logo
भारतवाणी
bharatavani  
logo
Knowledge through Indian Languages
Bharatavani

Punjabi Encyclopaedic Dictionary of Theatre (Punjabi-English)

ਯਕਸ਼ਗਾਣ

Folk theatre of Karnatka

ਕਰਨਾਟਕ ਪ੍ਰਾਂਤ ਦੇ ਇਸ ਲੋਕ ਨਾਟ ਦੀ ਰਵਾਇਤ ਸਦੀਆਂ ਪੁਰਾਣੀ ਹੈ| ਇਹ ਇੱਕ ਪ੍ਰਕਾਰ ਦਾ ਨ੍ਰਿਤ ਨਾਟ ਹੈ ਅਤੇ ਖੁੱਲ੍ਹੀ ਥਾਂ ਉੱਤੇ ਖੇਡਿਆ ਜਾਂਦਾ ਹੈ| ਇਸ ਦੇ ਵਿਸ਼ੇ ਮਿਥਿਹਾਸਕ ਕਥਾਵਾਂ ਨਾਲ ਸੰਬੰਧਤ ਹੁੰਦੇ ਹਨ ਜਿਨ੍ਹਾਂ ਦਾ ਮਨੋਰਥ ਵੀਰਤਾ, ਜੋਸ਼ ਅਤੇ ਅਸਚਰਜਤਾ ਦੇ ਭਾਵਾਂ ਨੂੰ ਪ੍ਰਗਟ ਕਰਨਾ ਹੁੰਦਾ ਹੈ| ਇਸ ਨਾਟਕ ਨੂੰ ਖੇਡਣ ਵਾਲੀਆਂ ਨਾਟ-ਮੰਡਲੀਆਂ ਮੰਦਰਾਂ ਨਾਲ ਸੰਬੰਧਤ ਹੁੰਦੀਆਂ ਹਨ| ਕਥਾਕਲੀ ਨਾਟ- ਨ੍ਰਿਤ ਵਾਂਗ ਇਸ ਵਿੱਚ ਵੀ ਤਾਂਡਵ ਅੰਸ਼ ਭਾਰੂ ਹੁੰਦੇ ਹਨ| ਯਕਸ਼ਗਾਣ ਵਿੱਚ ਅਕਸਰ ਯੁੱਧ ਅਤੇ ਲੜਾਈ ਦੇ ਦ੍ਰਿਸ਼ਾਂ ਦੀ ਭਰਮਾਰ ਹੁੰਦੀ ਹੈ| ਇਸ ਵਿੱਚ ਕੰਮ ਕਰਨ ਵਾਲੇ ਕੇਵਲ ਮਰਦ ਪਾਤਰ ਹੀ ਹੁੰਦੇ ਹਨ| ਔਰਤਾਂ ਇਸ ਨ੍ਰਿਤ-ਨਾਟ ਵਿੱਚ ਅਭਿਨੈ ਨਹੀ ਕਰਦੀਆਂ| ਇਸ ਨ੍ਰਿਤ-ਨਾਟ ਦੀ ਪ੍ਰਦਰਸ਼ਨੀ ਇੱਕ ਥੜ੍ਹੇ ਉੱਤੇ ਹੁੰਦੀ ਹੈ ਜਿਸ ਦੀ ਲੰਬਾਈ ਅਤੇ ਚੌੜਾਈ ਵੀਹ ਵੀਹ ਫੁੱਟ ਹੁੰਦੀ ਹੈ| ਇਹ ਨਾਟਕ ਦੀਵਿਆਂ ਦੀ ਲਾਟ ਵਿੱਚ ਖੇਡਿਆ ਜਾਂਦਾ ਹੈ| ਨਾਟਕ ਦਾ ਅਰੰਭ ਸੰਗੀਤ ਦੇ ਗੁਰੂ ਤੇ ਨਿਰਮਾਤਾ ਰਾਹੀਂ ਹੁੰਦਾ ਹੈ| ਉਹ ਗੀਤ ਦੇ ਨਾਲ ਨਾਲ ਕਥਾ ਦਾ ਵੀ ਬਿਆਨ ਕਰੀ ਜਾਂਦਾ ਹੈ| ਸੰਗੀਤ ਗਾਇਕ ਨੂੰ ਮਿੱਥ ਕਥਾ ਦੀ ਅਤੇ ਕਰਨਾਟਕ ਦੇ ਸੰਗੀਤ ਦੀ ਭਰਪੂਰ ਵਾਕਫ਼ੀਅਤ ਹੋਣੀ ਚਾਹੀਦੀ ਹੈ| ਮੰਚ ਉੱਤੇ ਆTਣ ਵਾਲਾ ਹਰੇਕ ਪਾਤਰ ਨ੍ਰਿਤ ਕਰਦਾ ਹੋਇਆ ਪ੍ਰਵੇਸ਼ ਕਰਦਾ ਹੈ ਸੰਗੀਤ ਗਾਇਕ, ਪਾਤਰ ਨਾਲ ਗੱਲਬਾਤ ਕਰਦਾ ਹੈ| ਇਨ੍ਹਾਂ ਦੇ ਆਪਸੀ ਸੰਵਾਦ ਦੀ ਵਿਧੀ ਰਾਹੀਂ ਦਰਸ਼ਕ, ਪਾਤਰ ਬਾਰੇ ਜਾਣਕਾਰੀ ਹਾਸਿਲ ਕਰਦੇ ਹਨ| ਇਸ ਨ੍ਰਿਤ-ਨਾਟ ਵਿੱਚ ਢੋਲ, ਛੈਣੇ, ਮੁਖਵੀਣਾ ਤੇ ਚੰਡੇ ਆਦਿ ਸਾਜ਼ਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ| ਇਸ ਵਿੱਚ ਵਰਤੀਆਂ ਜਾਦੀਆਂ ਧੁਨੀਆਂ ਕੱਨੜ ਭਾਸ਼ਾ ਦੇ ਸ਼ਾਸਤਰੀ ਸੰਗੀਤ ਦੇ ਅਨੁਸਾਰੀ ਹੁੰਦੀਆਂ ਹਨ| ਗੀਤ ਦੇ ਬੋਲਾਂ ਨੂੰ ਅਭਿਨੇਤਾ, ਵਾਰਤਾਲਾਪ, ਨ੍ਰਿਤ ਅਤੇ ਅਦਾਕਾਰੀ ਰਾਹੀਂ ਦਰਸ਼ਕਾਂ ਸਾਹਵੇਂ ਵਿਅਕਤ ਕਰਦਾ ਹੈ| (ਸਹਾਇਕ ਗ੍ਰੰਥ - ਕਮਲੇਸ਼ ਉਪਲ : ਪੰਜਾਬੀ ਨਾਟਕ ਅਤੇ ਰੰਗਮੰਚ; ਬਲਵੰਤ ਗਾਰਗੀ : ਲੋਕ ਨਾਟਕ)

ਯੂਨਾਨੀ ਥੀਏਟਰ

Greek theatre

