logo
भारतवाणी
bharatavani  
logo
Knowledge through Indian Languages
Bharatavani

Punjabi Encyclopaedic Dictionary of Theatre (Punjabi-English)

ਪਾਤਰ

Character

ਨਾਟਕ ਵਿੱਚ ਪਾਤਰਾਂ ਨੂੰ ਵਿਸ਼ੇਸ਼ ਸਥਾਨ ਪ੍ਰਾਪਤ ਹੁੰਦਾ ਹੈ| ਭਰਤਮੁਨੀ ਦੇ ਨਾਟ ਸ਼ਾਸਤਰ ਵਿੱਚ ਪਾਤਰ ਦੇ ਸੰਕਲਪ ਬਾਰੇ ਵਿਸਤ੍ਰਿਤ ਚਰਚਾ ਕੀਤੀ ਗਈ ਹੈ| ਇਸਤਰੀ ਅਤੇ ਪੁਰਸ਼ ਪਾਤਰਾਂ ਦੀ ਪ੍ਰਕ੍ਰਿਤੀ ਸੰਬੰਧੀ ਤਿੰਨ ਤਰਾਂ੍ਹ ਦੇ ਪਾਤਰਾਂ ਬਾਰੇ ਜ਼ਿਕਰ ਕੀਤਾ ਗਿਆ ਹੈ| ਉਤਮ, ਮਧਿਅਮ ਅਤੇ ਅਧਮ ਪਾਤਰ| ਉਤਮ ਪ੍ਰਕ੍ਰਿਤੀ ਦੇ ਪਾਤਰ ਗਿਆਨ- ਵਿਗਿਆਨ ਅਤੇ ਸ਼ਾਸਤਰੀ ਗਿਆਨ ਬਾਰੇ ਡੂੰਘੀ ਵਾਕਫ਼ੀਅਤ ਰੱਖਣ ਵਾਲੇ ਹੁੰਦੇ ਹਨ| ਕੋਮਲ ਕਲਾਵਾਂ ਬਾਰੇ ਸੂਖ਼ਮ ਸੂਝ ਰੱਖਣ ਵਾਲੇ ਇਹ ਪਾਤਰ ਗੰਭੀਰ, ਸਖੀਦਿਲ ਅਤੇ ਤਿਆਗੀ ਬਿਰਤੀ ਦੇ ਹੁੰਦੇ ਹਨ| ਦੂਜਿਆਂ ਦੇ ਦੁਖਾਂ ਨੂੰ ਦੂਰ ਕਰਨਾ ਇਨ੍ਹਾਂ ਦੇ ਸੁਭਾਅ ਦਾ ਵਿਸ਼ੇਸ਼ ਗੁਣ ਹੁੰਦਾ ਹੈ| ਮਧਿਅਮ ਪ੍ਰਕ੍ਰਿਤੀ ਦਾ ਪਾਤਰ ਕੋਮਲ ਕਲਾਵਾਂ ਬਾਰੇ ਸੂਖ਼ਮ ਸੂਝ ਰੱਖਣ ਵਾਲਾ, ਲੋਕਾਚਾਰੀ ਵਿੱਚ ਵਿਲਖਣ ਕਿਸਮ ਦੀ ਸੂਝ ਦਾ ਮਾਲਕ, ਸੁਭਾਅ ਦਾ ਸੀਲ ਅਤੇ ਮਿੱਠਬੋਲੜਾ ਹੁੰਦਾ ਹੈ| ਇਨ੍ਹਾਂ ਦੇ ਵਿਪਰੀਤ ਅਧਮ ਪ੍ਰਕ੍ਰਿਤੀ ਦੇ ਪਾਤਰ ਘਟੀਆ ਸੋਚ ਰੱਖਣ ਵਾਲੇ, ਧੋਖੇਬਾਜ, ਚਲਾਕ, ਦੂਜਿਆਂ ਦਾ ਨੁਕਸਾਨ ਕਰਨ ਵਾਲੇ ਅਤੇ ਚੁਗਲਖ਼ੋਰ ਕਿਸਮ ਦੇ ਵਿਅਕਤੀ ਹੁੰਦੇ ਹਨ| ਇਸੇ ਤਰ੍ਹਾਂ ਔਰਤ ਪਾਤਰਾਂ ਦਾ ਵਰਗੀਕਰਨ ਵੀ ਇਨਾਂ੍ਹ ਤਿੰਨ ਤਰਾਂ ਦੀ ਪ੍ਰਕ੍ਰਿਤੀ ਦੇ ਅੰਤਰਗਤ ਕੀਤਾ ਗਿਆ ਹੈ| ਉਤਮ ਪ੍ਰਕ੍ਰਿਤੀ ਦੀ ਇਸਤਰੀ ਪਾਤਰ ਕੋਮਲਭਾਵੀ, ਸੇਵਾ ਭਾਵ ਵਾਲੀ, ਮਿੱਠਬੋਲੜੀ, ਨਿਮਰਤਾ ਦੀ ਪੁੰਜ ਅਤੇ ਅਧੀਨਗੀ ਭਾਵ ਵਾਲੀ ਹੁੰਦੀ ਹੈ| ਮਾਧਿਅਮ ਪ੍ਰਕ੍ਰਿਤੀ ਵਾਲੀ ਇਸਤਰੀ ਵੀ ਇਨ੍ਹਾਂ ਸਾਰੇ ਗੁਣਾਂ ਦੀ ਧਾਰਨੀ ਹੁੰਦੀ ਹੈ ਪਰ ਉਸ ਵਿੱਚ ਗੁਣਾਂ ਦੀ ਮਾਤਰਾ ਥੋੜ੍ਹੀ ਘੱਟ ਗਿਣਤੀ ਵਿੱਚ ਹੁੰਦੀ ਹੈ| ਅਧਮ ਸੁਭਾਅ ਵਾਲੀ ਇਸਤਰੀ ਪਾਤਰ ਦੇ ਲੱਛਣ ਅਧਮ ਪ੍ਰਕ੍ਰਿਤੀ ਵਾਲੇ ਪੁਰਸ਼ ਪਾਤਰ ਨਾਲ ਹੀ ਮਿਲਦੇ ਜੁਲਦੇ ਹੁੰਦੇ ਹਨ|
ਮੁੱਖ ਪਾਤਰ ਅਰਥਾਤ ਨਾਇਕ ਦੀਆਂ ਵਿਸ਼ੇਸ਼ਤਾਵਾਂ ਦਾ ਜ਼ਿਕਰ ਕਰਦਿਆਂ ਨਾਟ ਸ਼ਾਸਤਰ ਵਿੱਚ ਚਾਰ ਕਿਸਮ ਦੇ ਨਾਇਕਾਂ ਬਾਰੇ ਚਰਚਾ ਕੀਤੀ ਗਈ ਹੈ : - ਧੀਰ ਉਦਾਤ, ਧੀਰ ਲਲਿਤ, ਧੀਰ ਪ੍ਰਸ਼ਾਂਤ ਧੀਰ ਉੱਧਤ ਭਰਤਮੁਨੀ ਨੇ ਧੀਰ ਉਦਾਤ ਦੇ ਅੰਤਰਗਤ ਸੈਨਾਪਤੀ ਤੇ ਮੰਤਰੀ ਨੂੰ ਰੱਖਿਆ ਹੈ| ਰਾਜੇ ਨੂੰ ਧੀਰ ਲਲਿਤ ਹੋਣਾ ਚਾਹੀਦਾ ਹੈ| ਦੇਵਤਾ ਨੂੰ ਧੀਰ ਉਦਾਤ ਅਤੇ ਬ੍ਰਾਹਮਣ ਤੇ ਬਾਣੀਏ ਨੂੰ ਧੀਰ ਪ੍ਰਸ਼ਾਂਤ ਹੋਣਾ ਚਾਹੀਦਾ ਹੈ| ਇਨ੍ਹਾਂ ਚਾਰੋ ਕਿਸਮਾਂ ਦੇ ਨਾਇਕਾਂ ਵਿੱਚ ਧੀਰਜ ਦਾ ਹੋਣਾ ਜਰੂਰੀ ਹੈ| ਇਨ੍ਹਾਂ ਚਾਰ ਕਿਸਮ ਦੇ ਨਾਇਕਾਂ ਨਾਲ ਚਾਰ ਕਿਸਮ ਦੇ ਵਿਦੂਸ਼ਕ ਪਾਤਰਾਂ ਦਾ ਜ਼ਿਕਰ ਵੀ ਕੀਤਾ ਗਿਆ ਹੈ| ਰਾਜੇ ਦਾ ਵਿਦੂਸ਼ਕ, ਬ੍ਰਾਹਮਣ, ਬ੍ਰਾਹਮਣ ਦਾ ਸ਼ਿਸ਼, ਮੰਤਰੀ ਦਾ ਸਰਕਾਰੀ ਨੌਕਰ ਅਤੇ ਦੇਵਤਿਆਂ ਦਾ ਵਿਦੂਸ਼ਕ, ਸਾਧੂ ਹੁੰਦਾ ਹੈ| ਇਹ ਵਿਦੂਸ਼ਕ ਪਾਤਰ ਗੱਲਬਾਤ ਵਿੱਚ ਬੜੇ ਹੁਸ਼ਿਆਰ ਅਤੇ ਨਾਇਕ ਦੇ ਹਰ ਸੁੱਖ ਦੁੱਖ ਵਿੱਚ ਉਹਨੂੰ ਸਲਾਹ ਦੇਣ ਵਾਲੇ ਹੁੰਦੇ ਹਨ| ਨਾਇਕ ਭਾਵੇਂ ਕਿਸੇ ਵਰਗ ਨਾਲ ਸੰਬੰਧਤ ਹੋਵੇ ਉਸ ਦਾ ਹਰੇਕ ਸੰਕਟ ਵਿੱਚੋਂ ਬਚ ਨਿਕਲਣਾ ਜ਼ਰੂਰੀ ਹੁੰਦਾ ਹੈ| ਅਨੇਕਾਂ ਮੁਸੀਬਤਾਂ ਭੋਗਣ ਤੋਂ ਬਾਅਦ ਵੀ ਉਹ ਆਪਣੇ ਮਨੋਰਥ 'ਤੇ ਵਿਜੇ ਹਾਸਲ ਕਰਦਾ ਹੈ| ਨਾਇਕ ਲਈ ਜਿੱਤ ਹਾਸਲ ਕਰਨੀ ਜ਼ਰੂਰੀ ਸ਼ਰਤ ਹੈ| ਅਜਿਹਾ ਪਾਤਰ ਹੀ ਕਿਸੇ ਨਾਟਕ ਦਾ ਨਾਇਕ ਹੋ ਸਕਦਾ ਹੈ|
