logo
भारतवाणी
bharatavani  
logo
Knowledge through Indian Languages
Bharatavani

Punjabi Encyclopaedic Dictionary of Theatre (Punjabi-English)

ਵਕ੍ਰੋਕਤੀ

(Equivoque)

ਨਾਟਕ ਵਿੱਚ ਵਕ੍ਰੋਕਤੀ ਦਾ ਸੰਬੰਧ ਭਾਸ਼ਾ ਦੀ ਵਰਤੋਂ ਨਾਲ ਸੰਬੰਧਤ ਹੁੰਦਾ ਹੈ| ਆਚਾਰੀਆ ਕੁੰਤਕ ਨੇ ਵਚਿੱਤਰ ਤੇ ਅਦਭੁੱਤ ਵਰਨਣ ਸ਼ੈਲੀ ਨੂੰ ਵਕ੍ਰੋਕਤੀ ਕਿਹਾ ਹੈ| ਰਵਾਇਤੀ ਅੰਦਾਜ਼ ਤੋਂ ਹਟ ਕੇ ਬਿਆਨ ਕਰਨ ਦਾ ਇਹ ਅਜਿਹਾ ਢੰਗ ਹੈ ਜਿਸ ਵਿੱਚੋਂ ਵਿਅੰਗ ਦਾ ਸੁਹਜ ਉਭਰਦਾ ਹੋਵੇ| ਵਕ੍ਰੋਕਤੀ ਦੇ ਤਿੰਨ ਲੱਛਣ ਸਵੀਕਾਰੇ ਗਏ ਹਨ| ਇਹ ਸ਼ੈਲੀ ਪਰੰਪਰਕ ਸ਼ੈਲੀ ਤੋਂ ਬਿਲਕੁਲ ਵੱਖਰੀ ਹੁੰਦੀ ਹੈ| ਲੇਖਕ/ ਨਾਟਕਕਾਰ ਵਿਸ਼ੇਸ਼ ਪ੍ਰਤਿਭਾ ਦੇ ਤਹਿਤ ਹੀ ਇਸ ਦੀ ਵਰਤੋਂ ਕਰਨ ਦੇ ਸਮਰੱਥ ਹੁੰਦਾ ਹੈ| ਵਕ੍ਰੋਕਤੀ ਦੇ ਸ਼ਾਬਦਿਕ ਅਰਥ ਟੇਢੇ ਅਤੇ ਵਿੰਗੇ ਦੇ ਪ੍ਰਸੰਗ ਵਿੱਚ ਕੀਤੇ ਜਾਂਦੇ ਹਨ| ਵ੍ਰਕ+ਉਕਤੀ ਅਰਥਾਤ ਟੇਢੀ ਗੱਲ ਜਿਸ ਵਿੱਚ ਕੋਈ ਰਮਜ਼ ਹੋਵੇ| ਜਦੋਂ ਭਾਸ਼ਾ ਦੇ ਸਤਹੀ ਪੱਧਰ 'ਤੇ ਨਜ਼ਰ ਆਉਂਦੇ ਅਰਥਾਂ ਤੋਂ ਵਿਪਰੀਤ ਗੁੱਝੇ ਅਰਥ ਨਜ਼ਰ ਆਉਂਦੇ ਹੋਣ ਤਾਂ ਉਸ ਨੂੰ ਵਕ੍ਰੋਕਤੀ ਕਿਹਾ ਜਾਂਦਾ ਹੈ| ਨਾਟਕਕਾਰ ਆਪਣੇ ਵਿਚਾਰਾਂ ਤੇ ਭਾਵਾਂ ਨੂੰ ਪ੍ਰਗਟਾਉਣ ਲਈ ਇਸ ਭਾਸ਼ਾ ਦੀ ਵਰਤੋਂ ਕਰਦਾ ਹੈ| ਇਸ ਸਧਾਰਨ ਭਾਸ਼ਾ ਜਾਂ ਬੋਲੀ ਨੂੰ ਜਦੋਂ ਲੇਖਕ ਨਜ਼ਰ ਆਉਂਦੇ ਅਰਥਾਂ ਦੇ ਵਿਪਰੀਤ ਵਿਲੱਖਣ ਸੰਦਰਭ ਵਿੱਚ ਵਰਤਦਾ ਹੈ ਤੇ ਆਪਣੀ ਤੀਖਣ ਸੂਝ ਸਦਕਾ ਉਸ ਭਾਸ਼ਾ ਵਿੱਚ ਅਲੋਕਾਰੀ ਸੁਹਜ ਪੈਦਾ ਕਰ ਦੇਂਦਾ ਹੈ| ਅਜਿਹਾ ਸੁਹਜ ਜਿੱਥੇ ਲੇਖਕ ਦੀ ਪ੍ਰਤਿਭਾ ਦਾ ਪ੍ਰਮਾਣ ਸਿਰਜਦਾ ਹੈ ਉੱਥੇ ਪਾਠਕਾਂ ਨੂੰ ਰਸਿਕ ਅਨੁਭੂਤੀ ਵੀ ਪ੍ਰਦਾਨ ਕਰਦਾ ਹੈ| ਭਾਸ਼ਾਈ ਅਰਥਾਂ ਦੀ ਵਿੱਲਖਣਤਾ ਰਚਨਾ ਦੇ ਸੌਂਦਰਯ ਗੁਣ ਵਿੱਚ ਵਾਧਾ ਕਰਦੀ ਹੈ| ਰਵਾਇਤੀ ਅਰਥਾਂ ਤੋਂ ਵਿਪਰੀਤ ਜਦੋਂ ਸ਼ਬਦਾਂ ਦੀ ਵਿਉਂਤਕਾਰੀ ਰਾਹੀਂ ਭਾਸ਼ਾ ਦਾ ਨਵਾਂ ਅੰਦਾਜ ਵਿਅੰਗਮਈ ਰੂਪ ਵਿੱਚ ਉਜਾਗਰ ਹੁੰਦਾ ਹੈ ਤਾਂ ਇਹੋ ਰਹੱਸ ਤੇ ਰਮਜ਼ ਵਕ੍ਰੋਕਤੀ ਦੇ ਅਰਥਾਂ ਦਾ ਸਮਾਨਾਰਥੀ ਕਹਾਉਂਦਾ ਹੈ| ਅਜਮੇਰ ਔਲਖ ਦੇ ਨਾਟਕ ਸਲਵਾਨ ਵਿੱਚ ਲੂਣੀ ਦੇ ਅਨੰਦ ਕਾਰਜ ਵੇਲੇ 'ਹਮ ਘਰ ਸਾਜਨ ਆਏ' ਦੇ ਅਰਥ ਵਕ੍ਰੋਕਤੀ ਦੇ ਪ੍ਰਸੰਗ ਨੂੰ ਉਜਾਗਰ ਕਰਨ ਵਾਲੇ ਹਨ| 'ਸਾਜਨ' ਦੇ ਰਵਾਇਤੀ ਅਰਥ ਸਾਡੇ ਕੋਲ ਪਤੀ ਦੇ ਹਨ| ਵਿਆਹ ਦੀ ਪਵਿੱਤਰ ਰੀਤ ਗੁਰੂ ਗ੍ਰੰਥ ਸਾਹਿਬ ਦੀਆਂ ਇਨ੍ਹਾਂ ਲਾਵਾਂ ਨਾਲ ਸੰਪੰਨ ਕੀਤੀ ਜਾਂਦੀ ਹੈ| ਸਲਵਾਨ ਨਾਟਕ ਵਿੱਚ ਔਲਖ 'ਸਾਜਨ' ਦੇ ਪਰੰਪਰਕ ਅਰਥਾਂ ਨੂੰ ਰਵਾਇਤੀ ਸੰਦਰਭ ਵਿੱਚੋਂ ਕੱਢ ਕੇ ਨਵੇਂ ਸੰਦਰਭ ਨਾਲ ਜੋੜ ਰਿਹਾ ਹੈ ਕਿਉਂਕਿ ਲੂਣੀ ਨੂੰ ਪਰਨਾ ਕੇ ਲੈ ਜਾਣ ਵਾਲਾ 'ਸਾਜਨ' ਲੂਣੀ ਦੇ ਪਿਓ ਦੀ ਉਮਰ ਦੇ ਹਾਣ ਦਾ ਹੈ| '¬ਸਾਜਨ' ਦੇ ਅਰਥ ਵਕ੍ਰੋਕਤੀ ਦੇ ਰੂਪ ਵਿੱਚ ਉਜਾਗਰ ਹੋ ਰਹੇ ਹਨ| ਅਰਥਾਂ ਦਾ ਇਹ ਨਵਾਂ ਪ੍ਰਸੰਗ ਵਿਅੰਗ ਦੇ ਰੂਪ ਵਿੱਚ ਸਾਕਾਰ ਹੋ ਰਿਹਾ ਹੈ| ਪਵਿਤਰ ਰੀਤ ਅਤੇ ਰਵਾਇਤੀ ਵਿਧੀ ਵਿਧਾਨ ਨਾਲ ਹੁੰਦੇ ਬੇਮੇਲ ਵਿਆਹਾਂ ਦਾ ਨਕਾਰਨ ਵਕ੍ਰੋਕਤੀ ਦੀ ਵਿਧੀ ਰਾਹੀਂ ਕੀਤਾ ਗਿਆ ਹੈ| (ਸਹਾਇਕ ਗ੍ਰੰਥ - ਅਜਮੇਰ ਔਲਖ : ਸਲਵਾਨ; ਟੀ. ਆਰ. ਵਿਨੋਦ : ਨਾਵਲ ਆਲੋਚਨਾ ਸ਼ਬਦਾਵਲੀ ਕੋਸ਼)

ਵਾਰਤਾਲਾਪ

(Dialouge)