ਅਰਸਤੂ ਯੂਨਾਨ ਦਾ ਮਹਾਨ ਦਾਰਸ਼ਨਿਕ ਸੀ| ਉਸ ਨੇ ਯੂਨਾਨੀ ਨਾਟਕ ਦਾ ਸੰਬੰਧ ਯੂਨਾਨ ਦੇ ਦੇਵਤੇ ਡਾਇਉਨਿਸਿਸ ਲਈ ਕੀਤੀ ਜਾਂਦੀ ਉਪਾਸਨਾ ਦੇ ਗੀਤਾਂ ਨਾਲ ਜੋੜਿਆ ਹੈ| ਇਹ ਗੀਤ ਇਸ ਦੇਵਤੇ ਦੀ ਪ੍ਰਸੰਸਾ ਦੇ ਸੰਬੰਧ ਵਿੱਚ ਗਾਏ ਜਾਂਦੇ ਸਨ| ਇਨ੍ਹਾਂ ਗੀਤਾਂ ਵਿੱਚ ਡਾਇਉਨਿਸਿਸ ਦੇ ਜੀਵਨ ਬਿਰਤਾਂਤ ਦੀਆਂ ਘਟਨਾਵਾਂ ਨੂੰ ਪੇਸ਼ ਕੀਤਾ ਜਾਂਦਾ ਸੀ| ਹੌਲੀ ਹੌਲੀ ਇਹੋ ਘਟਨਾਵਾਂ ਨਾਟਕੀ ਰੂਪ ਵਿੱਚ ਪੇਸ਼ ਕੀਤੀਆਂ ਜਾਣ ਲੱਗੀਆਂ| ਇਨ੍ਹਾਂ ਨਾਟਕੀ ਪੇਸ਼ਕਾਰੀਆਂ ਦਾ ਮੁੱਖ ਮੰਤਵ ਸਮਾਜ ਵਿੱਚੋਂ ਕੁਰੀਤੀਆਂ ਨੂੰ ਖਤਮ ਕਰਕੇ ਇੱਕਸੁਰਤਾ ਦੀ ਭਾਵਨਾ ਪੈਦਾ ਕਰਨਾ ਹੁੰਦਾ ਸੀ| ਯੂਨਾਨ ਦੇ ਨਾਟਕੀ ਇਤਿਹਾਸ ਤੋਂ ਛੇਵੀਂ ਸਦੀ ਈਸਾ ਪੂਰਵ ਵਿੱਚ ਨਾਟਕ ਖੇਡੇ ਜਾਣ ਦੇ ਸਬੂਤ ਮਿਲਦੇ ਹਨ| ਉਸ ਵੇਲੇ ਦਾ ਪ੍ਰਮੁੱਖ ਨਾਟਕਕਾਰ ਥੈਸਪਿਜ਼ ਇੱਕ ਵਧੀਆ ਅਦਾਕਾਰ ਵੀ ਸੀ| ਉਸਨੂੰ ਯੂਨਾਨ ਦਾ ਪਹਿਲਾ ਅਦਾਕਾਰ ਹੋਣ ਦਾ ਮਾਣ ਪ੍ਰਾਪਤ ਹੈ| ਇਸੇ ਦੇ ਨਾਂ ਤੋਂ ਮਗਰੋਂ ਜਾ ਕੇ ਅਦਾਕਾਰਾਂ ਨੂੰ ਥੈਸਪੀਅਨ ਦੇ ਨਾਂ ਨਾਲ ਜਾਣਿਆ ਜਾਣ ਲੱਗਾ| ਭਾਵੇਂ ਯੂਨਾਨੀ ਨਾਟਕ ਦੀ ਪਰੰਪਰਾ ਬੜੀ ਦੀਰਘ ਮੰਨੀ ਜਾਂਦੀ ਹੈ ਪਰ ਵਿਸ਼ਵ ਪੱਧਰ 'ਤੇ ਪ੍ਰਵਾਨਿਤ ਨਾਟਕਕਾਰਾਂ ਵਿੱਚੋਂ ਐਸਕੀਲਸ, ਯੂਰੀਪੀਡੀਜ਼, ਸੋਫ਼ੋਕਲੀਜ਼ ਤੇ ਅਰਿਸਟੋਫ਼ਨੇਜ਼ ਦੇ ਨਾਂ ਪ੍ਰਮੁੱਖ ਯੂਨਾਨੀ ਨਾਟਕਕਾਰਾਂ ਦੇ ਤੌਰ 'ਤੇ ਸਥਾਪਤ ਹੋਏ ਹਨ| ਇਨ੍ਹਾਂ ਨੇ ਦੁਖਾਂਤ ਨਾਟਕਾਂ ਦੀ ਰਚਨਾ ਕੀਤੀ| ਥੈਸਪਿਜ਼ ਦੇ ਨਾਟਕਾਂ ਵਿੱਚ ਕੇਵਲ ਇੱਕੋ ਅਭਿਨੇਤਾ ਹੁੰਦਾ ਸੀ| ਐਸਕੀਲਸ ਦੇ ਨਾਟਕ ਲਿਖਣ ਨਾਲ ਨਾਟਕ ਵਿੱਚ ਪਾਤਰਾਂ ਦੀ ਗਿਣਤੀ ਵਿਧੀ| ਸੋਫ਼ੋਕਲੀਜ਼ ਦੇ ਨਾਟਕਾਂ ਦੀ ਗਿਣਤੀ ਭਾਵੇਂ ਸੌ ਤੋਂ ਵਧੇਰੇ ਹੈ ਪਰ ਵਿਸ਼ਵ ਪ੍ਰਸਿੱਧੀ ਹਾਸਲ ਕਰਨ ਵਾਲੇ ਨਾਟਕ ਐਂਟਿਗਨੀ ਅਤੇ ਰਾਜਾ ਈਡੀਪਸ ਹਨ| ਹੁਣ ਨਾਟਕ ਵਿੱਚ ਪਾਤਰਾਂ ਦੀ ਗਿਣਤੀ ਦੋ ਤੋਂ ਵੱਧ ਕੇ ਤਿੰਨ ਤੱਕ ਪਹੁੰਚ ਗਈ| ਪਹਿਲੇ ਯੂਨਾਨੀ ਨਾਟਕਾਂ ਵਿੱਚ ਕੋਰਸ ਦੀ ਵਰਤੋਂ ਦਾ ਪ੍ਰਚਲਨ ਵੱਡੇ ਪੱਧਰ ਉੱਤੇ ਸੀ| ਸੋਫ਼ੋਕਲੀਜ਼ ਤੱਕ ਪਹੁੰਚਣ ਵੇਲੇ ਇਹ ਰੁਝਾਨ ਬਹੁਤ ਘੱਟ ਗਿਆ ਸੀ| ਯੂਨਾਨੀ ਨਾਟਕ ਨੂੰ ਦੁਖਾਂਤ ਦੇ ਸਿਖ਼ਰ ਤੇ ਪੁਚਾਉਣ ਵਿੱਚ ਸੋਫ਼ੋਕਲੀਜ਼ ਦੀ ਭੂਮਿਕਾ ਸਭ ਤੋਂ ਵਧੇਰੇ ਹੈ| ਯੂਨਾਨੀ ਨਾਟਕਕਾਰ ਆਪਣੇ ਨਾਟਕ ਦੀ ਨਿਰਦੇਸ਼ਨਾ ਦੇ ਨਾਲ ਨਾਲ ਇੱਕ ਅਭਿਨੇਤਾ ਦੇ ਤੌਰ 'ਤੇ ਵੀ ਆਪਣੀ ਭੂਮਿਕਾ ਅਦਾ ਕਰਦੇ ਸਨ| ਇਸ ਥੀਏਟਰ ਵਿੱਚ ਦੇਵਤਾ ਪਾਤਰਾਂ ਨੂੰ ਮੰਚ ਉੱਤੇ ਲਿਆਉਣ ਦਾ ਪ੍ਰਚਲਨ ਆਮ ਸੀ| ਮੰਚ ਉੱਤੇ ਮੌਤ ਦਾ ਦ੍ਰਿਸ਼ ਨਹੀਂ ਸੀ ਦਿਖਾਇਆ ਜਾਦਾ ਪਰ ਅਖੀਰ ਵਿੱਚ ਮ੍ਰਿਤਕ ਰੂਪ ਵਿੱਚ ਪਾਤਰ ਨੂੰ ਦਰਸ਼ਕਾਂ ਸਾਹਮਣੇ ਦਿਖਾ ਦਿੱਤਾ ਜਾਂਦਾ ਸੀ| ਨਾਟਕ ਦੀ ਪੇਸ਼ਕਾਰੀ ਘੱਟੋ ਘੱਟ ਪਾਤਰਾਂ ਰਾਹੀਂ ਨਿਭਾਈ ਜਾਂਦੀ ਸੀ| ਇੱਕ ਅਭਿਨੇਤਾ ਕਈ ਕਈ ਪਾਤਰਾਂ ਦੇ ਰੋਲ ਨਿਭਾਉਂਦਾ ਸੀ| ਔਰਤ ਪਾਤਰਾਂ ਦੀ ਭੂਮਿਕਾ ਮਰਦ ਅਦਾਕਾਰਾਂ ਵਲੋਂ ਨਿਭਾਈ ਜਾਂਦੀ ਸੀ| ਸੰਗੀਤ ਤੇ ਨ੍ਰਿਤ ਦੀ ਵਰਤੋਂ ਵੱਡੇ ਪੱਧਰ 'ਤੇ ਕੀਤੀ ਜਾਂਦੀ ਸੀ| ਅਭਿਨੈ ਦੌਰਾਨ ਸਾਰੇ ਅਦਾਕਾਰ ਮੁਖੌਟੇ ਪਾ ਕੇ ਆਪਣਾ ਰੋਲ ਕਰਦੇ ਸਨ| ਹਰੇਕ ਨਾਟਕ ਵਿੱਚ ਕੋਰਸ ਦੀ ਰਵਾਇਤ ਸੀ| ਕੋਰਸ ਪੇਸ਼ ਕਰਨ ਵਾਲਿਆਂ ਦੀ ਗਿਣਤੀ ਬਾਰਾਂ ਤੋਂ ਪੰਦਰਾਂ ਵਿਅਕਤੀਆਂ ਤੱਕ ਦੀ ਹੁੰਦੀ ਸੀ| ਕੋਰਸ ਦਾ ਮੁੱਖ ਉਦੇਸ਼ ਨਾਟਕ ਵਿੱਚ ਲੈਅ ਤੇ ਉਕਸੁਕਤਾ ਪੈਦਾ ਕਰਨਾ ਹੁੰਦਾ ਸੀ| ਕੋਰਸ ਦੁਆਰਾ ਨਾਟਕੀ ਗਤੀ ਨੂੰ ਤਿਖਿਆਂ ਕੀਤਾ ਜਾਂਦਾ ਸੀ| ਕੋਰਸ ਨਾਟਕੀ ਥੀਮ ਦੀਆਂ ਪਰਤਾਂ ਖੋਲ੍ਹਣ ਦਾ ਕਾਰਜ ਕਰਦਾ ਸੀ| ਨਾਟਕੀ ਕਾਰਜ ਉੱਤੇ ਟਿਪਣੀ ਕਰਨ ਦਾ ਕੰਮ ਵੀ ਨਾਟਕੀ ਕੋਰਸ ਤੋਂ ਲਿਆ ਜਾਂਦਾ ਸੀ| ਦੂਜੇ ਸ਼ਬਦਾਂ ਵਿੱਚ ਕੋਰਸ ਦੀ ਭੂਮਿਕਾ ਅਭਿਨੇਤਾ ਵਾਲੀ ਹੁੰਦੀ ਸੀ| ਨਾਟਕਕਾਰ ਦੇ ਵਿਚਾਰਾਂ ਦਾ ਪ੍ਰਤਿਪਾਦਨ ਕਰਨ ਵਿੱਚ ਕੋਰਸ ਦਾ ਯੋਗਦਾਨ ਸਭ ਤੋਂ ਵਧੇਰੇ ਹੁੰਦਾ ਸੀ| ਨਾਟਕ ਦੇ ਅਰੰਭ ਤੋਂ ਲੈ ਕੇ ਅਖੀਰ ਤੱਕ ਕੋਰਸ ਦੀ ਸਕਾਰਾਤਮਕ ਭੂਮਿਕਾ ਨਾਟਕ ਦੀ ਪੇਸ਼ਕਾਰੀ ਵਿੱਚ ਨਵਾਂ ਰੰਗ ਭਰਨ ਦੇ ਨਾਲ ਨਾਲ ਨਾਟਕ ਨੂੰ ਗਤੀ ਵੀ ਪ੍ਰਦਾਨ ਕਰਦੀ ਸੀ| ਯੂਨਾਨੀ ਨਾਟਕ ਦੀ ਪਰੰਪਰਾ ਦੁਖਾਂਤ ਦੀ ਪਰੰਪਰਾ ਰਹੀ ਹੈ| ਇਸ ਨਾਟਕ ਦਾ ਨਾਇਕ ਹੋਣੀ ਦਾ ਸ਼ਿਕਾਰ ਹੁੰਦਾ ਹੈ| ਹਰੇਕ ਘਟਨਾ ਨਾਟਕ ਦੇ ਨਾਇਕ ਨੂੰ ਸੰਕਟ ਗ੍ਰਸਤ ਕਰਦੀ ਜਾਂਦੀ ਹੈ| ਅਖੀਰ ਵਿੱਚ ਨਾਇਕ ਮੌਤ ਦਾ ਸ਼ਿਕਾਰ ਹੋ ਜਾਂਦਾ ਹੈ| ਇਸਦੇ ਵਿਪਰੀਤ ਭਾਰਤੀ ਨਾਟ ਪਰੰਪਰਾ ਸੁਖਾਂਤ ਦੀ ਰਹੀ ਹੈ| ਇੱਥੇ ਮਨੁੱਖੀ ਜਨਮ ਨੂੰ ਅਮੁੱਲਾ ਤੇ ਦੁਰਲੱਭ ਸਮਝਿਆ ਜਾਂਦਾ ਹੈ| ਇਸੇ ਲਈ ਸੰਸਕ੍ਰਿਤ ਨਾਟਕਾਂ ਦਾ ਨਾਇਕ ਘੋਰ ਸੰਕਟ ਵਿੱਚੋ ਲੰਘ ਕੇ ਵੀ ਅਖੀਰ ਮੌਤ ਤੋਂ ਬਚ ਜਾਂਦਾ ਹੈ| ਯੂਨਾਨੀ ਨਾਟਕ ਦੀ ਮਾਈਮ ਕਲਾ ਨੂੰ ਪੰਜਾਬੀ ਲੋਕ ਨਾਟਕ ਨੇ ਕਬੂਲਿਆ ਹੈ ਕਿਉਂਕਿ ਲੰਮੇ ਸਮੇਂ ਤੱਕ ਯੂਨਾਨੀ ਨਾਟਕ ਇੱਥੇ ਖੇਡੇ ਜਾਂਦੇ ਰਹੇ| 300 ਈ. ਪੂਰਵ ਜਦੋਂ ਸਿਕੰਦਰ ਪੰਜਾਬ ਆਇਆ ਸੀ ਉਸ ਦੇ ਨਾਲ ਵੱਡੀ ਗਿਣਤੀ ਵਿੱਚ ਨਾਟਕ ਖੇਡਣ ਵਾਲੇ ਅਭਿਨੇਤਾ ਵੀ ਆਏ ਸਨ ਕਿਉਂਕਿ ਉਸ ਨੂੰ ਨਾਟਕ ਦੇਖਣ ਦਾ ਬਹੁਤ ਸ਼ੌਕ ਸੀ| ਇਹ ਅਦਾਕਾਰ ਮੁੜ ਕੇ ਵਾਪਸ ਯੂਨਾਨ ਨਹੀਂ ਸਨ ਗਏ ਸਗੋਂ ਪੰਜਾਬ ਵਿੱਚ ਹੀ ਰਹਿਣ ਲੱਗ ਪਏ ਸਨ| ਪੰਜਾਬ ਦੇ ਕਲਾਕਾਰਾਂ ਨੇ ਯੂਨਾਨੀ ਕਲਾਕਾਰਾਂ ਤੋਂ ਕਈ ਕੁਝ ਗ੍ਰਹਿਣ ਕੀਤਾ| ਯੂਨਾਨ ਦੀ ਨਾਟ ਪਰੰਪਰਾ ਨੇ ਪੰਜਾਬ ਦੀ ਨਾਟ ਪਰੰਪਰਾ ਨੂੰ ਬਹੁਤ ਪ੍ਰਭਾਵਤ ਕੀਤਾ ਹੈ| ਯੂਨਾਨੀ ਰੰਗਮੰਚ ਵਿੱਚ ਪਰਦੇ ਦੀ ਵਰਤੋਂ ਨਹੀਂ ਸੀ ਕੀਤੀ ਜਾਂਦੀ| ਨਾਟਕ ਬਿਨਾਂ ਕਿਸੇ ਵਿਸ਼ੇਸ਼ ਮੰਚ ਸਮੱਗਰੀ ਦੇ ਖੇਡੇ ਜਾਂਦੇ ਸਨ| ਬਹੁਤੇ ਨਾਟਕਾਂ ਦੀ ਪੇਸ਼ਕਾਰੀ ਦਿਨ ਵੇਲੇ ਕੀਤੀ ਜਾਂਦੀ ਸੀ ਇਸ ਲਈ ਰੋਸ਼ਨੀ ਵਿਉਂਤਕਾਰੀ ਦੀ ਕੋਈ ਲੋੜ ਨਹੀਂ ਸੀ ਸਮਝੀ ਜਾਂਦੀ| (ਸਹਾਇਕ ਗ੍ਰੰਥ - ਹਰਚਰਨ ਸਿੰਘ : ਪੰਜਾਬ ਦੀ ਨਾਟ ਪਰੰਪਰਾ (ਹੱੜਪਾ ਤੋਂ ਹਰੀ ਕ੍ਰਾਂਤੀ ਤੱਕ) ਕਮਲੇਸ਼ ਉਪਲ : ਪੰਜਾਬੀ ਨਾਟਕ ਅਤੇ ਰੰਗਮੰਚ)
ਯੂਨਾਨੀ ਨਾਟਕ ਦੀ ਪਰੰਪਰਾ ਦੁਖਾਂਤ ਦੀ ਪਰੰਪਰਾ ਰਹੀ ਹੈ| ਇਸ ਨਾਟਕ ਦਾ ਨਾਇਕ ਹੋਣੀ ਦਾ ਸ਼ਿਕਾਰ ਹੁੰਦਾ ਹੈ| ਹਰੇਕ ਘਟਨਾ ਨਾਟਕ ਦੇ ਨਾਇਕ ਨੂੰ ਸੰਕਟ ਗ੍ਰਸਤ ਕਰਦੀ ਜਾਂਦੀ ਹੈ| ਅਖੀਰ ਵਿੱਚ ਨਾਇਕ ਮੌਤ ਦਾ ਸ਼ਿਕਾਰ ਹੋ ਜਾਂਦਾ ਹੈ| ਇਸਦੇ ਵਿਪਰੀਤ ਭਾਰਤੀ ਨਾਟ ਪਰੰਪਰਾ ਸੁਖਾਂਤ ਦੀ ਰਹੀ ਹੈ| ਇੱਥੇ ਮਨੁੱਖੀ ਜਨਮ ਨੂੰ ਅਮੁੱਲਾ ਤੇ ਦੁਰਲੱਭ ਸਮਝਿਆ ਜਾਂਦਾ ਹੈ| ਇਸੇ ਲਈ ਸੰਸਕ੍ਰਿਤ ਨਾਟਕਾਂ ਦਾ ਨਾਇਕ ਘੋਰ ਸੰਕਟ ਵਿੱਚੋ ਲੰਘ ਕੇ ਵੀ ਅਖੀਰ ਮੌਤ ਤੋਂ ਬਚ ਜਾਂਦਾ ਹੈ|