ਇਸਤਰੀ ਪਾਤਰਾਂ ਬਾਰੇ ਵੀ ਵਿਸਤ੍ਰਿਤ ਵਰਗੀਕਰਨ ਨਾਟ ਸ਼ਾਸਤਰ ਵਿੱਚ ਕੀਤਾ ਗਿਆ ਹੈ| ਅਪਸਰਾ, ਰਾਣੀ, ਖਾਨਦਾਨੀ ਇਸਤਰੀ ਅਤੇ ਵੇਸ਼ਯਾ, ਇਸਤਰੀ ਨਾਇਕਾ ਦੇ ਚਾਰ ਭੇਦ ਦਸੇ ਗਏ ਹਨ| ਇਸਤਰੀ ਦੇ ਸੁਭਾਅ ਨੂੰ ਧਿਆਨ ਵਿੱਚ ਰੱਖਦੇ ਹੋਏ ਵੀ ਚਾਰ ਕਿਸਮ ਦੀਆਂ ਇਸਤਰੀ ਨਾਇਕਾਵਾਂ ਦਾ ਵਰਨਣ ਭਰਤਮੁਨੀ ਨੇ ਕੀਤਾ ਹੈ| ਧੀਰਾ, ਲਲਿਤਾ, ਉਦਾਤਾ ਅਤੇ ਨਿਭ੍ਰਿਤਾ| ਰਾਜੇ ਦੇ ਮਹੱਲ ਵਿੱਚ ਰਹਿਣ ਵਾਲੀ ਇਸਤਰੀ ਪਾਤਰਾਂ ਦੀਆਂ ਕਿਸਮਾਂ ਅਤੇ ਵਿਸ਼ੇਸ਼ਤਾਵਾਂ ਦਾ ਉਲੇਖ ਕਰਦਿਆਂ ਨਾਟਕ ਵਿੱਚ ਇਨ੍ਹਾਂ ਦੀ ਭੂਮਿਕਾ ਦਾ ਵਰਨਣ ਕੀਤਾ ਗਿਆ ਹੈ| ਇਨ੍ਹਾਂ ਵਿੱਚੋਂ ਕੁਝ ਇੱਕ ਇਸਤਰੀ ਪਾਤਰ ਹਨ ਮਹਾਦੇਵੀ, ਭੋਗਿਨੀ, ਅਨੁਚਾਰਿਕਾ, ਨਰਤਕੀ, ਨਾਟਕੀਯਾ, ਪਰਿਚਾਰਿਕਾ, ਸੰਚਾਰਿਕਾ, ਕੁਮਾਰੀ, ਆਯੁਕਤਿਕਾ ਆਦਿ| ਮਿਸਾਲ ਦੇ ਤੌਰ 'ਤੇ ਮਹਾਦੇਵੀ ਉੱਚੇ ਖਾਨਦਾਨ ਨਾਲ ਸੰਬੰਧ ਰੱਖਣ ਵਾਲੀ ਸ਼ਾਂਤ ਸੁਭਾਅ ਦੀ ਔਰਤ ਹੁੰਦੀ ਸੀ | ਰਾਜੇ ਦੀ ਸੁੱਖ ਮੰਗਣ ਵਾਲੀ ਤੇ ਰਾਜ ਦਰਬਾਰ ਦਾ ਹਿੱਤ ਚਾਹੁਣ ਵਾਲੀ ਅਜਿਹੀ ਇਸਤਰੀ ਨੂੰ ਮਹਾਦੇਵੀ ਕਿਹਾ ਜਾਂਦਾ ਹੈ| ਇਸੇ ਤਰ੍ਹਾਂ ਨਾਟਕੀਯਾ ਸੰਗੀਤ ਅਤੇ ਨ੍ਰਿਤ ਵਿਦਿਆ ਵਿੱਚ ਮਾਹਿਰ ਇਸਤਰੀ ਹੁੰਦੀ ਹੈ| ਰਾਜੇ ਦੇ ਮਹੱਲ ਵਿੱਚ ਰਹਿਣ ਵਾਲੀਆਂ ਇਸਤਰੀਆਂ ਰਾਜੇ ਦੀਆਂ ਵਫ਼ਾਦਾਰ ਹੰਦੀਆਂ ਹਨ| ਸ਼ਾਂਤ ਸੁਭਾਅ ਤੇ ਗੰਭੀਰ ਬਿਰਤੀ ਦੀਆਂ ਧਾਰਨੀ ਇਹ ਔਰਤਾਂ ਲਾਲਚੀ ਨਹੀਂ ਹੁੰਦੀਆਂ| ਰਾਜੇ ਦੇ ਗੁਣਾਂ ਬਾਰੇ ਵੀ ਭਰਤਮੁਨੀ ਨੇ ਵਿਆਪਕ ਚਰਚਾ ਕੀਤੀ ਹੈ|
ਭਰਤ ਮੁਨੀ ਦੇ ਨਾਟ ਸ਼ਾਸਤ੍ਰ ਅਨੁਸਾਰ ਦੇਵਤਾ, ਸੈਨਾਪਤੀ ਜਾਂ ਮੰਤਰੀ ਦੀ ਭੂਮਿਕਾ ਨਿਭਾਉਣ ਵਾਲਾ ਪਾਤਰ ਸੋਹਣੀ ਦਿਖ ਵਾਲਾ, ਮਿੱਠਾ ਬੋਲਣ ਵਾਲਾ ਅਤੇ ਸੁਡੋਲ ਸਰੀਰ ਦਾ ਧਾਰਨੀ ਹੋਣਾ ਚਾਹੀਦਾ ਹੈ| ਇਸਦੇ ਉਲਟ ਬਦਸੂਰਤ ਜਾਂ ਕਰੂਪ ਕਿਸਮ ਦੇ ਵਿਅਕਤੀ ਜਿਸ ਦੀ ਮੋਟੀ ਅਤੇ ਕਰੁਖਤ ਆਵਾਜ਼ ਹੋਵੇ, ਨੂੰ ਰਾਖਸ਼ ਜਾਂ ਦੈਂਤ ਦਾ ਰੋਲ ਦਿਤਾ ਜਾਣਾ ਚਾਹੀਦਾ ਹੈ| ਕਹਿਣ ਦਾ ਭਾਵ ਹੈ ਕਿ ਨਾਟਕ ਵਿੱਚ ਪਾਤਰ ਦੀ ਸਰੀਰਕ ਅਤੇ ਮਾਨਸਿਕ ਸਥਿਤੀ ਨੂੰ ਧਿਆਨ ਵਿੱਚ ਰੱਖ ਕੇ ਹੀ ਰੋਲ ਦੇਣਾ ਚਾਹੀਦਾ ਹੈ| ਉਸੇ ਤਰ੍ਹਾਂ ਨੌਕਰ ਦਾ ਰੋਲ ਕਰਨ ਵਾਲੇ ਅਭਿਨੇਤਾ ਵਿੱਚ ਕੋਈ ਨਾ ਕੋਈ ਸਰੀਰਕ ਖਾਮੀ ਨਜ਼ਰ ਆਉਣੀ ਚਾਹੀਦੀ ਹੈ, ਸ਼ਕਲੋਂ ਭੱਦਾ ਅਤੇ ਫ਼ਟੇ ਪੁਰਾਣੇ ਪਹਿਰਾਵੇ ਵਾਲਾ ਪਾਤਰ ਇਸ ਰੋਲ ਨੂੰ ਨਿਭਾਉਣ ਵੇਲੇ ਦਰਸ਼ਕਾਂ ਉੱਤੇ ਕਾਰਗਰ ਪ੍ਰਭਾਵ ਪਾ ਸਕਦਾ ਹੈ| ਪਾਤਰ ਦੀ ਸ਼ਕਲ ਸੂਰਤ, ਉਹਦੀ ਦਿਖ, ਉਹਦੇ ਰੋਲ ਅਨੁਕੂਲ ਨਜ਼ਰ ਆਉਣੀ ਚਾਹੀਦੀ ਹੈ| ਇਸ ਸਥਿਤੀ ਵਿੱਚ ਆਹਾਰਯ ਪੱਖ ਅਰਥਾਤ ਪਹਿਰਾਵੇ ਦੇ ਜ਼ਰੀਏ ਸਥਿਤੀ ਮੁਤਾਬਕ ਦਰਸ਼ਕਾਂ ਨੂੰ ਯਥਾਰਥ ਦਾ ਅਹਿਸਾਸ ਕਰਵਾਇਆ ਜਾਂਦਾ ਹੈ| ਪਾਤਰਾਂ ਨੂੰ ਦਿੱਤਾ ਜਾਣ ਵਾਲਾ ਰੋਲ ਉਹਦੀ ਉਮਰ, ਰਹਿਣੀ ਬਹਿਣੀ ਅਤੇ ਸੁਭਾ ਦੇ ਅਨੁਰੂਪ ਹੋਣਾ ਚਾਹੀਦਾ ਹੈ| ਉਪਰੋਕਤ ਗੁਣਾਂ ਦਾ ਧਾਰਨੀ ਅਭਿਨੇਤਾ ਹੀ ਕਿਸੇ ਪਾਤਰ ਦਾ ਰੋਲ ਨਿਭਾਉਦਿਆਂ ਆਪਣੇ ਆਪ 'ਚੋਂ ਬਾਹਰ ਨਿਕਲ ਕੇ ਉਸ ਪਾਤਰ 'ਚ ਪ੍ਰਵੇਸ਼ ਕਰਦਾ ਹੈ ਜਿਸ ਦੀ ਉਹ ਭੂਮਿਕਾ ਨਿਭਾ ਰਿਹਾ ਹੁੰਦਾ ਹੈ| ਕਿਉਂਕਿ ਆਪਣੇ ਆਪੇ ਦੀ ਹੋਂਦ ਨੂੰ ਮਨਫ਼ੀ ਕਰਕੇ ਅਭਿਨੈ ਕਰਨਾ ਹੀ ਅਭਿਨੈ ਕਲਾ ਦੀ ਸਹੀ ਸ਼ਿਖਰ ਹੁੰਦੀ ਹੈ| ਭਰਤ ਮੁਨੀ ਨੇ ਇਸੇ ਪੱਖ ਨੂੰ ਹੋਰ ਵਿਸਤਾਰ ਦਿੰਦਿਆਂ ਤਿੰਨ ਤਰ੍ਹਾਂ ਦੀ ਪਾਤਰ ਪ੍ਰਕ੍ਰਿਤੀ ਦਾ ਜ਼ਿਕਰ ਕੀਤਾ ਹੈ| ਅਨੁਰੂਪ, ਵਿਰੂਪ ਤੇ ਰੂਪ ਅਨੁਸਾਰੀ ਪ੍ਰਕ੍ਰਿਤੀ ਦਾ| ਅਨੁਰੂਪ ਪ੍ਰਕ੍ਰਿਤੀ ਦੀ ਅਦਾਕਾਰੀ ਵਿੱਚ ਮਰਦ, ਮਰਦ ਦੀ ਭੂਮਿਕਾ ਵਿੱਚ ਅਤੇ ਔਰਤ, ਔਰਤ ਦੀ ਭੂਮਿਕਾ ਵਿੱਚ ਪੇਸ਼ ਹੁੰਦੀ ਹੈ| ਵਿਰੂਪ ਪ੍ਰਕ੍ਰਿਤੀ ਦੇ ਅੰਤਰਗਤ ਰੂਪ ਸੱਜਾ ਦੇ ਤਹਿਤ ਬੱਚਾ, ਬੁੱਢੇ ਦੀ ਭੂਮਿਕਾ ਵਿੱਚ ਅਤੇ ਬੁੱਢਾ, ਬੱਚੇ ਦੀ ਭੂਮਿਕਾ ਵਿੱਚ ਆਪਣਾ ਰੋਲ ਨਿਭਾਉਂਦਾ ਹੈ| ਇਸੇ ਤਰ੍ਹਾਂ ਰੂਪ ਅਨੁਸਾਰੀ ਪ੍ਰਕ੍ਰਿਤੀ ਉਸ ਅਦਾਕਾਰੀ ਨੂੰ ਕਿਹਾ ਜਾਂਦਾ ਹੈ ਜਦੋਂ ਕੋਈ ਔਰਤ, ਮਰਦ ਦੀ ਤੇ ਮਰਦ ਔਰਤ ਦੀ ਭੂਮਿਕਾ ਅਦਾ ਕਰਦਾ ਹੈ| ਯੁੱਧ ਦੇ ਦ੍ਰਿਸ਼ ਜਾਂ ਭਿਆਨਕ ਘਟਨਾਵਾਂ ਦੀ ਅਦਾਕਾਰੀ ਦੀ ਭੂਮਿਕਾ ਮਰਦਾਂ ਰਾਹੀਂ ਹੀ ਕੀਤੇ ਜਾਣ ਦਾ ਨਿਰਦੇਸ਼ ਨਾਟ ਸ਼ਾਸਤ੍ਰ ਵਿੱਚ ਦਿੱਤਾ ਗਿਆ ਹੈ| (ਸਹਾਇਕ ਗ੍ਰੰਥ: - ਕਮਲੇਸ਼ ਉੱਪਲ : ਪੰਜਾਬੀ ਨਾਟਕ ਅਤੇ ਰੰਗਮੰਚ; ਭਰਤ ਮੁਨੀ : ਨਾਟਯ ਸ਼ਾਸਤ੍ਰ)

