logo
भारतवाणी
bharatavani  
logo
Knowledge through Indian Languages
Bharatavani

Punjabi Encyclopaedic Dictionary of Theatre (Punjabi-English)

ਫ਼ੁੱਟ ਲਾਈਟਾਂ

Foot lights

ਨਾਟਕ ਦੀ ਮੰਚੀ ਪੇਸ਼ਕਾਰੀ ਦੇ ਦੌਰਾਨ ਕਈ ਤਰ੍ਹਾਂ ਦੇ ਰੋਸ਼ਨੀ ਉਪਕਰਣਾਂ ਦੀ ਵਰਤੋਂ ਕੀਤੀ ਜਾਂਦੀ ਹੈ| ਫੁੱਟ ਲਾਈਟ ਵੀ ਅਜਿਹਾ ਹੀ ਇੱਕ ਉਪਕਰਣ ਹੈ| ਇਹ ਹਲਕੀ ਵਾਟੇਜ ਦੀ ਰੋਸ਼ਨੀ ਹੁੰਦੀ ਹੈ| ਇਸ ਲਾਈਟ ਦੀ ਵਿਉਂਤਬੰਦੀ ਸਟੇਜ ਦੇ ਫ਼ਰਸ਼ ਤੋਂ ਸਾਢੇ ਤਿੰਨ ਇੰਚ ਤੋਂ ਵਧੇਰੇ ਉੱਚੀ ਨਹੀਂ ਕੀਤੀ ਜਾਂਦੀ| ਇਸ ਲਾਈਟ ਨੂੰ ਦਰਸ਼ਕ ਨਹੀਂ ਦੇਖ ਸਕਦੇ| ਫੁੱਟ ਲਾਈਟ ਤੋਂ ਨਿਕਲਣ ਵਾਲੀ ਰੋਸ਼ਨੀ ਕਾਰਨ ਸਟੇਜ ਉੱਤੇ ਕਈ ਤਰ੍ਹਾਂ ਦੇ ਪਰਛਾਵੇਂ ਬਣਨ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ| ਇਸ ਲਈ ਬਹੁਤੇ ਨਿਰਦੇਸ਼ਕ ਇਸ ਉਪਕਰਣ ਦੀ ਵਰਤੋਂ ਕਰਨਾ ਪਸੰਦ ਨਹੀਂ ਕਰਦੇ| ਫੁੱਟ ਲਾਈਟਾਂ ਰਾਹੀਂ ਪੈਦਾ ਹੋਣ ਵਾਲੇ ਰੰਗ ਸਟੇਜ ਸੈਟਿੰਗ ਦੀ ਟੋਨ ਨੂੰ ਪ੍ਰਭਾਵੀ ਬਣਾਉਣ ਵਿੱਚ ਮਦਦ ਕਰਦੇ ਹਨ ਪਰ ਇਸ ਲਾਈਟ ਦੀ ਵਰਤੋਂ ਕਰਨ ਵਿੱਚ ਨਿਰਦੇਸ਼ਕ ਦੀ ਸੂਖ਼ਮ ਸੋਝੀ ਦਾ ਹੋਣਾ ਜ਼ਰੂਰੀ ਹੁੰਦਾ ਹੈ ਕਿਉਂਕਿ ਇਸ ਰੋਸ਼ਨੀ ਦਾ ਪ੍ਰਭਾਵ ਪ੍ਰੋਸੀਨੀਅਮ ਆਰਕ ਉੱਤੇ ਨਹੀਂ ਪੈਣਾ ਚਾਹੀਦਾ| ਇਸ ਲਾਈਟ ਦਾ ਮੁੱਖ ਕੰਮ ਮੰਚ ਵਿਉਂਤ ਦੀ ਟੋਨਿੰਗ ਵਿੱਚ ਵਾਧਾ ਕਰਨਾ ਹੁੰਦਾ ਹੈ| (ਸਹਾਇਕ ਗ੍ਰੰਥ - ਆਤਮਜੀਤ : ਨਾਟਕ ਦਾ ਨਿਰਦੇਸ਼ਨ; ਕੁਲਦੀਪ ਸਿੰਘ ਧੀਰ : ਨਾਟਕ ਸਟੇਜ ਤੇ ਦਰਸ਼ਕ)

ਫ਼ੋਕਸੀਕਰਨ

Focalization

ਫ਼ੋਕਸੀਕਰਨ ਕਥਾਨਕ ਸਿਰਜਣ ਦੀ ਇੱਕ ਅਜਿਹੀ ਜੁਗਤ ਹੈ ਜਿਸ ਦੇ ਅੰਤਰਗਤ ਨਾਟਕਕਾਰ ਲਕੀਰੀ ਕਿਸਮ ਦੇ ਕਥਾਨਕ ਤੋਂ ਮੁਕਤ ਹੋ ਕੇ ਨਾਟਕ ਦੇ ਵਿਕਾਸ ਦੀ ਗਤੀ ਨਿਰਧਾਰਤ ਕਰਨ ਵਿੱਚ ਕੁਝ ਵਿਸ਼ੇਸ਼ ਘਟਨਾਵਾਂ 'ਤੇ ਫ਼ੋਕਸ ਕਰਦਾ ਹੈ ਜਿਹੜੀਆਂ ਘਟਨਾਵਾਂ ਨਾਟਕੀ ਸੰਕਟ ਦੀ ਉਸਾਰੀ ਕਰਨ ਵਿੱਚ ਅਹਿਮ ਸਿੱਧ ਹੁੰਦੀਆਂ ਹਨ| ਨਾਟਕਕਾਰ ਦਾ ਮੁੱਖ ਫ਼ੋਕਸ ਸੰਕਟ ਜਾਂ ਤਨਾਓ ਦੀ ਉਸਾਰੀ ਉੱਤੇ ਕੇਂਦਰਿਤ ਰਹਿੰਦਾ ਹੈ| ਘਟਨਾਵਾਂ ਦੇ ਵਿਕਾਸ ਕ੍ਰਮ ਦੀ ਉਸਾਰੀ ਨੂੰ ਤਰਜੀਹ ਨਹੀਂ ਦਿੱਤੀ ਜਾਂਦੀ| ਅਜਿਹਾ ਕਰਨ ਵੇਲੇ ਨਾਟਕਕਾਰ ਉਨ੍ਹਾਂ ਸਥਿਤੀਆਂ, ਪਾਤਰਾਂ ਤੇ ਘਟਨਾਵਾਂ ਵੱਲ ਬਹੁਤਾ ਧਿਆਨ ਨਹੀਂ ਦੇਂਦਾ ਜਿਨ੍ਹਾਂ ਦਾ ਸੰਕਟ ਦੀ ਉਸਾਰੀ ਕਰਨ ਵਿੱਚ ਬਹੁਤਾ ਰੋਲ ਨਹੀਂ ਹੁੰਦਾ| ਰੋਸ਼ਨੀ ਜੁਗਤ ਦੀ ਵਿਕਸਤ ਵਿਉਂਤ ਸਦਕਾ ਨਾਟਕਕਾਰ ਦਰਸ਼ਕਾਂ ਦਾ ਧਿਆਨ ਅਜਿਹੇ ਦ੍ਰਿਸ਼ਾਂ ਉੱਤੇ ਕੇਂਦਰਿਤ ਕਰਦਾ ਹੈ ਜਿਹੜੇ ਨਾਟਕੀ ਕਲਾਈਮੈਕਸ ਦੀ ਸਿਰਜਨਾ ਕਰਨ ਵਿੱਚ ਸਹਾਇਕ ਸਿੱਧ ਹੁੰਦੇ ਹਨ| ਯਥਾਰਥਵਾਦੀ ਨਾਟ ਸ਼ੈਲੀ ਦੇ ਵਿਪਰੀਤ ਨਾਟਕਾਰ ਦਾ ਮਕਸਦ ਮੰਚ ਉੱਤੇ ਜੀਵਨ ਦੇ ਅਨੁਕਰਨ ਨੂੰ ਪੇਸ਼ ਕਰਨਾ ਨਹੀਂ ਹੁੰਦਾ ਸਗੋਂ ਜਿੰਦਗੀ ਦੀ ਨਾਟਕੀਅਤਾ ਨੂੰ ਪੇਸ਼ ਕਰਨਾ ਹੁੰਦਾ ਹੈ| ਉਤਸਕਤਾ ਤੇ ਹੈਰਾਨੀਜਨਕ ਸਥਿਤੀਆਂ ਤੇ ਪਾਤਰਾਂ ਦੇ ਹਵਾਲਿਆਂ ਰਾਹੀਂ ਦਰਸ਼ਕਾਂ ਸਾਹਮਣੇ ਜਿੰਦਗੀ ਦੇ ਨਾਟਕੀ ਰੂਪ ਦਾ ਪ੍ਰਸਤੁਤੀਕਰਨ ਕੀਤਾ ਜਾਂਦਾ ਹੈ| ਫ਼ੋਕਸੀਕਰਨ ਦੀ ਇਸ ਵਿਧੀ ਨਾਲ ਨਾਟਕ ਦਾ ਪਲਾਟ ਪਰੰਪਰਕ ਢੰਗ ਨਾਲ ਅੱਗੇ ਨਹੀਂ ਤੁਰਦਾ ਯਾਨਿ ਅਰੰਭ ਵਿਕਾਸ ਮੱਧ ਸਿਖਰ ਤੇ ਅੰਤ ਵਾਲੇ ਰਵਾਇਤੀ ਕਥਾਨਕ ਨੂੰ ਨਹੀਂ ਅਪਣਾਇਆ ਜਾਂਦਾ| ਬਲਵੰਤ ਗਾਰਗੀ ਆਪਣੇ ਨਾਟਕਾਂ ਵਿੱਚ ਫ਼ੋਕਸੀਕਰਨ ਦੀ ਵਿਧੀ ਦੀ ਵਰਤੋਂ ਕਰਦਾ ਹੈ| ਧੂਣੀ ਦੀ ਅੱਗ ਅਤੇ ਅਭਿਸਾਰਿਕਾ ਨਾਟਕ ਦੇ ਕਥਾਨਕ ਸਨਾਤਨੀ ਵਿਧੀ ਤੋਂ ਵਿਪਰੀਤ ਉਨ੍ਹਾਂ ਘਟਨਾਵਾਂ 'ਤੇ ਫ਼ੋਕਸ ਕਰਦੇ ਹਨ ਜਿਹੜੇ ਨਾਟਕੀ ਸੰਕਟ ਤੇ ਤਣਾਓ ਨੂੰ ਸ਼ਿੱਦਤ ਪ੍ਰਦਾਨ ਕਰਦੇ ਹਨ| ਫਰਸ਼ 'ਚ ਉਗਿੱਆ ਰੁੱਖ (ਆਤਮਜੀਤ) ਨਾਟਕ ਵਿੱਚ ਪਤੀ ਪਤਨੀ ਦੇ ਰਿਸ਼ਤੇ ਵਿੱਚ ਦਰਾਰ ਦਾ ਮੁੱਖ ਕਾਰਨ ਸ਼ੱਕ ਦੀ ਸਥਿਤੀ ਹੈ| ਇਹ ਸ਼ੱਕ ਰੁੱਖ ਦੀ ਸ਼ਕਲ ਵਿੱਚ ਉਗਿਆ ਹੈ ਤੇ ਬੜੀ ਫ਼ੁਰਤੀ ਨਾਲ ਆਕਾਰ ਵਿੱਚ ਵੱਡਾ ਹੋ ਰਿਹਾ ਹੈ| ਨਾਟਕ ਦਾ ਸਮੁੱਚਾ ਪ੍ਰਸੰਗ, ਸਥਿਤੀਆਂ, ਹਵਾਲੇ ਤੇ ਸੰਵਾਦ ਇਸ ਰੁੱਖ 'ਤੇ ਫ਼ੋਕਸ ਕੀਤੇ ਗਏ ਹਨ| ਰੁੱਖ਼ ਬੈਡਰੂਮ ਦੇ ਐਨ ਵਿਚਕਾਰੋਂ ਉਗਿਆ ਹੈ| ਕੁਮਾਰ ਤੇ ਵੀਨਾ ਦੇ ਆਪਸੀ ਤਣਾਓ ਦੇ ਨਾਲ-ਨਾਲ ਰੁੱਖ ਦਾ ਲਗਾਤਾਰ ਵੱਡਾ ਹੋਣਾ, ਦਰਸ਼ਕਾਂ ਦੀ ਮਾਨਸਿਕਤਾ ਨੂੰ ਇਸ ਰੁੱਖ਼ ਦੇ ਨਾਲ ਜੋੜੀ ਰੱਖਣਾ ਇਹ ਫ਼ੋਕਸੀਕਰਨ ਦੀ ਹੀ ਵਿਧੀ ਹੈ| ਗੈਰ ਜ਼ਰੂਰੀ ਪ੍ਰਸੰਗਾਂ ਨੂੰ ਛੱਡ ਕੇ ਦਰਸ਼ਕਾਂ ਦਾ ਸਾਰਾ ਧਿਆਨ ਇਸ ਰੁੱਖ ਨਾਲ ਜੋੜ ਦਿੱਤਾ ਗਿਆ ਹੈ| (ਸਹਾਇਕ ਗ੍ਰੰਥ -ਪਾਲੀ ਭੁਪਿੰਦਰ ਸਿੰਘ : ਪੰਜਾਬੀ ਨਾਟਕ ਦਾ ਕਾਵਿ ਸ਼ਾਸਤਰ; (ਪੰਜਾਬ ਯੂਨੀਵਰਸਿਟੀ ਨੂੰ ਪ੍ਰਸਤੁਤ ਖੋਜ ਪ੍ਰਬੰਧ))

