Punjabi Encyclopaedic Dictionary of Theatre (Punjabi-English)
Form of folk Punjabi theatre
ਨਕਲ, ਲੋਕ ਨਾਟਕ ਦਾ ਬੜਾ ਪ੍ਰਸਿੱਧ ਰੂਪ ਹੈ ਜਿਸ ਦਾ ਅਰੰਭ ਆਦਿ ਕਾਲ ਨਾਲ ਜੋੜਿਆ ਜਾਂਦਾ ਹੈ| ਨਕਲ ਦਾ ਸ਼ਬਦੀ ਅਰਥ ਕਿਸੇ ਦੀ ਸਾਂਗ ਜਾਂ ਰੀਸ ਉਤਾਰਨ ਨਾਲ ਸਬੰਧਤ ਹੈ| ਨਕਲ ਲਾ ਕੇ ਹਸਾਉਣ ਦੀ ਰਵਾਇਤ ਮਨੁੱਖ ਦਾ ਮੁੱਢ ਤੋਂ ਸ਼ੁਗਲ ਰਿਹਾ ਹੈ| ਨਕਲੀਏ ਜ਼ਾਤ ਦੇ ਮਿਰਾਸੀ ਜਾਂ ਡੂਮ ਹੁੰਦੇ ਹਨ| ਸੰਸਕ੍ਰਿਤ ਨਾਟਕ ਦੇ ਪਤਨ ਤੋਂ ਮਗਰੋਂ ਜਦੋਂ ਪੇਸ਼ਾਵਰ ਅਦਾਕਾਰਾਂ ਕੋਲ ਰੋਜ਼ੀ ਰੋਟੀ ਦਾ ਕੋਈ ਵਸੀਲਾ ਨਾ ਰਿਹਾ ਤਾਂ ਉਨ੍ਹਾਂ ਨੇ ਵੱਖ ਵੱਖ ਟੋਲੇ ਬਣਾ ਕੇ ਲੋਕਾਂ ਦਾ ਮਨ ਪ੍ਰਚਾਵਾ ਕਰਨਾ ਸ਼ੁਰੂ ਕਰ ਦਿਤਾ| ਅਜਿਹਾ ਕਰਨ ਲਈ ਉਨ੍ਹਾਂ ਨੇ ਇਸ ਕਲਾ ਨੂੰ ਨੀਵੀਂ ਪੱਧਰ ਤੱਕ ਲੈ ਆਂਦਾ | ਮੁਗਲ ਕਾਲ ਵਿੱਚ ਵੀ ਨਕਲੀਆਂ ਦਾ ਜ਼ਿਕਰ ਆਉਂਦਾ ਹੈ| ਰਾਜ ਦਰਬਾਰਾਂ ਵਿੱਚ ਰਾਜੇ ਮਹਾਰਾਜੇ ਆਪਣੇ ਮਨ ਪਰਚਾਵੇ ਲਈ ਅਤੇ ਵਿਆਹਾਂ ਸ਼ਾਦੀਆਂ ਦੇ ਅਵਸਰ 'ਤੇ ਅਕਸਰ ਨਕਲਾਂ ਕਰਵਾਉਂਦੇ ਸਨ| ਇਨ੍ਹਾਂ ਲੋਕ ਕਲਾਕਾਰਾਂ ਦਾ ਮੁੱਖ ਕੰਮ ਸਮਾਜ ਦੇ ਕੁਹਜਾਂ, ਕੁਕਰਮਾਂ ਅਤੇ ਉਲਾਰ ਕਿਸਮ ਦੀਆਂ ਰੁਚੀਆਂ ਉੱਤੇ ਟੀਕਾ ਟਿਪਣੀ ਕਰਨਾ ਹੁੰਦਾ ਸੀ| ਟਿਚਰ ਅਤੇ ਕਰਾਰੀ ਚੋਟ ਕਰਨ ਦਾ ਗੁਣ ਇਨ੍ਹਾਂ
ਨੂੰ ਵਿਰਸੇ ਵਿੱਚ ਹਾਸਿਲ ਹੁੰਦਾ ਹੈ ਅਤੇ ਇਉਂ ਪੀੜ੍ਹੀ ਦਰ ਪੀੜ੍ਹੀ ਇਹ ਕਲਾ ਅੱਗੇ ਤੁਰਦੀ ਆਈ ਹੈ| ਇਨ੍ਹਾਂ ਨਕਲਾਂ ਦੇ ਮੁੱਖ ਵਿਸ਼ੇ, ਦਾਜ ਦੇ ਲੋਭੀਆਂ, ਕੁਪੱਤੀਆਂ ਸੱਸਾਂ, ਭੈੜੀਆਂ ਰੰਨਾਂ ਤੇ ਪ੍ਰਬੰਧਕੀ ਢਾਂਚੇ ਨਾਲ ਸੰਬੰਧਤ ਅਮਲੇ ਦੀ ਕਾਰਜ ਵਿਧੀ ਤੇ ਵਿਹਾਰ ਨਾਲ ਸੰਬੰਧਤ ਹੁੰਦੇ ਹਨ| ਤਿੱਖੀਆਂ ਚੋਟਾਂ ਨਾਲ ਭੰਡਣ ਦੀ ਕਲਾ ਸਦਕਾ ਇਹ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਦੇ ਹਨ| ਸਮੂਹ ਨੂੰ ਕੀਲਣ ਦੀ ਜੁਗਤ ਨਕਲਾਂ ਦਾ ਵਿਸ਼ੇਸ਼ ਖਾਸਾ ਰਿਹਾ ਹੈ| ਗੱਲ 'ਚੋਂ ਗੱਲ ਕੱਢਣ ਦੀ ਕਲਾ ਨਾਲ ਦਰਸ਼ਕਾਂ ਦੀ ਉਤਸੁਕਤਾ ਲਗਾਤਾਰ ਵਧਦੀ ਜਾਂਦੀ ਹੈ| ਸਮਾਜ ਦੀ ਹਰ ਬੁਰਾਈ ਨੂੰ ਬੇਨਕਾਬ ਕਰਨ ਵਿੱਚ ਨਕਲੀਏ ਖਾਸ ਕਿਸਮ ਦੀ ਮੁਹਾਰਤ ਰੱਖਦੇ ਹਨ| ਨਕਲ ਦੀ ਪੇਸ਼ਕਾਰੀ ਬਕਾਇਦਾ ਇੱਕ ਤਰਤੀਬ ਵਿੱਚੋਂ ਹੁੰਦੀ ਹੈ| ਦੋ ਮਸਖਰੇ ਇੱਕ ਨੂੰ ਰੰਗਾ ਤੇ ਦੂਜੇ ਨੂੰ ਬਿਗਲਾ ਕਿਹਾ ਜਾਂਦਾ ਹੈ| ਰੰਗਾ ਪ੍ਰਸ਼ਨ ਕਰਦਾ ਹੈ ਤੇ ਬਿਗਲਾ ਉਤਰ ਦੇਂਦਾ ਹੈ| ਬਿਗਲਾ ਆਪਣੇ ਸਿਧੇ ਉਲਟੇ ਜਵਾਬਾਂ ਕਾਰਨ ਰੰਗੇ ਤੋਂ ਮਾਰ ਖਾਂਦਾ ਰਹਿੰਦਾ ਹੈ| ਇਉਂ ਨਾਟਕੀ ਕਾਰਜ ਤੀਖਣ ਹੋਈ ਜਾਂਦਾ ਹੈ| ਲਗਾਤਾਰ ਲਟਕਾਉ ਦੀ ਸਥਿਤੀ ਵਿੱਚ ਬਿਗਲੇ ਦੇ ਤਿਖੇ ਵਿਅੰਗ ਭਰੇ ਜੁਆਬ ਨਾਲ ਨਕਲ ਖਤਮ ਹੋ ਜਾਂਦੀ ਹੈ ਤੇ ਦਰਸ਼ਕ ਹੱਸਦੇ ਹੱਸਦੇ ਲੋਟ ਪੋਟ ਹੋ ਜਾਂਦੇ ਹਨ| ਇਸ ਸਾਰੇ ਨਾਟਕੀ ਅਭਿਨੈ ਦੌਰਾਨ ਰੰਗਾ, ਬਿਗਲੇ ਨੂੰ ਚਮੜੇ ਦੇ ਚਮੋਟੇ ਨਾਲ ਮਾਰੀ ਜਾਂਦਾ ਹੈ ਤੇ ਬਿਗਲਾ ਅਜੀਬ ਹਰਕਤਾਂ ਕਰਦਾ ਹੋਇਆ ਮਾਰ ਖਾਂਦਾ ਰਹਿੰਦਾ ਹੈ| ਕਿਸੇ ਦੇ ਘਰ ਮੁੰਡਾ ਜੰਮਣ 'ਤੇ ਜਾਂ ਵਿਆਹ ਸ਼ਾਦੀ ਵਾਲੇ ਘਰ ਨਕਲੀਏ ਆਪ ਪਹੁੰਚ ਕੇ ਪਿੜ ਬੰਨ ਲੈਂਦੇ ਹਨ| ਪੰਜਾਬ ਦੀ ਵੰਡ ਹੋਣ ਤੋਂ ਪਹਿਲਾਂ ਪੰਜਾਬ ਵਿੱਚ ਬਹੁਤ ਸਾਰੇ ਨਕਲੀਆਂ ਦੇ ਸਮੂਹ ਸਨ| ਪੰਜਾਬ ਵੰਡ ਵੇਲੇ ਬਹੁਤੇ ਟੋਲੇ ਪਾਕਿਸਤਾਨ ਚਲੇ ਗਏ ਸਨ| ਨਕਲਾਂ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ| ਛੋਟੀਆਂ ਨਕਲਾਂ ਨੂੰ ਟਿੱਚਰ ਅਤੇ ਵੱਡੀਆਂ ਨੂੰ ਪਟੜੀਆਂ ਕਿਹਾ ਜਾਂਦਾ ਹੈ| ਲੋਕ ਨਾਟਕ ਦੇ ਇਸ ਰੂਪ ਨੇ ਪੰਜਾਬੀ ਨਾਟਕਕਾਰਾਂ ਨੂੰ ਕਾਟਵੇਂ ਫ਼ਿਕਰੇ ਘੜਨ ਅਤੇ ਤੀਖਣ ਸੰਵਾਦ ਸਿਰਜਨ ਦੀ ਮੁਹਾਰਤ ਦਿੱਤੀ ਹੈ| ਆਤਮਜੀਤ ਨੇ ਨਾਟਕ ਪੰਚ ਨਦ ਦਾ ਪਾਣੀ ਵਿੱਚ ਨਕਲ ਸ਼ੈਲੀ ਦੀ ਬੜੀ ਕਲਾਮਈ ਵਰਤੋਂ ਕੀਤੀ ਹੈ| ਸਿਆਣਾ ਅਤੇ ਕਮਲਾ ਪਾਤਰ ਰੰਗੇ ਤੇ ਬਿਗਲੇ ਦੇ ਰੂਪਾਂਤਰਿਤ ਪਾਤਰਾਂ ਵਜੋਂ ਨਜ਼ਰ ਆਉਦੇ ਹਨ|
ਗੁਰਸ਼ਰਨ ਸਿੰਘ ਦੇ 'ਭੰਡ ਕਨੇਡਾ ਆਏ', 'ਜੰਗੀ ਰਾਮ ਦੀ ਹਵੇਲੀ', 'ਤਮਾਸ਼ਾ ਨਟ-ਨਟੀ ਦਾ' ਆਦਿ ਨਾਟਕ, ਨਕਲ ਲੋਕ ਨਾਟ ਪਰੰਪਰਾ ਨੂੰ ਆਧਾਰ ਬਣਾ ਕੇ ਲਿਖੇ ਗਏ ਹਨ| 'ਭੰਡ ਕਨੇਡਾ ਆਏ' ਨਾਟਕ ਵਿੱਚ ਬਾਪੂ ਤੇ ਮੁੰਡਾ ਅਜਿਹੇ ਪਾਤਰ ਹਨ ਜਿਹੜੇ ਨਕਲਾਂ ਵਿਚਲੇ ਪਾਤਰ ਰੰਗੇ ਤੇ ਬਿਗਲੇ ਵਾਂਗ ਸਮਾਜਕ ਵਿਸੰਗਤੀਆਂ ਨੰ ਉਜਾਗਰ ਕਰਦੇ ਹਨ :
ਮੁੰਡਾ : ਬਾਪੂ ਕੋਠੇ ਵਾਲੀ ਬਾਤ ਪਾਈਏ
ਬਾਪੂ : ਫ਼ੇਰ ਹੋ ਜਾ ਤਿਆਰ
ਮੁੰਡਾ : ਹੋ ਗਿਆ ਬਾਪੂ
ਬਾਪੂ : ਜਜਮਾਨੋ ਰੌਲਾ ਇਹ ਵੇ ਕਿ ਮੈਂ ਸਾਰੀ ਉਮਰ ਦੀ ਕਮਾਈ ਨਾਲ ਕੋਠਾ ਪਾਇਆ ਏ ਤੇ ਇਹ ਮੁੰਡਾ ਕਹਿੰਦਾ ਏ ਕਿ ਮੈਂ ਇਹ ਢਾਹ ਦੇਣਾ ਏ|
ਮੁੰਡਾ : ਮੈਂ ਤਾਂ ਕੋਠਾ ਢਾਹ ਦੇਣੈ|
ਬਾਪੂ : ਨਾ ਪੁਤ ਢਾਹੁਣਾ ਕਾਹਨੂੰ ਏ ?
ਮੁੰਡਾ : ਬਸ ਮੈਂ ਢਾਹ ਦੇਣਾ ਏ|
ਬਾਪੂ : ਪੁੱਤ, ਇਹ ਤੇਰੀ ਮਾਂ ਨੇ ਰੀਝਾਂ ਨਾਲ ਬਣਵਾਇਆ|
ਮੁੰਡਾ : ਮੈਨੂੰ ਨਹੀਂ ਪਤਾ------ ਮੈਂ ਢਾਹ ਦੇਣੈ
ਬਾਪੂ : ਇਹਦੀਆਂ ਕੰਧਾਂ ਤੇ ਤੇਰੀ ਮਾਂ ਨੇ ਮੋਰ ਬਣਾਏ
ਮੁੰਡਾ : ਪਏ ਬਣਾਏ ਹੋਣ----- ਮੈਂ ਢਾਹ ਦੇਣਾ ਏ|
--------------------------
ਬਾਪੂ : ਕੋਠੇ ਲਈ ਮਿੱਟੀ ਮੈਂ ਜੌੜੇ ਵਾਲੇ ਛੱਪੜ ਤੋਂ ਲਿਆਂਦੀ-------- ਸੀਮਿੰਟ ਨਾਲੋਂ ਪੱਕੀ
ਮੁੰਡਾ : ਪਈ ਪੱਕੀ ਹੋਵੇ-----ਮੈਂ ਤਾਂ ਬੱਸ ਢਾਹ ਦੇਣੈ
---------------------------
ਬਾਪੂ : ਉਹ ਬਕ ਵੀ ਸਹੀ---------ਕਿਉਂ ਢਾਹ ਦੇਣੈ
ਮੁੰਡਾ : ਬਾਪੂ ਇਹ ਕੋਠਾ ਮਾਂ ਨੇ ਰੀਝਾਂ ਨਾਲ ਬਣਵਾਇਆ ?
ਬਾਪੂ : ਬਣਵਾਇਆ |
ਮੁੰਡਾ : ਕੋਠੇ ਉੱਤੇ ਲੇਪ ਕੀਤਾ ?