ਯੂਨਾਨੀ ਨਾਟਕ ਦੀ ਮਾਈਮ ਕਲਾ ਨੂੰ ਪੰਜਾਬੀ ਲੋਕ ਨਾਟਕ ਨੇ ਕਬੂਲਿਆ ਹੈ ਕਿਉਂਕਿ ਲੰਮੇ ਸਮੇਂ ਤੱਕ ਯੂਨਾਨੀ ਨਾਟਕ ਇੱਥੇ ਖੇਡੇ ਜਾਂਦੇ ਰਹੇ| 300 ਈ. ਪੂਰਵ ਜਦੋਂ ਸਿਕੰਦਰ ਪੰਜਾਬ ਆਇਆ ਸੀ ਉਸ ਦੇ ਨਾਲ ਵੱਡੀ ਗਿਣਤੀ ਵਿੱਚ ਨਾਟਕ ਖੇਡਣ ਵਾਲੇ ਅਭਿਨੇਤਾ ਵੀ ਆਏ ਸਨ ਕਿਉਂਕਿ ਉਸ ਨੂੰ ਨਾਟਕ ਦੇਖਣ ਦਾ ਬਹੁਤ ਸ਼ੌਕ ਸੀ| ਇਹ ਅਦਾਕਾਰ ਮੁੜ ਕੇ ਵਾਪਸ ਯੂਨਾਨ ਨਹੀਂ ਸਨ ਗਏ ਸਗੋਂ ਪੰਜਾਬ ਵਿੱਚ ਹੀ ਰਹਿਣ ਲੱਗ ਪਏ ਸਨ| ਪੰਜਾਬ ਦੇ ਕਲਾਕਾਰਾਂ ਨੇ ਯੂਨਾਨੀ ਕਲਾਕਾਰਾਂ ਤੋਂ ਕਈ ਕੁਝ ਗ੍ਰਹਿਣ ਕੀਤਾ| ਯੂਨਾਨ ਦੀ ਨਾਟ ਪਰੰਪਰਾ ਨੇ ਪੰਜਾਬ ਦੀ ਨਾਟ ਪਰੰਪਰਾ ਨੂੰ ਬਹੁਤ ਪ੍ਰਭਾਵਤ ਕੀਤਾ ਹੈ| ਯੂਨਾਨੀ ਰੰਗਮੰਚ ਵਿੱਚ ਪਰਦੇ ਦੀ ਵਰਤੋਂ ਨਹੀਂ ਸੀ ਕੀਤੀ ਜਾਂਦੀ| ਨਾਟਕ ਬਿਨਾਂ ਕਿਸੇ ਵਿਸ਼ੇਸ਼ ਮੰਚ ਸਮੱਗਰੀ ਦੇ ਖੇਡੇ ਜਾਂਦੇ ਸਨ| ਬਹੁਤੇ ਨਾਟਕਾਂ ਦੀ ਪੇਸ਼ਕਾਰੀ ਦਿਨ ਵੇਲੇ ਕੀਤੀ ਜਾਂਦੀ ਸੀ ਇਸ ਲਈ ਰੋਸ਼ਨੀ ਵਿਉਂਤਕਾਰੀ ਦੀ ਕੋਈ ਲੋੜ ਨਹੀਂ ਸੀ ਸਮਝੀ ਜਾਂਦੀ| (ਸਹਾਇਕ ਗ੍ਰੰਥ - ਹਰਚਰਨ ਸਿੰਘ : ਪੰਜਾਬ ਦੀ ਨਾਟ ਪਰੰਪਰਾ (ਹੱੜਪਾ ਤੋਂ ਹਰੀ ਕ੍ਰਾਂਤੀ ਤੱਕ) ਕਮਲੇਸ਼ ਉਪਲ : ਪੰਜਾਬੀ ਨਾਟਕ ਅਤੇ ਰੰਗਮੰਚ)

ਯੂਨਾਨੀ ਥੀਏਟਰ
Greek theatre


logo