logo
भारतवाणी
bharatavani  
logo
Knowledge through Indian Languages
Bharatavani

Punjabi Encyclopaedic Dictionary of Theatre (Punjabi-English)

ਖ਼ਲਨਾਇਕ / ਪ੍ਰਤੀਨਾਇਕ

Villian

ਨਾਇਕ ਦੇ ਵਿਰੋਧੀ ਪਾਤਰ ਨੂੰ ਪ੍ਰਤੀਨਾਇਕ ਜਾਂ ਖ਼ਲਨਾਇਕ ਕਿਹਾ ਜਾਂਦਾ ਹੈ| ਅਜਿਹਾ ਪਾਤਰ ਨਾਇਕ ਦੀਆਂ ਇਛਾਵਾਂ ਦਾ ਵਿਰੋਧ ਕਰਦਾ ਹੈ| ਉਸਦਾ ਹਰ ਕਾਰਜ ਨਾਇਕ ਦੇ ਵਿਚਾਰਾਂ ਦੇ ਵਿਪਰੀਤ ਵਾਪਰਦਾ ਹੈ| ਦੋਨਾਂ ਪਾਤਰਾਂ ਦੀ ਅਜਿਹੀ ਵਿਰੋਧਤਾ ਕਾਰਨ ਹੀ ਨਾਟਕ ਵਿੱਚ ਟੱਕਰ ਪੈਦਾ ਹੁੰਦੀ ਹੈ ਜਿਸ ਨਾਲ ਨਾਟਕ ਵਿੱਚ ਗਤੀਸ਼ੀਲਤਾ ਦਾ ਅੰਸ਼ ਭਰਦਾ ਹੈ| ਅਜਿਹਾ ਪਾਤਰ ਆਪਣੇ ਭੈੜੇ ਕਿਰਦਾਰ ਕਾਰਨ ਪਾਠਕਾਂ/ਦਰਸ਼ਕਾਂ ਦੀ ਨਿੰਦਿਆ ਦਾ ਪਾਤਰ ਬਣਦਾ ਹੈ| ਦੁਸ਼ਟ ਕਰਮਾਂ ਤੇ ਘਟੀਆ ਸੋਚ ਕਾਰਨ ਪੂਰੇ ਨਾਟਕ ਵਿੱਚ ਇਹ ਪਾਤਰ ਬਦੀ ਦਾ ਕਿਰਦਾਰ ਬਣ ਕੇ ਉਭਰਦਾ ਹੈ| ਕਈ ਨਾਟਕਕਾਰ ਅਜਿਹੇ ਪਾਤਰ ਨੂੰ ਨਿੰਦਿਆ ਦੀ ਦ੍ਰਿਸ਼ਟੀ ਤੋਂ ਨਹੀਂ ਚਿਤਰਦੇ ਸਗੋਂ ਉਸਦੇ ਦੋਖੀ ਕਿਰਦਾਰ ਦੀ ਵਜ੍ਹਾ ਵਿਵਸਥਾ ਨਾਲ ਜੋੜ ਕੇ ਪੇਸ਼ ਕਰਦੇ ਹਨ| ਅਜਿਹੇ ਨਾਟਕਾਂ ਵਿੱਚ ਪਾਤਰ ਨੇਕੀ ਜਾਂ ਬਦੀ ਦਾ ਪ੍ਰਤੀਕ ਬਣ ਕੇ ਪੇਸ਼ ਨਹੀਂ ਹੁੰਦੇ|
ਚਰਨਦਾਸ ਸਿੱਧੂ ਆਪਣੇ ਨਾਟਕਾਂ ਵਿੱਚ ਪਾਤਰਾਂ ਨੂੰ ਨਾਇਕ ਅਤੇ ਖਲਨਾਇਕ ਧਿਰਾਂ ਵਿੱਚ ਵੰਡ ਦੇ ਪੇਸ਼ ਕਰਦਾ ਹੈ ਜਿੱਥੇ ਉੁਹਦੇ ਨਾਇਕ ਪਾਤਰ ਸ਼ਰਾਫਤ, ਭਲਮਾਨਸੀ, ਤਿਆਗ ਅਤੇ ਬਲੀਦਾਨ ਦੀ ਮੂਰਤ ਬਣ ਕੇ ਪੇਸ਼ ਹੁੰਦੇ ਹਨ ਉੱਥੇ ਖਲਨਾਇਕ ਜਾਂ ਪ੍ਰਤੀਨਾਇਕ ਪਾਤਰ ਬੜੇ ਸ਼ੋਸ਼ਣੀ, ਦਮਨਕਾਰੀ, ਜ਼ਾਲਮ ਅਤੇ ਘਿਨਾਉਣੇ ਕਿਰਦਾਰ ਦੇ ਰੂਪ ਵਿੱਚ ਨਜ਼ਰ ਆਉਂਦੇ ਹਨ| ਉਹ ਨਾਇਕ ਪਾਤਰ ਪ੍ਰਤੀ ਹਮਦਰਦੀ ਅਤੇ ਪ੍ਰਤੀਨਾਇਕ ਪ੍ਰਤੀ ਦਰਸ਼ਕਾਂ ਦੇ ਮਨਾਂ ਵਿੱਚ ਨਫ਼ਰਤ ਪੈਦਾ ਕਰਦਾ ਹੈ| ਮਸਤ ਮੇਘੋਵਾਲੀਆ ਨਾਟਕ ਵਿੱਚ ਚੌਧਰੀ ਬਲਬੀਰ ਸਿੰਘ ਪ੍ਰਤੀਨਾਇਕ ਪਾਤਰ ਹੈ ਜਿਸ ਦਾ ਕੰਮ ਠੇਕੇਦਾਰ ਨਾਲ ਮਿਲ ਕੇ ਔਰਤਾਂ ਦੇ ਉਧਾਲੇ, ਬਲਾਤਕਾਰ ਤੇ ਕਤਲ ਕਰਨਾ ਹੈ| ਪਹਿਲਾਂ ਉਹ ਮਸਤ ਦੀ ਮਾਂ ਦਾ ਕਤਲ ਕਰਦਾ ਹੈ ਫੇਰ ਜਗਦੰਬਾ ਨਾਲ ਜ਼ਬਰ ਜਨਾਹ ਕਰਕੇ ਉਸਨੂੰ ਨਹਿਰ ਵਿੱਚ ਸੁੱਟ ਦੇਂਦਾ ਹੈ ਅਖੀਰ ਵਿੱਚ ਮਸਤ ਨੂੰ ਵੀ ਗੋਲੀ ਮਾਰ ਦੇਂਦਾ ਹੈ| ਬਹੁਤੇ ਨਾਟਕਕਾਰ ਪਾਤਰਾਂ ਦੀ ਵੰਡ ਇਸ ਦ੍ਰਿਸ਼ਟੀਕੋਣ ਤੋਂ ਨਹੀਂ ਕਰਦੇ|

ਖ਼ਿਆਲ

Folk theatre of Rajasthan

ਰਾਜਸਥਾਨ ਦੇ ਜਨ-ਸਧਾਰਨ ਦਾ ਮਨੋਰੰਜਨ ਕਰਨ ਵਾਲੇ ਇਸ ਲੋਕ-ਨਾਟ ਦਾ ਜਨਮ ਭਾਵੇਂ ਆਗਰੇ ਦੀ ਧਰਤੀ ਹੈ ਪਰ ਇਸ ਦਾ ਵਿਕਾਸ ਰਾਜਸਥਾਨ ਵਿੱਚ ਹੋਇਆ| ਇਸ ਵਿੱਚ ਗਾਇਕੀ ਅਤੇ ਨ੍ਰਿਤ ਦੇ ਤੱਤਾਂ ਦੀ ਪ੍ਰਧਾਨਤਾ ਹੁੰਦੀ ਹੈ| ਪਿਛਲੀਆਂ ਚਾਰ ਸਦੀਆਂ ਤੋਂ ਇਸ ਲੋਕ-ਨਾਟ ਦਾ ਪ੍ਰਚਲਨ ਰਾਜਸਥਾਨ ਦੇ ਖੇਤਰੀ ਇਲਾਕਿਆਂ ਵਿੱਚ ਵਸਦੇ ਲੋਕਾਂ ਦਾ ਦਿਲ ਪਰਚਾਵਾ ਕਰਨ ਵਾਲੀ ਕਲਾ ਦੇ ਤੌਰ 'ਤੇ ਪ੍ਰਵਾਨਤ ਹੈ| ਇਸ ਦੇ ਵਿਸ਼ੇ ਪ੍ਰਚੱਲਤ ਲੋਕ ਕਥਾਵਾਂ ਤੇ ਪੌਰਾਣਿਕ ਕਥਾਵਾਂ 'ਤੇ ਅਧਾਰਿਤ ਹੁੰਦੇ ਹਨ ਤੇ ਪੇਸ਼ਕਾਰੀ ਦੀ ਵਿਧੀ ਗਾਇਕੀ ਅਤੇ ਨ੍ਰਿਤ 'ਤੇ ਆਧਾਰਿਤ ਹੁੰਦੀ ਹੈ| ਰਾਜਸਥਾਨ ਦੇ ਪ੍ਰਮੁੱਖ ਲੋਕ-ਨਾਟ ਰੂਪ ਸਵਾਂਗ, ਖਿਆਲ ਤੇ ਰਾਸ ਲੀਲ੍ਹਾ ਆਦਿ ਹਨ| ਇਨ੍ਹਾਂ ਵਿੱਚ ਖਿਆਲ ਦੀ ਪਰੰਪਰਾ ਬਾਕੀਆਂ ਨਾਲੋਂ ਵੱਧ ਅਮੀਰ ਹੈ| ਵੱਖ-ਵੱਖ ਖੇਤਰਾਂ ਜਾਂ ਇਲਾਕਿਆਂ ਨੂੰ ਲੈ ਕੇ ਇਸ ਲੋਕ ਨਾਟ ਦੀਆਂ ਸ਼ੈਲੀਆਂ ਦੇ ਨਾਮ ਇਲਾਕਿਆਂ ਦੇ ਨਾਵਾਂ ਨਾਲ ਸੰਬੰਧਤ ਹਨ| ਖਿਆਲ ਦੀ ਪਰੰਪਰਾ ਲਿਖਤੀ ਅਤੇ ਮੌਖਿਕ ਦੋਵੇਂ ਰੂਪਾਂ ਵਿੱਚ ਮਿਲਦੀ ਹੈ| ਪ੍ਰਚਲਤ ਖਿਆਲਾਂ ਵਿੱਚੋਂ ਮੇਵਾੜੀ, ਮਾਰਵਾੜੀ, ਜੈਪੁਰੀ, ਬੀਕਾਨੇਰੀ ਅਤੇ ਨੌਟੰਕੀ ਵਧੇਰੇ ਖੇਡੇ ਜਾਂਦੇ ਹਨ| ਇਸ ਨਾਟ ਰੂਪ ਦੀ ਪੇਸ਼ਕਾਰੀ ਤੋਂ ਪੂਰਵ ਲੱਗਭੱਗ ਇੱਕ ਮਹੀਨਾ ਪਹਿਲਾਂ ਖੇਡੇ ਜਾਣ ਵਾਲੇ ਸਥਾਨ ਉੱਤੇ ਝੰਡੀਆਂ ਲਗਾ ਦਿਤੀਆਂ ਜਾਂਦੀਆਂ ਹਨ| ਖੇਡੇ ਜਾਣ ਵਾਲੇ ਖਿਆਲ ਦਾ ਨਾਂ, ਪ੍ਰਮੁੱਖ ਕਲਾਕਾਰਾਂ ਦਾ ਨਾਂ, ਖੇਡੇ ਜਾਣ ਦੀ ਮਿਤੀ ਤੇ ਹੋਰ ਸੰਬੰਧਤ ਸੂਚਨਾ ਲਿਖ ਕੇ ਲਾ ਦਿਤੀ ਜਾਂਦੀ ਹੈ| ਪੇਸ਼ਕਾਰੀ ਰਾਤ ਦੇ ਪਹਿਰ ਤੋਂ ਮਗਰੋਂ ਸ਼ੁਰੂ ਹੁੰਦੀ ਹੈ| ਅਭਿਨੇਤਾ ਸਭ ਤੋਂ ਪਹਿਲਾਂ ਆਪਣੇ ਇਸ਼ਟ ਦੀ ਅਰਾਧਨਾ ਕਰਦੇ ਹਨ| ਇਸ ਤੋਂ ਉਪਰੰਤ ਵਿਸ਼ੇਸ਼ ਇਲਾਕੇ ਨਾਲ ਸੰਬੰਧਤ ਖਿਆਲ ਦਾ ਨੁਮਾਇੰਦਾ ਆਪਣੀ ਪਛਾਣ ਬਾਰੇ ਦੱਸਦਾ ਹੈ| ਨਾਟਕੀ ਸੰਵਾਦਾਂ ਦਾ ਮਾਧਿਅਮ ਗੀਤ ਦੀ ਵਿਧੀ ਹੁੰਦੀ ਹੈ| ਇਹ ਗੀਤ ਬਕਾਇਦਾ ਰਾਗ ਰਾਗਣੀਆਂ ਅਨੁਸਾਰ ਗਾਏ ਜਾਂਦੇ ਹਨ| ਦਰਸ਼ਕ ਇਨ੍ਹਾਂ ਗੀਤਾਂ ਰਾਹੀਂ ਨਾਟਕੀ ਕਥਾਨਕ ਦੀ ਜਾਣਕਾਰੀ ਹਾਸਿਲ ਕਰਦੇ ਹਨ| ਭਾਵੇਂ ਸਮਕਾਲੀ ਸਮੱਸਿਆਵਾਂ ਦੀ ਪੇਸ਼ਕਾਰੀ ਵੀ ਇਨ੍ਹਾਂ ਰਾਹੀ ਪੇਸ਼ ਕੀਤੀ ਜਾਂਦੀ ਹੈ ਪਰ ਵਧੇਰੇਤਰ ਪੌਰਾਣਿਕ ਜਾਂ ਇਤਿਹਾਸਕ-ਮਿਥਿਹਾਸਕ ਕਥਾਵਾਂ ਇਨ੍ਹਾਂ ਲੋਕ-ਨਾਟਕਾਂ ਦੀ ਕਥਾ ਸਮੱਗਰੀ ਦਾ ਆਧਾਰ ਹੁੰਦੀਆਂ ਹਨ| ਇਨ੍ਹਾਂ ਦਾ ਪ੍ਰਦਰਸ਼ਨ ਸਥਾਨ ਮੰਦਰਾਂ ਦੇ ਅੱਗੇ ਵਾਲੀ ਖੁਲ੍ਹੀ ਥਾਂ ਜਾਂ ਖੁਲ੍ਹੇ ਮੈਦਾਨ ਹੁੰਦੇ ਹਨ| ਕੁਝ ਇੱਕ ਖਿਆਲਾਂ ਦੀ ਪੇਸ਼ਕਾਰੀ ਲੱਕੜੀ ਦੀ ਮੰਚ ਉੱਤੇ ਕੀਤੀ ਜਾਂਦੀ ਹੈ| ਕਲਾਕਾਰਾਂ ਦਾ ਰਾਜਸਥਾਨੀ ਪਹਿਰਾਵਾ ਬੜਾ ਦਿਲਕਸ਼ ਹੁੰਦਾ ਹੈ| ਔਰਤਾਂ ਰੰਗੀਨ ਘੱਗਰਾ ਤੇ ਕੁੜਤੀ ਪਾਉਂਦੀਆਂ ਹਨ| ਬਹੁਤੀ ਵਾਰੀ ਔਰਤਾਂ ਦੀ ਭੂਮਿਕਾ ਮਰਦ ਹੀ ਨਿਭਾਉਂਦੇ ਹਨ, ਅਜੋਕੇ ਸਮੇਂ ਵਿੱਚ ਪੇਸ਼ਾਵਰ ਸੰਗੀਤਕਾਰ ਤੇ ਅਦਾਕਾਰ ਇਸ ਲੋਕ ਨਾਟ ਨੂੰ ਖੇਡਦੇ ਹਨ| ਇਸ ਨਾਟ ਰੂਪ ਦੀ ਪੇਸ਼ਕਾਰੀ ਦਾ ਭਾਵੇਂ ਹਰੇਕ ਖੇਤਰ ਜਾਂ ਇਲਾਕੇ ਮੁਤਾਬਕ ਆਪਣਾ ਵਿਧਾਨ ਹੈ ਪਰ ਫ਼ੇਰ ਵੀ ਸੰਸਕ੍ਰਿਤ ਨਾਟ ਪਰੰਪਰਾ ਦੇ ਅੰਸ਼ ਇਸ ਦੇ ਪ੍ਰਦਰਸ਼ਨ ਵਿੱਚ ਸਪਸ਼ਟ ਦ੍ਰਿਸ਼ਟੀਗੋਚਰ ਹੁੰਦੇ ਹਨ| ਸਮੂਹਗਾਨ ਸ਼ੈਲੀ ਦੀ ਵਰਤੋਂ ਦਾ ਇਸ ਵਿੱਚ ਆਮ ਪ੍ਰਚਲਨ ਹੈ| ਨਾਟਕ ਦੇ ਅਰੰਭ ਵਿੱਚ ਨਗਾਰਾ ਵਜਾਇਆ ਜਾਂਦਾ ਹੈ ਰਾਜਸਥਾਨੀ ਸਾਜ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ| ਇਹ ਲੋਕ ਨਾਟ ਦਾ ਮੁੱਖ ਮਨੋਰਥ ਸਮਾਜ ਦੀਆਂ ਕੁਸੰਗਤੀਆਂ 'ਤੇ ਚੋਟ ਕਰਕੇ ਲੋਕਾਂ ਦਾ ਭਰਪੂਰ ਮਨੋਰੰਜਨ ਕਰਨਾ ਹੁੰਦਾ ਹੈ| (ਸਹਾਇਕ ਗ੍ਰੰਥ - ਖੋਜ ਪਤ੍ਰਿਕਾ ਲੋਕ ਨਾਟ ਸ਼ੈਲੀਆਂ ਵਿਸ਼ੇਸ਼ ਅੰਕ)

ਖ਼ਲਨਾਇਕ
villain

ਖੁੱਲ੍ਹੀ ਰੰਗਸ਼ਾਲਾ
open air theatre


logo