ਪਾਰਸੀ ਥੀਏਟਰ

Parsi theatre

ਅੱਠਵੀਂ ਸਦੀ ਵਿੱਚ ਪਾਰਸੀ ਲੋਕ ਈਰਾਨ ਤੋਂ ਨਿਕਲ ਕੇ ਭਾਰਤ ਦੇ ਪੱਛਮੀ ਕੰਢਿਆਂ ਤੇ ਆ ਕੇ ਵੱਸ ਗਏ ਸਨ| ਉਨੀਵੀਂ ਸਦੀ ਦੇ ਅਖੀਰ ਵਿੱਚ ਜਦੋਂ ਬੰਗਾਲ ਵਿੱਚ ਕਸਬੀ ਨਾਟਕ ਹੋਂਦ ਵਿੱਚ ਆ ਰਿਹਾ ਸੀ ਤਾਂ ਕੁਝ ਪਾਰਸੀਆਂ ਨੇ ਵੀ ਨਾਟਕ ਅਤੇ ਦੂਜੀਆਂ ਕਲਾਵਾਂ ਵਿੱਚ ਆਪਣਾ ਯੋਗਦਾਨ ਪਾTਣਾ ਸ਼ੁਰੂ ਕੀਤਾ| ਇੱਕ ਪਾਰਸੀ ਫ਼ਰਾਮਜੀ ਨੇ ਵਪਾਰਕ ਦ੍ਰਿਸ਼ਟੀ ਨੂੰ ਧਿਆਨ ਵਿੱਚ ਰੱਖਦਿਆਂ ਪਹਿਲੀ ਪਾਰਸੀ ਨਾਟ-ਮੰਡਲੀ ਬਣਾਈ| 1930 ਤੱਕ ਇਨ੍ਹਾਂ ਨਾਟ ਮੰਡਲੀਆਂ ਦਾ ਪੂਰਾ ਬੋਲਬਾਲਾ ਰਿਹਾ| ਕੁਝ ਇੱਕ ਪ੍ਰਮੁੱਖ ਨਾਟ-ਮੰਡਲੀਆਂ ਦੇ ਨਾਂ ਇਸ ਪ੍ਰਕਾਰ ਹਨ| ਐਲਫ਼ਰੈਡ ਥੀਏਟਰੀਕਲ ਕੰਪਨੀ, ਓਲਡ ਥੀਏਟਰੀਕਲ ਕੰਪਨੀ, ਪਾਰਸੀ ਥੀਏਟਰੀਕਲ ਕਲੱਬ, ਆਦਿ| ਪਹਿਲਾਂ ਇਨ੍ਹਾਂ ਕੰਪਨੀਆਂ ਨੇ ਸ਼ੈਕਸਪੀਅਰ ਦੇ ਅਨੁਵਾਦਤ ਨਾਟਕਾਂ ਨੂੰ ਖੇਡਣਾ ਅਰੰਭ ਕੀਤਾ ਪਿੱਛੋਂ ਇਨ੍ਹਾਂ ਨੇ ਸਮਾਜ ਸੁਧਾਰਕ ਵਿਸ਼ਿਆਂ ’ਤੇ ਅਧਾਰਤ ਨਾਟਕ ਖੇਡੇ| ਇਨ੍ਹਾਂ ਵਿੱਚ ਅਭਿਨੈ ਕਰਨ ਵਾਲਾ ਅਦਾਕਾਰ ਸੋਹਣੀ ਦਿਖ ਵਾਲਾ ਅਤੇ ਅਦਾਕਾਰੀ ਵਿੱਚ ਮਾਹਰ ਹੁੰਦਾ ਸੀ| ਇਨ੍ਹਾਂ ਨਾਟਕਾਂ ਵਿੱਚ ਕੰਮ ਕਰਨ ਵਾਲੇ ਅਦਾਕਾਰਾਂ ਦੀ ਪੋਸ਼ਾਕ ਤੜਕ ਭੜਕ ਵਾਲੀ ਤੇ ਲਿਸ਼ਕਵੀਂ ਹੁੰਦੀ ਸੀ| ਕਾਵਿਕ ਤੇ ਲੈਅਮਈ ਸੰਵਾਦ ਦਰਸ਼ਕਾਂ ਨੂੰ ਕੀਲ ਲੈਂਦੇ ਸਨ| ਗੀਤ ਇਨ੍ਹਾਂ ਨਾਟਕਾਂ ਦੀ ਪੇਸ਼ਕਾਰੀ ਦਾ ਖਾਸਾ ਰਿਹਾ ਹੈ| ਗੀਤ ਦੇ ਬੋਲਾਂ ਰਾਹੀਂ ਦਰਸ਼ਕਾਂ ਨੂੰ ਉੱਤੇਜਿਤ ਕੀਤਾ ਜਾਂਦਾ ਸੀ| ਹਰੇਕ ਪਾਰਸੀ ਕੰਪਨੀ ਕੋਲ ਆਪਣਾ ਨਾਟਕਕਾਰ ਹੁੰਦਾ ਸੀ| ਇਨ੍ਹਾਂ ਨਾਟਕਾਂ ਨੂੰ ਖੇਡਣ ਤੋ ਬਾਅਦ ਪ੍ਰਕਾਸ਼ਤ ਨਹੀਂ ਸੀ ਕੀਤਾ ਜਾਂਦਾ| ਕੰਪਨੀਆਂ ਦੇ ਸ਼ਹਿਰ ਵਿੱਚ ਆਉਣ ਤੋਂ ਪਹਿਲਾਂ ਇਸ਼ਤਿਹਾਰ ਦੇ ਜ਼ਰੀਏ ਲੋਕਾਂ ਨੂੰ ਸੂਚਿਤ ਕੀਤਾ ਜਾਂਦਾ ਸੀ| ਆਗਾ ਹਸ਼ਰ ਮੁਹੰਮਦ ਇਸ ਸਮੇਂ ਦਾ ਸਭ ਤੋਂ ਮਸ਼ਹੂਰ ਨਾਟਕਕਾਰ ਹੋਇਆ ਹੈ| ਇਸ ਨੇ ਪਾਰਸੀ ਥੀਏਟਰ ਨੂੰ ਨਵੀਨ ਰੰਗਣ ਦਿੱਤੀ| ਤਕਨੀਕ ਪਖੋਂ ਪਾਰਸੀ ਥੀਏਟਰ ਭਾਰਤ ਦੀ ਲੋਕ ਨਾਟ ਪਰੰਪਰਾ ਅਤੇ ਪੱਛਮ ਦੇ ਥੀਏਟਰ ਦਾ ਰਲਵਾਂ ਮਿਲਵਾਂ ਅਨੁਸਰਨ ਕਰਦਾ ਸੀ| ਨਾਟਕੀ ਪੇਸ਼ਕਾਰੀ ਵੇਲੇ ਮੰਚ ਦੇ ਪਿਛੇ ਗੂੜ੍ਹੇ ਰੰਗ ਦਾ ਟੰਗਿਆ ਪਰਦਾ ਪ੍ਰਿਸ਼ਟ ਭੂਮੀ ਦਾ ਕੰਮ ਦਿੰਦਾ ਸੀ| ਨਾਟਕ ਦਾ ਅਰੰਭ ਮੰਗਲਾਚਰਣ ਤੋਂ ਹੁੰਦਾ ਸੀ| ਵਿਧੀਵਤ ਢੰਗ ਨਾਲ ਦੇਵੀ ਦੇਵਤਿਆਂ ਦੀ ਉਪਾਸਨਾ ਤੋਂ ਬਾਅਦ ਨਾਟਕ ਦੀ ਪੇਸ਼ਕਾਰੀ ਅਰੰਭ ਹੁੰਦੀ ਸੀ ਅਦਾਕਾਰਾਂ ਦੇ ਚਿਹਰੇ ਸ਼ੋਖ ਰੰਗਾਂ ਨਾਲ ਲਿੱਪੇ ਹੁੰਦੇ ਸਨ| ਕਈ ਨਾਟਕਾਂ ਦਾ ਅਰੰਭ ਸੂਤਰਧਾਰ ਦੇ ਬੋਲਾਂ ਦੁਆਰਾ ਹੁੰਦਾ ਸੀ| ਇਨ੍ਹਾਂ ਕੰਪਨੀਆਂ ਨੇ ਉਸ ਸਮੇਂ ਸਮੁੱਚੇ ਭਾਰਤ ਵਿੱਚ ਨਾਟਕ ਦੀ ਲਹਿਰ ਨੂੰ ਪ੍ਰਫ਼ੁੱਲਤ ਕੀਤਾ|
ਇਨ੍ਹਾਂ ਨਾਟਕਾਂ ਵਿੱਚ ਮਨਬਚਨੀਆਂ ਅਤੇ ਸਮੂਹਗਾਣ ਦਾ ਪ੍ਰਯੋਗ ਵਿਆਪਕ ਪੱਧਰ 'ਤੇ ਹੁੰਦਾ ਸੀ| ਦਰਸ਼ਕਾਂ ਨੂੰ ਸਿੱਧੇ ਰੂਪ ਵਿੱਚ ਸੰਬੋਧਨ ਕਰਨ ਦੀ ਰਵਾਇਤ ਦਾ ਵੀ ਇਸ ਨਾਟਕ ਵਿੱਚ ਆਮ ਪ੍ਰਚਲਨ ਸੀ| ਇਹ ਨਾਟਕ ਦੇਰ ਰਾਤ ਨੂੰ ਅਰੰਭ ਹੁੰਦੇ ਅਤੇ ਸਵੇਰੇ ਚਾਰ ਪੰਜ ਵਜੇ ਤੱਕ ਸਮਾਪਤ ਹੁੰਦੇ ਸਨ| ਇਤਿਹਾਸ, ਮਿਥਿਹਾਸ ਅਤੇ ਰਾਸਲੀਲਾ ਦੇ ਵਿਸ਼ਿਆਂ ਨਾਲ ਸੰਬੰਧਤ ਇਨ੍ਹਾਂ ਨਾਟਕਾਂ ਵਿੱਚ ਮਸ਼ਕਰੀ ਦਾ ਅੰਸ਼ ਜ਼ਰੂਰ ਸ਼ਾਮਲ ਹੁੰਦਾ ਸੀ| ਇਸ ਥੀਏਟਰ ਦੇ ਅਦਾਕਾਰ ਗਾਉਣ ਨੱਚਣ ਦੀ ਕਲਾ ਵਿੱਚ ਪ੍ਰਬੀਨ ਜਾਣੇ ਜਾਂਦੇ ਸਨ| ਆਪਣੇ ਰੋਲ ਨੂੰ ਸਫ਼ਲਤਾ ਪੂਰਵਕ ਨਿਭਾTਣ ਲਈ ਕਲਾਕਾਰ ਘੰਟਿਆਂ ਬੱਧੀ ਮਸ਼ਕ ਕਰਦੇ ਅਤੇ ਦਰਸ਼ਕਾਂ ਦੇ ਭਾਰੀ ਹਜੂਮ ਸਾਹਮਣੇ ਆਪਣੀ ਅਵਾਜ਼ ਨੂੰ ਉਚੀ ਸੁਰ ਵਿੱਚ ਦਰਸ਼ਕਾਂ ਤੱਕ ਪੁਚਾTਣ ਵਿੱਚ ਕਮਾਲ ਹਾਸਿਲ ਕਰਦੇ ਸਨ| ਇਸਤਰੀ ਪਾਤਰਾਂ ਦੀ ਭੂਮਿਕਾ ਮਰਦਾਂ ਵਲੋਂ ਨਿਭਾਈ ਜਾਂਦੀ ਸੀ| ਇੱਕ ਇੱਕ ਥੀਏਟਰੀਕਲ ਕੰਪਨੀ ਕੋਲ ਸੌ ਤੋਂ ਡੇਢ ਸੌ ਕਲਾਕਾਰਾਂ ਤੱਕ ਦੀ ਗਿਣਤੀ ਹੁੰਦੀ ਸੀ| ਅਭਿਨੇਤਾਵਾਂ ਦੀ ਪਛਾਣ ਕਿਸੇ ਇੱਕ ਵਿਸ਼ੇਸ਼ ਪਾਤਰ ਦੀ ਭੂਮਿਕਾ ਨਿਭਾTਣ ਨਾਲ ਜੁੜੀ ਹੁੰਦੀ ਸੀ| ਭਾਰਤੀ ਨਾਟਕ ਦੇ ਇਤਿਹਾਸ ਵਿੱਚ ਪਾਰਸੀ ਥੀਏਟਰ ਦੀ ਭੂਮਿਕਾ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ| ਵੀਹਵੀਂ ਸਦੀ ਦੇ ਤੀਜੇ ਦਹਾਕੇ ਤੱਕ ਇਨਾਂ ਥੀਏਟਰੀਕਲ ਕੰਪਨੀਆਂ ਦਾ ਪੂਰਾ ਪ੍ਰਭਾਵ ਰਿਹਾ| ਫਿਲ਼ਮਾਂ ਦੇ ਆਉਣ ਨਾਲ ਭਾਵੇਂ ਇਹ ਥੀਏਟਰ ਪਰੰਪਰਾ ਬਹੁਤ ਮੱਧਮ ਪੈ ਗਈ ਪਰ ਭਾਰਤ ਦੀ ਹਰੇਕ ਭਾਸ਼ਾ ਵਿੱਚ ਰਚੇ ਗਏ ਨਾਟ-ਸਾਹਿਤ ਨੇ ਸੁਚੇਤੇਅਚੇਤ ਰੂਪ ਵਿੱਚ ਪਾਰਸੀ ਥੀਏਟਰ ਦੇ ਪ੍ਰਭਾਵ ਨੂੰ ਕਬੂਲਿਆ ਹੈ| ਪੰਜਾਬੀ ਨਾਟਕ ਉੱਤੇ ਵੀ ਪਾਰਸੀ ਥੀਏਟਰ ਦਾ ਪ੍ਰਭਾਵ ਸਪਸ਼ਟ ਰੂਪ ਵਿੱਚ ਦ੍ਰਿਸ਼ਟੀਗੋਚਰ ਹੁੰਦਾ ਹੈ| ਇਨ੍ਹਾਂ ਕੰਪਨੀਆਂ ਦੇ ਪ੍ਰਭਾਵ ਥੱਲੇ ਉਪਜੀਆਂ ਨਾਟਕ ਮੰਡਲੀਆਂ ਨੇ ਪੰਜਾਬੀ ਵਿੱਚ ਨਾਟਕ ਖੇਡਣੇ ਸ਼ੁਰੂ ਕੀਤੇ ਸਨ| ਪੰਜਾਬੀ ਨਾਟਕ ਦੇ ਮੋਢੀ ਨਾਟਕਕਾਰ ਡਾ. ਚਰਨ ਸਿੰਘ, ਬਾਵਾ ਬੁਧ ਸਿੰਘ, ਅਰੂੜ ਸਿੰਘ ਤਾਇਬ, ਆਈ.ਸੀ.ਨੰਦਾ, ਕਿਰਪਾ ਸਾਗਰ, ਗਿਆਨੀ ਦਿੱਤ ਸਿੰਘ, ਵਗੈਰਾ ਅਜਿਹੇ ਨਾਟਕਕਾਰ ਹਨ ਜਿਹੜੇ ਪਾਰਸੀ ਨਾਟ ਮੰਡਲੀਆਂ ਦੁਆਰਾ ਪ੍ਰਦਰਸ਼ਿਤ ਕੀਤੇ ਜਾਣ ਵਾਲੇ ਨਾਟਕਾਂ ਦੇ ਦਰਸ਼ਕ ਸਨ| ਇਉਂ ਇਨ੍ਹਾਂ ਨਾਟਕਕਾਰਾਂ ਨੇ ਸੁਚੇਤ-ਅਚੇਤ ਰੂਪ ਵਿੱਚ ਪਾਰਸੀ ਥੀਏਟਰ ਦੇ ਪ੍ਰਭਾਵ ਨੂੰ ਗ੍ਰਹਿਣ ਕੀਤਾ ਹੈ| (ਸਹਾਇਕ ਗ੍ਰੰਥ - ਸਤੀਸ਼ ਕੁਮਾਰ ਵਰਮਾ : ਪੰਜਾਬੀ ਨਾਟਕ ਦਾ ਇਤਿਹਾਸ; ਗੁਰਦਿਆਲ ਸਿੰਘ ਫੁੱਲ : ਪੰਜਾਬੀ ਨਾਟਕ ਸਰੂਪ ਸਿਧਾਂਤ ਤੇ ਵਿਕਾਸ)

