logo
भारतवाणी
bharatavani  
logo
Knowledge through Indian Languages
Bharatavani

Punjabi Encyclopaedic Dictionary of Theatre (Punjabi-English)

ਧਾਰਮਿਕ ਨਾਟਕ

Religious play

ਸੰਸਾਰ ਦੀਆਂ ਨਾਟਕੀ ਪਰੰਪਰਾਵਾਂ ਵਿੱਚ ਧਰਮ ਦਾ ਸਥਾਨ ਮਹੱਤਵਪੂਰਨ ਰਿਹਾ ਹੈ| ਮੁਢਲੇ ਯੂਨਾਨੀ ਨਾਟਕ ਧਰਮ ਨਾਲ ਹੀ ਸੰਬੰਧਤ ਸਨ| ਭਾਰਤੀ ਨਾਟਕ ਦਾ ਮੁਢ ਵੀ ਸ਼ਿਵ ਅਤੇ ਵਿਸ਼ਨੂੰ ਦੇਵਤਿਆਂ ਦੀ ਉਪਾਸਨਾ ਨਾਲ ਜੋੜਿਆ ਜਾਂਦਾ ਹੈ| ਭਾਰਤ ਦੀ ਲੋਕ ਨਾਟ ਪਰੰਪਰਾ ਵਿੱਚ ਵੀ ਧਰਮ ਨਿਵੇਕਲਾ ਸਥਾਨ ਰੱਖਦਾ ਹੈ| ਧਰਮ ਅਤੇ ਨਾਟਕ ਦੋਵੇਂ ਇੱਕ ਦੂਜੇ ਨੂੰ ਪ੍ਰਭਾਵਤ ਕਰਦੇ ਹਨ| ਨਾਟਕ ਦੇ ਉਸ ਰੂਪ ਨੂੰ ਧਾਰਮਿਕ ਨਾਟਕ ਕਿਹਾ ਜਾਂਦਾ ਹੈ ਜਿਸ ਵਿੱਚ ਕਿਸੇ ਧਾਰਮਿਕ ਆਗੂ ਦੀ ਜੀਵਨ ਕਥਾ ਦੇ ਵੇਰਵੇ, ਉਸ ਦੀ ਵਿਚਾਰਧਾਰਾ, ਅਤੇ ਧਾਰਮਿਕ ਵਿਸ਼ਵਾਸਾਂ ਦਾ ਜ਼ਿਕਰ ਕੀਤਾ ਗਿਆ ਹੋਵੇ| ਅੰਗਰੇਜੀ ਸਾਹਿਤ ਵਿੱਚ ਤਿੰਨ ਤਰ੍ਹਾਂ ਦੇ ਧਾਰਮਿਕ ਨਾਟਕ ਉਪਲਬਧ ਹਨ| ਇੱਕ ਧਾਰਮਿਕ ਨਾਟਕ ਅਜਿਹੇ ਹੁੰਦੇ ਹਨ ਜਿਨ੍ਹਾਂ ਵਿੱਚ ਧਾਰਮਿਕ ਆਗੂਆਂ ਦੇ ਜੀਵਨ ਬਿਰਤਾਂਤ ਨੂੰ ਸੰਕਲਤ ਕੀਤਾ ਜਾਂਦਾ ਹੈ| ਦੂਜੀ ਕਿਸਮ ਦੇ ਧਾਰਮਿਕ ਨਾਟਕਾਂ ਵਿੱਚ ਕਿਸੇ ਵਿਸ਼ੇਸ਼ ਧਰਮ ਦੇ ਨਿਯਮਾਂ ਦਾ ਪ੍ਰਚਾਰ ਕੀਤਾ ਜਾਂਦਾ ਹੈ| ਇਸ ਤੋਂ ਬਿਨਾਂ ਅਜਿਹੇ ਨਾਟਕ ਵੀ ਧਾਰਮਕ ਨਾਟਕਾਂ ਦੀ ਗਿਣਤੀ ਵਿੱਚ ਸ਼ਾਮਲ ਹੁੰਦੇ ਹਨ ਜਿਨਾਂ ਵਿੱਚ ਸਿੱਧੇ ਤੌਰ ਉੱਤੇ ਧਾਰਮਿਕ ਨਿਯਮਾਂ ਜਾਂ ਸਿਧਾਂਤ ਦੀ ਗੱਲ ਨਹੀਂ ਕੀਤੀ ਜਾਂਦੀ ਸਗੋਂ ਉਨ੍ਹਾਂ ਦੇ ਪਿਛੋਕੜ ਵਿੱਚ ਧਾਰਮਕ ਸਿਧਾਂਤਾਂ ਦਾ ਜ਼ਿਕਰ ਹੁੰਦਾ ਹੈ| ਪੰਜਾਬੀ ਵਿੱਚ ਲਿਖੇ ਜਾਣ ਵਾਲੇ ਧਾਰਮਕ ਨਾਟਕ ਧਾਰਮਕ ਆਗੂਆਂ ਦੇ ਜੀਵਨ ਬਿਰਤਾਂਤ ਅਤੇ ਧਾਰਮਕ ਉਪਦੇਸ਼ ਨਾਲ ਸੰਬੰਧਤ ਹੁੰਦੇ ਹਨ| ਬਹੁਤੇ ਧਾਰਮਕ ਨਾਟਕ ਸਿੱਖ ਗੂਰੁਆਂ ਦੀਆਂ ਜਨਮ ਸ਼ਤਾਬਦੀਆਂ ਦੇ ਮੌਕੇ ਲਿਖੇ ਗਏ ਹਨ| ਇਨ੍ਹਾਂ ਨਾਟਕਾਂ ਵਿੱਚ ਗੁਰੂਆਂ ਦੇ ਜੀਵਨ ਨਾਲ ਸੰਬੰਧਤ ਘਟਨਾਵਾਂ ਨੂੰ ਨਾਟਕੀ ਰੂਪ ਵਿੱਚ ਉਭਾਰਨ ਦੀ ਕੋਸ਼ਿਸ਼ ਕੀਤੀ ਗਈ ਹੈ| ਧਾਰਮਕ ਨਾਟਕ ਦਾ ਮੁੱਖ ਪ੍ਰਯੋਜਨ ਦਰਸ਼ਕ ਵਰਗ ਨੂੰ ਸਿਖਿਆ ਦੇਣ ਨਾਲ ਸੰਬੰਧਤ ਹੁੰਦਾ ਹੈ| ਇਸ ਨਾਟਕ ਦੀ ਪ੍ਰਮੁੱਖ ਸਮੱਸਿਆ ਇਸ ਦੇ ਮੰਚਨ ਪੱਖ ਨਾਲ ਸੰਬੰਧਤ ਹੈ| ਧਾਰਮਕ ਨਾਟਕ ਦੇ ਲੇਖਕ ਨੂੰ ਇਸ ਦੀ ਰਚਨਾ ਕਰਦੇ ਸਮੇਂ ਬਹੁਤ ਸੁਚੇਤ ਰਹਿਣ ਦੀ ਲੋੜ ਹੁੰਦੀ ਹੈ ਕਿਉਂਕਿ ਇਸ ਦੇ ਵਿਸ਼ੇ ਨੂੰ ਧਰਮ ਦੇ ਖੇਤਰ ਤੱਕ ਸੀਮਤ ਕੀਤਿਆਂ ਨਾਟਕੀਅਤਾ ਨੂੰ ਕਾਇਮ ਰੱਖਣ ਦੀ ਲੋੜ ਹੁੰਦੀ ਹੈ ਅਤੇ ਦੂਜੇ ਪਾਸੇ ਧਰਮ ਦੇ ਦਾਇਰੇ ਤੋਂ ਪਰ੍ਹੇ ਕਰਨ ਨਾਲ ਉਸ ਰਚਨਾ ਵਿੱਚੋਂ ਧਾਰਮਿਕਤਾ ਦਾ ਅੰਸ਼ ਖਤਮ ਹੋ ਜਾਂਦਾ ਹੈ| ਅਜਿਹੇ ਨਾਟਕ ਦੀ ਪ੍ਰਦਰਸ਼ਨੀ ਵੇਲੇ ਨਿਰਦੇਸ਼ਕ ਨੂੰ ਇਸ ਪਖੋਂ ਸੁਚੇਤ ਰਹਿਣ ਦੀ ਲੋੜ ਹੁੰਦੀ ਹੈ ਕਿ ਇਸ ਦੀ ਪੇਸ਼ਕਾਰੀ ਦਰਸ਼ਕਾਂ ਦੇ ਕਿਸੇ ਵਰਗ ਨੂੰ ਠੇਸ ਪਹੁੰਚਾTਣ ਵਾਲੀ ਨਹੀਂ ਹੋਣੀ ਚਾਹੀਦੀ| ਅਦਾਕਾਰਾਂ ਦਾ ਆਪਣੇ ਪਾਤਰਾਂ ਨਾਲ ਧਾਰਮਕ ਪੱਧਰ 'ਤੇ ਆਤਮਸਾਤ ਹੋ ਜਾਣਾ ਇਸ ਦੀ ਸਫ਼ਲ ਪੇਸ਼ਕਾਰੀ ਦਾ ਪ੍ਰਮਾਣ ਸਿਧ ਹੁੰਦਾ ਹੈ| ਪੰਜਾਬੀ ਦੇ ਧਾਰਮਕ ਨਾਟਕਾਂ ਦੀ ਪ੍ਰਦਰਸ਼ਨੀ ਵਿੱਚ ਸਿਖ ਗੁਰੂਆਂ ਨੂੰ ਮੰਚ ਉੱਤੇ ਪੇਸ਼ ਕੀਤੇ ਜਾਣ ਦੀ ਮਨਾਹੀ ਹੈ| ਪੱਛਮੀ ਚਿੰਤਕ ਵੀ ਪਰਮਾਤਮਾ ਨੂੰ ਮਨੁੱਖ ਦੇ ਰੂਪ ਵਿੱਚ ਪੇਸ਼ ਕੀਤੇ ਜਾਣ ਦੇ ਹੱਕ ਵਿੱਚ ਨਹੀਂ ਹਨ| ਈਸਾਈ ਭਾਈਚਾਰੇ ਵਲੋਂ ਖੇਡੇ ਜਾਣ ਵਾਲੇ ਨਾਟਕਾਂ ਵਿੱਚ ਵੀ ਈਸਾ ਨੂੰ ਸਾਕਾਰ ਰੂਪ ਵਿੱਚ ਮੰਚ ਉੱਤੇ ਪੇਸ਼ ਨਹੀਂ ਕੀਤਾ ਜਾਂਦਾ| ਪੰਜਾਬੀ ਵਿੱਚ ਸਿੱਖ ਗੁਰੂਆਂ ਦੀਆਂ ਜਨਮ ਅਤੇ ਸ਼ਹੀਦੀ ਸ਼ਤਾਬਦੀਆਂ ਨਾਲ ਸੰਬੰਧਤ ਨਾਟਕਾਂ ਵਿੱਚ ਸੁਰਜੀਤ ਸਿੰਘ ਸੇਠੀ ਦਾ ਗੁਰੁ ਬਿਨ ਘੋਰ ਅੰਧਾਰ, ਹਰਚਰਨ ਸਿੰਘ ਦਾ ਮਿਟੀ ਧੁੰਧ ਜਗਿ ਚਾਨਣ ਹੋਆ, ਇਤਿਹਾਸ ਜੁਆਬ ਮੰਗਦਾ ਹੈ , ਬਲਵੰਤ ਗਾਰਗੀ ਦਾ ਗਗਨ ਮੈ ਥਾਲ ਆਦਿ ਪ੍ਰਮੁੱਖ ਧਾਰਮਕ ਨਾਟਕ ਹਨ| ਗੁਰੂ ਸਾਹਿਬਾਨ ਦੀ ਹੋਂਦ ਦਾ ਅਹਿਸਾਸ ਕਰਾਉਣ ਲਈ ਨਾਟ ਨਿਰਦੇਸ਼ਕਾਂ ਨੇ ਨਵੀਆਂ ਵਿਧੀਆਂ ਦੀ ਤਲਾਸ਼ ਕੀਤੀ| ਗੁਰਬਾਣੀ ਦੀਆਂ ਟੂਕਾਂ ਦੇ ਉਚਾਰਨ ਅਤੇ ਗੁਰਬਾਣੀ ਦੀ ਭਾਵਪੂਰਤ ਵਿਆਖਿਆ ਧਾਰਮਕ ਵਾਤਾਵਰਨ ਦੀ ਉਸਾਰੀ ਵਿੱਚ ਸਹਾਇਕ ਤੱਤ ਸਿੱਧ ਹੁੰਦੇ ਹਨ| ਕਈ ਨਿਰਦੇਸ਼ਕ ਗੁਰੂਆਂ ਦੀ ਹੋਂਦ ਨੂੰ ਰੋਸ਼ਨੀ ਰਾਹੀਂ ਸਾਕਾਰ ਕਰਨ ਦੀ ਕੋਸ਼ਿਸ਼ ਕਰਦੇ ਹਨ| ਧਾਰਮਿਕ ਨਾਟਕਾਂ ਦੀ ਪੇਸ਼ਕਾਰੀ ਨੂੰ ਪ੍ਰਭਾਵਸ਼ਾਲੀ ਬਨਾਉਣ ਲਈ ਅਤੇ ਵਿਸ਼ੇ ਦਾ ਢੁਕਵਾਂ ਸੰਚਾਰ ਕਰਨ ਲਈ ਸੂਤਰਧਾਰ ਅਤੇ ਕੋਰਸ ਦੀ ਵਿਧੀ ਦਾ ਪ੍ਰਯੋਗ ਵੱਡੇ ਪੱਧਰ 'ਤੇ ਕੀਤਾ ਜਾਂਦਾ ਹੈ| ਗੁਰੂ ਸਾਹਿਬਾਨਾਂ ਨੂੰ ਮੰਚ ਉੱਤੇ ਲਿਆਏ ਬਿਨਾਂ ਸਫ਼ਲ ਧਾਰਮਿਕ ਨਾਟਕਾਂ ਦਾ ਮੰਚਨ ਪੰਜਾਬੀ ਨਾਟਕਕਾਰਾਂ ਵਲੋਂ ਕੀਤਾ ਗਿਆ ਹੈ| (ਸਹਾਇਕ ਗ੍ਰੰਥ - ਕਮਲੇਸ਼ ਉੱਪਲ : ਪੰਜਾਬੀ ਨਾਟਕ ਤੇ ਰੰਗਮੰਚ; ਸਤੀਸ਼ ਕੁਮਾਰ ਵਰਮਾ : ਪੰਜਾਬੀ ਨਾਟਕ ਦਾ ਇਤਿਹਾਸ)


logo