ਬਾਪੂ : ਕੀਤਾ
ਮੁੰਡਾ : ਪਰ ਲੇਪ ਵਿੱਚ ਗੋਹਾ ਕਿਸ ਮੱਝ ਦਾ ਸੀ
ਬਾਪੂ : ਮੈਂ ਤਾਂ ਗੋਹੇ ਦੀ ਕੋਈ ਪੜਤਾਲ ਨਹੀਂ ਕੀਤੀ|
ਮੁੰਡਾ : ਇਹ ਜਗੀਰੋ ਦੀ ਮੱਝ ਦਾ ਸੀ
ਬਾਪੂ : ਜਗੀਰੋ ਦੀ ਮੱਝ ਦਾ------ਫ਼ੇਰ ਕੀ ਹੋਇਆ
ਮੁੰਡਾ : ਇਹ ਜਗੀਰਾ ਉਹੋ ਵੇ, ਜੀਹਨੇ ਪਿਛਲੇ ਸਾਲ ਮੈਨੂੰ ਗਾਲ੍ਹ ਕੱਢੀ ਸੀ--------ਉਹ ਮੇਰਾ ਦੁਸ਼ਮਣ
-----------------------
ਮੁੰਡਾ : ਤੇ ਦੁਸ਼ਮਣ ਦੀ ਮੱਝ ਦਾ ਗੋਹਾ ਸਾਡੇ ਕੋਠੇ ਲੱਗ ਗਿਆ
ਬਾਪੂ : ਓਏ ਗੋਹੇ ਕਰਕੇ ਢਾਹ ਦੇਣੈ------ਤੇ ਮੇਰੀ ਸਾਰੀ ਉਮਰ ਦੀ ਕਮਾਈ ਲੱਗ ਗਈ
ਮੁੰਡਾ : ਹਾਹੋ ਢਾਹ ਦੇਣੈ------ ਜੇ ਟੌਹੜਾ ਬਣਿਆ ਅਕਾਲ ਤਖਤ ਢਾਹ ਸਕਦੈ ਤਾਂ ਅਸੀ ਇੱਕ ਮਿੱਟੀ ਦਾ ਕੋਠਾ ਨਹੀਂ ਢਾਹ ਸਕਦੈ-----ਅਸੀਂ ਕਿਸੇ ਨਾਲੋਂ ਘੱਟ ਹਾਂ ?
ਕੇਵਲ ਧਾਲੀਵਾਲ (ਸੰਪਾਦਕ), ਗੁਰਸ਼ਰਨ ਸਿੰਘ ਦੇ ਨਾਟਕ (ਭਾਗ ਦੂਜਾ), ਪੰਨੇ 50-53
(ਸਹਾਇਕ ਗ੍ਰੰਥ - ਅਜੀਤ ਸਿੰਘ ਔਲਖ : ਪੰਜਾਬੀ ਲੋਕ ਨਾਟ ਪਰੰਪਰਾ; ਰਵੇਲ ਸਿੰਘ : ਪੰਜਾਬ ਦੀ ਲੋਕ ਨਾਟ ਪਰੰਪਰਾ ਤੇ ਪੰਜਾਬੀ ਨਾਟਕ)
Traditional characters of Sanskrit drama)
ਸੰਸਕ੍ਰਿਤ ਭਾਸ਼ਾ ਦੇ ਇਸ ਸ਼ਬਦ ਦੇ ਸ਼ਾਬਦਿਕ ਅਰਥ ਨੱਚਣ ਵਾਲਾ ਦੇ ਹਨ| ਇਹ ਇੱਕ ਖਾਨਾਬਦੋਸ਼ ਜਾਤੀ ਹੈ ਇਹ ਲੋਕ ਇੱਕ ਥਾਂ ਤੋਂ ਦੂਜੀ ਥਾਂ 'ਤੇ ਘੁੰਮਦੇ ਰਹਿੰਦੇ ਹਨ| ਦੇਸ਼ ਵੰਡ ਤੋ ਮਗਰੋਂ ਕੇਵਲ ਹਿੰਦੂ ਨਟ ਹੀ ਪੰਜਾਬ ਵਿੱਚ ਰਹਿ ਗਏ ਹਨ| ਇੰਨ੍ਹਾਂ ਵਿੱਚੋਂ ਬਹੁਤੇ ਮਾਤਾ ਦੀ ਪੂਜਾ ਕਰਨ ਵਾਲੇ ਪਰ ਕੁਝ ਹਨੂਮਾਨ ਨੂੰ ਪੂਜਣ ਵਾਲੇ ਵੀ ਹਨ| ਨਟਾਂ ਦੇ ਆਰੰਭ ਬਾਰੇ ਯਕੀਨ ਨਾਲ ਕੁਝ ਕਿਹਾ ਨਹੀਂ ਜਾ ਸਕਦਾ| ਵਣਜਾਰਾ ਵੇਦੀ ਅਨੁਸਾਰ ਇਹ ਮੂਲ ਰੂਪ ਵਿੱਚ ਮਾਰਵਾੜੀ ਬ੍ਰਾਹਮਣ ਸਨ ਜਿਨ੍ਹਾਂ ਦਾ ਕੰਮ ਦਾਹ ਸੰਸਕਾਰ ਸਮੇਂ ਲਕੜੀਆਂ ਜੁਟਾਉਣਾ ਹੁੰਦਾ ਸੀ| ਇੱਕ ਮਿੱਥ ਕਥਾ ਅਨੁਸਾਰ ਹੌਲੀ ਹੌਲੀ ਇਹ ਕਲਾਬਾਜ਼ੀਆਂ ਦੇ ਕੰਮ ਵਿੱਚ ਪ੍ਰਬੀਨ ਹੋ ਗਏ| ਮੁਸਲਮਾਨ ਨਟਾਂ ਬਾਰੇ ਇਹ ਵਿਚਾਰ ਪ੍ਰਵਾਨਤ ਹੈ ਕਿ ਉਹ ਅਣਵਿਆਹੀਆਂ ਲੜਕੀਆਂ ਤੋਂ ਧੰਦਾ ਕਰਵਾਂਦੇ ਸਨ| ਨਟ ਜਾਤੀ ਦੇ ਲੋਕ ਬਾਂਸਾਂ ਅਤੇ ਰੱਸੀਆਂ ਉੱਤੇ ਨਾਚ ਕਰਨ ਲਈ ਮਸ਼ਹੂਰ ਜਾਣੇ ਜਾਂਦੇ ਹਨ| ਇਸੇ ਪਿੱਠ-ਭੂਮੀ ਦੇ ਅੰਤਰਗਤ ਨਾਟਕ ਦੇ ਪ੍ਰਸੰਗ ਵਿੱਚ ਨਟ ਦੇ ਅਰਥ ਨਾਟਕ ਖੇਡਣ ਵਾਲੇ ਦੇ ਅਰਥਾਂ ਵਿੱਚ ਕੀਤੇ ਜਾਂਦੇ ਹਨ| ਨਟ ਦਾ ਇਸਤਰੀ ਵਾਚਕ ਸ਼ਬਦ ਨਟੀ ਹੈ| ਨਾਟਕ ਖੇਡਣ ਵਾਲੀ ਇਸਤਰੀ ਨੂੰ ਨਟੀ ਕਿਹਾ ਜਾਂਦਾ ਹੈ| ਪੰਜਾਬੀ ਦੇ ਕਈ ਨਾਟਕਕਾਰਾਂ ਨੇ ਨਟ ਅਤੇ ਨਟੀ ਨੂੰ ਪਾਤਰ ਦੇ ਰੂਪ ਵਿੱਚ ਆਪਣੇ ਨਾਟਕਾਂ ਵਿੱਚ ਸ਼ਾਮਲ ਕੀਤਾ ਹੈ| ਮੁੱਢਲੇ ਨਾਟਕਾਂ ਵਿੱਚ ਨਟੀ ਦੀ ਭੂਮਿਕਾ ਇੱਕ ਗਾਇਕਾ ਦੀ ਹੋਣ ਦੇ ਨਾਲ ਨਾਲ ਨਰਤਕੀ ਦੀ ਵੀ ਹੁੰਦੀ ਸੀ| ਸੰਗੀਤਕਾਰਾਂ ਤੇ ਸਾਜ਼ਿੰਦਿਆਂ ਦੇ ਮੁਕਾਬਲੇ ਉਹ ਆਪਣੀ ਖੂਬਸੂਰਤੀ ਤੇ ਅਦਾਵਾਂ ਕਾਰਨ ਵੱਧ ਮਕਬੂਲੀਅਤ ਹਾਸਲ ਕਰਦੀ ਸੀ| ਇੱਕ ਸਮਾਂ ਅਜਿਹਾ ਆਇਆ ਕਿ ਸੂਤਰਧਾਰ ਤੇ ਨਟੀ ਦੋਨੋਂ ਪਾਤਰ ਇੱਕਠੇ ਨਾਟਕ ਵਿੱਚ ਸ਼ਾਮਲ ਹੋ ਗਏ ਜਦ ਕਿ ਇਸ ਤੋਂ ਪੂਰਵਲੀ ਨਾਟ ਪਰੰਪਰਾ ਵਿੱਚ ਵੰਦਨਾ ਦੇ ਖਤਮ ਹੋਣ ਮਗਰੋਂ ਸੂਤਰਧਾਰ ਨਟੀ ਨੂੰ ਮੰਚ ਉੱਤੇ ਬੁਲਾਉਂਦਾ ਸੀ ਤੇ ਦੋਨਾਂ ਦਾ ਕੰਮ ਇੱਕਠੇ ਹੋ ਕੇ ਦਰਸ਼ਕਾਂ ਨੂੰ ਨਾਟਕਕਾਰ ਬਾਰੇ, ਨਾਟਕ ਦੇ ਸਮੇਂ ਤੇ ਸਥਾਨ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਹੁੰਦਾ ਸੀ| ਸੂਤਰਧਾਰ, ਨਟੀ ਦੇ ਪਾਤਰ ਦੁਆਰਾ ਦਰਸ਼ਕਾਂ ਦਾ ਮਨੋਰੰਜਨ ਵੀ ਕਰਦਾ ਸੀ|
(ਸਹਾਇਕ ਗ੍ਰੰਥ - ਵਣਜਾਰਾ ਬੇਦੀ : ਪੰਜਾਬੀ ਲੋਕਧਾਰਾ ਵਿਸ਼ਵ ਕੋਸ਼)
ਸੰਸਕ੍ਰਿਤ ਭਾਸ਼ਾ ਦੇ ਨ੍ਰਿਤਯ ਸ਼ਬਦ ਦਾ ਅਰਥ ਹੈ ਨਾਚ| ਨ੍ਰਿਤ ਨਾਟਕ ਵਿੱਚ ਨਾਟਕੀ ਕਥਾ ਦਾ ਮੰਚਨ ਨ੍ਰਿਤ ਰਾਹੀਂ ਕੀਤਾ ਜਾਂਦਾ ਹੈ| ਨਾਟਕੀ ਸੰਵਾਦਾਂ ਦੀ ਥਾਂ ਨ੍ਰਿਤਕਾਰ ਨ੍ਰਿਤ ਦੇ ਅਭਿਨੈ ਰਾਹੀਂ ਆਪਣੇ ਭਾਵਾਂ ਨੂੰ ਪ੍ਰਗਟ ਕਰਦੇ ਹਨ| ਭਾਰਤ ਦੇ ਨ੍ਰਿਤ ਨਾਟਕ ਦਾ ਪੱਛਮ ਦੇ ਨ੍ਰਿਤ ਨਾਟਕ ਨਾਲੋਂ ਪ੍ਰਮੁੱਖ ਅੰਤਰ ਇਹ ਹੈ ਕਿ ਭਾਰਤੀ ਨ੍ਰਿਤ ਨਾਟਕ ਵਿੱਚ ਭਾਵਾਂ ਦਾ ਮੂਰਤੀਕਰਨ ਹੱਥਾਂ ਦੇ ਸੰਕੇਤਾਂ ਅਤੇ ਅੱਖਾਂ ਦੇ ਇਸ਼ਾਰਿਆਂ ਰਾਹੀਂ ਕੀਤਾ ਜਾਂਦਾ ਹੈ| ਪੱਛਮ ਦੇ ਨ੍ਰਿਤ ਨਾਟ ਵਿੱਚ ਹੱਥਾਂ ਅਤੇ ਅੱਖਾਂ ਦੀ ਭਾਸ਼ਾ ਦਾ ਪ੍ਰਯੋਗ ਨਹੀਂ ਕੀਤਾ ਜਾਂਦਾ| ਉਥੋਂ ਦੇ ਨ੍ਰਿਤ ਨਾਟਾਂ ਦੇ ਸਰੋਕਾਰ ਸਮਾਜੀ ਹਨ| ਉਨ੍ਹਾਂ ਨਾਟਕਾਂ ਵਿੱਚ ਸੰਗੀਤ ਅਤੇ ਚਿੱਤਰਕਲਾ ਨੂੰ ਨ੍ਰਿਤ ਕਲਾ ਦੇ ਬਰਾਬਰ ਦੀ ਹੀ ਅਹਿਮੀਅਤ ਦਿੱਤੀ ਗਈ ਹੈ| ਭਾਰਤ ਵਿੱਚ ਲਿਖੇ/ਖੇਡੇ ਗਏ ਪਹਿਲੇ ਨ੍ਰਿਤ ਨਾਟਕ ਮਿਥਿਹਾਸ ਅਤੇ ਧਰਮ ਦੇ ਵਿਸ਼ਿਆਂ ਨਾਲ ਸੰਬੰਧਤ ਸਨ| ਉਦੇ ਸ਼ੰਕਰ ਦੀ ਨ੍ਰਿਤ ਨਾਟ ਦੇ ਖੇਤਰ ਵਿੱਚ ਵਿਲੱਖਣ ਦੇਣ ਹੈ| ਉਸ ਨੇ ਸ਼ਾਸਤਰੀ ਨ੍ਰਿਤ ਤੇ ਲੋਕ ਨ੍ਰਿਤ ਦਾ ਸਮਨਵੇ ਕਰਕੇ ਨ੍ਰਿਤ ਨਾਟਕ ਨੂੰ ਨਵੀਂ ਪਾਹ ਦਿੱਤੀ| ਨ੍ਰਿਤ ਨਾਟਕ ਦਾ ਵਿਸ਼ਾ ਵਧੇਰੇਤਰ ਮਿਥਿਹਾਸਕ ਕਥਾਵਾਂ ਨਾਲ ਸੰਬੰਧਤ ਹੁੰਦਾ ਹੈ| ਦਰਸ਼ਕ ਇਨ੍ਹਾਂ ਕਹਾਣੀਆਂ ਤੋਂ ਪਹਿਲਾਂ ਹੀ ਪਰਿਚਿਤ ਹੁੰਦੇ ਹਨ| ਉਦੇ ਸ਼ੰਕਰ ਨੇ ਇਸ ਰਵਾਇਤ ਨੂੰ ਤੋੜ ਕੇ ਸਮਾਜੀ ਤੇ ਰਾਜਸੀ ਸਰੋਕਾਰਾਂ ਨਾਲ ਸੰਬੰਧਤ ਨ੍ਰਿਤ ਨਾਟਕ ਲਿਖੇ| ਅਜਿਹੇ ਨਾਟਕਾਂ ਵਿੱਚ ਦ੍ਰਿਸ਼ ਦਾ ਮੰਚਣ ਲੋਕ ਨਾਚਾਂ ਅਤੇ ਸ਼ਾਸਤਰੀ ਨਾਚਾਂ ਰਾਹੀਂ ਕੀਤਾ ਜਾਂਦਾ ਹੈ| ਰਮਾਇਣ ਅਤੇ ਹੋਰ ਮਿਥਿਹਾਸਕ ਕਥਾਵਾਂ 'ਤੇ ਆਧਾਰਤ ਨ੍ਰਿਤ ਨਾਟਾਂ ਦੀ ਰਚਨਾ ਵਧੇਰੇ ਹੋਈ ਹੈ| ਰਵਿੰਦਰ ਨਾਥ ਟੈਗੋਰ ਦੇ 'ਚਿਤ੍ਰਾਂਗਦਾ' ਅਤੇ 'ਸ਼ਯਾਮਾ' ਨ੍ਰਿਤ ਨਾਟਾਂ ਦਾ ਵਿਸ਼ੇਸ਼ ਮਹੱਤਵ ਹੈ| ਇਨ੍ਹਾਂ ਨਾਟਕਾਂ ਵਿੱਚ ਨ੍ਰਿਤ ਅਤੇ ਸੰਗੀਤ ਦੇ ਤਾਲਮੇਲ ਰਾਹੀਂ ਪਾਤਰਾਂ ਦੇ ਮਨ ਅੰਦਰਲੇ ਵਿਰੋਧਾਂ ਦੀ ਕਲਾਤਮਕ ਅਭਿਵਿਅਕਤੀ ਟੈਗੋਰ ਦੀ ਨਾਟਕੀ ਸੂਝ ਦੀ ਸਾਖੀ ਭਰਦੀ ਹੈ| ਨ੍ਰਿਤ ਨਾਟਕ ਵਿੱਚ ਸੰਗੀਤ ਦਾ ਤੱਤ ਪ੍ਰਧਾਨ ਹੁੰਦਾ ਹੈ| ਇਸ ਨਾਟਕ ਵਿੱਚ ਅਭਿਨੈ ਕਰ ਰਹੇ ਨਾਟਕੀ ਪਾਤਰ ਲੋੜ ਮੁਤਾਬਕ ਤੁਰਤ ਅਭਿਨੈ ਕਰਨ ਵਿੱਚ ਵੀ ਮੁਹਾਰਤ ਰੱਖਣ ਵਾਲੇ ਹੁੰਦੇ ਹਨ| ਭਾਰਤੀ ਕਲਾ ਕੇਂਦਰ ਨਵੀਂ ਦਿੱਲੀ ਨੇ ਵੱਡੀ ਗਿਣਤੀ ਵਿੱਚ ਨ੍ਰਿਤ ਨਾਟਕ ਖੇਡੇ ਹਨ| ਦੋ ਤਰ੍ਹਾਂ ਦੇ ਨ੍ਰਿਤ-ਨਾਟਕ ਪ੍ਰਵਾਨਿਤ ਹੋਏ ਹਨ| ਇੱਕ ਦਾ ਆਧਾਰ ਲੋਕ ਨਾਚ ਹਨ ਤੇ ਦੂਜੇ ਦਾ ਸ਼ਾਸਤਰੀ ਨ੍ਰਿਤ| ਪੁਤਲੀਆਂ ਦੇ ਨਾਚਾਂ ਅਤੇ ਪ੍ਰਚਲਤ ਲੋਕ ਨਾਚਾਂ ਨੂੰ ਆਧਾਰ ਬਣਾ ਕੇ ਭਾਰਤ ਵਿੱਚ ਨ੍ਰਿਤ ਨਾਟਕ ਖੇਡਣ ਦੀ ਪਰੰਪਰਾ ਮੌਜੂਦ ਰਹੀ ਹੈ| ਆਦਿਵਾਸੀਆਂ ਦੇ ਤੇਜ਼ ਤਾਲ 'ਤੇ ਆਧਾਰਤ ਨਾਚਾਂ ਦੀ ਲੈਅ ਨੂੰ ਦੂਜੇ ਨਾਚਾਂ ਦੀ ਲੈਅ ਵਿੱਚ ਰਲਾ ਕੇ ਵੀ ਨ੍ਰਿਤ ਨਾਟਕ ਖੇਡੇ ਜਾਂਦੇ ਹਨ| ਇਸੇ ਤਰ੍ਹਾਂ ਲੋਕ ਨਾਚ ਅਤੇ ਝਾਕੀਆਂ ਦੇ ਸੁਮੇਲ ਰਾਹੀਂ ਵੀ ਨ੍ਰਿਤ ਨਾਟਕ ਖੇਡੇ ਜਾਣ ਦੇ ਪ੍ਰਯੋਗ ਕੀਤੇ ਮਿਲਦੇ ਹਨ| ਭਾਰਤ ਦੇ ਨ੍ਰਿਤ ਨਾਟਾਂ ਵਿੱਚ ਅਭਿਨੈ ਅਤੇ ਭਾਵਾਂ ਦੀ ਪ੍ਰਧਾਨਤਾ ਹੋਣ ਕਾਰਨ ਪੱਛਮ ਦੇ ਦੇਸ਼ਾਂ ਵਿੱਚ ਇਨ੍ਹਾਂ ਦੀ ਹਰਮਨ ਪਿਆਰਤਾ ਦਿਨੋ ਦਿਨ ਵੱਧ ਰਹੀ ਹੈ|
Folk theatre of Chhatisgarh
ਰਾਸ ਅਤੇ ਰਹਸ ਵਾਂਗ 'ਨਾਚਾ' ਵੀ ਛਤੀਸਗੜ੍ਹ ਇਲਾਕੇ ਦੀ ਹਰਮਨ ਪਿਆਰੀ ਲੋਕ ਨਾਟ ਵਿਧਾ ਹੈ ਜਿਸ ਦੀ ਮੁੱਖ ਪਛਾਣ ਇਸ ਦੀ ਵਿਅੰਗ ਮਈ ਸ਼ੈਲੀ ਵਿੱਚ ਨਿਹਿਤ ਹੈ| ਨਾਚਾ ਖੇਡੇ ਜਾਣ ਲਈ ਕਿਸੇ ਵਿਸ਼ੇਸ਼ ਕਿਸਮ ਦੇ ਮੰਚ ਦੀ ਲੋੜ ਨਹੀ ਪੈਂਦੀ| ਇਸ ਵਿੱਚ ਕਿਸੇ ਵੀ ਘਟਨਾ ਨੂੰ ਬੜੀ ਸੁਵਿਧਾ ਨਾਲ ਪੇਸ਼ ਕੀਤਾ ਜਾਂਦਾ ਹੈ| ਲੋਕ ਮਨੋਰੰਜਨ ਕਰਨ ਦੇ ਨਾਲ ਨਾਲ ਸਮਾਜਕ ਕੁਰੀਤੀਆਂ ਨੂੰ ਪੇਸ਼ ਕਰਕੇ ਦਰਸ਼ਕ ਵਰਗ ਨੂੰ ਸਜੱਗ ਕਰਨਾ ਇਸ ਦੀ ਮੁੱਖ ਵਿਸ਼ੇਸ਼ਤਾ ਰਹੀ ਹੈ| ਨਾਚਾ ਦੇ ਮੁੱਖ ਵਿਸ਼ੇ ਆਮ ਤੌਰ 'ਤੇ ਵਿਧਵਾ ਵਿਆਹ, ਬਾਲ ਵਿਆਹ, ਜਾਤ-ਪਾਤ, ਛੂਤ-ਛਾਤ ਆਦਿ ਸਮੱਸਿਆਵਾਂ ਨਾਲ ਸੰਬੰਧਤ ਹੁੰਦੇ ਹਨ| ਇਸ ਦੀ ਪੇਸ਼ਕਾਰੀ ਵਿੱਚ ਸੰਗੀਤ ਨੂੰ ਵਿਸ਼ੇਸ਼ ਅਹਿਮੀਅਤ ਦਿਤੀ ਜਾਂਦੀ ਹੈ| ਲੋਕ-ਸ਼ੈਲੀ ਵਿੱਚ ਗਾਏ ਜਾਂਦੇ ਗੀਤਾਂ ਰਾਹੀਂ ਨਾਚਾ ਵਿਸ਼ੇ ਦੀ ਪੇਸ਼ਕਾਰੀ ਕਰਦਾ ਹੈ| ਪਹਿਲਾਂ ਇਸ ਕਲਾ ਦਾ ਅਭਿਨੈ ਕੇਵਲ ਮਰਦ ਨਾਚਿਆਂ ਰਾਹੀਂ ਜਾਂਦਾ ਸੀ ਪਰ ਹੁਣ ਔਰਤਾਂ ਵੀ ਨਾਚਿਆਂ ਦੇ ਰੂਪ ਵਿੱਚ ਇਸ ਕਲਾ ਦੀ ਪੇਸ਼ਕਾਰੀ ਵਿੱਚ ਸ਼ਾਮਲ ਹੋ ਗਈਆਂ ਹਨ| ਨਾਚਾ ਸਮਾਜ ਦੇ ਹਰ ਕੁਹਜ ਨੂੰ ਬੇਪਰਦ ਕਰਦਾ ਹੈ| ਸਮਾਜ ਦੇ ਸਧਾਰਨ ਮਸਲਿਆਂ ਨਾਲ ਜੁੜੀਆਂ ਸਮੱਸਿਆਵਾਂ ਅਤੇ ਲੋਕ ਸ਼ੈਲੀ ਰਾਹੀਂ ਪੇਸ਼ ਕਰਨ ਦਾ ਅੰਦਾਜ ਹੋਣ ਕਰਕੇ ਦਰਸ਼ਕ ਬੜੇ ਖੁਭ ਕੇ ਇਸ ਨਾਟ ਰੂਪ ਦੀ ਪ੍ਰਦਰਸ਼ਨੀ ਦਾ ਅਨੰਦ ਮਾਣਦੇ ਹਨ| ਨਾਚਾ ਦੇ ਕਲਾਕਾਰ ਸਧਾਰਨ ਕਾਮੇ ਵਰਗ ਨਾਲ ਵੀ ਸੰਬੰਧਤ ਹੁੰਦੇ ਹਨ ਜਿਹੜੇ ਆਪਣੀ ਰੋਜ਼ੀ ਰੋਟੀ ਕਮਾਉਣ ਦੇ ਨਾਲ ਨਾਲ, ਮਨੋਰੰਜਨ ਦੇ ਤੌਰ ਉੱਤੇ ਨਾਚਾ ਖੇਡਦੇ ਹਨ| ਵਿਅੰਗ ਚੋਭ ਅਤੇ ਟਕੋਰਾਂ ਨਾਲ ਹਰ ਬੁਰਾਈ ਨੂੰ ਬੇਨਕਾਬ ਕਰਨਾ ਨਾਚਾ ਲੋਕ ਨਾਚ ਦਾ ਖਾਸਾ ਰਿਹਾ ਹੈ| ਮਸ਼ੀਨ ਦੇ ਇਸ ਯੁਗ ਵਿੱਚ ਤੇਜੀ ਨਾਲ ਵਾਪਰ ਰਹੇ ਪਰਿਵਰਤਨ ਸਦਕਾ ਲੋਕ ਕਲਾਵਾਂ ਨੂੰ ਟੈਲੀਵੀਜ਼ਨ ਨੇ ਆਪਣੀ ਲਪੇਟ ਵਿੱਚ ਲੈ ਲਿਆ ਹੈ| ਫ਼ਿਲਮੀ ਜਗਤ ਦੀ ਚਮਕ ਦਮਕ ਨੇ ਲੋਕ ਨਾਟ ਰੂਪਾਂ ਦੀ ਮੌਲਿਕਤਾ 'ਤੇ ਸੱਟ ਮਾਰੀ ਹੈ| ਨਾਚਾ ਦੇ ਕਲਾਕਾਰਾਂ ਨੂੰ ਖਰੀਦਿਆ ਜਾਣ ਲੱਗ ਪਿਆ ਹੈ| ਵੱਡੇ ਪੱਧਰ 'ਤੇ ਜਨ ਸਮੂਹ ਦਾ ਮਨੋਰੰਜਨ ਕਰਨ ਵਾਲੀ ਇਸ ਕਲਾ ਨੂੰ ਪੈਸੇ ਨਾਲ ਜੋੜ ਦਿਤਾ ਗਿਆ ਹੈ| ਸਿੱਟੇ ਵਜੋਂ ਨਾਚਾ ਦੀ ਅਹਿਮੀਅਤ ਤੇ ਸੁਭਾਵਕਤਾ ਦੋਨਾਂ ਦੀ ਖੂਬਸੂਰਤੀ ਗਾਇਬ ਹੋ ਰਹੀ ਹੈ| ਪਰ ਕੁਝ ਨਾਚ-ਮੰਡਲੀਆਂ ਇਸ ਦੀ ਮੌਲਿਕਤਾ ਨੂੰ ਕਾਇਮ ਰੱਖਣ ਲਈ ਵਚਨਬੱਧ ਹਨ| ਲੋਕ ਮਨ ਦੀ ਅਭਿਵਿਅਕਤੀ ਨਾਲ ਜੁੜੀ ਇਹ ਨਾਟ-ਵਿਧਾ, ਲੋਕਾਂ ਦੀਆਂ ਸਮੱਸਿਆਵਾਂ ਨੂੰ ਉਨ੍ਹਾਂ ਦੀ ਜ਼ਬਾਨ ਵਿੱਚ ਪੇਸ਼ ਕਰਦੀ ਲੋਕਾਂ ਦੇ ਮਨੋਰੰਜਨ ਦਾ ਸਾਧਨ ਹੋਣ ਕਰਕੇ ਹਰਮਨ ਪਿਆਰੀ ਵਿਧਾ ਦੇ ਤੌਰ 'ਤੇ ਸਵੀਕ੍ਰਿਤ ਹੈ| ਵਿਗਿਆਨ ਦੇ ਇਸ ਯੁਗ ਵਿੱਚ ਲੋਕ ਕਲਾਵਾਂ ਨੂੰ ਆਪਣੀ ਹੋਂਦ ਬਚਾਉਣ ਲਈ ਜਦੋ ਜਹਿਦ ਕਰਨੀ ਪੈ ਰਹੀ ਹੈ| ਨਾਚਾ ਵੀ ਇਸ ਦੌਰ 'ਚੋਂ ਗੁਜਰਨ ਵਾਲਾ ਲੋਕ ਨਾਟ ਰੂਪ ਹੈ|
(ਸਹਾਇਕ ਗ੍ਰੰਥ - ਸਤਨਾਮ ਸਿੰਘ ਜੱਸਲ, 'ਨਾਚਾ', ਖੋਜ ਪਤ੍ਰਿੱਕਾ ਲੋਕ ਨਾਟ ਸ਼ੈਲੀਆਂ ਵਿਸ਼ੇਸ਼ ਅੰਕ)
