logo
भारतवाणी
bharatavani  
logo
Knowledge through Indian Languages
Bharatavani

Punjabi Encyclopaedic Dictionary of Theatre (Punjabi-English)

ਨਾਚਾ

Folk theatre of Chhatisgarh

ਰਾਸ ਅਤੇ ਰਹਸ ਵਾਂਗ 'ਨਾਚਾ' ਵੀ ਛਤੀਸਗੜ੍ਹ ਇਲਾਕੇ ਦੀ ਹਰਮਨ ਪਿਆਰੀ ਲੋਕ ਨਾਟ ਵਿਧਾ ਹੈ ਜਿਸ ਦੀ ਮੁੱਖ ਪਛਾਣ ਇਸ ਦੀ ਵਿਅੰਗ ਮਈ ਸ਼ੈਲੀ ਵਿੱਚ ਨਿਹਿਤ ਹੈ| ਨਾਚਾ ਖੇਡੇ ਜਾਣ ਲਈ ਕਿਸੇ ਵਿਸ਼ੇਸ਼ ਕਿਸਮ ਦੇ ਮੰਚ ਦੀ ਲੋੜ ਨਹੀ ਪੈਂਦੀ| ਇਸ ਵਿੱਚ ਕਿਸੇ ਵੀ ਘਟਨਾ ਨੂੰ ਬੜੀ ਸੁਵਿਧਾ ਨਾਲ ਪੇਸ਼ ਕੀਤਾ ਜਾਂਦਾ ਹੈ| ਲੋਕ ਮਨੋਰੰਜਨ ਕਰਨ ਦੇ ਨਾਲ ਨਾਲ ਸਮਾਜਕ ਕੁਰੀਤੀਆਂ ਨੂੰ ਪੇਸ਼ ਕਰਕੇ ਦਰਸ਼ਕ ਵਰਗ ਨੂੰ ਸਜੱਗ ਕਰਨਾ ਇਸ ਦੀ ਮੁੱਖ ਵਿਸ਼ੇਸ਼ਤਾ ਰਹੀ ਹੈ| ਨਾਚਾ ਦੇ ਮੁੱਖ ਵਿਸ਼ੇ ਆਮ ਤੌਰ 'ਤੇ ਵਿਧਵਾ ਵਿਆਹ, ਬਾਲ ਵਿਆਹ, ਜਾਤ-ਪਾਤ, ਛੂਤ-ਛਾਤ ਆਦਿ ਸਮੱਸਿਆਵਾਂ ਨਾਲ ਸੰਬੰਧਤ ਹੁੰਦੇ ਹਨ| ਇਸ ਦੀ ਪੇਸ਼ਕਾਰੀ ਵਿੱਚ ਸੰਗੀਤ ਨੂੰ ਵਿਸ਼ੇਸ਼ ਅਹਿਮੀਅਤ ਦਿਤੀ ਜਾਂਦੀ ਹੈ| ਲੋਕ-ਸ਼ੈਲੀ ਵਿੱਚ ਗਾਏ ਜਾਂਦੇ ਗੀਤਾਂ ਰਾਹੀਂ ਨਾਚਾ ਵਿਸ਼ੇ ਦੀ ਪੇਸ਼ਕਾਰੀ ਕਰਦਾ ਹੈ| ਪਹਿਲਾਂ ਇਸ ਕਲਾ ਦਾ ਅਭਿਨੈ ਕੇਵਲ ਮਰਦ ਨਾਚਿਆਂ ਰਾਹੀਂ ਜਾਂਦਾ ਸੀ ਪਰ ਹੁਣ ਔਰਤਾਂ ਵੀ ਨਾਚਿਆਂ ਦੇ ਰੂਪ ਵਿੱਚ ਇਸ ਕਲਾ ਦੀ ਪੇਸ਼ਕਾਰੀ ਵਿੱਚ ਸ਼ਾਮਲ ਹੋ ਗਈਆਂ ਹਨ| ਨਾਚਾ ਸਮਾਜ ਦੇ ਹਰ ਕੁਹਜ ਨੂੰ ਬੇਪਰਦ ਕਰਦਾ ਹੈ| ਸਮਾਜ ਦੇ ਸਧਾਰਨ ਮਸਲਿਆਂ ਨਾਲ ਜੁੜੀਆਂ ਸਮੱਸਿਆਵਾਂ ਅਤੇ ਲੋਕ ਸ਼ੈਲੀ ਰਾਹੀਂ ਪੇਸ਼ ਕਰਨ ਦਾ ਅੰਦਾਜ ਹੋਣ ਕਰਕੇ ਦਰਸ਼ਕ ਬੜੇ ਖੁਭ ਕੇ ਇਸ ਨਾਟ ਰੂਪ ਦੀ ਪ੍ਰਦਰਸ਼ਨੀ ਦਾ ਅਨੰਦ ਮਾਣਦੇ ਹਨ| ਨਾਚਾ ਦੇ ਕਲਾਕਾਰ ਸਧਾਰਨ ਕਾਮੇ ਵਰਗ ਨਾਲ ਵੀ ਸੰਬੰਧਤ ਹੁੰਦੇ ਹਨ ਜਿਹੜੇ ਆਪਣੀ ਰੋਜ਼ੀ ਰੋਟੀ ਕਮਾਉਣ ਦੇ ਨਾਲ ਨਾਲ, ਮਨੋਰੰਜਨ ਦੇ ਤੌਰ ਉੱਤੇ ਨਾਚਾ ਖੇਡਦੇ ਹਨ| ਵਿਅੰਗ ਚੋਭ ਅਤੇ ਟਕੋਰਾਂ ਨਾਲ ਹਰ ਬੁਰਾਈ ਨੂੰ ਬੇਨਕਾਬ ਕਰਨਾ ਨਾਚਾ ਲੋਕ ਨਾਚ ਦਾ ਖਾਸਾ ਰਿਹਾ ਹੈ| ਮਸ਼ੀਨ ਦੇ ਇਸ ਯੁਗ ਵਿੱਚ ਤੇਜੀ ਨਾਲ ਵਾਪਰ ਰਹੇ ਪਰਿਵਰਤਨ ਸਦਕਾ ਲੋਕ ਕਲਾਵਾਂ ਨੂੰ ਟੈਲੀਵੀਜ਼ਨ ਨੇ ਆਪਣੀ ਲਪੇਟ ਵਿੱਚ ਲੈ ਲਿਆ ਹੈ| ਫ਼ਿਲਮੀ ਜਗਤ ਦੀ ਚਮਕ ਦਮਕ ਨੇ ਲੋਕ ਨਾਟ ਰੂਪਾਂ ਦੀ ਮੌਲਿਕਤਾ 'ਤੇ ਸੱਟ ਮਾਰੀ ਹੈ| ਨਾਚਾ ਦੇ ਕਲਾਕਾਰਾਂ ਨੂੰ ਖਰੀਦਿਆ ਜਾਣ ਲੱਗ ਪਿਆ ਹੈ| ਵੱਡੇ ਪੱਧਰ 'ਤੇ ਜਨ ਸਮੂਹ ਦਾ ਮਨੋਰੰਜਨ ਕਰਨ ਵਾਲੀ ਇਸ ਕਲਾ ਨੂੰ ਪੈਸੇ ਨਾਲ ਜੋੜ ਦਿਤਾ ਗਿਆ ਹੈ| ਸਿੱਟੇ ਵਜੋਂ ਨਾਚਾ ਦੀ ਅਹਿਮੀਅਤ ਤੇ ਸੁਭਾਵਕਤਾ ਦੋਨਾਂ ਦੀ ਖੂਬਸੂਰਤੀ ਗਾਇਬ ਹੋ ਰਹੀ ਹੈ| ਪਰ ਕੁਝ ਨਾਚ-ਮੰਡਲੀਆਂ ਇਸ ਦੀ ਮੌਲਿਕਤਾ ਨੂੰ ਕਾਇਮ ਰੱਖਣ ਲਈ ਵਚਨਬੱਧ ਹਨ| ਲੋਕ ਮਨ ਦੀ ਅਭਿਵਿਅਕਤੀ ਨਾਲ ਜੁੜੀ ਇਹ ਨਾਟ-ਵਿਧਾ, ਲੋਕਾਂ ਦੀਆਂ ਸਮੱਸਿਆਵਾਂ ਨੂੰ ਉਨ੍ਹਾਂ ਦੀ ਜ਼ਬਾਨ ਵਿੱਚ ਪੇਸ਼ ਕਰਦੀ ਲੋਕਾਂ ਦੇ ਮਨੋਰੰਜਨ ਦਾ ਸਾਧਨ ਹੋਣ ਕਰਕੇ ਹਰਮਨ ਪਿਆਰੀ ਵਿਧਾ ਦੇ ਤੌਰ 'ਤੇ ਸਵੀਕ੍ਰਿਤ ਹੈ| ਵਿਗਿਆਨ ਦੇ ਇਸ ਯੁਗ ਵਿੱਚ ਲੋਕ ਕਲਾਵਾਂ ਨੂੰ ਆਪਣੀ ਹੋਂਦ ਬਚਾਉਣ ਲਈ ਜਦੋ ਜਹਿਦ ਕਰਨੀ ਪੈ ਰਹੀ ਹੈ| ਨਾਚਾ ਵੀ ਇਸ ਦੌਰ 'ਚੋਂ ਗੁਜਰਨ ਵਾਲਾ ਲੋਕ ਨਾਟ ਰੂਪ ਹੈ| (ਸਹਾਇਕ ਗ੍ਰੰਥ - ਸਤਨਾਮ ਸਿੰਘ ਜੱਸਲ, 'ਨਾਚਾ', ਖੋਜ ਪਤ੍ਰਿੱਕਾ ਲੋਕ ਨਾਟ ਸ਼ੈਲੀਆਂ ਵਿਸ਼ੇਸ਼ ਅੰਕ)

ਨਾਟ - ਸ਼ੈਲੀ
ਨਾਟ-ਸ਼ੈਲੀ- ਨਾਟ ਸ਼ੈਲੀ ਤੋਂ ਭਾਵ ਹੈ ਕਿ ਨਾਟਕ ਕਿਸ ਢੰਗ ਨਾਲ ਮੰਚ ਉੱਤੇ ਪੇਸ਼ ਕੀਤਾ ਜਾਂਦਾ ਹੈ| ਨਿਰਦੇਸ਼ਕ ਕਿਸੇ ਵੀ ਥੀਏਟਰ ਦੇ ਵਿਧੀ ਵਿਧਾਨ ਨੂੰ ਅਪਣਾ ਕੇ ਖਾਸ ਕਿਸਮ ਦਾ ਪ੍ਰਭਾਵ ਪੈਦਾ ਕਰਨ ਦੀ ਕੋਸ਼ਿਸ਼ ਕਰਦਾ ਹੈ| ਅਜੋਕੇ ਸਮੇਂ ਵਿੱਚ ਪਾਰਸੀ ਥੀਏਟਰ, ਯੂਨਾਨੀ ਜਾਂ ਸਨਾਤਨੀ ਭਾਰਤੀ ਥੀਏਟਰ ਦੀ ਸ਼ੈਲੀ ਨੂੰ ਅਪਣਾਉਣ ਦਾ ਭਾਵ ਇਹ ਨਹੀਂ ਹੈ ਕਿ ਨਿਰਦੇਸ਼ਕ ਉਸ ਥੀਏਟਰ ਦੇ ਕੇਵਲ ਰੂਪਗਤ ਪਾਸਾਰਾਂ ਨੂੰ ਅਮਲੀ ਪੱਧਰ 'ਤੇ ਅਪਣਾਏਗਾ| ਸ਼ੈਲੀ ਤੇ ਰੂਪ ਦੋਨਾਂ ਦੇ ਅਰਥਾਂ ਵਿੱਚ ਵੱਖਰਤਾ ਹੈ| ਰੂਪ ਤੋਂ ਭਾਵ ਉਨ੍ਹਾਂ ਤੱਤਾਂ ਜਾਂ ਲੱਛਣਾਂ ਤੋਂ ਹੁੰਦਾ ਹੈ ਜਿਹੜੇ ਬਾਹਰੀ ਤੌਰ 'ਤੇ ਦ੍ਰਿਸ਼ਟੀਗੋਚਰ ਹੁੰਦੇ ਹਨ| ਸ਼ੈਲੀ ਦਾ ਅਰਥ ਉਨ੍ਹਾਂ ਲੱਛਣਾਂ ਦੀ ਵਿਉਂਤ ਬੱਧ ਢੰਗ ਨਾਲ ਵਰਤੋਂ ਕਰਦੇ ਹੋਏ ਵੱਖਰੇ ਕਿਸਮ ਦਾ ਪ੍ਰਭਾਵ ਪੈਦਾ ਕਰਨ ਤੋਂ ਹੁੰਦਾ ਹੈ| ਕਿਸੇ ਵਿਹਾਰ ਜਾਂ ਕਾਰਜ ਦਾ ਸੰਬੰਧ ਸ਼ੈਲੀ ਦੇ ਸੰਕੇਤਕ ਅਰਥਾਂ ਵੱਲ ਇਸ਼ਾਰਾ ਜ਼ਰੂਰ ਕਰਦਾ ਹੈ ਪਰ ਵਧੇਰੇ ਮਹੱਤਵ ਇਸ ਗੱਲ ਦਾ ਹੈ ਕਿ ਉਹ ਕਾਰਜ ਕਿਵੇਂ ਹੁੰਦਾ ਹੈ| ਸ਼ੈਲੀ ਉੱਤੇ ਸਮੇਂ ਦੇ ਰੀਤੀ ਰਿਵਾਜਾਂ ਦਾ ਗਹਿਰਾ ਅਸਰ ਹੁੰਦਾ ਹੈ| ਨਾਟਕ ਦੀ ਸ਼ੈਲੀ ਦਾ ਇੱਕ ਪੱਖ ਨਾਟਕ ਦੀ ਟੈਕਸਟ ਜਾਂ ਲਿਖਤੀ ਪਾਠ ਨਾਲ ਸੰਬੰਧਤ ਹੁੰਦਾ ਹੈ, ਦੂਜਾ ਪੱਖ ਇਸ ਦੀ ਨਿਰਦੇਸ਼ਨਾ ਨਾਲ ਜੁੜਿਆ ਹੁੰਦਾ ਹੈ| ਕਿਸੇ ਵੀ ਨਾਟਕ ਦੀ ਪ੍ਰੋਡਕਸ਼ਨ ਨੂੰ ਪ੍ਰਭਾਵਤ ਕਰਨ ਵਾਲੇ ਤੱਤਾਂ ਵਿੱਚ ਦਰਸ਼ਕਾਂ ਦੀ ਗਿਣਤੀ, ਰੋਸ਼ਨੀ ਵਿਉਂਤਕਾਰੀ ਤੇ ਦ੍ਰਿਸ਼ ਪੇਸ਼ਕਾਰੀ ਦੀ ਭੂਮਿਕਾ ਬੜੀ ਅਹਿਮ ਹੁੰਦੀ ਹੈ| ਇਉਂ ਲਿਖਤੀ ਟੈਕਸਟ ਨੂੰ ਜੀਵੰਤਤਾ ਪ੍ਰਦਾਨ ਕਰਨ ਵਿੱਚ ਅਭਿਨੈ ਸ਼ੈਲੀ ਦਾ ਤੱਤ ਬੜੀ ਮਹੱਤਤਾ ਰੱਖਦਾ ਹੈ| ਲਿਖਤੀ ਸੰਵਾਦਾਂ ਦੇ ਅਭਿਨੇਤਾਵਾਂ ਰਾਹੀਂ ਉਚਾਰਨ ਵਿੱਚ ਪਿੱਚ, ਟੋਨ ਅਤੇ ਲੈਅ ਅਜਿਹੇ ਅੰਸ਼ ਹਨ ਜਿਹੜੇ ਦਰਸ਼ਕਾਂ ਨੂੰ ਵਿਸ਼ੇਸ਼ ਅਰਥਾਂ ਦਾ ਅਹਿਸਾਸ ਕਰਾਉਂਦੇ ਹਨ| ਦਰਸ਼ਕਾਂ ਦੇ ਭਾਵਾਂ ਨੂੰ ਟੁੰਬਣ ਦੀ ਸਮਰੱਥਾ ਵਿੱਚੋਂ ਨਾਟਕਕਾਰ ਦੀ ਪ੍ਰਤਿਭਾ ਅਤੇ ਵਿਲਖਣਤਾ ਉਜਾਗਰ ਹੁੰਦੀ ਹੈ ਜਿਹੜੀ ਨਾਟਕ ਦੀ ਪੇਸ਼ਕਾਰੀ ਵਿੱਚ ਵੀ ਅਤੇ ਨਾਟਕ ਨੂੰ ਸਮਝਣ ਵਿੱਚ ਵੀ ਸਹਾਈ ਹੁੰਦੀ ਹੈ| ਵਿਸ਼ੇ ਦੇ ਨਾਲ ਨਾਟਕ ਨਿਰਦੇਸ਼ਕ ਦੀ ਰਚਨਾਤਮਕ ਦ੍ਰਿਸ਼ਟੀ ਅਤੇ ਨਿਰਦੇਸ਼ਨਾ ਸੂਝ ਨਾਟਕ ਦੇ ਅਰਥਾਂ ਨੂੰ ਨਵੀਨਤਾ ਅਤੇ ਮੌਲਿਕਤਾ ਪ੍ਰਦਾਨ ਕਰਦੀ ਹੈ| ਸ਼ੈਲੀ ਇੱਕ ਅਜਿਹਾ ਮਾਧਿਅਮ ਹੈ ਜਿਸ ਰਾਹੀਂ ਨਿਰਦੇਸ਼ਕ ਨਾਟਕ ਵਿੱਚ ਉਹ ਕੁਝ ਪ੍ਰਦਰਸ਼ਿਤ ਕਰਦਾ ਹੈ ਜੋ ਕੁਝ ਉਹ ਨਾਟਕ ਕੋਲੋਂ ਅਖਵਾਉਣਾ ਚਾਹੁੰਦਾ ਹੈ| ਤਤਕਾਲੀ ਸਮਾਜ ਦੇ ਯਥਾਰਥ ਨੂੰ ਤੇ ਬਦਲਦੀਆਂ ਤਕਨੀਕੀ ਮੰਚੀ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਨਾਟਕ ਦੀ ਪੇਸ਼ਕਾਰੀ ਰਾਹੀਂ ਅਜਿਹਾ ਪ੍ਰਦਰਸ਼ਨ ਨਾਟ-ਸ਼ੈਲੀ ਦੇ ਅਰਥਾਂ ਦਾ ਲਖਾਇਕ ਸਿੱਧ ਹੁੰਦਾ ਹੈ| (ਸਹਾਇਕ ਗ੍ਰੰਥ - ਵਸ਼ਿਸ਼ਠ ਨਰਾਇਣ ਤ੍ਰਿਪਾਠੀ : ਨਾਟਕ ਕੇ ਰੰਗਮੰਚੀਯ ਪ੍ਰਤਿਮਾਨ)

ਨਾਟਕ

Drama

ਨਾਟਕ ਸੰਸਕ੍ਰਿਤ ਭਾਸ਼ਾ ਦੇ ਸ਼ਬਦ ਨਾਟਯ ਤੋਂ ਬਣਿਆ ਹੈ| ਨਾਟਯ ਸ਼ਬਦ ਨਟ ਅਤੇ ਨਾਟ ਤੋਂ ਹੋਂਦ ਵਿੱਚ ਆਇਆ ਹੈ ਜਿਨ੍ਹਾਂ ਦੇ ਕ੍ਰਮਵਾਰ ਅਰਥ ਨੱਚਣਾ, ਦਿਖਾਉਣਾ, ਨਾਟਕ ਖੇਡਣ ਵਾਲਾ, ਨਾਚ ਅਤੇ ਸੁਆਂਗ ਦੇ ਪ੍ਰਸੰਗ ਵਿੱਚ ਕੀਤੇ ਮਿਲਦੇ ਹਨ| ਭਰਤਮੁਨੀ ਤੋਂ ਇਲਾਵਾ ਦੂਜੇ ਨਾਟ-ਆਚਾਰੀਆ ਅਤੇ ਅਰਸਤੂ ਨੇ ਨਾਟਕ ਨੂੰ ਜੀਵਨ ਦਾ ਅਨੁਕਰਨ ਕਿਹਾ ਹੈ| ਨਕਲ ਦਾ ਅਰਥ ਜੀਵਨ ਦੀ ਹੂ-ਬ-ਹੂ ਨਕਲ ਨਹੀਂ ਸਗੋਂ ਇਸ ਦੀ ਕਲਾਤਮਕ ਤੇ ਪੁਨਰ-ਅਭਿਵਿਅਕਤੀ ਹੈ| ਇਹ ਇੱਕ ਅਜਿਹੀ ਕਲਾ ਹੈ ਜਿਸ ਵਿੱਚ ਲਿਖਤੀ ਨਾਟ-ਪਾਠ ਨੂੰ ਅਭਿਨੇਤਾਵਾਂ ਦੇ ਅਭਿਨੈ ਰਾਹੀਂ ਰੰਗਮੰਚ ਉੱਤੇ ਦਰਸ਼ਕਾਂ ਦੇ ਸਮੂਹ ਸਾਹਮਣੇ ਪ੍ਰਦਰਸ਼ਿਤ ਕੀਤਾ ਜਾਂਦਾ ਹੈ| ਜਿਸ ਵਿੱਚ ਨਾਟ ਕਥਾ ਨੂੰ ਸਮੇਂ ਦੀ ਸੀਮਾ ਵਿੱਚ ਰੱਖਦਿਆਂ ਵਰਤਮਾਨ ਦੇ ਪ੍ਰਸੰਗ ਵਿੱਚ ਪੇਸ਼ ਕੀਤਾ ਜਾਂਦਾ ਹੈ| ਨਾਟਕ ਕੇਵਲ ਸਾਹਿਤ ਨਹੀਂ ਇਸੇ ਲਈ ਕੇਵਲ ਲਿਖਤੀ ਨਾਟ-ਪਾਠ ਨੂੰ ਨਾਟਕ ਨਹੀਂ ਕਿਹਾ ਜਾਂਦਾ ਸਗੋਂ ਅਨੇਕ ਕਲਾਵਾਂ ਨ੍ਰਿਤ, ਗੀਤ, ਸੰਗੀਤ ਦੇ ਸੁਮੇਲ ਨਾਲ ਬਣੀ ਇਹ ਅਜਿਹੀ ਕਲਾਤਮਕ ਵਿਧਾ ਹੈ ਜਿਹੜੀ ਅਭਿਨੈ ਕਲਾ ਦੇ ਜ਼ਰੀਏ ਸੰਪੰਨਤਾ ਨੂੰ ਪ੍ਰਾਪਤ ਕਰਦੀ ਹੈ| ਨਾਟਕ ਦੇ ਮੰਚੀ ਪ੍ਰਦਰਸ਼ਨ ਵਿੱਚ ਭਾਸ਼ਾ ਅਤੇ ਅਭਿਨੇਤਾ ਦੀ ਭੂਮਿਕਾ ਸਭ ਤੋਂ ਵੱਧ ਅਹਿਮ ਹੁੰਦੀ ਹੈ| ਲਿਖੇ ਸ਼ਬਦਾਂ ਨੂੰ ਅਭਿਨੇਤਾਵਾਂ ਦੇ ਅਭਿਨੈ ਰਾਹੀਂ ਜੀਵੰਤਤਾ ਪ੍ਰਦਾਨ ਕੀਤੀ ਜਾਂਦੀ ਹੈ| ਨਾਟਕ ਦੀ ਸਿਰਜਨਾ ਕਰਨ ਵੇਲੇ ਹੀ ਨਾਟਕਕਾਰ ਇਸ ਦੀ ਮੰਚੀ ਪੇਸ਼ਕਾਰੀ ਨੂੰ ਧਿਆਨ ਵਿੱਚ ਰੱਖਦਿਆਂ ਦਰਸ਼ਕਾਂ ਦੇ ਬੌਧਿਕ ਪੱਧਰ, ਅਭਿਨੇਤਾਵਾਂ, ਸੰਵਾਦਾਂ ਅਤੇ ਭਾਸ਼ਾ ਬਾਰੇ ਪੂਰਾ ਸਜੱਗ ਰਹਿੰਦਾ ਹੈ| ਦ੍ਰਿਸ਼ ਦੀ ਕਲਾ ਹੋਣ ਕਰਕੇ ਨਾਟਕ ਵਿੱਚ ਇੱਕ ਖਾਸ ਤਰ੍ਹਾਂ ਦੇ ਸੰਤੁਲਨ ਹੋਣ ਦੀ ਸਥਿਤੀ ਵਿੱਚ ਹੀ ਅਜਿਹੀ ਰਚਨਾ ਦਰਸ਼ਕਾਂ ਉੱਤੇ ਪ੍ਰਭਾਵ ਪਾਉਣ ਦੇ ਸਮਰੱਥ ਹੁੰਦੀ ਹੈ| ਇਹ ਮਨੁੱਖੀ ਮਨ ਦੇ ਅੰਦਰੂਨੀ ਦਵੰਦ ਤੇ ਸੰਘਰਸ਼ ਨੂੰ ਮੰਚ ਉੱਤੇ ਪੇਸ਼ ਕਰਨ ਵਾਲੀ ਕਲਾ ਹੈ| ਪ੍ਰਦਰਸ਼ਨ ਦੇ ਮਾਧਿਅਮ ਸਦਕਾ ਹੀ ਮਨੁੱਖ ਅੰਦਰਲਾ ਮਾਨਸਿਕ ਘੋਲ ਦਰਸ਼ਕਾਂ ਨੂੰ ਪ੍ਰਭਾਵਤ ਕਰਨ ਦੀ ਸਮਰੱਥਾ ਰੱਖਦਾ ਹੈ| ਸਮੂਹ ਦੀ ਇਸ ਕਲਾ ਵਿੱਚ ਸਮਾਜਕ ਸਾਰਥਕਤਾ ਦਾ ਅੰਸ਼ ਬਾਕੀ ਕਲਾਵਾਂ ਨਾਲੋਂ ਨਿਸ਼ਚੇ ਹੀ ਵਧੇਰੇ ਹੁੰਦਾ ਹੈ| ਨਾਟਕ ਵਿੱਚ ਪੇਸ਼ ਹੋਇਆ ਯਥਾਰਥ, ਜੀਵਨ ਦੇ ਯਥਾਰਥ ਨਾਲੋਂ ਵੱਧ ਪ੍ਰਭਾਵਸ਼ਾਲੀ ਹੁੰਦਾ ਹੈ| ਜ਼ਿੰਦਗੀ ਵਿੱਚ ਨਜ਼ਰ ਆਉਂਦੇ ਯਥਾਰਥ ਦੇ ਭਰਮ ਨੂੰ ਤੋੜ ਕੇ ਲੁਕੇ ਯਥਾਰਥ ਨੂੰ ਦਿਖਾਉਣ ਵਿੱਚ ਇਹ ਇੱਕ ਸਮਰੱਥ ਕਲਾ ਹੈ| ਮਨੁੱਖੀ ਮਨ ਦੇ ਅੰਦਰੂਨੀ ਸੰਕਟ ਦੀ ਮੰਚੀ ਬਿੰਬਾਂ ਰਾਹੀਂ ਕੀਤੀ ਵਿਆਖਿਆ ਨਾਟਕ ਦੇ ਅਰਥਾਂ ਨੂੰ ਸਹੀ ਪ੍ਰਸੰਗ ਵਿੱਚ ਪਰਿਭਾਸ਼ਤ ਕਰਦੀ ਹੈ| ਇਸ ਵਿਧਾ ਦਾ ਮੁੱਖ ਮਕਸਦ ਦਰਸ਼ਕਾਂ ਦੀ ਚੇਤਨਾ ਨੂੰ ਹਲੂਣਾ ਦੇ ਕੇ ਜੀਵਨ ਦੀਆਂ ਨਾਇਨਸਾਫੀਆਂ ਬਾਰੇ ਜਾਗਰੂਕ ਕਰਨਾ ਹੁੰਦਾ ਹੈ| ਇਉਂ ਨਾਟਕ ਦੀ ਸਿਰਜਨਾ ਸੱਚ ਦਾ ਭੁਲੇਖਾ ਪਾਉਣ ਲਈ ਨਹੀਂ ਸਗੋਂ ਸੱਚ ਦੇ ਭੁਲੇਖੇ ਨੂੰ ਤੋੜਨ ਲਈ ਕੀਤੀ ਜਾਂਦੀ ਹੈ|
ਭਰਤ ਮੁਨੀ ਦੇ ਨਾਟ ਸ਼ਾਸਤਰ ਵਿੱਚ ਨਾਟਕ ਨੂੰ ਪੰਜਵਾਂ ਵੇਦ ਕਿਹਾ ਗਿਆ ਹੈ| ਚਾਰੇ ਵੇਦਾਂ ਵਿੱਚੋਂ ਲੋੜੀਂਦੀ ਸਮੱਗਰੀ ਲੈ ਕੇ ਨਾਟ ਵੇਦ ਦੀ ਰਚਨਾ ਕੀਤੀ ਗਈ| ਰਿਗਵੇਦ ਵਿੱਚੋਂ ਪਾਠ (ਸੰਵਾਦ ਸ਼ੈਲੀ), ਸਾਮਵੇਦ ਵਿੱਚੋਂ ਗੀਤ ਸ਼ੈਲੀ, ਯਜੁਰਵੇਦ ਵਿੱਚੋਂ ਅਭਿਨੈ ਦੀਆਂ ਵੱਖ-ਵੱਖ ਸ਼ੈਲੀਆਂ ਤੇ ਅਥਰਵਵੇਦ ਵਿੱਚੋਂ ਰਸ ਲੈ ਕੇ ਨਾਟ ਵੇਦ ਬਣਾਇਆ ਗਿਆ| ਸੰਵਾਦ ਨੂੰ ਨਾਟਕ ਦਾ ਸਰੀਰ ਮੰਨਿਆ ਗਿਆ ਹੈ| ਸੰਵਾਦ ਦਾ ਤੱਤ ਰਿਗਵੇਦ ਤੋਂ ਗ੍ਰਹਿਣ ਕੀਤਾ ਗਿਆ ਹੈ| ਅਭਿਨਵਗੁਪਤ ਨੇ ਵੀ ਨਾਟਕ ਲਈ ਸੰਵਾਦ ਅਤੇ ਗੀਤਾਂ ਨੂੰ ਪ੍ਰਮੁੱਖਤਾ ਦਿੱਤੀ ਹੈ| ਨਾਟ ਸ਼ਾਸਤਰ ਅਨੁਸਾਰ ਚਾਰੇ ਵਰਣ ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ ਇਸ ਨਾਟ ਸ਼ਾਸਤਰ ਨੂੰ ਪੜ੍ਹਨ ਦੇ ਹੱਕਦਾਰ ਹਨ| ਇਸ ਸ਼ਾਸਤਰ ਵਿੱਚ ਤਿੰਨ ਕਿਸਮ ਦੀਆਂ ਵ੍ਰਿਤੀਆਂ ਦਾ ਜ਼ਿਕਰ ਕੀਤਾ ਗਿਆ ਹੈ| ਭਾਰਤੀ, ਸਾਤਵਤੀ ਅਤੇ ਆਰਭਟੀ ਵ੍ਰਿਤੀ| ਵ੍ਰਿਤੀ ਦਾ ਅਰਥ ਅਭਿਨੈ ਕਲਾ ਤੋਂ ਹੈ| ਮਨੁੱਖੀ ਵਿਚਾਰਾਂ ਅਤੇ ਭਾਵਨਾਵਾਂ ਦਾ ਅਭਿਨੈ ਇਨ੍ਹਾਂ ਵ੍ਰਿਤੀਆਂ ਰਾਹੀਂ ਹੁੰਦਾ ਹੈ| ਨਾਟਕ ਦੇ ਅਭਿਨੈ ਤੋਂ ਪੂਰਵ ਨਾਂਦੀ ਪਾਠ ਬਾਰੇ ਜ਼ਿਕਰ ਕੀਤਾ ਗਿਆ ਹੈ| ਇਨ੍ਹਾਂ ਸਲੋਕਾਂ ਵਿੱਚ ਦਰਸ਼ਕਾਂ ਨੂੰ ਅਸ਼ੀਰਵਾਦ ਦਿੱਤਾ ਜਾਂਦਾ ਸੀ| ਨਾਟਕ ਦੌਰਾਨ ਪੈਣ ਵਾਲੇ ਵਿਘਨ ਤੋਂ ਬਚਾਉ ਲਈ ਸ਼ਸਤ੍ਰ (ਜਰਜਰ) ਦੇ ਵਿਧਾਨ ਬਾਰੇ ਵੀ ਜ਼ਿਕਰ ਕੀਤਾ ਗਿਆ ਹੈ| ਨਾਟਕ ਦੇ ਵੱਖ-ਵੱਖ ਪਾਤਰਾਂ ਲਈ ਸੁਰਖਿਆ ਦੇ ਵਿਆਪਕ ਪ੍ਰਬੰਧ ਕਰਨਾ ਇਸ ਗੱਲ ਦਾ ਸੰਕੇਤ ਹੈ ਕਿ ਉਸ ਵੇਲੇ ਨਾਟਕ ਦੀ ਪੇਸ਼ਕਾਰੀ ਵਿੱਚ ਬੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਸੀ| ਅਭਿਨੈ ਦੌਰਾਨ ਪੈਣ ਵਾਲੇ ਇਸ ਖਲਲ ਤੋਂ ਬਚਾਅ ਲਈ ਸੁਰੱਖਿਆ ਦੇ ਕਰੜੇ ਪ੍ਰਬੰਧ ਕੀਤੇ ਜਾਂਦੇ ਸਨ| ਇਨ੍ਹਾਂ ਨਾਟਕੀ ਪ੍ਰਦਰਸ਼ਨੀਆਂ ਦਾ ਮੁੱਖ ਮਨੋਰਥ ਠੀਕ ਅਤੇ ਗਲਤ ਕਰਮਾਂ ਮੁਤਾਬਕ ਪਾਤਰਾਂ ਨੂੰ ਫ਼ਲ ਮਿਲਦਾ ਦਿਖਾ ਕੇ ਦਰਸ਼ਕਾਂ ਨੂੰ ਚੰਗੇ ਕਰਮ ਕਰਨ ਦੀ ਪ੍ਰੇਰਣਾ ਦੇਣਾ ਹੁੰਦਾ ਸੀ| ਨਾਟਕ ਵਿੱਚ ਮਨੁੱਖੀ ਜੀਵਨ ਦੀਆਂ ਸਾਰੀਆਂ ਸਥਿਤੀਆਂ ਪੇਸ਼ ਕੀਤੀਆਂ ਜਾਂਦੀਆਂ ਸਨ| ਇਸੇ ਸਰੋਕਾਰ ਨੂੰ ਮੁੱਖ ਰੱਖਦਿਆਂ ਨਾਟ ਸ਼ਾਸਤਰ ਵਿੱਚ ਨਾਟਕ ਦੀ ਰਚਨਾ ਕਰਨ ਅਤੇ ਉਸਦਾ ਅਭਿਨੈ ਕਰਨ 'ਤੇ ਜ਼ੋਰ ਦਿੱਤਾ ਗਿਆ ਹੈ| ਸਿਆਣੇ, ਮੂਰਖ, ਬੁੱਧੀਜੀਵੀ, ਅਨਪੜ੍ਹ, ਕਾਮੀ, ਸੰਜਮੀ, ਅਮੀਰ, ਗਰੀਬ ਹਰੇਕ ਵਰਗ ਦੇ ਲੋਕਾਂ ਨੂੰ ਆਪੋ ਆਪਣੀ ਜ਼ਰੂਰਤ ਮੁਤਾਬਕ ਇਸ ਸ਼ਾਸਤਰ ਤੋਂ ਗਿਆਨ ਦੀ ਪ੍ਰਾਪਤੀ ਹੋ ਸਕਦੀ ਹੈ| ਸਾਰ ਰੂਪ ਵਿੱਚ ਸੰਸਾਰਕ ਲੋਕਾਂ ਦੇ ਸੁੱਖਾਂ-ਦੁੱਖਾਂ ਨੂੰ ਅਭਿਨੈ ਰਾਹੀਂ ਪੇਸ਼ ਕਰਨ ਵਾਲੀ ਇਸ ਕਲਾ ਨੂੰ ਨਾਟਕ ਕਿਹਾ ਗਿਆ ਹੈ ਜਿਸ ਵਿੱਚ ਗਿਆਨ, ਵਿਗਿਆਨ, ਇਤਿਹਾਸ ਤੇ ਕਲਪਨਾ ਆਧਾਰਤ ਸਰੋਕਾਰਾਂ ਦੇ ਨਾਲ-ਨਾਲ ਲੋਕਾਂ ਦੇ ਮਨੋਰੰਜਨ ਪਹਿਲੂ ਨੂੰ ਵੀ ਅਹਿਮੀਅਤ ਦਿੱਤੀ ਗਈ|
ਵਿਸ਼ਵਨਾਥ ਨੇ 'ਸਾਹਿਤਯ ਦਰਪਣ' ਵਿੱਚ ਨਾਟਕ ਦੇ ਸਰੂਪ ਨੂੰ ਇਉਂ ਨਿਰਧਾਰਤ ਕੀਤਾ ਹੈ| ਇਸ ਦੀ ਕਥਾ ਵਸਤੂ ਦਾ ਆਧਾਰ ਪ੍ਰਸਿੱਧ ਬਿਰਤਾਂਤਕ ਕਥਾ ਹੁੰਦੀ ਹੈ| ਭਾਵੇਂ ਇਸ ਵਿੱਚ ਅਨੇਕ ਰਸਾਂ ਦੀ ਅਭਿਵਿਅਕਤੀ ਹੁੰਦੀ ਹੈ ਪਰ ਪ੍ਰਧਾਨ ਰਸ ਸ਼ਿੰਗਾਰ ਤੇ ਬੀਰ ਰਸ ਹੁੰਦੇ ਹਨ| ਇਸ ਤੋਂ ਬਿਨਾਂ ਬਾਕੀ ਰਸ ਜਿਵੇਂ ਕਰੁਣਾ, ਹਾਸ, ਰੌਦਰ ਆਦਿ ਗੌਣ ਰੂਪ ਵਿੱਚ ਹੁੰਦੇ ਹਨ| ਨਾਟਕੀ ਅੰਕਾਂ ਦੀ ਗਿਣਤੀ ਪੰਜ ਤੋਂ ਲੈ ਕੇ ਦੱਸ ਤੱਕ ਪ੍ਰਵਾਨ ਕੀਤੀ ਗਈ ਹੈ| ਪਾਤਰਾਂ ਦੀ ਗਿਣਤੀ ਚਾਰ ਜਾਂ ਪੰਜ ਤੱਕ ਨਿਸ਼ਚਿਤ ਕੀਤੀ ਗਈ ਹੈ| ਨਾਟਕ ਦਾ ਨਾਇਕ, ਉੱਚ ਸ਼੍ਰੇਣੀ ਦਾ, ਹਿੰਮਤੀ, ਗੁਣੀ, ਧੀਰਜ ਰੱਖਣ ਵਾਲਾ ਅਤੇ ਦਿਬ ਪੁਰਸ਼ ਹੁੰਦਾ ਹੈ| ਨਾਟਕ ਦਾ ਨਿਭਾਅ ਬੜਾ ਵਚਿਤਰ ਕਿਸਮ ਦਾ ਹੁੰਦਾ ਹੈ| (ਸਹਾਇਕ ਗ੍ਰੰਥ - ਪ੍ਰੇਮ ਪ੍ਰਕਾਸ਼ ਸਿੰਘ : ਭਾਰਤੀ ਕਾਵਿ ਸ਼ਾਸਤ੍ਰ; ਭਰਤ ਮੁਨੀ : ਨਾਟਯ ਸ਼ਾਸਤ੍ਰ; ਮੈਥਲੀਪ੍ਰਸਾਦ ਭਾਰਦਵਾਜ : ਪਾਸ਼ਚਾਤਯ ਕਾਵਯ ਸ਼ਾਸਤ੍ਰ ਕੇ ਸਿਧਾਂਤ)

ਨਾਟਕੀਅਤਾ
ਇਹ ਨਾਟਕ ਦਾ ਅਜਿਹਾ ਗੁਣ ਹੈ ਜਿਸ ਸਦਕਾ ਨਾਟਕ ਵਿੱਚ ਉਤਸਕਤਾ ਤੇ ਰੌਚਕਤਾ ਪੈਦਾ ਹੁੰਦੀ ਹੈ| ਪੰਜਾਬੀ ਨਾਟਕਕਾਰਾਂ ਨੇ ਨਾਟਕ ਸਿਰਜਨ ਵੇਲੇ ਨਾਟਕੀਅਤਾ ਦੇ ਅੰਸ਼ ਪ੍ਰਤੀ ਉਚੇਚਾ ਧਿਆਨ ਦਿੱਤਾ ਹੈ| ਨਾਟਕ ਵਿੱਚ ਨਾਟਕੀਅਤਾ ਪੈਦਾ ਕਰਨ ਵਾਲਾ ਮੁੱਖ ਤੱਤ ਟੱਕਰ ਜਾ ਤਣਾਓ ਹੁੰਦਾ ਹੈ| ਨਾਟਕ ਦੀ ਹਰੇਕ ਘਟਨਾ ਨਾਟਕੀ ਨਹੀਂ ਹੁੰਦੀ| ਅਚੰਭਿਤ ਕਰਨ ਵਾਲੀ ਅਜਿਹੀ ਘਟਨਾ ਜਿਸ ਸਦਕਾ ਪਾਤਰ ਅਸੰਤੁਲਿਤ ਵਿਹਾਰ, ਅਤੇ ਦੁਚਿੱਤੀ ਦਾ ਸ਼ਿਕਾਰ ਹੋ ਜਾਂਦੇ ਹਨ; ਅਜਿਹੀਆਂ ਸਥਿਤੀਆਂ ਤੇ ਘਟਨਾਵਾਂ ਕਾਰਨ ਪੈਦਾ ਹੋਈ ਤਨਾਓ ਯੁਕਤ ਹਾਲਤ ਨਾਟਕ ਦੇ ਸਮੁੱਚੇ ਵਾਤਾਵਰਨ ਵਿੱਚ ਵਿਆਪਕ ਪੱਧਰ ਉੱਤੇ ਫੈਲ ਜਾਂਦੀ ਹੈ| ਸਮੇਂ ਤੇ ਸਪੇਸ ਦੀ ਸੀਮਾ ਵਿੱਚ ਬੰਨ੍ਹੇ ਪਾਤਰ ਇਸ ਤਨਾਓ ਨੂੰ ਹੰਢਾਉਂਦੇ ਹੋਏ ਤੇ ਪਰਿਸਥਿਤੀਆਂ ਦਾ ਵਿਰੋਧ ਕਰਦੇ ਹੋਏ ਨਜ਼ਰ ਆਉਂਦੇ ਹਨ| ਅਜਿਹੇ ਵਿਰੋਧ ਸਦਕਾ ਨਾਟਕ ਵਿੱਚ ਟਕਰਾਓ ਦੀ ਸਥਿਤੀ ਪੈਦਾ ਹੁੰਦੀ ਹੈ| ਅਜਿਹੀ ਟੱਕਰ ਹੀ ਨਾਟਕ ਵਿਚਲੀ ਨਾਟਕੀਅਤਾ ਦਾ ਮੂਲ ਆਧਾਰ ਬਣਦੀ ਹੈ| ਇਹੀ ਟੱਕਰ ਨਾਟਕ ਵਿੱਚ ਕਾਰਜ ਨੂੰ ਜਨਮ ਦਿੰਦੀ ਹੈ| ਅਸਲ ਵਿੱਚ ਟੱਕਰ ਅਤੇ ਕਾਰਜ ਦੇ ਮੇਲ ਨੂੰ ਹੀ ਨਾਟਕੀਅਤਾ ਕਹਿੰਦੇ ਹਨ|
ਡਾ. ਹਰਿਭਜਨ ਭਾਟੀਆ ਨਾਟਕ ਦੀ ਵਿਧਾ ਬਾਰੇ ਚਰਚਾ ਕਰਦਾ ਹੋਇਆ ਨਾਟਕੀਅਤਾ ਦੇ ਸੰਕਲਪ ਨੂੰ ਇਉਂ ਸਪਸ਼ਟ ਕਰਦਾ ਹੈ, ''ਨਾਟਕੀਅਤਾ ਕਲਾਤਮਕਤਾ ਅਤੇ ਸਾਹਿਤਕਤਾ ਵਾਂਗ, ਇੱਕ ਅਜਿਹਾ ਸੰਕਲਪ ਹੈ ਜਿਸ ਦੀਆਂ ਸੀਮਾਵਾਂ ਅਤੇ ਸੰਭਾਵਨਾਵਾਂ ਨੂੰ ਵਰਨਣ ਕੀਤਾ ਜਾ ਸਕਦਾ ਹੇ, ਪਰ ਪਰਿਭਾਸ਼ਤ ਨਹੀਂ| ਇਸ ਨੂੰ ਪਰਿਭਾਸ਼ਤ ਕਰਨਾ ਇਸ ਕਰਕੇ ਕਠਿਨ ਹੈ ਕਿਉਂਕਿ ਇੱਕ ਪਾਸੇ ਤਾਂ ਇਸ ਦਾ ਸੰਬੰਧ ਨਾਟਕਕਾਰ ਦੀ ਸੰਵੇਦਨਾ ਨਾਲ ਜੁੜਿਆ ਹੋਇਆ ਹੈ ਅਤੇ ਦੂਸਰੇ ਪਾਸੇ ਦਰਸ਼ਕ/ਪਾਠਕ ਦੀ ਮਨੋਸਥਿਤੀ ਨਾਲ| ਨਾਟਕੀਅਤਾ ਕੋਈ ਅਜਿਹੀ ਚੀਜ਼ ਨਹੀਂ ਹੁੰਦੀ ਜਿਸ ਨੂੰ ਰਚਨਾ ਦੇ ਸਮੁੱਚ ਵਿੱਚੋਂ ਅੱਡ ਕਰਕੇ ਨਿਰਪੇਖ ਰੂਪ ਵਿੱਚ ਪੇਸ਼ ਕੀਤਾ ਜਾ ਸਕੇ| ਰਚਣਹਾਰ ਦੀ ਸੰਵੇਦਨਾ ਪਾਠਕ ਦੀ ਮਨੋਸਥਿਤੀ ਅਤੇ ਵਿਧਾ ਦੀਆਂ ਸੀਮਾਵਾਂ ਅਤੇ ਸੰਭਾਵਨਾਵਾਂ ਆਦਿ ਪੱਖਾਂ ਨੂੰ ਦ੍ਰਿਸ਼ਟੀ ਅਧੀਨ ਰੱਖ ਕੇ ਹੀ ਇਸ ਸੰਕਲਪ ਨੂੰ ਸਮਝਿਆ ਜਾ ਸਕਦਾ ਹੈ`| (ਸਮਕਾਲੀਨ ਪੰਜਾਬੀ ਨਾਟਕ ਤੇ ਰੰਗਮੰਚ : ਦਸ਼ਾ ਤੇ ਦਿਸ਼ਾ- ਪੰਨਾ 23)
ਇਉਂ ਨਾਟਕੀਅਤਾ ਦਾ ਮੂਲ ਆਧਾਰ ਟੱਕਰ ਸਿੱਧ ਹੁੰਦੀ ਹੈ| ਇਹੋ ਟੱਕਰ ਨਾਟਕ ਵਿੱਚ ਉਤਸੁਕਤਾ ਅਤੇ ਦਿਲਚਸਪੀ ਦੇ ਅੰਸ਼ ਭਰਦੀ ਹੈ| ਟੱਕਰ ਦੋ ਧਿਰਾਂ ਵਿਚਕਾਰ, ਦੋ ਵਿਰੋਧੀ ਪਰਿਸਥਿਤੀਆਂ ਵਿਚਕਾਰ, ਪਾਤਰ ਦੀ ਆਪਣੇ ਅੰਦਰਲੇ ਨਾਲ ਜਾਂ ਪਾਤਰ ਦੀ ਆਪਣੇ ਚੌਗਿਰਦੇ ਨਾਲ ਹੋ ਸਕਦੀ ਹੈ| ਜਦੋਂ ਇਹ ਟੱਕਰ ਮਨੁੱਖ ਦੀ ਦੁਬਿਧਾ ਜਾਂ ਦੁਚਿੱਤੀ ਰਾਹੀਂ ਉਭਰੇ ਤਾਂ ਉਸ ਨੂੰ ਅੰਦਰੂਨੀ ਟੱਕਰ ਕਿਹਾ ਜਾਂਦਾ ਹੈ ਅਤੇ ਜਦੋਂ ਦੋ ਧਿਰਾਂ ਵਿਚਕਾਰ ਕੋਈ ਦਵੰਦ ਜਾਂ ਵਿਰੋਧ ਉਤਪੰਨ ਹੋਵੇ ਉਸ ਨੂੰ ਬਾਹਰੀ ਟੱਕਰ ਕਿਹਾ ਜਾਂਦਾ ਹੈ| ਅਜਿਹੇ ਟਕਰਾਓ ਵਿੱਚੋਂ ਪੈਦਾ ਹੋਣ ਵਾਲੀ ਸਥਿਤੀ ਨੂੰ ਨਾਟਕੀਅਤਾ ਕਿਹਾ ਜਾਂਦਾ ਹੈ| ਪੰਜਾਬੀ ਨਾਟਕਕਾਰਾਂ ਨੇ ਨਾਟਕੀਅਤਾ ਤੇ ਤੱਤ ਨੂੰ ਇੱਕ ਜੁਗਤ ਦੇ ਤੌਰ 'ਤੇ ਵਰਤਿਆ ਹੈ| ਨਾਟਕੀਅਤਾ ਦਾ ਪ੍ਰਭਾਵ ਸਿਰਜਣ ਲਈ ਪੰਜਾਬੀ ਨਾਟਕਕਾਰ ਬੜੀਆਂ ਅਨੋਖੀਆਂ ਅਤੇ ਅਕਾਸਮਿਕ (ਅਚਾਨਕੀ) ਸਥਿਤੀਆਂ ਦੀ ਰਚਨਾ ਕਰਨ ਵਿੱਚ ਨਿਪੁੰਨ ਹਨ| ਕਪੂਰ ਸਿੰਘ ਘੁੰਮਣ ਦਾ ਨਾਟਕ ਅਤੀਤ ਦੇ ਪਰਛਾਂਵੇ ਇਸ ਦੀ ਬਿਹਤਰੀਨ ਮਿਸਾਲ ਹੈ| ਨਾਟਕ ਦੀ ਮੁੱਖ ਪਾਤਰ ਆਪਣੇ ਪਤੀ ਨਾਲ ਉਸੇ ਹਾਊਸਬੋਟ ਵਿੱਚ ਆ ਕੇ ਠਹਿਰਦੀ ਹੈ ਜਿੱਥੇ ਕਈ ਸਾਲ ਪਹਿਲਾਂ ਉਹ ਆਪਣੇ ਪ੍ਰੇਮੀ ਨਾਲ ਆ ਕੇ ਰੁਕੀ ਸੀ| ਸੁਰਜੀਤ ਸਿੰਘ ਸੇਠੀ, ਆਤਮਜੀਤ, ਪਾਲੀ ਭੁਪਿੰਦਰ ਦੇ ਨਾਟਕਾਂ ਵਿੱਚ ਵੀ ਅਜਿਹੀਆਂ ਅਜੀਬ ਕਿਸਮ ਦੀਆਂ ਸਥਿਤੀਆਂ ਸਿਰਜਣ ਦੀ ਕੋਸ਼ਿਸ਼ ਵਿਆਪਕ ਪੱਧਰ 'ਤੇ ਕੀਤੀ ਨਜ਼ਰ ਆਉਂਦੀ ਹੈ| ਅਜਿਹੀ ਨਾਟਕੀਅਤਾ ਦੀ ਵਰਤੋਂ ਨਾਟਕ ਵਿੱਚ ਕਲਾਈਮੈਕਸ ਦਾ ਪ੍ਰਭਾਵ ਪੈਦਾ ਕਰਨ ਲਈ ਕੀਤੀ ਜਾਂਦੀ ਹੈ ਪਰ ਜਦੋਂ ਨਾਟਕਕਾਰ ਦਾ ਮਕਸਦ ਕੋਰੀ ਨਾਟਕੀਅਤਾ ਪੈਦਾ ਕਰਨ ਦਾ ਹੀ ਰਹਿ ਜਾਵੇ ਤਾਂ ਰਚਨਾ ਕਲਾਤਮਕ ਸੁਹਜ ਤੋਂ ਵਿਹੀਣ ਹੋ ਜਾਂਦੀ ਹੈ ਤੇ ਨਾਟਕੀਅਤਾ ਉਲਾਰਤਾ ਦੇ ਤੱਤ ਨੂੰ ਗ੍ਰਹਿਣ ਕਰਕੇ ਆਪਣੀ ਸਾਰਥਕਤਾ ਤੋਂ ਟੁੱਟ ਜਾਂਦੀ ਹੈ| ਪਾਤਰਾਂ ਦਾ ਅਨੋਖਾ ਤੇ ਵਚਿਤਰ ਵਿਹਾਰ ਵੀ ਨਾਟਕ ਵਿੱਚ ਨਾਟਕੀਅਤਾ ਪੈਦਾ ਕਰਦਾ ਹੈ| ਵਰਤਮਾਨ ਵਿੱਚ ਪੇਸ਼ ਹੋਣ ਵਾਲੀ ਇਸ ਵਿਧਾ ਵਿੱਚ ਨਾਟਕਕਾਰ ਦੀ ਕੋਸ਼ਿਸ਼ ਜ਼ਿੰਦਗੀ ਨੂੰ ਬਦਲੇ ਰੂਪ ਵਿੱਚ ਪੇਸ਼ ਕਰਕੇ ਕੁਝ ਨਵਾਂ ਦਿਖਾਉਣ ਦੀ ਰਹਿੰਦੀ ਹੈ| ਸਧਾਰਨ ਜੀਵਨ ਨਾਲੋਂ ਹਟਵਾਂ ਵਿਹਾਰ ਹੀ ਰਚਨਾ ਵਿੱਚ ਨਵੀਨਤਾ ਤੇ ਵੱਖਰਤਾ ਦੇ ਅੰਸ਼ ਭਰਦਾ ਹੈ| ਪਾਤਰਾਂ ਤੇ ਸਥਿਤੀਆਂ ਦਾ ਅਜਿਹਾ ਨਿਵੇਕਲਾਪਣ ਹੀ ਨਾਟਕ ਵਿੱਚ ਕਲਾਤਮਕ ਸੁਹਜ ਭਰਦਾ ਹੈ| ਬਲਵੰਤ ਗਾਰਗੀ ਦੇ ਨਾਟਕਾਂ ਵਿੱਚ ਔਰਤ ਦਾ ਬਿੰਬ ਪਰੰਪਰਕ ਪੰਜਾਬੀ ਨਾਰੀ ਨਾਲੋਂ ਬਿਲਕੁਲ ਵੱਖਰਾ ਨਜ਼ਰ ਆਉਂਦਾ ਹੈ| ਉਹਦੇ ਨਾਟਕਾਂ ਵਿੱਚ ਔਰਤ ਹਰ ਤਰ੍ਹਾਂ ਦੇ ਰਵਾਇਤੀ ਮੁੱਲਾਂ ਦੀ ਜਕੜਬੰਦੀ ਤੋਂ ਬਾਹਰ ਆ ਕੇ ਬੇਬਾਕ ਨਾਰੀ ਦੇ ਰੂਪ ਵਿੱਚ ਵਿਚਰਦੀ ਹੈ| ਮੰਚੀ ਸੰਦਰਭ ਵਿੱਚ ਦੇਖਿਆਂ ਔਰਤ ਦੀ ਅਜਿਹੀ ਬੇਖੌਫ ਦਲੇਰੀ ਦਰਸ਼ਕਾਂ ਲਈ ਵਿਸ਼ੇਸ਼ ਖਿੱਚ ਦਾ ਕਾਰਨ ਬਣਦੀ ਹੈ| ਆਪਣੇ ਹੱਕਾਂ ਲਈ ਲੜਦੀ ਔਰਤ ਜਦੋਂ ਮਰਦ ਵਰਗ ਨੂੰ ਲਲਕਾਰਦੀ ਹੈ ਤਾਂ ਦਰਸ਼ਕ ਅੱਸ਼-ਅੱਸ਼ ਕਰ ਉਠਦੇ ਹਨ| ਕਿਉਂਕਿ ਵਾਸਤਵਿਕ ਜਿੰਦਗੀ ਵਿੱਚ ਔਰਤ ਦਾ ਅਜਿਹਾ ਵਿਹਾਰ ਦਰਸ਼ਕਾਂ ਨੂੰ ਵੇਖਣ ਨੂੰ ਨਹੀਂ ਮਿਲਦਾ ਇਸ ਲਈ ਅਜਿਹੇ ਦ੍ਰਿਸ਼ ਰੌਚਕਤਾ ਅਤੇ ਉਤਸਕਤਾ ਪੈਦਾ ਕਰਨ ਦੇ ਨਾਲ ਦਰਸ਼ਕ ਨੂੰ ਸੋਚਣ ਦੀ ਚੇਟਕ ਵੀ ਲਾਉਂਦੇ ਹਨ| ਅਜਿਹੀਆਂ ਵਚਿਤਰ ਸਥਿਤੀਆਂ ਨਾਟਕੀਅਤਾ ਦੇ ਤੱਤ ਨੂੰ ਉਤਪੰਨ ਕਰਦੀਆਂ ਹਨ| (ਸਹਾਇਕ ਗ੍ਰੰਥ - ਹਰਿਭਜਨ ਸਿੰਘ ਭਾਟੀਆ : 'ਨਾਟਕ ਦੀ ਵਿਧਾ', ਰੁਮਿੰਦਰ ਕੌਰ (ਸੰਪਾ.) : ਸਮਕਾਲੀਨ ਪੰਜਾਬੀ ਨਾਟਕ ਤੇ ਰੰਗਮੰਚ ਦਸ਼ਾ ਤੇ ਦਿਸ਼ਾ)