ਸਧਾਰਨ ਸ਼ਬਦਾਂ ਵਿੱਚ ਵਾਰਤਾਲਾਪ ਦੇ ਅਰਥ ਗੱਲਬਾਤ ਤੋਂ ਲਏ ਜਾਂਦੇ ਹਨ ਪਰ ਨਾਟਕ ਵਿੱਚ ਵਾਰਤਾਲਾਪ ਦੇ ਅਰਥ ਵਿਆਪਕ ਸੰਦਰਭ ਦੀ ਸਿਰਜਨਾ ਕਰਦੇ ਹਨ| ਵਾਰਤਾਲਾਪ ਨਾਟਕ ਦਾ ਅਜਿਹਾ ਅਹਿਮ ਤੱਤ ਹੈ ਜਿਸ ਰਾਹੀਂ ਦਰਸ਼ਕਾਂ ਤੱਕ ਨਾਟਕ ਸੰਬੰਧੀ ਹਰੇਕ ਤਰ੍ਹਾਂ ਦੀ ਜਾਣਕਾਰੀ ਦਾ ਸੰਚਾਰ ਹੁੰਦਾ ਹੈ| ਨਾਟਕ ਅਰੰਭ ਹੋਣ ਤੋਂ ਪਹਿਲਾਂ ਅਤੀਤ ਵਿੱਚ ਵਾਪਰੀਆਂ ਘਟਨਾਵਾਂ ਬਾਰੇ ਸੂਚਨਾ ਵੀ ਪਾਤਰਾਂ ਦੀ ਆਪਸੀ ਵਾਰਤਾਲਾਪ ਰਾਹੀਂ ਦਰਸ਼ਕਾਂ ਤੱਕ ਪਹੁੰਚਦੀ ਹੈ| ਕਿਸੇ ਵੀ ਨਵੇਂ ਪਾਤਰ ਦੇ ਮੰਚ ਉੱਤੇ ਆਉਣ 'ਤੇ ਉਸ ਬਾਰੇ ਜਾਣ ਪਛਾਣ ਕਰਵਾਉਣ ਵਾਲੇ ਸੰਕਟ ਜਾਂ ਗੁੰਝਲ ਪ੍ਰਤੀ ਸੰਕੇਤ ਨਾਟਕੀ ਵਾਰਤਾਲਾਪ ਰਾਹੀਂ ਹੀ ਸਾਕਾਰ ਹੁੰਦਾ ਹੈ | ਨਾਟਕੀ ਕਾਰਜ ਨੂੰ ਅਗਾਂਹ ਤੋਰਨ, ਨਵਾਂ ਮੋੜ ਦੇਣ ਤੇ ਸਿਖ਼ਰ ਤੱਕ ਪਹੁੰਚਾਉਣ ਵਿੱਚ ਵਾਰਤਾਲਾਪ ਦੀ ਭੂਮਿਕਾ ਨਾਟਕ ਦੇ ਦੂਜੇ ਤੱਤਾਂ ਦੇ ਮੁਕਾਬਲੇ ਕਿਤੇ ਵੱਧ ਸਿੱਧ ਹੁੰਦੀ ਹੈ| ਦਰਸ਼ਕ ਵਰਗ ਨੂੰ ਟੁੰਬਣ, ਹਲੂਣਾ ਦੇਣ ਅਤੇ ਉਨ੍ਹਾਂ ਵਿੱਚ ਉਤਸੁਕਤਾ ਪੈਦਾ ਕਰਨ ਵਿੱਚ ਵਾਰਤਾਲਾਪ ਇੱਕ ਜ਼ਰੂਰੀ ਤੱਤ ਹੈ| ਵਾਰਤਾਲਾਪ ਦਾ ਅਰਥ ਕੇਵਲ ਲਿਖਤੀ ਭਾਸ਼ਾਈ ਸ਼ਬਦਾਂ ਤੱਕ ਹੀ ਸੀਮਤ ਨਹੀਂ ਹੁੰਦਾ ਸਗੋਂ ਨਾਟਕ ਦੇ ਲਾਈਵ ਵਿਧਾ ਹੋਣ ਕਰਕੇ ਅਦਾਕਾਰਾਂ ਦੀ ਉਚਾਰਨ ਕਲਾ ਇਸ ਦੇ ਪ੍ਰਭਾਵ ਨੂੰ ਕਈ ਗੁਣਾਂ ਵੱਧ ਮਹੱਤਵ ਪ੍ਰਦਾਨ ਕਰਦੀ ਹੈ| ਗੱਲਬਾਤ ਨੂੰ ਬੋਲਣ ਦਾ ਰਿਦਮ ਨਾਟਕੀ ਪੇਸ਼ਕਾਰੀ ਨੂੰ ਸਫ਼ਲ ਬਣਾਉਣ ਵਿੱਚ ਯੋਗਦਾਨ ਪਾਉਂਦਾ ਹੈ| ਅਦਾਕਾਰਾਂ ਦੇ ਮਨੋਭਾਵਾਂ ਨੂੰ ਸਾਕਾਰ ਕਰਨ ਅਤੇ ਮਾਨਸਿਕ ਸੰਕਟ ਨੂੰ ਰੂਪਮਾਨ ਕਰਨ ਵਿੱਚ ਵਾਰਤਾਲਾਪ ਦੀ ਮਹੱਤਤਾ ਨਿਰਸੰਦੇਹ ਅਹਿਮ ਹੁੰਦੀ ਹੈ| ਸਪਸ਼ਟਤਾ, ਵਾਰਤਾਲਾਪ ਦਾ ਇੱਕ ਹੋਰ ਮਹੱਤਵਪੂਰਨ ਲੱਛਣ ਹੈ| ਭਾਵੇਂ ਨਾਟਕ ਦੀ ਭਾਸ਼ਾ ਕੇਵਲ ਵਾਰਤਾਲਾਪ ਤੱਕ ਹੀ ਸੀਮਤ ਨਹੀਂ ਹੁੰਦੀ ਕਿਉਂਕਿ ਦ੍ਰਿਸ਼ ਸਿਰਜਨਾ, ਮੰਚ ਜੜਤ, ਨਾਟ ਸਮੱਗਰੀ, ਰੋਸ਼ਨੀਆਂ, ਸੰਗੀਤ, ਪਹਿਰਾਵਾ ਇਹ ਵੀ ਨਾਟ ਭਾਸ਼ਾ ਦੇ ਹੀ ਅੰਗ ਹਨ ਪਰ ਇਨ੍ਹਾਂ ਸਾਰੇ ਪਹਿਲੂਆਂ ਨਾਲੋਂ ਵਾਰਤਾਲਾਪ ਅਰਥਾਤ ਪਾਤਰਾਂ ਦੁਆਰਾ ਉਚਾਰੇ ਜਾਣ ਵਾਲੇ ਸੰਵਾਦ ਭਾਸ਼ਾ ਦਾ ਅਜਿਹਾ ਸਾਰਥਕ ਤੱਤ ਹਨ ਜਿਸ ਰਾਹੀਂ ਦਰਸ਼ਕ ਵਰਗ ਨਾਟਕ ਦੇ ਅਰਥਾਂ ਨੂੰ ਗ੍ਰਹਿਣ ਕਰਦਾ ਹੈ| ਇਸ ਲਈ ਭਾਸ਼ਾ ਦੇ ਪੱਧਰ 'ਤੇ ਸਪਸ਼ਟਤਾ ਦਾ ਹੋਣਾ ਬੜਾ ਜ਼ਰੂਰੀ ਸਮਝਿਆ ਜਾਂਦਾ ਹੈ| ਵਾਰਤਾਲਾਪ ਪਾਤਰਾਂ ਦੇ ਸੁਭਾਅ ਅਤੇ ਰੁਚੀ ਅਨੁਕੂਲ ਹੋਣੀ ਚਾਹੀਦੀ ਹੈ| ਕਈ ਨਾਟਕਕਾਰ ਚਿੰਨ੍ਹਾਤਮਕ ਸ਼ੈਲੀ ਦੀ ਵਰਤੋਂ ਕਰਦੇ ਹਨ| ਅਜਿਹੇ ਨਾਟਕਾਂ ਵਿੱਚ ਪਾਤਰ ਚਿੰਨ੍ਹਾਤਮਕ ਵਾਰਤਾਲਾਪ ਦਾ ਉਚਾਰਨ ਕਰਦੇ ਹਨ| ਅਜਿਹੀ ਚਿੰਨ੍ਹਾਤਮਕਤਾ ਨਾਟਕੀ ਅਰਥਾਂ ਦੇ ਸੰਚਾਰ ਵਿੱਚ ਰੁਕਾਵਟ ਨਹੀਂ ਬਣਨੀ ਚਾਹੀਦੀ ਸਗੋਂ ਨਾਟਕੀ ਘਟਨਾਵਾਂ ਨੂੰ ਬਿਆਨਣ ਵਿੱਚ ਖੁਬਸੂਰਤੀ ਪੈਦਾ ਕਰਨ ਅਤੇ ਭਾਸ਼ਾ ਵਿੱਚ ਸਪਸ਼ਟਤਾ ਲਿਆਉਣ ਵਾਲੀ ਹੋਣੀ ਚਾਹੀਦੀ ਹੈ| ਆਤਮਜੀਤ ਅਜਿਹੀ ਭਾਸ਼ਾ ਦੀ ਵਰਤੋਂ ਕਰਨ ਵਿੱਚ ਸਮਰੱਥ ਨਾਟਕਕਾਰ ਹੈ| ਮੁਰਗੀਖਾਨਾ, ਦਾਇਰਾ ਤੇ ਸਲੀਬ, ਹਵਾ ਮਹਿਲ, ਫ਼ਰਸ਼ ਵਿੱਚ ਉਗਿਆ ਰੁੱਖ ਆਦਿ ਉਸਦੇ ਅਜਿਹੇ ਨਾਟਕ ਹਨ ਜਿਨ੍ਹਾਂ ਵਿੱਚ ਉਸ ਨੇ ਚਿੰਨ੍ਹਾਤਮਕ ਸ਼ੈਲੀ ਦੀ ਵਰਤੋਂ ਕੀਤੀ ਹੈ| ਫਰਸ਼ ਵਿੱਚ ਉਗਿਆ ਰੁੱਖ ਨਾਟਕ ਦੀ ਸਮੁੱਚੀ ਬਣਤਰ ਪ੍ਰਤੀਕਾਤਮਕ ਹੈ| ਨਾਟਕ ਦੇ ਸਧਾਰਨ ਜਾਪਦੇ ਵਾਰਤਾਲਾਪ ਨੂੰ ਵੀ ਚਿੰਨ੍ਹਾਤਮਕ ਪੱਧਰ 'ਤੇ ਸਮਝਣ ਦੀ ਜ਼ਰੂਰਤ ਹੈ| ਨਾਟਕ ਦੀ ਪਿੱਠ ਭੂਮੀ ਵਿੱਚੋਂ ਆ ਰਹੀ ਗੱਡੀ ਦੀ 'ਛੁਕ ਛੁਕ' ਦੀ ਤੇਜ ਆਵਾਜ਼, ਵੀਨਾ ਦੀ ਉਖੜੀ ਮਾਨਸਿਕ ਸਥਿਤੀ ਤੇ ਉਸਦੇ ਮਨ ਅੰਦਰ ਉਠ ਰਹੇ ਤੇਜ਼ ਤੂਫ਼ਾਨੀ ਵੇਗ ਦੀ ਝਾਤ ਪੁਆਉਂਦੀ ਹੈ| ਪਾਤਰਾਂ ਦੀਆਂ ਲੰਮੀਆਂ ਚੁੱਪਾਂ ਤੇ ਲੰਮੇ ਵਕਫ਼ੇ ਸਮੱਸਿਆ ਨੂੰ ਕਈ ਦਿਸ਼ਾਵਾਂ ਤੋਂ ਸੋਚਣ ਲਈ ਦਰਸ਼ਕਾਂ ਨੂੰ ਉਕਸਾਉਂਦੇ ਹਨ| ਕੁਮਾਰ ਅਤੇ ਵੀਨਾ ਦੀ ਮਨੋਸਥਿਤੀ ਦੇ ਵਿਸ਼ਲੇਸ਼ਣ ਲਈ ਆਤਮਜੀਤ ਨੇ ਅਜਿਹੇ ਚਿੰਨ੍ਹਾਂ ਦੀ ਵਰਤਂੋ ਕੀਤੀ ਹੈ ਜਿਹੜੇ ਉਨ੍ਹਾਂ ਦੀ ਅਸੰਤੁਲਿਤ ਮਾਨਸਿਕ ਬੇਚੈਨੀ ਨਾਲ ਮੇਲ ਖਾਂਦੇ ਹਨ| ਫਰਸ਼ ਵਿੱਚ ਤ੍ਰੇੜਾਂ ਦਾ ਪੈਣਾ, ਰੁੱਖ ਦਾ ਫ਼ਰਸ਼ ਵਿੱਚੋਂ ਉਗਣਾ, ਸ਼ੀਸ਼ਿਆਂ ਦਾ ਟੁੱਟਣਾ ਆਦਿ ਚਿਹਨਕੀ ਜੁਗਤਾਂ ਨਾਟਕੀ ਸਮੱਸਿਆ ਨੂੰ ਦਰਸ਼ਕਾਂ ਤੱਕ ਸੰਚਾਰਨ ਵਿੱਚ ਰੁਕਾਵਟ ਨਹੀਂ ਬਣਦੀਆਂ| ਦਲੀਲ ਸਿੰਘ ਦੇ ਚਿੰਨ੍ਹਾਤਮਕ ਵਾਰਤਾਲਾਪ ਦਰਸ਼ਕਾਂ ਦੀ ਸੋਚ ਨੂੰ ਪੂਰੇ ਨਾਟਕ ਦੌਰਾਨ ਚੇਤੰਨ ਰੱਖਣ ਵਿੱਚ ਮਦਦ ਕਰਦੇ ਹਨ| ਨਾਟਕੀ ਵਾਰਤਾਲਾਪ ਦਾ ਸੰਜਮੀ ਹੋਣਾ ਬੜਾ ਜ਼ਰੂਰੀ ਹੁੰਦਾ ਹੈ| ਸਮੇਂ ਦੀ ਸੀਮਾ ਅਤੇ ਦਰਸ਼ਕਾਂ ਦੀ ਰੁਚੀ ਨੂੰ ਧਿਆਨ ਵਿੱਚ ਰੱਖਦਿਆਂ ਨਾਟਕਕਾਰ ਭਾਸ਼ਾਈ ਸੰਵਾਦਾਂ ਦੀ ਰਚਨਾ ਕਰਨ ਤੋਂ ਪਰਹੇਜ਼ ਕਰਦਾ ਹੈ| ਛੋਟੇ ਵਾਕ ਅਤੇ ਥੋੜ੍ਹੇ ਵਿੱਚ ਬਹੁਤ ਕਹਿਣ ਦੀ ਕਲਾ ਨਾਟਕੀ ਵਾਰਤਾਲਾਪ ਦੀ ਕਲਾਤਮਕਤਾ ਨੂੰ ਪਰਖਣ ਦੀ ਬਿਹਤਰੀਨ ਕਸੱਵਟੀ ਹੈ| ਲੰਮੀਆਂ ਲੰਮੀਆਂ ਗੱਲਾਂ ਕਰਨ ਵਾਲਾ ਪਾਤਰ ਦਰਸ਼ਕਾਂ ਨੂੰ ਬੜੀ ਛੇਤੀ ਅਕਾ ਦੇਂਦਾ ਹੈ| ਸੰਖੇਪਤਾ ਦੀ ਕਲਾ ਤੋਂ ਮਾਹਿਰ ਹੋਣਾ ਨਾਟਕਕਾਰ ਦਾ ਜ਼ਰੂਰੀ ਗੁਣ ਸਵੀਕਾਰਿਆ ਗਿਆ ਹੈ| ਵਿਆਖਿਆਵਾਂ, ਉਪਮਾਵਾਂ ਤੇ ਰੂਪਕਾਂ ਦੀ ਬੇਲੋੜੀ ਵਰਤੋਂ ਵਾਰਤਾਲਾਪ ਉੱਤੇ ਭਾਰ ਪਾ ਕੇ ਨਾਟਕੀ ਪ੍ਰਭਾਵ ਨੂੰ ਖੰਡਿਤ ਕਰ ਦੇਂਦੀ ਹੈ| (ਸਹਾਇਕ ਗ੍ਰੰਥ - ਆਤਮਜੀਤ : ਫਰਸ਼ ਵਿੱਚ ਉਗਿਆ ਰੁੱਖ਼)