ਬੰਗਾਲੀ ਨਾਟਕ

Theatre of Bengal

ਵਰਤਮਾਨ ਭਾਰਤੀ ਨਾਟਕ ਦਾ ਜਨਮ ਬੰਗਾਲ ਵਿਖੇ ਹੋਇਆ| ਭਾਰਤ ਦੇ ਦੂਜੇ ਸੂਬਿਆਂ ਵਿੱਚ ਨਾਟਕ ਦਾ ਵਿਕਾਸ ਇਸ ਤੋਂ ਪਿਛੋਂ ਹੋਇਆ| ਅਠਾਰਵੀਂ ਸਦੀ ਦੇ ਅਖੀਰ 'ਤੇ ਅੰਗਰੇਜ਼ਾਂ ਨੇ ਸਭ ਤੋਂ ਪਹਿਲਾਂ ਬੰਗਾਲ ਉੱਤੇ ਜਿੱਤ ਪ੍ਰਾਪਤ ਕੀਤੀ ਸੀ| ਆਪਣੇ ਮਨੋਰੰਜਨ ਲਈ ਉਨ੍ਹਾਂ ਨੇ ਨਾਚ ਘਰ ਅਤੇ ਕਲੱਬਾਂ ਦਾ ਨਿਰਮਾਣ ਕੀਤਾ| ਅਜਿਹੀਆਂ ਸੰਸਥਾਵਾਂ ਨੇ ਹੀ ਅੰਗਰੇਜ਼ੀ ਨਾਟਕਾਂ ਨੂੰ ਖੇਡਣ ਦੀ ਰੀਤ ਅਰੰਭੀ| ਬੰਗਾਲੀ ਨਾਟਕ ਦਾ ਅਰੰਭ ਅੰਗਰੇਜੀ ਭਾਸ਼ਾ ਦੇ ਅਨੁਵਾਦਤ ਨਾਟਕਾਂ ਨਾਲ ਹੁੰਦਾ ਹੈ| ਬੰਗਾਲੀ ਜ਼ਬਾਨ ਵਿੱਚ ਪਹਿਲਾ ਲਿਖਿਆ ਗਿਆ ਨਾਟਕ ਅੰਗਰੇਜੀ ਨਾਟਕ ਦਾ ਹੀ ਅਨੁਵਾਦ ਸੀ ਜਿਸ ਨੂੰ ਹੇਰਾਸਿਮ ਲੈਬੇਡਫ਼ ਨੇ ਮੰਚ ਉੱਤੇ ਪੇਸ਼ ਕੀਤਾ| ਮੰਚੀ ਪੇਸ਼ਕਾਰੀ ਵਿੱਚੋਂ ਬੰਗਾਲੀ ਸਭਿਆਚਾਰ ਦੀ ਝਲਕ ਨਜ਼ਰ ਆਉਂਦੀ ਸੀ| ਔਰਤਾਂ ਅਭਿਨੈ ਵਿੱਚ ਹਿੱਸਾ ਨਹੀਂ ਲੈਂਦੀਆਂ ਸਨ ਪਰ ਇਸ ਨਾਟਕ ਵਿੱਚ ਮਰਦਾਂ ਦੇ ਨਾਲ ਨਾਲ ਔਰਤਾਂ ਨੇ ਵੀ ਅਭਿਨੈ ਕੀਤਾ| ਇਉਂ ਪਹਿਲੀ ਪੇਸ਼ਕਾਰੀ ਦਾ ਅਰੰਭ ਅੰਗਰੇਜ਼ ਕਲਾਕਾਰ ਰਾਹੀਂ ਹੋਇਆ| ਉਸ ਦੁਆਰਾ ਬਣਾਏ ਥੀਏਟਰ ਦਾ ਨਾਂ ਕਲਕੱਤਾ ਥੀਏਟਰ ਰੱਖਿਆ ਗਿਆ| ਬੰਗਾਲੀ ਨਾਟ ਪਰੰਪਰਾ ਵਿੱਚ ਗਰੀਸ਼ ਦਾ ਨਾਂ ਵੀ ਗੌਲਣਯੋਗ ਹੈ| ਉਸਨੇ 1872 ਵਿੱਚ ਨੈਸ਼ਨਲ ਥੀਏਟਰ ਦੀ ਸਥਾਪਨਾ ਕੀਤੀ| ਦੀਨਬੰਦੂ ਮਿੱਤਰਾ ਦਾ ਨਾਟਕ ਨੀਲ-ਦਰਪਨ ਇੱਕੇ ਹੀ ਖੇਡਿਆ ਗਿਆ| ਨਾਟਕੀ ਪੇਸ਼ਕਾਰੀ ਦੌਰਾਨ ਦਰਸ਼ਕਾਂ ਦੇ ਰੋਹ ਭਰੇ ਪ੍ਰਤੀਕਰਮ ਨੂੰ ਦੇਖਦਿਆਂ 1876 ਵਿੱਚ ਡਰਾਮਾ ਐਕਟ ਪਾਸ ਕੀਤਾ ਗਿਆ ਜਿਸ ਦਾ ਮਕਸਦ ਇਹ ਸੀ ਕਿ ਕਿਸੇ ਵੀ ਨਾਟਕ ਦੇ ਖੇਡਣ ਉੱਤੇ ਪਾਬੰਦੀ ਲਗਾਈ ਜਾ ਸਕਦੀ ਸੀ| ਮੁਲਕ ਵਿੱਚ ਸੁਤੰਤਰਤਾ ਸੰਗਰਾਮ ਦੀ ਲਹਿਰ ਦਾ ਪ੍ਰਭਾਵ ਬੰਗਾਲ ਦੇ ਥੀਏਟਰ ਉੱਤੇ ਵੀ ਪਿਆ| ਕੌਮੀ ਏਕਤਾ ਦਾ ਪ੍ਰਚਾਰ ਥੀਏਟਰ ਦੇ ਮਾਧਿਅਮ ਰਾਹੀਂ ਹੋਣ ਲੱਗਾ| ਮੁੱਢਲੇ ਬੰਗਾਲੀ ਨਾਟਕ ਦੇਸ਼ ਭਗਤੀ ਅਤੇ ਕੌਮੀ ਏਕਤਾ ਦੀਆਂ ਭਾਵਨਾਵਾਂ ਨੂੰ ਲੈ ਕੇ ਲਿਖੇ ਗਏ ਸਨ| ਇਸੇ ਦੌਰ ਵਿੱਚ ਤਤਕਾਲੀ ਸਮਾਜ ਦੇ ਭਖਦੇ ਮਸਲੇ ਜਿਵੇਂ ਦਾਜ ਪ੍ਰਥਾ,ਬਾਲ-ਵਿਆਹ, ਬਾਲ ਵਿਧਵਾ ਆਦਿ ਵਿਸ਼ਿਆਂ 'ਤੇ ਆਧਾਰਤ ਵੀ ਬੰਗਾਲੀ ਨਾਟਕਾਂ ਦੀ ਰਚਨਾ ਕੀਤੀ ਗਈ| ਬਣਤਰ ਪੱਖੋਂ ਇਨ੍ਹਾਂ ਨਾਟਕਾਂ ਦਾ ਕਥਾਨਕ ਕਈ ਥਾਵਾਂ ਤੇ ਬੜਾ ਢਿਲਾ ਵੀ ਹੁੰਦਾ ਸੀ| ਪ੍ਰਚਾਰ ਦੀ ਰੁਚੀ ਇਨ੍ਹਾਂ ਨਾਟਕਾਂ ਵਿੱਚੋਂ ਪ੍ਰਤੱਖ ਝਲਕਦੀ ਸੀ| ਸ਼ੈਕਸਪੀਅਰ ਦੇ ਬਹੁਤੇ ਨਾਟਕਾਂ ਦੇ ਉੱਚ ਪੱਧਰੀ ਅਨੁਵਾਦ ਬੰਗਾਲੀ ਭਾਸ਼ਾ ਵਿੱਚ ਕੀਤੇ ਮਿਲਦੇ ਹਨ| ਸਭ ਤੋਂ ਵਧੇਰੇ ਅਨੁਵਾਦ ਗਰੀਸ਼ ਦੁਆਰਾ ਕੀਤੇ ਗਏ| ਉਹ ਇੱਕ ਚੰਗਾ ਨਾਟਕਕਾਰ ਹੋਣ ਦੇ ਨਾਲ ਨਾਲ ਵਧੀਆ ਅਭਿਨੇਤਾ ਤੇ ਸੂਝਵਾਨ ਨਿਰਦੇਸ਼ਕ ਵੀ ਸੀ| ਬੰਗਾਲੀ ਥੀਏਟਰ ਨੂੰ ਕਸਬੀ ਸੂਝ ਪ੍ਰਦਾਨ ਕਰਨ ਵਿੱਚ ਇਸ ਦਾ ਨਾਂ ਗੌਲਣਯੋਗ ਹੈ| ਬੰਗਾਲ ਦੀ ਥੀਏਟਰ ਪਰੰਪਰਾ ਵਿੱਚ ਮਿਨਰਵਾ ਅਤੇ ਮਨਮੋਹਨ ਥੀਏਟਰ, ਇਸੇ ਪਰੰਪਰਾ ਦਾ ਅਨੁਸਰਨ ਕਰਦੇ ਹਨ| ਬੰਗਾਲੀ ਨਾਟਕ ਨੂੰ ਵਿਕਸਤ ਕਰਨ ਵਿੱਚ ਜਿਉਤੀਰਿੰਦ੍ਰਾਨਾਥ ਟੈਗੋਰ ਤੇ ਡੀ.ਐਲ.ਰਾਏ ਦੀ ਦੇਣ ਵਡਮੁੱਲੀ ਹੈ| ਵੀਹਵੀਂ ਸਦੀ ਦੇ ਅਰੰਭ ਵਿੱਚ ਲਿਖੇ ਗਏ ਇਹ ਨਾਟਕ ਅੱਜ ਵੀ ਬੰਗਾਲ ਵਿੱਚ ਖੇਡੇ ਜਾਂਦੇ ਹਨ| ਬੰਗਾਲ ਦੀ ਨਾਟ-ਪਰੰਪਰਾ ਵਿੱਚ ਰਬਿੰਦਰ ਨਾਥ ਟੈਗੋਰ ਦੀ ਦੇਣ ਅਦੁੱਤੀ ਹੈ| ਬੰਗਾਲੀ ਨਾਟਕ ਵਿੱਚ ਯਥਾਰਥਵਾਦੀ ਰੰਗਣ ਪੈਦਾ ਕਰਨ ਵਿੱਚ ਨਰੇਸ਼ ਮਿੱਤਰਾ, ਦੁਰਗਾ ਦਾਸ ਬੈਨਰ ਜੀ ਤੇ ਸਿਸਰ ਕੁਮਾਰ ਦਾ ਵਿਸ਼ੇਸ਼ ਯੋਗਦਾਨ ਹੈ| ਸਿਸਰ ਭਾਦੁਰੀ ਦਾ ਲੱਗਭੱਗ ਪੰਜ ਦਹਾਕਿਆਂ ਤੱਕ ਬੰਗਾਲੀ ਮੰਚ ਉੱਤੇ ਪੂਰਾ ਬੋਲ ਬਾਲਾ ਰਿਹਾ| ਫ਼ਿਲਮਾਂ ਦੇ ਹੋਂਦ ਵਿੱਚ ਆਉਣ ਨਾਲ ਬੰਗਾਲੀ ਨਾਟਕ ਨੂੰ ਕੁਝ ਢਾਹ ਲੱਗੀ| ਕਸਬੀ ਥੀਏਟਰ ਵਿੱਚ ਨਿਘਾਰ ਪੈਦਾ ਹੋਣ ਨਾਲ ਸ਼ੌਕੀਆ ਨਾਟ ਮੰਡਲੀਆਂ ਹੋਂਦ ਵਿੱਚ ਆਈਆਂ| ਸ਼ੰਭੂ ਮਿੱਤਰਾ ਨੇ ਬਹੁਰੂਪੀ ਕੰਪਨੀ ਦਾ ਗਠਨ ਕੀਤਾ| ਟੈਗੋਰ ਦੇ ਨਾਟਕਾਂ ਦੇ ਨਾਲ ਨਾਲ ਅੰਗਰੇਜ਼ ਨਾਟਕਕਾਰਾਂ ਦੇ ਨਾਟਕ ਮੰਚਿਤ ਕੀਤੇ ਜਾਣ ਲੱਗੇ| ਕਲਕੱਤੇ ਦੀ ਲਿਟਲ ਥੀਏਟਰ ਗਰੁਪ ਕੰਪਨੀ ਨੇ ਪਹਿਲੋ ਪਹਿਲ ਅੰਗਰੇਜ਼ੀ ਭਾਸ਼ਾ ਦੇ ਨਾਟਕ ਖੇਡੇ ਪਰ ਕੁਝ ਸਮੇਂ ਬਾਅਦ ਇਸ ਕੰਪਨੀ ਨੇ ਬੰਗਾਲੀ ਨਾਟਕ ਖੇਡਣੇ ਸ਼ੁਰੂ ਕਰ ਦਿੱਤੇ| ਇਸ ਦਾ ਨਿਰਦੇਸ਼ਕ ਉਤਪਲ ਦੱਤ ਸੀ| ਇਸ ਗਰੁੱਪ ਵਲੋਂ ਬੰਗਾਲੀ ਲੋਕਾਂ ਦੀ ਜ਼ਿੰਦਗੀ ਉੱਤੇ ਆਧਾਰਤ ਖੇਡੇ ਗਏ ਨਾਟਕਾਂ ਨੂੰ ਬੰਗਾਲ ਦੇ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ| ਬੰਗਾਲੀ ਥੀਏਟਰ ਦੇ ਪ੍ਰਮੁੱਖ ਨਾਟਕਕਾਰ ਸੇਨ ਗੁਪਤਾ, ਮਹਿੰਦਰ ਗੁਪਤਾ, ਸਚੇਂਦ੍ਰ ਨਾਥ ਤੇ ਬਿਧਾਇਕ ਭੱਟਾਚਾਰੀਆ ਹਨ|ਇਨ੍ਹਾਂ ਦਾ ਸੰਬੰਧ ਕਸਬੀ ਥੀਏਟਰ ਨਾਲ ਰਿਹਾ ਹੈ| ਇਸ ਨਾਟਕ ਦਾ ਰੂਪ ਨਿਖਾਰਨ ਵਿੱਚ ਉਤਪਲ ਦੱਤ ਅਤੇ ਸ਼ੰਭੂ ਮਿੱਤਰਾ ਦਾ ਨਾਂ ਵਿਸ਼ੇਸ਼ ਤੌਰ ਤੇ ਉਲੇਖਯੋਗ ਹੈ| ਇਨ੍ਹਾਂ ਦੀ ਸੁਯੋਗ ਨਿਰਦੇਸ਼ਨਾ ਸਦਕਾ ਬੰਗਾਲੀ ਥੀਏਟਰ ਦੀ ਥਾਂ ਵਿਸ਼ਵੀ ਥੀਏਟਰ ਦੇ ਪ੍ਰਸੰਗ ਵਿੱਚ ਵਿਲੱਖਣ ਮੁਕਾਮ ਨੂੰ ਹਾਸਲ ਕਰਨ ਦੇ ਯੋਗ ਸਿੱਧ ਹੋਈ ਹੈ| (ਸਹਾਇਕ ਗ੍ਰੰਥ -ਬਲਵੰਤ ਗਾਰਗੀ : ਰੰਗਮੰਚ)