ਨਾਟਕੀ ਸਕ੍ਰਿਪਟ / ਪਾਠ

Drama script

ਨਾਟਕੀ ਸਕ੍ਰਿਪਟੇਪਾਠ ਤੋਂ ਭਾਵ ਨਾਟਕ ਦੇ ਲਿਖਤੀ ਰੂਪ ਤੋਂ ਹੈ| ਨਾਟਕ ਦੀ ਪ੍ਰਦਰਸ਼ਨੀ ਦਾ ਆਧਾਰ ਨਾਟਕ ਦੀ ਸਕ੍ਰਿਪਟ ਹੁੰਦੀ ਹੈ| ਨਾਟਕ ਦੇ ਲਿਖਤੀ ਰੂਪ ਵਿੱਚ ਨਾਟਕੀ ਮੰਚਣ ਦੀਆਂ ਸੰਭਾਵਨਾਵਾਂ ਛੁਪੀਆਂ ਹੁੰਦੀਆਂ ਹਨ| ਨਾਟਕ ਨੂੰ ਲਿਖਣ ਵੇਲੇ ਨਾਟਕ ਦੇ ਖੇਡਣ ਤੱਤਾਂ ਨੂੰ ਨਾਟਕਕਾਰ ਸਦਾ ਆਪਣੀ ਕਲਪਨਾ ਵਿੱਚ ਰੱਖਦਾ ਹੈ| ਸਕ੍ਰਿਪਟ ਦਾ ਸੰਬੰਧ ਨਾਟਕ ਵਿਚਲੇ ਸਾਹਿਤਕ ਅੰਸ਼ਾਂ ਨਾਲ ਹੁੰਦਾ ਹੈ ਤੇ ਪੇਸ਼ਕਾਰੀ ਦਾ ਆਧਾਰ ਰੰਗਮੰਚ ਹੁੰਦਾ ਹੈ| ਨਾਟਕੀ ਅਨੁਭਵ ਦੇ ਤਿੰਨ ਮੂਲ ਤੱਤ ਨਾਟਕ ਦੀ ਸਕ੍ਰਿਪਟ, ਪ੍ਰਦਰਸ਼ਨੀ ਅਤੇ ਦਰਸ਼ਕ ਵਰਗ ਨੂੰ ਮੰਨਿਆ ਗਿਆ ਹੈ| ਨਾਟਕ ਸਿਰਜਨ ਦੀ ਪੱਧਰ ਉੱਤੇ ਸਕ੍ਰਿਪਟ ਅਤੇ ਪੇਸ਼ਕਾਰੀ ਦਾ ਸਥਾਨ ਪ੍ਰਮੁੱਖਤਾ ਵਾਲਾ ਹੈ| ਸਕ੍ਰਿਪਟ ਕਿਸੇ ਵੀ ਨਾਟਕ ਦੀ ਬੁਨਿਆਦ ਹੁੰਦੀ ਹੈ ਅਤੇ ਇਸ ਦੀ ਸੰਪੂਰਨਤਾ ਇਸ ਦੇ ਮੰਚਣ ਪਹਿਲੂ 'ਤੇ ਨਿਰਭਰ ਕਰਦੀ ਹੈ| ਇਉਂ ਸਕ੍ਰਿਪਟ ਅਤੇ ਪੇਸ਼ਕਾਰੀ ਦੋਵੇਂ ਇੱਕ ਦੂਜੇ 'ਤੇ ਆਸਰਿਤ ਤੱਤ ਹਨ| ਦੋਵੇਂ ਪਹਿਲੂ ਹੀ ਨਾਟਕ ਲਈ ਜਰੂਰੀ ਹਨ| ਦੋਹਾਂ ਦੀ ਸਹਿਹੋਂਦ ਬਿਨਾਂ ਨਾਟਕ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ| ਇਹ ਆਪਸ ਵਿੱਚ ਵਿਰੋਧੀ ਜੁਜ਼ ਨਹੀ ਸਗੋਂ ਇੱਕ ਦੂਜੇ ਦੇ ਪੂਰਕ ਹਨ| ਨਾਟਕੀ ਸਕ੍ਰਿਪਟ ਦੀ ਰਚਨਾ ਨਾਟਕ ਖੇਡਣ ਲਈ ਕੀਤੀ ਜਾਂਦੀ ਹੈ|
ਨਾਟਕੀ ਲਿਖਤ ਦੀਆਂ ਵੱਖ ਵੱਖ ਪੇਸ਼ਕਾਰੀਆਂ ਨਾਟਕੀ ਰਚਨਾ ਦੇ ਵਿਭਿੰਨ ਪ੍ਰਸੰਗਕ ਅਰਥਾਂ ਨੂੰ ਉਜਾਗਰ ਕਰਦੀਆਂ ਹਨ| ਪ੍ਰਦਰਸ਼ਨ ਦੀ ਕਲਾ ਨਾਟਕੀ ਲਿਖਤ ਨੂੰ ਨਵੇ ਵਿਸਤਾਰ ਦੇਣ ਦੀ ਸਮਰਥਾ ਰੱਖਦੀ ਹੈ| ਵੱਖ ਵੱਖ ਸਮੇਂ ਤੇ ਸਥਿਤੀਆਂ ਵਿੱਚ ਵੱਖ ਵੱਖ ਤਰਾਂ ਦਾ ਨਿਰਦੇਸ਼ਨ ਨਾਟ ਰਚਨਾ ਵਿੱਚ ਛੁਪੇ ਅਰਥਾਂ ਨੂੰ ਵਿਆਪਕ ਸੰਦਰਭ ਪ੍ਰਦਾਨ ਕਰਦਾ ਹੈ| ਅਜੋਕੇ ਥੀਏਟਰ ਵਿੱਚ ਸਕ੍ਰਿਪਟ ਦਾ ਦਰਜਾ ਗੌਣ ਕਰ ਦਿੱਤਾ ਗਿਆ ਹੈ| ਨਾਟ ਕਲਾ ਵਿੱਚ ਤਤਕਾਲੀ ਪ੍ਰਦਰਸ਼ਨ ਦੇਖਣ ਤੋਂ ਬਾਅਦ ਨਾਟ ਸਕ੍ਰਿਪਟ ਤਿਆਰ ਕਰਨ ਦੇ ਪ੍ਰਯੋਗ ਕਾਰਗਰ ਸਿੱਧ ਨਹੀਂ ਹੋਏ| ਨਾਟ ਲਿਖਤ ਵਿੱਚ ਨਿਗਰ ਤੇ ਚਿਰਕਾਲੀ ਅੰਸ਼ ਭਰਨ ਲਈ ਨਾਟਕਕਾਰ ਕੋਲ ਦੀਰਘ ਦ੍ਰਿਸ਼ਟੀ ਤੇ ਸੂਖ਼ਮ ਸੋਝੀ ਦਾ ਹੋਣਾ ਜ਼ਰੂਰੀ ਹੈ| ਕਿਸੇ ਵੀ ਨਾਟਕ ਦਾ ਵਧੀਆ ਪ੍ਰਦਰਸ਼ਨ, ਸਕ੍ਰਿਪਟ ਦੀ ਸ੍ਰੇਸ਼ਟਤਾ ਉੱਤੇ ਨਿਰਭਰ ਕਰਦਾ ਹੈ|

ਨਾਟਕੀ ਸੰਜਮ
ਨਾਟਕ ਇੱਕ ਸੰਜਮੀ ਕਲਾ ਹੈ| ਲਾਈਵ ਵਿਧਾ ਹੋਣ ਕਰਕੇ ਨਾਟਕ ਨੇ ਨਿਸਚਿਤ ਸਮੇਂ ਅੰਦਰ ਖਤਮ ਹੋਣਾ ਹੰਦਾ ਹੈ| ਦਰਸ਼ਕਾਂ ਨੂੰ ਸਿੱਧੇ ਰੂਪ ਵਿੱਚ ਮੁਖਾਤਬ ਹੋਣ ਕਰਕੇ ਨਾਟਕਕਾਰ ਇਸ ਨੂੰ ਲਿਖਣ ਵੇਲੇ ਹੀ ਜਿੱਥੇ ਇਸਦੇ ਮੰਚੀ ਪਹਿਲੂ ਨੂੰ ਧਿਆਨ ਵਿੱਚ ਰੱਖ ਕੇ ਘਟਨਾਵਾਂ ਦੀ ਚੋਣ ਕਰਦਾ ਹੈ ਉੱਥੇ ਇਸ ਦੇ ਪਾਤਰਾਂ ਬਾਰੇ ਅਤੇ ਪਾਤਰਾਂ ਦੁਆਰਾ ਉਚਾਰੀ ਜਾਣ ਵਾਲੀ ਵਾਰਤਾਲਾਪ ਬਾਰੇ ਵੀ ਪੂਰਾ ਸੁਚੇਤ ਰਹਿੰਦਾ ਹੈ| ਸਾਰੀਆਂ ਘਟਨਾਵਾਂ ਦੀ ਪੇਸ਼ਕਾਰੀ ਮੰਚ ਉਤੋਂ ਦਿਖਾਉਣੀ ਸੰਭਵ ਨਹੀਂ ਹੁੰਦੀ ਇਸ ਲਈ ਕਈ ਘਟਨਾਵਾਂ ਨੂੰ ਮੰਚ ਉੱਤੇ ਵਾਪਰਦੀਆਂ ਨਹੀਂ ਦਿਖਾਇਆ ਜਾਂਦਾ ਸਗੋਂ ਪਾਤਰਾਂ ਦੀ ਆਪਸੀ ਗੱਲਬਾਤ ਤੋਂ ਦਰਸ਼ਕਾਂ ਨੂੰ ਉਹਨਾਂ ਵਾਪਰ ਚੁੱਕੀਆਂ ਘਟਨਾਵਾਂ ਬਾਰੇ ਜਾਣਕਾਰੀ ਹਾਸਿਲ ਹੁੰਦੀ ਹੈ ਜਿਨ੍ਹਾਂ ਦਾ ਨਾਟਕ ਨਾਲ ਸੰਬੰਧ ਹੁੰਦਾ ਹੈ| ਇਉਂ ਬਿਆਨ ਦੀ ਵਿਧੀ ਰਾਹੀਂ ਦਰਸ਼ਕਾਂ ਨੂੰ ਨਾਟਕੀ ਕਾਰਜ ਨਾਲ ਜੋੜ ਕੇ ਸਮੇਂ ਦੀ ਸੀਮਾ ਦਾ ਧਿਆਨ ਰੱਖਿਆ ਜਾਂਦਾ ਹੈ| ਨਾਟਕਕਾਰ ਕੋਲ ਨਾਵਲਕਾਰ ਵਾਲੀ ਸੁਵਿਧਾ ਹਾਸਿਲ ਨਹੀਂ ਹੁੰਦੀ| ਨਾਟਕ ਵਿੱਚ ਸੰਜਮਤਾ ਦਾ ਗੁਣ ਇਸ ਹੱਦ ਤੱਕ ਵਿਆਪਕ ਹੁੰਦਾ ਹੈ ਕਿ ਇਸ ਵਿਧਾ ਬਾਰੇ ਇਹ ਕਿਹਾ ਜਾਂਦਾ ਹੈ ਕਿ ਨਾਟਕ ਵਿੱਚ ਕੁੱਝ ਵੀ ਫ਼ਾਲਤੂ ਨਹੀਂ ਹੁੰਦਾ| ਨਾਵਲ ਵਿੱਚ ਜਿਸ ਗੱਲ ਨੂੰ ਕਹਿਣ ਲਈ ਲੰਮਾ ਚੌੜਾ ਬਿਰਤਾਂਤ ਸਿਰਜਿਆ ਜਾਂਦਾ ਹੈ, ਨਾਟਕ ਵਿੱਚ ਉਹ ਸਾਰਾ ਕੁਝ ਚਿੰਨਾਂ, ਸੰਕੇਤਾਂ ਤੇ ਇਸ਼ਾਰਿਆਂ ਦੀ ਭਾਸ਼ਾ ਰਾਹੀਂ ਦਰਸ਼ਕਾਂ ਤੱਕ ਪੁਚਾਇਆ ਜਾਂਦਾ ਹੈ| ਸਟੇਜ ਉੱਤੇ ਨਜ਼ਰ ਆਉਣ ਵਾਲੀ ਹਰ ਨਿਕੀ ਤੋਂ ਨਿਕੀ ਵਸਤ, ਨਾਟਕ ਦੇ ਅਰਥਾਂ ਨੂੰ ਵਿਸਤਾਰ ਦੇਣ ਵਾਲੀ ਹੁੰਦੀ ਹੈ| ਇਸ ਲਈ ਨਾਟਕੀ ਲਿਖਤ ਦੇ ਵਧੀਆ ਹੋਣ ਦੇ ਨਾਲ ਨਾਲ ਨਾਟ-ਨਿਰਦੇਸ਼ਕ ਦੀ ਨਾਟਕੀ ਸੂਝ ਅਤੇ ਸੂਖ਼ਮ ਸਮਰੱਥਾ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਦਾ ਹੈ ਕਿ ਨਾਟਕ ਵਿੱਚ ਸੰਜਮ ਵਰਤਣ ਵਿੱਚ ਨਿਰਦੇਸ਼ਕ ਕਿਸ ਹੱਦ ਤੱਕ ਕਾਮਯਾਬ ਰਿਹਾ ਹੈ| ਸੀਮਤ ਸਮੇਂ, ਥੋੜ੍ਹੇ ਪਾਤਰਾਂ ਅਤੇ ਸੰਕੇਤਕ ਭਾਸ਼ਾ ਵਿੱਚ ਖੇਡੀ ਜਾਣ ਵਾਲੀ ਇਸ ਕਲਾ ਵਿੱਚ ਬਹੁਤ ਕੁਝ ਅਣਕਿਹਾ ਹੁੰਦਾ ਹੈ| ਉਸ ਅਣਕਹੇ ਨੂੰ ਦਰਸ਼ਕ ਆਪਣੀ ਬੌਧਿਕ ਸਮਰਥਾ ਸਦਕਾ ਡੀ ਕੋਡ ਕਰਕੇ ਉਸ ਵਿੱਚ ਅਰਥ ਭਰਦਾ ਹੈ| ਇਸੇ ਲਈ ਨਾਟਕ ਵਿੱਚ ਦ੍ਰਿਸ਼ ਦੀ ਭਾਸ਼ਾ ਦਾ ਮਹੱਤਵ ਸਵੀਕਾਰਿਆ ਗਿਆ ਹੈ| ਦ੍ਰਿਸ਼ ਰਾਹੀਂ ਹਾਸਿਲ ਕੀਤੀ ਜਾਣਕਾਰੀ, ਪਾਤਰਾਂ ਦੁਆਰੇ ਉਚਾਰੇ ਵਾਰਤਾਲਾਪ ਨਾਲੋਂ ਜਿੱਥੇ ਵੱਧ ਪ੍ਰਭਾਵਸ਼ਾਲੀ ਹੁੰਦੀ ਹੈ ਉੱਥੇ ਨਾਟਕ ਵਿੱਚ ਸੰਜਮਤਾ ਦੇ ਅੰਸ਼ ਵੀ ਭਰਦੀ ਹੈ| ਇਸ ਵਿਧਾ ਵਿੱਚ ਪਾਤਰਾਂ ਦੀ ਗਿਣਤੀ ਵੀ ਸੰਜਮ ਦੀ ਮੰਗ ਕਰਦੀ ਹੈ| ਮੰਚ ਉੱਤੇ ਪਾਤਰਾਂ ਦਾ ਘੜਮੱਸ ਦਰਸ਼ਕਾਂ ਲਈ ਔਕੜਾਂ ਪੈਦਾ ਕਰਦਾ ਹੈ| ਪੁਰਾਤਨ ਨਾਟਕਾਂ ਵਿੱਚ ਐਕਟਾਂ ਦੀ ਗਿਣਤੀ ਦੀ ਬਹੁਤਾਤ ਜਿੱਥੇ ਨਾਟਕ ਦੇ ਦਰਸ਼ਕਾਂ ਲਈ ਮੁਸ਼ਕਿਲ ਪੈਦਾ ਕਰਦੀ ਸੀ ਉੱਥੇ ਅਜਿਹੇ ਨਾਟਕਾਂ ਦੇ ਮੰਚਨ ਵਿੱਚ ਵੀ ਨਿਰਦੇਸ਼ਕ ਨੂੰ ਕਠਿਨਾਈ ਦਾ ਸਾਹਮਣਾ ਕਰਨਾ ਪੈਂਦਾ ਸੀ| ਇਸ ਲਈ ਬਹੁਤੇ ਐਕਟਾਂ ਦੀ ਥਾਂ 'ਤੇ ਤਿੰਨ ਐਕਟਾਂ ਵਾਲੇ ਨਾਟਕ ਲਿਖਣੇ ਖੇਡਣ ਦੀ ਪ੍ਰਥਾ ਦਾ ਅਰੰਭ ਹੋਇਆ| ਟੈਕਨੀਕ ਦੇ ਇਸ ਯੁੱਗ ਵਿੱਚ ਅਤੇ ਮੰਚੀ ਸਹੂਲਤਾਂ ਵਾਲੇ ਥੀਏਟਰ ਵਿੱਚ ਥੋੜ੍ਹੇ ਪਾਤਰਾਂ,ਘੱਟ ਐਕਟਾਂ ਅਤੇ ਛੋਟੇ ਸੰਵਾਦਾਂ ਦੀ ਸਿਰਜਨਾ ਰਾਹੀਂ ਵੀ ਜ਼ਿੰਦਗੀ ਦੀ ਵਿਆਪਕਤਾ ਨੂੰ ਪੇਸ਼ ਕੀਤਾ ਜਾ ਸਕਦਾ ਹੈ| ਥੋੜ੍ਹੇ ਪਾਤਰਾਂ ਅਤੇ ਬਹੁਤੇ ਦ੍ਰਿਸ਼ ਪਰਿਵਰਤਨ ਤੋਂ ਬਿਨਾਂ ਨਾਟਕਾਂ ਦੇ ਸਫ਼ਲ ਮੰਚਨ ਵਿੱਚ ਪੰਜਾਬੀ ਨਾਟਕਕਾਰਾਂ ਨੇ ਵਿਲੱਖਣ ਭੂਮਿਕਾ ਨਿਭਾਈ ਹੈ| ਪਾਲੀ ਭੁਪਿੰਦਰ ਦੇ ਪਿਆਸਾ ਕਾਂ ਵਿੱਚ ਕੇਵਲ ਇੱਕੋ ਅਭਿਨੇਤਾ ਹੈ| ਇੱਕ ਪਾਤਰ ਦੇ ਆਤਮ ਸੱਚ ਦੀ ਅਭਿਵਿਅਕਤੀ ਨਾਟਕੀ ਰੂਪ ਵਿੱਚ ਸਾਕਾਰ ਹੁੰਦੀ ਹੈ| ਸਹਾਇਕ ਗ੍ਰੰਥ - ਨੇਮਿਚਿੰਦ੍ਰ ਜੈਨ : ਰੰਗ ਦਰਸ਼ਨ; Ronald peacock : The art of drama)