ਨਾਟ-ਸ਼ੈਲੀ- ਨਾਟ ਸ਼ੈਲੀ ਤੋਂ ਭਾਵ ਹੈ ਕਿ ਨਾਟਕ ਕਿਸ ਢੰਗ ਨਾਲ ਮੰਚ ਉੱਤੇ ਪੇਸ਼ ਕੀਤਾ ਜਾਂਦਾ ਹੈ| ਨਿਰਦੇਸ਼ਕ ਕਿਸੇ ਵੀ ਥੀਏਟਰ ਦੇ ਵਿਧੀ ਵਿਧਾਨ ਨੂੰ ਅਪਣਾ ਕੇ ਖਾਸ ਕਿਸਮ ਦਾ ਪ੍ਰਭਾਵ ਪੈਦਾ ਕਰਨ ਦੀ ਕੋਸ਼ਿਸ਼ ਕਰਦਾ ਹੈ| ਅਜੋਕੇ ਸਮੇਂ ਵਿੱਚ ਪਾਰਸੀ ਥੀਏਟਰ, ਯੂਨਾਨੀ ਜਾਂ ਸਨਾਤਨੀ ਭਾਰਤੀ ਥੀਏਟਰ ਦੀ ਸ਼ੈਲੀ ਨੂੰ ਅਪਣਾਉਣ ਦਾ ਭਾਵ ਇਹ ਨਹੀਂ ਹੈ ਕਿ ਨਿਰਦੇਸ਼ਕ ਉਸ ਥੀਏਟਰ ਦੇ ਕੇਵਲ ਰੂਪਗਤ ਪਾਸਾਰਾਂ ਨੂੰ ਅਮਲੀ ਪੱਧਰ 'ਤੇ ਅਪਣਾਏਗਾ| ਸ਼ੈਲੀ ਤੇ ਰੂਪ ਦੋਨਾਂ ਦੇ ਅਰਥਾਂ ਵਿੱਚ ਵੱਖਰਤਾ ਹੈ| ਰੂਪ ਤੋਂ ਭਾਵ ਉਨ੍ਹਾਂ ਤੱਤਾਂ ਜਾਂ ਲੱਛਣਾਂ ਤੋਂ ਹੁੰਦਾ ਹੈ ਜਿਹੜੇ ਬਾਹਰੀ ਤੌਰ 'ਤੇ ਦ੍ਰਿਸ਼ਟੀਗੋਚਰ ਹੁੰਦੇ ਹਨ| ਸ਼ੈਲੀ ਦਾ ਅਰਥ ਉਨ੍ਹਾਂ ਲੱਛਣਾਂ ਦੀ ਵਿਉਂਤ ਬੱਧ ਢੰਗ ਨਾਲ ਵਰਤੋਂ ਕਰਦੇ ਹੋਏ ਵੱਖਰੇ ਕਿਸਮ ਦਾ ਪ੍ਰਭਾਵ ਪੈਦਾ ਕਰਨ ਤੋਂ ਹੁੰਦਾ ਹੈ| ਕਿਸੇ ਵਿਹਾਰ ਜਾਂ ਕਾਰਜ ਦਾ ਸੰਬੰਧ ਸ਼ੈਲੀ ਦੇ ਸੰਕੇਤਕ ਅਰਥਾਂ ਵੱਲ ਇਸ਼ਾਰਾ ਜ਼ਰੂਰ ਕਰਦਾ ਹੈ ਪਰ ਵਧੇਰੇ ਮਹੱਤਵ ਇਸ ਗੱਲ ਦਾ ਹੈ ਕਿ ਉਹ ਕਾਰਜ ਕਿਵੇਂ ਹੁੰਦਾ ਹੈ| ਸ਼ੈਲੀ ਉੱਤੇ ਸਮੇਂ ਦੇ ਰੀਤੀ ਰਿਵਾਜਾਂ ਦਾ ਗਹਿਰਾ ਅਸਰ ਹੁੰਦਾ ਹੈ| ਨਾਟਕ ਦੀ ਸ਼ੈਲੀ ਦਾ ਇੱਕ ਪੱਖ ਨਾਟਕ ਦੀ ਟੈਕਸਟ ਜਾਂ ਲਿਖਤੀ ਪਾਠ ਨਾਲ ਸੰਬੰਧਤ ਹੁੰਦਾ ਹੈ, ਦੂਜਾ ਪੱਖ ਇਸ ਦੀ ਨਿਰਦੇਸ਼ਨਾ ਨਾਲ ਜੁੜਿਆ ਹੁੰਦਾ ਹੈ| ਕਿਸੇ ਵੀ ਨਾਟਕ ਦੀ ਪ੍ਰੋਡਕਸ਼ਨ ਨੂੰ ਪ੍ਰਭਾਵਤ ਕਰਨ ਵਾਲੇ ਤੱਤਾਂ ਵਿੱਚ ਦਰਸ਼ਕਾਂ ਦੀ ਗਿਣਤੀ, ਰੋਸ਼ਨੀ ਵਿਉਂਤਕਾਰੀ ਤੇ ਦ੍ਰਿਸ਼ ਪੇਸ਼ਕਾਰੀ ਦੀ ਭੂਮਿਕਾ ਬੜੀ ਅਹਿਮ ਹੁੰਦੀ ਹੈ| ਇਉਂ ਲਿਖਤੀ ਟੈਕਸਟ ਨੂੰ ਜੀਵੰਤਤਾ ਪ੍ਰਦਾਨ ਕਰਨ ਵਿੱਚ ਅਭਿਨੈ ਸ਼ੈਲੀ ਦਾ ਤੱਤ ਬੜੀ ਮਹੱਤਤਾ ਰੱਖਦਾ ਹੈ| ਲਿਖਤੀ ਸੰਵਾਦਾਂ ਦੇ ਅਭਿਨੇਤਾਵਾਂ ਰਾਹੀਂ ਉਚਾਰਨ ਵਿੱਚ ਪਿੱਚ, ਟੋਨ ਅਤੇ ਲੈਅ ਅਜਿਹੇ ਅੰਸ਼ ਹਨ ਜਿਹੜੇ ਦਰਸ਼ਕਾਂ ਨੂੰ ਵਿਸ਼ੇਸ਼ ਅਰਥਾਂ ਦਾ ਅਹਿਸਾਸ ਕਰਾਉਂਦੇ ਹਨ| ਦਰਸ਼ਕਾਂ ਦੇ ਭਾਵਾਂ ਨੂੰ ਟੁੰਬਣ ਦੀ ਸਮਰੱਥਾ ਵਿੱਚੋਂ ਨਾਟਕਕਾਰ ਦੀ ਪ੍ਰਤਿਭਾ ਅਤੇ ਵਿਲਖਣਤਾ ਉਜਾਗਰ ਹੁੰਦੀ ਹੈ ਜਿਹੜੀ ਨਾਟਕ ਦੀ ਪੇਸ਼ਕਾਰੀ ਵਿੱਚ ਵੀ ਅਤੇ ਨਾਟਕ ਨੂੰ ਸਮਝਣ ਵਿੱਚ ਵੀ ਸਹਾਈ ਹੁੰਦੀ ਹੈ| ਵਿਸ਼ੇ ਦੇ ਨਾਲ ਨਾਟਕ ਨਿਰਦੇਸ਼ਕ ਦੀ ਰਚਨਾਤਮਕ ਦ੍ਰਿਸ਼ਟੀ ਅਤੇ ਨਿਰਦੇਸ਼ਨਾ ਸੂਝ ਨਾਟਕ ਦੇ ਅਰਥਾਂ ਨੂੰ ਨਵੀਨਤਾ ਅਤੇ ਮੌਲਿਕਤਾ ਪ੍ਰਦਾਨ ਕਰਦੀ ਹੈ| ਸ਼ੈਲੀ ਇੱਕ ਅਜਿਹਾ ਮਾਧਿਅਮ ਹੈ ਜਿਸ ਰਾਹੀਂ ਨਿਰਦੇਸ਼ਕ ਨਾਟਕ ਵਿੱਚ ਉਹ ਕੁਝ ਪ੍ਰਦਰਸ਼ਿਤ ਕਰਦਾ ਹੈ ਜੋ ਕੁਝ ਉਹ ਨਾਟਕ ਕੋਲੋਂ ਅਖਵਾਉਣਾ ਚਾਹੁੰਦਾ ਹੈ| ਤਤਕਾਲੀ ਸਮਾਜ ਦੇ ਯਥਾਰਥ ਨੂੰ ਤੇ ਬਦਲਦੀਆਂ ਤਕਨੀਕੀ ਮੰਚੀ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਨਾਟਕ ਦੀ ਪੇਸ਼ਕਾਰੀ ਰਾਹੀਂ ਅਜਿਹਾ ਪ੍ਰਦਰਸ਼ਨ ਨਾਟ-ਸ਼ੈਲੀ ਦੇ ਅਰਥਾਂ ਦਾ ਲਖਾਇਕ ਸਿੱਧ ਹੁੰਦਾ ਹੈ|
(ਸਹਾਇਕ ਗ੍ਰੰਥ - ਵਸ਼ਿਸ਼ਠ ਨਰਾਇਣ ਤ੍ਰਿਪਾਠੀ : ਨਾਟਕ ਕੇ ਰੰਗਮੰਚੀਯ ਪ੍ਰਤਿਮਾਨ)
ਨਾਟਕ ਸੰਸਕ੍ਰਿਤ ਭਾਸ਼ਾ ਦੇ ਸ਼ਬਦ ਨਾਟਯ ਤੋਂ ਬਣਿਆ ਹੈ| ਨਾਟਯ ਸ਼ਬਦ ਨਟ ਅਤੇ ਨਾਟ ਤੋਂ ਹੋਂਦ ਵਿੱਚ ਆਇਆ ਹੈ ਜਿਨ੍ਹਾਂ ਦੇ ਕ੍ਰਮਵਾਰ ਅਰਥ ਨੱਚਣਾ, ਦਿਖਾਉਣਾ, ਨਾਟਕ ਖੇਡਣ ਵਾਲਾ, ਨਾਚ ਅਤੇ ਸੁਆਂਗ ਦੇ ਪ੍ਰਸੰਗ ਵਿੱਚ ਕੀਤੇ ਮਿਲਦੇ ਹਨ| ਭਰਤਮੁਨੀ ਤੋਂ ਇਲਾਵਾ ਦੂਜੇ ਨਾਟ-ਆਚਾਰੀਆ ਅਤੇ ਅਰਸਤੂ ਨੇ ਨਾਟਕ ਨੂੰ ਜੀਵਨ ਦਾ ਅਨੁਕਰਨ ਕਿਹਾ ਹੈ| ਨਕਲ ਦਾ ਅਰਥ ਜੀਵਨ ਦੀ ਹੂ-ਬ-ਹੂ ਨਕਲ ਨਹੀਂ ਸਗੋਂ ਇਸ ਦੀ ਕਲਾਤਮਕ ਤੇ ਪੁਨਰ-ਅਭਿਵਿਅਕਤੀ ਹੈ| ਇਹ ਇੱਕ ਅਜਿਹੀ ਕਲਾ ਹੈ ਜਿਸ ਵਿੱਚ ਲਿਖਤੀ ਨਾਟ-ਪਾਠ ਨੂੰ ਅਭਿਨੇਤਾਵਾਂ ਦੇ ਅਭਿਨੈ ਰਾਹੀਂ ਰੰਗਮੰਚ ਉੱਤੇ ਦਰਸ਼ਕਾਂ ਦੇ ਸਮੂਹ ਸਾਹਮਣੇ ਪ੍ਰਦਰਸ਼ਿਤ ਕੀਤਾ ਜਾਂਦਾ ਹੈ| ਜਿਸ ਵਿੱਚ ਨਾਟ ਕਥਾ ਨੂੰ ਸਮੇਂ ਦੀ ਸੀਮਾ ਵਿੱਚ ਰੱਖਦਿਆਂ ਵਰਤਮਾਨ ਦੇ ਪ੍ਰਸੰਗ ਵਿੱਚ ਪੇਸ਼ ਕੀਤਾ ਜਾਂਦਾ ਹੈ| ਨਾਟਕ ਕੇਵਲ ਸਾਹਿਤ ਨਹੀਂ ਇਸੇ ਲਈ ਕੇਵਲ ਲਿਖਤੀ ਨਾਟ-ਪਾਠ ਨੂੰ ਨਾਟਕ ਨਹੀਂ ਕਿਹਾ ਜਾਂਦਾ ਸਗੋਂ ਅਨੇਕ ਕਲਾਵਾਂ ਨ੍ਰਿਤ, ਗੀਤ, ਸੰਗੀਤ ਦੇ ਸੁਮੇਲ ਨਾਲ ਬਣੀ ਇਹ ਅਜਿਹੀ ਕਲਾਤਮਕ ਵਿਧਾ ਹੈ ਜਿਹੜੀ ਅਭਿਨੈ ਕਲਾ ਦੇ ਜ਼ਰੀਏ ਸੰਪੰਨਤਾ ਨੂੰ ਪ੍ਰਾਪਤ ਕਰਦੀ ਹੈ| ਨਾਟਕ ਦੇ ਮੰਚੀ ਪ੍ਰਦਰਸ਼ਨ ਵਿੱਚ ਭਾਸ਼ਾ ਅਤੇ ਅਭਿਨੇਤਾ ਦੀ ਭੂਮਿਕਾ ਸਭ ਤੋਂ ਵੱਧ ਅਹਿਮ ਹੁੰਦੀ ਹੈ| ਲਿਖੇ ਸ਼ਬਦਾਂ ਨੂੰ ਅਭਿਨੇਤਾਵਾਂ ਦੇ ਅਭਿਨੈ ਰਾਹੀਂ ਜੀਵੰਤਤਾ ਪ੍ਰਦਾਨ ਕੀਤੀ ਜਾਂਦੀ ਹੈ| ਨਾਟਕ ਦੀ ਸਿਰਜਨਾ ਕਰਨ ਵੇਲੇ ਹੀ ਨਾਟਕਕਾਰ ਇਸ ਦੀ ਮੰਚੀ ਪੇਸ਼ਕਾਰੀ ਨੂੰ ਧਿਆਨ ਵਿੱਚ ਰੱਖਦਿਆਂ ਦਰਸ਼ਕਾਂ ਦੇ ਬੌਧਿਕ ਪੱਧਰ, ਅਭਿਨੇਤਾਵਾਂ, ਸੰਵਾਦਾਂ ਅਤੇ ਭਾਸ਼ਾ ਬਾਰੇ ਪੂਰਾ ਸਜੱਗ ਰਹਿੰਦਾ ਹੈ| ਦ੍ਰਿਸ਼ ਦੀ ਕਲਾ ਹੋਣ ਕਰਕੇ ਨਾਟਕ ਵਿੱਚ ਇੱਕ ਖਾਸ ਤਰ੍ਹਾਂ ਦੇ ਸੰਤੁਲਨ ਹੋਣ ਦੀ ਸਥਿਤੀ ਵਿੱਚ ਹੀ ਅਜਿਹੀ ਰਚਨਾ ਦਰਸ਼ਕਾਂ ਉੱਤੇ ਪ੍ਰਭਾਵ ਪਾਉਣ ਦੇ ਸਮਰੱਥ ਹੁੰਦੀ ਹੈ| ਇਹ ਮਨੁੱਖੀ ਮਨ ਦੇ ਅੰਦਰੂਨੀ ਦਵੰਦ ਤੇ ਸੰਘਰਸ਼ ਨੂੰ ਮੰਚ ਉੱਤੇ ਪੇਸ਼ ਕਰਨ ਵਾਲੀ ਕਲਾ ਹੈ| ਪ੍ਰਦਰਸ਼ਨ ਦੇ ਮਾਧਿਅਮ ਸਦਕਾ ਹੀ ਮਨੁੱਖ ਅੰਦਰਲਾ ਮਾਨਸਿਕ ਘੋਲ ਦਰਸ਼ਕਾਂ ਨੂੰ ਪ੍ਰਭਾਵਤ ਕਰਨ ਦੀ ਸਮਰੱਥਾ ਰੱਖਦਾ ਹੈ| ਸਮੂਹ ਦੀ ਇਸ ਕਲਾ ਵਿੱਚ ਸਮਾਜਕ ਸਾਰਥਕਤਾ ਦਾ ਅੰਸ਼ ਬਾਕੀ ਕਲਾਵਾਂ ਨਾਲੋਂ ਨਿਸ਼ਚੇ ਹੀ ਵਧੇਰੇ ਹੁੰਦਾ ਹੈ| ਨਾਟਕ ਵਿੱਚ ਪੇਸ਼ ਹੋਇਆ ਯਥਾਰਥ, ਜੀਵਨ ਦੇ ਯਥਾਰਥ ਨਾਲੋਂ ਵੱਧ ਪ੍ਰਭਾਵਸ਼ਾਲੀ ਹੁੰਦਾ ਹੈ| ਜ਼ਿੰਦਗੀ ਵਿੱਚ ਨਜ਼ਰ ਆਉਂਦੇ ਯਥਾਰਥ ਦੇ ਭਰਮ ਨੂੰ ਤੋੜ ਕੇ ਲੁਕੇ ਯਥਾਰਥ ਨੂੰ ਦਿਖਾਉਣ ਵਿੱਚ ਇਹ ਇੱਕ ਸਮਰੱਥ ਕਲਾ ਹੈ| ਮਨੁੱਖੀ ਮਨ ਦੇ ਅੰਦਰੂਨੀ ਸੰਕਟ ਦੀ ਮੰਚੀ ਬਿੰਬਾਂ ਰਾਹੀਂ ਕੀਤੀ ਵਿਆਖਿਆ ਨਾਟਕ ਦੇ ਅਰਥਾਂ ਨੂੰ ਸਹੀ ਪ੍ਰਸੰਗ ਵਿੱਚ ਪਰਿਭਾਸ਼ਤ ਕਰਦੀ ਹੈ| ਇਸ ਵਿਧਾ ਦਾ ਮੁੱਖ ਮਕਸਦ ਦਰਸ਼ਕਾਂ ਦੀ ਚੇਤਨਾ ਨੂੰ ਹਲੂਣਾ ਦੇ ਕੇ ਜੀਵਨ ਦੀਆਂ ਨਾਇਨਸਾਫੀਆਂ ਬਾਰੇ ਜਾਗਰੂਕ ਕਰਨਾ ਹੁੰਦਾ ਹੈ| ਇਉਂ ਨਾਟਕ ਦੀ ਸਿਰਜਨਾ ਸੱਚ ਦਾ ਭੁਲੇਖਾ ਪਾਉਣ ਲਈ ਨਹੀਂ ਸਗੋਂ ਸੱਚ ਦੇ ਭੁਲੇਖੇ ਨੂੰ ਤੋੜਨ ਲਈ ਕੀਤੀ ਜਾਂਦੀ ਹੈ|