ਵਿਅੰਗ

(Satire)

ਵਿਅੰਗ ਇੱਕ ਅਜਿਹੀ ਵਿਧੀ ਹੈ ਜਿਸ ਰਾਹੀਂ ਸਮਾਜ ਅਤੇ ਸਿਸਟਮ ਦੀਆਂ ਬੁਰਾਈਆਂ ਦਾ ਮਖੌਲ ਉਡਾਇਆ ਜਾਂਦਾ ਹੈ| ਇਸ ਵਿਧੀ ਰਾਹੀਂ ਲੇਖਕ ਵਿਵਸਥਾ ਦੇ ਕੁਹਜ ਅਤੇ ਕੁਰੀਤੀਆਂ ਬਾਰੇ ਸਰਲ ਸਪਸ਼ਟ ਭਾਸ਼ਾ ਵਿੱਚ ਗੱਲ ਨਹੀਂ ਕਰਦਾ ਸਗੋਂ ਵਕਰੋਕਤੀ ਦੇ ਅੰਦਾਜ਼ ਜਾਂ ਟੇਢੇ ਢੰਗ ਨਾਲ ਨਿੰਦਿਆ ਕਰਦਾ ਹੈ| ਇਉਂ ਵਿਅਕਤੀ, ਸਮਾਜ ਅਤੇ ਵਿਵਸਥਾ ਦੇ ਦੋਖੀ ਪਹਿਲੂਆਂ ਨੂੰ ਸੰਕੇਤਕ ਢੰਗ ਨਾਲ ਉਭਾਰ ਕੇ ਪਾਠਕਾਂ ਨੂੰ ਸੁਚੇਤ ਕਰਨ ਦੀ ਇਹ ਕਾਰਗਰ ਵਿਧੀ ਹੈ| ਗੱਲ ਨੂੰ ਇਸ ਢੰਗ ਨਾਲ ਕਹਿਣ ਵਿੱਚ ਚੋਭ, ਟਿਚਕਰ ਅਤੇ ਤਨਜ਼ ਸ਼ਾਮਲ ਹੁੰਦੀ ਹੈ| ਵਿਅੰਗ, ਵਿਵਸਥਾ ਪ੍ਰਤੀ ਵੀ ਕੀਤਾ ਜਾਂਦਾ ਹੈ ਅਤੇ ਪਾਤਰਾਂ ਪ੍ਰਤਿ ਵੀ| ਮਨੁੱਖੀ ਸੁਭਾਅ ਦੀਆਂ ਉਲਾਰ ਰੁਚੀਆਂ ਤੇ ਕਰੂਪ ਸਥਿਤੀਆਂ ਨੂੰ ਸਾਹਿਤ ਸਿਰਜਕ ਆੜੇ ਹੱਥੀਂ ਲੈਂਦਾ ਹੋਇਆ ਵਿਅੰਗ ਦੇ ਮਾਧਿਅਮ ਰਾਹੀਂ ਪ੍ਰਭਾਵਸ਼ਾਲੀ ਢੰਗ ਨਾਲ ਨਿੰਦਦਾ ਹੈ| ਕਾਰਗਰ ਵਿਅੰਗ ਦੀ ਸਿਰਜਨਾ ਭਾਸ਼ਾ ਅਤੇ ਸਥਿਤੀਆਂ ਨੂੰ ਵਿਲੱਖਣ ਢੰਗ ਨਾਲ ਵਰਤਣ ਵਿੱਚ ਸਾਕਾਰ ਹੁੰਦੀ ਹੈ| ਸਤਹੀ ਪੱਧਰ ਉੱਤੇ ਨਜ਼ਰ ਆਉਂਦੇ ਭਾਸ਼ਾ ਦੇ ਅਰਥਾਂ ਤੋਂ ਵਿਪਰੀਤ ਅਰਥਾਂ ਦੀ ਹੋਂਦ ਵਿਅੰਗ ਰਾਹੀਂ ਹੀ ਸਾਕਾਰ ਹੁੰਦੀ ਹੈ| ਸਾਹਿਤ ਦੀਆਂ ਸਾਰੀਆਂ ਵਿਧਾਵਾਂ ਵਿੱਚ ਇਸ ਵਿਧੀ ਦੀ ਵਰਤੋਂ ਕੀਤੀ ਜਾਂਦੀ ਹੈ| ਨਾਟਕ ਇੱਕ ਅਜਿਹਾ ਯਾਨਰ ਹੈ ਜਿੱਥੇ ਨਾਟਕਕਾਰ ਉਚੇਚੇ ਤੌਰ 'ਤੇ ਸਮਾਜਕ ਕੁਸੰਗਤੀਆਂ ਨੂੰ ਵਿਅੰਗ ਦਾ ਨਿਸ਼ਾਨਾ ਬਣਾਉਂਦਾ ਹੈ| ਵਧੇਰੇ ਨਾਟਕਕਾਰ ਇਸ ਵਿਧੀ ਨੂੰ ਭਾਸ਼ਾ ਦੀ ਵਿਸ਼ੇਸ਼ ਵਰਤੋਂ ਰਾਹੀਂ ਜਾਂ ਸਥਿਤੀਆਂ ਦੀ ਵੱਖਰੀ ਕਿਸਮ ਦੀ ਸਿਰਜਨਾ ਰਾਹੀਂ ਸਾਕਾਰ ਕਰਦੇ ਹਨ| ਆਤਮਜੀਤ, ਅਜਮੇਰ ਔਲਖ ਆਪਣੇ ਨਾਟਕਾਂ ਵਿੱਚ ਇਸ ਵਿਧੀ ਦੀ ਵਰਤੋਂ ਕਰਦੇ ਹਨ| ਇਨ੍ਹਾਂ ਦੇ ਨਾਟਕਾਂ ਵਿੱਚੋਂ ਵਿਅੰਗਮਈ ਸੁਰ, ਭਾਸ਼ਾ ਦੀ ਵਿਲੱਖਣ ਵਰਤੋਂ ਤੇ ਪਾਤਰਾਂ ਦੀ ਵਿਹਾਰਕ ਸਥਿਤੀ ਦੇ ਨਿਵੇਕਲੇ ਸਿਰਜਨ ਢੰਗ ਰਾਹੀਂ ਮੂਰਤੀਮਾਨ ਹੁੰਦੀ ਹੈ| ਔਲਖ ਦੇ ਨਾਟਕ ਸਲਵਾਨ ਵਿਚਲੇ ਗੀਤ ਜਿੱਥੇ ਨਾਟਕ ਦੀ ਮੁਖ ਪਾਤਰ ਲੂਣੀ ਦੀ ਆਂਤਰਿਕ ਵੇਦਨਾ ਦੀ ਤਰਜਮਾਨੀ ਕਰਦੇ ਹੋਏ ਮਾਹੌਲ ਵਿੱਚ ਦੁਖਾਂਤ ਦਾ ਅੰਸ਼ ਭਰਦੇ ਹਨ ਉੱਥੇ ਵਿਅੰਗ ਦੀ ਸੁਰ ਬਣ ਕੇ ਉਭਰਦੇ ਅਜਿਹੇ ਬੋਲ ਅਨੰਦ ਕਾਰਜ ਦੀ ਪਵਿੱਤਰ ਰੀਤ ਨਾਲ ਹੁੰਦੇ ਬੇਮੇਲ ਵਿਆਹਾਂ ਦਾ ਨਕਾਰਣ ਕਰਦੇ ਹਨ| ਲੂਣੀ ਦੇ ਅਨੰਦ ਕਾਰਜ ਵੇਲੇ ਹਮ ਘਰ ਸਾਜਨ ਆਏ ਦੇ ਅਰਥਾਂ ਦਾ ਸੰਚਾਰ ਵਿਅੰਗ ਦੀ ਵਿਧੀ ਰਾਹੀਂ ਹੋ ਰਿਹਾ ਹੈ ਕਿਉਂਕਿ ਲੂਣੀ ਨੂੰ ਲੈ ਜਾਣ ਵਾਲਾ ਉਹਦੇ ਪਿਓ ਦੀ ਉਮਰ ਦਾ ਸਾਜਨ ਦਰਸ਼ਕਾਂ ਦੇ ਸਾਹਮਣੇ ਹੈ| ਵਿਅੰਗ ਸਿਰਜਨ ਦੀ ਇਹ ਵਿਧੀ ਸਥਾਪਤ ਅਰਥਾਂ ਦਾ ਨਕਾਰਨ ਕਰਦੀ ਹੋਈ ਦਰਸ਼ਕਾਂ ਨੂੰ ਧੁਰ ਅੰਦਰ ਤੱਕ ਹਲੂਨਣ ਵਿੱਚ ਕਾਰਗਰ ਸਿੱਧ ਹੁੰਦੀ ਹੈ| ਵਿਅੰਗ ਰਾਹੀਂ ਕੀਤੀ ਗੱਲਬਾਤ ਦਾ ਪ੍ਰਭਾਵ ਸਧਾਰਨ ਗੱਲਬਾਤ ਨਾਲੋਂ ਕਈ ਗੁਣਾਂ ਵੱਧ ਹੁੰਦਾ ਹੈ| ਆਤਮਜੀਤ ਦੀ ਵਿਅੰਗ ਵਿਧੀ ਵਿੱਚ ਹਾਸਾ ਅਤੇ ਟਿੱਚਰ ਸ਼ਾਮਲ ਹੁੰਦੀ ਹੈ| ਨਾਟਕ ਪੰਚ ਨਦ ਦਾ ਪਾਣੀ ਵਿੱਚ ਨਾਟਕਕਾਰ ਸਮਾਜਕ ਸਭਿਆਚਾਰਕ ਸਿਸਟਮ ਨੂੰ ਲੱਗੇ ਘੁਣ ਪ੍ਰਤੀ ਦਰਸ਼ਕਾਂ ਨੂੰ ਸੁਚੇਤ ਕਰਨ ਵੇਲੇ ਮਸ਼ਕਰੀ ਅਤੇ ਟਕੋਰ ਰਾਹੀਂ ਵਿਅੰਗ ਸਿਰਜਦਾ ਹੈ|
ਟੁੱਲਾ : ਲੈ ਸੁਣ ਫ਼ੇਰ, ਇੱਕ ਸੀ ਬਾਹਮਣ, ਨਾਲ ਬਾਹਮਣੀ, ਬਾਹਮਣੀ ਦਾ ਆਸ਼ਕ ਮੇਰੇ ਵਰਗਾ.....
ਟੁੱਲਾ : ਘਰ ਦੇ ਸਾਹਮਣੇ ਸ਼ਿਵ ਦਾ ਮੰਦਰ, ਦੋਹਵੇਂ ਜਾਂਦੇ ਉਹਦੇ ਅੰਦਰ
ਟੁੱਲਾ : ਪੈ ਗਿਆ ਰੌਲਾ ਚਾਰ ਚੁਫ਼ੇਰੀ, ਬਾਹਮਣੀ ਕਰਦੀ ਹੇਰਾਫ਼ੇਰੀ
ਟੁੱਲਾ : ਪਤੀ ਦੇ ਹੁੰਦਿਆਂ ਗੈਰ ਹੰਢਾਏ, ਬ੍ਰਾਹਮਣੀ ਸ਼ੂਦਰ ਦੇ ਕੋਲ ਜਾਏ, ਮੰਦਰ ਅੰਦਰ ਗੰਦ ਫ਼ੈਲਾਏ
ਟਿਚਰ ਅਤੇ ਚੋਭ ਦਾ ਇਹ ਅੰਦਾਜ਼ ਨਾਟਕੀ ਵਿਅੰਗ ਨੂੰ ਤਿੱਖਿਆਂ ਵੀ ਕਰਦਾ ਹੈ ਤੇ ਪਾਠਕਾਂ/ ਦਰਸ਼ਕਾਂ ਨੂੰ ਸਿਸਟਮ ਦੀਆਂ ਊਣਤਾਈਆਂ ਪ੍ਰਤੀ ਜਾਗਰੂਕ ਵੀ ਕਰਦਾ ਹੈ|
(ਸਹਾਇਕ ਗ੍ਰੰਥ - ਅਜਮੇਰ ਔਲਖ : ਸਲਵਾਨ; ਆਤਮਜੀਤ : ਪੰਚਨਦ ਦਾ ਪਾਣੀ ; Wendell. V. Harris : Dictionary of Concepts in Literary Criticism and Theory)

