logo
भारतवाणी
bharatavani  
logo
Knowledge through Indian Languages
Bharatavani

Punjabi Encyclopaedic Dictionary of Theatre (Punjabi-English)

ਹਿਲਜੁਲ

Movement

ਹਿਲਜੁਲ/ਮੂਵਮੈਂਟ ਨਾਟਕ ਦਾ ਅਜਿਹਾ ਤੱਤ ਹੈ ਜਿਹੜਾ ਇਸ ਨੂੰ ਜੀਵੰਤਤਾ ਪ੍ਰਦਾਨ ਕਰਦਾ ਹੈ| ਸ਼ਬਦਾਂ ਨੂੰ ਦ੍ਰਿਸ਼ ਦੀ ਭਾਸ਼ਾ ਵਿੱਚ ਤਬਦੀਲ ਕਰਨਾ ਨਿਰਦੇਸ਼ਕ ਦੀ ਮੁੱਢਲੀ ਲੋੜ ਹੁੰਦੀ ਹੈ| ਇਸ ਹਿਲਜੁਲ ਨੂੰ ਪ੍ਰਭਾਵੀ ਬਣਾਉਣ ਲਈ ਉਚੇਚੇ ਯਤਨਾਂ ਦੀ ਲੋੜ ਪੈਂਦੀ ਹੈ| ਪਾਤਰਾਂ ਦਾ ਤੁਰਨਾ, ਫ਼ਿਰਨਾ, ਬੈਠਣਾ, ਖੜੋਣਾ, ਰੁਕਣਾ ਆਦਿ ਦੀ ਗਤੀ ਦਾ ਨਿਰਧਾਰਣ ਨਿਰਦੇਸ਼ਕ ਦੀ ਨਿਰਦੇਸ਼ਨਾ ਤਹਿਤ ਕੀਤਾ ਜਾਂਦਾ ਹੈ| ਪਾਤਰਾਂ ਦੀ ਅਜਿਹੀ ਹਿਲਜੁਲ ਵਿੱਚੋਂ ਅਰਥਾਂ ਨੂੰ ਸਾਕਾਰ ਕਰਨਾ ਅਤੇ ਮੁੜ ਅਰਥਾਂ ਦੀ ਦਰਸ਼ਕਾਂ ਤੱਕ ਰਸਾਈ ਇਹ ਸਮੁੱਚਾ ਕਾਰਜ ਥੀਏਟਰੀ ਹਿਲਜੁਲ ਦੇ ਅੰਤਰਗਤ ਵਾਪਰਦਾ ਹੈ| ਕੁਝ ਹਿਲਜੁਲ ਅਜਿਹੀ ਹੁੰਦੀ ਹੈ ਜਿਹੜੀ ਨਾਟਕੀ ਟੈਕਸਟ ਵਿੱਚ ਮੌਜੂਦ ਹੁੰਦੀ ਹੈ ਅਤੇ ਪਾਠਕ ਨਾਟਕ ਦੀ ਸਕ੍ਰਿਪਟ ਨੂੰ ਪੜ੍ਹਨ ਵੇਲੇ ਅਜਿਹੀ ਹਿਲਜੁਲ ਦਾ ਅਹਿਸਾਸ ਕਰਦਾ ਹੈ| ਕੁਝ ਮੂਵਮੈਂਟ ਅਜਿਹੀ ਹੁੰਦੀ ਹੈ ਜਿਸ ਬਾਰੇ ਨਾਟਕਕਾਰ ਆਪਣੀ ਲਿਖਤ ਵਿੱਚ ਕੇਵਲ ਉਸ ਦਾ ਸੰਕੇਤ ਕਰਦਾ ਹੈ| ਅਜਿਹੀ ਹਿਲਜੁਲ ਮਾਹੌਲ ਸਿਰਜਨ ਵਿੱਚ ਮਦਦਗਾਰ ਸਿੱਧ ਹੁੰਦੀ ਹੈ| ਲਿਖਤ ਵਿੱਚ ਪਈ ਹਿਲਜੁਲ ਨੂੰ ਨਿਰਦੇਸ਼ਕ ਆਪਣੀ ਸੂਝ ਸਦਕਾ ਨਾਟਕ ਦੀ ਪ੍ਰਸਤੁਤੀ ਦੌਰਾਨ ਅਰਥ ਪ੍ਰਦਾਨ ਕਰਦਾ ਹੈ| ਕਿਸੇ ਵੀ ਪਾਤਰ ਦੀ ਹਿਲਜੁਲ ਉਸ ਦੇ ਵਰਗ, ਹੈਸੀਅਤ, ਸ਼੍ਰੇਣੀ, ਸਟੇਟਸ ਅਤੇ ਮਾਨਸਿਕਤਾ ਨੂੰ ਉਭਾਰਨ ਵਿੱਚ ਯੋਗਦਾਨ ਪਾਉਂਦੀ ਹੈ| ਅਜਿਹੀ ਹਿਲਜੁਲ ਦਾ ਕੋਈ ਵੀ ਪਹਿਲੂ ਨਿਰਾਰਥਕ ਨਹੀਂ ਹੁੰਦਾ| ਮੰਚ ਉੱਤੇ ਕਿਸੇ ਵੀ ਪਾਤਰ ਦਾ ਆਉਣਾ-ਜਾਣਾ ਕੇਵਲ ਕਾਰਜ ਦੀ ਨਿਰੰਤਰਤਾ ਨੂੰ ਬਣਾਈ ਰੱਖਣ ਲਈ ਕਾਫੀ ਨਹੀਂ ਹੁੰਦਾ ਸਗੋਂ ਨਾਟਕ ਦੇ ਸਮੁੱਚੇ ਪ੍ਰਭਾਵ ਨੂੰ ਸਿਰਜਨ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲਾ ਸਿੱਧ ਹੁੰਦਾ ਹੈ| ਹਿਲਜੁਲ ਕੇਵਲ ਸਕ੍ਰਿਪਟ ਜਾਂ ਪਾਤਰਾਂ ਦੇ ਕਾਰਜ ਰਾਹੀਂ ਹੀ ਉਤਪੰਨ ਨਹੀਂ ਹੁੰਦੀ ਸਗੋਂ ਇਹ ਪਾਤਰਾਂ ਦੇ ਵਾਰਤਾਲਾਪ ਤੇ ਵਾਰਤਾਲਾਪ ਦੇ ਉਚਾਰਨ ਢੰਗ ਵਿੱਚ ਵੀ ਨਿਹਿਤ ਹੁੰਦੀ ਹੈ| ਅਜਿਹੀ ਹਿਲਜੁਲ ਨੂੰ ਸਾਕਾਰ ਕਰਨ ਵਿੱਚ ਨਿਰਦੇਸ਼ਕ ਤੇ ਅਭਿਨੇਤਾ ਦਾ ਰੋਲ ਅਹਿਮ ਹੁੰਦਾ ਹੈ| ਅਜਿਹੀ ਹਿਲਜੁਲ ਨਾਟਕੀ ਅਰਥਾਂ ਨੂੰ ਵਿਸਤਾਰ ਦੇਣ ਵਿੱਚ ਮਦਦ ਕਰਦੀ ਹੈ| ਕਿਸੇ ਵੀ ਪਾਤਰ ਦੇ ਚਲਣ ਦੀ ਤੇਜ਼ ਜਾਂ ਹੌਲੀ ਰਫ਼ਤਾਰ ਦਰਸ਼ਕ ਨੂੰ ਉਸ ਪਾਤਰ ਬਾਰੇ ਵੱਖ-ਵੱਖ ਦਿਸ਼ਾਵਾਂ ਤੋਂ ਸੋਚਣ ਦਾ ਰਾਹ ਸੁਝਾਉਂਦੀ ਹੈ| ਅਜਿਹੀ ਸਰੀਰਕ ਹਿਲਜੁਲ ਦਰਸ਼ਕਾਂ ਤੱਕ ਵੱਖ-ਵੱਖ ਭਾਵਾਂ ਦਾ ਸੰਚਾਰ ਕਰਨ ਵਿੱਚ ਮਦਦਗਾਰ ਸਿੱਧ ਹੁੰਦੀ ਹੈ| ਅਭਿਨੇਤਾ ਦਾ ਅਦਾਕਾਰੀ ਦੌਰਾਨ ਸਿਰ ਉਪਰ ਵੱਲ ਨੂੰ ਕਰਨਾ, ਬਾਹਵਾਂ ਉਪਰ ਚੁੱਕਣੀਆਂ ਜਾਂ ਪੈਰ ਅੱਗੇ ਵੱਲ ਨੂੰ ਕੱਢ ਕੇ ਰੱਖਣਾ ਸ਼ਕਤੀਸ਼ਾਲੀ ਸਰੀਰਕ ਹਿਲਜੁਲ ਦਾ ਸੰਕੇਤ ਸਿੱਧ ਹੁੰਦੇ ਹਨ| ਇਸੇ ਤਰ੍ਹਾਂ ਸਿਰ ਥੱਲੇ ਨੂੰ ਝੁਕਾਉਣਾ, ਪੈਰ ਪਿੱਛੇ ਵੱਲ ਨੂੰ ਧਰਨੇ ਕਮਜੋਰ ਹਿਲਜੁਲ ਦੀ ਨਿਸ਼ਾਨੀ ਹੈ| ਕਿਸੇ ਪਾਤਰ ਨੂੰ ਲਗਾਤਾਰ ਤਕੜੀ ਹਿਲਜੁਲ ਦੇਣ ਨਾਲ ਵੀ ਰਚਨਾ ਦਾ ਪ੍ਰਭਾਵ ਕਮਜੋਰ ਪੈ ਸਕਦਾ ਹੈ| ਹਿਲਜੁਲ ਦਾ ਕਦਾਚਿਤ ਅਰਥ ਮੰਚ ਉੱਤੇ ਪਾਤਰਾਂ ਦੇ ਲਗਾਤਾਰ ਤੁਰਦੇ ਫਿਰਦੇ ਰਹਿਣ ਤੋਂ ਨਹੀਂ ਲਿਆ ਜਾਂਦਾ ਸਗੋਂ ਅਜਿਹੀ ਹਿਲਜੁਲ ਵਿੱਚ ਗਤੀ ਨੂੰ ਘਟਾਉਣਾ, ਵਧਾਉਣਾ, ਪਾਤਰ ਦਾ ਰੁਕ ਕੇ ਕੁਝ ਸੋਚਣਾ ਵੀ ਉਨਾਂ ਹੀ ਅਹਿਮੀਅਤ ਰੱਖਦਾ ਹੈ| ਇਸ ਹਿਲਜੁਲ ਵਿੱਚ ਵੱਖਰਤਾ ਦੀ ਕਿਸਮ ਦਾ ਅਹਿਸਾਸ ਹੋਣਾ ਵੀ ਲਾਜ਼ਮੀ ਹੁੰਦਾ ਹੈ ਕਿਉਂਕਿ ਪਾਤਰਾਂ ਦੀ ਸਰੀਰਕ ਹਿਲਜੁਲ ਭਾਸ਼ਾਈ ਸੰਚਾਰ ਕਰਨ ਵਿੱਚ ਸਮੱਰਥ ਸਿੱਧ ਹੁੰਦੀ ਹੈ| ਇੱਕੋ ਵਾਰਤਾਲਾਪ ਨੂੰ ਕਹਿਣ ਜਾਂ ਉਚਾਰਨ ਦਾ ਵੱਖਰਾ ਅੰਦਾਜ਼ ਵਿਭਿੰਨ ਅਰਥਾਂ ਦੀ ਸਿਰਜਣਕਾਰੀ ਕਰ ਦੇਂਦਾ ਹੈ; ਕਹਿਣ ਦਾ ਭਾਵ ਕਿ ਮੰਚੀ ਹਿਲਜੁਲ ਦੀ ਇੱਕ ਆਪਣੀ ਭਾਸ਼ਾ ਹੁੰਦੀ ਹੈ| ਨਿਰਦੇਸ਼ਕ ਤੋਂ ਅਭਿਨੇਤਾ ਤੱਕ ਹੁੰਦੀ ਹੋਈ ਹਿਲਜੁਲ ਦੀ ਅਜਿਹੀ ਭਾਸ਼ਾ ਦਰਸ਼ਕ ਵਰਗ ਤੱਕ ਪਹੁੰਚ ਕੇ ਅਰਥਾਂ ਨੂੰ ਸਪਸ਼ਟਤਾ ਤੇ ਡੂੰਘਾਈ ਪ੍ਰਦਾਨ ਕਰਦੀ ਹੈ| ਥੀਏਟਰ ਦੀ ਅਜਿਹੀ ਸੰਕੇਤਕ ਭਾਸ਼ਾ, ਅਜਿਹੇ ਦਰਸ਼ਕ ਸਮੂਹ ਤੱਕ ਵੀ ਅਰਥਾਂ ਦੀ ਰਸਾਈ ਕਰਨ ਵਿੱਚ ਸਮੱਰਥ ਸਿੱਧ ਹੋ ਜਾਂਦੀ ਹੈ ਜਿਹੜੇ ਖੇਡੇ ਜਾ ਰਹੇ ਉਸ ਨਾਟਕ ਦੀ ਭਾਸ਼ਾ ਤੋਂ ਪਰਿਚਿਤ ਨਹੀਂ ਹੁੰਦੇ ਪਰ ਅਜਿਹੀ ਹਿਲਜੁਲ ਦੀ ਸਾਰਥਕਤਾ ਦਾ ਮਹੱਤਵ ਓਦੋਂ ਅਰਥ ਵਿਹੂਣਾ ਹੋ ਜਾਂਦਾ ਹੈ ਜਦੋਂ ਇਹ ਹਿਲਜੁਲ ਵਾਰਤਾਲਾਪ ਉੱਤੇ ਭਾਰੂ ਹੋ ਜਾਂਦੀ ਹੈ| ਅਜਿਹੀ ਸਥਿਤੀ ਵਿੱਚ ਦਰਸ਼ਕ ਦੀ ਇੱਕਾਗਰਤਾ ਭੰਗ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ| ਪਾਤਰਾਂ ਦੇ ਮੰਚ ਉੱਤੇ ਆਉਣ ਜਾਂ ਜਾਣ ਵੇਲੇ ਵੀ ਉਨ੍ਹਾਂ ਦੀ ਮੂਵਮੈਂਟ ਵੱਲ ਉਚੇਚਾ ਧਿਆਨ ਦਿੱਤੇ ਜਾਣ ਦੀ ਲੋੜ ਹੁੰਦੀ ਹੈ ਕਿਉਂਕਿ ਮੰਚ ਉੱਤੇ ਦਾਖਲ ਹੋਣ ਵੇਲੇ ਹਰੇਕ ਪਾਤਰ ਵੱਲ ਦਰਸ਼ਕ ਦਾ ਧਿਆਨ ਜਾਂਦਾ ਹੈ| ਨਾਟਕ ਵਿਚਲੀ ਮੂਵਮੈਂਟ ਨਾਟਕ ਵਿਚਲੇ ਅਰਥਾਂ ਨੂੰ ਵਿਸਤਾਰ ਦੇਣ ਵਿੱਚ ਮਦਦ ਕਰਦੀ ਹੈ| ਅਜਿਹੀ ਸਥਿਤੀ ਵਿੱਚ ਹਿਲਜੁਲ ਗੈਰਭਾਸ਼ੀ ਹੁੰਦੇ ਹੋਏ ਵੀ ਭਾਸ਼ਾ ਦੇ ਰੂਪ ਵਿੱਚ ਅਰਥਾਂ ਦਾ ਸੰਚਾਰ ਕਰਦੀ ਹੈ| ਵਾਰਤਾਲਾਪ ਵਿੱਚ ਕਾਰਜ ਦੀ ਕਮੀ ਨੂੰ ਪੂਰਿਆਂ ਕਰਨ ਲਈ ਵੀ ਨਿਰਦੇਸ਼ਕ ਅਜਿਹੀ ਹਿਲਜੁਲ ਪਾਤਰਾਂ ਦੇ ਸਰੀਰਕ ਕਾਰਜ ਦੇ ਮਾਧਿਅਮ ਰਾਹੀਂ ਕਰਦਾ ਹੈ| ਹਿਲਜੁਲ ਦੀ ਅਜਿਹੀ ਸੁਭਾਵਿਕਤਾ ਨਾਟਕੀ ਵਿਵੇਕ ਨੂੰ ਉਜਾਗਰ ਕਰਨ ਵਿੱਚ ਸਾਰਥਕ ਭੂਮਿਕਾ ਨਿਭਾਉਂਦੀ ਹੈ| (ਸਹਾਇਕ ਗ੍ਰੰਥ - ਆਤਮਜੀਤ : ਨਾਟਕ ਦਾ ਨਿਰਦੇਸ਼ਨ; ਨੇਮਿਚੰਦਰ ਜੈਨ : ਰੰਗ ਦਰਸ਼ਨ; ਸ਼ੰਭੂ ਮਿਤ੍ਰ : ਕਿਸੇ ਕਹਤੇ ਹੈਂ ਨਾਟਯ ਕਲਾ)

ਹਿਲਜੁਲ
movement


logo