logo
भारतवाणी
bharatavani  
logo
Knowledge through Indian Languages
Bharatavani

Punjabi Encyclopaedic Dictionary of Theatre (Punjabi-English)

ਘੱਗਰੀ ਪਿੜ
ਘੱਗਰੀ ਪਿੜ ਤੋਂ ਭਾਵ ਅਜਿਹੇ ਸਥਾਨ ਤੋਂ ਹੈ ਜਿੱਥੇ ਨਕਲਾਂ ਦੇ ਪ੍ਰਦਰਸ਼ਨ ਨੂੰ ਦਰਸ਼ਕ ਗੋਲ ਚੱਕਰ ਵਿੱਚ ਖੜੇ ਹੋ ਕੇ ਦੇਖਦੇ ਹਨ| ਇਹ ਪਿੜ ਜਾਂ ਦਾਇਰਾ ਕਿਉਂਕਿ ਘੱਗਰੀ ਦੀ ਸ਼ਕਲ ਵਾਂਗ ਗੋਲ ਹੁੰਦਾ ਹੈ ਇਸੇ ਲਈ ਇਸ ਨੂੰ ਘੱਗਰੀ ਪਿੜ ਕਿਹਾ ਜਾਂਦਾ ਹੈ| ਚਾਰੇ ਪਾਸੇ ਖੜੇ ਹੋਣ ਕਾਰਨ ਵੱਡਾ ਦਰਸ਼ਕ ਸਮੂਹ ਪ੍ਰਦਰਸ਼ਨੀ ਨੂੰ ਦੇਖਣ ਦੇ ਸਮਰੱਥ ਹੁੰਦਾ ਹੈ| ਦੇਖਣ ਨੂੰ ਘੱਗਰੀ ਪਿੜ ਦਾ ਦਾਇਰਾ ਭਾਵੇਂ ਸੀਮਤ ਜਾਪਦਾ ਹੈ ਪਰ ਜਦੋਂ ਜੋਸ਼ ਵਿੱਚ ਆ ਕੇ ਨਾਚੇ ਨੱਚਦੇ ਹਨ ਤਾਂ ਦਰਸ਼ਕ ਪਿੱਛੇ ਨੂੰ ਹੱਟਦੇ ਜਾਂਦੇ ਹਨ ਤੇ ਘੱਗਰੀ ਪਿੜ ਦਾ ਦਾਇਰਾ ਵੱਡਾ ਹੁੰਦਾ ਜਾਂਦਾ ਹੈ| ਘੱਗਰੀ ਪਿੜ ਉੱਥੇ ਬਣਾਇਆ ਜਾਂਦਾ ਹੈ ਜਿੱਥੇ ਦੀਵਾਰ ਦਾ ਜਾਂ ਦਰੱਖਤ ਦਾ ਓਹਲਾ ਨਹੀਂ ਮਿਲਦਾ| ਅਜਿਹੀ ਸਥਿਤੀ ਵਿੱਚ ਦਰਸ਼ਕ ਸਾਰੇ ਪਾਸੇ ਖੜੋ ਜਾਂਦੇ ਹਨ| ਪਟੜੀਆਂ ਖੇਡਣ ਲਈ ਨਕਲੀਏ ਇਸ ਪਿੜ ਦੀ ਵਰਤੋਂ ਕਰਦੇ ਹਨ| ਅਜਿਹਾ ਪਿੜ ਕਿਧਰੇ ਵੀ ਲਗਾਇਆ ਜਾ ਸਕਦਾ ਹੈ ਤੇ ਬੜੀ ਆਸਾਨੀ ਨਾਲ ਨਕਲਾਂ ਖੇਡੀਆਂ ਜਾ ਸਕਦੀਆਂ ਹਨ| ਗਿੱਧਾ ਵੀ ਘੱਗਰੀ ਪਿੜ ਵਿੱਚ ਹੀ ਪਾਇਆ ਜਾਂਦਾ ਹੈ| ਗਿੱਧਾ ਪਾਉਣ ਵੇਲੇ ਕੁੜੀਆਂ ਇਸ ਪਿੜ ਦੇ ਆਲੇ ਦੁਆਲੇ ਘੇਰਾ ਪਾ ਕੇ ਖੜੀਆਂ ਹੋ ਜਾਂਦੀਆਂ ਹਨ| ਇਨ੍ਹਾਂ ਵਿੱਚੋਂ ਇੱਕ ਕੁੜੀ ਘੇਰੇ ਅੰਦਰ ਆ ਕੇ ਢੋਲਕੀ ਵਜਾਉਂਦੀ ਹੈ| ਢੋਲਕੀ ਵੱਜਣ 'ਤੇ ਇੱਕ ਕੁੜੀ ਇਸ ਗੋਲ ਪਿੜ ਵਿੱਚ ਆ ਕੇ ਬੋਲੀ ਪਾਉਂਦੀ ਹੈ| ਬੋਲੀ ਪਾਉਣ ਵੇਲੇ ਉਹ ਚਾਰ ਚੁਫ਼ੇਰੇ ਘੁੰਮਦੀ ਹੈ| ਘੇਰਾ ਬਣਾਕੇ ਖੜ੍ਹੀਆਂ ਸਾਰੀਆਂ ਕੁੜੀਆਂ ਉਸ ਵੇਲੇ ਗਿੱਧਾ ਪਾਉਂਦੀਆਂ ਹਨ| ਅਜੀਤ ਸਿੰਘ ਔਲਖ ਨੇ ਤਿੰਨ ਤਰ੍ਹਾਂ ਦੇ ਪਿੜਾਂ ਦਾ ਜ਼ਿਕਰ ਕੀਤਾ ਹੈ| ਘੱਗਰੀ ਪਿੜ, ਤੀਰ ਕਮਾਨੀ ਪਿੜ ਅਤੇ ਦਰਖ਼ਤ ਵਾਲਾ ਥੜਾ| (ਸਹਾਇਕ ਗ੍ਰੰਥ : - ਅਜੀਤ ਸਿੰਘ ਔਲਖ : ਪੰਜਾਬੀ ਲੋਕ ਨਾਟ ਪਰੰਪਰਾ)


logo