ਵਿੱਥ ਸਿਧਾਂਤ

(Theory of Alienation)

ਵਿੱਥ ਸਿਧਾਂਤ ਦੀ ਸਥਾਪਨਾ ਦਾ ਸਿਰਜਕ ਜਰਮਨ ਦਾ ਨਾਟਕਕਾਰ ਬਰੈਖਤ ਹੈ| ਬਰੈਖਤ ਇਸ ਵਿਚਾਰ ਦਾ ਸਮਰਥਕ ਸੀ ਕਿ ਦਰਸ਼ਕ ਨੂੰ ਨਾਟਕ ਦੀ ਪੇਸ਼ਕਾਰੀ ਵਿੱਚ ਸਕਾਰਾਤਮਕ ਭੂਮਿਕਾ ਨਿਭਾਉਣੀ ਚਾਹੀਦੀ ਹੈ| ਇਸ ਲਈ ਉਸ ਨੇ ਦਰਸ਼ਕ ਨੂੰ ਨਾਟਕੀ ਘਟਨਾਵਾਂ ਤੋਂ ਅਲਹਿਦਾ ਹੋਣ ਦਾ ਸੁਝਾਓ ਦਿੱਤਾ| ਵਿੱਥ ਸਿਧਾਂਤ ਤੋਂ ਭਾਵ ਦਰਸ਼ਕ ਵਰਗ ਅਤੇ ਅਦਾਕਾਰਾਂ ਦਰਮਿਆਨ ਵਿੱਥ ਸਥਾਪਤ ਕਰਨ ਤੋਂ ਹੈ ਜਿਸ ਨਾਲ ਦਰਸ਼ਕ ਮੰਚ ਉੱਤੇ ਵਾਪਰ ਰਹੇ ਕਾਰਜ ਵਿੱਚ ਯਥਾਰਥਵਾਦੀ ਨਾਟਕ ਵਾਂਗ ਜਜ਼ਬਾਤੀ ਤੌਰ ਤੇ, ਭਾਵਾਂ ਦੇ ਵਹਿਣ ਵਿੱਚ ਵਹਿ ਕੇ ਸ਼ਾਮਲ ਨਾ ਹੋਣ ਸਗੋਂ ਉਨਾਂ ਨੂੰ ਇਹ ਗੱਲ ਯਾਦ ਰਹਿਣੀ ਚਾਹੀਦੀ ਹੈ ਕਿ ਉਹ ਮੰਚ ਉੱਤੇ ਨਾਟਕ ਦੇਖ ਰਹੇ ਹਨ; ਜਿੰਦਗੀ ਦੇ ਹੂ-ਬ-ਹੂ ਯਥਾਰਥ ਨੂੰ ਨਹੀਂ| ਅਜਿਹੀ ਸਥਿਤੀ ਵਿੱਚ ਉਨਾਂ ਦਾ ਦ੍ਰਿਸ਼ਟੀਕੋਣ ਅਲੋਚਨਾਤਮਕ ਹੁੰਦਾ ਹੈ ਅਤੇ ਉਹ ਸਥਿਤੀਆਂ ਦਾ ਵਿਸ਼ਲੇਸ਼ਣ ਕਰਨ ਵਿੱਚ ਕਾਰਗਰ ਭੂਮਿਕਾ ਨਿਭਾਉਂਦੇ ਹਨ| ਨਾਟਕ ਦੀ ਮੰਚ ਜੜਤ, ਨਾਟ ਸਥਿਤੀਆਂ ਅਤੇ ਅਭਿਨੈ ਰਾਹੀਂ ਅਜਿਹੀ ਹਰ ਸਥਿਤੀ ਪੈਦਾ ਕਰਨ ਤੋਂ ਗੁਰੇਜ਼ ਕੀਤਾ ਜਾਂਦਾ ਹੈ ਜਿਹੜੀ ਦਰਸ਼ਕਾਂ ਦੇ ਭਾਵਾਂ ਨੂੰ ਟੁੰਬਣ ਵਾਲੀ ਹੋਵੇ| ਨਾਟਕ ਵਿੱਚ ਗੀਤ, ਕੋਰਸ, ਮੁਖੌਟੇ, ਸਪਾਟ ਪਾਤਰ, ਸੰਗੀਤ, ਰੋਸ਼ਨੀ, ਸਾਈਨ ਬੋਰਡ, ਵਿਅੰਗਾਤਮਕ ਸੰਵਾਦ, ਭਾਸ਼ਨ, ਮੁਨਾਦੀ, ਨਾਹਰੇ, ਮਨਬਚਨੀਆਂ, ਨਟ ਨਟਨੀ ਦੀਆਂ ਸੂਚਨਾਵਾਂ ਦੀ ਵਰਤੋਂ ਵਿੱਥ ਸਿਧਾਂਤ ਨੂੰ ਧਿਆਨ ਵਿੱਚ ਰੱਖਦਿਆਂ ਕੀਤੀ ਜਾਂਦੀ ਹੈ| ਗੀਤ ਅਤੇ ਕੋਰਸ ਦਾ ਪ੍ਰਯੋਗ ਨਾਟਕੀ ਕਾਰਜ ਨੂੰ ਤੋੜਨ ਲਈ ਕੀਤਾ ਜਾਂਦਾ ਹੈ ਤਾਂ ਜੋ ਦਰਸ਼ਕ ਮੰਚ ਉੱਤੇ ਚਲ ਰਹੇ ਕਾਰਜ ਵਿੱਚ ਸ਼ਾਮਲ ਨਾ ਹੋ ਕੇ ਵਿੱਥ 'ਤੇ ਰਹਿੰਦਿਆਂ ਤਾਰਕਿਕ ਢੰਗ ਨਾਲ ਸੋਚ ਸਕਣ| ਪਾਤਰ ਆਦਰਸ਼ਕ ਕਿਸਮ ਦੇ ਨਾ ਹੋ ਕੇ ਆਪਣੀਆਂ ਕਮੀਆਂ ਤੇ ਦੋਸ਼ਾਂ ਸਮੇਤ ਪੇਸ਼ ਹੁੰਦੇ ਹਨ| ਦਰਸ਼ਕ ਨਿਰਪੱਖ ਸੋਚ ਦਾ ਧਾਰਨੀ ਬਣ ਕੇ ਆਪਣਾ ਨਜ਼ਰੀਆ ਪੇਸ਼ ਕਰਦਾ ਹੈ| ਇਸ ਸਿਧਾਂਤ ਦੀ ਮੂਲ ਸੁਰ ਨਾਟਕ ਵਿੱਚ ਹਰ ਕਿਸਮ ਦੇ ਯਥਾਰਥ ਦੇ ਭਰਮ ਨੂੰ ਤੋੜ ਕੇ ਨਿਰਪੱਖਤਾ ਤੇ ਨਿਰਲੇਪਤਾ ਦੀ ਰੁਚੀ ਉਜਾਗਰ ਕਰਨ ਨਾਲ ਸੰਬੰਧਤ ਹੈ| ਰਸ ਸਿਧਾਂਤ ਦੇ ਵਿਪਰੀਤ ਇਹ ਸਿਧਾਂਤ ਦਰਸ਼ਕ ਨੂੰ ਕਿਸੇ ਵੀ ਸਥਿਤੀ ਵਿੱਚ ਲੀਨ ਹੋਣ ਜਾਂ ਖੁੱਭਣ ਤੋਂ ਰੋਕਦਾ ਹੈ| (ਸਹਾਇਕ ਗ੍ਰੰਥ - Bertolt Brecht : Brecht on theatre)

ਵਿਦੂਸ਼ਕ

(Clown)

ਸੰਸਕ੍ਰਿਤ ਅਤੇ ਪੱਛਮੀ ਨਾਟਕਾਂ ਵਿੱਚ ਵਿਦੂਸ਼ਕ ਅਹਿਮ ਪਾਤਰ ਦਾ ਰੋਲ ਨਿਭਾਉਣ ਵਾਲਾ ਕਿਰਦਾਰ ਰਿਹਾ ਹੈ| ਵਿਸ਼ੇਸ਼ ਤੌਰ ਉੱਤੇ ਇਸ ਦੀ ਭੂਮਿਕਾ ਨਾਇਕ ਅਤੇ ਨਾਇਕਾ ਦੇ ਸਹਾਇਕ ਪਾਤਰ ਵਜੋਂ ਜਾਣੀ ਜਾਂਦੀ ਹੈ| ਜਿੱਥੇ ਸੰਸਕ੍ਰਿਤ ਨਾਟਕ ਵਿੱਚ ਨਾਟਕੀ ਕਾਰਜ ਨੂੰ ਅੱਗੇ ਤੋਰਨ ਵਿੱਚ ਵਿਦੂਸ਼ਕ ਨੂੰ ਮਹੱਤਵਪੂਰਨ ਸਥਾਨ ਪ੍ਰਾਪਤ ਹੈ ਉੱਥੇ ਪੱਛਮੀ ਨਾਟਕਾਂ ਵਿੱਚ ਵਿਦੂਸ਼ਕ ਨੂੰ ਹਲਕੇ ਪੱਧਰ ਦਾ ਪਾਤਰ ਮੰਨਿਆ ਗਿਆ ਹੈ| ਰੋਮਨ ਨਾਟਕ ਵਿੱਚ ਵੀ ਵਿਦੂਸ਼ਕ ਨੂੰ ਵਿਸ਼ੇਸ਼ ਸਥਾਨ ਪ੍ਰਾਪਤ ਰਿਹਾ ਹੈ| ਸਥਿਤੀ ਦੇ ਸੰਕਟ ਨੂੰ ਘੱਟ ਕਰਨ ਵਿੱਚ ਵਿਦੂਸ਼ਕ ਹਮੇਸ਼ਾ ਹੀ ਸਕਾਰਾਤਮਕ ਰੋਲ ਨਿਭਾਉਣ ਵਾਲਾ ਪਾਤਰ ਰਿਹਾ ਹੈ| ਸੰਸਕ੍ਰਿਤ ਨਾਟਕ ਵਿੱਚ ਰਾਜੇ ਦੇ ਵਫ਼ਾਦਾਰ ਸਾਥੀ ਦੇ ਰੂਪ ਵਿੱਚ ਵਿਦੂਸ਼ਕ ਆਪਣਾ ਰੋਲ ਨਿਭਾਉਂਦਾ ਹੈ| ਹਮੇਸ਼ਾ ਰਾਜੇ ਦੇ ਨਾਲ ਰਹਿਣ ਵਾਲਾ ਇਹ ਪਾਤਰ ਰਾਜੇ ਦੇ ਨਿੱਜੀ ਮਸਲਿਆਂ ਬਾਰੇ ਉਸਨੂੰ ਸਲਾਹ ਦਿੰਦਾ ਹੈ, ਪਰ ਇਹ ਜ਼ਰੂਰੀ ਨਹੀਂ ਕਿ ਉਹਦੀ ਸਲਾਹ ਰਾਜੇ ਨੂੰ ਰਾਸ ਆਉਣ ਵਾਲੀ ਸਿੱਧ ਹੁੰਦੀ ਹੋਵੇ| ਵਿਦੂਸ਼ਕ ਆਪਣੇ ਪਹਿਰਾਵੇ ਅਤੇ ਬੋਲਚਾਲ ਕਾਰਨ ਮਜ਼ਾਕੀਆ ਕਿਸਮ ਦਾ ਕਿਰਦਾਰ ਹੈ| ਸਰੀਰਕ ਬਣਤਰ ਪਖੋਂ ਵੀ ਕੱਦ ਦਾ ਛੋਟਾ ਅਤੇ ਬਦਸੂਰਤ ਹੋਣ ਕਾਰਨ ਹਾਸੋ ਹੀਣਾ ਨਜ਼ਰ ਆਉਂਦਾ ਹੈ| ਆਪਣੀਆਂ ਹਰਕਤਾਂ ਕਾਰਨ ਉਹ ਮਜ਼ਾਕ ਦਾ ਪਾਤਰ ਬਣਦਾ ਹੈ| ਲੋੜੋਂ ਵੱਧ ਖਾਣ ਦੇ ਲਾਲਚ ਅਤੇ ਆਪਣੇ ਵਿਹਾਰ ਸਦਕਾ ਨਾਟਕ ਦੇ ਸਾਰੇ ਪਾਤਰ ਉਸ 'ਤੇ ਹੱਸਦੇ ਹਨ| ਸੰਸਕ੍ਰਿਤ ਨਾਟਕ ਵਿਸ਼ੇਸ਼ ਕਰਕੇ ਭਾਸ ਅਤੇ ਅਸ਼ਵਘੋਸ਼ ਦੇ ਨਾਟਕਾਂ ਵਿੱਚ ਵਿਦੂਸ਼ਕ ਪਾਤਰ ਦੀ ਭੂਮਿਕਾ ਬੜੇ ਉਘੜਵੇਂ ਰੂਪ ਵਿੱਚ ਨਜ਼ਰ ਆਉਂਦੀ ਹੈ| ਸ਼ੇਕਸਪੀਅਰ ਦੇ ਨਾਟਕ 'ਕਿੰਗ ਲੀਅਰ' ਵਿੱਚ ਵਿਦੂਸ਼ਕ ਪਾਤਰ ਦਾ ਰੋਲ ਨਿਭਾਉਣ ਵਾਲੇ ਕਿਰਦਾਰ ਦਾ ਨਾਂ 'ਫ਼ੂਲ' ਹੈ| ਇਉਂ ਵਿਦੂਸ਼ਕ ਦਾ ਮੁਖ ਕੰਮ ਦਰਸ਼ਕਾਂ ਨੂੰ ਸੰਕਟ ਮਈ ਸਥਿਤੀ ਤੋਂ ਮੁਕਤ ਕਰ ਕੇ ਮਨੋਰੰਜਨ ਕਰਨ ਦੇ ਨਾਲ ਨਾਲ ਨਾਟਕੀ ਕਾਰਜ ਨੂੰ ਅੱਗੇ ਤੋਰਨਾ ਹੁੰਦਾ ਹੈ| ਅਜੋਕੇ ਨਾਟਕਾਂ ਵਿੱਚ ਵਿਦੂਸ਼ਕ ਦਾ ਪਾਤਰ ਗੈਰਹਾਜ਼ਰ ਹੋ ਚੁੱਕਾ ਹੈ| ਪੰਜਾਬੀ ਨਾਟਕਕਾਰਾਂ ਨੇ ਵਿਦੂਸ਼ਕ ਪਾਤਰ ਨੁੰ ਆਪਣੇ ਨਾਟਕਾਂ ਵਿੱਚ ਸ਼ਾਮਲ ਨਹੀਂ ਕੀਤਾ| ਭਰਤਮੁਨੀ ਦੇ ਨਾਟ ਸ਼ਾਸਤ੍ਰ ਅਨੁਸਾਰ ਇਹ ਪਾਤਰ ਸਰੀਰਕ ਬਣਤਰ ਪੱਖੋਂ ਕੱਦ ਦਾ ਛੋਟਾ ਹੁੰਦਾ ਹੈ ਜਿਸ ਦਾ ਕੁੱਬ ਨਿਕਲਿਆ ਹੁੰਦਾ ਹੈ ਅਤੇ ਦੰਦ ਅਕਸਰ ਬਾਹਰ ਨਿਕਲੇ ਹੋਏ ਹੁੰਦੇ ਹਨ| ਇਸ ਦੁਆਰਾ ਕੀਤੀਆਂ ਗੱਲਾਂ ਦਾ ਅਰਥ ਦੂਹਰਾ ਹੁੰਦਾ ਹੈ| ਇਹ ਸਿਰੋਂ ਗੰਜਾ ਅਤੇ ਪੀਲੀਆਂ ਅੱਖਾਂ ਵਾਲਾ ਪਾਤਰ ਹੁੰਦਾ ਹੈ| ਪ੍ਰਾਚੀਨ ਨਾਟਕਾਂ ਵਿੱਚ ਵਿਦੂਸ਼ਕ ਅਜਿਹਾ ਚਤੁਰ ਤੇ ਸਿਆਣਾ ਪਾਤਰ ਹੈ ਜਿਸ ਨੂੰ ਮੌਕੇ ਮੁਤਾਬਕ ਗੱਲ ਕਰਨ ਦੀ ਸਮਝ ਹੈ| ਕਾਲੀਦਾਸ ਦੇ ਨਾਟਕਾਂ ਵਿੱਚ ਵਿਦੂਸ਼ਕ ਦੀ ਭੂਮਿਕਾ ਬੜੀ ਅਹਿਮ ਰਹੀ ਹੈ| ਸਹੀ ਮੌਕੇ ਉੱਤੇ ਉਹ ਆਪਣੀ ਸਿਆਣਪ ਦਾ ਇਜ਼ਹਾਰ ਕਰਦਾ ਹੈ| ਇਸ ਪਾਤਰ ਦਾ ਸੰਬੰਧ ਸੰਸਕ੍ਰਿਤ ਨਾਟਕ ਦੇ ਜਨਮ ਨਾਲ ਜੋੜਿਆ ਜਾਂਦਾ ਹੈ| (ਸਹਾਇਕ ਗ੍ਰੰਥ - ਬਖਸ਼ੀਸ਼ ਸਿੰਘ : ਪੰਜਾਬੀ ਨਾਟਕ ਵਿੱਚ ਲੋਕ ਤੱਤ; ਰਤਨ ਸਿੰਘ ਜੱਗੀ(ਸੰਪਾ.) : ਸਾਹਿਤ ਕੋਸ਼)

