logo
भारतवाणी
bharatavani  
logo
Knowledge through Indian Languages
Bharatavani

Punjabi Encyclopaedic Dictionary of Theatre (Punjabi-English)

ਗਿੱਧਾ ਨਾਟ
ਗਿੱਧਾ ਪੰਜਾਬ ਦਾ ਹਰਮਨ ਪਿਆਰਾ ਲੋਕ ਨਾਚ ਹੈ| ਇਹ ਗੋਲ ਪਿੜ ਵਿੱਚ ਪਾਇਆ ਜਾਂਦਾ ਹੈ ਇਸ ਨੂੰ ਘੱਗਰੀ ਪਿੜ ਵੀ ਕਿਹਾ ਜਾਂਦਾ ਹੈ| ਡਾ. ਦਸ਼ਰਥ ਓਝਾ ਨੇ ਗਿੱਧੇ ਦਾ ਸੰਬੰਧ 'ਤਾਲਾ ਰਾਸਕ' ਨਾਲ ਜੋੜਿਆ ਹੈ ਕਿਉਂਕਿ ਤਾਲਾ ਰਾਸਕ ਵਿੱਚ ਵੀ ਗੋਲ ਘੇਰਾ ਬਣਾ ਕੇ ਤਾਲੀਆਂ ਤੇ ਸੰਗੀਤ ਦੇ ਨਾਲ ਇਸ ਨੂੰ ਖੇਡਿਆ ਜਾਂਦਾ ਸੀ| ਤਾਲਾ ਰਾਸਕ ਵਿੱਚ ਬੋਲੀਆਂ ਦੇ ਸ਼ਾਮਲ ਹੋਣ ਨਾਲ ਇਹ ਪੰਜਾਬ ਦਾ ਗਿੱਧਾ ਨਾਟਕ ਬਣ ਗਿਆ| ਗਿੱਧੇ ਵਿੱਚ ਤਾਲੀਆਂ, ਨਾਚ ਅਤੇ ਬੋਲੀਆਂ ਸ਼ਾਮਲ ਹੁੰਦੀਆਂ ਹਨ| ਗਿੱਧੇ ਵਿੱਚ ਇੱਕ ਮੁਟਿਆਰ ਖੜੀ ਹੋ ਕੇ ਬੋਲੀ ਪਾਉਂਦੀ ਹੈ| ਬੋਲੀ ਮੁੱਕਣ 'ਤੇ ਅਖਰੀਲੇ ਟੱਪੇ ਵੇਲੇ ਬਾਕੀਆਂ ਦੀਆਂ ਮੁਟਿਆਰਾਂ ਵੀ ਗਾਉਣ ਲੱਗ ਪੈਂਦੀਆਂ ਹਨ| ਗਿੱਧੇ ਨਾਟਕ ਦੀ ਵਿਧੀ ਵੀ ਗਿੱਧਾ ਲੋਕ ਨਾਚ ਦੇ ਨਾਲ ਰਲਦੀ ਮਿਲਦੀ ਹੈ| ਇਸ ਵਿੱਚ ਲੋਕ ਗੀਤਾਂ ਦੀ ਧੁਨ 'ਤੇ ਸੰਵਾਦ ਰਚਾਇਆ ਜਾਂਦਾ ਹੈ ਤੇ ਹਰ ਸੰਵਾਦ ਦੇ ਅਖ਼ੀਰ ਵਿੱਚ ਆਖ਼ਰੀ ਬੋਲਾਂ ਉੱਤੇ ਗਿੱਧਾ ਪੂਰੇ ਜੋਸ਼ ਵਿੱਚ ਭਖਦਾ ਹੈ| ਮਰਦਾਂ ਦੀ ਭੂਮਿਕਾ ਔਰਤਾਂ ਦੁਆਰਾ ਹੀ ਨਿਭਾਈ ਜਾਂਦੀ ਹੈ| ਗਿੱਧਾ ਨਾਟਕ ਦੇ ਮੁੱਖ ਪਾਤਰ ਦਰਾਣੀ, ਜੇਠਾਣੀ, ਦਿਉਰ, ਭਰਜਾਈ, ਨੂੰਹ-ਸੱਸ ਆਦਿ ਹੁੰਦੇ ਹਨ| ਲੋਕ ਪਰੰਪਰਾ ਦਾ ਹਿੱਸਾ ਹੋਣ ਕਰਕੇ ਗਿੱਧਾ ਨਾਟਕ ਪੁਸਤਕ ਰੂਪ ਵਿੱਚ ਪ੍ਰਕਾਸ਼ਤ ਹੋਏ ਨਹੀਂ ਮਿਲਦੇ ਬਲਕਿ ਪੀੜ੍ਹੀ ਦਰ ਪੀੜ੍ਹੀ ਇਨ੍ਹਾਂ ਨੂੰ ਜ਼ਬਾਨੀ ਚੇਤੇ ਰੱਖਣ ਦੀ ਪਰੰਪਰਾ ਰਹੀ ਹੈ| ਗਿੱਧਾ ਨਾਟਕ ਦੀ ਰੰਗ ਸ਼ੈਲੀ ਦੀ ਆਪਣੀ ਵਿਲੱਖਣਤਾ ਹੈ| ਰਾਸ ਸ਼ੈਲੀ ਦੇ ਵਿਪਰੀਤ ਇਸ ਵਿੱਚ ਕਲਾਕਾਰ ਕਿਸੇ ਕਿਸਮ ਦੀ ਵਿਆਖਿਆ ਨਹੀਂ ਕਰਦਾ ਤੇ ਨਾ ਹੀ ਇਸ ਵਿੱਚ ਰਾਗਾਂ ਦਾ ਕੋਈ ਵਿਸ਼ੇਸ਼ ਵਿਧੀ ਵਿਧਾਨ ਹੁੰਦਾ ਹੈ ਪਰ ਨਾਟਕ ਨੂੰ ਘੱਟੋ ਘੱਟ ਦੱਸ ਤੋਂ ਪੰਦਰਾਂ ਕੁੜੀਆਂ ਗੋਲ ਪਿੜ ਵਿੱਚ ਖੇਡਦੀਆਂ ਹਨ| ਨਾਟਕ ਵਿੱਚ ਹਿੱਸਾ ਲੈਣ ਵਾਲੀ ਕੁੜੀ ਸਾਂਗ ਬਣ ਕੇ ਪਿੜ ਵਿੱਚ ਆ ਜਾਂਦੀ ਹੈ ਤੇ ਸਵਾਲ ਕਰਦੀ ਹੈ| ਬੋਲੀ ਦੇ ਅਖਰੀਲੇ ਟੱਪੇ ਉੱਤੇ ਗਿੱਧਾ ਤੇਜ਼ ਹੋ ਜਾਂਦਾ ਹੈ| ਸਾਂਗ ਬਣੀ ਦੂਜੀ ਮੁਟਿਆਰ ਪੁੱਛੇ ਗਏ ਪ੍ਰਸ਼ਨ ਦਾ ਜੁਆਬ ਦੇਂਦੀ ਹੈ ਤਾਂ ਉਸ ਦੇ ਬੋਲਾਂ 'ਤੇ ਵੀ ਗਿੱਧੇ ਵਿੱਚ ਤੇਜ਼ੀ ਆ ਜਾਂਦੀ ਹੈ| ਗਿੱਧਾ ਨਾਟਕ ਛੋਟੀਆਂ-ਛੋਟੀਆਂ ਝਾਕੀਆਂ ਵਿੱਚ ਵੰਡਿਆ ਹੁੰਦਾ ਹੈ| ਹਰੇਕ ਝਾਕੀ ਦੇ ਅੰਤ ਉੱਤੇ ਨਾਟ ਬੋਲ ਬੋਲੇ ਜਾਂਦੇ ਹਨ| ਇਨ੍ਹਾਂ ਨਾਟ ਬੋਲਾਂ ਵੇਲੇ ਗਿੱਧਾ ਮਚਦਾ ਹੈ| ਗਿੱਧਾ ਨਾਟਕ ਨੂੰ ਖੇਡਣ ਵਾਲੀ ਕਲਾਕਾਰ ਔਰਤ ਪਾਤਰ ਆਪਣੇ ਰੋਲ ਨੂੰ ਨਿਭਾਉਣ ਵੇਲੇ ਜੇਕਰ ਕੋਈ ਗੀਤ ਦੇ ਬੋਲ ਭੁਲ ਜਾਂਦੀ ਹੈ ਤਾਂ ਦੂਜੀਆਂ ਔਰਤਾਂ ਉਸ ਨੂੰ ਉਸੀ ਵੇਲੇ ਠੀਕ ਕਰਨ ਵਿੱਚ ਮਦਦ ਕਰਦੀਆਂ ਹਨ| ਇਸ ਨਾਟਕ ਵਿੱਚ ਅਦਾਕਾਰ ਤੇ ਦਰਸ਼ਕ ਇੱਕ ਦੂਜੇ ਦਾ ਰੋਲ ਨਿਭਾਉਂਦੇ ਹਨ| ਇਸ ਲਈ ਅਦਾਕਾਰ ਬਿਨ੍ਹਾਂ ਕਿਸੇ ਡਰ ਦੇ ਇਸ ਨਾਟਕ ਨੂੰ ਖੇਡਦੇ ਹਨ| ਗਿੱਧਾ ਨਾਟਕ ਵਿੱਚ ਸੁਆਲ ਜੁਆਬ ਕਰਨ ਵੇਲੇ ਔਰਤਾਂ ਖੁੱਲ੍ਹਮ ਖੁੱਲ੍ਹੇ ਢੰਗ ਨਾਲ ਕਈ ਵਾਰ ਅਸ਼ਲੀਲਤਾ ਦੀ ਪੱਧਰ 'ਤੇ ਵੀ ਆ ਜਾਂਦੀਆਂ ਹਨ|
ਗਿੱਧਾ ਨਾਟਕ ਭਾਵੇਂ ਕਈ ਅਰਥਾਂ ਵਿੱਚ ਸਾਂਗ ਨਾਟਕ ਨਾਲ ਮੇਲ ਖਾਂਦਾ ਹੈ ਕਿਉਂਕਿ ਇਨ੍ਹਾਂ ਦੋਹਾਂ ਵਿੱਚ ਹੀ ਸਾਂਗ ਬਣਾਇਆ ਜਾਂਦਾ ਹੈ ਤੇ ਦੋਨੋਂ ਘੱਗਰੀ ਪਿੜ ਵਿੱਚ ਖੇਡੇ ਜਾਂਦੇ ਹਨ ਪਰ ਇਹਦੇ ਬਾਵਜੂਦ ਲੋਕ ਨਾਟਕ ਦੇ ਇਨ੍ਹਾਂ ਦੋਨਾਂ ਰੂਪਾਂ ਵਿੱਚ ਵੱਖਰਤਾ ਵੀ ਹੈ| ਗਿੱਧਾ ਨਾਟਕ ਕੇਵਲ ਔਰਤਾਂ ਦੁਆਰਾ ਖੇਡਿਆ ਜਾਂਦਾ ਹੈ ਤੇ ਸਾਂਗ ਨਾਟਕ ਨੂੰ ਸਿਰਫ ਪੇਸ਼ਾਵਰ ਮਰਦ ਹੀ ਖੇਡਦੇ ਹਨ| ਸਾਂਗ ਨਾਟਕ ਦਾ ਵਿਸ਼ਾ ਕਿਸੇ ਇਤਿਹਾਸਕ ਜਾਂ ਮਿਥਿਹਾਸਕ ਕਹਾਣੀ 'ਤੇ ਆਧਾਰਤ ਹੁੰਦਾ ਹੈ ਜਦਕਿ ਗਿੱਧਾ ਨਾਟਕ ਦਾ ਆਧਾਰ ਜ਼ਿੰਦਗੀ ਦੇ ਕਿਸੇ ਇੱਕ ਪਹਿਲੂ ਨਾਲ ਸੰਬੰਧਤ ਹੁੰਦਾ ਹੈ| ਗਿੱਧਾ ਨਾਟਕ ਵਿੱਚ ਸਾਜ਼ਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ ਪਰ ਸਾਂਗ ਨਾਟਕ ਵਿੱਚ ਵੱਖ-ਵੱਖ ਸਾਜ਼ ਜਿਵੇਂ ਤਬਲਾ, ਹਾਰਮੋਨੀਅਮ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ| ਸਾਂਗ ਨਾਟਕ ਵਿੱਚ ਗਿੱਧਾ ਨਹੀਂ ਪਾਇਆ ਜਾਂਦਾ ਜਦਕਿ ਗਿੱਧਾ ਨਾਟਕ ਬੁਨਿਆਦੀ ਤੌਰ 'ਤੇ ਗਿੱਧੇ ਰਾਹੀਂ ਹੀ ਖੇਡਿਆ ਜਾਂਦਾ ਹੈ|
