logo
भारतवाणी
bharatavani  
logo
Knowledge through Indian Languages
Bharatavani

Punjabi Encyclopaedic Dictionary of Theatre (Punjabi-English)

ਟਿੱਚਰ
ਟਿੱਚਰ, ਨਕਲ ਦਾ ਇੱਕ ਅਜਿਹਾ ਰੂਪ ਹੈ ਜਿਹੜਾ ਇੱਕੋ ਝਾਕੀ ਵਿੱਚ ਪੇਸ਼ ਕੀਤਾ ਜਾਂਦਾ ਹੈ| ਅਜਿਹੀ ਝਾਕੀ ਦਾ ਸਿਖ਼ਰ ਹਾਸ ਰਸ ਨਾਲ ਭਰਪੂਰ ਹੁੰਦਾ ਹੈ| ਇਸ ਨੂੰ ਪੇਸ਼ ਕਰਨ ਦਾ ਸਮਾਂ ਬਹੁਤ ਹੀ ਥੋੜ੍ਹਾ ਹੁੰਦਾ ਹੈ | ਟਿੱਚਰ ਵੱਧ ਤੋਂ ਵੱਧ ਦਸ ਮਿੰਟ ਵਿੱਚ ਸਮਾਪਤ ਹੋ ਜਾਂਦੀ ਹੈ| ਟਿੱਚਰ ਨੂੰ ਖੇਡਣ ਵਾਲੇ ਅਦਾਕਾਰ ਕੇਵਲ ਦੋ ਵਿਅਕਤੀ ਹੁੰਦੇ ਹਨ ਇੱਕ ਨੂੰ ਰੰਗਾ ਤੇ ਦੂਜੇ ਨੂੰ ਬਿਗਲਾ ਕਿਹਾ ਜਾਂਦਾ ਹੈ| ਟਿੱਚਰ ਸਧਾਰਨ ਗੱਲਬਾਤ ਨਾਲ ਸ਼ੁਰੂ ਹੁੰਦੀ ਹੈ ਪਰ ਇਸ ਦਾ ਸਿਖ਼ਰ ਬੜੇ ਧਮਾਕੇ ਵਾਲਾ ਹੁੰਦਾ ਹੈ| ਦਰਸ਼ਕਾਂ ਦੀ ਉਮੀਦ ਤੋਂ ਵਿਪਰੀਤ ਇਸ ਦਾ ਅੰਤ ਕੁਝ ਹੋਰ ਹੀ ਨਿਕਲਦਾ ਹੈ| ਟਿੱਚਰ ਖਤਮ ਹੋਣ 'ਤੇ ਦਰਸ਼ਕ ਹਾਸੇ ਨਾਲ ਲੋਟਪੋਟ ਹੋ ਜਾਂਦੇ ਹਨ| ਟਿੱਚਰ ਵਿੱਚ ਅਖੀਰਲੇ ਵਾਰਤਾਲਾਪ ਦਾ ਬੜਾ ਮਹੱਤਵ ਹੁੰਦਾ ਹੈ ਕਿਉਂਕਿ ਉਸੇ ਗੱਲ ਵਾਸਤੇ ਟਿੱਚਰ ਦੀ ਉਸਾਰੀ ਕੀਤੀ ਜਾਂਦੀ ਹੈ| ਪੰਜਾਬ ਵਿੱਚ ਖੇਡੀਆਂ ਜਾਣ ਵਾਲੀਆਂ ਟਿੱਚਰਾਂ ਇਸ ਪ੍ਰਕਾਰ ਹਨ ਰੱਬ ਤੈਨੂੰ ਵੀ ਚੁੱਕੇ, ਮਾਮਾ ਜੀ, ਕਮਰੇ ਭਰ ਦਿੱਤੇ, ਭੁੱਖੇ ਰੋਂਦੇ ਸੀ, ਲਫ਼ਾਫ਼ੇ ਵਿੱਚ, ਬਹੁਤ ਦੇਗਾਂ ਲਾਹੀਆਂ, ਮੇਰਾ ਵਿਆਹ ਹੋਇਆ ਆਦਿ
ਟਿੱਚਰ ਖੇਡਣ ਵਾਸਤੇ ਕਿਸੇ ਵਿਸ਼ੇਸ਼ ਕਿਸਮ ਦੀ ਮੰਚ ਦਾ ਨਿਰਮਾਣ ਨਹੀਂ ਕੀਤਾ ਜਾਂਦਾ| ਬਹੁਤ ਥੋੜ੍ਹੀ ਜਿਹੀ ਥਾਂ ਉੱਤੇ ਟਿੱਚਰ ਖੇਡ ਲਈ ਜਾਂਦੀ ਹੈ| ਇੱਕੋ ਅਦਾਕਾਰ ਵੱਖ-ਵੱਖ ਭੂਮਿਕਾਵਾਂ ਅਦਾ ਕਰਨ ਵਿੱਚ ਮਾਹਿਰ ਹੁੰਦਾ ਹੈ| ਇਸ ਨੂੰ ਖੇਡਣ ਵਾਲੇ ਕਲਾਕਾਰ ਬਾਲਮੀਕ ਮਿਰਾਸੀ ਹੁੰਦੇ ਹਨ| ਇਨ੍ਹਾਂ ਨੂੰ ਕੋਈ ਵਿਸ਼ੇਸ਼ ਸੱਦਾ ਨਹੀਂ ਦਿੱਤਾ ਜਾਂਦਾ ਸਗੋਂ ਬਿਨ੍ਹਾਂ ਬੁਲਾਏ ਹੀ ਇਹ ਵਿਆਹ ਸ਼ਾਦੀਆਂ ਅਤੇ ਹੋਰ ਖੁਸ਼ੀ ਦੇ ਮੌਕਿਆਂ 'ਤੇ ਪਹੁੰਚ ਜਾਂਦੇ ਹਨ| ਵਧਾਈਆਂ ਗਾਉਣ ਤੋਂ ਮਗਰੋਂ ਇਹ ਮਿਰਾਸੀ ਕਲਾਕਾਰ ਟਿੱਚਰਾਂ ਖੇਡਦੇ ਹਨ| ਗੁੰਝਲ ਖੁੱਲਣ ਤੇ ਰੰਗਾ, ਬਿਗਲੇ ਦੇ ਚਮੋਟਾ ਮਾਰਦਾ ਹੈ| ਚਮੋਟਾ ਵੱਜਣ 'ਤੇ ਦਰਸ਼ਕ ਖਿੜਖਿੜਾ ਕੇ ਹੱਸਦੇ ਹਨ| ਟਿੱਚਰ ਘੜਨ ਦਾ ਮੁੱਖ ਮਨੋਰਥ ਹੀ ਦਰਸ਼ਕਾਂ ਨੂੰ ਹਸਾਉਣਾ ਹੁੰਦਾ ਹੈ| (ਸਹਾਇਕ ਗ੍ਰੰਥ - ਅਜੀਤ ਸਿੰਘ ਔਲਖ : ਪੰਜਾਬੀ ਲੋਕ ਨਾਟ ਪਰੰਪਰਾ)

ਟੀ. ਵੀ. ਨਾਟਕ

T.V Drama

ਟੀ. ਵੀ.ਨਾਟਕ, ਮੰਚੀ ਨਾਟਕ ਅਤੇ ਰੇਡੀਓ ਨਾਟਕ ਤੋਂ ਬਿਲਕੁਲ ਵੱਖਰੀ ਵਿਧਾ ਹੈ| ਇਸ ਦਾ ਮਾਧਿਅਮ ਕੈਮਰਾ ਹੈ| ਇਸ ਦਾ ਪ੍ਰਦਰਸ਼ਨ ਨਾ ਸਿਨਮੇ ਨਾਲ ਮੇਲ ਖਾਂਦਾ ਹੈ ਤੇ ਨਾ ਹੀ ਥੀਏਟਰ ਨਾਲ| ਟੀ.ਵੀ.ਨਾਟਕ ਕਲੋਜ਼ ਅੱਪ ਦੀ ਕਲਾ ਹੈ| ਛੋਟੀ ਸਕਰੀਨ ਹੋਣ ਕਰਕੇ ਵਿਆਪਕ ਕਿਸਮ ਦੇ ਦ੍ਰਿਸ਼ ਟੀ.ਵੀ. ਨਾਟਕ ਰਾਹੀਂ ਪੇਸ਼ ਕਰਨੇ ਕਠਿਨ ਹੁੰਦੇ ਹਨ| ਦਰਸ਼ਕਾਂ ਦੇ ਧਿਆਨ ਹਿੱਤ ਲਿਆTਣ ਵਾਲੇ ਦ੍ਰਿਸ਼ ਨੂੰ ਕਲੋਜ਼ ਅੱਪ ਰਾਹੀਂ ਫ਼ੋਕਸ ਕੀਤਾ ਜਾਂਦਾ ਹੈ| ਇਉਂ ਫ਼ੋਕਸੀਕਰਨ ਦੀ ਪ੍ਰਕਿਰਿਆ ਰਾਹੀਂ ਸਿਰਜੇ ਨਾਟ ਦ੍ਰਿਸ਼ ਨੂੰ ਦਰਸ਼ਕ ਗ੍ਰਹਿਣ ਕਰਦਾ ਹੈ| ਮੰਚੀ ਨਾਟਕ ਦੀ ਪ੍ਰਦਰਸ਼ਨੀ ਵਿੱਚ ਦਰਸ਼ਕ ਅਤੇ ਅਭਿਨੇਤਾ ਆਹਮੋ ਸਾਹਮਣੇ ਲਾਈਵ ਰੂਪ ਵਿੱਚ ਮੌਜੂਦ ਹੁੰਦੇ ਹਨ| ਮੰਚ ਉੱਤੇ ਹੋ ਰਹੀ ਪੇਸ਼ਕਾਰੀ ਬਾਰੇ ਦਰਸ਼ਕਾਂ ਦਾ ਪ੍ਰਤੀਕਰਮ ਅਭਿਨੇਤਾਵਾਂ ਦੇ ਜੋਸ਼ ਅਤੇ ਉਮਾਹ ਵਿੱਚ ਵਾਧਾ ਕਰਦਾ ਹੈ| ਵੱਖ- ਵੱਖ ਸੰਵਾਦਾਂ ਦੇ ਉਚਾਰਨ ਵੇਲੇ ਅਤੇ ਨਾਟਕੀ ਮੌਕਿਆਂ ਦੀ ਸਿਰਜਨਾ 'ਤੇ ਦਰਸ਼ਕਾਂ ਵਲੋਂ ਭਰਪੂਰ ਤਾੜੀਆਂ ਮਾਰਨ 'ਤੇ ਅਭਿਨੇਤਾਵਾਂ ਵਿੱਚ ਉਮੜਨ ਵਾਲਾ ਚਾਅ, ਟੀ.ਵੀ. ਨਾਟਕ ਵਿੱਚ ਗੈਰਹਾਜ਼ਰ ਹੁੰਦਾ ਹੈ| ਟੀ.ਵੀ. ਨਾਟਕ ਦੇ ਅਭਿਨੇਤਾ ਅਤੇ ਦਰਸ਼ਕ ਵਿੱਚ ਅਜਿਹੀ ਕੋਈ ਸਾਂਝ ਨਹੀਂ ਹੁੰਦੀ| ਟੀ.ਵੀ. ਨਾਟਕ ਦਾ ਮੁੱਖ ਜ਼ੋਰ ਸੰਵਾਦਾਂ ਦੀ ਸਿਰਜਨ ਕਲਾ ਅਤੇ ਅਦਾਕਾਰਾਂ ਦੇ ਚਿਹਰਿਆਂ ਨੂੰ ਨੇੜਿਓਂ ਕੈਮਰੇ ਵਿੱਚ ਬੰਦ ਕਰਨਾ ਹੁੰਦਾ ਹੈ| ਟੀ.ਵੀ. ਨਾਟਕ ਦੇ ਦਰਸ਼ਕਾਂ ਦੇ ਪ੍ਰਤਿਕਰਮ ਦਾ ਅਦਾਕਾਰਾਂ ਉੱਤੇ ਕੋਈ ਅਸਰ ਨਹੀਂ ਹੁੰਦਾ| ਅਦਾਕਾਰਾਂ ਦੇ ਹਾਵਾਂ-ਭਾਵਾਂ ਨੂੰ ਟੀ.