ਵਿਰੇਚਨ

(Catharsis)

ਅਰਸਤੂ ਨੇ ਤ੍ਰਾਸਦੀ ਦੀ ਪਰਿਭਾਸ਼ਾ ਕਰਦਿਆਂ ਵਿਰੇਚਨ ਪਦ ਦਾ ਇਸਤੇਮਾਲ ਕੀਤਾ ਹੈ| ਵੱਖ ਵੱਖ ਸਮਿਆਂ ਵਿੱਚ ਇਹ ਸ਼ਬਦ ਅਨੇਕ ਸੰਦਰਭਾਂ ਵਿੱਚ ਪਰਿਭਾਸ਼ਿਤ ਹੁੰਦਾ ਰਿਹਾ ਹੈ| ਦਰਅਸਲ ਇਹ ਸ਼ਬਦ ਚਿਕਿਤਸਾ ਸ਼ਾਸਤਰ ਵਿੱਚੋਂ ਲਿਆ ਗਿਆ ਹੈ ਜਿਸਦਾ ਅਰਥ ਹੈ ਸਰੀਰਕ ਵਿਕਾਰਾਂ ਦਾ ਸ਼ੁੱਧੀਕਰਨ| ਮਿਹਦੇ ਦੇ ਖਰਾਬ ਹੋ ਜਾਣ 'ਤੇ ਯੂਨਾਨੀ ਚਿਕਿਤਸਕ, ਰੇਚਕ ਦਵਾਈ ਦੀ ਮਦਦ ਨਾਲ ਮਿਹਦੇ ਅੰਦਰ ਦਾਖਲ ਹੋ ਕੇ ਚੁੱਕੇ ਅਣਲੋੜੀਂਦੇ ਪਦਾਰਥ ਨੂੰ ਕੱਢ ਕੇ ਬੀਮਾਰ ਦਾ ਇਲਾਜ ਕਰਦੇ ਸਨ| ਅਜਿਹੇ ਬੇਲੋੜੇ ਪਦਾਰਥ ਦੇ ਨਿਕਲ ਜਾਣ ਕਰਕੇ ਬੀਮਾਰ ਵਿਅਕਤੀ ਫੇਰ ਠੀਕ ਹੋ ਜਾਂਦਾ ਸੀ| ਇਉਂ ਰੋਗਾਣੂਆਂ ਨੂੰ ਸਰੀਰ ਵਿੱਚੋ ਬਾਹਰ ਕੱਢ ਕੇ ਅਰੋਗ ਕਰਨ ਦੀ ਪ੍ਰਕ੍ਰਿਆ ਵਿਰੇਚਨ ਕਹਾਉਂਦੀ ਹੈ| ਅਰਸਤੂ ਨੇ ਇਸ ਪਦ ਨੂੰ ਲਾਖਣਿਕ ਰੂਪ ਵਿੱਚ ਵਰਤਦਿਆਂ ਤ੍ਰਾਸਦੀ ਦੇ ਪ੍ਰਸੰਗ ਵਿੱਚ ਵਰਤਿਆ ਹੈ| ਅਰਸਤੂ ਦੇ ਸਮੇਂ (ਚੌਥੀ ਸਦੀ ਪੂਰਵ ਈਸਵੀ ਵਿੱਚ) ਧਾਰਮਿਕ ਮੇਲਿਆਂ ਦੇ ਉਤਸਵ ਪੂਰੇ ਵਰ੍ਹੇ ਦੀਆਂ ਦੁਸ਼ਬਿਰਤੀਆਂ ਤੇ ਸੰਸਕਾਰਾਂ ਦੇ ਨਿਵਾਰਨ ਦਾ ਪ੍ਰਤੀਕ ਸਨ| ਬਾਹਰਲੇ ਵਿਕਾਰਾਂ ਰਾਹੀਂ ਮਨ ਅੰਦਰਲੇ ਵਿਕਾਰਾਂ ਨੂੰ ਸ਼ੁੱਧ ਕਰਨ ਦੇ ਉਪਾਅ ਦਾ ਧਾਰਮਕ ਸੰਸਥਾਵਾਂ ਵਿੱਚ ਆਮ ਪ੍ਰਚਲਨ ਸੀ| ਇਉਂ ਵਿਰੇਚਨ ਦਾ ਅਰਥ ਬਾਹਰੀ ਉੱਤੇਜਨਾ ਰਾਹੀਂ ਮਨ ਅੰਦਰਲੇ ਵਿਕਾਰਾਂ ਨੂੰ ਬਾਹਰ ਕੱਢ ਕੇ ਆਤਮਕ ਸੁੱਖ ਦੀ ਅਨੁਭੂਤੀ ਕਰਨਾ ਹੈ| ਤ੍ਰਾਸਦੀ ਵਿੱਚ ਕਰੁਣਾ ਅਤੇ ਤ੍ਰਾਸ ਦੇ ਰਾਹੀਂ ਮਨੋਵਿਕਾਰਾਂ ਦਾ ਉਚਿਤ ਵਿਰੇਚਨ ਕੀਤਾ ਜਾਂਦਾ ਹੈ| ਵਿਰੇਚਨ ਸ਼ਬਦ ਨੂੰ ਮਨ ਦੀ ਨਿਰਮਲਤਾ ਅਤੇ ਸ਼ੁੱਧੀ ਨਾਲ ਜੋੜਿਆ ਗਿਆ ਹੈ| ਅਰਸਤੂ ਦਾ ਭਾਵ ਮਨੋਵਿਕਾਰਾਂ ਦੇ ਪੈਦਾ ਹੋਣ ਅਤੇ ਉਨਾਂ ਨੂੰ ਬਾਹਰ ਕੱਢਣ ਤੋਂ ਬਾਅਦ ਮਨ ਦੇ ਸ਼ਾਂਤ ਹੋਣ ਦੀ ਸਥਿਤੀ ਨਾਲ ਸੰਬੰਧਤ ਹੈ| ਤ੍ਰਾਸ ਅਤੇ ਕਰੁਣਾ ਦੋਨੋਂ ਹੀ ਦੁੱਖ ਦੇ ਭਾਵ ਹਨ| ਮਾਨਸਿਕ ਵਿਰੇਚਨ ਦੁਆਰਾ ਦੋਨੋਂ ਭਾਵ ਮਨ ਅੰਦਰੋਂ ਬਾਹਰ ਨਿਕਲ ਜਾਂਦੇ ਹਨ ਅਤੇ ਦਰਸ਼ਕ ਇੱਕ ਤਰਾਂ ਦੀ ਮਾਨਸਿਕ ਸੰਤੁਸ਼ਟੀ ਦਾ ਅਨੁਭਵ ਕਰਦੇ ਹਨ| ਉੱਤੇਜਿਤ ਮਨ ਸ਼ਾਂਤ ਹੋ ਕੇ ਟਿਕਾਅ ਦੀ ਅਵਸਥਾ ਵਿੱਚ ਆ ਜਾਂਦਾ ਹੈ| ਮਨ ਦੀ ਇਹ ਸਥਿਤੀ ਸੁਖਦ ਅਹਿਸਾਸ ਦਾ ਅਨੁਭਵ ਕਰਦੀ ਹੈ| ਵਿਰੇਚਨ ਸਿਧਾਂਤ ਦਾ ਮਨੋਵਿਗਿਆਨਕ ਪੱਖ ਵੀ ਇਸੇ ਧਾਰਨਾ ਦੇ ਅਨੂਕੂਲ ਹੈ| ਭਾਵਨਾਵਾਂ ਦੀ ਅਤ੍ਰਿਪਤੀ ਜਾਂ ਦਮਨ ਮਾਨਸਿਕ ਰੋਗਾਂ ਦਾ ਸਭ ਤੋ ਵੱਡਾ ਕਾਰਨ ਹੈ| ਅਜਿਹੇ ਰੋਗਾਂ ਦਾ ਇਲਾਜ ਭਾਵਨਾਵਾਂ ਦੀ ਤ੍ਰਿਪਤੀ ਸਦਕਾ ਹੀ ਸੰਭਵ ਹੈ| ਅਵਚੇਤਨ ਵਿੱਚ ਜਾ ਕੇ ਟਿਕੇ ਇਨ੍ਹਾਂ ਭਾਵਾਂ ਨੂੰ ਚੇਤਨ ਮਨ ਵਿੱਚ ਲਿਆ ਕੇ ਅਤੇ ਤ੍ਰਿਪਤ ਕਰਕੇ ਹੀ ਮਨੋਰੋਗਾਂ ਤੋਂ ਛੁਟਕਾਰਾ ਮਿਲ ਸਕਦਾ ਹੈ| ਅਜਿਹੀ ਦਮਿਤ ਭਾਵਨਾਵਾਂ ਦੀ ਪੂਰਤੀ ਕਰਕੇ ਹੀ ਮਨ ਦੀ ਸ਼ਾਂਤੀ ਹਾਸਿਲ ਹੁੰਦੀ ਹੈ| ਅਜੋਕਾ ਮਨੋਵਿਗਿਆਨ ਮਾਨਸਿਕ ਰੋਗੀਆਂ ਦੇ ਇਲਾਜ ਲਈ ਅਰਸਤੂ ਦੇ ਵਿਰੇਚਨ ਸਿਧਾਂਤ ਦਾ ਹੀ ਸਮਰਥਕ ਹੈ| (ਸਹਾਇਕ ਗ੍ਰੰਥ - ਅਰਸਤੂ ਦਾ ਕਾਵਿ ਸ਼ਾਸਤ੍ਰ)