ਨਾਟਕੀ ਸਾਜ਼
ਸਾਜ਼ਾਂ ਦੀ ਵਰਤੋਂ ਨਾਟਕ ਦੀ ਪ੍ਰਦਰਸ਼ਨੀ ਨੂੰ ਪ੍ਰਭਾਵਸ਼ਾਲੀ ਬਣਾਉਣ ਵਿੱਚ ਕਾਰਗਰ ਰੋਲ ਅਦਾ ਕਰਦੀ ਹੈ| ਭਰਤ ਮੁਨੀ ਦੇ ਨਾਟ-ਸ਼ਾਸਤਰ ਵਿੱਚ ਨਾਟਕ ਦੇ ਮੰਚਨ ਵੇਲੇ ਕਈ ਤਰ੍ਹਾਂ ਦੇ ਸਾਜ਼ਾਂ ਦੀ ਵਰਤੋਂ ਦਾ ਸੁਝਾਅ ਦਿੱਤਾ ਗਿਆ ਹੈ| ਵਿਸ਼ੇਸ਼ ਤੌਰ 'ਤੇ ਮਿਰਦੰਗ, ਤਬਲੇ ਅਤੇ ਢੋਲ ਦਾ ਜ਼ਿਕਰ ਕੀਤਾ ਗਿਆ ਹੈ| ਇਨ੍ਹਾਂ ਸਾਜ਼ਾਂ ਦੀ ਉਚਿਤ ਮੌਕੇ 'ਤੇ ਕੀਤੀ ਵਰਤੋਂ ਰਸ ਦੀ ਉਤਪਤੀ ਕਰਨ ਵਿੱਚ ਸਹਾਈ ਹੁੰਦੀ ਹੈ| ਚਮੜੇ ਨਾਲ ਮੜ੍ਹੇ ਹੋਏ ਅਜਿਹੇ ਸਾਜ਼ਾਂ ਦੀ ਸੰਖਿਆ 100 ਦਰਸਾਈ ਗਈ ਹੈ| ਇਨ੍ਹਾਂ ਸਾਜ਼ਾਂ ਵਿੱਚੋਂ ਬਹੁਤੇ ਅੱਜਕਲ ਉਪਲੱਬਧ ਨਹੀਂ ਹਨ| ਇਹ ਸਾਜ਼ ਭਾਰਤ ਦੇ ਵੱਖ-ਵੱਖ ਪ੍ਰਾਂਤਾਂ ਨਾਲ ਸੰਬੰਧਤ ਹਨ ਜਿਨ੍ਹਾਂ ਵਿੱਚੋਂ ਕੁਝ ਇੱਕ ਦਾ ਜ਼ਿਕਰ ਭਰਤ ਮੁਨੀ ਦੇ ਨਾਟ ਸ਼ਾਸਤਰ ਵਿੱਚ ਕੀਤਾ ਮਿਲਦਾ ਹੈ| ਇਨ੍ਹਾਂ ਵਿੱਚੋਂ ਨੂਟ, ਘਟਮ, ਝੱਲਚੀ, ਗਨ, ਘੁਮਟ, ਜੁਮਕਾ ਆਦਿ ਪ੍ਰਮੁੱਖ ਸਾਜ਼ ਹਨ| ਸਭ ਤੋਂ ਪੁਰਾਣਾ ਸਾਜ਼ ਘੜੇ ਨੂੰ ਮੰਨਿਆ ਗਿਆ ਹੈ| ਅਜੋਕੇ ਸਮੇਂ ਵਿੱਚ ਨਗਾਰਾ, ਢੋਲਕ, ਤਬਲਾ, ਡਮਰੂ, ਡੱਗਾ ਆਦਿ ਸਾਜ਼ਾਂ ਦੀ ਵਰਤੋਂ ਨਾਟਕੀ ਪ੍ਰਸਤੁਤੀ ਦੌਰਾਨ ਕੀਤੀ ਜਾਂਦੀ ਹੈ| ਸਾਜ਼ ਵਜਾਉਣ ਵਾਲਾ, ਸੰਗੀਤ, ਰਾਗ ਅਤੇ ਤਾਲ ਦੇ ਸੂਖ਼ਮ ਗਿਆਨ ਦਾ ਗਿਆਤਾ ਹੋਣਾ ਚਾਹੀਦਾ ਹੈ ਕਿਉਂਕਿ ਸਾਜ਼ਾਂ ਦੀ ਅਢੁੱਕਵੀਂ ਅਤੇ ਬੇਲੋੜੀ ਵਰਤੋਂ ਨਾਟਕੀ ਪ੍ਰਭਾਵ ਨੂੰ ਖੰਡਤ ਕਰ ਸਕਦੀ ਹੈ| ਨਾਟ ਸ਼ਾਸਤਰ ਵਿੱਚ ਇਨ੍ਹਾਂ ਸਾਜ਼ਾਂ ਦੇ ਨਿਰਮਾਣ ਕਰਨ ਦਾ ਬਕਾਇਦਾ ਵਿਧੀ ਵਿਧਾਨ ਦਿੱਤਾ ਗਿਆ ਹੈ| ਨਾਟ ਆਚਾਰੀਆ, ਸੰਗੀਤ ਵਿਦਿਆ ਦਾ ਮਾਹਿਰ ਵਿਅਕਤੀ ਹੋਣਾ ਚਾਹੀਦਾ ਹੈ| ਸਾਜ਼ਾਂ ਦੇ ਨਿਰਮਾਣ ਤੋਂ ਪੂਰਵ ਦੇਵਤਿਆਂ ਦੀ ਪੂਜਾ ਕਰਨ ਮਗਰੋਂ ਵਰਤ ਰੱਖਣ ਦਾ ਸੁਝਾਅ ਦਿੱਤਾ ਗਿਆ ਹੈ| ਵੱਖ ਵੱਖ ਤਰ੍ਹਾਂ ਦੇ ਨਾਟਕਾਂ ਦੇ ਸਾਜ਼ਾਂ ਲਈ ਵੱਖ ਵੱਖ ਤਰ੍ਹਾਂ ਦੀ ਪੂਜਾ ਕੀਤੇ ਜਾਣ ਦਾ ਜ਼ਿਕਰ ਨਾਟ ਸ਼ਾਸਤਰ ਵਿੱਚ ਕੀਤਾ ਗਿਆ ਹੈ| ਸੰਗੀਤ ਅਤੇ ਸਾਜ਼ਾਂ ਦੀ ਢੁੱਕਵੀਂ ਵਰਤੋਂ ਨਾਟਕੀ ਪ੍ਰਦਰਸ਼ਨ ਦੀ ਸਫ਼ਲਤਾ ਵਿੱਚ ਸਹਾਈ ਹੁੰਦੀ ਹੈ| ਸੰਗੀਤ ਦੀ ਵਰਤੋਂ ਵਿਸ਼ੇਸ਼ ਕਿਸਮ ਦੇ ਨਾਟਕੀ ਮੂਡ ਪੈਦਾ ਕਰਨ ਲਈ ਕੀਤੀ ਜਾਂਦੀ ਹੈ| ਅਜਿਹਾ ਸੰਗੀਤ ਵੱਖ ਵੱਖ ਸਾਜ਼ਾਂ ਦੀਆਂ ਧੁਨਾਂ 'ਤੇ ਆਧਾਰਿਤ ਹੁੰਦਾ ਹੈ| ਵਿਸ਼ੇਸ਼ ਕਿਸਮ ਦੀਆਂ ਨਾਟਕੀ ਸਥਿਤੀਆਂ ਦੀ ਸਿਰਜਨਾ ਲਈ ਕਈ ਵਾਰ ਰਿਕਾਰਡ ਕੀਤੇ ਸੰਗੀਤ ਦੀ ਵਰਤੋਂ ਵੀ ਕੀਤੀ ਜਾਂਦੀ ਹੈ| ਵੱਖ-ਵੱਖ ਨਾਟਕੀ ਸਾਜ਼ਾਂ ਦੁਆਰਾ ਉਤਪੰਨ ਹੋਣ ਵਾਲੇ ਭਾਵ ਵਿਕੋਲਿਤਰੇ ਪ੍ਰਭਾਵ ਦੀ ਸਿਰਜਣਾ ਕਰਨ ਵਾਲੇ ਹੁੰਦੇ ਹਨ| ਨਿਰਦੇਸ਼ਕ ਭਾਵੇਂ ਸੰਗੀਤ ਦੀ ਕਲਾ ਤੋਂ ਸੂਖ਼ਮ ਰੂਪ ਵਿੱਚ ਜਾਣੂੰ ਨਹੀਂ ਹੁੰਦਾ ਪਰ ਨਾਟਕ ਦੀ ਪ੍ਰਸਤੁਤੀ ਦੌਰਾਨ ਇਨ੍ਹਾਂ ਸਾਜ਼ਾਂ ਰਾਹੀਂ ਵਿਲੱਖਣ ਕਿਸਮ ਦੇ ਸਿਰਜੇ ਜਾਣ ਵਾਲੇ ਨਾਟਕੀ ਵਾਤਾਵਰਨ ਬਾਰੇ ਉਸ ਨੂੰ ਜਾਣਕਾਰੀ ਹੋਣੀ ਲੋੜੀਂਦੀ ਹੁੰਦੀ ਹੈ ਕਿਉਂਕਿ ਢੋਲਕੀ ਦੀ ਥਾਂ 'ਤੇ ਤਬਲੇ ਜਾਂ ਮਿਰਦੰਗ ਦੀ ਵਰਤੋਂ ਨਾਟਕੀ ਰਿਦਮ ਨੂੰ ਖਤਮ ਕਰ ਸਕਦੀ ਹੈ| ਉਪੇਰੇ/ਸੰਗੀਤ ਨਾਟਕ ਲਈ ਬਣਾਈਆਂ ਜਾਣ ਵਾਲੀਆਂ ਧੁਨਾਂ ਲਈ ਸਾਜ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ| ਅਜਿਹੇ ਨਾਟਕਾਂ ਵਿੱਚ ਸੰਗੀਤ ਰਿਕਾਰਡ ਨਹੀਂ ਕੀਤਾ ਜਾਂਦਾ ਸਗੋਂ ਹਰ ਪ੍ਰਦਰਸ਼ਨੀ ਵੇਲੇ ਲਾਈਵ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ| ਨਾਟਕੀ ਕਾਰਜ ਨੂੰ ਤੀਖਣ ਕਰਨ ਲਈ ਅਤੇ ਭਾਵੁਕ ਤਣਾਓ ਨੂੰ ਸਿਖਰ ਤੇ ਪਹੁੰਚਾਉਣ ਵਿੱਚ ਨਾਟਕ ਵਿੱਚ ਸੰਗੀਤ ਦੀ ਵਰਤੋਂ ਅਹਿਮ ਹੁੰਦੀ ਹੈ| ਸੰਗੀਤ ਦਾ ਮਾਧਿਅਮ ਸਾਜ਼ ਹੁੰਦੇ ਹਨ| ਸਾਜ਼ਾਂ ਦੀ ਵਰਤੋਂ ਰਾਹੀਂ ਉਤਪੰਨ ਹੋਣ ਵਾਲਾ ਸੰਗੀਤ ਨਾਟਕ ਵਿੱਚ ਇਕਸਾਰਤਾ ਪੈਦਾ ਕਰਦਾ ਹੈ| (ਸਹਾਇਕ ਗ੍ਰੰਥ - ਭਰਤ ਮੁਨੀ : ਨਾਟਯ ਸ਼ਾਸਤ੍ਰ)

ਨਾਟਕੀ ਸਿਖਰ

Climax

ਨਾਟਕੀ ਸਿਖਰ ਲਈ ਅੰਗਰੇਜ਼ੀ ਸ਼ਬਦ ਕਲਾਈਮੈਕਸ ਵੀ ਵਰਤਿਆ ਜਾਂਦਾ ਹੈ| ਨਾਟਕ ਵਿੱਚ ਅਜਿਹੀ ਸਥਿਤੀ ਨੂੰ ਸਿਖਰ ਜਾਂ ਕਲਾਈਮੈਕਸ ਕਿਹਾ ਜਾਂਦਾ ਹੈ ਜਦੋਂ ਨਾਟਕ ਵਿੱਚ ਪੇਸ਼ ਕੀਤੇ ਗਏ ਵਿਚਾਰ ਜਿਹੜੇ ਨਾਟਕ ਦੇ ਸਮੁੱਚੇ ਵਾਤਾਵਰਨ, ਸਥਿਤੀਆਂ ਤੇ ਕਥਾਨਕ ਵਿੱਚ ਤਣਾਓ ਜਾਂ ਸੰਕਟ ਰੂਪ ਵਿੱਚ ਵਿਦਮਾਨ ਹੁੰਦੇ ਹਨ| ਨਾਟਕੀ ਕਾਰਜ ਦੇ ਚਲਦਿਆਂ ਜਦੋਂ ਇੱਕ ਬਿੰਦੂ ਤੇ ਆ ਕੇ ਸਮੁੱਚਤਾ ਵਿੱਚ ਸਿਮਟ ਜਾਣ ਤਾਂ ਰਚਨਾ ਆਪਣੇ ਸਿਖਰ ਜਾਂ ਕਲਾਈਮੈਕਸ ਨੂੰ ਪ੍ਰਾਪਤ ਕਰਦੀ ਹੈ| ਅਰਥਾਤ ਰਚਨਾ ਦਾ ਅਜਿਹਾ ਪੜਾਅ ਕਲਾਈਮੈਕਸ ਦੇ ਅਰਥਾਂ ਦਾ ਧਾਰਨੀ ਬਣਦਾ ਹੈ ਜਿੱਥੇ ਸਮੁੱਚੇ ਨਾਟਕ ਦੀਆਂ ਅਲੱਗ ਅਲੱਗ ਘਟਨਾਵਾਂ ਇੱਕ ਵਿਸ਼ੇਸ਼ ਕੇਂਦਰ ਬਿੰਦੂ 'ਤੇ ਇੱਕੱਠੀਆਂ ਹੋ ਜਾਂਦੀਆਂ ਹਨ| ਸਿਖਰ/ਕਲਾਈਮੈਕਸ ਨੂੰ ਸਿਰਜਨ ਵਿੱਚ ਹੀ ਰਚਨਾ ਦਾ ਕਲਾਤਮਕ ਸੁਹਜ ਉਭਰ ਦੇ ਸਾਹਮਣੇ ਆਉਂਦਾ ਹੈ| ਸਿਖਰ ਨੂੰ ਪ੍ਰਭਾਵੀ ਬਣਾਉਣ ਲਈ ਨਾਟਕਕਾਰ ਵਿਭਿੰਨ ਜੁਗਤਾਂ/ਵਿਧੀਆਂ ਦੀ ਵਰਤੋਂ ਕਰਦੇ ਹਨ| ਅਜਿਹੇ ਸਿਖਰ ਨੂੰ ਦੇਖਣ ਲਈ ਦਰਸ਼ਕ ਦੀ ਉਤਸਕਤਾ ਲਗਾਤਾਰ ਬਣੀ ਰਹਿੰਦੀ ਹੈ| ਪੰਜਾਬੀ ਨਾਟਕਕਾਰ ਦਰਸ਼ਕ ਵਰਗ ਦੀ ਮਨੋਵ੍ਰਿਤੀ ਨੂੰ ਧਿਆਨ ਵਿੱਚ ਰੱਖਦਿਆਂ ਨਾਟਕੀ ਸਿਖਰ ਦੀ ਰਚਨਾ ਕਰਨ ਵੇਲੇ ਵਿਸ਼ੇਸ਼ ਕਿਸਮ ਦਾ ਸੰਦੇਸ਼ ਦੇਣ ਦੀ ਕੋਸ਼ਿਸ਼ ਕਰਦਾ ਹੈ| ਸਮੁੱਚਾ ਨਾਟਕੀ ਪ੍ਰਸੰਗ ਇੱਕ ਸਿੱਟੇ ਦੇ ਰੂਪ ਵਿੱਚ ਦ੍ਰਿਸ਼ਟੀਗੋਚਰ ਹੋਣ ਲੱਗਦਾ ਹੈ| ਨਾਟਕੀ ਸਿਖ਼ਰ, ਨਾਟਕ ਵਿੱਚ ਪੇਸ਼ ਵਿਚਾਰਾਂ ਦੀ ਵਿਆਖਿਆ ਦੇ ਰੂਪ ਵਿੱਚ ਉਜਾਗਰ ਹੁੰਦਾ ਹੈ| ਅਜਿਹੀ ਰੁਚੀ ਨਾਟਕ ਦੇ ਸੁਹਜ ਉੱਤੇ ਵਾਰ ਕਰਦੀ ਹੈ ਕਿਉਂਕਿ ਨਾਟਕਕਾਰ ਇੱਕ ਵਿਸ਼ੇਸ਼ ਮਨੋਰਥ ਦੇ ਤਹਿਤ ਸਿਖਰ ਦੀ ਉਸਾਰੀ ਦਰਸ਼ਕ ਵਰਗ ਦੀ ਰੁਚੀ ਨੂੰ ਧਿਆਨ ਵਿੱਚ ਰੱਖ ਕੇ ਕਰਦਾ ਹੈ ਇਸੇ ਕਾਰਨ ਕਲਾਈਮੈਕਸ ਸਿਰਜਣ ਵਿੱਚ ਬਨਾਵਟੀ ਅੰਸ਼ ਭਾਰੂ ਹੋ ਜਾਂਦਾ ਹੈ ਤੇ ਸੁਭਾਵਕਤਾ ਖ਼ਤਮ ਹੁੰਦੀ ਪ੍ਰਤੀਤ ਹੁੰਦੀ ਹੈ| ਜਦੋਂ ਕੋਈ ਨਾਟਕਕਾਰ ਭਾਵੁਕਤਾ ਦੇ ਪੱਧਰ ਉੱਤੇ ਆ ਕੇ ਕਲਾਈਮੈਕਸ ਸਿਰਜਨ ਦੀ ਕੋਸ਼ਿਸ਼ ਕਰਦਾ ਹੈ ਤਾਂ ਨਾਟਕ ਵਿਚਲੀ ਗੰਭੀਰਤਾ ਭਾਵ ਦੇ ਪੱਧਰ ਤੱਕ ਸਿਮਟ ਕੇ ਰਹਿ ਜਾਂਦੀ ਹੈ| ਸਿੱਟੇ ਵਜੋਂ ਦਰਸ਼ਕ ਵਿਵੇਕਸ਼ੀਲ ਹੋਣ ਦੀ ਬਜਾਏ ਭਾਵੁਕਤਾ ਦੇ ਪੱਧਰ 'ਤੇ ਨਾਟਕੀ ਅਰਥਾਂ ਨੂੰ ਗ੍ਰਹਿਣ ਕਰਦੇ ਹਨ| ਵਿਸ਼ੇਸ਼ ਤੌਰ 'ਤੇ ਔਰਤ ਨਾਲ ਸੰਬੰਧਤ ਸਮੱਸਿਆਵਾਂ ਨੂੰ ਲੈ ਕੇ ਲਿਖੇ ਗਏ ਨਾਟਕਾਂ ਵਿੱਚ ਅਜਿਹੀ ਸਥਿਤੀ ਵਿਆਪਕ ਪੱਧਰ 'ਤੇ ਨਜ਼ਰ ਆਉਂਦੀ ਹੈ| ਉੱਤੇਜਿਤ ਕਰਨ ਵਾਲਾ ਸਿਖਰ ਦਰਸ਼ਕਾਂ ਨੂੰ ਜਜ਼ਬਾਤੀ ਕਰ ਦੇਂਦਾ ਹੈ| ਪੰਜਾਬੀ ਦੇ ਬਹੁਤੇ ਨਾਟਕਕਾਰ ਇਸ ਕਿਸਮ ਦੇ ਸਿਖਰ ਦੀ ਸਿਰਜਨਾ ਕਰਦੇ ਹਨ| ਨਾਟਕ ਦਾ ਆਰੰਭ ਹੁੰਦਿਆਂ ਸਾਰ ਹੀ ਦਰਸ਼ਕ ਵਰਗ ਇਸਦੇ ਸਿਖਰ ਦਾ ਅੰਦਾਜ਼ਾ ਲਗਾ ਲੈਂਦੇ ਹਨ| ਪੂਰਵ ਨਿਰਧਾਰਿਤ ਕਿਸਮ ਦਾ ਸਿਖਰ ਜਾਂ ਵਿਸ਼ੇਸ਼ ਮਨੋਰਥ ਨੂੰ ਲੈ ਕੇ ਸਿਖਰ ਸਿਰਜਨ ਦੀ ਰੁਚੀ ਬਹੁਤੇ ਨਾਟਕਾਂ ਵਿੱਚ ਭਾਰੂ ਰਹਿੰਦੀ ਹੈ| ਖਲਨਾਇਕ ਦਾ ਅੰਤ ਅਤੇ ਹੱਕ ਸੱਚ ਲਈ ਕੁਰਬਾਨੀ ਦਾ ਸੁਨੇਹਾ ਆਮ ਨਾਟਕਾਂ ਦੇ ਕਲਾਈਮੈਕਸ ਹੁੰਦੇ ਹਨ; ਜਿਨ੍ਹਾਂ ਲਈ ਨਾਟਕਕਾਰ ਗੀਤ ਜਾਂ ਸੰਗੀਤ ਦੀ ਵਿਧੀ ਦੀ ਵਰਤੋਂ ਕਰਦਾ ਹੈ| ਅਜਿਹੇ ਕਲਾਈਮੈਕਸ ਕਈ ਵਾਰ ਨਾਅਰੇ ਦੇ ਰੂਪ ਵੀ ਅਖਤਿਆਰ ਕਰ ਜਾਂਦੇ ਹਨ| ਹਰਚਰਨ ਸਿੰਘ ਦਾ ਨਾਟਕ ਤੇਰਾ ਘਰ ਸੋ ਮੇਰਾ ਘਰ ਵਿੱਚ ਨਾਟਕ ਦੇ ਅਖ਼ੀਰ ਉੱਤੇ ਨਾਅਰੇ ਲੱਗ ਰਹੇ ਹਨ| ਸੰਕਟ ਦੀ ਸਥਿਤੀ ਤਹਿਤ ਪੰਜਾਬੀ ਨਾਟਕ ਵਿੱਚ ਏਕੇ ਦੀ ਭਾਵਨਾ ਰਾਹੀਂ ਬੁਰਾਈ ਦਾ ਖ਼ਾਤਮਾ ਕਰਨ ਦੀ ਰੁਚੀ ਕਲਾਈਮੈਕਸ ਸਿਰਜਣ ਦੀ ਮੂਲ ਪਛਾਣ ਸਿੱਧ ਹੁੰਦੀ ਹੈ| ਚੰਗਿਆਈ ਤੇ ਬੁਰਾਈ ਵਿੱਚੋਂ ਇੱਕ ਧਿਰ ਦੀ ਜਿੱਤ ਤੇ ਦੂਜੀ ਦੀ ਹਾਰ ਕਲਾਈਮੈਕਸ ਸਿਰਜਣ ਦੀ ਰਵਾਇਤੀ ਵਿਧੀ ਹੈ| ਪਰੰਪਰਕ ਕਿਸਮ ਦੇ ਇਸ ਰੁਝਾਨ ਤੋਂ ਹਟ ਕੇ ਬਲਵੰਤ ਗਾਰਗੀ ਨੇ ਅਜਿਹੇ ਕਲਾਈਮੈਕਸ ਸਿਰਜਨ ਦੀ ਸ਼ੁਰੂਆਤ ਕੀਤੀ ਜਿਹੜੇ ਪ੍ਰਵਾਨਤ ਕਲਾਈਮੈਕਸ ਤੋਂ ਬਿਲਕੁਲ ਵਿਪਰੀਤ ਕਿਸਮ ਦੇ ਸਨ| ਧੂਣੀ ਦੀ ਅੱਗ ਉਸਦਾ ਅਜਿਹਾ ਹੀ ਕਲਾਈਮੈਕਸ ਸਿਰਜਣ ਵਾਲਾ ਨਾਟਕ ਹੈ| (ਸਹਾਇਕ ਗ੍ਰੰਥ - ਹਰਚਰਨ ਸਿੰਘ : ਤੇਰਾ ਘਰ ਸੋ ਮੇਰਾ ਘਰ; ਪਾਲੀ ਭੁਪਿੰਦਰ ਸਿੰਘ : ਪੰਜਾਬੀ ਨਾਟਕ ਦਾ ਕਾਵਿ ਸ਼ਾਸਤਰ (ਪੰਜਾਬ ਯੂਨੀਵਰਸਿਟੀ ਨੂੰ ਪ੍ਰਸਤੁਤ ਖੋਜ ਪ੍ਰਬੰਧ)