ਭਰਤ ਮੁਨੀ ਦੇ ਨਾਟ ਸ਼ਾਸਤਰ ਵਿੱਚ ਨਾਟਕ ਨੂੰ ਪੰਜਵਾਂ ਵੇਦ ਕਿਹਾ ਗਿਆ ਹੈ| ਚਾਰੇ ਵੇਦਾਂ ਵਿੱਚੋਂ ਲੋੜੀਂਦੀ ਸਮੱਗਰੀ ਲੈ ਕੇ ਨਾਟ ਵੇਦ ਦੀ ਰਚਨਾ ਕੀਤੀ ਗਈ| ਰਿਗਵੇਦ ਵਿੱਚੋਂ ਪਾਠ (ਸੰਵਾਦ ਸ਼ੈਲੀ), ਸਾਮਵੇਦ ਵਿੱਚੋਂ ਗੀਤ ਸ਼ੈਲੀ, ਯਜੁਰਵੇਦ ਵਿੱਚੋਂ ਅਭਿਨੈ ਦੀਆਂ ਵੱਖ-ਵੱਖ ਸ਼ੈਲੀਆਂ ਤੇ ਅਥਰਵਵੇਦ ਵਿੱਚੋਂ ਰਸ ਲੈ ਕੇ ਨਾਟ ਵੇਦ ਬਣਾਇਆ ਗਿਆ| ਸੰਵਾਦ ਨੂੰ ਨਾਟਕ ਦਾ ਸਰੀਰ ਮੰਨਿਆ ਗਿਆ ਹੈ| ਸੰਵਾਦ ਦਾ ਤੱਤ ਰਿਗਵੇਦ ਤੋਂ ਗ੍ਰਹਿਣ ਕੀਤਾ ਗਿਆ ਹੈ| ਅਭਿਨਵਗੁਪਤ ਨੇ ਵੀ ਨਾਟਕ ਲਈ ਸੰਵਾਦ ਅਤੇ ਗੀਤਾਂ ਨੂੰ ਪ੍ਰਮੁੱਖਤਾ ਦਿੱਤੀ ਹੈ| ਨਾਟ ਸ਼ਾਸਤਰ ਅਨੁਸਾਰ ਚਾਰੇ ਵਰਣ ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ ਇਸ ਨਾਟ ਸ਼ਾਸਤਰ ਨੂੰ ਪੜ੍ਹਨ ਦੇ ਹੱਕਦਾਰ ਹਨ| ਇਸ ਸ਼ਾਸਤਰ ਵਿੱਚ ਤਿੰਨ ਕਿਸਮ ਦੀਆਂ ਵ੍ਰਿਤੀਆਂ ਦਾ ਜ਼ਿਕਰ ਕੀਤਾ ਗਿਆ ਹੈ| ਭਾਰਤੀ, ਸਾਤਵਤੀ ਅਤੇ ਆਰਭਟੀ ਵ੍ਰਿਤੀ| ਵ੍ਰਿਤੀ ਦਾ ਅਰਥ ਅਭਿਨੈ ਕਲਾ ਤੋਂ ਹੈ| ਮਨੁੱਖੀ ਵਿਚਾਰਾਂ ਅਤੇ ਭਾਵਨਾਵਾਂ ਦਾ ਅਭਿਨੈ ਇਨ੍ਹਾਂ ਵ੍ਰਿਤੀਆਂ ਰਾਹੀਂ ਹੁੰਦਾ ਹੈ| ਨਾਟਕ ਦੇ ਅਭਿਨੈ ਤੋਂ ਪੂਰਵ ਨਾਂਦੀ ਪਾਠ ਬਾਰੇ ਜ਼ਿਕਰ ਕੀਤਾ ਗਿਆ ਹੈ| ਇਨ੍ਹਾਂ ਸਲੋਕਾਂ ਵਿੱਚ ਦਰਸ਼ਕਾਂ ਨੂੰ ਅਸ਼ੀਰਵਾਦ ਦਿੱਤਾ ਜਾਂਦਾ ਸੀ| ਨਾਟਕ ਦੌਰਾਨ ਪੈਣ ਵਾਲੇ ਵਿਘਨ ਤੋਂ ਬਚਾਉ ਲਈ ਸ਼ਸਤ੍ਰ (ਜਰਜਰ) ਦੇ ਵਿਧਾਨ ਬਾਰੇ ਵੀ ਜ਼ਿਕਰ ਕੀਤਾ ਗਿਆ ਹੈ| ਨਾਟਕ ਦੇ ਵੱਖ-ਵੱਖ ਪਾਤਰਾਂ ਲਈ ਸੁਰਖਿਆ ਦੇ ਵਿਆਪਕ ਪ੍ਰਬੰਧ ਕਰਨਾ ਇਸ ਗੱਲ ਦਾ ਸੰਕੇਤ ਹੈ ਕਿ ਉਸ ਵੇਲੇ ਨਾਟਕ ਦੀ ਪੇਸ਼ਕਾਰੀ ਵਿੱਚ ਬੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਸੀ| ਅਭਿਨੈ ਦੌਰਾਨ ਪੈਣ ਵਾਲੇ ਇਸ ਖਲਲ ਤੋਂ ਬਚਾਅ ਲਈ ਸੁਰੱਖਿਆ ਦੇ ਕਰੜੇ ਪ੍ਰਬੰਧ ਕੀਤੇ ਜਾਂਦੇ ਸਨ| ਇਨ੍ਹਾਂ ਨਾਟਕੀ ਪ੍ਰਦਰਸ਼ਨੀਆਂ ਦਾ ਮੁੱਖ ਮਨੋਰਥ ਠੀਕ ਅਤੇ ਗਲਤ ਕਰਮਾਂ ਮੁਤਾਬਕ ਪਾਤਰਾਂ ਨੂੰ ਫ਼ਲ ਮਿਲਦਾ ਦਿਖਾ ਕੇ ਦਰਸ਼ਕਾਂ ਨੂੰ ਚੰਗੇ ਕਰਮ ਕਰਨ ਦੀ ਪ੍ਰੇਰਣਾ ਦੇਣਾ ਹੁੰਦਾ ਸੀ| ਨਾਟਕ ਵਿੱਚ ਮਨੁੱਖੀ ਜੀਵਨ ਦੀਆਂ ਸਾਰੀਆਂ ਸਥਿਤੀਆਂ ਪੇਸ਼ ਕੀਤੀਆਂ ਜਾਂਦੀਆਂ ਸਨ| ਇਸੇ ਸਰੋਕਾਰ ਨੂੰ ਮੁੱਖ ਰੱਖਦਿਆਂ ਨਾਟ ਸ਼ਾਸਤਰ ਵਿੱਚ ਨਾਟਕ ਦੀ ਰਚਨਾ ਕਰਨ ਅਤੇ ਉਸਦਾ ਅਭਿਨੈ ਕਰਨ 'ਤੇ ਜ਼ੋਰ ਦਿੱਤਾ ਗਿਆ ਹੈ| ਸਿਆਣੇ, ਮੂਰਖ, ਬੁੱਧੀਜੀਵੀ, ਅਨਪੜ੍ਹ, ਕਾਮੀ, ਸੰਜਮੀ, ਅਮੀਰ, ਗਰੀਬ ਹਰੇਕ ਵਰਗ ਦੇ ਲੋਕਾਂ ਨੂੰ ਆਪੋ ਆਪਣੀ ਜ਼ਰੂਰਤ ਮੁਤਾਬਕ ਇਸ ਸ਼ਾਸਤਰ ਤੋਂ ਗਿਆਨ ਦੀ ਪ੍ਰਾਪਤੀ ਹੋ ਸਕਦੀ ਹੈ| ਸਾਰ ਰੂਪ ਵਿੱਚ ਸੰਸਾਰਕ ਲੋਕਾਂ ਦੇ ਸੁੱਖਾਂ-ਦੁੱਖਾਂ ਨੂੰ ਅਭਿਨੈ ਰਾਹੀਂ ਪੇਸ਼ ਕਰਨ ਵਾਲੀ ਇਸ ਕਲਾ ਨੂੰ ਨਾਟਕ ਕਿਹਾ ਗਿਆ ਹੈ ਜਿਸ ਵਿੱਚ ਗਿਆਨ, ਵਿਗਿਆਨ, ਇਤਿਹਾਸ ਤੇ ਕਲਪਨਾ ਆਧਾਰਤ ਸਰੋਕਾਰਾਂ ਦੇ ਨਾਲ-ਨਾਲ ਲੋਕਾਂ ਦੇ ਮਨੋਰੰਜਨ ਪਹਿਲੂ ਨੂੰ ਵੀ ਅਹਿਮੀਅਤ ਦਿੱਤੀ ਗਈ|
ਵਿਸ਼ਵਨਾਥ ਨੇ 'ਸਾਹਿਤਯ ਦਰਪਣ' ਵਿੱਚ ਨਾਟਕ ਦੇ ਸਰੂਪ ਨੂੰ ਇਉਂ ਨਿਰਧਾਰਤ ਕੀਤਾ ਹੈ| ਇਸ ਦੀ ਕਥਾ ਵਸਤੂ ਦਾ ਆਧਾਰ ਪ੍ਰਸਿੱਧ ਬਿਰਤਾਂਤਕ ਕਥਾ ਹੁੰਦੀ ਹੈ| ਭਾਵੇਂ ਇਸ ਵਿੱਚ ਅਨੇਕ ਰਸਾਂ ਦੀ ਅਭਿਵਿਅਕਤੀ ਹੁੰਦੀ ਹੈ ਪਰ ਪ੍ਰਧਾਨ ਰਸ ਸ਼ਿੰਗਾਰ ਤੇ ਬੀਰ ਰਸ ਹੁੰਦੇ ਹਨ| ਇਸ ਤੋਂ ਬਿਨਾਂ ਬਾਕੀ ਰਸ ਜਿਵੇਂ ਕਰੁਣਾ, ਹਾਸ, ਰੌਦਰ ਆਦਿ ਗੌਣ ਰੂਪ ਵਿੱਚ ਹੁੰਦੇ ਹਨ| ਨਾਟਕੀ ਅੰਕਾਂ ਦੀ ਗਿਣਤੀ ਪੰਜ ਤੋਂ ਲੈ ਕੇ ਦੱਸ ਤੱਕ ਪ੍ਰਵਾਨ ਕੀਤੀ ਗਈ ਹੈ| ਪਾਤਰਾਂ ਦੀ ਗਿਣਤੀ ਚਾਰ ਜਾਂ ਪੰਜ ਤੱਕ ਨਿਸ਼ਚਿਤ ਕੀਤੀ ਗਈ ਹੈ| ਨਾਟਕ ਦਾ ਨਾਇਕ, ਉੱਚ ਸ਼੍ਰੇਣੀ ਦਾ, ਹਿੰਮਤੀ, ਗੁਣੀ, ਧੀਰਜ ਰੱਖਣ ਵਾਲਾ ਅਤੇ ਦਿਬ ਪੁਰਸ਼ ਹੁੰਦਾ ਹੈ| ਨਾਟਕ ਦਾ ਨਿਭਾਅ ਬੜਾ ਵਚਿਤਰ ਕਿਸਮ ਦਾ ਹੁੰਦਾ ਹੈ|
(ਸਹਾਇਕ ਗ੍ਰੰਥ - ਪ੍ਰੇਮ ਪ੍ਰਕਾਸ਼ ਸਿੰਘ : ਭਾਰਤੀ ਕਾਵਿ ਸ਼ਾਸਤ੍ਰ; ਭਰਤ ਮੁਨੀ : ਨਾਟਯ ਸ਼ਾਸਤ੍ਰ; ਮੈਥਲੀਪ੍ਰਸਾਦ ਭਾਰਦਵਾਜ : ਪਾਸ਼ਚਾਤਯ ਕਾਵਯ ਸ਼ਾਸਤ੍ਰ ਕੇ ਸਿਧਾਂਤ)