ਵਿਰੋਧੀ ਪਾਤਰ

(Antagonist)

ਨਾਟਕ ਵਿੱਚ ਕੇਂਦਰੀ ਪਾਤਰ ਦੀ ਵਿਰੋਧਤਾ ਕਰਨ ਵੇਲੇ ਪਾਤਰ ਨੂੰ ਵਿਰੋਧੀ ਪਾਤਰ ਜਾਂ ਐਂਟਾਗੋਨਿਸਟ ਕਿਹਾ ਜਾਂਦਾ ਹੈ| ਇਨ੍ਹਾਂ ਦੋਹਾਂ ਪਾਤਰਾਂ ਦੀ ਸਥਿਤੀ ਇੱਕੋ ਜਿੰਨੀ ਮਜ਼ਬੂਤ ਹੁੰਦੀ ਹੈ| ਵਿਰੋਧੀ ਪਾਤਰ ਆਪਣੀ ਪੂਰੀ ਤਾਕਤ ਤੇ ਸਮਰੱਥਾ ਨਾਲ ਕੇਂਦਰੀ ਪਾਤਰ ਦੇ ਵਿਰੋਧ ਵਿੱਚ ਨਿਤਰਦਾ ਹੈ| ਦੋਨਾਂ ਧਿਰਾਂ ਵਿੱਚ ਬਰਾਬਰ ਦੀ ਟੱਕਰ ਹੁੰਦੀ ਹੈ| ਨਾਟਕ ਵਿਚਲੀ ਟੱਕਰ ਦੋਨਾਂ ਪਾਤਰਾਂ ਦੀ ਆਪਸੀ ਵਿਰੋਧਤਾ ਤੇ ਦੁਸ਼ਮਣੀ ਕਾਰਨ ਹੀ ਪੈਦਾ ਹੁੰਦੀ ਹੈ| ਵਿਰੋਧੀ ਪਾਤਰ ਜ਼ਰੂਰੀ ਨਹੀਂ ਕਿ ਪਾਤਰ ਦੇ ਰੂਪ ਵਿੱਚ ਹੀ ਪੇਸ਼ ਹੋਵੇ; ਕਈ ਹਾਲਤਾਂ ਵਿੱਚ ਇਹ ਸਥਿਤੀਆਂ, ਵਾਤਾਵਰਨ ਜਾਂ ਅਚਾਨਕ ਕਾਰਨਾਂ ਦੇ ਰੂਪ ਵਿੱਚ ਹੀ ਪੇਸ਼ ਹੁੰਦਾ ਹੈ| ਜਿਹੜੀ ਵੀ ਤਾਕਤ, ਸਥਿਤੀ ਜਾਂ ਸ਼ਕਤੀਸ਼ਾਲੀ ਧਿਰ ਕੇਂਦਰੀ ਪਾਤਰ ਦਾ ਵਿਰੋਧ ਕਰੇ ਉਸ ਨੂੰ ਐਂਟਾਗੋਨਿਸਟ ਜਾਂ ਵਿਰੋਧੀ ਪਾਤਰ ਕਿਹਾ ਜਾਂਦਾ ਹੈ| ਅਜਿਹਾ ਪਾਤਰ ਨਾਟਕ ਦੇ ਪ੍ਰਵਕਤਾ ਦਾ ਵਿਰੋਧੀ ਹੁੰਦਾ ਹੈ| ਨਾਟਕ ਦਾ ਇਹ ਪਾਤਰ ਖਲਨਾਇਕ ਦੇ ਰੂਪ ਵਿੱਚ ਉਜਾਗਰ ਹੋ ਸਕਦਾ ਹੈ| ਨਾਟਕਕਾਰ ਅਜਿਹੇ ਪਾਤਰ ਰਾਹੀਂ ਗਲਤ ਧਾਰਨਾਵਾਂ ਦਾ ਨਕਾਰਨ ਕਰਦਾ ਹੈ| ਵਿਰੋਧੀ ਪਾਤਰ ਨਿਰਪੱਖ ਜਾਂ ਅਮੂਰਤ ਵਿਚਾਰ ਦੇ ਰੂਪ ਵਿੱਚ ਵੀ ਪੇਸ਼ ਹੋ ਸਕਦਾ ਹੈ| ਵਿਰੋਧੀ ਪਾਤਰ ਭਾਵੇਂ ਕੇਂਦਰੀ ਮੁੱਖ ਪਾਤਰ ਦਾ ਵਿਰੋਧੀ ਹੁੰਦਾ ਹੈ ਪਰੰਤੂ ਇਸ ਦਾ ਸਰੂਪ ਖਲਨਾਇਕ ਤੋਂ ਵੱਖਰਾ ਹੁੰਦਾ ਹੈ| ਖਲਨਾਇਕ ਦੀ ਪਛਾਣ, ਸ਼ਕਲ ਸੂਰਤ ਤੋਂ ਹੀ ਨਹੀਂ ਹੁੰਦੀ ਸਗੋਂ ਉਸ ਦੀਆਂ ਨਾਕਾਰਾਤਮਕ ਕਰਤੂਤਾਂ ਤੋਂ ਵੀ ਹੁੰਦੀ ਹੈ| ਇਸਦੇ ਮੁਕਾਬਲੇ ਵਿਰੋਧੀ ਪਾਤਰ ਦਾ ਮੁੱਖ ਪਾਤਰ ਨਾਲੋਂ ਅੰਤਰ ਸੋਚ/ਵਿਚਾਰਧਾਰਾ ਦੀ ਪੱਧਰ ਕਰਕੇ ਹੈ| ਇਨ੍ਹਾਂ ਵਿਚਲਾ ਸੰਬੰਧ ਆਪਸੀ ਵਿਰੋਧ, ਸੰਘਰਸ਼ ਜਾਂ ਮੁਕਾਬਲੇ ਤੇ ਟੱਕਰ ਦਾ ਹੈ ਪਰ ਜੇ ਇਹੀ ਵਿਰੋਧੀ ਪਾਤਰ ਵਿਰੋਧ ਜਾਂ ਬੁਰਾਈ ਲਈ ਜੁਰਮ ਜਾਂ ਜਾਲ੍ਹਸਾਜ਼ਤਾ ਦਾ ਰਾਹ ਅਖ਼ਤਿਆਰ ਕਰ ਲਵੇ ਤਾਂ ਇਹੀ ਖਲਨਾਇਕ ਬਣ ਜਾਂਦਾ ਹੈ| (ਸਹਾਇਕ ਗ੍ਰੰਥ - ਸੁਰਜੀਤ ਸਿੰਘ ਸੇਠੀ : ਨਾਟਕ ਕਲਾ)

ਵੀਥੀ ਨਾਟਕਮ

(Folk theatre of Andhra Pradesh)

ਵੀਥੀ ਦਾ ਅਰਥ ਗਲੀ ਜਾਂ ਸੜਕ ਤੋਂ ਹੈ ਅਤੇ ਨਾਟਕਮ ਤੋਂ ਭਾਵ ਨਾਟਕ ਤੋਂ ਹੈ ਅਰਥਾਤ ਗਲੀ ਜਾਂ ਸੜਕ 'ਤੇ ਖੇਡਿਆ ਜਾਣ ਵਾਲਾ ਨਾਟਕ| ਇਹ ਆਂਧਰਾ ਪ੍ਰਦੇਸ਼ ਦਾ ਇੱਕ ਕਿਸਮ ਦਾ ਨੁੱਕੜ ਨਾਟਕ ਹੈ ਜਿਸ ਦਾ ਸਰੂਪ ਲੋਕ ਧਰਮੀ ਹੈ| ਇਹ ਲੋਕ ਨਾਟਕ ਜਨਸਾਧਾਰਨ ਦੇ ਮਨੋਭਾਵਾਂ ਦੀ ਅਭਿਵਿਅਕਤੀ ਕਰਨ ਵਾਲਾ ਨਾਟਕ ਹੈ| ਇਸ ਨਾਟਕ ਦੇ ਜਿਆਦਾਤਰ ਵਿਸ਼ੇ ਭਾਗਵਤ ਪੁਰਾਣ ਵਿੱਚੋਂ ਲਏ ਜਾਂਦੇ ਹਨ| ਇਸੇ ਕਰਕੇ ਇਸ ਲੋਕ ਨਾਟ ਨੂੰ ਵੀਥੀ ਭਾਗਵਤ ਵੀ ਕਿਹਾ ਜਾਂਦਾ ਹੈ| ਲੋਕ ਨਾਟਕ ਦੇ ਇਸ ਰੂਪ ਵਿੱਚ ਸ਼ਾਸਤਰੀ ਨਾਟ ਪਰੰਪਰਾ ਦੇ ਅੰਸ਼ ਵੀ ਮਿਲਦੇ ਹਨ| ਬਲਵੰਤ ਗਾਰਗੀ ਨੇ ਵੀਥੀ ਨਾਟਕਮ ਦੇ ਚਾਰ ਤਰ੍ਹਾਂ ਦੇ ਰੂਪਾਂ ਦਾ ਵਰਨਣ ਕੀਤਾ ਹੈ| ਇਸ ਨਾਟਕ ਦੀ ਪ੍ਰਦਰਸ਼ਨੀ ਦਾ ਢੰਗ ਦੱਖਣੀ ਭਾਰਤ ਦੀਆਂ ਪਰੰਪਰਕ ਮੰਚ ਸ਼ੈਲੀਆਂ ਦਾ ਅਨੁਸਰਨ ਕਰਦਾ ਹੈ| ਇਹ ਨਾਟਕ ਮੰਦਰਾਂ ਦੇ ਸਾਹਮਣੇ ਖੁੱਲ੍ਹੀ ਥਾਂ ਉੱਤੇ ਖੇਡਿਆ ਜਾਂਦਾ ਹੈ| ਪਰਦੇ ਨੂੰ ਦੋ ਰੰਗਕਰਮੀ ਪਕੜ ਕੇ ਰੱਖਦੇ ਹਨ| ਪਰਦੇ ਦੇ ਪਿੱਛੇ ਸਜੇ-ਧਜੇ ਅਦਾਕਾਰਾਂ ਨੂੰ ਦੇਖਣ ਦਾ ਦਰਸ਼ਕਾਂ ਵਿੱਚ ਵਿਸ਼ੇਸ਼ ਉਤਸਾਹ ਹੁੰਦਾ ਹੈ| ਨਾਟਕ ਦੀ ਮੁੱਖ ਇਸਤਰੀ ਪਾਤਰ ਨੂੰ ਗੋਲਾ ਤੇ ਪੁਰਸ਼ ਪਾਤਰ ਨੂੰ ਕੱਲਮ ਕਿਹਾ ਜਾਂਦਾ ਹੈ| ਨੱਚਣ ਗਾਉਣ ਦੀ ਕਲਾ ਵਿੱਚ ਪ੍ਰਬੀਨ ਗੋਲਾ ਨਾਰੀ ਪਾਤਰ ਗਵਾਲਣ ਦੀ ਭੂਮਿਕਾ ਨਿਭਾਉਂਦੀ ਹੈ| ਇਸੇ ਤਰ੍ਹਾਂ ਕੱਲਮ ਬ੍ਰਾਹਮਣ ਦੀ ਭੂਮਿਕਾ ਨਿਭਾਉਂਦਾ ਵਿਦੂਸ਼ਕ ਵਾਲਾ ਰੋਲ ਅਦਾ ਕਰਦਾ ਹੈ| ਵਿਦੂਸ਼ਕ ਦਾ ਮੁੱਖ ਕੰਮ ਸਮਕਾਲੀ ਸਮੱਸਿਆਵਾਂ ਉੱਤੇ ਟਿੱਪਣੀ ਕਰਨਾ ਹੁੰਦਾ ਹੈ| ਕ੍ਰਿਸ਼ਨ ਦੇ ਜੀਵਨ ਨਾਲ ਸੰਬੰਧਤ ਕਥਾਵਾਂ ਦੀ ਪੇਸ਼ਕਾਰੀ ਗੀਤ ਅਤੇ ਸੰਗੀਤ ਦੇ ਮਾਧਿਅਮ ਰਾਹੀਂ ਕੀਤੀ ਜਾਂਦੀ ਹੈ| ਭਾਗਤਵ ਪੁਰਾਣ ਤੋਂ ਇਲਾਵਾ ਹੋਰ ਧਾਰਮਿਕ ਤੇ ਪੌਰਾਣਕ ਕਥਾਵਾਂ ਦੀ ਪੇਸ਼ਕਾਰੀ ਵੀ ਇਸ ਨਾਟ ਸ਼ੈਲੀ ਰਾਹੀਂ ਕੀਤੀ ਜਾਂਦੀ ਹੈ| ਵਧੇਰੇਤਰ ਔਰਤਾਂ ਦਾ ਰੋਲ ਮਰਦਾਂ ਦੁਆਰਾ ਨਿਭਇਆ ਜਾਂਦਾ ਹੈ| ਮੰਚੀ ਪੇਸ਼ਕਾਰੀ ਦੌਰਾਨ ਪਾਤਰ ਗੰਵਾਰੂ ਭਾਸ਼ਾ ਦੀ ਵਰਤੋਂ ਕਰਦੇ ਹਨ| ਇਉਂ ਸਾਧਾਰਨ ਅਤੇ ਪੇਂਡੂ ਲੋਕ ਇਸ ਨਾਟ ਰੂਪ ਦਾ ਪੂਰਾ ਅਨੰਦ ਮਾਣਦੇ ਹਨ| ਇਸ ਦੇ ਮੁੱਖ ਸਰੋਕਾਰ ਸਮਾਜ ਸੁਧਾਰ ਦੀਆਂ ਸਮੱਸਿਆਵਾਂ ਨਾਲ ਵਾਬਸਤਾ ਹੁੰਦੇ ਹਨ| ਸਮਕਾਲੀ ਮਸਲਿਆਂ ਉੱਤੇ ਤਿਖੀਆਂ ਚੋਭਾਂ ਅਤੇ ਕਟਾਖਸ਼ ਕੀਤੇ ਜਾਂਦੇ ਹਨ| (ਸਹਾਇਕ ਗ੍ਰੰਥ - ਬਲਵੰਤ ਗਾਰਗੀ : ਲੋਕ ਨਾਟਕ)