ਵੀ. ਦੇ ਨੇੜੇ ਬਹਿ ਕੇ ਹੀ ਦੇਖਿਆ ਜਾ ਸਕਦਾ ਹੈ ਜਦ ਕਿ ਮੰਚੀ ਨਾਟ ਵਿੱਚ ਦਰਸ਼ਕਾਂ ਦਾ ਵਿਸ਼ਾਲ ਸਮੂਹ ਅਦਾਕਾਰਾਂ ਦੇ ਸੂਖ਼ਮ ਤੋਂ ਸੂਖ਼ਮ ਭਾਵ ਨੂੰ ਤੱਕ ਕੇ ਉਨ੍ਹਾਂ ਦੇ ਮਨ ਅੰਦਰਲੇ ਜਗਤ ਤੱਕ ਪਹੁੰਚ ਜਾਂਦਾ ਹੈ| ਟੀ.ਵੀ. ਨਾਟਕ ਵਿੱਚ ਵਾਰਤਾਲਾਪ ਬੋਲਣ ਵਾਲੇ ਹਰੇਕ ਅਦਾਕਾਰ ਦੇ ਉੱਤੇ ਕੈਮਰਾ ਫ਼ੋਕਸ ਕਰ ਦਿੱਤਾ ਜਾਂਦਾ ਹੈ| ਟੀ.ਵੀ. ਉੱਤੇ ਚਲਣ ਵਾਲੇ ਲੰਮੇ-ਲੰਮੇ ਲੜੀਵਾਰ ਨਾਟਕਾਂ ਨੇ ਦਰਸ਼ਕਾਂ ਨੂੰ ਜਟਿਲ ਕਿਸਮ ਦੇ ਕਥਾਨਕਾਂ ਵਾਲੇ ਨਾਟਕ ਦੇਖਣ ਦੀ ਆਦਤ ਪਾਈ ਹੈ| ਟੀ.ਵੀ. ਨਾਟਕ ਦੀ ਤਕਨੀਕ ਮੰਚੀ ਨਾਟਕ ਨਾਲੋਂ ਅਤੇ ਫ਼ਿਲਮ ਨਾਲੋਂ ਵੱਖਰੀ ਕਿਸਮ ਦੀ ਹੁੰਦੀ ਹੈ| ਚੌਵੀ ਘੰਟੇ ਚੱਲਣ ਵਾਲੇ ਸੈਟੇਲਾਈਟ ਚੈਨਲਾਂ ਰਾਹੀਂ ਪ੍ਰਸਾਰਤ ਹੋਣ ਵਾਲੇ ਨਾਟਕਾਂ ਨੇ ਦਰਸ਼ਕਾਂ ਨੂੰ ਇਸ ਵਿਧਾ ਪ੍ਰਤੀ ਆਕਰਸ਼ਤ ਕੀਤਾ ਹੈ| ਮਹੀਨਿਆਂ ਬੱਧੀ ਚੱਲਣ ਵਾਲੇ ਇਹ ਲੜੀਵਾਰ ਨਾਟਕ ਫ਼ਿਲਮੀ ਵਿਧੀਆਂ ਦੀ ਵਰਤੋਂ ਕਰਦੇ ਹੋਏ ਜ਼ਿੰਦਗੀ ਦੀ ਵਿਸ਼ਾਲ ਤਸਵੀਰ ਦੀ ਪੇਸ਼ਕਾਰੀ ਕਰਦੇ ਹਨ| (ਸਹਾਇਕ ਗ੍ਰੰਥ - ਕਮਲੇਸ਼ ਉੱਪਲ : ਟੀ.ਵੀ. ਅਤੇ ਪੰਜਾਬੀ ਰੰਗਮੰਚ; ਮਨਜੀਤ ਪਾਲ ਕੌਰ (ਸੰਪਾ.) : ਪੰਜਾਬੀ ਨਾਟਕ ਤੇ ਰੰਗਮੰਚ ਵਿਕਾਸ ਦੀਆਂ ਸਮੱਸਿਆਵਾਂ)

ਟੈਬੂ / ਵਰਜਨਾ

Taboo

