ ਵੱਖਰੇ ਰੂਪ ਵਿੱਚ ਪਰਿਭਾਸ਼ਤ ਕੀਤਾ । ਪੰਜਵੇਂ ਦਹਾਕੇ ਦੇ ਨੇੜੇ ਯੂਰਪ ਵਿੱਚ ਅਜਿਹੇ ਨਾਟਕਾਂ ਦੀ ਰਚਨਾ ਕੀਤੀ ਗਈ ਜਿਹੜੇ ਨਾਟਕ ਦੇ ਰਵਾਇਤੀ ਵਿਧਾਨ ਨੂੰ ਤੋੜਨ ਵਾਲੇ ਸਨ । ਇਨ੍ਹਾਂ ਨਾਟਕਾਂ ਦੀ ਮੁੱਖ ਸੁਰ ਜ਼ਿੰਦਗੀ ਦੀ ਨਿਰਾਰਥਕਤਾ ਤੇ ਅਸਾਰਤਾ ਨੂੰ ਉਭਾਰਨ ਵਾਲੀ ਸੀ । ਮਾਰਟਿਨ ਐਸਲਿਨ ਨੇ ਇਨ੍ਹਾਂ ਨਾਟਕਾਂ ਨੂੰ ਥੀਏਟਰ ਆਫ਼ ਦੀ ਐਬਸਰਡ ਦਾ ਨਾਂ ਦਿੱਤਾ । ਇਨ੍ਹਾਂ ਦੀ ਮੰਚਣ ਸ਼ੈਲੀ ਵਿੱਚ ਵੀ ਵੱਖਰਤਾ ਦ੍ਰਿਸ਼ਟੀਗੋਚਰ ਹੁੰਦੀ ਸੀ ਜਿਸ ਨੂੰ ਐਬਸਰਡਵਾਦੀ ਨਾਟ - ਸ਼ੈਲੀ ਦਾ ਨਾਂ ਦਿੱਤਾ ਗਿਆ । ਇਨ੍ਹਾਂ ਨਾਟਕਾਂ ਦਾ ਵਿਚਾਰਧਾਰਾਈ ਆਧਾਰ ਅਸਤਿਤਵਵਾਦ ਹੈ । ਇਸ ਨਾਟ - ਸ਼ੈਲੀ ਦੇ ਪ੍ਰਮੁੱਖ ਨਾਟਕਕਾਰ ਸੈਮੁਅਲ ਬੈਕਟ, ਆਰਥਰ ਐਦਾਮੋਵ, ਯਾਂ ਜੈਨ, ਐਡਵਰਡ ਐਲਬੀ ਤੇ ਹੈਰਾਲਡ ਪਿੰਟਰ ਹਨ । ਇਨ੍ਹਾਂ ਨਾਟਕਾਂ ਦੀ ਸੰਰਚਨਾ ਵਿੱਚ ਲਕੀਰੀ ਕਿਸਮ ਦੇ ਪਲਾਟ ਦੀ ਅਣਹੋਂਦ ਹੁੰਦੀ ਹੈ । ਨਾਟਕ ਜਿਸ ਮਸਲੇ ਨਾਲ ਅਰੰਭ ਹੁੰਦਾ ਹੈ ਉਸੇ ਮਸਲੇ 'ਤੇ ਨਾਟਕ ਦਾ ਅੰਤ ਹੁੰਦਾ ਨਜ਼ਰ ਆਉਂਦਾ ਹੈ । ਇਨ੍ਹਾਂ ਨਾਟਕਾਂ ਨੂੰ ਸਟੇਜ ਰੂਪਕ ਅਤੇ ਕਾਵਿਕ - ਬਿੰਬ ਦੇ ਨਾਂ ਪ੍ਰਦਾਨ ਕੀਤੇ ਗਏ ਹਨ । ਇਹ ਕਾਵਿਕ - ਬਿੰਬ ਸੁਪਨੇ ਦੀ ਨਿਆਈਂ ਹੁੰਦੇ ਹਨ । ਪਰੰਪਰਕ ਕਿਸਮ ਦਾ ਕਥਾਨਕ ਨਾ ਹੋਣ ਕਰਕੇ ਇਨ੍ਹਾਂ ਵਿਚਲੇ ਬਿੰਬਾਂ ਨੂੰ ਸਮਝਣ ਲਈ ਉਚੇਚਾ ਯਤਨ ਕਰਨਾ ਪੈਂਦਾ ਹੈ । ਸੈਮੂਅਲ ਬੈਕਟ ਦਾ ਵੇਟਿੰਗ ਫ਼ਾਰ ਗੋਦੋ ਐਬਸਰਡ ਨਾਟਕ ਦੀ ਬਿਹਤਰੀਨ ਮਿਸਾਲ ਹੈ । ਅਜਿਹੇ ਨਾਟਕਾਂ ਵਿੱਚ ਪਾਤਰ ਵਿਕਾਸ ਦੀ ਗੁੰਜਾਇਸ਼ ਨਹੀਂ ਹੁੰਦੀ । ਨਾਟਕੀ ਪਾਤਰ ਮਨੁੱਖੀ ਹੋਂਦ ਦੇ ਪ੍ਰਸ਼ਨਾਂ ਨਾਲ ਜੂਝਦੇ, ਸਥਿਤੀ ਦਾ ਬਿੰਬ ਬਣ ਕੇ ਉਭਰਦੇ ਹਨ । ਇਹ ਥੀਏਟਰ ਰਵਾਇਤੀ ਭਾਸ਼ਾਈ ਸੰਵਾਦਾਂ ਦਾ ਵੀ ਨਕਾਰਣ ਕਰਦਾ ਹੈ ਕਿਉਂਕਿ ਮਨੁੱਖੀ ਸੰਬੰਧਾਂ ਨੂੰ ਸਮਝਣ ਸਮਝਾਉਣ ਵਿੱਚ ਭਾਸ਼ਾ ਦੀ ਅਸਮਰੱਥਾ ਬਾਰੇ ਇਸ ਥੀਏਟਰ ਦੇ ਚਿੰਤਕਾਂ ਨੂੰ ਸ਼ੰਕਾ ਜਾਪਦੀ ਹੈ । ਅਜਿਹੇ ਨਾਟਕਾਂ ਦਾ ਪ੍ਰਦਰਸ਼ਨ ਦਰਸ਼ਕਾਂ / ਪਾਠਕਾਂ ਦੇ ਅੰਦਰ ਇੱਕ ਅਜੀਬ ਕਿਸਮ ਦੀ ਬੇਚੈਨੀ ਪੈਦਾ ਕਰ ਦੇਂਦਾ ਹੈ । ਹਰੇਕ ਪਾਤਰ ਦੀ ਭੂਮਿਕਾ ਸੰਸਕ੍ਰਿਤ ਨਾਟਕ ਦੇ ਵਿਦੂਸ਼ਕ ਵਰਗੀ ਜਾਪਦੀ ਹੈ । ਜਿਸਦਾ ਮੁੱਖ ਮੰਤਵ ਦਰਸ਼ਕਾਂ ਨੂੰ ਸੱਚ ਦਾ ਅਹਿਸਾਸ ਕਰਾਉਣਾ ਹੁੰਦਾ ਹੈ । ਉਘੜ ਦੁਘੜੇ ਪਾਤਰਾਂ ਤੇ ਬੇਮਤਲਬ ਜਾਪਦੀ ਵਾਰਤਾਲਾਪ ਰਾਹੀਂ ਜ਼ਿੰਦਗੀ ਦੇ ਗਹਿਰ ਗੰਭੀਰ ਮਸਲਿਆਂ ਨਾਲ ਸੰਵਾਦ ਰਚਾਉਣਾ ਇਸ ਥੀਏਟਰ ਦਾ ਮਕਸਦ ਰਿਹਾ ਹੈ । ਪੱਛਮ ਵਿੱਚ ਵਿਕਸਤ ਹੋਇਆ ਨਕਾਰਤਮਕ ਅਸਤਿਤਵਾਦੀ ਚਿੰਤਨ ਇਸ ਨਾਟਕ ਦਾ ਮੁੱਖ ਆਧਾਰ ਹੈ । ਮਨੁੱਖੀ ਹੋਂਦ ਦੇ ਬੁਨਿਆਦੀ ਮਸਲਿਆਂ ਨੂੰ ਲੈ ਕੇ ਲਿਖੇ ਗਏ ਇਨ੍ਹਾਂ ਨਾਟਕਾਂ ਦਾ ਆਧਾਰ ਇਤਿਹਾਸ ਦੇ ਕਿਸੇ ਕਾਲ ਖੰਡ ਨਾਲ ਸੰਬੰਧਤ ਨਹੀਂ ਹੈ ਸਗੋਂ ਜ਼ਿੰਦਗੀ ਵਿੱਚ ਵਿਆਪਕ ਪੱਧਰ ਉੱਤੇ ਪਸਰੀ ਉਹ ਅਨਿਸ਼ਚਿਤਤਾ ਅਤੇ ਬੇਚੈਨੀ ਹੈ ਜਿਸਦੀ ਹੋਣੀ ਨੂੰ ਮਨੁੱਖ ਲਗਾਤਾਰ ਹੰਢਾ ਰਿਹਾ ਹੈ । ਇਨ੍ਹਾਂ ਨਾਟਕਾਂ ਵਿੱਚ ਜੀਵਨ ਦੀ ਨਿਰਾਰਥਕਤਾ ਅਤੇ ਅਰਥਹੀਣਤਾ ਦੇ ਭਾਵ ਉਜਾਗਰ ਹੁੰਦੇ ਹਨ । ਇਨ੍ਹਾਂ ਨਾਟਕਾਂ ਵਿੱਚ ਘਟਨਾਵਾਂ ਨਹੀਂ ਵਾਪਰਦੀਆਂ ਸਗੋਂ ਨਾਟਕੀ ਬਿੰਬਾਂ ਰਾਹੀਂ ਸਥਿਤੀਆਂ ਦੀ ਸਿਰਜਨਾ ਕੀਤੀ ਜਾਂਦੀ ਹੈ । ਪਰੰਪਰਕ ਕਿਸਮ ਦੇ ਪਲਾਟ ਰਾਹੀਂ ਨਾਟਕੀ ਕਥਾ ਦੀ ਉਸਾਰੀ ਨਹੀਂ ਕੀਤੀ ਜਾਂਦੀ । ਇਹ ਨਾਟਕ ਨਾਟਕੀ ਟੱਕਰ ਜਾਂ ਦਵੰਦ ਦੀ ਪੇਸ਼ਕਾਰੀ ਵੀ ਨਹੀਂ ਕਰਦੇ । ਇਸੇ ਕਰਕੇ ਇਨ੍ਹਾਂ ਨੂੰ ਅਨਾਟਕ ਵੀ ਕਿਹਾ ਜਾਂਦਾ ਹੈ । ਇਨ੍ਹਾਂ ਦੀ ਮੁੱਖ ਸੁਰ ਵਿਅੰਗਾਤਮਕ ਹੁੰਦੀ ਹੈ । ਇਹਦੇ ਪਾਤਰ ਸਰਕਸ ਦੇ ਜੋਕਰਾਂ ਵਰਗੀਆਂ ਹਰਕਤਾਂ ਕਰਦੇ ਤੇ ਫਜ਼ੂਲ ਕਿਸਮ ਦੀ ਗੱਲਬਾਤ ਰਾਹੀਂ ਜ਼ਿੰਦਗੀ ਬਾਰੇ ਆਪਣੇ ਨਜ਼ਰੀਏ ਨੂੰ ਵਿਅੰਗ ਤੇ ਕਟਾਖ ਦੀ ਭਾਸ਼ਾ ਵਿੱਚ ਪੇਸ਼ ਕਰਦੇ ਹਨ । ਪਰੰਪਰਕ ਨਾਟਕੀ ਤੱਤਾਂ ਦੀ ਅਣਹੋਂਦ ਵਿੱਚ ਰੰਗਮੰਚ ਦਾ ਮਹੱਤਵ ਇਨ੍ਹਾਂ ਨਾਟਕਾਂ ਵਿੱਚ ਵਧੇਰੇ ਸਸ਼ਕਤ ਹੁੰਦਾ ਹੈ । ਇਹ ਥੀਏਟਰ ਪੱਛਮ ਦੀਆਂ ਕਰਤਬੀ ਕਲਾਵਾਂ ਦਾ ਅਨੁਸਰਨ ਕਰਦਾ ਹੈ । ਮਾਈਮ, ਬਾਜੀਗਰਾਂ, ਨਟਾਂ ਤੇ ਕਠਪੁਤਲੀਆਂ ਦੀਆਂ ਕਲਾ ਜੁਗਤਾਂ ਨੂੰ ਇਸ ਥੀਏਟਰ ਨੇ ਆਪਣੇ ਨਾਟਕਾਂ ਲਈ ਵਰਤਿਆ ਹੈ । ਪੰਜਾਬੀ ਵਿੱਚ ਸੁਰਜੀਤ ਸਿੰਘ ਸੇਠੀ ਦਾ ਨਾਟਕ ਕਿੰਗ ਮਿਰਜ਼ਾ ਤੇ ਸਪੇਰਾ ਇਸੇ ਨਾਟ ਸ਼ੈਲੀ ਦੇ ਪ੍ਰਤੀਨਿੱਧ ਲੇਖਕਾਂ ਵਿੱਚ ਬੈਕਟ ਦਾ ਨਾਂ ਵਿਸ਼ੇਸ਼ ਮਹੱਤਤਾ ਦਾ ਧਾਰਨੀ ਹੈ । ਸਹਾਇਕ ਗ੍ਰੰਥ - ਸੁਰਜੀਤ ਸਿੰਘ ਸੇਠੀ : ਸਿਰਜਨਾਤਮਿਕ ਨਾਟਕ ਨਿਰਦੇਸ਼ਨ; ਜਗਬੀਰ ਸਿੰਘ 'ਐਬਸਰਡ ਦਾ ਥੀਏਟਰ ਅਤੇ ਸਮਕਾਲੀ ਪੰਜਾਬੀ ਨਾਟਕ' ਮਨਜੀਤ ਪਾਲ ਕੌਰ( ਸੰਪਾ.) : ਪੰਜਾਬੀ ਨਾਟਕ ਤੇ ਰੰਗਮੰਚ ਵਿਕਾਸ ਦੀਆਂ ਸਮੱਸਿਆਵਾਂ ; Martin Esslin: Absurd Drama)

ਐਰੀਨਾ ਥੀਏਟਰ

Arena Theatre

ਐਰੀਨਾ ਥੀਏਟਰ ਤੋਂ ਭਾਵ ਅਜਿਹੇ ਥੀਏਟਰ ਜਾਂ ਰੰਗਮੰਚ ਤੋਂ ਹੈ ਜਿਹੜਾ ਆਪਣੀ ਬਣਤਰ ਵਿੱਚ ਗੋਲ ਆਕਾਰ ਦਾ ਹੁੰਦਾ ਹੈ । ਅਜਿਹੇ ਥੀਏਟਰ ਵਿੱਚ ਦਰਸ਼ਕ ਚਾਰੇ ਪਾਸੇ ਬੈਠ ਸਕਦੇ ਹਨ । ਇਹ ਥੀਏਟਰ ਯਥਾਰਥਵਾਦ ਦੇ ਸੰਕਲਪ ਨੂੰ ਰੱਦ ਕਰਦਾ ਹੈ । ਇਸ ਥੀਏਟਰ ਦਾ ਸੰਬੰਧ ਦਰਸ਼ਕਾਂ ਦੀ ਕਿਸੇ ਘਟਨਾ ਨੂੰ ਦੇਖਣ ਦੀ ਰੁਚੀ ਵਿਚੋਂ ਉਤਪੰਨ ਹੋਇਆ ਹੈ । ਇਸ ਥੀਏਟਰ ਦਾ ਕਾਰਜ ਕੇਂਦਰ ਵਿੱਚ ਵਾਪਰਦਾ ਹੈ ਅਤੇ ਦਰਸ਼ਕ ਵਰਗ ਦੀ ਇਸ ਵਿੱਚ ਪੂਰੀ ਸ਼ਮੂਲੀਅਤ ਹੁੰਦੀ ਹੈ । ਭਾਵੇਂ ਐਰੀਨਾ ਥੀਏਟਰ ਦਾ ਕੋਈ ਨਿਸ਼ਚਿਤ ਆਕਾਰ ਨਹੀਂ ਸੁਝਾਇਆ ਗਿਆ ਪਰ ਇਹ ਅਕਸਰ ਛੋਟੇ ਆਕਾਰ ਦਾ ਹੁੰਦਾ ਹੈ । ਇਸ ਥੀਏਟਰ ਵਿੱਚ ਦਰਸ਼ਕ ਅਤੇ ਅਭਿਨੇਤਾ ਵਿਚਲਾ ਫ਼ਾਸਲਾ ਬਹੁਤ ਘੱਟ ਹੁੰਦਾ ਹੈ । ਇਸਦੇ ਅਦਾਕਾਰ ਬੜੀ ਕੁਸ਼ਲਤਾ ਨਾਲ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹਨ ਕਿਉਂਕਿ ਇਸ ਦੇ ਦਰਸ਼ਕ ਸਟੇਜ ਦੇ ਚਾਰੇ ਪਾਸੇ ਮੌਜੂਦ ਹੁੰਦੇ ਹਨ ਇਸ ਲਈ ਅਦਾਕਾਰਾਂ ਨੂੰ ਅਦਾਕਾਰੀ ਦੌਰਾਨ ਇਸ ਗੱਲ ਦਾ ਉਚੇਚਾ ਪਿਆਨ ਰੱਖਣਾ ਪੈਂਦਾ ਹੈ ਕਿ ਉਹ ਸਾਰੇ ਦਰਸ਼ਕਾਂ ਨਾਲ ਆਪਣਾ ਰਾਬਤਾ ਬਣਾਈ ਰੱਖਣ । ਇਸੇ ਲਈ ਉਹ ਸਮੁੱਚੀ ਪੇਸ਼ਕਾਰੀ ਦੌਰਾਨ ਜ਼ਿਆਦਾ ਗਤੀਸ਼ੀਲ ਰਹਿੰਦੇ ਹਨ । ਇਹ ਥੀਏਟਰ ਪ੍ਰੋਰੇਸੀਨੀਅਮ ਸਟੇਜ ਦੀਆਂ ਸੀਮਾਵਾਂ ਨੂੰ ਤੋੜਨ ਦੀ ਰੁਚੀ ਵਿਚੋਂ ਹੋਂਦ ਵਿੱਚ ਆਇਆ ਹੈ । (ਸਹਾਇਕ ਗ੍ਰੰਥ - ਆਤਮਜੀਤ : ਨਾਟਕ ਦਾ ਨਿਰਦੇਸ਼ਨ)

ਐਲਿਜ਼ਾਬੇਥਨ ਥੀਏਟਰ

Elizabethan Theatre