ਬੱਰਾ ਕਥਾ

Folk theatre

ਬੱਰਾ-ਕਥਾ ਦਾ ਵਰਣਨ ਬਲਵੰਤ ਗਾਰਗੀ ਨੇ ਆਪਣੀ ਪੁਸਤਕ ਲੋਕ ਨਾਟਕ ਵਿੱਚ ਕੀਤਾ ਹੈ| ਇਹ ਇੱਕ ਅਜਿਹੀ ਨਾਟਕੀ ਵਾਰ ਹੈ ਜਿਸ ਦੀ ਅਦਾਕਾਰੀ ਤਿੰਨ ਕਲਾਕਾਰ ਮਿਲ ਕੇ ਪੇਸ਼ ਕਰਦੇ ਹਨ| ਬੱਰਾ ਦਾ ਅਰਥ ਗਾਰਗੀ ਨੇ ਤੂੰਬਾ ਕੀਤਾ ਹੈ (ਲੋਕ ਨਾਟਕ, ਪੰਨਾ 183)| ਇਸ ਕਥਾ ਦਾ ਵਿਸ਼ਾ ਬਹਾਦਰ ਸੂਰਬੀਰਾਂ ਦੀਆਂ ਜੀਵਨ ਗਾਥਾਵਾਂ ਨਾਲ ਸੰਬੰਧਤ ਹੁੰਦਾ ਹੈ| ਯੋਧਿਆਂ ਦੇ ਕਿੱਸਿਆਂ ਦੀ ਪੇਸ਼ਕਾਰੀ ਬੱਰਾ ਕਥਾ ਦੇ ਗਾਇਨ ਰਾਹੀਂ ਕੀਤੀ ਜਾਂਦੀ ਹੈ ਜਿਸ ਨੂੰ ਲੋਕ ਬੜੇ ਅਨੰਦ ਨਾਲ ਸੁਣਦੇ ਹਨ| ਤਿੰਨ ਗਾਇਕਾਂ ਵਿੱਚੋਂ ਮੁੱਖ ਗਾਇਕ ਬੱਰਾ ਵਜਾਉਂਦਾ ਹੋਇਆ ਵਾਰ ਦਾ ਗਾਇਨ ਕਰਦਾ ਹੈ| ਵਾਰ ਨੂੰ ਗਾਉਂਦੇ ਹੋਏ ਉਹ ਕਈ ਵਾਰ ਨਾਚ ਵੀ ਕਰਦਾ ਹੈ| ਉਸਦੇ ਪੈਰਾਂ ਵਿੱਚ ਘੁੰਗਰੂ ਬੰਨ੍ਹੇ ਹੁੰਦੇ ਹਨ| ਨ੍ਰਿਤ ਕਰਨ ਵੇਲੇ ਇਨ੍ਹਾਂ ਘੁੰਗਰੂਆਂ ਨਾਲ ਖਾਸ ਕਿਸਮ ਦਾ ਰਿਦਮ ਪੈਦਾ ਹੁੰਦਾ ਹੈ| ਉਹ ਵਾਰ ਦੇ ਬੋਲਾਂ ਨੂੰ ਆਪਣੇ ਚਿਹਰੇ ਦੇ ਹਾਵ ਭਾਵਾਂ ਨਾਲ ਅਰਥ ਪ੍ਰਦਾਨ ਕਰਦਾ ਹੈ| ਇਸ ਸਾਰੀ ਪ੍ਰਦਰਸ਼ਨੀ ਦੌਰਾਨ ਬੱਰਾ ਦੀ ਵਰਤੋਂ ਬੜੀ ਕਲਾਤਮਕਤਾ ਨਾਲ ਕੀਤੀ ਜਾਂਦੀ ਹੈ| ਨਾਟਕੀ ਮੌਕਾ ਪੈਦਾ ਹੋਣ 'ਤੇ ਉਹ ਬੜੀ ਧੀਮੀ ਗਤੀ ਵਾਲੀ ਹੋ ਜਾਂਦੀ ਹੈ| ਫੇਰ ਅਚਾਨਕ ਹੀ ਗਾਇਕ ਬੜੀ ਗੜ੍ਹਕਵੀਂ ਆਵਾਜ਼ ਪੈਦਾ ਕਰਦਾ ਹੈ ਤੇ ਪੂਰੇ ਜੋਸ਼ ਨਾਲ ਵਾਰ ਦੇ ਬੋਲਾਂ ਦਾ ਉਚਾਰਨ ਕਰਦਾ ਹੈ| ਮੁੱਖ ਗਾਇਕ ਦੇ ਦੋ ਸਾਥੀ ਕਲਾਕਾਰਾਂ ਦੀ ਵੀ ਭੂਮਿਕਾ ਮਹੱਤਵਪੂਰਨ ਹੁੰਦੀ ਹੈ| ਵਾਰ ਦੇ ਗਾਇਨ ਦੌਰਾਨ ਉਹ ਲਗਾਤਾਰ ਡਮਰੂ ਵਜਾਉਂਦੇ ਹਨ ਤੇ ਸੁਆਲ ਜੁਆਬ ਕਰਦੇ ਰਹਿੰਦੇ ਹਨ| ਉਨ੍ਹਾਂ ਦਾ ਸੁਆਲ ਜੁਆਬ ਦਾ ਮਾਧਿਅਮ ਗੀਤ ਹੁੰਦੇ ਹਨ| ਇਨ੍ਹਾਂ ਵਿੱਚ ਮਜ਼ਾਕ ਦਾ ਲਹਿਜ਼ਾ ਸ਼ਾਮਲ ਹੁੰਦਾ ਹੈ| ਇਨ੍ਹਾਂ ਅੰਦਰ ਛੁਪਿਆ ਵਿਅੰਗ ਦਰਸ਼ਕਾਂ ਦੇ ਮਨੋਰੰਜਨ ਦਾ ਕਾਰਨ ਬਣਦਾ ਹੈ| ਬੱਰਾ ਕਥਾ ਦੇ ਗਾਇਕ ਆਪਣੀ ਇਸ ਕਲਾ ਵਿੱਚ ਇੰਨੇ ਮਾਹਿਰ ਹੁੰਦੇ ਹਨ ਕਿ ਗਾਇਨ ਕਲਾ ਦੇ ਅੰਦਾਜ਼ ਨਾਲ ਹੀ ਅਤੀਤ ਵਿੱਚ ਵਾਪਰੀ ਘਟਨਾ ਨੂੰ ਹੂ-ਬ-ਹੂ ਸਾਕਾਰ ਕਰ ਦੇਂਦੇ ਹਨ| ਇਨ੍ਹਾਂ ਗਾਇਕਾਂ ਦੀ ਕੁਸ਼ਲ ਅਦਾਕਾਰੀ ਤੇ ਵਧੀਆ ਗਾਇਨ ਕਲਾ ਸਦਕਾ ਹੀ ਵੀਰ ਯੋਧਿਆਂ ਦੀਆਂ ਕਥਾਵਾਂ ਤੇ ਕਿੱਸੇ ਲੋਕਾਂ ਦੀ ਯਾਦ ਸ਼ਕਤੀ ਦਾ ਹਿੱਸਾ ਬਣੇ ਹੋਏ ਹਨ| ਬੱਰਾ-ਕੱਥਾ ਲੋਕ ਨਾਟਕ ਦਾ ਬੜਾ ਪਸੰਦੀਦਾ ਰੂਪ ਹੈ| (ਸਹਾਇਕ ਗ੍ਰੰਥ - ਬਲਵੰਤ ਗਾਰਗੀ : ਲੋਕ ਨਾਟਕ)