ਪਾਲਾ

Folk theatre of Orissa

ਉੜੀਸਾ ਦੇ ਇਸ ਲੋਕ ਨਾਟਕ ਦੀ ਅਭਿਵਿਅਕਤੀ ਗੀਤਾਂ ਦੇ ਮਾਧਿਅਮ ਰਾਹੀਂ ਹੁੰਦੀ ਹੈ| ਇਸ ਨਾਟਕੀ ਗੀਤ ਵਿੱਚ ਗਾਉਣ ਮੰਡਲੀ ਦੇ ਪਾਤਰ ਪੰਜ ਤੋਂ ਛੇ ਵਿਅਕਤੀ ਹੁੰਦੇ ਹਨ| ''ਮੁੱਖ ਗਾਇਕ ਸਿਰ ਉੱਤੇ ਉਨਾਬੀ ਰੰਗ ਦੀ ਦਸਤਾਰ ਪਹਿਨਦਾ ਹੈ, ਮੋਰ ਦੇ ਖੰਭਾਂ ਦੀ ਕਲਗੀ| ਕੰਨਾਂ ਵਿੱਚ ਸੋਨੇ ਦੇ ਕੁੰਡਲ| ਸੱਜੇ ਹੱਥ ਵਿੱਚ ਚੰਵਰ ਜੋ ਕਾਲੇ ਮ੍ਰਿਗ ਦੇ ਵਾਲਾਂ ਦਾ ਬਣਿਆ ਹੁੰਦਾ ਹੈ| ਤਿੰਨ ਸਾਜ਼ਿੰਦੇ ਵੱਡੇ-ਵੱਡੇ ਛੈਣੇ ਵਜਾਉਂਦੇ ਹਨ| ਇੱਕ ਜਣਾ ਹੱਠ-ਕਾਠੀ (ਕਾਠ ਦੀ ਬਣੀ ਹੋਈ ਖੜਤਾਲ ਵਰਗੀ ਚੀਜ) ਖੜਕਾਉਂਦਾ ਹੈ| ਇੱਕ ਜਣਾ ਮ੍ਰਿਦੰਗ ਵਜਾਉਂਦਾ ਹੈ| ਸਾਰੇ ਸਾਜਿੰਦੇ ਪੇਟੀਕੋਟ ਤੇ ਬਲਾਊਜ਼ ਪਹਿਨਦੇ ਹਨ| ਉਨ੍ਹਾਂ ਦੀ ਛਾਤੀ ਉੱਤੇ ਚਾਂਦੀ ਦੇ ਤਮਗੇ ਸਜੇ ਹੁੰਦੇ ਹਨ ਤੇ ਲੱਕ ਕਮਰਬੰਦ ਇਸ ਪਹਿਰਾਵੇ ਵਿੱਚ ਉਹ ਅਦਭੁਤ ਨਾਰੀ ਰੂਪ ਜਾਪਦੇ ਹਨ|'' (ਬਲਵੰਤ ਗਾਰਗੀ- ਲੋਕ ਨਾਟਕ, ਪੰਨਾ 188)
ਇਸ ਨਾਟਕ ਦੀ ਪ੍ਰਦਰਸ਼ਨੀ ਦਾ ਅਲੌਕਿਕ ਵਿਧਾਨ ਹੈ| ਮੁੱਖ ਗਾਇਕ ਦੀ ਭੂਮਿਕਾ ਨਿਭਾਉਣ ਵਾਲਾ ਪਾਤਰ ਗਾਉਣ ਦੇ ਨਾਲ ਨਾਲ ਨ੍ਰਿਤ ਕਲਾ ਦਾ ਵੀ ਮਾਹਿਰ ਹੁੰਦਾ ਹੈ| ਸਾਜ਼ ਵਜਾਉਣ ਵਾਲੇ ਪੂਰੀ ਤਰ੍ਹਾਂ ਵਜਦ ਤੇ ਮਸਤੀ ਵਿੱਚ ਮੁੱਖ ਗਾਇਕ ਦੇ ਗੀਤਾਂ ਦੀ ਪ੍ਰੋੜਤਾ ਕਰਦੇ ''ਹੈਂ-ਹੈਂ-ਹੈਂ'' ਦੀ ਆਵਾਜ਼ ਨਾਲ ਸਮਾਂ ਬੰਨ੍ਹ ਦਿੰਦੇ ਹਨ| ਜਿੱਥੇ ਮੁੱਖ ਗਾਇਕ ਉਨ੍ਹਾਂ ਨੂੰ ਚੁੱਪ ਕਰਨ ਦਾ ਇਸ਼ਾਰਾ ਕਰਦਾ ਹੈ ਉੱਥੇ ਉਹ ਉਸੇ ਵੇਲੇ ਮੌਨ ਧਾਰ ਲੈਂਦੇ ਹਨ| ਪੂਰੇ ਨਾਟਕ ਵਿੱਚ ਸਾਜ਼ਿੰਦੇ, ਮੁੱਖ ਗਾਇਕ ਦਾ ਅਨੁਸਰਨ ਕਰਦੇ ਨਾਟਕੀ ਮਾਹੌਲ ਦੀ ਸਿਰਜਨਾ ਕਰਦੇ ਹਨ| ਇਸ ਦਾ ਮੁੱਖ ਪਾਤਰ ਬੜਾ ਹੰਢਿਆ ਵਰਤਿਆ ਕਲਾਕਾਰ ਹੁੰਦਾ ਹੈ | ਲੋਕ ਨ੍ਰਿਤ ਦੇ ਨਾਲ ਨਾਲ ਸ਼ਾਸਤ੍ਰੀ ਨ੍ਰਿਤ ਬਾਰੇ ਵੀ ਉਸਨੂੰ ਭਰਪੂਰ ਜਾਣਕਾਰੀ ਹੁੰਦੀ ਹੈ| ਗਾਇਨ ਕਲਾ ਵਿੱਚ ਉਸਦੀ ਉਚੇਰੀ ਮੁਹਾਰਤ ਇਸ ਕਲਾ ਰੂਪ ਨੂੰ ਵਿਲੱਖਣ ਸੁਹਜ ਪ੍ਰਦਾਨ ਕਰਨ ਵਿੱਚ ਵੱਡਾ ਰੋਲ ਅਦਾ ਕਰਦੀ ਹੈ| ਆਪਣੇ ਸਾਹਿਤ ਸਭਿਆਚਾਰ ਬਾਰੇ ਵੀ ਉਸਦਾ ਵਿਆਪਕ ਗਿਆਨ ਹੁੰਦਾ ਹੈ ਜਿਸ ਸਦਕਾ ਅਭਿਨੈ ਦੇ ਦੌਰਾਨ ਹੀ ਉਹ ਸੰਸਕ੍ਰਿਤ ਤੇ ਉੜੀਸਾ ਭਾਸ਼ਾ ਦੇ ਸਾਹਿਤ ਵਿੱਚੋਂ ਕਵਿਤਾਵਾਂ ਦੇ ਹਵਾਲੇ ਦੇਂਦਾ ਹੋਇਆ ਆਪਣੀ ਪ੍ਰਤਿਭਾ ਦਾ ਕਮਾਲ ਦਰਸਾਉਂਦਾ ਹੈ| ਨਾਟਕੀ ਗੀਤ ਦਾ ਅਭਿਨੇਤਾ ਚਿਹਰੇ ਦੇ ਹਾਵ ਭਾਵ ਰਾਹੀਂ ਅੰਦਰੂਨੀ ਭਾਵਨਾਵਾਂ ਨੂੰ ਪ੍ਰਗਟਾਉਣ ਵਿੱਚ ਬੜਾ ਸਮਰੱਥ ਹੁੰਦਾ ਹੈ| ਜਦੋਂ ਉਹ ਪੂਰੇ ਵੇਗ ਵਿੱਚ ਆਉਂਦਾ ਹੈ ਤਾਂ ਬੜੀਆਂ ਉਚੀਆਂ ਉਚੀਆਂ ਛਾਲਾਂ ਮਾਰ ਕੇ ਆਪਣੀ ਕਲਾ ਦੇ ਜੌਹਰ ਦਿਖਾਉਂਦਾ ਹੈ| ਇਸ ਨਾਟਕ ਦਾ ਮੁੱਖ ਪਾਤਰ ਗਾਇਕ ਹੁੰਦਾ ਹੈ| ਇੱਕੋ ਸਮੇਂ ਉਹ ਬਿਨ੍ਹਾਂ ਪਹਿਰਾਵਾ ਬਦਲੇ ਕਈ ਕਈ ਪਾਤਰਾਂ ਦੀ ਭੂਮਿਕਾ ਨਿਭਾਉਣ ਵਿੱਚ ਸਮਰੱਥ ਕਲਾਕਾਰ ਹੁੰਦਾ ਹੈ| ਪੂਰਾ ਨਾਟਕ ਗੀਤਾਂ ਦੇ ਬੋਲਾਂ ਨਾਲ ਅੱਗੇ ਵਧਦਾ ਹੈ| ਗੀਤਾਂ ਦੇ ਬਦਲਣ ਨਾਲ ਇੱਕੋ ਪਾਤਰ, ਦੂਜੇ ਪਾਤਰ ਦਾ ਰੋਲ ਬੜੇ ਕੁਸ਼ਲ ਢੰਗ ਨਾਲ ਨਿਭਾਅ ਲੈਂਦਾ ਹੈ| ਪੂਰੇ ਨਾਟਕ ਵਿੱਚ ਪਾਤਰ ਬਦਲਵੇਂ ਰੂਪ ਨਾਲ ਇੱਕ ਦੂਜੇ ਦੀ ਭੂਮਿਕਾ ਨਿਭਾ ਲੈਂਦੇ ਹਨ| ਨਾਟਕ ਦੇਖਣ ਵਾਲੇ ਉਹਨਾਂ ਨੂੰ ਉਸੇ ਬਦਲਵੇਂ ਰੂਪ ਵਿੱਚ ਉਨੀਂ ਹੀ ਫੁਰਤੀ ਨਾਲ ਸਵੀਕਾਰ ਕਰ ਲੈਂਦੇ ਹਨ| ਪਾਤਰਾਂ ਵਿੱਚ ਅਜਿਹੀ ਤੇਜ਼ੀ ਨਾਲ ਕਲਾਮਈ ਪਰਿਵਰਤਨ ਲਿਆਉਣ ਵੇਲੇ ਸਭ ਤੋਂ ਵੱਡਾ ਰੋਲ ਹਸਤ ਮੁਦਰਾਵਾਂ ਦਾ ਹੁੰਦਾ ਹੈ| ਅਜਿਹੇ ਨਾਟਕੀ ਗੀਤ ਦਾ ਅਭਿਨੇਤਾ ਹਸਤ ਅਭਿਨੈ ਦੀ ਕਲਾ ਤੋਂ ਸੂਖ਼ਮ ਰੂਪ ਵਿੱਚ ਜਾਣੂੰ ਹੁੰਦਾ ਹੈ| ਇਸ ਦੇ ਵਿਸ਼ੇ ਇਤਿਹਾਸਕ ਕਥਾਵਾਂ/ਗਾਥਾਵਾਂ ਨਾਲ ਸੰਬੰਧਤ ਹੁੰਦੇ ਹਨ| (ਸਹਾਇਕ ਗ੍ਰੰਥ - ਬਲਵੰਤ ਗਾਰਗੀ : ਲੋਕ ਨਾਟਕ)

ਪਿੱਛਲਝਾਤ

Flash Back

ਸਾਹਿਤ ਦੇ ਦੂਜੇ ਯਾਨਰਾਂ ਦੀ ਤਰ੍ਹਾਂ ਨਾਟਕ ਵਿੱਚ ਵੀ ਪਿੱਛਲ ਝਾਤ ਦੀ ਜੁਗਤ ਆਮ ਵਰਤੀ ਜਾਂਦੀ ਹੈ| ਨਾਟਕ ਸਿਰਜਣ ਦੀ ਇਸ ਜੁਗਤ ਰਾਹੀਂ ਨਾਟਕਕਾਰ ਨਾਟਕ ਦੀ ਘਟਨਾ ਦਾ ਬਿਆਨ ਕਰਨ ਵੇਲੇ ਕਿਸੇ ਪਾਤਰ ਜਾਂ ਸਥਿਤੀ ਬਾਰੇ ਪੂਰਾ ਵੇਰਵਾ ਨਹੀ ਦੇਂਦਾ ਸਗੋਂ ਕੁਝ ਲੁਕਾ ਰੱਖ ਲੈਂਦਾ ਹੈ| ਅਜਿਹੀ ਜਾਣਕਾਰੀ ਦਾ ਬਿਆਨ ਅੱਗੇ ਚਲ ਕੇ ਦਿੱਤਾ ਜਾਂਦਾ ਹੈ| ਇਸ ਨੂੰ ਪਿੱਛਲ ਝਾਤ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਪਿੱਛਲੇ ਹਿੱਸੇ ਦੀਆਂ ਘਟਨਾਵਾਂ ਦੀ ਰਹਿੰਦੀ ਜਾਣਕਾਰੀ ਬਾਰੇ ਝਾਤ ਪਿੱਛੋਂ ਪੁਆਈ ਜਾਂਦੀ ਹੈ| ਨਾਟਕ ਵਿੱਚ ਇਸ ਦੀ ਵਰਤੋਂ ਪਾਤਰਾਂ ਦੀ ਆਪਸੀ ਗੱਲਬਾਤ ਜਾਂ ਸੂਤਰਧਾਰ ਦੇ ਮਾਧਿਅਮ ਰਾਹੀਂ ਕੀਤੀ ਜਾਂਦੀ ਹੈ| ਨਾਟਕ ਦੇਖ ਰਹੇ ਦਰਸ਼ਕ ਮੰਚ ਉੱਤੇ ਅਭਿਨੇਤਾਵਾਂ ਦੀ ਹੁੰਦੀ ਗੱਲਬਾਤ ਤੋਂ ਅਜਿਹੀ ਜਾਣਕਾਰੀ ਹਾਸਿਲ ਕਰਦੇ ਹਨ ਜਾਂ ਫ਼ੇਰ ਸੂਤਰਧਾਰ ਦਰਸ਼ਕਾਂ ਨੂੰ ਬੀਤ ਚੁਕੀ ਘਟਨਾ ਨਾਲ ਜੋੜਦਾ ਹੈ| ਅਜਿਹੀ ਘਟਨਾ ਦੀ ਮੰਚ ਉੱਤੇ ਪੇਸ਼ਕਾਰੀ ਨਹੀਂ ਕੀਤੀ ਜਾਂਦੀ ਸਗੋਂ ਬਿਆਨ ਦੀ ਵਿਧੀ ਰਾਹੀਂ ਦਰਸ਼ਕਾਂ ਨੂੰ ਉਸ ਘਟਨਾ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ| ਇਸ ਦੀ ਵਰਤੋਂ ਸਮੇਂ ਦੀ ਸੀਮਾਂ ਨੂੰ ਵੀ ਧਿਆਨ ਵਿੱਚ ਰੱਖ ਕੇ ਕੀਤੀ ਜਾਂਦੀ ਹੈ| ਘਟਨਾ ਦੇ ਪੇਸ਼ ਹੋਣ ਵਾਲੇ ਸਮੇਂ ਨੂੰ ਸੂਚਨਾ ਦੇਣ ਦੇ ਢੰਗ ਰਾਹੀਂ ਬਚਾਇਆ ਜਾਂਦਾ ਹੈ| ਸੂਤਰਧਾਰ ਦੀ ਅਜਿਹੀ ਬਿਆਨ ਦੀ ਵਿਧੀ ਰਾਹੀਂ ਦਰਸ਼ਕਾਂ ਨੂੰ ਦ੍ਰਿਸ਼ ਜਗਤ ਨਾਲ ਜੋੜਿਆ ਜਾਂਦਾ ਹੈ| ਨਾਟਕਕਾਰ ਕਈ ਮੌਕਿਆਂ 'ਤੇ ਅਜਿਹੀ ਵਿਧੀ ਦੀ ਵਰਤੋਂ ਕਰਦਾ ਹੋਇਆ ਵਰਤਮਾਨ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਦੇ ਪਿਛੋਕੜ ਨੂੰ ਸਿਰਜਦਾ ਹੋਇਆ ਦਰਸ਼ਕਾਂ ਨੂੰ ਅਤੀਤ ਦੇ ਵੇਰਵਿਆਂ ਤੋਂ ਜਾਣੂੰ ਕਰਵਾਉਂਦਾ ਹੈ| ਗੁਰਸ਼ਰਨ ਸਿੰਘ ਦੇ ਨਾਟਕਾਂ ਵਿੱਚ ਇਸ ਵਿਧੀ ਦੀ ਵਰਤੋਂ ਆਮ ਕੀਤੀ ਗਈ ਹੈ ਜਦੋਂ ਪਿੰਡ ਦਾ ਸਿਆਣੀ ਉਮਰ ਦਾ ਵਿਅਕਤੀ ਪਿੰਡ ਦੇ ਲੋਕਾਂ ਨੂੰ ਭਾਰਤ ਤੇ ਪੰਜਾਬ ਦੇ ਸੁਨਹਿਰੀ ਅਤੀਤ ਦੀ ਗਾਥਾ ਸੁਣਾਉਂਦਾ ਹੈ| ਅਜਮੋਰ ਔਲਖ ਦੇ ਨਾਟਕ ਅੰਨ੍ਹੇ ਨਿਸ਼ਾਨਚੀ ਵਿੱਚ ਵੀ ਪਿੱਛਲ ਝਾਤ ਦੀ ਵਰਤੋਂ ਕੀਤੀ ਗਈ ਹੈ| ਜਗਦੀਸ਼ ਸਚਦੇਵਾ ਦੇ ਨਾਟਕ ਸਾਵੀ ਦਾ ਪਹਿਲਾ ਦ੍ਰਿਸ਼ ਪਿੱਛਲਝਾਤ ਰਾਹੀਂ ਸ਼ੁਰੂ ਹੁੰਦਾ ਹੈ ਜਿਸ ਤੋਂ ਦਰਸ਼ਕਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਕੋਈ ਅਜਿਹਾ ਭੇਤ ਹੈ ਜਿਹੜਾ ਸਾਵੀ ਨੇ ਰਾਂਝੂ ਤੋਂ ਛੁਪਾਇਆ ਹੋਇਆ ਹੈ| ਮਿੰਜਰਾਂ ਦੇ ਮੇਲੇ ਦਾ ਨਾਂ ਸੁਣ ਕੇ ਸਾਵੀ ਚੀਖਣ ਲੱਗ ਪੈਂਦੀ ਹੈ ਤੇ ਅਤੀਤ ਦੀਆਂ ਯਾਦਾਂ ਵਿੱਚ ਗੁਆਚ ਜਾਂਦੀ ਹੈ| ਨਾਟਕ ਦਾ ਅਗਲਾ ਹਿੱਸਾ ਬੀਤੇ ਦੀਆਂ ਘਟਨਾਵਾਂ ਨੂੰ ਸਾਕਾਰ ਕਰਦਾ ਹੈ| ਨਾਟਕ ਵਿੱਚ ਇਸ ਵਿਧੀ ਦੀ ਵਰਤੋਂ ਦਾ ਕਾਫੀ ਪ੍ਰਚਲਨ ਹੈ|