ਟੈਬੂ ਦੇ ਅਰਥ ਵਰਜਨਾ, ਰੋਕ ਨਿਸ਼ੇਧ ਜਾਂ ਮਨਾਹੀ ਦੇ ਹਨ| ਵਰਜਨਾ ਦਾ ਸੰਬੰਧ ਕਿਸੇ ਵੀ ਸਮਾਜ-ਸਭਿਆਚਾਰ ਦੇ ਉਸ ਵਰਤਾਰੇ ਨਾਲ ਹੁੰਦਾ ਹੈ ਜਿੱਥੇ ਮਨੁੱਖ ਜਨਮ ਲੈਂਦਾ ਹੈ| ਹਰੇਕ ਸਮਾਜ ਵਿੱਚ ਕੁਝ ਵਰਜਨਾਵਾਂ ਹੁੰਦੀਆਂ ਹਨ ਜਿਨ੍ਹਾਂ ਨੂੰ Tਹ ਪਰੰਪਰਕ ਵਿਧਾਨ ਅਨੁਸਾਰ ਮੰਨਦਾ ਰਹਿੰਦਾ ਹੈ| ਇਨ੍ਹਾਂ ਵਰਜਨਾਵਾਂ ਨੂੰ ਮੰਨਣ ਵੇਲੇ ਮਨੁੱਖ ਇਖ਼ਲਾਕੀ ਕੀਮਤਾਂ ਦਾ ਪਾਲਣ ਨਹੀਂ ਕਰ ਰਿਹਾ ਹੁੰਦਾ ਸਗੋਂ ਉਸ ਸਮਾਜ-ਸਭਿਆਚਾਰ ਦੇ ਮੁੱਲਾਂ ਨੂੰ ਵਿਸ਼ੇਸ਼ ਮਾਨਸਿਕ ਪਹੁੰਚ ਕਰਕੇ ਮੰਨ ਰਿਹਾ ਹੁੰਦਾ ਹੈ| ਇਨ੍ਹਾਂ ਨੂੰ ਨਿਭਾਉਣ ਵਿੱਚ ਨਾਂ ਤਾਂ ਮਨੁੱਖ ਦੀ ਵਿਅਕਤੀਗਤ ਇੱਛਾ ਦਾ ਦਖਲ ਹੁੰਦਾ ਹੈ ਤੇ ਨਾ ਹੀ ਕਿਸੇ ਕਿਸਮ ਦੀ ਮਜਬੂਰੀ, ਸਗੋਂ ਵਿਸ਼ੇਸ਼ ਮਾਨਸਿਕ ਬਣਤਰ ਅਧੀਨ ਇਨ੍ਹਾਂ ਦਾ ਅਨੁਸਰਨ ਕਰਨਾ ਇੱਕ ਅਜਿਹਾ ਸਹਿਜ ਵਰਤਾਰਾ ਹੁੰਦਾ ਹੈ ਜਿਸ ਦੀ ਪਾਲਣਾ ਸਹਿਜ ਰੂਪ ਵਿੱਚ ਹੀ ਹੁੰਦੀ ਰਹਿੰਦੀ ਹੈ| ਇਸ ਲਈ ਵਰਜਨਾ ਕੋਈ ਕੁਦਰਤੀ ਵਰਤਾਰਾ ਨਹੀਂ ਹੈ| ਹਰੇਕ ਸਮਾਜ- ਸਭਿਆਚਾਰ ਦੀਆਂ ਵਰਜਨਾਵਾਂ ਅਲੱਗ ਅਲੱਗ ਹੁੰਦੀਆਂ ਹਨ| ਭਾਰਤੀ ਤੇ ਪੱਛਮੀ ਸਮਾਜ ਦੀਆਂ ਵਰਜਨਾਵਾਂ ਦੇ ਵਖਰੇ ਹੋਣ ਦਾ ਕਾਰਨ ਦੋਨਾਂ ਸਮਾਜਾਂ ਦਾ ਆਪੋ ਆਪਣਾ ਸਮਾਜ ਸਭਿਆਚਾਰ ਹੈ| ਸਾਹਿਤ ਵਿੱਚ ਵਰਜਨਾ ਦਾ ਵਰਤਾਰਾ ਬਹੁਤਾ ਮਨੁੱਖ ਦੀਆਂ ਕਾਮ ਰੁਚੀਆਂ ਦੇ ਰੂਪ ਵਿੱਚ ਪ੍ਰਗਟ ਹੋਇਆ ਹੈ| ਇਸ ਵਰਜਨਾ ਦਾ ਉਲਾਰ ਅਤੇ ਦਮਨ ਦੋਵੇਂ ਪਹਿਲੂ ਘਾਤਕ ਸਿੱਧ ਹੁੰਦੇ ਹਨ| ਮਨੁੱਖ ਦੇ ਮਾਨਸਿਕ ਵਿਗਾੜਾਂ ਤੇ ਮਨੋਰੋਗਾਂ ਦਾ ਵੱਡਾ ਕਾਰਨ ਫ਼ਰਾਇਡ ਨੇ ਇਨ੍ਹਾਂ ਵਰਜਨਾਵਾਂ ਨੂੰ ਹੀ ਮੰਨਿਆ ਹੈ| ਆਤਮਜੀਤ ਦਾ ਲਿਖਿਆ ਨਾਟਕ ਫ਼ਰਸ਼ ਵਿੱਚ ਉਗਿਆ ਰੁੱਖ ਨਾਟਕ ਦੀ ਮੁੱਖ ਪਾਤਰ ਵੀਨਾ ਦੀ ਪੂਰੇ ਨਾਟਕ ਵਿੱਚ ਵਿਸ਼ਾਦ ਗ੍ਰਸਤਤਾ ਦੀ ਵਜਾ ਉਹ ਵਰਜਨਾ ਹੈ ਜਿਹੜੀ ਸਾਡੇ ਸਮਾਜਕ ਢਾਂਚੇ ਵਿੱਚ ਮੌਜੂਦ ਹੈ| ਪਤੀ ਪਤਨੀ ਦੀ ਇੱਕ ਦੂਜੇ ਪ੍ਰਤੀ ਵਫ਼ਾਦਾਰੀ ਤੇ ਵਚਨਬੱਧ ਹੋਣ ਦੀ ਆਦਰਸ਼ਕ ਸੋਚ ਪਿਛੇ ਸਮਾਜਕ ਸੰਸਕਾਰਾਂ ਦੀ ਪੀਢੀ ਪਕੜ ਹੈ| ਦੂਜੇ ਪਾਸੇ ਵੀਨਾ ਦਾ ਬੇਲਗਾਮ ਮਨ ਉਹਦੇ ਕਾਬੂ ਵਿੱਚ ਨਹੀਂ ਹੈ| ਮਨ ਦੀ ਆਦਰਸ਼ ਇੱਛਾ ਪ੍ਰਗਟਾਉਣ ਵਿੱਚ ਵੀ ਵਰਜਨਾਵਾਂ ਉਹਦੇ ਰਾਹ ਵਿੱਚ ਹਨ ਜਿਹੜੀਆਂ ਉਸ ਸਮਾਜ ਸਭਿਆਚਾਰ ਦੀ ਦੇਣ ਹਨ| ਵੀਨਾ ਦੀ ਮਾਨਸਿਕ ਘੁਟਨ ਅਤੇ ਅਸੰਤੁਲਨਤਾ ਦਾ ਸਭ ਤੋਂ ਵੱਡਾ ਕਾਰਨ ਸਮਾਜਕ ਵਰਜਨਾ ਸਿੱਧ ਹੁੰਦਾ ਹੈ| ਵਰਜਨਾ ਦਾ ਸੰਬੰਧ ਸੰਸਕ੍ਰਿਤਕ ਮੁੱਲਾਂ ਨਾਲ ਹੁੰਦਾ ਹੈ| ਮਨੁੱਖ ਦੀਆਂ ਅਮੋੜ ਕਾਮਨਾਵਾਂ, ਪ੍ਰਬਲ ਵੇਗ ਤੇ ਜਿੰਦਗੀ ਨੁੰ ਭਰਪੂਰਤਾ ਵਿੱਚ ਮਾਨਣ ਦੀ ਰੁਚੀ ਉੱਤੇ ਸਮਾਜਕ ਵਰਜਨਾ ਨਿਸ਼ਚੇ ਹੀ ਨਿਯੰਤਰਨ ਰੱਖਦੀ ਹੈ ਪਰ ਵਰਜਨਾ ਦੀ ਸਖਤ ਜਕੜ ਕਈ ਵੇਰਾਂ ਮਨੁੱਖ ਲਈ ਗਲਘੋਟੂ ਬਣ ਕੇ ਮਾਨਸਿਕ ਵਿਗਾੜ ਪੈਦਾ ਕਰ ਦੇਂਦੀ ਹੈ| ਵੀਨਾ, ਵਰਜਨਾ ਦੀ ਇਸ ਜਕੜਬੰਦੀ ਦੀ ਸ਼ਿਕਾਰ ਅਜਿਹੀ ਹੀ ਪਾਤਰ ਹੈ| (ਸਹਾਇਕ ਗ੍ਰੰਥ - ਆਤਮਜੀਤ : ਫ਼ਰਸ਼ ਵਿੱਚ ਉਗਿਆ ਰੁੱਖ਼)


logo