ਵੇਸ - ਭੂਸ਼ਾ

(Costumes)

ਨਾਟਕ ਦੀ ਪੇਸ਼ਕਾਰੀ ਵਿੱਚ ਵੇਸ ਭੂਸ਼ਾ ਦਾ ਮਹੱਤਵ ਬਹੁਤ ਅਹਿਮ ਹੁੰਦਾ ਹੈ| ਕਿਸੇ ਪਾਤਰ ਦੀ ਭੂਮਿਕਾ ਨਿਭਾਉਣ ਵੇਲੇ ਅਦਾਕਾਰ ਵਲੋਂ ਪਹਿਨੇ ਜਾਣ ਵਾਲੇ ਵਸਤਰਾਂ ਦਾ ਰੰਗ ਅਤੇ ਦਿੱਖ ਨਾਟਕ ਦੇ ਪ੍ਰਭਾਵ ਨੂੰ ਉਜਾਗਰ ਕਰਨ ਵਿੱਚ ਵੱਡਾ ਹਿੱਸਾ ਪਾਉਂਦੀ ਹੈ| ਮੰਚ ਉੱਤੇ ਪਾਤਰ ਦਾ ਪਹਿਰਾਵਾ ਜਾਂ ਉਸਦੀ ਵੇਸ ਭੂਸ਼ਾ ਦਰਸ਼ਕਾਂ ਨੂੰ ਇਸ ਗੱਲ ਦਾ ਅਹਿਸਾਸ ਕਰਾਉਣ ਵਿੱਚ ਮਦਦ ਕਰਦੀ ਹੈ ਕਿ ਪਾਤਰ ਕਿਸ ਕਾਲ, ਸਥਾਨ, ਵਰਗ ਜਾਂ ਸ਼੍ਰੇਣੀ ਨਾਲ ਸੰਬੰਧ ਰੱਖਦਾ ਹੈ| ਮਿਸਾਲ ਦੇ ਤੌਰ 'ਤੇ ਮਹਾਂਭਾਰਤ ਵਿੱਚ ਕ੍ਰਿਸ਼ਨ ਦੀ ਭੂਮਿਕਾ ਨਿਭਾਉਣ ਵਾਲੇ ਪਾਤਰ ਨੂੰ ਦਰਸ਼ਕ ਵਰਗ ਜੇ ਭਗਵਾਨ ਦੇ ਰੂਪ ਵਿੱਚ ਸਵੀਕਾਰ ਕਰਦਾ ਹੈ ਤਾਂ ਉਸ ਦਾ ਪ੍ਰਮੁੱਖ ਕਾਰਨ ਪਾਤਰ ਦੀ ਵੇਸ-ਭੂਸ਼ਾ ਹੀ ਹੁੰਦੀ ਹੈ| ਅਜਿਹੇ ਅਦਾਕਾਰ ਦੀ ਮੂਕ ਪ੍ਰੋਜੈਕਸ਼ਨ ਹੀ ਦਰਸ਼ਕਾਂ ਨੂੰ ਇਤਿਹਾਸ-ਮਿਥਿਹਾਸ ਦੇ ਉਸ ਸਮੇਂ ਤੱਕ ਲੈ ਜਾਂਦੀ ਹੈ ਜਿਸ ਸਮੇਂ ਨਾਲ ਉਹ ਪਾਤਰ ਸੰਬੰਧ ਰੱਖਣ ਵਾਲਾ ਹੁੰਦਾ ਹੈ| ਪਾਤਰਾਂ ਦੀ ਵੇਸ-ਭੂਸ਼ਾ ਨਾਟਕ ਦੇ ਵਿਸ਼ੇ ਨੂੰ ਸਮਝਣ ਵਿੱਚ ਵੀ ਸਹਾਈ ਸਿੱਧ ਹੁੰਦੀ ਹੈ| ਕੋਈ ਵੀ ਅਦਾਕਾਰ ਪਾਤਰ ਵਿਸ਼ੇਸ਼ ਦੀ ਭੂਮਿਕਾ ਨਿਭਾਉਣ ਵੇਲੇ ਸੰਬੰਧਤ ਪਾਤਰ ਦੀ ਵੇਸ-ਭੂਸ਼ਾ ਵਿੱਚ ਅਪਣਾ ਰੋਲ ਵਧੇਰੇ ਕਾਰਗਰ ਢੰਗ ਨਾਲ ਨਿਭਾ ਸਕਦਾ ਹੈ| ਵੇਸ-ਭੂਸ਼ਾ ਨਾਟਕ ਦਾ ਅਜਿਹਾ ਅਹਿਮ ਤੱਤ ਹੈ ਜਿਸ ਰਾਹੀਂ ਪਾਤਰ ਦੀ ਸ਼ਖਸੀਅਤ ਪੂਰੀ ਤਰ੍ਹਾਂ ਉਭਰ ਕੇ ਸਾਕਾਰ ਹੁੰਦੀ ਹੈ| ਨਾਟਕ ਵਿੱਚ ਸੁਖਾਂਤ ਜਾਂ ਦੁਖਾਂਤ ਦਾ ਪ੍ਰਭਾਵ ਪੈਦਾ ਕਰਨ ਵਿੱਚ ਵੀ ਵੇਸ-ਭੂਸ਼ਾ ਦਾ ਮਹੱਤਵ ਹੁੰਦਾ ਹੈ| ਛੋਟੇ ਆਕਾਰ ਵਾਲੇ ਥੀਏਟਰ ਵਿੱਚ ਪਾਤਰਾਂ ਦੀ ਵੇਸ-ਭੂਸ਼ਾ ਉਚੇਚੇ ਧਿਆਨ ਦੀ ਮੰਗ ਕਰਦੀ ਹੈ ਕਿਉਂਕਿ ਦਰਸ਼ਕਾਂ ਅਤੇ ਪਾਤਰਾਂ ਦਾ ਰੋਲ ਨਿਭਾਉਣ ਵਾਲੇ ਅਦਾਕਾਰਾਂ ਵਿੱਚ ਥੋੜ੍ਹੀ ਵਿੱਥ ਹੋਣ ਕਾਰਨ ਅਦਾਕਾਰ, ਦਰਸ਼ਕਾਂ ਦੇ ਧਿਆਨ ਦਾ ਕੇਂਦਰ ਬਿੰਦੂ ਬਣਦੇ ਹਨ| ਇਸ ਲਈ ਛੋਟੇ ਥੀਏਟਰ ਵਿੱਚ ਹੋਣ ਵਾਲੀ ਪ੍ਰਦਰਸ਼ਨੀ ਵੇਲੇ ਨਿਰਦੇਸ਼ਕ ਵੇਸ-ਭੂਸ਼ਾ ਅਤੇ ਮੇਕਅੱਪ ਪ੍ਰਤੀ ਵਧੇਰੇ ਸੁਚੇਤ ਰਹਿੰਦਾ ਹੈ ਜਦ ਕਿ ਵੱਡੇ ਥੀਏਟਰ ਵਿੱਚ ਦਰਸ਼ਕਾਂ ਅਤੇ ਅਦਾਕਾਰਾਂ ਵਿੱਚਾਲੇ ਫ਼ਾਸਲੇ ਕਾਰਨ ਦਰਸ਼ਕ ਵੇਸ ਭੂਸ਼ਾ ਦੀਆਂ ਬਾਰੀਕੀਆਂ ਨੂੰ ਇੰਨੀ ਸੂਖ਼ਮਤਾ ਨਾਲ ਨਹੀਂ ਦੇਖਦਾ| ਵੇਸ-ਭੂਸ਼ਾ ਵਿੱਚ ਰੰਗ ਦੀ ਵਰਤੋਂ ਵੀ ਦ੍ਰਿਸ਼ ਦੀ ਭਾਸ਼ਾ ਨੂੰ ਨਿਖਾਰਨ ਵਿੱਚ ਮਦਦਗਾਰ ਸਿੱਧ ਹੁੰਦੀ ਹੈ| ਮੁੱਖ ਪਾਤਰ ਦੀ ਭੂਮਿਕਾ ਨਿਭਾਉਣ ਵਾਲੇ ਪਾਤਰ ਨੂੰ ਦੂਜੇ ਪਾਤਰਾਂ ਤੋਂ ਵੱਖ ਕਰਨ ਵੇਲੇ ਸ਼ੋਖ ਰੰਗਾਂ ਦੀ ਵਰਤੋਂ ਵਾਲੀ ਵੇਸ਼-ਭੂਸ਼ਾ ਦਾ ਪ੍ਰਚਲਨ ਰਿਹਾ ਹੈ ਤਾਂ ਜੋ ਅਜਿਹਾ ਪਾਤਰ ਦਰਸ਼ਕਾਂ ਦੇ ਆਕਰਸ਼ਨ ਦਾ ਕੇਂਦਰ ਬਣੇ ਰਹਿਣ ਪਰ ਹੁਣ ਢੁਕਵੀਂ ਰੋਸ਼ਨੀ ਵਿਵਸਥਾ ਹੋਣ ਕਾਰਨ ਰੰਗਾਂ ਰਾਹੀਂ ਚਮਕ ਦਮਕ ਉਭਾਰਨ ਦਾ ਪ੍ਰਚਲਨ ਨਹੀਂ ਰਿਹਾ| ਫੈਸ਼ਨ ਦੀ ਅਜੋਕੀ ਦੁਨੀਆਂ ਵਿੱਚ ਹੁਣ ਨਾਟਕ ਦੀ ਸਫ਼ਲ ਪ੍ਰਦਰਸ਼ਨੀ ਲਈ ਬਕਾਇਦਾ ਡਰੈਸ ਡਿਜ਼ਾਈਨਰ ਦਾ ਦਖ਼ਲ ਵਧਿਆ ਹੈ| ਪਾਤਰਾਂ ਦੀ ਸਫ਼ਲ ਅਦਾਕਾਰੀ ਲਈ ਅਤੇ ਦਰਸ਼ਕਾਂ ਦੀ ਸੁਹਜ ਤ੍ਰਿਪਤੀ ਨੂੰ ਧਿਆਨ ਵਿੱਚ ਰੱਖਦਿਆਂ ਵੇਸ-ਭੂਸ਼ਾ ਵੱਲ ਉਚੇਚਾ ਧਿਆਨ ਦਿੱਤਾ ਜਾਂਦਾ ਹੈ| ਨਾਟਕ ਵਿੱਚ ਪਾਤਰਾਂ ਦੀ ਵੇਸ਼-ਭੂਸ਼ਾ, ਪਾਤਰਾਂ ਦੇ ਸੁਭਾਅ, ਵਿਹਾਰ, ਵਰਗ ਅਤੇ ਉਨ੍ਹਾਂ ਦੀਆਂ ਸੁਹਜਾਤਮਕ ਰੁਚੀਆਂ ਨੂੰ ਮੁੱਖ ਰੱਖ ਕੇ ਨਿਸ਼ਚਿਤ ਕੀਤੀ ਜਾਂਦੀ ਹੈ| ਪੇਸ਼ਾਵਰ ਨਾਟ- ਪ੍ਰਦਰਸ਼ਨੀਆਂ ਦੀ ਅਸਫ਼ਲਤਾ ਦਾ ਮੁੱਖ ਕਾਰਨ ਬਹੁਤੀ ਵੇਰਾਂ ਪਾਤਰਾਂ ਦੀ ਢੁਕਵੀਂ ਵੇਸ-ਭੂਸ਼ਾ ਦਾ ਨਾ ਹੋਣਾ ਸਿੱਧ ਹੁੰਦਾ ਹੈ ਅਤੇ ਇਸ ਦੇ ਵਿਪਰੀਤ ਸ਼ੌਕੀਆ ਨਾਟ- ਮੰਡਲੀਆਂ ਵਲੋਂ ਕਿਸੇ ਨਾਟਕ ਦੀ ਸਫ਼ਲ ਪ੍ਰਦਰਸ਼ਨੀ ਦਾ ਆਧਾਰ ਕੇਵਲ ਵੇਸ-ਭੂਸ਼ਾ ਸਾਬਤ ਹੋ ਜਾਂਦਾ ਹੈ| (ਸਹਾਇਕ ਗ੍ਰੰਥ - ਸੁਰਜੀਤ ਸਿੰਘ ਸੇਠੀ : ਸਿਰਜਨਾਤਮਿਕ ਨਾਟਕ ਨਿਰਦੇਸ਼ਨ)