ਪਿੱਟ

Pit

ਮੰਚ ਦੇ ਅਗਲੇ ਪਾਸੇ ਬਣੀ ਅਜਿਹੀ ਥਾਂ ਨੂੰ ਪਿੱਟ ਕਿਹਾ ਜਾਂਦਾ ਸੀ ਜਿੱਥੇ ਅਕਸਰ ਸੰਗੀਤਕਾਰ ਬੈਠਦੇ ਸਨ| ਇਹ ਥਾਂ ਸਟੇਜ ਦੇ ਮੁਕਾਬਲੇ ਡੂੰਘੀ ਬਣੀ ਹੁੰਦੀ ਸੀ| ਮੰਚ ਦੇ ਸਾਹਮਣੇ ਬੈਠੇ ਦਰਸ਼ਕ ਇਸ ਥਾਂ ਨੂੰ ਦੇਖਣ ਦੇ ਸਮਰੱਥ ਨਹੀਂ ਸਨ ਹੁੰਦੇ| ਅਜੋਕੇ ਸਮੇਂ ਵਿੱਚ ਬਣਨ ਵਾਲੇ ਥੀਏਟਰਾਂ ਵਿੱਚ ਹੁਣ ਪਿੱਟ ਦਾ ਨਿਰਮਾਣ ਨਹੀਂ ਕੀਤਾ ਜਾਂਦਾ| (ਸਹਾਇਕ ਗ੍ਰੰਥ - ਆਤਮਜੀਤ : ਨਾਟਕ ਦਾ ਨਿਰਦੇਸ਼ਨ)

ਪਿੱਠ ਭੂਮੀ ਸੰਗੀਤ

Background score

ਨਾਟਕ ਵਿੱਚ ਪਿੱਠ ਭੂਮੀ ਸੰਗੀਤ ਦੀ ਵਰਤੋਂ ਵਾਤਾਵਰਨ ਦੀ ਉਸਾਰੀ ਲਈ ਕੀਤੀ ਜਾਂਦੀ ਹੈ| ਨਾਟਕ ਦੇ ਪ੍ਰਦਰਸ਼ਨ ਵੇਲੇ ਆਮ ਤੌਰ 'ਤੇ ਦੋ ਤਰ੍ਹਾਂ ਦੇ ਸੰਗੀਤ ਦੀ ਵਰਤੋਂ ਕੀਤੀ ਜਾਂਦੀ ਹੈ| ਇੱਕ ਨੂੰ ਨਾਟਕੀ ਸੰਗੀਤ ਅਤੇ ਦੂਜੇ ਨੂੰ ਪਿੱਠ ਭੂਮੀ ਸੰਗੀਤ ਕਿਹਾ ਜਾਂਦਾ ਹੈ| ਨਾਟਕੀ ਸੰਗੀਤ ਨਾਟਕ ਦੀ ਸਕ੍ਰਿਪਟ ਦਾ ਹਿੱਸਾ ਹੁੰਦਾ ਹੈ| ਅਜਿਹੇ ਸੰਗੀਤ ਦੀ ਵਰਤੋਂ ਨਾਟਕ ਦੇ ਪ੍ਰਦਰਸ਼ਨ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ| ਸਮੂਹਗਾਣ ਜਾਂ ਕੋਰਸ ਨਾਟਕੀ ਸੰਗੀਤ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹੁੰਦਾ ਹੈ ਜਿਸ ਰਾਹੀਂ ਨਾਟਕੀ ਕਥਾ ਨੂੰ ਅੱਗੇ ਤੋਰਨ, ਵਿਸਤਾਰ ਦੇਣ ਜਾਂ ਪਾਤਰਾਂ ਦੇ ਭਾਵਾਂ ਨੂੰ ਪ੍ਰਗਟਾਉਣ ਦਾ ਕੰਮ ਲਿਆ ਜਾਂਦਾ ਹੈ| ਦੂਜੀ ਤਰ੍ਹਾਂ ਦੇ ਸੰਗੀਤ ਨੂੰ ਪਿੱਠ ਭੂਮੀ ਸੰਗੀਤ ਕਿਹਾ ਜਾਂਦਾ ਹੈ| ਇਹ ਸੰਗੀਤ ਨਾਟਕੀ ਸਕ੍ਰਿਪਟ ਦਾ ਹਿੱਸਾ ਨਹੀਂ ਹੁੰਦਾ ਇਸ ਦੀ ਵਰਤੋਂ ਪਿੱਠ ਭੂਮੀ ਤੋਂ ਕੀਤੀ ਜਾਂਦੀ ਹੈ ਪਰ ਨਾਟਕੀ ਪ੍ਰਭਾਵ ਨੂੰ ਤੀਬਰਤਾ ਪ੍ਰਦਾਨ ਕਰਨ ਵਿੱਚ ਇਸ ਸੰਗੀਤ ਦਾ ਰੋਲ ਬੜਾ ਕਾਰਗਰ ਸਿੱਧ ਹੁੰਦਾ ਹੈ| ਅਜਿਹਾ ਸੰਗੀਤ ਨਾਟਕ ਦੇ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਚਲਦਾ ਹੈ| ਭਾਵੇਂ ਇਹ ਸੰਗੀਤ ਨਾਟਕ ਦੇ ਲਿਖਤੀ ਪਾਠ ਦਾ ਹਿੱਸਾ ਨਹੀਂ ਹੁੰਦਾ ਪਰ ਇਸਦਾ ਕਦਾਚਿਤ ਅਰਥ ਨਾਟਕ ਦੀ ਪੇਸ਼ਕਾਰੀ ਦੇ ਸੁਹਜ ਵਿੱਚ ਕੇਵਲ ਵਾਧਾ ਕਰਨਾ ਹੀ ਨਹੀਂ ਹੁੰਦਾ ਸਗੋਂ ਨਾਟਕ ਦੇ ਥੀਮ ਨੂੰ ਸਸ਼ਕਤ ਰੂਪ ਨਾਲ ਉਭਾਰਨ ਵਿੱਚ ਅਜਿਹੇ ਸੰਗੀਤ ਦੀ ਮਹੱਤਤਾ ਸਾਰਥਕ ਸਿੱਧ ਹੁੰਦੀ ਹੈ| ਨਾਟਕ ਵਿੱਚ ਬਦਲਦੇ ਦ੍ਰਿਸ਼ਾਂ ਅਨੁਕੂਲ ਢੁਕਵਾਂ ਵਾਤਾਵਰਨ ਸਿਰਜਨ ਅਤੇ ਨਾਟਕੀ ਸਿਖਰ ਨੂੰ ਪ੍ਰਭਾਵੀ ਬਣਾਉਣ ਵਿੱਚ ਅਜਿਹਾ ਸੰਗੀਤ ਆਪਣੀ ਭੂਮਿਕਾ ਨਿਭਾਉਂਦਾ ਹੈ| ਨਾਟਕੀ ਪ੍ਰਦਰਸ਼ਨੀ ਦੇ ਦੌਰਾਨ ਪਿੱਠ ਭੂਮੀ ਤੋਂ ਆ ਰਿਹਾ ਅਜਿਹਾ ਸੰਗੀਤ ਅਦਾਕਾਰਾਂ ਨੂੰ ਅਦਾਕਾਰੀ ਨਿਭਾਉਣ, ਸੰਵਾਦਾਂ ਦਾ ਉਚਾਰਨ ਕਰਨ ਅਤੇ ਮਨੋਭਾਵਾਂ ਨੂੰ ਸਾਕਾਰ ਕਰਨ ਵਿੱਚ ਮਦਦ ਕਰਦਾ ਹੈ| ਅਜਿਹੇ ਸੰਗੀਤ ਦੀ ਢੁੱਕਵੀਂ ਵਰਤੋਂ ਨਾਟਕੀ ਕਾਰਜ ਨੂੰ ਗਤੀਸ਼ੀਲਤਾ ਪ੍ਰਦਾਨ ਕਰਨ ਵਿੱਚ ਕਾਰਗਰ ਸਿੱਧ ਹੁੰਦੀ ਹੈ ਪਰ ਬੇਲੋੜਾ ਤੇ ਬੇਮੌਕਾ ਸੰਗੀਤ ਪ੍ਰਦਰਸ਼ਨੀ ਦੀ ਅਸਫ਼ਲਤਾ ਦਾ ਕਾਰਨ ਬਣਦਾ ਹੈ| ਅਜਿਹੀ ਸਥਿਤੀ ਵਿੱਚ ਦਰਸ਼ਕਾਂ ਦਾ ਧਿਆਨ ਨਾਟਕ ਦੇ ਥੀਮ, ਕਾਰਜ ਅਤੇ ਸੰਵਾਦਾਂ ਤੋਂ ਹਟ ਕੇ ਕੇਵਲ ਸੰਗੀਤ ਦੇ ਆਲੇ ਦੁਆਲੇ ਹੋ ਜਾਂਦਾ ਹੈ| ਇਉਂ ਦਰਸ਼ਕ ਨਾਟਕ ਦੇ ਥੀਮ ਤੋਂ ਲਾਂਭੇ ਹੋ ਕੇ ਮਹਿਜ਼ ਸੰਗੀਤ ਦਾ ਅਨੰਦ ਲੈਣ ਤੱਕ ਸੀਮਤ ਹੋ ਜਾਂਦੇ ਹਨ| ਅਜਿਹੀ ਸਥਿਤੀ ਵਿੱਚ ਸੰਗੀਤ ਦਾ ਤੱਤ ਪੇਸ਼ਕਾਰੀ ਵਿੱਚ ਵਿਘਨ ਬਣ ਜਾਂਦਾ ਹੈ| ਭਰਤ ਮੁਨੀ ਦੇ ਨਾਟ ਸ਼ਾਸਤਰ ਵਿੱਚ ਵੀ ਨਾਟਕ ਅਤੇ ਥੀਏਟਰ ਦੇ ਮਹੱਤਵਪੂਰਨ ਤੱਤਾਂ ਵਿੱਚੋਂ ਸੰਗੀਤ ਨੂੰ ਵਿਸ਼ੇਸ਼ ਸਥਾਨ ਦਿੱਤਾ ਗਿਆ ਹੈ| ਸੰਗੀਤ ਤੋਂ ਬਿਨਾਂ ਨਾਟਕ ਦੀ ਕਲਾ ਨੂੰ ਅਧੂਰਾ ਮੰਨਿਆ ਗਿਆ ਹੈ| ਨਾਟ ਸ਼ਾਸਤਰ ਵਿੱਚ ਨਾਟਕ ਦੀ ਪੇਸ਼ਕਾਰੀ ਲਈ ਗੀਤ ਅਤੇ ਸਾਜ਼ਾਂ ਦੇ ਵਿਧੀ ਵਿਧਾਨ ਦਾ ਵੀ ਬੜਾ ਵਿਸਤ੍ਰਿਤ ਉਲੇਖ ਕੀਤਾ ਮਿਲਦਾ ਹੈ| ਭਰਤ ਮੁਨੀ ਤੋਂ ਬਾਅਦ ਦੇ ਨਾਟ ਆਚਾਰੀਆਂ ਨੇ ਵੀ ਸੰਗੀਤ ਤੋਂ ਬਿਨਾਂ ਨਾਟਕ ਕਲਾ ਨੂੰ ਅਧੂਰਾ ਮੰਨਿਆ ਹੈ| ਮਰਾਠੀ ਥੀਏਟਰ ਵਿੱਚ ਪਿੱਠ ਭੂਮੀ ਸੰਗੀਤ ਦਾ ਮਹੱਤਵ ਬੜਾ ਅਹਿਮ ਹੈ ਕਿਉਂਕਿ ਮਹਾਂਰਾਸ਼ਟਰ ਦੇ ਨਾਟ ਆਚਾਰੀਆ ਭਾਰਤੀ ਸ਼ਾਸਤਰੀ ਸੰਗੀਤ ਦੀ ਕਲਾ ਤੋਂ ਬੜੀ ਡੂੰਘੀ ਤਰ੍ਹਾਂ ਵਾਕਿਫ਼ ਸਨ| ਭਾਰਤੀ ਨਾਟ ਚਿੰਤਨ ਵਿੱਚ ਪਿੱਠ ਭੂਮੀ ਸੰਗੀਤ ਦੇ ਨਾਲ ਨਾਲ ਸੰਗੀਤ ਸਾਜ਼ਾਂ ਦਾ ਵੀ ਵਿਆਪਕ ਪੱਧਰ 'ਤੇ ਗਿਆਨ ਉਪਲੱਬਧ ਹੈ| ਪਿੱਠ ਭੂਮੀ ਸੰਗੀਤ ਕੇਵਲ ਭਾਰਤੀ ਨਾਟ ਪਰੰਪਰਾ ਦਾ ਹੀ ਹਿੱਸਾ ਨਹੀਂ ਹੈ ਸਗੋਂ ਪੱਛਮੀ ਨਾਟਕਕਾਰਾਂ ਨੇ ਵੀ ਇਸ ਦੀ ਵਰਤੋਂ ਨਾਟਕੀ ਪ੍ਰਭਾਵ ਦੀ ਤੀਖਣਤਾ ਵਧਾਉਣ ਲਈ ਕੀਤੀ ਹੈ| ਨਿਰਮਾਤਾ ਨਿਰਦੇਸ਼ਕ ਐਪੀਆ ਨੇ ਇਸ ਮੱਤ ਦੀ ਡੱਟ ਕੇ ਪ੍ਰੋੜ੍ਹਤਾ ਕੀਤੀ ਹੈ ਕਿ ਸੰਗੀਤ ਮਨੁੱਖੀ ਭਾਵਾਂ ਨੂੰ ਪ੍ਰਗਟਾਉਣ ਦਾ ਸ਼ਕਤੀਸ਼ਾਲੀ ਮਾਧਿਅਮ ਹੈ| ਮੇਅਰਹੋਲਡ ਆਪਣੇ ਨਾਟਕਾਂ ਵਿੱਚ ਸੰਗੀਤ ਨੂੰ ਸੰਵਾਦ ਨਾਲ ਸੰਬੰਧਤ ਕਰਕੇ ਵਰਤਦਾ ਸੀ| ਦਰਅਸਲ ਪਾਤਰਾਂ ਦੀਆਂ ਸਾਰੀਆਂ ਭਾਵਨਾਵਾਂ ਦਾ ਪ੍ਰਗਟਾਵਾ ਵਾਰਤਾਲਾਪ ਜਾਂ ਅਭਿਨੈ ਰਾਹੀਂ ਨਹੀਂ ਹੋ ਸਕਦਾ ਅਜਿਹੇ ਖੱਪਿਆਂ ਦੀ ਪੂਰਤੀ ਪਿੱਠ ਭੂਮੀ ਸੰਗੀਤ ਰਾਹੀਂ ਕੀਤੀ ਜਾਂਦੀ ਹੈ| ਪਿੱਠ ਭੂਮੀ ਸੰਗੀਤ ਸਾਜ਼ਾਂ ਦੀਆਂ ਧੁਨਾਂ 'ਤੇ ਆਧਾਰਤ ਹੁੰਦਾ ਹੈ| ਨਾਟਕ ਵਿੱਚ ਇਸ ਦੀ ਵਰਤੋਂ ਕਰਨ ਲਈ ਕਈ ਵਾਰ ਬਕਾਇਦਾ ਅਜਿਹੇ ਸੰਗੀਤ ਦੀ ਰਿਕਾਰਡਿੰਗ ਕੀਤੀ ਜਾਂਦੀ ਹੈ ਅਤੇ ਕਈ ਸਥਿਤੀਆਂ ਵਿੱਚ ਪਹਿਲਾਂ ਰਿਕਾਰਡ ਕੀਤੇ ਸੰਗੀਤ ਨੂੰ ਵਰਤਣ ਦਾ ਵੀ ਪ੍ਰਚਲਨ ਹੈ| ਓਪੇਰਾ/ਸੰਗੀਤ ਨਾਟਕ ਵਿੱਚ ਰਿਕਾਰਡ ਕੀਤੇ ਸੰਗੀਤ ਦੀ ਵਰਤੋਂ ਨਹੀਂ ਕੀਤੀ ਜਾਂਦੀ ਸਗੋਂ ਲਾਈਵ ਰੂਪ ਵਿੱਚ ਸੰਗੀਤ ਨਿਰਦੇਸ਼ਕ ਸੰਗੀਤ ਦੀ ਪੇਸ਼ਕਾਰੀ ਕਰਦਾ ਹੈ| ਅਜਿਹੇ ਕੰਮ ਲਈ ਬਕਾਇਦਾ ਸੰਗੀਤ ਵਿਸ਼ੇਸ਼ ਦੇ ਮਾਹਿਰ ਨਿਯੁਕਤ ਕੀਤੇ ਜਾਂਦੇ ਹਨ| (ਸਹਾਇਕ ਗ੍ਰੰਥ -ਵੰਦਨਾ ਕਪੂਰ : ਭਾਰਤੀ ਲੋਕ ਰੰਗਮੰਚ ਸਿਧਾਂਤਕ ਸਮੀਖਿਆ ਅਤੇ ਸਮਕਾਲ)

ਪੁਤਲੀ ਨਾਟ

Puppet theatre

ਪੁਤਲੀ ਨਾਟ, ਲੋਕ ਨਾਟ ਪਰੰਪਰਾ ਦੀ ਅਤਿ ਪ੍ਰਾਚੀਨ ਤੇ ਹਰਮਨ ਪਿਆਰੀ ਵਿਧਾ ਹੈ| ਇਸ ਦਾ ਇਤਿਹਾਸ ਮਨੁੱਖ ਜਿੰਨਾ ਹੀ ਪੁਰਾਣਾ ਹੈ| ਵਿਸ਼ਵ ਦੀਆਂ ਵੱਖ ਵੱਖ ਸਭਿਅਤਾਵਾਂ ਵਿੱਚ ਪੁਤਲੀ ਨਾਟ ਦੇ ਹਵਾਲੇ ਮਿਲਦੇ ਹਨ| ਅੰਗਰੇਜ਼ੀ ਵਿੱਚ ਇਸ ਲਈ ਵਰਤਿਆ ਜਾਂਦਾ ਸ਼ਬਦ Puppet, ਇਤਾਲਵੀ ਦੇ ਸ਼ਬਦ ਪਿਉਪਾ ਤਂੋ ਬਣਿਆ ਹੈ ਜਿਸ ਦੇ ਅਰਥ ਗੁੱਡੀ ਦੇ ਹਨ| ਨਾਟਕ ਦੀ ਕਥਾ ਨੂੰ ਅੱਗੇ ਤੋਰਨ ਵਾਲੇ ਪਾਤਰ ਲਈ ਸੂਤਰਧਾਰ ਸ਼ਬਦ ਦਾ ਪ੍ਰਯੋਗ ਵੀ ਪੁਤਲੀ ਨਾਟ ਨਾਲ ਹੀ ਸੰਬੰਧਤ ਹੈ| ਪੁਤਲੀਆਂ ਨੂੰ ਸੂਤਰ ਅਰਥਾਤ ਧਾਗੇ ਨਾਲ ਬੰਨ ਕੇ ਨਚਾਇਆ ਜਾਂਦਾ ਹੈ| ਇਉਂ ਹੀ ਸੰਸਕ੍ਰਿਤ ਵਿੱਚ ਸੂਤਰਧਾਰ ਇੱਕ ਅਜਿਹਾ ਪਾਤਰ ਹੈ ਜਿਹੜਾ ਨਾਟਕ ਦੀ ਕਥਾ ਨੂੰ ਅੱਗੇ ਤੋਰਨ ਵਾਲਾ ਕਿਰਦਾਰ ਹੈ| ਪੁਤਲੀ ਨਾਟ ਦਾ ਸੰਚਾਲਕ ਆਪਣੀ ਹਸਤ ਕਲਾ ਦੇ ਸਦਕਾ ਇਸ ਨਾਟ-ਖੇਡ ਰਾਹੀਂ ਦਰਸ਼ਕਾਂ ਤੱਕ ਆਪਣੇ ਵਿਚਾਰਾਂ ਦਾ ਸੰਚਾਰ ਕਰਦਾ ਹੈ| ਕੱਪੜੇ, ਰੰਗ, ਚਮੜੇ ਅਤੇ ਲੱਕੜੀ ਤੋਂ ਬਣੀਆਂ ਪੁਤਲੀਆਂ ਦੇ ਕਲਾਤਮਕ ਪ੍ਰਦਰਸ਼ਨ ਤੋਂ ਦਰਸ਼ਕ ਭਰਪੂਰ ਅਨੰਦ ਮਾਣਦੇ ਹਨ| ਪੁਤਲੀਆਂ ਪੰਜ ਪ੍ਰਕਾਰ ਦੀਆਂ ਹੁੰਦੀਆਂ ਹਨ| ਰਾਜਸਥਾਨ ਦੀਆਂ ਪੁਤਲੀਆਂ ਨੂੰ ਧਾਗੇ ਨਾਲ ਨਚਾਇਆ ਜਾਂਦਾ ਹੈ| ਇਨ੍ਹਾਂ ਨੁੰ ਸਟਰਿੰਗ ਪਪਿਟ ਕਿਹਾ ਜਾਂਦਾ ਹੈ| ਇਨ੍ਹਾਂ ਰਾਹੀਂ ਬਹਾਦਰੀ ਦੀਆਂ ਗਾਥਾਵਾਂ ਪੇਸ਼ ਕੀਤੀਆਂ ਜਾਂਦੀਆਂ ਹਨ| ਇਸੇ ਤਰ੍ਹਾਂ ਰਾਡ ਪਪਿਟ, ਸ਼ੈਡੋ ਪਪਿਟ, ਮੇਰੀੳਨੈਟ ਅਤੇ ਗਲੱਵ ਪਪਿਟ ਪੁਤਲੀਆਂ ਦੀਆਂ ਹੋਰ ਕਿਸਮਾਂ ਹਨ| ਵਿਸ਼ਵ ਦੇ ਵੱਖ ਵੱਖ ਦੇਸ਼ਾਂ ਵਿੱਚ ਇਨ੍ਹਾਂ ਦੀ ਵਿਕਸਿਤ ਪਰੰਪਰਾ ਦੇ ਹਵਾਲੇ ਮਿਲਦੇ ਹਨ| ਭਾਰਤ ਵਿੱਚ ਛਾਇਆ ਨਾਟ ਦੀ ਭਰਪੂਰ ਪਰੰਪਰਾ ਉਪਲਬਦ ਹੈ| ਪੁਤਲੀ ਨਾਟ ਦੇ ਵਿਸ਼ੇ ਮਿਥਿਹਾਸ ਜਾਂ ਲੋਕ ਕਥਾਵਾਂ 'ਤੇ ਆਧਾਰਤ ਹੁੰਦੇ ਹਨ| ਕਥਾ ਦੇ ਪ੍ਰਸੰਗ ਮੁਤਾਬਕ ਪੁਤਲੀਆਂ ਦੇ ਅਭਿਨੈ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ| ਇਹ ਪ੍ਰਦਰਸ਼ਨ ਏਨਾ ਯਥਾਰਥਕ ਹੁੰਦਾ ਹੈ ਕਿ ਦਰਸ਼ਕ ਪੇਸ਼ ਕੀਤੀ ਜਾ ਰਹੀ ਕਥਾ ਨੂੰ ਇਨ੍ਹਾਂ ਦੇ ਅਭਿਨੈ ਰਾਹੀਂ ਗ੍ਰਹਿਣ ਕਰਦੇ ਹਨ ਪਰ ਇਸ ਸਾਰੀ ਕਲਾ ਪਿਛੇ ਪੁਤਲੀ ਸੰਚਾਲਕ ਦੀ ਕਲਾ ਕੁਸ਼ਲਤਾ ਮੌਜੂਦ ਹੁੰਦੀ ਹੈ| ਬਾਰ ਬਾਰ ਕੀਤੀਆਂ ਰਿਹਰਸਲਾਂ ਅਤੇ ਪੂਰੀ ਇਕਾਗਰਤਾ ਸਦਕਾ ਹੀ ਇਹ ਪੁਤਲੀ ਨਾਟ ਸੰਪੰਨ ਹੁੰਦਾ ਹੈ| ਸੰਚਾਲਕ ਬਤਾਵਿਆਂ ਦੀ ਵਰਤੋਂ ਆਮ ਕਰਦਾ ਹੈ| ਪੁਤਲੀ ਨਾਟ ਨੂੰ ਦਿਲਚਸਪ ਅਤੇ ਮਨੋਰੰਜਕ ਬਣਾਉਣ ਲਈ ਪੁਤਲੀਆਂ ਦੇ ਕਈ ਹਿੱਸੇ ਕਰ ਕੇ ਫ਼ੇਰ ਜੋੜ ਦਿੱਤਾ ਜਾਂਦਾ ਹੈ| ਪੁਤਲੀ ਨਾਟ ਵਿੱਚ ਸੰਗੀਤ, ਨ੍ਰਿਤ ਅਤੇ ਨਾਟ ਤਿੰਨੋਂ ਕਲਾਵਾਂ ਦਾ ਸੁਮੇਲ ਹੁੰਦਾ ਹੈ| ਸਮਾਜਕ ਬੁਰਾਈਆਂ ਬਾਰੇ ਦਰਸ਼ਕ ਵਰਗ ਨੂੰ ਜਾਗਰੂਕ ਕਰਨ ਦਾ ਕਾਰਜ ਵੀ ਪੁਤਲੀ ਨਾਟ ਰਾਹੀਂ ਕੀਤਾ ਜਾਂਦਾ ਹੈ| ਵਿਸ਼ਵ ਦੇ ਕਈ ਵੱਡੇ ਮੁਲਕ ਸਵੀਡਨ, ਹੰਗਰੀ, ਬੈਲਜੀਅਮ, ਸਟਾਕਹੋਮ, ਇਟਲੀ ਅਤੇ ਇੰਗਲੈਂਡ ਵਿੱਚ ਪੁਤਲੀ ਦੇ ਤਮਾਸ਼ੇ ਨੂੰ ਬਹੁਤ ਪ੍ਰੋਤਸਾਹਨ ਮਿਲਿਆ ਹੈ| ਜਨ ਸੰਚਾਰ ਦਾ ਮਾਧਿਅਮ ਹੋਣ ਦੇ ਨਾਲ ਨਾਲ ਸਮਾਜਕ ਜਾਗਰੁਕਤਾ ਪੈਦਾ ਕਰਨ ਲਈ ਪਪਟ ਸ਼ੋਆਂ ਦਾ ਪ੍ਰਦਰਸ਼ਨ ਉੱਥੇ ਆਮ ਹੁੰਦਾ ਹੈ ਪਰ ਭਾਰਤ ਵਿੱਚ ਪੁਤਲੀ ਨਾਟ ਦਿਖਾਉਣ ਵਾਲੇ ਕਲਾਕਾਰਾਂ ਨੂੰ ਸਨਮਾਨ ਯੋਗ ਰੁਤਬਾ ਹਾਸਿਲ ਨਹੀਂ ਹੈ| ਅਜਿਹੇ ਕਲਾਕਾਰਾਂ ਲਈ ਇਹ ਕਲਾ ਕੇਵਲ ਰੋਜ਼ੀ ਰੋਟੀ ਕਮਾਉਣ ਦੇ ਵਸੀਲੇ ਤੱਕ ਸੀਮਤ ਹੋ ਕੇ ਰਹਿ ਗਈ ਹੈ| ਪੁਤਲੀ ਨਾਟ ਵਿੱਚ ਪੁਤਲੀਆਂ ਦੀ ਹਿਲਜੁਲ ਪੁਤਲੀਆਂ ਦੇ ਭਾਵਾਂ ਨੂੰ ਮੂਰਤੀਮਾਨ ਕਰਦੀ ਹੈ| ਇਉਂ ਪੁਤਲੀਆਂ ਦੀਆਂ ਸੰਕੇਤਕ ਅਦਾਵਾਂ 'ਤੇ ਇਸ਼ਾਰੇ ਪੁਤਲੀਆਂ ਦੀ ਭਾਸ਼ਾ ਦੇ ਰੂਪ ਵਿੱਚ ਪ੍ਰਗਟ ਹੁੰਦੇ ਹਨ| ਮਨੁੱਖੀ ਭਾਵਨਾਵਾਂ ਨੁੰ ਸ਼ਿਦਤ ਅਤੇ ਵੇਗ ਨਾਲ ਪ੍ਰਗਟਾਉਣ ਵਾਲੀਆਂ ਪੁਤਲੀਆਂ ਦਰਸ਼ਕਾਂ ਦਾ ਕੇਵਲ ਮਨੋਰੰਜਨ ਹੀ ਨਹੀਂ ਕਰਦੀਆਂ ਸਗੋਂ ਇਤਿਹਾਸਕ ਮਿਥਿਹਾਸਕ ਤੇ ਬੀਰ ਕਥਾਵਾਂ ਦਾ ਪੂਰੀ ਸਮੱਗਰਤਾ ਨਾਲ ਪ੍ਰਦਰਸ਼ਨ ਕਰਦੀਆਂ ਹਨ| ਭਾਰਤ ਵਿੱਚ ਕਲਾ ਦੀ ਸਾਂਭ ਸੰਭਾਲ ਲਈ ਭਾਰਤੀ ਨਾਟ ਸੰਘ ਦਿੱਲੀ ਅਤੇ ਕਈ ਹੋਰ ਸੰਸਥਾਵਾਂ ਵਲੋਂ ਯਤਨ ਕੀਤੇ ਜਾ ਰਹੇ ਹਨ| ਅੱਜ ਤਕਨੀਕੀ ਵਿਕਾਸ ਸਦਕਾ ਥੀਏਟਰ ਵਿੱਚ ਹੋਈ ਤਰੱਕੀ ਕਾਰਨ ਪੁਤਲੀਆਂ ਦੇ ਨਾਟ ਨੂੰ ਵੀ ਵੱਧ ਤੋ ਵੱਧ ਆਕਰਸ਼ਿਤ ਬਣਾਇਆ ਜਾ ਰਿਹਾ ਹੈ ਪਰ ਅਜਿਹਾ ਕੀਤਿਆਂ ਇਸ ਨਾਟ ਕਾਲ ਦੀ ਮੌਲਿਕਤਾ ਖਤਮ ਹੋ ਸਕਦੀ ਹੈ| ਯੂਰਪ ਵਿੱਚ ਪੁਤਲੀਆਂ ਦੇ ਨਾਟ ਨੂੰ ਵੀ ਨਾਟਕਾਂ ਵਾਂਗ ਹੀ ਪੇਸ਼ ਕੀਤੇ ਜਾਣ ਦੇ ਅੰਦਾਜ਼ ਕਾਰਨ ਪੁਤਲੀ ਕਲਾਕਾਰਾਂ ਦੀ ਹਾਜ਼ਰ ਜਵਾਬੀ ਤੇ ਉਨ੍ਹਾਂ ਦੇ ਚੁਸਤ ਦਰੁਸਤ ਫ਼ਿਕਰੇ ਘੜਨ ਦੀ ਕਲਾ ਉੱਤੇ ਭਾਰੀ ਸੱਟ ਵੱਜੀ ਹੈ| ਇਹੋ ਗੱਲਾਂ ਪੁਤਲੀ ਨਾਟਕ ਦੀ ਰੂਹ ਹਨ| ਪੁਤਲੀ ਨਾਟ ਦੀ ਸੁੰਦਰਤਾ ਅਤੇ ਮੌਲਿਕਤਾ ਨੂੰ ਜਿਉਂਦਿਆਂ ਰੱਖਣ ਲਈ ਪੁਤਲੀਆਂ ਦੀ ਸੰਕੇਤਕ ਅਦਾ ਵਾਲੀ ਭਾਸ਼ਾ ਨੂੰ ਬਰਕਰਾਰ ਰੱਖੇ ਜਾਣ ਦੀ ਲੋੜ ਹੈ| (ਸਹਾਇਕ ਗ੍ਰੰਥ -ਕਮਲੇਸ਼ ਉੱਪਲ : 'ਪੁਤਲੀ ਨਾਟ', ਖੋਜ ਪਤ੍ਰਿੱਕਾ ਲੋਕ ਨਾਟ ਸ਼ੈਲੀਆਂ ਵਿਸ਼ੇਸ਼ ਅੰਕ; ਬਲਵੰਤ ਗਾਰਗੀ : ਰੰਗਮੰਚ)

ਪੇਸ਼ਾਵਰ ਥੀਏਟਰ

Professional Theatre

ਪੇਸ਼ਾਵਰ ਥੀਏਟਰ ਤੋ ਭਾਵ ਅਜਿਹੇ ਥੀਏਟਰ ਤੋਂ ਲਿਆ ਜਾਂਦਾ ਹੈ ਜਦੋਂ ਨਾਟਕ ਮੰਡਲੀ ਵਿੱਚ ਕੇਵਲ ਸ਼ੌਕੀਆ ਤੇ ਸਿਖਾਂਦਰੂ ਕਿਸਮ ਦੇ ਅਭਿਨੇਤਾ ਨਾ ਹੋਣ ਸਗੋਂ ਅਜਿਹੇ ਅਦਾਕਾਰਾਂ ਨੇ ਬਕਾਇਦਾ ਅਦਾਕਾਰੀ ਦੀ ਸਿਖਲਾਈ ਹਾਸਿਲ ਕੀਤੀ ਹੋਵੇ| ਅਜਿਹੇ ਥੀਏਟਰ ਦਾ ਕੰਮ ਨਾਟ ਸਿਖਲਾਈ ਦੀ ਟ੍ਰੇਨਿੰਗ ਦੇਣਾ ਹੁੰਦਾ ਹੈ| ਸਭ ਤੋਂ ਮਹੱਤਵਪੂਰਨ ਗੱਲ ਕਿ ਥੀਏਟਰ ਦਾ ਪੱਧਰ ਪੇਸ਼ਾਵਰ ਹੋਵੇ ਯਾਨਿ ਨਾਟਕੀ ਸਕਰਿਪਟ ਦਾ ਪੱਧਰ ਸ੍ਰੇਸ਼ਟ ਹੋਵੇ ਤੇ ਨਾਟਕ ਦੀ ਨਿਰਦੇਸ਼ਨਾ ਦਾ ਕਾਰਜ ਕਿਸੇ ਅਜਿਹੇ ਸੂਝਵਾਨ ਨਿਰਦੇਸ਼ਕ ਨੂੰ ਦਿੱਤਾ ਜਾਵੇ ਜਿਹੜਾ ਨਾਟਕ ਦੀ ਸਕਰਿਪਟ ਵਿੱਚ ਜਾਨ ਪਾ ਸਕੇ ਕਿਉਂਕਿ ਨਾਟਕ ਦੀ ਸਕਰਿਪਟ ਜੇਕਰ ਕਿਸੇ ਅਨਾੜੀ ਨਿਰਦੇਸ਼ਕ ਦੇ ਹੱਥ ਵਿੱਚ ਚਲੀ ਜਾਵੇ ਤਾਂ ਉਤਮ ਕਿਸਮ ਦੀ ਨਾਟਕੀ ਲਿਖਤ ਦਾ ਅਦਾਕਾਰੀ ਵੇਲੇ ਕੋਈ ਅਰਥ ਨਹੀਂ ਰਹਿ ਜਾਂਦਾ| ਪੇਸ਼ਾਵਰ ਥੀਏਟਰ ਦਾ ਨਿਰਦੇਸ਼ਕ ਨਾਟਕੀ ਲਿਖਤ ਵਿੱਚ ਛੁਪੀਆਂ ਬਾਰੀਕੀਆਂ ਨੂੰ ਪਕੜ ਕੇ ਨਾਟਕ ਦਾ ਕੈਨਵਸ ਵਿਸ਼ਾਲ ਕਰਦਾ ਹੈ ਤੇ ਨਾਟਕ ਵਿੱਚ ਛੁਪੇ ਅਰਥਾਂ ਨੂੰ ਨਵਾਂ ਵਿਸਤਾਰ ਦੇਂਦਾ ਹੈ| ਇਸ ਥੀਏਟਰ ਵਿੱਚ ਕੰਮ ਕਰਨ ਵਾਲੇ ਅਦਾਕਾਰਾਂ ਨੂੰ ਬਕਾਇਦਾ ਕੰਮ ਕਰਨ ਦੀ ਤਨਖਾਹ ਦਿੱਤੀ ਜਾਦੀ ਹੈ| ਇਨ੍ਹਾਂ ਦੇ ਰੁਜ਼ਗਾਰ ਦਾ ਸਾਧਨ ਮਹਿਜ਼ ਥੀਏਟਰ ਹੁੰਦਾ ਹੈ| ਅਜਿਹੇ ਥੀਏਟਰ ਨੂੰ ਦੇਖਣ ਲਈ ਦਰਸ਼ਕ ਪੈਸਾ ਖਰਚਦੇ ਹਨ ਤੇ ਦਰਸ਼ਕਾਂ ਰਾਹੀਂ ਹੋਣ ਵਾਲੀ ਕਮਾਈ ਨਾਲ ਇਹ ਥੀਏਟਰ ਚਲਦਾ ਹੈ| ਅਜਿਹੇ ਥੀਏਟਰ ਨੂੰ ਹੀ ਪੇਸ਼ਾਵਰ ਥੀਏਟਰ ਕਿਹਾ ਜਾਂਦਾ ਹੈ| ਸਰਕਾਰੀ ਸਹਾਇਤਾ ਨਾਲ ਚੱਲਣ ਵਾਲੇ ਥੀਏਟਰ ਨੂੰ ਪੇਸ਼ਾਵਰ ਥੀਏਟਰ ਨਹੀਂ ਕਿਹਾ ਜਾ ਸਕਦਾ| ਪੇਸ਼ ਕੀਤੇ ਜਾਣ ਵਾਲੇ ਨਾਟਕ ਦੀਆਂ ਬਾਰ ਬਾਰ ਪ੍ਰੋਡਕਸ਼ਨਾਂ ਕੀਤੀਆਂ ਜਾਂਦੀਆਂ ਹਨ| ਵਧੀਆ ਨਾਟਕ ਲਿਖਵਾਉਣ ਲਈ ਧਨ ਰਾਸ਼ੀ ਦਿੱਤੀ ਜਾਂਦੀ ਹੈ| ਪੇਸ਼ਾਵਰ ਥੀਏਟਰ ਤੋਂ ਸਿਖਲਾਈ ਗ੍ਰਹਿਣ ਕਰਨ ਵਾਲਾ ਸਿਖਾਂਦਰੂ ਕਲਾਕਾਰ ਹੀ ਪੇਸ਼ਾਵਰ ਥੀਏਟਰ ਦਾ ਨਿਰਮਾਣ ਕਰਦੇ ਹਨ| ਸ਼ੌਕੀਆ ਜਾਂ ਸਿਖਾਂਦਰੂ ਥੀਏਟਰ ਦੇ ਵਿਕਾਸ ਦਾ ਅਧਾਰ ਪੇਸ਼ਾਵਰ ਥੀਏਟਰ ਹੁੰਦਾ ਹੈ| ਪੰਜਾਬੀ ਵਿੱਚ ਪੇਸ਼ਾਵਰ ਥੀਏਟਰ ਦੀ ਅਣਹੋਂਦ ਵੱਡੇ ਪੱਧਰ 'ਤੇ ਖਟਕਦੀ ਹੈ| ਇਸੇ ਲਈ ਪੰਜਾਬੀ ਨਾਟਕਕਾਰਾਂ ਨੇ ਨਾਟਕ ਲਿਖਣ ਨਾਲੋਂ ਨਾਵਲ ਕਹਾਣੀਆਂ ਲਿਖਣ ਨੂੰ ਵੱਧ ਮਹੱਤਵ ਦੇਣਾ ਸ਼ੁਰੂ ਕਰ ਦਿੱਤਾ ਹੈ| ਉਚ ਪੱਧਰ ਦਾ ਨਾਟਕ ਪੇਸ਼ਾਵਰ ਥੀਏਟਰ ਦੀ ਹੋਂਦ ਵਿੱਚ ਹੀ ਲਿਖਿਆ ਜਾਂਦਾ ਹੈ| ਇਸ ਲਈ ਨਾਟਕਕਾਰ ਤੇ ਨਾਟਕ ਨਿਰਦੇਸ਼ਕ ਨੂੰ ਥੀਏਟਰ ਦੀ ਤਕਨੀਕੀ ਮੁਹਾਰਤ ਤੋਂ ਜਾਣੂੰ ਹੋਣਾ ਬੜਾ ਜ਼ਰੂਰੀ ਹੈ| ਅਜਿਹੀ ਜਾਣਕਾਰੀ ਤੇ ਗਿਆਨ ਸਦਕਾ ਹੀ ਨਾਟਕੀ ਲਿਖਤ ਤੇ ਨਾਟਕ ਦੀ ਪ੍ਰਦਰਸ਼ਨੀ ਦਾ ਮਿਆਰ ਉਚਾ ਹੋ ਸਕਦਾ ਹੈ| (ਸਹਾਇਕ ਗ੍ਰੰਥ - ਸੁਰਜੀਤ ਸਿੰਘ ਸੇਠੀ : ਨਾਟਕਕਲਾ; Marjorie Boulton : The Anatomy of Drama)