ਇੰਗਲੈਂਡ ਵਿੱਚ ਪੁਨਰਜਾਗਰਣ ਕਾਲ ਦੇ ਸ਼ੁਰੂ ਤੋਂ ਲੈ ਕੇ ਸ਼ੈਕਸਪੀਅਰ ਦੇ ਸਮੇਂ ਤੱਕ ਨੂੰ ਐਲਿਜ਼ਾਬੇਥਨ ਕਾਲ ਕਿਹਾ ਜਾਂਦਾ ਹੈ । ਇਸ ਸਮੇਂ ਦੇ ਦੌਰਾਨ ਦੋ ਤਰ੍ਹਾਂ ਦੇ ਥੀਏਟਰ ਦਾ ਜ਼ਿਕਰ ਮਿਲਦਾ ਹੈ । ਆਮ ਲੋਕ ਜਿਨ੍ਹਾਂ ਥੀਏਟਰਾਂ ਵਿੱਚ ਨਾਟਕ ਦੇਖਦੇ ਸਨ, ਉਨ੍ਹਾਂ ਉੱਤੇ ਛੱਤ ਨਹੀਂ ਸੀ ਹੁੰਦੀ । ਦੂਜੇ ਕਿਸਮ ਦੇ ਨਾਟ ਘਰ ਓਹ ਸਨ ਜਿੱਥੇ ਸ਼ਹਿਰ ਦੇ ਮੋਹਤਬਰ ਲੋਕ ਨਾਟਕ ਦੇਖਦੇ ਸਨ । ਇਹ ਆਕਾਰ ਵਿੱਚ ਛੋਟੇ ਹੁੰਦੇ ਸਨ । ਖੁੱਲ੍ਹੇ ਥੀਏਟਰ ਦੇ ਮੁਕਾਬਲੇ ਇੱਥੇ ਨਾਟਕ ਦੇਖਣ ਵਾਲਿਆਂ ਦੀ ਗਿਣਤੀ ਥੋੜ੍ਹੀ ਹੁੰਦੀ ਸੀ । ਇਹ ਨਾਟ ਘਰ ਆਕਾਰ ਵਿੱਚ ਗੋਲ, ਚੌਰਸ ਜਾਂ ਪੰਜ ਕੋਨਿਆਂ ਵਾਲੇ ਹੁੰਦੇ ਸਨ । ਇਹ ਥੀਏਟਰ ਆਪਣੇ ਤੋਂ ਪੂਰਬਲੀ ਰੋਮਨ ਮੰਚ ਪਰੰਪਰਾ ਅਤੇ ਮੱਧਕਾਲ ਦੇ ਚਰਚ ਨਾਟਕਾਂ ਦੇ ਗੁਣਾਂ ਦੇ ਧਾਰਨੀ ਸਨ । ਸ਼ੈਕਸਪੀਅਰ ਦੇ ਸਮੇਂ ਦਾ ਮਸ਼ਹੂਰ ਥੀਏਟਰ ਗਲੋਬ ਥੀਏਟਰ ਸੀ ਜਿਸ ਦੀ ਉਸਾਰੀ ਟੇਮਜ਼ ਦਰਿਆ ਦੇ ਕਿਨਾਰੇ ਕੀਤੀ ਗਈ ਸੀ । ਇਸ ਵਿੱਚ ਦੋ ਹਜ਼ਾਰ ਤੱਕ ਦਰਸ਼ਕਾਂ ਦੇ ਬੈਠਣ ਦੀ ਗੁੰਜਾਇਸ਼ ਹੁੰਦੀ ਸੀ । ਐਲਿਜ਼ਾਬੇਥਨ ਥੀਏਟਰ ਵਿੱਚ ਔਰਤਾਂ ਮੰਚ ਉੱਤੇ ਪ੍ਰਦਰਸ਼ਨ ਨਹੀਂ ਸਨ ਕਰਦੀਆਂ ਸਗੋਂ ਔਰਤਾਂ ਦੀ ਭੂਮਿਕਾ, ਮਰਦਾਂ ਦੁਆਰਾ ਹੀ ਨਿਭਾਈ ਜਾਂਦੀ ਸੀ । ਵਿਸ਼ੇਸ਼ ਪਾਤਰ ਦਾ ਰੋਲ ਨਿਭਾਉਣ ਲਈ ਮੁਖੌਟਿਆਂ ਦੀ ਵਰਤੋਂ ਕੀਤੀ ਜਾਂਦੀ ਸੀ । ਨਾਟਕ ਦੀ ਪੇਸ਼ਕਾਰੀ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਸੰਗੀਤ ਦੀ ਵਰਤੋਂ ਲੋੜ ਮੁਤਾਬਕ ਕੀਤੀ ਜਾਂਦੀ ਸੀ । ਨਾਟਕ ਦੇ ਅਰੰਭ ਵਿੱਚ ਟਰੰਪਟ ਵਜਾਇਆ ਜਾਂਦਾ ਸੀ । ਨਾਟਕੀ ਦ੍ਰਿਸ਼ਾਂ ਦੀ ਪੇਸ਼ਕਾਰੀ ਵਿੱਚ ਪਰਦੇ ਦੀ ਵਰਤੋਂ ਨਹੀਂ ਸੀ ਕੀਤੀ ਜਾਂਦੀ । ਅਭਿਨੇਤਾਵਾਂ ਦੇ ਮੰਚ ਉੱਤੇ ਆਉਣ ਜਾਂ ਜਾਣ ਵੇਲੇ ਪਰਦੇ ਦਾ ਉਹਲਾ ਨਹੀਂ ਹੁੰਦਾ ਸੀ । ਨਾਟਕਾਂ ਦੇ ਮੰਚਣ ਵੇਲੇ ਦ੍ਰਿਸ਼ ਸੱਜਾ ਦਾ ਕੋਈ ਵਿਧਾਨ ਨਹੀਂ ਸੀ । ਦਰਸ਼ਕਾਂ ਨੂੰ ਸਥਾਨ ਬਦਲੀ ਦਾ ਅਹਿਸਾਸ ਪਾਤਰਾਂ ਦੇ ਆਪਸੀ ਸੰਵਾਦਾਂ ਰਾਹੀਂ ਕਰਵਾਇਆ ਜਾਂਦਾ ਸੀ । ਸੰਕੇਤਾਂ ਦੀ ਭਾਸ਼ਾ ਰਾਹੀਂ ਜਾਂ ਵੇਸਭੂਸ਼ਾ ਰਾਹੀਂ ਦ੍ਰਿਸ਼ ਸਿਰਜਨ ਦੀ ਵਿਵਸਥਾ ਭਾਰਤੀ ਨਾਟ - ਪਰੰਪਰਾ ਦਾ ਅੰਗ ਰਹੀ ਹੈ । ਐਲਿਜ਼ਾਬੇਥਨ ਥੀਏਟਰ ਵੀ ਇਸ ਪ੍ਰਸੰਗ ਵਿੱਚ ਇਸੇ ਨਾਟ ਪਰੰਪਰਾ ਦਾ ਅਨੁਸਾਰੀ ਹੈ । ਦ੍ਰਿਸ਼ ਵਿਵਸਥਾ ਵੱਲ ਵਿਸ਼ੇਸ਼ ਧਿਆਨ ਨਾ ਦੇਣ ਦੀ ਸੂਰਤ ਵਿੱਚ ਵੱਡੇ ਤੋਂ ਵੱਡਾ ਨਾਟਕ ਦੋ ਘੰਟੇ ਦੇ ਅੰਦਰ ਖੇਡ ਲਿਆ ਜਾਂਦਾ ਸੀ । ਨਾਟਕ ਦਿਨ ਦੀ ਰੌਸ਼ਨੀ ਵਿੱਚ ਹੀ ਖੇਡੇ ਜਾਂਦੇ ਸਨ । ਰਾਤ ਦਾ ਦ੍ਰਿਸ਼ ਸਿਰਜਨ ਲਈ ਮਸ਼ਾਲਾਂ ਬਾਲੀਆਂ ਜਾਂਦੀਆਂ ਸਨ । ਕਾਰਜ ਦੀ ਨਿਰੰਤਰਤਾ ਇਸ ਥੀਏਅਟਰ ਦੀ ਮੁੱਖ ਪਛਾਣ ਸੀ । ਦ੍ਰਿਸ਼ ਦੀ ਸਮਾਪਤੀ ਉੱਤੇ ਸਮੇਂ ਦਾ ਵਕਫਾ ਨਹੀਂ ਸੀ ਹੁੰਦਾ ਸਗੋਂ ਉਸੇ ਵੇਲੇ ਅਗਲੇ ਦ੍ਰਿਸ਼ ਦੇ ਅਭਿਨੇਤਾ ਮੰਚ ਉੱਤੇ ਪ੍ਰਵੇਸ਼ ਹੋ ਕੇ ਆਪਣਾ ਰੋਲ ਨਿਭਾਉਣ ਲੱਗ ਪੈਂਦੇ ਸਨ । ਕੁਝ ਹੰਢੇ ਵਰਤੇ ਅਭਿਨੇਤਾ ਇਕੱਠੇ ਹੋ ਕੇ ਐਕਟਿੰਗ ਕੰਪਨੀ ਦਾ ਨਿਰਮਾਣ ਕਰ ਲੈਂਦੇ ਸਨ । ਕੰਪਨੀ ਨੂੰ ਚਲਾਉਣ ਵਿੱਚ ਮੁੱਖ ਹਿੱਸਾ ਇਨ੍ਹਾਂ ਦਾ ਹੁੰਦਾ ਸੀ । ਬਾਕੀ ਦੇ ਕੰਮਾਂ ਲਈ ਦੂਜੇ ਵਰਕਰਾਂ ਨੂੰ ਉਨਾਂ ਦੇ ਕੰਮ ਦਾ ਮਿਹਨਤਾਨਾ ਦੇ ਦਿੱਤਾ ਜਾਂਦਾ ਸੀ । ਇਹ ਕੰਪਨੀਆਂ ਨਾਟਕਕਾਰਾਂ ਤੋਂ ਨਾਟਕ ਲਿਖਵਾਉਂਦੀਆਂ ਸਨ । ਨਾਟਕਕਾਰਾਂ ਨੂੰ ਨਾਟਕ ਲਿਖਣ ਬਦਲੇ ਉਨ੍ਹਾਂ ਦੀ ਕੀਮਤ ਅਦਾ ਕਰ ਦਿੱਤੀ ਜਾਂਦੀ ਸੀ ਜਾਂ ਫੇਰ ਕੰਪਨੀਆਂ ਦੇ ਮਾਲਕ ਨਾਟਕ ਨੂੰ ਹੀ ਖਰੀਦ ਲੈਂਦੇ ਸਨ । ਨਾਟ ਘਰਾਂ ਉੱਤੇ ਉਨੇ ਦਿਨਾਂ ਤੱਕ ਝੰਡਾ ਝੂਲਦਾ ਰਹਿੰਦਾ ਸੀ ਜਿੰਨੇ ਦਿਨ ਨਾਟਕ ਦਾ ਪ੍ਰਦਰਸ਼ਨ ਚਲਦਾ ਰਹਿੰਦਾ ਸੀ । ਨਾਟਕ ਦੀਆਂ ਪੇਸ਼ਕਾਰੀਆਂ ਲਗਾਤਾਰ ਚਲਦੀਆਂ ਰਹਿੰਦੀਆਂ ਸਨ । ਹਰ ਵਰਗ ਦੇ ਲੋਕ ਇਨ੍ਹਾਂ ਨਾਟਕਾਂ ਨੂੰ ਦੇਖਣ ਲਈ ਆਉਂਦੇ ਸਨ । ਸਹਾਇਕ ਗ੍ਰੰਥ - ਕਮਲੇਸ਼ ਉੱਪਲ : ਪੰਜਾਬੀ ਨਾਟਕ ਅਤੇ ਰੰਗਮੰਚ)

ਐਲਿਜ਼ਾਬੇਥਨ ਥੀਏਟਰ
Elizabethan theatre


logo