ਬਲੌਕਿੰਗ

Blocking

ਬਲੌਕਿੰਗ ਦਾ ਸੰਬੰਧ ਨਾਟਕ ਦੀ ਨਿਰਦੇਸ਼ਨਾ ਨਾਲ ਹੁੰਦਾ ਹੈ| ਬਲੌਕਿੰਗ ਦੇ ਅੰਤਰਗਤ ਇਸ ਗੱਲ ਦਾ ਫ਼ੈਸਲਾ ਕੀਤਾ ਜਾਂਦਾ ਹੈ ਕਿ ਮੰਚ ਉੱਤੇ ਪਾਤਰਾਂ ਨੂੰ ਕਿਸ ਸਥਾਨ ਉੱਤੇ ਕਿਵੇਂ ਖੜ੍ਹਾ ਕਰਨਾ ਜਾਂ ਬਿਠਾਉਣਾ ਹੈ| ਉਨ੍ਹਾਂ ਨੇ ਕਿਸ ਪਾਸਿਓਂ ਮੰਚ ਉੱਤੇ ਆਉਣਾ ਤੇ ਕਿਧਰੋਂ ਵਾਪਸ ਜਾਣਾ ਹੈ| ਆਪਣਾ ਰੋਲ ਨਿਭਾਉਂਦਿਆਂ ਕਿੰਨਾ ਤੁਰਨਾ ਹੈ, ਕਿਥੇ ਖੜੋਣਾ ਹੈ, ਕਦੋਂ ਡਾਇਲਾਗ ਬੋਲਦਿਆਂ ਸਟੇਜ ਦੇ ਅੱਗੇ ਜਾਂ ਕਦੋਂ ਪਿੱਛੇ ਵੱਲ ਮੁੜਨਾ ਹੈ| ਇਸ ਗੱਲ ਦੀ ਨਾਟਕ ਵਿੱਚ ਬੜੀ ਅਹਿਮੀਅਤ ਹੁੰਦੀ ਹੈ| ਅਜਿਹਾ ਧਿਆਨ ਨਾ ਕੀਤੇ ਜਾਣ ਦੀ ਸੂਰਤ ਵਿੱਚ ਨਾਟਕ ਆਪਣੀ ਪੇਸ਼ਕਾਰੀ ਦੌਰਾਨ ਅਸਫ਼ਲ ਹੋ ਸਕਦਾ ਹੈ| ਬਲੌਕਿੰਗ ਦੇ ਦੋ ਮੁੱਖ ਢੰਗ ਹਨ| ਇੱਕ, ਰਿਹਰਸਲ ਤੋਂ ਪਹਿਲਾਂ ਸਭ ਕੁਝ ਨਿਸ਼ਚਿਤ ਕਰ ਲੈਣਾ ਅਤੇ ਦੂਜਾ ਰਿਹਰਸਲ ਦੌਰਾਨ ਐਕਟਰਾਂ ਦੇ ਮੰਚ ਉੱਤੇ ਮੌਜੂਦ ਹੋਣ ਵੇਲੇ ਉਨ੍ਹਾਂ ਦੀ ਸੁਵਿਧਾ ਮੁਤਾਬਕ ਉਪਰੋਕਤ ਗੱਲਾਂ ਬਾਰੇ ਫ਼ੈਸਲਾ ਲੈਣਾ| ਅਜਿਹੀ ਸਥਿਤੀ ਵਿੱਚ ਕਲਾਕਾਰ ਜਾਂ ਐਕਟਰ, ਨਿਰਦੇਸ਼ਕ ਨਾਲ ਮਿਲਕੇ ਬਲੌਕਿੰਗ ਕਰਦੇ ਹਨ| ਗੁਰਸ਼ਰਨ ਸਿੰਘ ਨੇ ਆਪਣੇ ਨਾਟਕਾਂ ਦੀ ਬਲੌਕਿੰਗ ਲਈ ਇਸੇ ਢੰਗ ਨੂੰ ਵਰਤਿਆ ਹੈ ਪਰ ਹਬੀਬ ਤਨਵੀਰ ਵਰਗੇ ਨਾਟ-ਨਿਰਦੇਸ਼ਕ ਅਜਿਹੀ ਸੋਚ ਦੇ ਹਮਾਇਤੀ ਨਹੀਂ ਹਨ| ਦਰਅਸਲ ਬਲੌਕਿੰਗ ਦਾ ਮੰਤਵ ਦਰਸ਼ਕਾਂ ਦੀ ਰੁਚੀ ਅਤੇ ਸੁਵਿਧਾ ਨੂੰ ਧਿਆਨ ਵਿੱਚ ਰੱਖਣ ਨਾਲ ਸਬੰਧਤ ਹੈ| ਮੰਚ ਉੱਤੇ ਵਾਪਰ ਰਹੇ ਕਾਰਜ ਦੀ ਸਹੀ ਵਿਵਸਥਾ ਹੀ ਦਰਸ਼ਕ ਨੂੰ ਨਾਟਕ ਦੇ ਅੰਤਰੀਵ ਭਾਵ ਸਮਝਣ ਦੇ ਯੋਗ ਬਣਾਉਂਦੀ ਹੈ| ਪਾਤਰਾਂ ਦਾ ਆਪਸ ਵਿਚਲਾ ਸੰਬੰਧ, ਨਾਟਕੀ ਕਾਰਜ ਦੀ ਪੇਸ਼ਕਾਰੀ ਵੇਲੇ ਪੂਰੀ ਮੰਚ ਦੀ ਸੁਯੋਗ ਵਰਤੋਂ ਅਜਿਹੀਆਂ ਗੱਲਾਂ ਦਾ ਧਿਆਨ ਬਲੌਕਿੰਗ ਦੇ ਤਹਿਤ ਹੀ ਰੱਖਿਆ ਜਾਂਦਾ ਹੈ| ਮੰਚ ਦੇ ਇੱਕੋ ਹਿੱਸੇ ਨੂੰ ਵਰਤਣਾ, ਕਾਰਜ ਦਾ ਇੱਕੋ ਥਾਂ ਤੇ ਵਾਪਰਨਾ ਤੇ ਪਾਤਰਾਂ ਦੀ ਨਿਸ਼ਕ੍ਰਿਅਤਾ ਯਾਨਿ ਖੜੇ ਖੜੋਤੇ ਸੰਵਾਦ ਬੋਲਣ ਨਾਲ ਨਾਟਕ ਬਨਾਵਟੀ ਅਤੇ ਓਪਰਾ ਬਣ ਜਾਂਦਾ ਹੈ| ਅਭਿਨੇਤਾ ਦੇ ਅਭਿਨੈ ਨੂੰ ਕਾਰਗਰ ਬਣਾਉਣ ਵਿੱਚ ਤੇ ਮੰਚੀ ਖੇਤਰ ਨੂੰ ਸਹੀ ਅਨੁਪਾਤ ਨਾਲ ਵਰਤਣ ਵਿੱਚ ਨਿਰਦੇਸ਼ਕ ਵਲੋਂ ਕੀਤੀ ਜਾਂਦੀ ਬਲੌਕਿੰਗ ਮਹੱਤਵਪੂਰਨ ਹੁੰਦੀ ਹੈ| ਮੰਚ ਉੱਤੇ ਮੌਜੂਦ ਹਰੇਕ ਪਾਤਰ ਦਾ ਆਪਣੇ ਰੋਲ ਮੁਤਾਬਕ ਦਰਸ਼ਕਾਂ ਦੇ ਸਨਮੁੱਖ ਹੋਣਾ, ਦਰਸ਼ਕਾਂ ਨੂੰ ਮੰਚ ਦੇ ਕਾਰਜ ਨੂੰ ਦੇਖਣ ਵਿੱਚ ਕਿਸੇ ਕਿਸਮ ਦੀ ਅਸੁਵਿਧਾ ਨਾ ਹੋਣੀ, ਪਾਤਰਾਂ ਦੀ ਭੀੜ ਨੂੰ ਇੱਕਠਿਆਂ ਨਾ ਹੋਣ ਦੇਣਾ ਇਨ੍ਹਾਂ ਸਾਰੀਆਂ ਗੱਲਾਂ ਦੀ ਜ਼ਿੰਮੇਵਾਰੀ ਸੁਚੱਜਾ ਨਿਰਦੇਸ਼ਕ ਸਹੀ ਬਲੌਕਿੰਗ ਨਾਲ ਨਿਭਾਉਂਦਾ ਹੈ| ਰਿਹਰਸਲ ਪੂਰਵ ਕੀਤੀ ਗਈ ਬਲੌਕਿੰਗ ਰਿਹਰਸਲਾਂ ਦੌਰਾਨ ਖਪਤ ਹੋਣ ਵਾਲੇ ਸਮੇਂ ਦੀ ਬੱਚਤ ਕਰਦੀ ਹੈ| ਸਹਾਇਕ ਗ੍ਰੰਥ - ਸੁਰਜੀਤ ਸਿੰਘ ਸੇਠੀ : ਨਾਟਕ ਕਲਾ; ਜਸਵਿੰਦਰ ਕੌਰ ਮਾਂਗਟ : ਰੰਗਮੰਚ ਦੇ ਬੁਨਿਆਦੀ ਨਿਯਮ; Oscar. G. Brockett : The theatre : An introduction)

ਬਾਲ ਨਾਟਕ

Child play

ਨਾਟਕ ਦੇ ਦੂਜੇ ਰੂਪ ਜਿਵੇਂ ਲਘੂ ਨਾਟਕ, ਟੀ. ਵੀ. ਨਾਟਕ, ਰੇਡੀਓ ਨਾਟਕ, ਨੁਕੜ ਨਾਟਕ ਆਦਿ ਦੀ ਤਰ੍ਹਾਂ ਬਾਲ ਨਾਟਕ ਵੀ ਨਾਟਕ ਦੀ ਇੱਕ ਮਹਤੱਵਪੂਰਨ ਵੰਨਗੀ ਹੈ| ਇਸ ਦਾ ਅਰੰਭ ਵੀਹਵੀਂ ਸਦੀ ਦੇ ਚੌਥੇ ਦਹਾਕੇ ਵਿੱਚ ਹੋ ਗਿਆ ਸੀ ਉਸ ਤੋਂ ਮਗਰੋਂ ਬਾਲ ਨਾਟਕ ਲਿਖਣ ਦਾ ਪ੍ਰਚਲਨ ਲਗਾਤਾਰ ਬਣਿਆ ਰਿਹਾ| ਬਹੁਤੇ ਬਾਲ ਨਾਟਕਾਂ ਦਾ ਪ੍ਰਕਾਸ਼ਨ ਮੈਗਜ਼ੀਨ, ਰਸਾਲਿਆਂ ਆਦਿ ਦੇ ਜ਼ਰੀਏ ਹੁੰਦਾ ਰਿਹਾ ਹੈ| ਪੰਜਾਬੀ ਬਾਲ ਨਾਟਕ ਦੀ ਨਾਟ-ਵਸਤੂ ਦਾ ਘੇਰਾ ਨੈਤਿਕ ਸਿਖਿਆ ਦੇ ਸੰਚਾਰ ਤੋਂ ਲੈ ਕੇ ਸਮਾਜਕ ਬੁਰਾਈਆਂ,ਬਾਲ ਮਾਨਸਿਕਤਾ 'ਤੇ ਪੈਂਦੇ ਪ੍ਰਭਾਵ ,ਵਹਿਮ ਭਰਮ, ਵਿਦਿਆ, ਵਿਗਿਆਨ, ਧਾਰਮਿਕ ਸਿਖਿਆ ਤੇ ਰਾਜਸੀ ਸਰੋਕਾਰਾਂ ਆਦਿ ਹਰੇਕ ਕਿਸਮ ਦੇ ਵਿਸ਼ਿਆਂ ਨੂੰ ਆਪਣੇ ਕਲੇਵਰ ਵਿੱਚ ਲੈਂਦਾ ਹੈ| ਦਰਅਸਲ ਬਾਲ ਨਾਟਕ ਰਚੇ ਜਾਣ ਦਾ ਮੁੱਖ ਉਦੇਸ਼ ਬੱਚਿਆਂ ਦੀ ਮਾਨਸਿਕਤਾ ਨੂੰ ਧਿਆਨ ਵਿੱਚ ਰੱਖਦਿਆਂ ਸੁਚਾਰੂ ਸਿਖਿਆ ਦੇਣ ਦੇ ਨਾਲ ਨਾਲ ਚੰਗੇਰੀ ਜੀਵਨ ਜਾਚ ਦੀ ਪ੍ਰੇਰਣਾ ਦੇਣਾ ਹੁੰਦਾ ਹੈ| ਸਫ਼ਲ ਬਾਲ ਨਾਟਕ ਦੀ ਕਸਵੱਟੀ ਦਾ ਮੁੱਖ ਆਧਾਰ ਬਾਲ ਨਾਟਕ ਵਿੱਚ ਨਿਹਿਤ ਇਸਦਾ ਸੰਦੇਸ਼ ਹੁੰਦਾ ਹੈ| ਮੁੱਢਲੇ ਦੌਰ ਵਿੱਚ ਸਮਾਜਕ ਸਰੋਕਾਰਾਂ ਦੇ ਵਿਸ਼ੇ ਬਾਲ ਨਾਟਕਾਂ ਦਾ ਆਧਾਰ ਬਣੇ ਪਰ ਸਤਵੇਂ ਅਠਵੇਂ ਦਹਾਕੇ ਤੱਕ ਪੁੱਜ ਕੇ ਰਾਜਸੀ ਸਰੋਕਾਰਾਂ ਨੂੰ ਵੀ ਲੈ ਕੇ ਬਾਲ ਨਾਟਕਾਂ ਦੀ ਰਚਨਾ ਹੋਈ ਮਿਲਦੀ ਹੈ| ਮਦੀਹਾ ਗੋਹਰ ਦਾ ਬਾਰਡਰ ਬਾਰਡਰ ਇਸ ਦੀ ਸਫ਼ਲ ਮਿਸਾਲ ਹੈ| ਦੇਸ਼ ਭਗਤੀ ਦੇ ਵਿਸ਼ੇ ਨੂੰ ਲੈ ਕੇ ਵੀ ਪੰਜਾਬੀ ਨਾਟਕਕਾਰਾਂ ਨੇ ਬਾਲ ਨਾਟਕਾਂ ਦੀ ਰਚਨਾ ਕੀਤੀ ਹੈ| 1954 ਵਿੱਚ ਸਨੇਹ ਲਤਾ ਸਾਨਿਆਲ ਦੁਆਰਾ ਬਾਂਦਰ ਦਾ ਪੰਜਾ ਨਾਟਕ ਬਾਲ ਨਾਟਕ ਉਤਸਵ ਵਿੱਚ ਖੇਡਿਆ ਗਿਆ ਜਿਸ ਨੂੰ ਪਹਿਲਾ ਇਨਾਮ ਮਿਲਿਆ| ਆਤਮਜੀਤ ਦਾ ਬਾਲ ਨਾਟਕ ਗੁਬਾਰੇ ਅਤੇ ਪਾਲੀ ਭੁਪਿੰਦਰ ਦਾ ਸਿਰਜਨਾ ਬਾਲ ਮਨ ਦੀ ਤਰਜਮਾਨੀ ਕਰਨ ਵਿੱਚ ਸਫ਼ਲ ਬਾਲ ਨਾਟਕ ਰਚਨਾਵਾਂ ਹਨ| ਨਾਟ-ਵਸਤ ਦੇ ਨਾਲ ਨਾਲ ਨਾਟ-ਵਿਧੀ ਪਖੋਂ ਵੀ ਬਾਲ ਨਾਟਕ ਨੇ ਵੱਖ ਵੱਖ ਮੰਚੀ ਸ਼ੈਲੀਆਂ ਦੀ ਵਰਤੋਂ ਕੀਤੀ ਹੈ| ਸੁਤੰਤਰਤਾ ਪ੍ਰਾਪਤੀ ਮਗਰੋਂ ਬਾਲ ਰੰਗਮੰਚ ਨੇ ਵਿਆਪਕ ਰੂਪ ਵਿੱਚ ਵਿਕਾਸ ਕੀਤਾ ਹੈ| ਆਤਮਜੀਤ, ਚਰਨ ਦਾਸ ਸਿੱਧੂ, ਸਤੀਸ਼ ਵਰਮਾ, ਦੇਵਿੰਦਰ ਕੁਮਾਰ , ਕੁਲਦੀਪ ਸਿੰਘ ਦੀਪ, ਗੁਰਸ਼ਰਨ ਸਿੰਘ ਆਦਿ ਰੰਗਕਰਮੀਆਂ ਦੀ ਪੰਜਾਬੀ ਬਾਲ ਨਾਟਕ ਲਹਿਰ ਨੂੰ ਪ੍ਰਫ਼ੁੱਲਤ ਕਰਨ ਵਿੱਚ ਵਿਸ਼ੇਸ਼ ਦੇਣ ਹੈ| ਬੱਚਿਆਂ ਦੀ ਮਾਨਸਿਕਤਾ ਨੂੰ ਧਿਆਨ ਵਿੱਚ ਰੱਖਦਿਆਂ ਪੰਚਤੰਤਰ ਦੀਆਂ ਕਹਾਣੀਆਂ ਵਿੱਚੋਂ ਜਾਨਵਰ ਪਾਤਰਾਂ ਨੂੰ ਨਾਟਕ ਦਾ ਅੰਗ ਬਣਾ ਕੇ ਵੀ ਪੰਜਾਬੀ ਨਾਟਕਕਾਰਾਂ ਵਲੋ ਬਾਲ ਨਾਟਕ ਰਚਣ ਦੀਆਂ ਕਾਰਗਰ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ| ਸੰਤੋਸ਼ ਸਾਹਨੀ ਦੇ ਨਾਟਕ ਇਸ ਸੰਦਰਭ ਵਿੱਚ ਵਿਚਾਰਨ ਯੋਗ ਰਚਨਾਵਾਂ ਹਨ| ਪੰਜਾਬੀ ਗੰਰਮੰਚ ਦੇ ਖੇਤਰ ਵਿੱਚ ਹੋਈ ਤਰੱਕੀ ਦੇ ਨਾਲ ਨਾਲ ਪੰਜਾਬੀ ਬਾਲ ਰੰਗਮੰਚ ਵੀ ਦੇਸ਼ ਦੀ ਅਜ਼ਾਦੀ ਤੋਂ ਮਗਰੋਂ ਵਿਕਾਸ ਦੇ ਨਵੇਂ ਮਾਰਗ ਅਖਤਿਆਰ ਕਰਦਾ ਹੈ| ਵੱਖ ਵੱਖ ਨਾਟ ਮੰਡਲੀਆਂ ਦੇ ਪ੍ਰਤਿਬੱਧ ਰੰਗਕਰਮੀ ਬਾਲ ਰੰਗਮੰਚ ਦੀਆਂ ਪ੍ਰਦਰਸ਼ਨੀਆਂ ਕਰਨ ਵਲ ਰੁਚਿਤ ਹੁੰਦੇ ਹਨ| ਸੰਚਾਰ ਸਾਧਨਾਂ ਦੇ ਖੇਤਰ ਵਿੱਚ ਹੋਏ ਤੇਜ ਵਿਕਾਸ ਅਤੇ ਟੀ. ਵੀ.ਚੈਨਲਾਂ ਦੇ ਸਾਡੇ ਜੀਵਨ 'ਤੇ ਪਏ ਪ੍ਰਭਾਵ ਸਦਕਾ ਬਾਲ ਰੰਗਮੰਚ ਵੀ ਇਨ੍ਹਾਂ ਪ੍ਰਭਾਵਾਂ ਨੂੰ ਕਬੂਲਦਾ ਹੈ| ਮੁਢਲੇ ਦੌਰ ਵਿੱਚ ਰਚੇ ਗਏ ਪੰਜਾਬੀ ਨਾਟਕ ਨਾਲੋਂ ਇਸ ਦੌਰ ਵਿੱਚ ਰਚਿਆ ਜਾ ਰਿਹਾ ਬਾਲ ਨਾਟਕ ਨਿਸ਼ਚੇ ਹੀ ਮੰਚੀ ਸੰਭਾਵਨਾਵਾਂ ਨਾਲ ਵਧੇਰੇ ਭਰਪੂਰ ਹੈ ਕਿਉਂਕਿ ਇਨ੍ਹਾਂ ਦੇ ਪ੍ਰਦਰਸ਼ਨ ਲਈ ਹੁਣ ਮੰਚੀ ਮਾਹੌਲ ਮੌਜੂਦ ਹੈ| (ਸਹਾਇਕ ਗ੍ਰੰਥ - ਨਵਨਿੰਦਰਾ ਬਹਿਲ : ਨਾਟਕੀ ਸਾਹਿਤ; ਪਰਮਜੀਤ ਵਰਮਾ : ਪੰਜਾਬੀ ਬਾਲ ਨਾਟਕ : ਸਰਵੇਖਣ ਤੇ ਮੁਲਾਂਕਣ)

ਬਿਆਨੀਆ ਨਾਟ ਸ਼ੈਲੀ

Narration style

ਬਿਆਨੀਆ ਨਾਟ ਸ਼ੈਲੀ ਤੋਂ ਭਾਵ ਅਜਿਹੀ ਨਾਟ ਸ਼ੈਲੀ ਤੋਂ ਲਿਆ ਜਾਂਦਾ ਹੈ ਜਿਸ ਵਿੱਚ ਅਭਿਨੇਤਾ ਅਤੀਤ ਵਿੱਚ ਵਾਪਰੀਆਂ ਘਟਨਾਵਾਂ ਨੂੰ ਆਪਣੇ ਬਿਆਨ ਰਾਹੀਂ ਦਰਸ਼ਕਾਂ ਸਾਹਮਣੇ ਪ੍ਰਗਟ ਕਰਦਾ ਹੈ ਅਰਥਾਤ ਜਦੋਂ ਕੋਈ ਘਟਨਾ ਮੰਚ ਉੱਤੇ ਦਰਸ਼ਕਾਂ ਨੂੰ ਸਾਕਾਰ ਰੂਪ ਵਿੱਚ ਵਾਪਰਦੀ ਨਾ ਦਿਖਾਈ ਜਾਵੇ ਸਗੋਂ ਅਭਿਨੈ ਕਰ ਰਹੇ ਅਦਾਕਾਰ ਰਾਹੀਂ ਦਰਸ਼ਕਾਂ ਤੱਕ ਸੰਚਾਰ ਰੂਪ ਵਿੱਚ ਪਹੁੰਚੇ| ਨਾਟਕੀ ਕਥਾ ਨੂੰ ਉਸਾਰਨ ਦੀ ਇਸ ਵਿਧੀ ਦੀ ਵਰਤੋਂ ਬਹੁਤ ਸਾਰੇ ਨਾਟਕਕਾਰ ਆਪਣੇ ਨਾਟਕਾਂ ਵਿੱਚ ਕਰਦੇ ਹਨ| ਲੋਕ ਨਾਟਕ, ਸੁਆਂਗ, ਨੋਟੰਕੀ, ਨਕਲ ਆਦਿ ਵਿੱਚ ਇਸ ਸ਼ੈਲੀ ਦੀ ਵਰਤੋਂ ਆਮ ਕੀਤੀ ਜਾਂਦੀ ਸੀ| ਇਹ ਸ਼ੈਲੀ ਵਾਪਰ ਚੁੱਕੀ ਘਟਨਾ ਦਾ ਦਰਸ਼ਕ ਵਰਗ ਨੂੰ ਪੂਰੀ ਸ਼ਿੱਦਤ ਨਾਲ ਅਹਿਸਾਸ ਕਰਵਾਉਣ ਵਿੱਚ ਸਫ਼ਲ ਸਿੱਧ ਹੁੰਦੀ ਹੈ| ਸਾਂਗ ਲੋਕ ਨਾਟਕ ਇਤਿਹਾਸ ਮਿਥਿਹਾਸ ਤੇ ਕਲਪਨਾ ਨਾਲ ਸੰਬੰਧਤ ਕਹਾਣੀਆਂ 'ਤੇ ਆਧਾਰਤ ਲੋਕ ਨਾਟ ਹੈ| ਇਸ ਵਿੱਚ ਕੇਵਲ ਮਹੱਤਵਪੂਰਨ ਦ੍ਰਿਸ਼ਾਂ ਨੂੰ ਹੀ ਮੰਚ ਉੱਤੇ ਸਾਕਾਰ ਕੀਤਾ ਜਾਂਦਾ ਹੈ| ਸਮੁੱਚੇ ਦ੍ਰਿਸ਼ਾਂ ਦੀ ਪੇਸ਼ਕਾਰੀ ਸਮੇਂ ਦੀ ਸੀਮਾ ਕਾਰਨ ਸੰਭਵ ਨਹੀਂ ਹੁੰਦੀ ; ਕੇਵਲ ਅਜਿਹੀਆਂ ਘਟਨਾਵਾਂ ਦੀ ਪੇਸ਼ਕਾਰੀ ਹੀ ਮੰਚ ਉੱਤੇ ਕੀਤੀ ਜਾਂਦੀ ਹੈ ਜਿਹੜੀਆਂ ਨਾਟਕੀ ਮੌਕਿਆਂ ਨਾਲ ਭਰਪੂਰ ਹੁੰਦੀਆਂ ਹਨ| ਬਹੁਤੀਆਂ ਘਟਨਾਵਾਂ ਨੂੰ ਦਰਸ਼ਕਾਂ ਨਾਲ ਸਾਂਝਿਆਂ ਕਰਨ ਲਈ ਬਿਆਨ ਦੀ ਵਿਧੀ ਹੀ ਵਰਤੀ ਜਾਂਦੀ ਹੈ| ਰੰਗਾ, ਲੋਕ ਨਾਟਕ ਦਾ ਅਜਿਹਾ ਪਾਤਰ ਹੈ ਜਿਹੜਾ ਆਪਣੀ ਗੱਲਬਾਤ ਰਾਹੀਂ ਨਾਟਕੀ ਕਥਾ ਨੂੰ ਬੜੀ ਦੂਰ ਤੱਕ ਲੈ ਜਾਂਦਾ ਹੈ| ਇਉਂ ਕਲਪਨਾ ਦੀ ਵਿਧੀ ਰਾਹੀਂ ਦਰਸ਼ਕਾਂ ਨੂੰ ਨਾਟਕੀ ਕਥਾ ਦੇ ਵੇਰਵਿਆਂ ਨਾਲ ਜੋੜਿਆ ਜਾਂਦਾ ਹੈ| ਜੈਮਲ ਫੱਤਾ ਇੱਕ ਮਸ਼ਹੂਰ ਲੋਕ ਸਾਂਗ ਨਾਟਕ ਹੈ ਜਿਸ ਦੀ ਇੱਕ ਝਾਕੀ ਫ਼ਤਿਹ ਚੰਦ ਦੀ, ਦਿੱਲੀ ਦੇ ਦਰਬਾਰ ਵਿੱਚ ਅਕਬਰ ਬਾਦਸ਼ਾਹ ਨਾਲ ਹੋਈ ਗੱਲਬਾਤ ਨਾਲ ਸੰਬੰਧਤ ਹੈ| ਨਾਟਕ ਦੀ ਅਗਲੀ ਝਾਕੀ ਵਿੱਚ ਫ਼ਤਿਹ ਚੰਦ ਦਿੱਲੀ ਤੋਂ ਚਿਤੌੜਗੜ੍ਹ ਪਹੁੰਚ ਜਾਂਦਾ ਹੈ| ਫ਼ਤਿਹ ਚੰਦ ਦਾ ਅਕਬਰ ਦੇ ਦਰਬਾਰ ਤੋਂ ਨਿਕਲ ਕੇ ਸੈਂਕੜੇ ਮੀਲਾਂ ਦਾ ਰਸਤਾ ਪਾਰ ਕਰਕੇ ਚਿਤੌੜਗੜ੍ਹ ਪਹੁੰਚਣ ਦਾ ਦ੍ਰਿਸ਼ ਮੰਚ ਉੱਤੇ ਦਰਸ਼ਕਾਂ ਸਾਹਮਣੇ ਨਹੀਂ ਦਿਖਾਇਆ ਜਾਂਦਾ ਸਗੋਂ ਰੰਗੇ ਦੇ ਬਿਆਨ ਰਾਹੀਂ ਦਰਸ਼ਕਾਂ ਨੂੰ ਇਹ ਅਹਿਸਾਸ ਕਰਾਇਆ ਜਾਂਦਾ ਹੈ ਕਿ ਫ਼ਤਿਹ ਚੰਦ ਦਿੱਲੀ ਤੋਂ ਤੁਰ ਕੇ ਆਪਣੇ ਭਰਾ ਜੈਮਲ ਕੋਲ ਪਹੁੰਚ ਗਿਆ ਹੈ|
'ਫ਼ਤਿਹ ਚੰਦ ਗੁੱਸੇ ਵਿੱਚ ਆ ਕੇ ਉਸੇ ਵੇਲੇ ਦਰਬਾਰ ਵਿੱਚੋਂ ਬਾਹਰ ਨਿਕਲ ਜਾਂਦਾ ਹੈ ਅਤੇ ਆਪਣੀ ਤੇਜ਼ ਰਫ਼ਤਾਰ ਘੋੜੀ ਤੇ ਚੜ੍ਹ ਕੇ ਫੌਰਨ ਚਿਤੌੜਗੜ੍ਹ ਆਪਣੇ ਭਰਾ 'ਜੈਮਲ' ਪਾਸ ਪਹੁੰਚ ਜਾਂਦਾ ਹੈ| ਜੈਮਲ ਨੂੰ ਉਹ ਪੂਰਾ ਹਾਲ ਦੱਸਦਾ ਹੈ'' (ਅਜੀਤ ਸਿੰਘ ਔਲਖ, ਪੰਜਾਬੀ ਲੋਕ ਨਾਟ ਪਰੰਪਰਾ, ਪੰਨਾ 53)
ਪੂਰੀ ਝਾਕੀ ਮੰਚ ਉੱਤੇ ਪੇਸ਼ ਨਾ ਹੋ ਕੇ ਸਗੋਂ ਰੰਗੇ ਦੇ ਬਿਆਨ ਰਾਹੀਂ ਦਰਸ਼ਕਾਂ ਤੱਕ ਪਹੁੰਚ ਰਹੀ ਹੈ| ਇਉਂ ਅਜਿਹੀਆਂ ਝਾਕੀਆਂ ਜਿਹੜੀਆਂ ਮੰਚ ਉੱਤੇ ਪੇਸ਼ ਨਹੀਂ ਹੋ ਸਕਦੀਆਂ ਬਿਆਨੀਆ ਸ਼ੈਲੀ ਰਾਹੀਂ ਉਨ੍ਹਾਂ ਦਾ ਵਰਣਨ ਕੀਤਾ ਜਾਂਦਾ ਹੈ| ਦਰਸ਼ਕ ਅਜਿਹੇ ਬਿਆਨ ਰਾਹੀਂ ਮੰਚੀ ਕਾਰਜ ਨੂੰ ਅੱਖਾਂ ਸਾਹਮਣੇ ਵਾਪਰਦਾ ਮਹਿਸੂਸ ਕਰਦਾ ਹੈ| ਬਲਵੰਤ ਗਾਰਗੀ ਇਸ ਸ਼ੈਲੀ ਦੀ ਵਰਤੋਂ ਕਰਨ ਵਿੱਚ ਹੁਨਰੀ ਪ੍ਰਤਿਭਾ ਰੱਖਦਾ ਹੈ| ਕਣਕ ਦੀ ਬੱਲੀ ਨਾਟਕ ਵਿੱਚ ਬਚਨੇ ਦੀ ਮੌਤ ਦਾ ਦ੍ਰਿਸ਼ ਉਹਦੀ ਮਾਂ ਨਿਹਾਲੀ ਰਾਹੀਂ ਬਿਆਨੀਆ ਸ਼ੈਲੀ ਵਿੱਚ ਸਾਕਾਰ ਹੁੰਦਾ ਹੈ :
ਨਿਹਾਲੀ :- ਉਹਨਾਂ ਉਸ ਨੂੰ ਮਾਰ ਦਿੱਤਾ| ਨੀਲੀ ਰਾਤ ਵਿੱਚ ਉਹਨਾਂ ਦੀਆਂ ਛਵੀਆਂ ਚਮਕੀਆਂ| ਉਸ ਦੀ ਛਾਤੀ ਵਿੱਚੋਂ ਲਹੂ ਦੀਆਂ ਧਾਰਾਂ ਫੁੱਟ ਵਗੀਆਂ| ਚਾਨਣੀ ਵਿੱਚ ਉਸ ਦਾ ਲਹੂ ਸਾਵਾ ਸਾਵਾ ਲਗਦਾ ਸੀ| ਉਸ ਦੀ ਪੱਗ ਦਾ ਲੜ ਗਰਮ ਲਹੂ ਵਿੱਚ ਭਿੱਜ ਗਿਆ ਸੀ| (ਬਲਵੰਤ ਗਾਰਗੀ ਦੇ ਨਾਟਕ, ਪੰਨਾ 179) ਤਾਰੋ ਦੀ ਮਾਂ ਦੀ ਮੌਤ ਦਾ ਵਰਣਨ ਵੀ ਇਸੇ ਸ਼ੈਲੀ ਰਾਹੀਂ ਰੂਪਮਾਨ ਹੁੰਦਾ ਹੈ| ਤਾਰੋ : - ਉਸ ਵੇਲੇ ਮੈਂ ਬਹੁਤ ਛੋਟੀ ਸਾਂ| ਲੋਕ ਆਖਦੇ ਨੇ ਜਦੋਂ ਉਹ ਘਰੋਂ ਗਈ ਤਾਂ ਮੀਂਹ ਪੈ ਰਿਹਾ ਸੀ| ਬਰਖਾ ਵਿੱਚ ਮੇਰੀ ਮਾਂ ਇੱਕ ਰੁੱਖ ਹੇਠ ਖਲੋ ਗਈ ਬਿਜਲੀ ਡਿੱਗੀ ਤੇ ਰੁੱਖ ਨੂੰ ਪਾੜ ਕੇ Tਸਨੂੰ ਡੱਸ ਗਈ ਤੇ ਉਹ ਮਰ ਗਈ| (ਬਲਵੰਤ ਗਾਰਗੀ ਦੇ ਨਾਟਕ, ਕਣਕ ਦੀ ਬੱਲੀ, ਪੰਨਾ 140)
ਤਾਰੋ : - ਉਸ ਵੇਲੇ ਮੈਂ ਬਹੁਤ ਛੋਟੀ ਸਾਂ| ਲੋਕ ਆਖਦੇ ਨੇ ਜਦੋਂ ਉਹ ਘਰੋਂ ਗਈ ਤਾਂ ਮੀਂਹ ਪੈ ਰਿਹਾ ਸੀ| ਬਰਖਾ ਵਿੱਚ ਮੇਰੀ ਮਾਂ ਇੱਕ ਰੁੱਖ ਹੇਠ ਖਲੋ ਗਈ ਬਿਜਲੀ ਡਿੱਗੀ ਤੇ ਰੁੱਖ ਨੂੰ ਪਾੜ ਕੇ ਉਸਨੂੰ ਡੱਸ ਗਈ ਤੇ ਉਹ ਮਰ ਗਈ| (ਬਲਵੰਤ ਗਾਰਗੀ ਦੇ ਨਾਟਕ, ਕਣਕ ਦੀ ਬੱਲੀ, ਪੰਨਾ 140)
ਬਰੈਖ਼ਤ ਦੀ ਮਹਾਂ ਨਾਟ ਪਰੰਪਰਾ ਨਾਲ ਬਿਆਨੀਆ ਸ਼ੈਲੀ ਦਾ ਮਹੱਤਵ ਹੋਰ ਵੀ ਵਧਿਆ ਹੈ| ਸਿੱਖ ਗੁਰੂ ਸਾਹਿਬਾਨਾਂ ਦੇ ਜੀਵਨ ਆਦਰਸ਼ਾਂ ਨੂੰ ਲੈ ਕੇ ਲਿਖੇ ਗਏ ਨਾਟਕਾਂ ਵਿੱਚ ਵੀ ਬਿਆਨੀਆ ਸ਼ੈਲੀ ਦੀ ਵਰਤੋਂ ਕੀਤੀ ਮਿਲਦੀ ਹੈ ਕਿਉਂਕਿ ਸਿੱਖ ਮੱਤ ਅਨੁਸਾਰ ਗੁਰੂ ਸਾਹਿਬਾਨ ਨੂੰ ਸਾਖਸ਼ਾਤ ਰੂਪ ਵਿੱਚ ਮੰਚ ਤੋਂ ਦਿਖਾਉਣਾ ਵਰਜਿਤ ਹੈ ਇਸ ਲਈ ਉਨ੍ਹਾਂ ਦੇ ਉਪਦੇਸ਼ ਅਤੇ ਜੀਵਲ ਬਿਰਤਾਂਤ ਨੂੰ ਦਰਸ਼ਕਾਂ ਤੱਕ ਪੁਚਾਉਣ ਦਾ ਮਾਧਿਅਮ ਬਿਆਨ ਦੀ ਵਿਧੀ ਹੀ ਸੀ| ਸ਼ਤਾਬਦੀ ਨਾਟਕਾਂ ਦੀ ਰਚਨਾ ਹੋਣ ਨਾਲ ਇਸ ਸ਼ੈਲੀ ਨੂੰ ਹੋਰ ਵੀ ਜਿਆਦਾ ਬਲ ਮਿਲਿਆ| ਬਲਵੰਤ ਗਾਰਗੀ ਦੇ ਨਾਟਕ ਗਗਨ ਮੈ ਥਾਲ ਵਿੱਚ ਗੁਰੂ ਨਾਨਕ ਦੀ ਸ਼ਕਤੀ ਤੇ ਪ੍ਰਾਕਰਮ ਨੂੰ ਗਾਰਗੀ ਨੇ ਮਰਦਾਨੇ ਰਾਹੀਂ ਇਉਂ ਬਿਆਨ ਕੀਤਾ ਹੈ|
ਮਰਦਾਨਾ : - ਬਹੁਤ ਕਹਿਰ ਦੇਖਿਆ, ਯੁਗ ਪਲਟਦੇ ਤੇ ਰਾਜ ਬਦਲਦੇ ਦੇਖੇ| ਬਹੁਤ ਤਬਾਹੀ ਵੇਖੀ ਪਰ ਗੁਰੂ ਦੇ ਸ਼ਬਦਾਂ ਨੇ ਮੈਨੂੰ ਸ਼ਕਤੀ ਦਿੱਤੀ ਜਦ ਮੇਰੇ ਗੁਰੂ ਨੂੰ ਫੜ੍ਹ ਕੇ ਲੈ ਗਏ ਤਾਂ ਉਸ ਨੂੰ ਚੱਕੀ ਪੀਹਣ ਲਾ ਦਿੱਤਾ| ਤਾਂ ਉਸ ਦੀ ਬਾਣੀ ਹਰ ਕੋਠੜੀ ਵਿੱਚ ਗੂੰਜੀ ਤੇ ਹਰ ਕੋਠੜੀ ਨੂਰ ਨਾਲ ਭਰ ਗਈ| (ਬਲਵੰਤ ਗਾਰਗੀ ਦੇ ਨਾਟਕ, ਗਗਨ ਮੈ ਥਾਲ, ਪੰਨਾ 226)
ਇਸੇ ਨਾਟਕ ਵਿੱਚ ਤ੍ਰਿਪਤਾ ਦੇ ਮੂੰਹੋਂ ਉਚਾਰੇ ਸੰਵਾਦ ਬਾਬੇ ਨਾਨਕ ਦੀ ਸ਼ਖਸੀਅਤ ਨੂੰ ਬਿਆਨੀਆ ਸ਼ੈਲੀ ਵਿੱਚ ਉਜਾਗਰ ਕਰਦੇ ਹਨ|
ਤ੍ਰਿਪਤਾ : - ਜਦੋਂ ਉਹ ਮੇਰੀ ਕੁੱਖ ਵਿੱਚ ਸੀ ਤਾਂ ਮੈਨੂੰ ਇਵੇਂ ਲਗਦਾ ਜਿਵੇਂ ਦੂਧਾ ਚਾਨਣੀ ਰਾਤੀਂ ਟੋਭੇ ਵਿੱਚੋਂ ਉਤਰ ਆਈ ਹੋਵੇ| ਜਿਵੇ ਅੰਬਰ ਦੇ ਸਾਰੇ ਤਾਰੇ ਮੇਰੀ ਬੁੱਕਲ ਵਿੱਚ ਆ ਡਿੱਗੇ ਹੋਣ| ਚੇਤਰ ਦੀ ਰੁੱਤ ਮੇਰੀ ਅੰਦਰ ਝੂਲਦੀ ਸੀ (ਉਹੀ, ਪੰਨਾ 191) (ਸਹਾਇਕ ਗ੍ਰੰਥ - ਅਜੀਤ ਸਿੰਘ ਔਲਖ : ਪੰਜਾਬੀ ਲੋਕ ਨਾਟ ਪਰੰਪਰਾ; ਬਲਵੰਤ ਗਾਰਗੀ : ਬਲਵੰਤ ਗਾਰਗੀ ਦੇ ਨਾਟਕ)

ਬਿਗਲਾ

Traditional character of folk Punjabi theatre

ਬਿਗਲਾ, ਪੰਜਾਬੀ ਲੋਕ-ਨਾਟ ਰੂਪ ਨਕਲ ਦਾ ਬੜਾ ਮਹੱਤਵਪੂਰਨ ਪਾਤਰ ਹੈ| ਨਕਲ ਦੀ ਪੇਸ਼ਕਾਰੀ ਦੌਰਾਨ ਦਰਸ਼ਕਾਂ ਦਾ ਸਭ ਤੋਂ ਵਧੇਰੇ ਧਿਆਨ ਖਿੱਚਣ ਵਾਲਾ ਪਾਤਰ ਬਿਗਲਾ ਹੀ ਹੁੰਦਾ ਹੈ| ਰੰਗਾ ਗੱਲ ਨੂੰ ਅੱਗੇ ਵਧਾਉਂਦਾ ਹੈ, ਬਿਗਲਾ ਇੱਕੋ ਸ਼ਬਦ ਨਾਲ ਸਭ ਕੁਝ ਖਤਮ ਕਰ ਦੇਂਦਾ ਹੈ| ਬਿਗਲੇ ਦੇ ਪਿੜ ਵਿੱਚ ਉਤਰਨ ਨਾਲ ਹੀ ਦਰਸ਼ਕ ਉਹਦੀ ਦਿਖ ਦੇਖ ਕੇ ਹੱਸਣ ਲੱਗ ਪੈਂਦੇ ਹਨ| ਮੈਦਾਨ ਵਿੱਚ ਆਉਣ ਵੇਲੇ ਉਹ ਆਪਣੀ ਕਮੀਜ ਉਤਾਰ ਦੇਂਦਾ ਹੈ ਤੇ ਜਿਉਂ ਹੀ ਉਹ ਲੰਗੋਟੀ ਕੱਸ ਕੇ ਦਰਸ਼ਕਾਂ ਦੇ ਸਾਹਮਣੇ ਆਉਂਦਾ ਹੈ ਤਾਂ ਦਰਸ਼ਕ ਬੜੇ ਚਾਅ ਤੇ ਉਤਾਵਲੇਪਣ ਨਾਲ ਇਸ ਗੱਲ ਦਾ ਇੰਤਜ਼ਾਰ ਕਰ ਰਹੇ ਹੁੰਦੇ ਹਨ ਕਿ ਉਹ ਆਪਣੀ ਗੱਲਬਾਤ ਨਾਲ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇਗਾ| ਬਿਗਲੇ ਨੂੰ ਲੰਗੋਟੀ ਪਹਿਨਣ ਦੀ ਸਹੀ ਸੂਝ ਹੋਣੀ ਚਾਹੀਦੀ ਹੈ| ਬਿਗਲੇ ਦੀ ਭੂਮਿਕਾ ਨਿਭਾਉਣੀ ਹਰੇਕ ਵਿਅਕਤੀ ਦੇ ਵੱਸ ਦੀ ਗੱਲ ਨਹੀਂ ਹੁੰਦੀ| ਬਿਗਲਾ ਬਣਨ ਲਈ ਬੜੀ ਸਖਤ ਮਿਹਨਤ ਕਰਨੀ ਪੈਂਦੀ ਹੈ| ਨਕਲਾਂ ਦੀ ਅਹਿਮੀਅਤ ਬਿਗਲੇ ਕਾਰਨ ਹੀ ਪਛਾਣੀ ਜਾਂਦੀ ਹੈ| ਬਿਗਲੇ ਨੂੰ ਸਮਾਜ ਵਿੱਚ ਬੜੀ ਇੱਜ਼ਤ ਦੀ ਨਿਗਾਹ ਨਾਲ ਦੇਖਿਆ ਜਾਂਦਾ ਹੈ| ਨਕਲ ਦੀ ਪੇਸ਼ਕਾਰੀ ਦੌਰਾਨ ਬਿਗਲਾ ਰੰਗੇ ਦੀ ਮਾਰ ਨੂੰ ਸਹਿੰਦਾ ਹੈ ਪਰ ਬਿਗਲਾ ਰੰਗੇ ਦੇ ਚਮੋਟਿਆਂ ਦਾ ਬਿਲਕੁਲ ਗੁੱਸਾ ਨਹੀਂ ਕਰਦਾ| ਵਧੀਆ ਬਿਗਲੇ ਦੀ ਪਛਾਣ ਇਸੇ ਗੱਲ ਵਿੱਚ ਨਿਹਿਤ ਹੁੰਦੀ ਹੈ ਕਿ ਉਹ ਰੰਗੇ ਵਲੋਂ ਉਸਾਰੀ ਗਈ ਗੱਲਬਾਤ ਨੂੰ ਇੱਕ ਸ਼ਬਦ ਨਾਲ ਢਹਿਢੇਰੀ ਕਰ ਦੇਵੇ ਤੇ ਰੰਗੇ ਦੇ ਗੁੱਸੇ ਦਾ ਜ਼ਰਾ ਵੀ ਵਿਰੋਧ ਨਾ ਕਰੇ| ਦਰਸ਼ਕਾਂ ਨੂੰ ਹਸਾਉਣ ਵਿੱਚ ਪੂਰਾ ਜ਼ੋਰ ਲਾਵੇ ਪਰ ਆਪ ਹੱਸਣ ਤੋਂ ਗੁਰੇਜ਼ ਕਰੇ| (ਸਹਾਇਕ ਗ੍ਰੰਥ - ਅਜੀਤ ਸਿੰਘ ਔਲਖ : ਪੰਜਾਬੀ ਲੋਕ ਨਾਟ ਪਰੰਪਰਾ)

ਬਿਦੇਸੀਆ

Folk theatre of Bhojpur

ਇਸ ਲੋਕ ਨਾਟ ਦਾ ਰਚੈਤਾ ਭਿਖਾਰੀ ਠਾਕੁਰ ਨੂੰ ਮੰਨਿਆ ਜਾਂਦਾ ਹੈ| ਹਿੰਦੁਸਤਾਨ ਦੇ ਹਰੇਕ ਖਿੱਤੇ ਤੱਕ ਇਸ ਲੋਕ-ਨਾਟਕ ਨੂੰ ਪਹੁੰਚਾਉਣ ਵਿੱਚ ਭਿਖਾਰੀ ਠਾਕੁਰ ਦੀ ਦੇਣ ਬਾਰੇ ਕੋਈ ਦੋ ਰਾਵਾਂ ਨਹੀਂ| ਬਿਹਾਰ ਦੇ ਲੋਕਾਂ ਦਾ ਰੁਜ਼ਗਾਰ ਪ੍ਰਾਪਤੀ ਲਈ ਦੂਜੇ ਪ੍ਰਾਂਤਾਂ ਵਿੱਚ ਜਾਣਾ, ਪਿੱਛੋਂ ਪਰਿਵਾਰ ਨੂੰ ਪੇਸ਼ ਆਉਣ ਵਾਲੀ ਸਮੱਸਿਆਵਾਂ, ਉਨ੍ਹਾਂ ਦੇ ਭਾਵੁਕ ਅਤੇ ਮਾਨਸਿਕ ਸੰਕਟ ਨੂੰ ਭਿਖਾਰੀ ਠਾਕੁਰ ਨੇ ਜਿਸ ਨਾਟਕ ਰਾਹੀਂ ਪੇਸ਼ ਕੀਤਾ ਉਸ ਨੂੰ ਬਿਦੇਸੀਆ ਨਾਂ ਦਿੱਤਾ ਗਿਆ| ਇਸ ਨਾਟਕ ਦੀ ਜਨ ਸਾਧਾਰਨ ਵਿੱਚ ਐਨੀ ਹਰਮਨ ਪਿਆਰਤਾ ਹੋਈ ਕਿ ਭਿਖਾਰੀ ਠਾਕੁਰ ਵਲੋਂ ਲਿਖੇ ਗਏ ਦੂਜੇ ਸਰੋਕਾਰਾਂ ਨਾਲ ਸੰਬੰਧਤ ਨਾਟਕਾਂ ਨੂੰ ਵੀ ਬਿਦੇਸੀਆ ਕਿਹਾ ਜਾਣ ਲੱਗ ਪਿਆ| ਹੌਲੀ ਹੌਲੀ ਭੋਜਪੁਰੀ ਇਲਾਕੇ ਵਿੱਚ ਲਿਖੇ ਜਾਣ ਵਾਲੇ ਹਰੇਕ ਤਰ੍ਹਾਂ ਦੇ ਨਾਟਕ ਨੂੰ ਹੀ ਬਿਦੇਸੀਆ ਨਾਟ ਸ਼ੈਲੀ ਦੇ ਨਾਂ ਨਾਲ ਜਾਣਿਆ ਜਾਣ ਲੱਗਾ| ਇਸ ਨਾਟਕ ਦਾ ਪ੍ਰੇਰਨਾ ਸ੍ਰੋਤ 'ਭਰਮਰ ਗੀਤ' ਹੈ| ਨੌਟੰਕੀ ਨਾਟਕ ਵਾਂਗ ਬਿਦੇਸੀਆ ਵਿੱਚ ਨਾਚ ਦੀ ਪ੍ਰਮੁੱਖਤਾ ਨਹੀਂ ਹੁੰਦੀ| ਇਸ ਵਿੱਚ ਉੱਤੇਜਿਤ ਕਰਨ ਵਾਲੇ ਅੰਸ਼ ਵੀ ਨਹੀਂ ਹੁੰਦੇ| ਅਭਿਨੈ ਨਾਲੋਂ ਗਾਇਨ ਤੱਤਾਂ ਦੀ ਪ੍ਰਧਾਨਤਾ ਹੁੰਦੀ ਹੈ| ਇਸ ਨਾਟ ਰੂਪ ਵਿੱਚ ਕਾਵਿਕਤਾ ਦੀ ਬਹੁਲਤਾ ਹੁੰਦੀ ਹੈ| ਇਸ ਦੀ ਕਲਾਤਮਕਤਾ ਇਸ ਦੀ ਗਾਇਨ ਕਲਾ ਵਿੱਚ ਹੁੰਦੀ ਹੈ| ਇਸ ਦੀ ਪੇਸ਼ਕਾਰੀ ਵਿੱਚ ਰੰਗਾਂ ਦੀ ਵਰਤੋਂ ਕੀਤੀ ਜਾਂਦੀ ਹੈ| ਸਾਜ਼ਾਂ ਦੇ ਵਜਾਉਣ ਨਾਲ ਨਾਟਕੀ ਕਥਾਨਕ ਅੱਗੇ ਵਧਦਾ ਹੈ| ਨਵੇਂ ਅਦਾਕਾਰ ਦੀ ਆਮਦ ਦੀ ਸੂਚਨਾ ਤੇ ਦ੍ਰਿਸ਼ ਬਦਲੀ ਦੀ ਸੂਚਨਾ ਦਾ ਮਾਧਿਅਮ ਗੀਤਾਂ ਰਾਹੀਂ ਰੂਪਮਾਨ ਹੁੰਦਾ ਹੈ| ਅਦਾਕਾਰੀ ਦੇ ਦੌਰਾਨ ਰਾਮ ਸਿਮਰਨ ਦਾ ਪ੍ਰਚਲਨ ਵੀ ਨਾਲੋ ਨਾਲ ਚੱਲਦਾ ਰਹਿੰਦਾ ਹੈ| ਇਉਂ ਅਨੁਸ਼ਠਾਨਕ ਅੰਸ਼ ਵੀ ਇਸ ਨਾਟ-ਰੂਪ ਵਿੱਚੋ ਸਮੋਏ ਹੋਏ ਹਨ| ਬਿਦੇਸੀਆ ਦੀ ਮੁੱਖ ਸੁਰ ਸਮਾਜ ਸੁਧਾਰ ਦੀ ਰੁਚੀ ਨਾਲ ਭਰਪੂਰ ਹੈ| ਇਹ ਨਾਟਕ ਜਿੱਥੇ ਆਪਣੇ ਇਲਾਕੇ ਦੇ ਰਸਮਾਂ ਰਿਵਾਜਾਂ ਨੂੰ ਪੇਸ਼ ਕਰਦਾ ਹੈ ਉੱਥੇ ਭੋਜਪੁਰੀ ਸ਼ਬਦਾਵਲੀ ਦੀ ਹੂ-ਬ-ਹੂ ਵਰਤੋਂ ਨਾਟਕ ਨੂੰ ਵੱਖਰੀ ਦਿੱਖ ਪ੍ਰਦਾਨ ਕਰਦੀ ਹੈ| ਸ਼ਬਦਾਂ ਦੀ ਅਜਿਹੀ ਠੁਕਵੀਂ ਵਰਤੋਂ ਕਰਕੇ ਹੀ ਅੱਜ ਵੀ ਬਿਦੇਸੀਆ ਨਾਟ ਸ਼ੈਲੀ ਦੀ ਅਲੌਕਿਕਤਾ ਦੀ ਨਿਵੇਕਲੀ ਨੁਹਾਰ ਦਿਖਾਈ ਦਿੰਦੀ ਹੈ| ਅਜੋਕੇ ਸਮੇਂ ਵਿੱਚ ਕਈ ਨਿਰਦੇਸ਼ਕਾਂ ਨੇ ਇਸ ਨਾਟ-ਰੂਪ ਨੂੰ ਨਵੇਂ ਪ੍ਰਯੋਗਾਂ ਅਤੇ ਨਵੇਂ ਸੰਦਰਭਾਂ ਵਿੱਚ ਵਿਆਪਕਤਾ ਪ੍ਰਦਾਨ ਕਰਨ ਦੀ ਕੋਸ਼ਿਸ਼ ਕੀਤੀ ਹੈ| ਸਿੱਟੇ ਵਜੋਂ ਬਿਦੇਸੀਆ ਇੱਕ ਨਵੀਂ ਨਾਟ ਸ਼ੈਲੀ ਦੇ ਰੂਪ ਵਿੱਚ ਵਿਕਸਿਤ ਹੋਈ ਹੈ (ਸਹਾਇਕ ਗ੍ਰੰਥ - ਸਤਨਾਮ ਸਿੰਘ ਜੱਸਲ, 'ਬਿਦੇਸੀਆ', ਖੋਜ ਪਤ੍ਰਿਕਾ ਲੋਕ ਨਾਟ ਸ਼ੈਲੀਆਂ ਵਿਸ਼ੇਸ਼ ਅੰਕ)

ਭਗਤ

Folk theatre

ਭਗਤ, ਲੋਕ ਨਾਟਕ ਦਾ ਇੱਕ ਅਜਿਹਾ ਰੂਪ ਹੈ ਜਿਸਦੀ ਨੌਟੰਕੀ ਨਾਲ ਵੱਡੀ ਪੱਧਰ 'ਤੇ ਸਾਂਝ ਹੁੰਦੀ ਹੈ ਪਰ ਕਈ ਪੱਖਾਂ ਵਿੱਚ ਇਸ ਦੇ ਨਿਵੇਕਲੇ ਲੱਛਣ ਵੀ ਹਨ| ਇਸ ਦਾ ਵਿਸ਼ਾ ਧਾਰਮਕ ਰੁਚੀਆਂ ਨਾਲ ਸੰਬੰਧਤ ਹੁੰਦਾ ਹੈ| ਇਸ ਦੀ ਪੇਸ਼ਕਾਰੀ ਦਾ ਮੁੱਖ ਉਦੇਸ਼ ਸਮਾਜ ਵਿੱਚ ਧਰਮ ਦੇ ਆਧਾਰ 'ਤੇ ਪੈਦਾ ਹੋਈਆਂ ਕੁਰੀਤੀਆਂ ਨੂੰ ਦੂਰ ਕਰਨਾ ਹੁੰਦਾ ਹੈ| ਭਗਤ ਦੀ ਪੇਸ਼ਕਾਰੀ ਵੇਲੇ ਧਾਰਮਕ ਰੀਤੀ ਰਿਵਾਜ਼ਾਂ ਨੂੰ ਉਚੇਚੇ ਤੌਰ 'ਤੇ ਨਿਭਾਇਆ ਜਾਂਦਾ ਹੈ| ਮੰਚ ਸਥਾਪਤੀ ਵੇਲੇ ਹੀ ਮੰਤਰਾਂ ਦਾ ਉਚਾਰਨ ਕੀਤਾ ਜਾਂਦਾ ਹੈ| ਨਾਟਕ ਦਾ ਅਰੰਭ ਜੋਤ ਜਗਾਉਣ ਦੀ ਰਸਮ ਨਾਲ ਹੁੰਦਾ ਹੈ| ਪੂਰੀ ਪੇਸ਼ਕਾਰੀ ਦੌਰਾਨ ਜੋਤ ਜਗਦੀ ਰਹਿੰਦੀ ਹੈ| ਪ੍ਰਦਰਸ਼ਨੀ ਦੀ ਸਮਾਪਤੀ ਵੇਲੇ ਜੋਤ ਨੂੰ ਵੱਡੇ ਕੀਤੇ ਜਾਣ ਦਾ ਵਿਧਾਨ ਹੈ| ਪੇਸ਼ਕਾਰੀ ਦੌਰਾਨ ਕਈ ਤਰ੍ਹਾਂ ਦੇ ਨਾਟਕੀ ਸਾਜ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ| ਤਬਲਾ ਤੇ ਹਾਰਮੋਨੀਅਮ ਸਾਜ਼ਾਂ ਦੀ ਵਰਤੋਂ ਕਰਨ ਦਾ ਰੁਝਾਨ ਆਮ ਤੌਰ 'ਤੇ ਵਧੇਰੇ ਹੈ| ਇਸ ਦੀ ਮੰਚ ਜੜਤ ਵੀ ਨਿਵੇਕਲੇ ਢੰਗ ਨਾਲ ਕੀਤੀ ਜਾਂਦੀ ਹੈ | ਕਈ ਵਾਰ ਦੋ ਮੰਜਲੀ ਮੰਚ ਦਾ ਨਿਰਮਾਣ ਕੀਤਾ ਜਾਂਦਾ ਹੈ| ਮੰਚ ਦੇ ਤਿੰਨ ਹਿੱਸਿਆਂ ਵਿੱਚ ਦਰਸ਼ਕ ਬੈਠਦੇ ਹਨ| ਚੌਥੇ ਪਾਸੇ ਅਦਾਕਾਰਾਂ ਦੇ ਤਿਆਰ ਹੋਣ ਲਈ ਕਮਰਾ ਹੁੰਦਾ ਹੈ| ਪ੍ਰਦਰਸ਼ਨੀ ਦਾ ਮੁੱਖ ਕਾਰਜ ਖਲੀਫ਼ੇ ਦੁਆਰਾ ਨਿਭਾਇਆ ਜਾਂਦਾ ਹੈ| ਖਲੀਫ਼ਾ ਨਾਟਕੀ ਕਥਾ ਬਾਰੇ ਦਰਸ਼ਕਾਂ ਨੂੰ ਜਾਣਕਾਰੀ ਦੇਂਦਾ ਹੈ| ਸਮੁੱਚੇ ਸੰਚਾਲਨ ਨੂੰ ਨਿਭਾਉਣ ਦੀ ਜ਼ਿੰਮੇਵਾਰੀ ਵੀ ਖਲੀਫ਼ੇ ਦੁਆਰਾ ਨਿਭਾਈ ਜਾਂਦੀ ਹੈ| (ਸਹਾਇਕ ਗ੍ਰੰਥ - ਖੋਜ ਪਤ੍ਰਿਕਾ : ਲੋਕ ਨਾਟ ਸ਼ੈਲੀਆਂ ਵਿਸ਼ੇਸ਼ ਅੰਕ (ਸੰਪਾ. ਅੰਮ੍ਰਿਤਪਾਲ ਕੌਰ ਅਤੇ ਰਜਿੰਦਰ ਲਹਿਰੀ))


logo