ਪੋਸ਼ਾਕ ਵਿਉਂਤਕਾਰੀ

Dress Designing

ਨਾਟਕ ਦੀ ਪੇਸ਼ਕਾਰੀ ਵਿੱਚ ਪੋਸ਼ਾਕ ਵਿਉਂਤਕਾਰੀ ਦਾ ਪੱਖ ਬੜਾ ਅਹਿਮ ਹੁੰਦਾ ਹੈ| ਅਦਾਕਾਰਾਂ ਦੀ ਪੋਸ਼ਾਕ ਜਿੱਥੇ ਨਾਟਕ ਦੇ ਅਰਥਾਂ ਨੂੰ ਸਮਝਣ ਵਿੱਚ ਸਹਾਇਤਾ ਕਰਦੀ ਹੈ ਉੱਥੇ ਸਮਾਜ ਵਿੱਚ ਉਨ੍ਹਾਂ ਦੀ ਹੈਸੀਅਤ ਨੂੰ ਵੀ ਦ੍ਰਿੜ ਕਰਾਉਂਦੀ ਹੈ| ਕਿਸੇ ਵਿਸ਼ੇਸ਼ ਕਾਲ-ਖੰਡ ਨੂੰ ਲੈ ਕੇ ਲਿਖੇ ਗਏ ਨਾਟਕ ਦੀ ਪਛਾਣ ਦਾ ਇੱਕ ਪਹਿਲੂ ਪਾਤਰਾਂ ਦਾ ਪਹਿਰਾਵਾ ਵੀ ਹੁੰਦਾ ਹੈ| ਦਰਸ਼ਕ ਵਰਗ ਪਾਤਰਾਂ ਦੀ ਪੋਸ਼ਾਕ ਤੋਂ ਹੀ ਇਸ ਗੱਲ ਦਾ ਅੰਦਾਜ਼ਾ ਲਗਾਉਂਦਾ ਹੈ ਕਿ ਨਾਟਕ ਦੀ ਕਥਾ ਕਿਸ ਘਟਨਾ ਜਾਂ ਸਮੇਂ ਨਾਲ ਸੰਬੰਧ ਰੱਖਣ ਵਾਲੀ ਹੈ| ਪਾਤਰਾਂ ਦੀ ਉਮਰ ਦਾ ਅਹਿਸਾਸ ਕਰਾਉਣ ਵਿੱਚ ਵੀ ਪੋਸ਼ਾਕਾਂ ਦੀ ਮਹੱਤਤਾ ਅਹਿਮ ਹੁੰਦੀ ਹੈ| ਪਾਤਰਾਂ ਦਾ ਸਫ਼ੇਦ ਰੰਗ ਦਾ ਪਹਿਰਾਵਾ ਜਾਂ ਭੜਕੀਲੇ ਰੰਗਾਂ ਦੀ ਪੋਸ਼ਾਕ ਬਿਨਾਂ ਉਨ੍ਹਾਂ ਦੇ ਕੁਝ ਬੋਲੇ ਦਰਸ਼ਕਾਂ ਨੂੰ ਵਿਆਪਕ ਅਰਥਾਂ ਦੀ ਜਾਣਕਾਰੀ ਦੇਣ ਵਿੱਚ ਮਦਦ ਕਰਦੀ ਹੈ| ਕਿਸੇ ਪਾਤਰ ਦੇ ਉਪਰਲੇ ਜਾਂ ਨਿਮਨ ਵਰਗ ਨਾਲ ਸੰਬੰਧਤ ਹੋਣ ਦੀ ਜਾਣਕਾਰੀ ਦੇਣ ਵਿੱਚ ਵੀ ਪਾਤਰਾਂ ਦੇ ਪਹਿਰਾਵੇ ਦੀ ਭੂਮਿਕਾ ਮਹੱਤਵਪੂਰਣ ਹੁੰਦੀ ਹੈ| ਪੋਸ਼ਾਕਾਂ ਦੀ ਇਸ ਵਿਉਂਤਕਾਰੀ ਵਿੱਚ ਜਿੱਥੇ ਪੋਸ਼ਾਕ ਵਿਉਂਤਕਾਰੀ ਦਾ ਯੋਗਦਾਨ ਮਹੱਤਵਪੂਰਨ ਹੁੰਦਾ ਹੈ ਉੱਥੇ ਨਾਟਕ ਨਿਰਦੇਸ਼ਕ ਦੀਆਂ ਹਦਾਇਤਾਂ ਪ੍ਰਤੀ ਵੀ ਪੂਰਾ ਧਿਆਨ ਦਿੱਤਾ ਜਾਂਦਾ ਹੈ ਕਿਉਂਕਿ ਨਾਟਕ ਦੇ ਪ੍ਰਦਰਸ਼ਨ ਦੀ ਪੂਰੀ ਜ਼ਿੰਮੇਵਾਰੀ ਨਾਟਕ ਨਿਰਦੇਸ਼ਕ ਦੀ ਹੁੰਦੀ ਹੈ| ਇਤਿਹਾਸਕ ਨਾਟਕਾਂ ਦੇ ਸੰਬੰਧ ਵਿੱਚ ਇਹ ਗੱਲ ਹੋਰ ਵੀ ਮਹੱਤਤਾ ਦੀ ਧਾਰਨੀ ਬਣ ਜਾਂਦੀ ਹੈ| ਕ੍ਰਿਸ਼ਨ ਜਾਂ ਰਾਮ ਦੀ ਭੂਮਿਕਾ ਨਿਭਾਉਣ ਵਾਲੇ ਪਾਤਰ ਨੂੰ ਦਰਸ਼ਕ ਉਦੋਂ ਹੀ ਕ੍ਰਿਸ਼ਨ ਜਾਂ ਰਾਮ ਦੇ ਰੂਪ ਵਿੱਚ ਸਵੀਕਾਰਦੇ ਹਨ ਜਦੋਂ ਉਨ੍ਹਾਂ ਦੀ ਪੋਸ਼ਾਕ, ਪਰੰਪਰਾ ਵਿੱਚ ਪਏ ਰਾਮ ਜਾਂ ਕ੍ਰਿਸ਼ਨ ਦੇ ਵਸਤਰਾਂ ਨਾਲ ਮੇਲ ਖਾਣ ਵਾਲੀ ਹੁੰਦੀ ਹੈ| ਪਾਤਰਾਂ ਦੇ ਰੋਲ ਅਤੇ ਪਹਿਰਾਵੇ ਵਿੱਚ ਸੰਤੁਲਨ ਤੇ ਏਕਤਾ ਨਜ਼ਰ ਆਉਣੀ ਚਾਹੀਦੀ ਹੈ| ਪੋਸ਼ਾਕਾਂ ਦੀ ਵਿਉਂਤ ਦੇ ਸੰਬੰਧ ਵਿੱਚ ਪੋਸ਼ਾਕ ਬਣਾਉਣ ਵਾਲਾ ਨਾਟਕ ਦੇ ਨਿਰਦੇਸ਼ਕ ਨਾਲ ਪੂਰਾ ਸਲਾਹ ਮਸ਼ਵਰਾ ਕਰਦਾ ਹੈ| ਨਾਟਕ ਦੀ ਪੇਸ਼ਕਾਰੀ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਨਿਰਦੇਸ਼ਕ ਹਰੇਕ ਤਰ੍ਹਾਂ ਦੇ ਤਕਨੀਕੀ ਪ੍ਰਬੰਧਕ ਜਿਵੇਂ ਰੋਸ਼ਨੀ ਵਿਉਂਤਕਾਰ, ਦ੍ਰਿਸ਼ ਵਿਉਂਤਕਾਰ ਤੇ ਪੋਸ਼ਾਕਾਂ ਦੇ ਵਿਉਂਤਕਾਰ ਨਾਲ ਮੀਟਿੰਗਾਂ ਕਰਦਾ ਹੈ| ਨਾਟਕ ਦੀ ਪ੍ਰੋਡਕਸ਼ਨ ਉੱਤੇ ਖਰਚ ਕੀਤੀ ਜਾਣ ਵਾਲੀ ਧਨ ਰਾਸ਼ੀ ਨੂੰ ਵੀ ਵਿਚਾਰ ਅਧੀਨ ਰੱਖਿਆ ਜਾਂਦਾ ਹੈ| ਪਾਤਰ ਦੇ ਰੋਲ ਮੁਤਾਬਕ ਕਈ ਵੇਰਾਂ ਇੱਕੋ ਪਾਤਰ ਲਈ ਦੋ ਤਿੰਨ ਪੋਸ਼ਾਕਾਂ ਦੀ ਲੋੜ ਹੁੰਦੀ ਹੈ| ਪੋਸ਼ਾਕ ਵਿਉਂਤਕਾਰ ਨੂੰ ਇਸ ਗੱਲ ਦਾ ਵੀ ਧਿਆਨ ਰੱਖਣਾ ਪੈਂਦਾ ਹੈ ਕਿ ਪਾਤਰ ਇੱਕੋ ਪੋਸ਼ਾਕ ਰਾਹੀਂ ਆਪਣੇ ਸਾਰੇ ਰੋਲ ਨਿਭਾਏਗਾ ਜਾਂ ਅਲੱਗ ਅਲੱਗ ਪੋਸ਼ਾਕਾਂ ਬਣਾਏ ਜਾਣ ਦੀ ਜਰੂਰਤ ਹੈ| ਪੋਸ਼ਾਕਾਂ ਕਿਹੋ ਜਿਹੇ ਕਪੜੇ ਦੀਆਂ ਬਣਾਈਆਂ ਜਾਣੀਆਂ ਹਨ; ਇਸ ਗੱਲ ਦਾ ਫ਼ੈਸਲਾ ਵੀ ਪੋਸ਼ਾਕ ਵਿਉਂਤਕਾਰ ਨੂੰ ਲੈਣਾ ਪੈਂਦਾ ਹੈ| ਨਾਟਕ ਦੀ ਪੇਸ਼ਕਾਰੀ ਨੂੰ ਪ੍ਰਭਾਵੀ ਬਣਾਉਣ ਵਾਲੇ ਇਨ੍ਹਾਂ ਸਾਰੇ ਨੁਕਤਿਆਂ ਬਾਰੇ ਪੋਸ਼ਾਕਾਂ ਦਾ ਵਿਉਂਤਕਾਰ ਨਾਟਕ ਨਿਰਦੇਸ਼ਕ ਦੀਆਂ ਹਦਾਇਤਾਂ ਨੂੰ ਮੰਨਦਾ ਹੈ| ਨਾਟਕ ਦੇ ਮੰਚਣ ਤੋਂ ਪਹਿਲਾਂ ਨਾਟ-ਨਿਰਦੇਸ਼ਕ ਪਾਤਰਾਂ ਦੇ ਪਹਿਰਾਵੇ ਦੀ ਪਰਖ ਕਰਦਾ ਹੈ ਪਾਤਰਾਂ ਦੀ ਭੂਮਿਕਾ ਮੁਤਾਬਕ ਪੋਸ਼ਾਕਾਂ ਦੀ ਫ਼ਬੱਤ ਨੂੰ ਦੇਖਿਆ ਜਾਂਦਾ ਹੈ| ਭਰਤ ਮੁਨੀ ਦੇ ਨਾਟ ਸ਼ਾਸਤਰ ਵਿੱਚ ਰੰਗਮੰਚ ਦੀ ਸਜਾਵਟ ਯੋਜਨਾ, ਪਾਤਰਾਂ ਦੀਆਂ ਵੱਖ ਵੱਖ ਪੋਸ਼ਾਕਾਂ, ਗਹਿਣਿਆਂ ਦੀਆਂ ਕਿਸਮਾਂ ਅਤੇ ਵਰਤੋਂ ਨੂੰ ਆਹਾਰਯ ਅਭਿਨੈ ਦੇ ਅੰਤਰਗਤ ਵਿੱਚਾਰਿਆ ਗਿਆ ਹੈ| ਪਾਤਰਾਂ ਲਈ ਸ਼ਸਤਰਾਂ ਦੀ ਸੁਜੋਗ ਅਤੇ ਢੁਕਵੀਂ ਵਰਤੋਂ ਦਾ ਪ੍ਰਸੰਗ ਵੀ ਆਹਾਰਯ ਅਭਿਨੈ ਦਾ ਹੀ ਇੱਕ ਹੋਰ ਪਹਿਲੂ ਹੈ| ਨਾਟਕ ਵਿੱਚ ਦੇਵੀ ਦੇਵਤਿਆਂ, ਦਾਨਵਾਂ ਆਦਿ ਪਾਤਰਾਂ ਦੀ ਭੂਮਿਕਾ ਵੀ ਆਹਾਰਯ ਅਭਿਨੈ ਰਾਹੀਂ ਨਿਭਾਈ ਜਾਂਦੀ ਹੈ| ਪਾਤਰਾਂ ਦਾ ਆਪਣੀ ਹੋਂਦ ਨੂੰ ਖਤਮ ਕਰਕੇ ਦੂਜੇ ਪਾਤਰਾਂ ਦੀ ਹੋਂਦ ਵਿੱਚ ਸਮਾ ਜਾਣਾ, ਅਜਿਹਾ ਕਰਨ ਵਿੱਚ ਗਹਿਣਿਆਂ ਵਸਤਰਾਂ ਸ਼ਸਤਰਾਂ ਦੀ ਵਰਤੋਂ ਸਹਾਇਕ ਸਿੱਧ ਹੁੰਦੀ ਹੈ| ਗਹਿਣਿਆਂ ਦੀ ਵਰਤੋਂ ਕਰਨ ਵੇਲੇ ਬਕਾਇਦਾ ਇਸ ਗੱਲ ਦਾ ਧਿਆਨ ਰੱਖਣ ਦੀ ਲੋੜ ਦੱਸੀ ਗਈ ਹੈ ਕਿ ਗਹਿਣਿਆਂ ਦਾ ਨਾਟਕੀ ਪਾਤਰ ਉੱਤੇ ਭਾਰ ਇੰਨਾ ਜਿਆਦਾ ਨਾ ਪਵੇ ਕਿ ਉਹ ਅਭਿਨੈ ਕਰਨ ਤੋਂ ਹੀ ਅਸਮਰੱਥ ਹੋ ਜਾਣ| ਇਸੇ ਤਰ੍ਹਾਂ ਕਿਸੇ ਪਾਤਰ ਨੂੰ ਦੇਵਤਾ, ਰਾਖਸ਼ ਜਾਂ ਪਸ਼ੂ ਦੇ ਰੂਪ ਵਿੱਚ ਪੇਸ਼ ਕਰਨ ਲਈ ਬਕਾਇਦਾ ਇੱਕ ਵਿਧੀ ਸੁਝਾਈ ਗਈ ਹੈ ਜਿਸ ਰਾਹੀਂ ਪਾਤਰ ਦੀ ਪੋਸ਼ਾਕ ਉੱਤੇ ਰੰਗਾਂ ਦੀ ਸੁਜੋਗ ਵਰਤੋਂ ਰਾਹੀਂ ਸੰਬੰਧਤ ਦੇਵਤੇ ਜਾਂ ਰਾਖਸ਼ ਦੀ ਤਸਵੀਰ ਉਲੀਕ ਦਿਤੀ ਜਾਂਦੀ ਹੈ ਤਾਂ ਕਿ ਦਰਸ਼ਕ ਉਸ ਨਾਟ ਪਾਤਰ ਨੂੰ ਸੰਬੰਧਤ ਸੰਦਰਭ ਵਿੱਚ ਦੇਖਣ ਦੇ ਸਮਰੱਥ ਹੋ ਸਕਣ| ਭਾਰੀਆਂ ਮਸ਼ੀਨਾਂ ਅਤੇ ਸ਼ਸਤਰਾਂ ਦੀ ਮੰਚ ਉੱਤੇ ਵਰਤੋਂ ਦੀ ਮਨਾਹੀ ਕੀਤੀ ਗਈ ਹੈ| ਸਸ਼ਤਰਾਂ ਨੂੰ ਸੰਕੇਤਕ ਰੂਪ ਵਿੱਚ ਵਰਤਣ ਦਾ ਸੁਝਾਅ ਦਿੱਤਾ ਗਿਆ ਹੈ| (ਸਹਾਇਕ ਗ੍ਰੰਥ - ਸੁਰਜੀਤ ਸਿੰਘ ਸੇਠੀ : ਨਾਟਕ ਕਲਾ; ਜਸਵਿੰਦਰ ਕੌਰ ਮਾਂਗਟ : ਰੰਗਮੰਚ ਦੇ ਬੁਨਿਆਦੀ ਨਿਯਮ; ਭਰਤ ਮੁਨੀ : ਨਾਟਯ ਸ਼ਾਸਤ੍ਰ)

ਫ਼ਲਾਈਜ਼
ਸਟੇਜ ਦੇ ਉਪਰਲੇ ਸਾਰੇ ਹਿੱਸੇ ਨੂੰ ਫ਼ਲਾਈਜ਼ ਕਿਹਾ ਜਾਂਦਾ ਹੈ| ਮੰਚ ਉਤੋਂ ਮੰਚ ਸਮੱਗਰੀ ਨੂੰ ਚੁੱਕ ਕੇ ਛੁਪਾਉਣ ਲਈ ਇਸ ਦੀ ਵਰਤੋਂ ਕੀਤੀ ਜਾਂਦੀ ਹੈ| ਸਮਾਨ ਨੂੰ ਚੁੱਕਣ ਲਈ ਤਾਰਾਂ ਨੂੰ ਇਸ ਤਰ੍ਹਾਂ ਸੈਟ ਕੀਤਾ ਜਾਂਦਾ ਹੈ ਤਾਂ ਜੋ ਅਸਾਨੀ ਨਾਲ ਕਿਸੇ ਵੀ ਵਸਤ ਨੂੰ ਚੁੱਕ ਕੇ ਫ਼ਲਾਈਜ਼ ਵਿੱਚ ਪੁਚਾਇਆ ਜਾ ਸਕੇ| ਅਜੋਕੇ ਸਮੇਂ ਵਿੱਚ ਨਵੀਂ ਤਕਨੀਕ ਨਾਲ ਬਣਾਏ ਥੀਏਟਰਾਂ ਵਿੱਚ ਇਹ ਸੁਵਿਧਾ ਕਾਫ਼ੀ ਹੱਦ ਤੱਕ ਉਪਲਬਦ ਹੈ| ਇਸ ਕੰਮ ਲਈ ਕਈ ਤਰ੍ਹਾਂ ਦੇ ਉਪਕਰਨ ਅਤੇ ਮਸ਼ੀਨਾਂ ਦੀ ਸਹਾਇਤਾ ਲਈ ਜਾਂਦੀ ਹੈ| (ਸਹਾਇਕ ਗ੍ਰੰਥ - ਕੁਲਦੀਪ ਸਿੰਘ ਧੀਰ : ਨਾਟਕ ਸਟੇਜ ਤੇ ਦਰਸ਼ਕ)


logo