ਅਜੀਤ ਸਿੰਘ ਔਲਖ ਨੇ ਪੰਜਾਬ ਦੇ ਗਿੱਧਾ ਨਾਟਾਂ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਹੈ| ਵਿਆਹ ਸ਼ਾਦੀਆਂ ਨਾਲ ਸੰਬੰਧਤ ਖੇਡ ਜਾਣ ਵਾਲੇ ਗਿੱਧਾ ਨਾਟਕ, ਘਰੇਲੂ ਰਿਸ਼ਤਿਆਂ ਅਤੇ ਅਸ਼ਲੀਲ ਭਾਵਾਂ ਨਾਲ ਖੇਡੇ ਜਾਣ ਵਾਲੇ ਗਿੱਧਾ ਨਾਟਕ| ਵਿਆਹ ਸ਼ਾਦੀਆਂ ਨਾਲ ਸੰਬੰਧਤ ਖੇਡੇ ਜਾਣ ਵਾਲੇ ਗਿੱਧਾ ਨਾਟਕਾਂ ਵਿੱਚੋਂ ਪ੍ਰਮੁੱਖ ਗਿੱਧਾ ਨਾਟਾਂ ਬਾਰੇ ਚਰਚਾ ਵੀ ਔਲਖ ਨੇ ਆਪਣੀ ਪੁਸਤਕ ਵਿੱਚ ਕੀਤੀ ਹੈ| ਇਨ੍ਹਾਂ ਵਿੱਚੋਂ ਵਲੱਲੀ ਸਹੁਰੇ ਚੱਲੀ, ਜੱਟ ਜੱਟੀ, ਨੀ ਬੁੱਢਾ ਘੋੜੀ ਚੜ੍ਹਿਆ, ਢੋਲ ਮੇਰਾ ਜੀTੁਂਦਾ ਰਹੇ ਆਦਿ ਪ੍ਰਮੁੱਖ ਗਿੱਧਾ ਨਾਟ ਹਨ| ਇਹ ਗਿੱਧਾ ਨਾਟਕ, ਸਗਾਈ, ਮੁੰਡੇ ਦੀ ਛਟੀ, ਮੁੰਡਨ ਸੰਸਕਾਰ ਅਤੇ ਵਿਆਹ ਸ਼ਾਦੀ ਦੇ ਮੌਕੇ ਉੱਤੇ ਖੇਡੇ ਜਾਂਦੇ ਹਨ| ਅਜਿਹੇ ਨਾਟਕ ਪਿੰਡਾਂ ਵਿੱਚ ਮਿਰਾਸਨਾਂ ਖੇਡਦੀਆਂ ਹਨ| ਘਰੇਲੂ ਰਿਸ਼ਤਿਆਂ ਨੂੰ ਲੈ ਕੇ ਲਿਖੇ ਗਏ ਗਿੱਧਾ ਨਾਟਾਂ ਵਿੱਚੋਂ ਪ੍ਰਮੁੱਖ ਨਾਟਕ ਸੱਸੇ ਮੈਂ ਨਹੀਂ ਵਸਣਾ, ਨਨਾਣ ਭਰਜਾਈ ਆਦਿ ਵਧੇਰੇ ਮਸ਼ਹੂਰ ਗਿੱਧਾ ਨਾਟ ਹਨ| ਇਨ੍ਹਾਂ ਨਾਟਕਾਂ ਵਿੱਚ ਆਮ ਤੌਰ 'ਤੇ ਉਨ੍ਹਾਂ ਭਾਵਾਂ ਦੀ ਤਰਜ਼ਮਾਨੀ ਕੀਤੀ ਜਾਂਦੀ ਹੈ ਜਿਨ੍ਹਾਂ ਬਾਰੇ ਸਮਾਜਕ ਤੌਰ 'ਤੇ ਖੁਲ੍ਹ ਕੇ ਬੋਲਣਾ ਵਰਜਿਤ ਹੁੰਦਾ ਹੈ| ਜਿਵੇਂ ਕਿ ਕੁੜੀ ਦੇ ਵਿਆਹ ਵੇਲੇ ਉਹਦੀ ਇੱਛਾ ਨੂੰ ਕੋਈ ਪਹਿਲ ਨਹੀਂ ਦਿੱਤੀ ਜਾਂਦੀ| ਅਜਿਹੇ ਗਿੱਧਾ ਨਾਟਾਂ ਵਿੱਚ ਉਸਨੂੰ ਆਪਣੇ ਦੱਬੇ ਭਾਵਾਂ ਨੂੰ ਵਿਅਕਤ ਕਰਨ ਦਾ ਖੁਲ੍ਹਾ ਮੌਕਾ ਮਿਲਦਾ ਹੈ| ਜਦੋਂ ਉਹ ਕਹਿੰਦੀ ਹੈ :
ਸੱਸੇ ਮੈਂ ਨਹੀਂ ਵੱਸਣਾ ਮੁੰਡਾ ਤੇਰਾ ਕਾਲੇ ਚੋਅ ਵਰਗਾ ਨੀ ਸੱਸੇ ਇੱਥੇ ਮੈਂ ਨਹੀਂ ਵੱਸਣਾ
ਇਸੇ ਤਰ੍ਹਾਂ ਅਸ਼ਲੀਲਤਾ ਨੂੰ ਲੈ ਕੇ ਬਣਾਏ ਗਏ ਗਿੱਧਾ ਨਾਟਾਂ ਵਿੱਚ ਸਾਧਾ ਸੱਚ ਦੱਸ ਵੇ ਤੇ ਮਾਹੀ ਮੇਰਾ ਲੂਣ ਘੋਟਣਾ ਆਦਿ ਮਸ਼ਹੂਰ ਗਿੱਧਾ ਨਾਟ ਹਨ| ਸਾਧਾਂ ਨਾਲ ਸੰਬੰਧਤ ਗਿੱਧਾਂ ਨਾਟਾਂ ਵਿੱਚ ਸਾਧਾਂ ਦੀ ਲਿੰਗਿਕ ਭੁੱਖ ਨੂੰ ਅਸ਼ਲੀਲਤਾ ਦੇ ਹਵਾਲੇ ਰਾਹੀਂ ਦਰਸਾਇਆ ਜਾਂਦਾ ਹੈ | ਗਿੱਧਾ ਨਾਟਾਂ ਵਿੱਚ ਮਰਦਾਂ ਦੀ ਸ਼ਮੂਲੀਅਤ ਨਹੀਂ ਹੁੰਦੀ ਇਨ੍ਹਾਂ ਨਾਟਕਾਂ ਨੂੰ ਖੇਡਣ ਵਾਲੀਆਂ ਕਲਾਕਾਰ ਵੀ ਔਰਤ ਪਾਤਰ ਹੀ ਹੁੰਦੀਆਂ ਹਨ ਅਤੇ ਦਰਸ਼ਕ ਵੀ ਔਰਤਾਂ ਹੀ ਹੁੰਦੀਆਂ ਹਨ| ਗਿੱਧਾ ਨਾਟਕਾਂ ਨੂੰ ਔਰਤਾਂ ਬੜੀ ਦਲੇਰੀ ਤੇ ਨਿਝੱਕਤਾ ਨਾਲ ਖੇਡਦੀਆਂ ਹਨ| ਇਨ੍ਹਾਂ ਨਾਟਕਾਂ ਦੀ ਮਹੱਤਤਾ ਉਦੋਂ ਹੋਰ ਵੀ ਵਧੇਰੇ ਹੁੰਦੀ ਸੀ ਜਦੋਂ ਔਰਤਾਂ ਨੂੰ ਘਰੋਂ ਬਾਹਰ ਨਿਕਲਣ ਦੀ ਆਜ਼ਾਦੀ ਨਹੀਂ ਸੀ| ਇਹਨਾਂ ਨਾਟਾਂ ਵਿੱਚ ਉਹ ਆਪਣੇ ਭਾਵਾਂ ਦੀ ਅਭਿਵਿਅਕਤੀ ਬੜਾ ਬੇਖੌਫ਼ ਹੋ ਕੇ ਕਰਦੀਆਂ ਸਨ| ਪਿੰਡਾਂ ਵਿੱਚ ਵਿਆਹਾਂ ਸ਼ਾਦੀਆਂ ਉੱਤੇ ਇਨ੍ਹਾਂ ਨਾਟਕਾਂ ਨੂੰ ਖੇਡੇ ਜਾਣ ਦਾ ਪ੍ਰਚਲਨ ਬਹੁਤ ਆਮ ਹੈ| (ਸਹਾਇਕ ਗ੍ਰੰਥ - ਅਜੀਤ ਸਿੰਘ ਔਲਖ : ਪੰਜਾਬੀ ਲੋਕ ਨਾਟ ਪਰੰਪਰਾ)