ਇਹ ਨਾਟਕ ਦਾ ਅਜਿਹਾ ਗੁਣ ਹੈ ਜਿਸ ਸਦਕਾ ਨਾਟਕ ਵਿੱਚ ਉਤਸਕਤਾ ਤੇ ਰੌਚਕਤਾ ਪੈਦਾ ਹੁੰਦੀ ਹੈ| ਪੰਜਾਬੀ ਨਾਟਕਕਾਰਾਂ ਨੇ ਨਾਟਕ ਸਿਰਜਨ ਵੇਲੇ ਨਾਟਕੀਅਤਾ ਦੇ ਅੰਸ਼ ਪ੍ਰਤੀ ਉਚੇਚਾ ਧਿਆਨ ਦਿੱਤਾ ਹੈ| ਨਾਟਕ ਵਿੱਚ ਨਾਟਕੀਅਤਾ ਪੈਦਾ ਕਰਨ ਵਾਲਾ ਮੁੱਖ ਤੱਤ ਟੱਕਰ ਜਾ ਤਣਾਓ ਹੁੰਦਾ ਹੈ| ਨਾਟਕ ਦੀ ਹਰੇਕ ਘਟਨਾ ਨਾਟਕੀ ਨਹੀਂ ਹੁੰਦੀ| ਅਚੰਭਿਤ ਕਰਨ ਵਾਲੀ ਅਜਿਹੀ ਘਟਨਾ ਜਿਸ ਸਦਕਾ ਪਾਤਰ ਅਸੰਤੁਲਿਤ ਵਿਹਾਰ, ਅਤੇ ਦੁਚਿੱਤੀ ਦਾ ਸ਼ਿਕਾਰ ਹੋ ਜਾਂਦੇ ਹਨ; ਅਜਿਹੀਆਂ ਸਥਿਤੀਆਂ ਤੇ ਘਟਨਾਵਾਂ ਕਾਰਨ ਪੈਦਾ ਹੋਈ ਤਨਾਓ ਯੁਕਤ ਹਾਲਤ ਨਾਟਕ ਦੇ ਸਮੁੱਚੇ ਵਾਤਾਵਰਨ ਵਿੱਚ ਵਿਆਪਕ ਪੱਧਰ ਉੱਤੇ ਫੈਲ ਜਾਂਦੀ ਹੈ| ਸਮੇਂ ਤੇ ਸਪੇਸ ਦੀ ਸੀਮਾ ਵਿੱਚ ਬੰਨ੍ਹੇ ਪਾਤਰ ਇਸ ਤਨਾਓ ਨੂੰ ਹੰਢਾਉਂਦੇ ਹੋਏ ਤੇ ਪਰਿਸਥਿਤੀਆਂ ਦਾ ਵਿਰੋਧ ਕਰਦੇ ਹੋਏ ਨਜ਼ਰ ਆਉਂਦੇ ਹਨ| ਅਜਿਹੇ ਵਿਰੋਧ ਸਦਕਾ ਨਾਟਕ ਵਿੱਚ ਟਕਰਾਓ ਦੀ ਸਥਿਤੀ ਪੈਦਾ ਹੁੰਦੀ ਹੈ| ਅਜਿਹੀ ਟੱਕਰ ਹੀ ਨਾਟਕ ਵਿਚਲੀ ਨਾਟਕੀਅਤਾ ਦਾ ਮੂਲ ਆਧਾਰ ਬਣਦੀ ਹੈ| ਇਹੀ ਟੱਕਰ ਨਾਟਕ ਵਿੱਚ ਕਾਰਜ ਨੂੰ ਜਨਮ ਦਿੰਦੀ ਹੈ| ਅਸਲ ਵਿੱਚ ਟੱਕਰ ਅਤੇ ਕਾਰਜ ਦੇ ਮੇਲ ਨੂੰ ਹੀ ਨਾਟਕੀਅਤਾ ਕਹਿੰਦੇ ਹਨ|
ਡਾ. ਹਰਿਭਜਨ ਭਾਟੀਆ ਨਾਟਕ ਦੀ ਵਿਧਾ ਬਾਰੇ ਚਰਚਾ ਕਰਦਾ ਹੋਇਆ ਨਾਟਕੀਅਤਾ ਦੇ ਸੰਕਲਪ ਨੂੰ ਇਉਂ ਸਪਸ਼ਟ ਕਰਦਾ ਹੈ, ''ਨਾਟਕੀਅਤਾ ਕਲਾਤਮਕਤਾ ਅਤੇ ਸਾਹਿਤਕਤਾ ਵਾਂਗ, ਇੱਕ ਅਜਿਹਾ ਸੰਕਲਪ ਹੈ ਜਿਸ ਦੀਆਂ ਸੀਮਾਵਾਂ ਅਤੇ ਸੰਭਾਵਨਾਵਾਂ ਨੂੰ ਵਰਨਣ ਕੀਤਾ ਜਾ ਸਕਦਾ ਹੇ, ਪਰ ਪਰਿਭਾਸ਼ਤ ਨਹੀਂ| ਇਸ ਨੂੰ ਪਰਿਭਾਸ਼ਤ ਕਰਨਾ ਇਸ ਕਰਕੇ ਕਠਿਨ ਹੈ ਕਿਉਂਕਿ ਇੱਕ ਪਾਸੇ ਤਾਂ ਇਸ ਦਾ ਸੰਬੰਧ ਨਾਟਕਕਾਰ ਦੀ ਸੰਵੇਦਨਾ ਨਾਲ ਜੁੜਿਆ ਹੋਇਆ ਹੈ ਅਤੇ ਦੂਸਰੇ ਪਾਸੇ ਦਰਸ਼ਕ/ਪਾਠਕ ਦੀ ਮਨੋਸਥਿਤੀ ਨਾਲ| ਨਾਟਕੀਅਤਾ ਕੋਈ ਅਜਿਹੀ ਚੀਜ਼ ਨਹੀਂ ਹੁੰਦੀ ਜਿਸ ਨੂੰ ਰਚਨਾ ਦੇ ਸਮੁੱਚ ਵਿੱਚੋਂ ਅੱਡ ਕਰਕੇ ਨਿਰਪੇਖ ਰੂਪ ਵਿੱਚ ਪੇਸ਼ ਕੀਤਾ ਜਾ ਸਕੇ| ਰਚਣਹਾਰ ਦੀ ਸੰਵੇਦਨਾ ਪਾਠਕ ਦੀ ਮਨੋਸਥਿਤੀ ਅਤੇ ਵਿਧਾ ਦੀਆਂ ਸੀਮਾਵਾਂ ਅਤੇ ਸੰਭਾਵਨਾਵਾਂ ਆਦਿ ਪੱਖਾਂ ਨੂੰ ਦ੍ਰਿਸ਼ਟੀ ਅਧੀਨ ਰੱਖ ਕੇ ਹੀ ਇਸ ਸੰਕਲਪ ਨੂੰ ਸਮਝਿਆ ਜਾ ਸਕਦਾ ਹੈ`| (ਸਮਕਾਲੀਨ ਪੰਜਾਬੀ ਨਾਟਕ ਤੇ ਰੰਗਮੰਚ : ਦਸ਼ਾ ਤੇ ਦਿਸ਼ਾ- ਪੰਨਾ 23)
ਇਉਂ ਨਾਟਕੀਅਤਾ ਦਾ ਮੂਲ ਆਧਾਰ ਟੱਕਰ ਸਿੱਧ ਹੁੰਦੀ ਹੈ| ਇਹੋ ਟੱਕਰ ਨਾਟਕ ਵਿੱਚ ਉਤਸੁਕਤਾ ਅਤੇ ਦਿਲਚਸਪੀ ਦੇ ਅੰਸ਼ ਭਰਦੀ ਹੈ| ਟੱਕਰ ਦੋ ਧਿਰਾਂ ਵਿਚਕਾਰ, ਦੋ ਵਿਰੋਧੀ ਪਰਿਸਥਿਤੀਆਂ ਵਿਚਕਾਰ, ਪਾਤਰ ਦੀ ਆਪਣੇ ਅੰਦਰਲੇ ਨਾਲ ਜਾਂ ਪਾਤਰ ਦੀ ਆਪਣੇ ਚੌਗਿਰਦੇ ਨਾਲ ਹੋ ਸਕਦੀ ਹੈ| ਜਦੋਂ ਇਹ ਟੱਕਰ ਮਨੁੱਖ ਦੀ ਦੁਬਿਧਾ ਜਾਂ ਦੁਚਿੱਤੀ ਰਾਹੀਂ ਉਭਰੇ ਤਾਂ ਉਸ ਨੂੰ ਅੰਦਰੂਨੀ ਟੱਕਰ ਕਿਹਾ ਜਾਂਦਾ ਹੈ ਅਤੇ ਜਦੋਂ ਦੋ ਧਿਰਾਂ ਵਿਚਕਾਰ ਕੋਈ ਦਵੰਦ ਜਾਂ ਵਿਰੋਧ ਉਤਪੰਨ ਹੋਵੇ ਉਸ ਨੂੰ ਬਾਹਰੀ ਟੱਕਰ ਕਿਹਾ ਜਾਂਦਾ ਹੈ| ਅਜਿਹੇ ਟਕਰਾਓ ਵਿੱਚੋਂ ਪੈਦਾ ਹੋਣ ਵਾਲੀ ਸਥਿਤੀ ਨੂੰ ਨਾਟਕੀਅਤਾ ਕਿਹਾ ਜਾਂਦਾ ਹੈ| ਪੰਜਾਬੀ ਨਾਟਕਕਾਰਾਂ ਨੇ ਨਾਟਕੀਅਤਾ ਤੇ ਤੱਤ ਨੂੰ ਇੱਕ ਜੁਗਤ ਦੇ ਤੌਰ 'ਤੇ ਵਰਤਿਆ ਹੈ| ਨਾਟਕੀਅਤਾ ਦਾ ਪ੍ਰਭਾਵ ਸਿਰਜਣ ਲਈ ਪੰਜਾਬੀ ਨਾਟਕਕਾਰ ਬੜੀਆਂ ਅਨੋਖੀਆਂ ਅਤੇ ਅਕਾਸਮਿਕ (ਅਚਾਨਕੀ) ਸਥਿਤੀਆਂ ਦੀ ਰਚਨਾ ਕਰਨ ਵਿੱਚ ਨਿਪੁੰਨ ਹਨ| ਕਪੂਰ ਸਿੰਘ ਘੁੰਮਣ ਦਾ ਨਾਟਕ ਅਤੀਤ ਦੇ ਪਰਛਾਂਵੇ ਇਸ ਦੀ ਬਿਹਤਰੀਨ ਮਿਸਾਲ ਹੈ| ਨਾਟਕ ਦੀ ਮੁੱਖ ਪਾਤਰ ਆਪਣੇ ਪਤੀ ਨਾਲ ਉਸੇ ਹਾਊਸਬੋਟ ਵਿੱਚ ਆ ਕੇ ਠਹਿਰਦੀ ਹੈ ਜਿੱਥੇ ਕਈ ਸਾਲ ਪਹਿਲਾਂ ਉਹ ਆਪਣੇ ਪ੍ਰੇਮੀ ਨਾਲ ਆ ਕੇ ਰੁਕੀ ਸੀ| ਸੁਰਜੀਤ ਸਿੰਘ ਸੇਠੀ, ਆਤਮਜੀਤ, ਪਾਲੀ ਭੁਪਿੰਦਰ ਦੇ ਨਾਟਕਾਂ ਵਿੱਚ ਵੀ ਅਜਿਹੀਆਂ ਅਜੀਬ ਕਿਸਮ ਦੀਆਂ ਸਥਿਤੀਆਂ ਸਿਰਜਣ ਦੀ ਕੋਸ਼ਿਸ਼ ਵਿਆਪਕ ਪੱਧਰ 'ਤੇ ਕੀਤੀ ਨਜ਼ਰ ਆਉਂਦੀ ਹੈ| ਅਜਿਹੀ ਨਾਟਕੀਅਤਾ ਦੀ ਵਰਤੋਂ ਨਾਟਕ ਵਿੱਚ ਕਲਾਈਮੈਕਸ ਦਾ ਪ੍ਰਭਾਵ ਪੈਦਾ ਕਰਨ ਲਈ ਕੀਤੀ ਜਾਂਦੀ ਹੈ ਪਰ ਜਦੋਂ ਨਾਟਕਕਾਰ ਦਾ ਮਕਸਦ ਕੋਰੀ ਨਾਟਕੀਅਤਾ ਪੈਦਾ ਕਰਨ ਦਾ ਹੀ ਰਹਿ ਜਾਵੇ ਤਾਂ ਰਚਨਾ ਕਲਾਤਮਕ ਸੁਹਜ ਤੋਂ ਵਿਹੀਣ ਹੋ ਜਾਂਦੀ ਹੈ ਤੇ ਨਾਟਕੀਅਤਾ ਉਲਾਰਤਾ ਦੇ ਤੱਤ ਨੂੰ ਗ੍ਰਹਿਣ ਕਰਕੇ ਆਪਣੀ ਸਾਰਥਕਤਾ ਤੋਂ ਟੁੱਟ ਜਾਂਦੀ ਹੈ| ਪਾਤਰਾਂ ਦਾ ਅਨੋਖਾ ਤੇ ਵਚਿਤਰ ਵਿਹਾਰ ਵੀ ਨਾਟਕ ਵਿੱਚ ਨਾਟਕੀਅਤਾ ਪੈਦਾ ਕਰਦਾ ਹੈ| ਵਰਤਮਾਨ ਵਿੱਚ ਪੇਸ਼ ਹੋਣ ਵਾਲੀ ਇਸ ਵਿਧਾ ਵਿੱਚ ਨਾਟਕਕਾਰ ਦੀ ਕੋਸ਼ਿਸ਼ ਜ਼ਿੰਦਗੀ ਨੂੰ ਬਦਲੇ ਰੂਪ ਵਿੱਚ ਪੇਸ਼ ਕਰਕੇ ਕੁਝ ਨਵਾਂ ਦਿਖਾਉਣ ਦੀ ਰਹਿੰਦੀ ਹੈ| ਸਧਾਰਨ ਜੀਵਨ ਨਾਲੋਂ ਹਟਵਾਂ ਵਿਹਾਰ ਹੀ ਰਚਨਾ ਵਿੱਚ ਨਵੀਨਤਾ ਤੇ ਵੱਖਰਤਾ ਦੇ ਅੰਸ਼ ਭਰਦਾ ਹੈ| ਪਾਤਰਾਂ ਤੇ ਸਥਿਤੀਆਂ ਦਾ ਅਜਿਹਾ ਨਿਵੇਕਲਾਪਣ ਹੀ ਨਾਟਕ ਵਿੱਚ ਕਲਾਤਮਕ ਸੁਹਜ ਭਰਦਾ ਹੈ| ਬਲਵੰਤ ਗਾਰਗੀ ਦੇ ਨਾਟਕਾਂ ਵਿੱਚ ਔਰਤ ਦਾ ਬਿੰਬ ਪਰੰਪਰਕ ਪੰਜਾਬੀ ਨਾਰੀ ਨਾਲੋਂ ਬਿਲਕੁਲ ਵੱਖਰਾ ਨਜ਼ਰ ਆਉਂਦਾ ਹੈ| ਉਹਦੇ ਨਾਟਕਾਂ ਵਿੱਚ ਔਰਤ ਹਰ ਤਰ੍ਹਾਂ ਦੇ ਰਵਾਇਤੀ ਮੁੱਲਾਂ ਦੀ ਜਕੜਬੰਦੀ ਤੋਂ ਬਾਹਰ ਆ ਕੇ ਬੇਬਾਕ ਨਾਰੀ ਦੇ ਰੂਪ ਵਿੱਚ ਵਿਚਰਦੀ ਹੈ| ਮੰਚੀ ਸੰਦਰਭ ਵਿੱਚ ਦੇਖਿਆਂ ਔਰਤ ਦੀ ਅਜਿਹੀ ਬੇਖੌਫ ਦਲੇਰੀ ਦਰਸ਼ਕਾਂ ਲਈ ਵਿਸ਼ੇਸ਼ ਖਿੱਚ ਦਾ ਕਾਰਨ ਬਣਦੀ ਹੈ| ਆਪਣੇ ਹੱਕਾਂ ਲਈ ਲੜਦੀ ਔਰਤ ਜਦੋਂ ਮਰਦ ਵਰਗ ਨੂੰ ਲਲਕਾਰਦੀ ਹੈ ਤਾਂ ਦਰਸ਼ਕ ਅੱਸ਼-ਅੱਸ਼ ਕਰ ਉਠਦੇ ਹਨ| ਕਿਉਂਕਿ ਵਾਸਤਵਿਕ ਜਿੰਦਗੀ ਵਿੱਚ ਔਰਤ ਦਾ ਅਜਿਹਾ ਵਿਹਾਰ ਦਰਸ਼ਕਾਂ ਨੂੰ ਵੇਖਣ ਨੂੰ ਨਹੀਂ ਮਿਲਦਾ ਇਸ ਲਈ ਅਜਿਹੇ ਦ੍ਰਿਸ਼ ਰੌਚਕਤਾ ਅਤੇ ਉਤਸਕਤਾ ਪੈਦਾ ਕਰਨ ਦੇ ਨਾਲ ਦਰਸ਼ਕ ਨੂੰ ਸੋਚਣ ਦੀ ਚੇਟਕ ਵੀ ਲਾਉਂਦੇ ਹਨ| ਅਜਿਹੀਆਂ ਵਚਿਤਰ ਸਥਿਤੀਆਂ ਨਾਟਕੀਅਤਾ ਦੇ ਤੱਤ ਨੂੰ ਉਤਪੰਨ ਕਰਦੀਆਂ ਹਨ|
(ਸਹਾਇਕ ਗ੍ਰੰਥ - ਹਰਿਭਜਨ ਸਿੰਘ ਭਾਟੀਆ : 'ਨਾਟਕ ਦੀ ਵਿਧਾ', ਰੁਮਿੰਦਰ ਕੌਰ (ਸੰਪਾ.) : ਸਮਕਾਲੀਨ ਪੰਜਾਬੀ ਨਾਟਕ ਤੇ ਰੰਗਮੰਚ ਦਸ਼ਾ ਤੇ ਦਿਸ਼ਾ)
ਨਾਟਕੀ ਸਕ੍ਰਿਪਟੇਪਾਠ ਤੋਂ ਭਾਵ ਨਾਟਕ ਦੇ ਲਿਖਤੀ ਰੂਪ ਤੋਂ ਹੈ| ਨਾਟਕ ਦੀ ਪ੍ਰਦਰਸ਼ਨੀ ਦਾ ਆਧਾਰ ਨਾਟਕ ਦੀ ਸਕ੍ਰਿਪਟ ਹੁੰਦੀ ਹੈ| ਨਾਟਕ ਦੇ ਲਿਖਤੀ ਰੂਪ ਵਿੱਚ ਨਾਟਕੀ ਮੰਚਣ ਦੀਆਂ ਸੰਭਾਵਨਾਵਾਂ ਛੁਪੀਆਂ ਹੁੰਦੀਆਂ ਹਨ| ਨਾਟਕ ਨੂੰ ਲਿਖਣ ਵੇਲੇ ਨਾਟਕ ਦੇ ਖੇਡਣ ਤੱਤਾਂ ਨੂੰ ਨਾਟਕਕਾਰ ਸਦਾ ਆਪਣੀ ਕਲਪਨਾ ਵਿੱਚ ਰੱਖਦਾ ਹੈ| ਸਕ੍ਰਿਪਟ ਦਾ ਸੰਬੰਧ ਨਾਟਕ ਵਿਚਲੇ ਸਾਹਿਤਕ ਅੰਸ਼ਾਂ ਨਾਲ ਹੁੰਦਾ ਹੈ ਤੇ ਪੇਸ਼ਕਾਰੀ ਦਾ ਆਧਾਰ ਰੰਗਮੰਚ ਹੁੰਦਾ ਹੈ| ਨਾਟਕੀ ਅਨੁਭਵ ਦੇ ਤਿੰਨ ਮੂਲ ਤੱਤ ਨਾਟਕ ਦੀ ਸਕ੍ਰਿਪਟ, ਪ੍ਰਦਰਸ਼ਨੀ ਅਤੇ ਦਰਸ਼ਕ ਵਰਗ ਨੂੰ ਮੰਨਿਆ ਗਿਆ ਹੈ| ਨਾਟਕ ਸਿਰਜਨ ਦੀ ਪੱਧਰ ਉੱਤੇ ਸਕ੍ਰਿਪਟ ਅਤੇ ਪੇਸ਼ਕਾਰੀ ਦਾ ਸਥਾਨ ਪ੍ਰਮੁੱਖਤਾ ਵਾਲਾ ਹੈ| ਸਕ੍ਰਿਪਟ ਕਿਸੇ ਵੀ ਨਾਟਕ ਦੀ ਬੁਨਿਆਦ ਹੁੰਦੀ ਹੈ ਅਤੇ ਇਸ ਦੀ ਸੰਪੂਰਨਤਾ ਇਸ ਦੇ ਮੰਚਣ ਪਹਿਲੂ 'ਤੇ ਨਿਰਭਰ ਕਰਦੀ ਹੈ| ਇਉਂ ਸਕ੍ਰਿਪਟ ਅਤੇ ਪੇਸ਼ਕਾਰੀ ਦੋਵੇਂ ਇੱਕ ਦੂਜੇ 'ਤੇ ਆਸਰਿਤ ਤੱਤ ਹਨ| ਦੋਵੇਂ ਪਹਿਲੂ ਹੀ ਨਾਟਕ ਲਈ ਜਰੂਰੀ ਹਨ| ਦੋਹਾਂ ਦੀ ਸਹਿਹੋਂਦ ਬਿਨਾਂ ਨਾਟਕ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ| ਇਹ ਆਪਸ ਵਿੱਚ ਵਿਰੋਧੀ ਜੁਜ਼ ਨਹੀ ਸਗੋਂ ਇੱਕ ਦੂਜੇ ਦੇ ਪੂਰਕ ਹਨ| ਨਾਟਕੀ ਸਕ੍ਰਿਪਟ ਦੀ ਰਚਨਾ ਨਾਟਕ ਖੇਡਣ ਲਈ ਕੀਤੀ ਜਾਂਦੀ ਹੈ|
ਨਾਟਕੀ ਲਿਖਤ ਦੀਆਂ ਵੱਖ ਵੱਖ ਪੇਸ਼ਕਾਰੀਆਂ ਨਾਟਕੀ ਰਚਨਾ ਦੇ ਵਿਭਿੰਨ ਪ੍ਰਸੰਗਕ ਅਰਥਾਂ ਨੂੰ ਉਜਾਗਰ ਕਰਦੀਆਂ ਹਨ| ਪ੍ਰਦਰਸ਼ਨ ਦੀ ਕਲਾ ਨਾਟਕੀ ਲਿਖਤ ਨੂੰ ਨਵੇ ਵਿਸਤਾਰ ਦੇਣ ਦੀ ਸਮਰਥਾ ਰੱਖਦੀ ਹੈ| ਵੱਖ ਵੱਖ ਸਮੇਂ ਤੇ ਸਥਿਤੀਆਂ ਵਿੱਚ ਵੱਖ ਵੱਖ ਤਰਾਂ ਦਾ ਨਿਰਦੇਸ਼ਨ ਨਾਟ ਰਚਨਾ ਵਿੱਚ ਛੁਪੇ ਅਰਥਾਂ ਨੂੰ ਵਿਆਪਕ ਸੰਦਰਭ ਪ੍ਰਦਾਨ ਕਰਦਾ ਹੈ| ਅਜੋਕੇ ਥੀਏਟਰ ਵਿੱਚ ਸਕ੍ਰਿਪਟ ਦਾ ਦਰਜਾ ਗੌਣ ਕਰ ਦਿੱਤਾ ਗਿਆ ਹੈ| ਨਾਟ ਕਲਾ ਵਿੱਚ ਤਤਕਾਲੀ ਪ੍ਰਦਰਸ਼ਨ ਦੇਖਣ ਤੋਂ ਬਾਅਦ ਨਾਟ ਸਕ੍ਰਿਪਟ ਤਿਆਰ ਕਰਨ ਦੇ ਪ੍ਰਯੋਗ ਕਾਰਗਰ ਸਿੱਧ ਨਹੀਂ ਹੋਏ| ਨਾਟ ਲਿਖਤ ਵਿੱਚ ਨਿਗਰ ਤੇ ਚਿਰਕਾਲੀ ਅੰਸ਼ ਭਰਨ ਲਈ ਨਾਟਕਕਾਰ ਕੋਲ ਦੀਰਘ ਦ੍ਰਿਸ਼ਟੀ ਤੇ ਸੂਖ਼ਮ ਸੋਝੀ ਦਾ ਹੋਣਾ ਜ਼ਰੂਰੀ ਹੈ| ਕਿਸੇ ਵੀ ਨਾਟਕ ਦਾ ਵਧੀਆ ਪ੍ਰਦਰਸ਼ਨ, ਸਕ੍ਰਿਪਟ ਦੀ ਸ੍ਰੇਸ਼ਟਤਾ ਉੱਤੇ ਨਿਰਭਰ ਕਰਦਾ ਹੈ|
ਨਾਟਕ ਇੱਕ ਸੰਜਮੀ ਕਲਾ ਹੈ| ਲਾਈਵ ਵਿਧਾ ਹੋਣ ਕਰਕੇ ਨਾਟਕ ਨੇ ਨਿਸਚਿਤ ਸਮੇਂ ਅੰਦਰ ਖਤਮ ਹੋਣਾ ਹੰਦਾ ਹੈ| ਦਰਸ਼ਕਾਂ ਨੂੰ ਸਿੱਧੇ ਰੂਪ ਵਿੱਚ ਮੁਖਾਤਬ ਹੋਣ ਕਰਕੇ ਨਾਟਕਕਾਰ ਇਸ ਨੂੰ ਲਿਖਣ ਵੇਲੇ ਹੀ ਜਿੱਥੇ ਇਸਦੇ ਮੰਚੀ ਪਹਿਲੂ ਨੂੰ ਧਿਆਨ ਵਿੱਚ ਰੱਖ ਕੇ ਘਟਨਾਵਾਂ ਦੀ ਚੋਣ ਕਰਦਾ ਹੈ ਉੱਥੇ ਇਸ ਦੇ ਪਾਤਰਾਂ ਬਾਰੇ ਅਤੇ ਪਾਤਰਾਂ ਦੁਆਰਾ ਉਚਾਰੀ ਜਾਣ ਵਾਲੀ ਵਾਰਤਾਲਾਪ ਬਾਰੇ ਵੀ ਪੂਰਾ ਸੁਚੇਤ ਰਹਿੰਦਾ ਹੈ| ਸਾਰੀਆਂ ਘਟਨਾਵਾਂ ਦੀ ਪੇਸ਼ਕਾਰੀ ਮੰਚ ਉਤੋਂ ਦਿਖਾਉਣੀ ਸੰਭਵ ਨਹੀਂ ਹੁੰਦੀ ਇਸ ਲਈ ਕਈ ਘਟਨਾਵਾਂ ਨੂੰ ਮੰਚ ਉੱਤੇ ਵਾਪਰਦੀਆਂ ਨਹੀਂ ਦਿਖਾਇਆ ਜਾਂਦਾ ਸਗੋਂ ਪਾਤਰਾਂ ਦੀ ਆਪਸੀ ਗੱਲਬਾਤ ਤੋਂ ਦਰਸ਼ਕਾਂ ਨੂੰ ਉਹਨਾਂ ਵਾਪਰ ਚੁੱਕੀਆਂ ਘਟਨਾਵਾਂ ਬਾਰੇ ਜਾਣਕਾਰੀ ਹਾਸਿਲ ਹੁੰਦੀ ਹੈ ਜਿਨ੍ਹਾਂ ਦਾ ਨਾਟਕ ਨਾਲ ਸੰਬੰਧ ਹੁੰਦਾ ਹੈ| ਇਉਂ ਬਿਆਨ ਦੀ ਵਿਧੀ ਰਾਹੀਂ ਦਰਸ਼ਕਾਂ ਨੂੰ ਨਾਟਕੀ ਕਾਰਜ ਨਾਲ ਜੋੜ ਕੇ ਸਮੇਂ ਦੀ ਸੀਮਾ ਦਾ ਧਿਆਨ ਰੱਖਿਆ ਜਾਂਦਾ ਹੈ| ਨਾਟਕਕਾਰ ਕੋਲ ਨਾਵਲਕਾਰ ਵਾਲੀ ਸੁਵਿਧਾ ਹਾਸਿਲ ਨਹੀਂ ਹੁੰਦੀ| ਨਾਟਕ ਵਿੱਚ ਸੰਜਮਤਾ ਦਾ ਗੁਣ ਇਸ ਹੱਦ ਤੱਕ ਵਿਆਪਕ ਹੁੰਦਾ ਹੈ ਕਿ ਇਸ ਵਿਧਾ ਬਾਰੇ ਇਹ ਕਿਹਾ ਜਾਂਦਾ ਹੈ ਕਿ ਨਾਟਕ ਵਿੱਚ ਕੁੱਝ ਵੀ ਫ਼ਾਲਤੂ ਨਹੀਂ ਹੁੰਦਾ| ਨਾਵਲ ਵਿੱਚ ਜਿਸ ਗੱਲ ਨੂੰ ਕਹਿਣ ਲਈ ਲੰਮਾ ਚੌੜਾ ਬਿਰਤਾਂਤ ਸਿਰਜਿਆ ਜਾਂਦਾ ਹੈ, ਨਾਟਕ ਵਿੱਚ ਉਹ ਸਾਰਾ ਕੁਝ ਚਿੰਨਾਂ, ਸੰਕੇਤਾਂ ਤੇ ਇਸ਼ਾਰਿਆਂ ਦੀ ਭਾਸ਼ਾ ਰਾਹੀਂ ਦਰਸ਼ਕਾਂ ਤੱਕ ਪੁਚਾਇਆ ਜਾਂਦਾ ਹੈ| ਸਟੇਜ ਉੱਤੇ ਨਜ਼ਰ ਆਉਣ ਵਾਲੀ ਹਰ ਨਿਕੀ ਤੋਂ ਨਿਕੀ ਵਸਤ, ਨਾਟਕ ਦੇ ਅਰਥਾਂ ਨੂੰ ਵਿਸਤਾਰ ਦੇਣ ਵਾਲੀ ਹੁੰਦੀ ਹੈ| ਇਸ ਲਈ ਨਾਟਕੀ ਲਿਖਤ ਦੇ ਵਧੀਆ ਹੋਣ ਦੇ ਨਾਲ ਨਾਲ ਨਾਟ-ਨਿਰਦੇਸ਼ਕ ਦੀ ਨਾਟਕੀ ਸੂਝ ਅਤੇ ਸੂਖ਼ਮ ਸਮਰੱਥਾ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਦਾ ਹੈ ਕਿ ਨਾਟਕ ਵਿੱਚ ਸੰਜਮ ਵਰਤਣ ਵਿੱਚ ਨਿਰਦੇਸ਼ਕ ਕਿਸ ਹੱਦ ਤੱਕ ਕਾਮਯਾਬ ਰਿਹਾ ਹੈ| ਸੀਮਤ ਸਮੇਂ, ਥੋੜ੍ਹੇ ਪਾਤਰਾਂ ਅਤੇ ਸੰਕੇਤਕ ਭਾਸ਼ਾ ਵਿੱਚ ਖੇਡੀ ਜਾਣ ਵਾਲੀ ਇਸ ਕਲਾ ਵਿੱਚ ਬਹੁਤ ਕੁਝ ਅਣਕਿਹਾ ਹੁੰਦਾ ਹੈ| ਉਸ ਅਣਕਹੇ ਨੂੰ ਦਰਸ਼ਕ ਆਪਣੀ ਬੌਧਿਕ ਸਮਰਥਾ ਸਦਕਾ ਡੀ ਕੋਡ ਕਰਕੇ ਉਸ ਵਿੱਚ ਅਰਥ ਭਰਦਾ ਹੈ| ਇਸੇ ਲਈ ਨਾਟਕ ਵਿੱਚ ਦ੍ਰਿਸ਼ ਦੀ ਭਾਸ਼ਾ ਦਾ ਮਹੱਤਵ ਸਵੀਕਾਰਿਆ ਗਿਆ ਹੈ| ਦ੍ਰਿਸ਼ ਰਾਹੀਂ ਹਾਸਿਲ ਕੀਤੀ ਜਾਣਕਾਰੀ, ਪਾਤਰਾਂ ਦੁਆਰੇ ਉਚਾਰੇ ਵਾਰਤਾਲਾਪ ਨਾਲੋਂ ਜਿੱਥੇ ਵੱਧ ਪ੍ਰਭਾਵਸ਼ਾਲੀ ਹੁੰਦੀ ਹੈ ਉੱਥੇ ਨਾਟਕ ਵਿੱਚ ਸੰਜਮਤਾ ਦੇ ਅੰਸ਼ ਵੀ ਭਰਦੀ ਹੈ| ਇਸ ਵਿਧਾ ਵਿੱਚ ਪਾਤਰਾਂ ਦੀ ਗਿਣਤੀ ਵੀ ਸੰਜਮ ਦੀ ਮੰਗ ਕਰਦੀ ਹੈ| ਮੰਚ ਉੱਤੇ ਪਾਤਰਾਂ ਦਾ ਘੜਮੱਸ ਦਰਸ਼ਕਾਂ ਲਈ ਔਕੜਾਂ ਪੈਦਾ ਕਰਦਾ ਹੈ| ਪੁਰਾਤਨ ਨਾਟਕਾਂ ਵਿੱਚ ਐਕਟਾਂ ਦੀ ਗਿਣਤੀ ਦੀ ਬਹੁਤਾਤ ਜਿੱਥੇ ਨਾਟਕ ਦੇ ਦਰਸ਼ਕਾਂ ਲਈ ਮੁਸ਼ਕਿਲ ਪੈਦਾ ਕਰਦੀ ਸੀ ਉੱਥੇ ਅਜਿਹੇ ਨਾਟਕਾਂ ਦੇ ਮੰਚਨ ਵਿੱਚ ਵੀ ਨਿਰਦੇਸ਼ਕ ਨੂੰ ਕਠਿਨਾਈ ਦਾ ਸਾਹਮਣਾ ਕਰਨਾ ਪੈਂਦਾ ਸੀ| ਇਸ ਲਈ ਬਹੁਤੇ ਐਕਟਾਂ ਦੀ ਥਾਂ 'ਤੇ ਤਿੰਨ ਐਕਟਾਂ ਵਾਲੇ ਨਾਟਕ ਲਿਖਣੇ ਖੇਡਣ ਦੀ ਪ੍ਰਥਾ ਦਾ ਅਰੰਭ ਹੋਇਆ| ਟੈਕਨੀਕ ਦੇ ਇਸ ਯੁੱਗ ਵਿੱਚ ਅਤੇ ਮੰਚੀ ਸਹੂਲਤਾਂ ਵਾਲੇ ਥੀਏਟਰ ਵਿੱਚ ਥੋੜ੍ਹੇ ਪਾਤਰਾਂ,ਘੱਟ ਐਕਟਾਂ ਅਤੇ ਛੋਟੇ ਸੰਵਾਦਾਂ ਦੀ ਸਿਰਜਨਾ ਰਾਹੀਂ ਵੀ ਜ਼ਿੰਦਗੀ ਦੀ ਵਿਆਪਕਤਾ ਨੂੰ ਪੇਸ਼ ਕੀਤਾ ਜਾ ਸਕਦਾ ਹੈ| ਥੋੜ੍ਹੇ ਪਾਤਰਾਂ ਅਤੇ ਬਹੁਤੇ ਦ੍ਰਿਸ਼ ਪਰਿਵਰਤਨ ਤੋਂ ਬਿਨਾਂ ਨਾਟਕਾਂ ਦੇ ਸਫ਼ਲ ਮੰਚਨ ਵਿੱਚ ਪੰਜਾਬੀ ਨਾਟਕਕਾਰਾਂ ਨੇ ਵਿਲੱਖਣ ਭੂਮਿਕਾ ਨਿਭਾਈ ਹੈ| ਪਾਲੀ ਭੁਪਿੰਦਰ ਦੇ ਪਿਆਸਾ ਕਾਂ ਵਿੱਚ ਕੇਵਲ ਇੱਕੋ ਅਭਿਨੇਤਾ ਹੈ| ਇੱਕ ਪਾਤਰ ਦੇ ਆਤਮ ਸੱਚ ਦੀ ਅਭਿਵਿਅਕਤੀ ਨਾਟਕੀ ਰੂਪ ਵਿੱਚ ਸਾਕਾਰ ਹੁੰਦੀ ਹੈ|
ਸਹਾਇਕ ਗ੍ਰੰਥ - ਨੇਮਿਚਿੰਦ੍ਰ ਜੈਨ : ਰੰਗ ਦਰਸ਼ਨ; Ronald peacock : The art of drama)
ਸਾਜ਼ਾਂ ਦੀ ਵਰਤੋਂ ਨਾਟਕ ਦੀ ਪ੍ਰਦਰਸ਼ਨੀ ਨੂੰ ਪ੍ਰਭਾਵਸ਼ਾਲੀ ਬਣਾਉਣ ਵਿੱਚ ਕਾਰਗਰ ਰੋਲ ਅਦਾ ਕਰਦੀ ਹੈ| ਭਰਤ ਮੁਨੀ ਦੇ ਨਾਟ-ਸ਼ਾਸਤਰ ਵਿੱਚ ਨਾਟਕ ਦੇ ਮੰਚਨ ਵੇਲੇ ਕਈ ਤਰ੍ਹਾਂ ਦੇ ਸਾਜ਼ਾਂ ਦੀ ਵਰਤੋਂ ਦਾ ਸੁਝਾਅ ਦਿੱਤਾ ਗਿਆ ਹੈ| ਵਿਸ਼ੇਸ਼ ਤੌਰ 'ਤੇ ਮਿਰਦੰਗ, ਤਬਲੇ ਅਤੇ ਢੋਲ ਦਾ ਜ਼ਿਕਰ ਕੀਤਾ ਗਿਆ ਹੈ| ਇਨ੍ਹਾਂ ਸਾਜ਼ਾਂ ਦੀ ਉਚਿਤ ਮੌਕੇ 'ਤੇ ਕੀਤੀ ਵਰਤੋਂ ਰਸ ਦੀ ਉਤਪਤੀ ਕਰਨ ਵਿੱਚ ਸਹਾਈ ਹੁੰਦੀ ਹੈ| ਚਮੜੇ ਨਾਲ ਮੜ੍ਹੇ ਹੋਏ ਅਜਿਹੇ ਸਾਜ਼ਾਂ ਦੀ ਸੰਖਿਆ 100 ਦਰਸਾਈ ਗਈ ਹੈ| ਇਨ੍ਹਾਂ ਸਾਜ਼ਾਂ ਵਿੱਚੋਂ ਬਹੁਤੇ ਅੱਜਕਲ ਉਪਲੱਬਧ ਨਹੀਂ ਹਨ| ਇਹ ਸਾਜ਼ ਭਾਰਤ ਦੇ ਵੱਖ-ਵੱਖ ਪ੍ਰਾਂਤਾਂ ਨਾਲ ਸੰਬੰਧਤ ਹਨ ਜਿਨ੍ਹਾਂ ਵਿੱਚੋਂ ਕੁਝ ਇੱਕ ਦਾ ਜ਼ਿਕਰ ਭਰਤ ਮੁਨੀ ਦੇ ਨਾਟ ਸ਼ਾਸਤਰ ਵਿੱਚ ਕੀਤਾ ਮਿਲਦਾ ਹੈ| ਇਨ੍ਹਾਂ ਵਿੱਚੋਂ ਨੂਟ, ਘਟਮ, ਝੱਲਚੀ, ਗਨ, ਘੁਮਟ, ਜੁਮਕਾ ਆਦਿ ਪ੍ਰਮੁੱਖ ਸਾਜ਼ ਹਨ| ਸਭ ਤੋਂ ਪੁਰਾਣਾ ਸਾਜ਼ ਘੜੇ ਨੂੰ ਮੰਨਿਆ ਗਿਆ ਹੈ| ਅਜੋਕੇ ਸਮੇਂ ਵਿੱਚ ਨਗਾਰਾ, ਢੋਲਕ, ਤਬਲਾ, ਡਮਰੂ, ਡੱਗਾ ਆਦਿ ਸਾਜ਼ਾਂ ਦੀ ਵਰਤੋਂ ਨਾਟਕੀ ਪ੍ਰਸਤੁਤੀ ਦੌਰਾਨ ਕੀਤੀ ਜਾਂਦੀ ਹੈ| ਸਾਜ਼ ਵਜਾਉਣ ਵਾਲਾ, ਸੰਗੀਤ, ਰਾਗ ਅਤੇ ਤਾਲ ਦੇ ਸੂਖ਼ਮ ਗਿਆਨ ਦਾ ਗਿਆਤਾ ਹੋਣਾ ਚਾਹੀਦਾ ਹੈ ਕਿਉਂਕਿ ਸਾਜ਼ਾਂ ਦੀ ਅਢੁੱਕਵੀਂ ਅਤੇ ਬੇਲੋੜੀ ਵਰਤੋਂ ਨਾਟਕੀ ਪ੍ਰਭਾਵ ਨੂੰ ਖੰਡਤ ਕਰ ਸਕਦੀ ਹੈ| ਨਾਟ ਸ਼ਾਸਤਰ ਵਿੱਚ ਇਨ੍ਹਾਂ ਸਾਜ਼ਾਂ ਦੇ ਨਿਰਮਾਣ ਕਰਨ ਦਾ ਬਕਾਇਦਾ ਵਿਧੀ ਵਿਧਾਨ ਦਿੱਤਾ ਗਿਆ ਹੈ| ਨਾਟ ਆਚਾਰੀਆ, ਸੰਗੀਤ ਵਿਦਿਆ ਦਾ ਮਾਹਿਰ ਵਿਅਕਤੀ ਹੋਣਾ ਚਾਹੀਦਾ ਹੈ| ਸਾਜ਼ਾਂ ਦੇ ਨਿਰਮਾਣ ਤੋਂ ਪੂਰਵ ਦੇਵਤਿਆਂ ਦੀ ਪੂਜਾ ਕਰਨ ਮਗਰੋਂ ਵਰਤ ਰੱਖਣ ਦਾ ਸੁਝਾਅ ਦਿੱਤਾ ਗਿਆ ਹੈ| ਵੱਖ ਵੱਖ ਤਰ੍ਹਾਂ ਦੇ ਨਾਟਕਾਂ ਦੇ ਸਾਜ਼ਾਂ ਲਈ ਵੱਖ ਵੱਖ ਤਰ੍ਹਾਂ ਦੀ ਪੂਜਾ ਕੀਤੇ ਜਾਣ ਦਾ ਜ਼ਿਕਰ ਨਾਟ ਸ਼ਾਸਤਰ ਵਿੱਚ ਕੀਤਾ ਗਿਆ ਹੈ| ਸੰਗੀਤ ਅਤੇ ਸਾਜ਼ਾਂ ਦੀ ਢੁੱਕਵੀਂ ਵਰਤੋਂ ਨਾਟਕੀ ਪ੍ਰਦਰਸ਼ਨ ਦੀ ਸਫ਼ਲਤਾ ਵਿੱਚ ਸਹਾਈ ਹੁੰਦੀ ਹੈ| ਸੰਗੀਤ ਦੀ ਵਰਤੋਂ ਵਿਸ਼ੇਸ਼ ਕਿਸਮ ਦੇ ਨਾਟਕੀ ਮੂਡ ਪੈਦਾ ਕਰਨ ਲਈ ਕੀਤੀ ਜਾਂਦੀ ਹੈ| ਅਜਿਹਾ ਸੰਗੀਤ ਵੱਖ ਵੱਖ ਸਾਜ਼ਾਂ ਦੀਆਂ ਧੁਨਾਂ 'ਤੇ ਆਧਾਰਿਤ ਹੁੰਦਾ ਹੈ| ਵਿਸ਼ੇਸ਼ ਕਿਸਮ ਦੀਆਂ ਨਾਟਕੀ ਸਥਿਤੀਆਂ ਦੀ ਸਿਰਜਨਾ ਲਈ ਕਈ ਵਾਰ ਰਿਕਾਰਡ ਕੀਤੇ ਸੰਗੀਤ ਦੀ ਵਰਤੋਂ ਵੀ ਕੀਤੀ ਜਾਂਦੀ ਹੈ| ਵੱਖ-ਵੱਖ ਨਾਟਕੀ ਸਾਜ਼ਾਂ ਦੁਆਰਾ ਉਤਪੰਨ ਹੋਣ ਵਾਲੇ ਭਾਵ ਵਿਕੋਲਿਤਰੇ ਪ੍ਰਭਾਵ ਦੀ ਸਿਰਜਣਾ ਕਰਨ ਵਾਲੇ ਹੁੰਦੇ ਹਨ| ਨਿਰਦੇਸ਼ਕ ਭਾਵੇਂ ਸੰਗੀਤ ਦੀ ਕਲਾ ਤੋਂ ਸੂਖ਼ਮ ਰੂਪ ਵਿੱਚ ਜਾਣੂੰ ਨਹੀਂ ਹੁੰਦਾ ਪਰ ਨਾਟਕ ਦੀ ਪ੍ਰਸਤੁਤੀ ਦੌਰਾਨ ਇਨ੍ਹਾਂ ਸਾਜ਼ਾਂ ਰਾਹੀਂ ਵਿਲੱਖਣ ਕਿਸਮ ਦੇ ਸਿਰਜੇ ਜਾਣ ਵਾਲੇ ਨਾਟਕੀ ਵਾਤਾਵਰਨ ਬਾਰੇ ਉਸ ਨੂੰ ਜਾਣਕਾਰੀ ਹੋਣੀ ਲੋੜੀਂਦੀ ਹੁੰਦੀ ਹੈ ਕਿਉਂਕਿ ਢੋਲਕੀ ਦੀ ਥਾਂ 'ਤੇ ਤਬਲੇ ਜਾਂ ਮਿਰਦੰਗ ਦੀ ਵਰਤੋਂ ਨਾਟਕੀ ਰਿਦਮ ਨੂੰ ਖਤਮ ਕਰ ਸਕਦੀ ਹੈ| ਉਪੇਰੇ/ਸੰਗੀਤ ਨਾਟਕ ਲਈ ਬਣਾਈਆਂ ਜਾਣ ਵਾਲੀਆਂ ਧੁਨਾਂ ਲਈ ਸਾਜ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ| ਅਜਿਹੇ ਨਾਟਕਾਂ ਵਿੱਚ ਸੰਗੀਤ ਰਿਕਾਰਡ ਨਹੀਂ ਕੀਤਾ ਜਾਂਦਾ ਸਗੋਂ ਹਰ ਪ੍ਰਦਰਸ਼ਨੀ ਵੇਲੇ ਲਾਈਵ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ| ਨਾਟਕੀ ਕਾਰਜ ਨੂੰ ਤੀਖਣ ਕਰਨ ਲਈ ਅਤੇ ਭਾਵੁਕ ਤਣਾਓ ਨੂੰ ਸਿਖਰ ਤੇ ਪਹੁੰਚਾਉਣ ਵਿੱਚ ਨਾਟਕ ਵਿੱਚ ਸੰਗੀਤ ਦੀ ਵਰਤੋਂ ਅਹਿਮ ਹੁੰਦੀ ਹੈ| ਸੰਗੀਤ ਦਾ ਮਾਧਿਅਮ ਸਾਜ਼ ਹੁੰਦੇ ਹਨ| ਸਾਜ਼ਾਂ ਦੀ ਵਰਤੋਂ ਰਾਹੀਂ ਉਤਪੰਨ ਹੋਣ ਵਾਲਾ ਸੰਗੀਤ ਨਾਟਕ ਵਿੱਚ ਇਕਸਾਰਤਾ ਪੈਦਾ ਕਰਦਾ ਹੈ|
(ਸਹਾਇਕ ਗ੍ਰੰਥ - ਭਰਤ ਮੁਨੀ : ਨਾਟਯ ਸ਼ਾਸਤ੍ਰ)