ਵੈਸ਼ਨਵ ਭਗਤੀ ਰਾਸ

(Folk theatre)

ਵੈਸ਼ਨਵ ਭਗਤੀ ਰਾਸ ਲੋਕ ਨਾਟਕ ਦੀ ਅਜਿਹੀ ਕਿਸਮ ਹੈ ਜਿਸ ਦਾ ਸੰਬੰਧ ਕ੍ਰਿਸ਼ਨ ਭਗਤੀ ਨਾਲ ਜੁੜਿਆ ਹੋਇਆ ਹੈ| ਇਸ ਰਾਸ ਦੀ ਪੇਸ਼ਕਾਰੀ ਦਾ ਇੱਕ ਮਾਧਿਅਮ ਗੀਤ ਸਨ ਤੇ ਦੂਜਾ ਢੰਗ ਲੀਲ੍ਹਾ ਅਭਿਵਿਅਕਤੀ ਦਾ ਸੀ ਕਿਉਂਕਿ ਲੀਲ੍ਹਾਵਾਂ ਦੀ ਪੇਸ਼ਕਾਰੀ ਦਾ ਮਾਧਿਅਮ ਪ੍ਰਦਰਸ਼ਨੀ ਦੀ ਕਲਾ ਨਾਲ ਸੰਬੰਧਤ ਸੀ| ਇਸ ਲਈ ਕੁਦਰਤੀ ਤੌਰ 'ਤੇ ਗੀਤਾਂ ਨਾਲੋਂ ਲੀਲ੍ਹਾਵਾਂ ਦਾ ਪ੍ਰਭਾਵ ਦਰਸ਼ਕਾਂ ਉੱਤੇ ਵਧੇਰੇ ਪੈਂਦਾ ਸੀ| ਸਿੱਟੇ ਵਜੋਂ ਇਸ ਭਗਤੀ ਰਾਸ ਕਾਰਨ ਕ੍ਰਿਸ਼ਨ ਭਗਤੀ ਦਾ ਪ੍ਰਚਾਰ ਵੱਡੇ ਪੈਮਾਨੇ 'ਤੇ ਹੋਇਆ| ਇਸ ਰਾਸ ਦਾ ਮੁੱਢ ਬੰਗਾਲ ਵਿੱਚ ਜੈਦੇਵ ਦੇ ਗੀਤ ਗੋਬਿੰਦ ਨਾਲ ਜੋੜਿਆ ਜਾਂਦਾ ਹੈ| ਇਸ ਗੀਤ ਦੀ ਖੂਬੀ ਇਹ ਸੀ ਕਿ ਇਸ ਦੀ ਪੇਸ਼ਕਾਰੀ ਅਭਿਨੈ ਰਾਹੀਂ ਕੀਤੀ ਜਾਂਦੀ ਸੀ| ਸੋਲਵੀਂ ਸਦੀ ਦਾ ਇਹ ਉਹ ਸਮਾਂ ਸੀ ਜਦੋਂ ਉੱਤਰੀ ਤੇ ਪੂਰਬੀ ਭਾਰਤ ਵਿੱਚ ਵੈਸ਼ਨਵ ਭਗਤੀ ਪੂਰੇ ਜੋਰਾਂ 'ਤੇ ਸੀ| ਕ੍ਰਿਸ਼ਨ ਭਗਤੀ ਦਾ ਸਭ ਤੋਂ ਵੱਡਾ ਕੇਂਦਰ ਮਥਰਾ ਬਣ ਗਿਆ ਸੀ| ਭਾਰਤ ਦੇ ਵੱਖ-ਵੱਖ ਪ੍ਰਾਂਤਾਂ ਦੇ ਲੋਕ ਨਾਟਕ ਜਿਵੇਂ ਬੰਗਾਲ ਦਾ ਜਾਤਰਾ, ਦੱਖਣੀ ਭਾਰਤ ਦਾ ਯਕਸ਼ਗਾਣ, ਅਸਾਮ ਦਾ ਅੰਕੀਆ ਨਾਟ ਆਦਿ ਇਹ ਸਾਰੇ ਲੀਲ੍ਹਾ ਲੋਕ-ਨਾਟਕ ਦੇ ਹੀ ਰੂਪ ਸਨ| ਇਸ ਰਾਸ ਨੂੰ ਖੇਡਣ ਵਾਲੀਆਂ ਨਾਟ ਮੰਡਲੀਆਂ ਇੱਕ ਥਾਂ ਤੋਂ ਦੂਜੀ ਥਾਂ ਤੇ ਪਹੁੰਚ ਕੇ ਲੀਲ੍ਹਾ ਨਾਟਕਾਂ ਦਾ ਪ੍ਰਦਰਸ਼ਨ ਕਰਦੀਆਂ ਸਨ| ਇਨ੍ਹਾਂ ਮੰਡਲੀਆਂ ਵਿੱਚ ਅਦਾਕਾਰਾਂ ਦੀ ਗਿਣਤੀ ਬਹੁਤ ਘੱਟ ਹੁੰਦੀ ਸੀ| ਨਾਟਕੀ ਸਾਜ਼ ਵੀ ਬੜੀ ਥੋੜ੍ਹੀ ਗਿਣਤੀ ਵਿੱਚ ਹੁੰਦੇ ਸਨ| ਇਨ੍ਹਾਂ ਰਾਸ ਮੰਡਲੀਆਂ ਦੇ ਠਹਿਰਨ ਦਾ ਇੰਤਜ਼ਾਮ ਪਿੰਡ ਦਾ ਬ੍ਰਾਹਮਣ ਕਰਦਾ ਸੀ| ਸਮੇਂ ਦੇ ਬੀਤਣ ਨਾਲ ਇਹੋ ਰਾਸਾਂ ਨਾਟਕ ਦੇ ਅਰਥਾਂ ਦੀਆਂ ਧਾਰਨੀ ਬਣ ਗਈਆਂ | ਇਨ੍ਹਾਂ ਰਾਸਾਂ ਦੇ ਪ੍ਰਦਰਸ਼ਨ ਲਈ ਕਿਸੇ ਵਿਸ਼ੇਸ਼ ਕਿਸਮ ਦੇ ਮੰਚ ਦੀ ਲੋੜ ਨਹੀਂ ਸੀ ਹੁੰਦੀ| ਕਿਸੇ ਵੀ ਸਥਾਨ ਨੂੰ ਮੰਚ ਬਣਾ ਕੇ ਰਾਸ ਦੀ ਪੇਸ਼ਕਾਰੀ ਕੀਤੀ ਜਾਂਦੀ ਸੀ| ਰਾਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸੰਗੀਤ ਰਾਹੀਂ ਸਮਾਂ ਬੰਨ੍ਹਿਆਂ ਜਾਂਦਾ ਸੀ| ਰਾਧਾ ਤੇ ਕ੍ਰਿਸ਼ਨ ਲਈ ਬਕਾਇਦਾ ਦੋ ਸਿੰਘਾਸਨਾਂ ਦਾ ਨਿਰਮਾਣ ਕੀਤਾ ਜਾਂਦਾ ਸੀ| ਇਸ ਪ੍ਰਦਰਸ਼ਨੀ ਵਿੱਚ ਸੂਤਰਧਾਰ ਦਾ ਪਾਤਰ ਨਹੀਂ ਸੀ ਹੁੰਦਾ| ਜਿਥੋਂ ਤੱਕ ਕ੍ਰਿਸ਼ਨ ਤੇ ਰਾਧਾ ਦੇ ਪਹਿਰਾਵੇ ਦਾ ਸੰਬੰਧ ਹੈ; ਕ੍ਰਿਸ਼ਨ ਦੀ ਭੂਮਿਕਾ ਨਿਭਾਉਣ ਵਾਲਾ ਪਾਤਰ ਆਪਣੀ ਦਿੱਖ ਤੇ ਵੇਸਭੂਸ਼ਾ ਸਦਕਾ ਕ੍ਰਿਸ਼ਨ ਭਗਵਾਨ ਦਾ ਭਰਮ ਸਿਰਜਨ ਵਾਲਾ ਪਾਤਰ ਜਾਪਦਾ | ਇਸ ਰਾਸ ਲੀਲ੍ਹਾ ਵਿੱਚ ਔਰਤਾਂ ਦੀ ਭੂਮਿਕਾ ਮਰਦਾਂ ਦੁਆਰਾ ਨਿਭਾਈ ਜਾਂਦੀ ਸੀ| ਰਾਸ ਲਈ ਰਾਸਕ ਜਾਂ ਰਾਸੋ ਸ਼ਬਦ ਦੀ ਵਰਤੋਂ ਵੀ ਕੀਤੀ ਜਾਂਦੀ ਹੈ| ਭਰਤ ਮੁਨੀ ਨੇ ਰਾਸਕ ਦੀਆਂ ਤਿੰਨ ਕਿਸਮਾਂ ਪ੍ਰਵਾਨ ਕੀਤੀਆਂ ਹਨ| ਤਾਲ ਰਾਸਕ, ਦੰਡ ਅਤੇ ਮੰਡਲ ਰਾਸਕ| ਪੰਜਾਬ ਵਿੱਚ ਖੇਡੀਆਂ ਜਾਣ ਵਾਲੀਆਂ ਰਾਸਾਂ ਦੇ ਵਿਸ਼ੇ ਆਮ ਤੌਰ 'ਤੇ ਲੈਲਾ ਮਜਨੂੰ, ਪੂਰਨ ਭਗਤ, ਹੀਰ ਰਾਂਝਾ, ਸੋਹਣੀ ਮਹੀਂਵਾਲ ਆਦਿ ਦੀਆਂ ਲੋਕ ਕਥਾਵਾਂ ਨਾਲ ਸੰਬੰਧਤ ਹੁੰਦੇ ਸਨ| ਇਨ੍ਹਾਂ ਦੀ ਪੇਸ਼ਕਾਰੀ ਵਿੱਚ ਸੰਗੀਤਕ ਤੱਤਾਂ ਦੀ ਪ੍ਰਧਾਨਤਾ ਹੁੰਦੀ ਸੀ| (ਸਹਾਇਕ ਗ੍ਰੰਥ - ਬਖਸ਼ੀਸ਼ ਸਿੰਘ : ਪੰਜਾਬੀ ਨਾਟਕ ਵਿੱਚ ਲੋਕ ਤੱਤ)


logo