ਗੀਤ ਨਾਟ
ਗੀਤ ਨਾਟਕ, ਨਾਟਕ ਦੀ ਅਜਿਹੀ ਵੰਨਗੀ ਹੈ ਜਿਸ ਦੇ ਸੰਵਾਦ ਗੀਤਾਂ ਵਿੱਚ ਲਿਖੇ ਜਾਂਦੇ ਹਨ| ਪਾਤਰ ਆਪਣੀ ਗੱਲਬਾਤ ਗੀਤਾਂ ਦੇ ਜ਼ਰੀਏ ਕਰਦੇ ਹਨ| ਗੀਤਾਂ ਦਾ ਉਚਾਰਣ ਪੂਰੀ ਬਕਾਇਦਗੀ ਨਾਲ ਤਰਜ਼ਾਂ ਉੱਤੇ ਆਧਾਰਤ ਹੁੰਦਾ ਹੈ| ਨਾਟਕੀ ਕਾਰਜ ਨੂੰ ਤੀਖਣਤਾ ਪ੍ਰਦਾਨ ਕਰਨ ਵਿੱਚ ਗੀਤਾਂ ਦੀ ਭੂਮਿਕਾ ਅਹਿਮ ਸਿੱਧ ਹੁੰਦੀ ਹੈ| ਗੀਤ ਨਾਟਕ ਦੇ ਕਲਾਕਾਰ ਬੜੇ ਹੰਢੇ ਵਰਤੇ ਅਭਿਨੇਤਾ ਹੋਣੇ ਚਾਹੀਦੇ ਹਨ ਜਿਹੜੇ ਗੀਤਾਂ ਦੇ ਰਿਦਮ ਅਤੇ ਅਭਿਨੈ ਦੀ ਕਲਾ ਵਿੱਚ ਇੱਕਸੁਰਤਾ ਸਥਾਪਤ ਕਰਨ ਦੀ ਮੁਹਾਰਤ ਰੱਖਦੇ ਹੋਣ| ਅਭਿਨੈ ਅਤੇ ਗੀਤਾਂ ਦਾ ਸਹੀ ਤਾਲਮੇਲ ਹੀ ਨਾਟਕੀ ਪ੍ਰਭਾਵ ਨੂੰ ਪੈਦਾ ਕਰਨ ਵਿੱਚ ਸਹਾਈ ਹੁੰਦਾ ਹੈ| ਲੋਕ ਧਾਰਨਾਵਾਂ 'ਤੇ ਆਧਾਰਤ ਗੀਤ ਦਰਸ਼ਕਾਂ ਨੂੰ ਬੰਨ੍ਹ ਕੇ ਰੱਖਣ ਵਿੱਚ ਮਦਦ ਕਰਦੇ ਹਨ| ਗੀਤ ਨਾਟਕਾਂ ਦਾ ਰਚੈਤਾ ਗੀਤ ਰਚਨਾ ਦੀ ਕਲਾ ਵਿੱਚ ਪ੍ਰਬੀਨ ਹੋਣ ਦੇ ਨਾਲ ਨਾਲ ਸੰਗੀਤ ਸੁਰਾਂ ਦੀ ਸਮਝ ਰੱਖਣ ਵਾਲਾ ਅਤੇ ਗੀਤਾਂ ਰਾਹੀਂ ਨਾਟਕੀ ਕਾਰਜ ਸਿਰਜਨ ਦੀ ਕਲਾ ਦਾ ਮਾਹਿਰ ਵੀ ਹੋਣਾ ਚਾਹੀਦਾ ਹੈ ਅਰਥਾਤ ਗੀਤ ਅਤੇ ਨਾਟਕ ਦਾ ਮੇਲ ਹੀ ਗੀਤ ਨਾਟਕ ਦਾ ਆਧਾਰ ਸਿੱਧ ਹੁੰਦਾ ਹੈ| (ਸਹਾਇਕ ਗ੍ਰੰਥ - ਗੁਰਦਿਆਲ ਸਿੰਘ ਫੁੱਲ : ਪੰਜਾਬੀ ਨਾਟਕ ਸਰੂਪ, ਸਿਧਾਂਤ ਤੇ ਵਿਕਾਸ)

ਗਤੀ ਨਿਯੰਤਰਣ
timing

ਗੋਲ ਰੰਗ ਸ਼ਾਲਾ
amphi theatre


logo