ਨਾਟਕੀ ਕਾਰਜ

Action)

ਸਮੇਂ ਤੇ ਸਥਾਨ ਵਾਂਗ ਨਾਟਕ ਵਿੱਚ ਕਾਰਜ ਦੀ ਮਹੱਤਤਾ ਵੀ ਬਹੁਤ ਮਹੱਤਵਪੂਰਨ ਹੁੰਦੀ ਹੈ| ਕਾਰਜ ਨਾਟਕ ਦਾ ਮੁੱਖ ਧੁਰਾ ਹੁੰਦਾ ਹੈ| ਨਾਟਕ ਪ੍ਰਦਰਸ਼ਨੀ ਦੀ ਕਲਾ ਹੈ| ਘਟਨਾਵਾਂ ਅਤੇ ਸਥਿਤੀਆਂ ਦੀ ਮੰਚ ਉੱਤੇ ਪੇਸ਼ਕਾਰੀ ਕਾਰਜ ਰਾਹੀਂ ਹੀ ਸਾਕਾਰ ਹੁੰਦੀ ਹੈ| ਅਰਸਤੂ ਨੇ ਨਾਟਕ ਦੇ ਛੇ ਤੱਤ ਸਵੀਕਾਰ ਕੀਤੇ ਹਨ| ਪਲਾਟ, ਪਾਤਰ, ਵਿਚਾਰ, ਭਾਸ਼ਾ, ਸੰਗੀਤ ਅਤੇ ਪੇਸ਼ਕਾਰੀ| ਇਨ੍ਹਾਂ ਵਿੱਚੋਂ ਪਲਾਟ ਅਤੇ ਪਾਤਰ ਦੋ ਅਜਿਹੇ ਤੱਤ ਹਨ ਜਿਨ੍ਹਾਂ ਦਾ ਨਾਟਕ ਵਿੱਚ ਵਿਸ਼ੇਸ਼ ਸਥਾਨ ਹੁੰਦਾ ਹੈ| ਇਨ੍ਹਾਂ ਦੋਨਾਂ ਤੱਤਾਂ ਵਿੱਚ ਕਾਰਜ ਦੀ ਪ੍ਰਮੁੱਖਤਾ ਸਦਾ ਬਣੀ ਰਹਿੰਦੀ ਹੈ| ਨਾਟ ਆਚਾਰੀਆਂ ਨੇ ਕਥਾਨਕ ਦੇ ਅਰੰਭ ਤੋਂ ਲੈ ਕੇ ਸਿਖਰ ਤੱਕ ਪਹੁੰਚਣ ਅਤੇ ਫ਼ੇਰ ਨਿਰਣਾਇਕ ਸਥਿਤੀ ਤੱਕ ਅਪੜਨ ਦੀ ਸਥਿਤੀ ਨੂੰ ਨਾਟਕੀ ਕਾਰਜ ਦੇ ਤਹਿਤ ਸਮਝਣ ਦੀ ਕੋਸ਼ਿਸ਼ ਕੀਤੀ ਹੈ| ਪਲਾਟ ਦੀ ਵਿਕਾਸ ਪ੍ਰਕ੍ਰਿਆ ਦੇ ਇਸ ਕ੍ਰਮ ਵਿੱਚ ਨਾਟਕੀ ਕਾਰਜ ਦੀ ਭੂਮਿਕਾ ਸਦਾ ਮੋਹਰੀ ਰਹਿੰਦੀ ਹੈ| ਮੰਚ ਉੱਤੇ ਨਾਟਕ ਦੇ ਅਰੰਭ ਹੋਣ ਸਾਰ ਦਰਸ਼ਕ ਵਰਗ ਦਾ ਧਿਆਨ ਨਾਟਕੀ ਕਾਰਜ ਪ੍ਰਤੀ ਆਕਰਸ਼ਿਤ ਕਰਨ ਲਈ ਮੰਚ ਸਮੱਗਰੀ, ਪਾਤਰ ਵਰਗ ਅਤੇ ਉਨ੍ਹਾਂ ਦੁਆਰਾ ਉਚਾਰੇ ਜਾਣ ਵਾਲੇ ਸੰਵਾਦਾਂ ਪ੍ਰਤੀ ਕੀਤਾ ਜਾਂਦਾ ਹੈ| ਇਹ ਕਾਰਜ ਦੀ ਅਰੰਭਕ ਸਥਿਤੀ ਹੁੰਦੀ ਹੈ| ਨਾਟਕੀ ਕਾਰਜ ਵਿਕਾਸ ਦੀ ਅਵਸਥਾ ਵਿੱਚੋਂ ਗੁਜ਼ਰਦਾ ਹੋਇਆ ਸੰਘਰਸ਼ ਦੀ ਅਵਸਥਾ ਵਿੱਚ ਪਹੁੰਚਦਾ ਹੈ| ਘਟਨਾਵਾਂ ਦੇ ਵਾਪਰਨ ਨਾਲ ਨਾਟਕ ਵਿੱਚ ਉਤਸੁਕਤਾ ਅਤੇ ਤਨਾਓ ਦੀ ਸਥਿਤੀ ਪੈਦਾ ਕੀਤੀ ਜਾਂਦੀ ਹੈ| ਨਾਟਕੀ ਕਾਰਜ ਦੇ ਸਿਖਰ ਦੀ ਸਥਿਤੀ ਵਿੱਚ ਪਹੁੰਚਣ ਨਾਲ ਤਨਾਓ ਦੀ ਅਵਸਥਾ ਆਪਣੀ ਚਰਮ ਸੀਮਾ ਉੱਤੇ ਪਹੁੰਚ ਜਾਂਦੀ ਹੈ| ਇਸ ਨੂੰ ਨਿਰਣੇ ਦੀ ਸਥਿਤੀ ਕਿਹਾ ਜਾਂਦਾ ਹੈ ਜਿੱਥੇ ਸਮੱਸਿਆ ਦਾ ਅੰਤ ਹੋ ਜਾਂਦਾ ਹੈ ਅਤੇ ਕਾਰਜ ਆਪਣੇ ਉਦੇਸ਼ ਪ੍ਰਾਪਤੀ ਨੂੰ ਹਾਸਿਲ ਕਰ ਲੈਂਦਾ ਹੈ| ਅਜੋਕੇ ਸਮੇਂ ਵਿੱਚ ਲਿਖੇ ਜਾ ਰਹੇ ਨਾਟਕਾਂ ਵਿੱਚ ਬਹੁਤੀ ਵਾਰ ਸਮੱਸਿਆ ਦਾ ਹੱਲ ਨਹੀਂ ਕੀਤਾ ਜਾਂਦਾ ਸਗੋਂ ਅਖੀਰ 'ਤੇ ਨਾਟਕਕਾਰ ਸਮੱਸਿਆ ਨੂੰ ਖੁਲ੍ਹਾ ਛੱਡ ਦਿੰਦਾ ਹੈ ਇਉਂ ਨਾਟਕ ਮਨੋਰਥ ਪ੍ਰਾਪਤੀ ਨੂੰ ਹਾਸਿਲ ਕਰਨ ਦੀ ਥਾਵੇਂ ਨਾਟਕੀ ਕਾਰਜ ਨੂੰ ਪ੍ਰਸ਼ਨ ਸੂਚਕ ਸਥਿਤੀ ਵਿੱਚ ਪੁਚਾ ਦੇਂਦਾ ਹੈ| ਅਰਸਤੂ ਨੇ ਨਾਟਕੀ ਕਾਰਜ ਦੇ ਪ੍ਰਸੰਗ ਵਿੱਚ ਸਮੇਂ ਸਥਾਨ ਅਤੇ ਏਕਤਾ ਦਾ ਸੰਕਲਪ ਦਿੱਤਾ ਸੀ| ਵੱਖ-ਵੱਖ ਸਮੇਂ ਵਿੱਚ ਨਾਟਕਕਾਰਾਂ ਨੇ ਆਪੋ ਆਪਣੀ ਲੋੜ ਅਨੁਸਾਰ ਇਸ ਸਿਧਾਂਤ ਨੂੰ ਆਪਣੇ ਮੁਤਾਬਕ ਢਾਲਿਆ ਹੈ| ਇਨ੍ਹਾਂ ਵਿੱਚ ਕਾਰਜ ਦੀ ਏਕਤਾ ਦਾ ਸਿਧਾਂਤ ਅਜਿਹਾ ਹੈ ਜਿਸ ਦੀ ਹਰੇਕ ਸਮੇਂ ਵਿੱਚ ਪਾਲਣਾ ਕੀਤੀ ਗਈ| (ਸਹਾਇਕ ਗ੍ਰੰਥ - ਸੁਰਜੀਤ ਸਿੰਘ ਸੇਠੀ : ਨਾਟਕ ਕਲਾ)

ਨਾਟਕੀ ਜੁਗਤਾਂ

Dramatic devices

ਨਾਟਕੀ ਜੁਗਤਾਂ ਤੋਂ ਭਾਵ ਹੈ ਨਾਟਕ ਦੀ ਵਸਤ ਨੂੰ ਮੰਚ ਉੱਤੇ ਸਾਕਾਰ ਕਰਨ ਦੇ ਤਰੀਕੇ| ਨਾਟਕ ਸਿਰਫ਼ ਲਿਖਤ ਦੀ ਕਲਾ ਨਹੀਂ ਸਗੋਂ ਮੰਚਨ ਕਲਾ ਵੀ ਹੈ| ਇਸੇ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਨਾਟਕੀ ਜੁਗਤਾਂ ਦੀ ਤਲਾਸ਼ ਕੀਤੀ ਜਾਂਦੀ ਹੈ| ਹਰੇਕ ਨਾਟਕ ਵਿੱਚ ਵਰਤੀਆਂ ਜੁਗਤਾਂ ਦੇ ਪਿਛੇ ਨਾਟਕਕਾਰ ਦੀ ਰਚਨਾ ਦ੍ਰਿਸ਼ਟੀ ਕੰਮ ਕਰ ਰਹੀ ਹੁੰਦੀ ਹੈ| ਨਾਟਕ ਦੀ ਕਲਾਤਮਕਤਾ ਨੂੰ ਉਭਾਰਨ ਵਿੱਚ ਜੁਗਤਾਂ ਦਾ ਮਹੱਤਵ ਅਹਿਮ ਹੁੰਦਾ ਹੈ| ਨਾਟਕ ਵਿੱਚ ਜੁਗਤਾਂ ਦੀ ਵਰਤੋਂ ਥੀਮ ਨੂੰ ਵੱਡਅਕਾਰੀ ਸੰਦਰਭ ਪ੍ਰਦਾਨ ਕਰਨ ਲਈ, ਨਾਟਕ ਦੇ ਪ੍ਰਵਚਨ ਨੂੰ ਬਹੁਨਾਦੀ ਬਣਾਉਣ ਲਈ, ਪਾਤਰਾਂ ਦੇ ਭਾਵਾਂ ਨੂੰ ਸ਼ਿੱਦਤ ਪ੍ਰਦਾਨ ਕਰਨ ਲਈ, ਨਾਟਕੀ ਕਥਾ ਨੂੰ ਅੱਗੇ ਤੋਰਨ ਲਈ, ਪਾਤਰਾਂ ਦੀ ਚੁੱਪ ਨੂੰ ਅਰਥ ਪ੍ਰਦਾਨ ਕਰਨ ਲਈ ਤੇ ਅਦਾਕਾਰਾਂ ਦੇ ਇਸ਼ਾਰਿਆਂ ਨੂੰ ਡੀ ਕੋਡ ਕਰਨ ਲਈ ਕੀਤੀ ਜਾਂਦੀ ਹੈ| ਪੰਜਾਬੀ ਨਾਟਕਕਾਰਾਂ ਨੇ ਗੀਤ, ਸਮੂਹਗਾਇਨ, ਸੂਤਰਧਾਰ, ਮਨਬਚਨੀ, ਰੋਸ਼ਨੀ ਅਤੇ ਪਿੱਛਲ ਝਾਤ ਆਦਿ ਜੁਗਤਾਂ ਦੀ ਵਰਤੋਂ ਕਰਕੇ ਜ਼ਿੰਦਗੀ ਦੇ ਵਿਸ਼ਾਲ ਪਰਿਪੇਖ ਨੂੰ ਉਜਾਗਰ ਕੀਤਾ ਹੈ| ਔਰਤ ਦੀ ਹੋਂਦ ਅਤੇ ਹੋਣੀ ਬਾਰੇ ਸੰਵਾਦ ਰਚਾਉਣ ਵਾਲਾ ਆਤਮਜੀਤ ਦਾ ਨਾਟਕ ''ਮੈਂ ਤਾਂ ਇੱਕ ਸਾਰੰਗੀ ਹਾਂ'' ਵਿੱਚ ਸਮੂਹਗਾਨ ਦੀ ਜੁਗਤ ਨਾਟਕ ਦੀ ਅਹਿਮ ਵਿਲੱਖਣਤਾ ਸਿੱਧ ਹੁੰਦੀ ਹੈ ''ਮੈਂ ਤਾਂ ਇੱਕ ਸਾਰੰਗੀ ਹਾਂ..... ਨਜ਼ਰਾਂ ਦੇ ਜਿੰਨੇ ਵੀ ਸ਼ੀਸ਼ੇ ਉਨੇ ਰੰਗਾਂ ਵਿੱਚ ਰੰਗੀ ਹਾਂ''| ਇਸ ਸਮੂਹ ਗਾਇਨ ਦਾ ਪੂਰੇ ਨਾਟਕ ਵਿੱਚ ਪੁਨਰ ਦੁਹਰਾਓ ਭਾਰਤੀ ਸਮਾਜ ਵਿੱਚ ਨਾਰੀ ਵੇਦਨਾ ਨੂੰ ਸਸ਼ਕਤ ਰੂਪ ਵਿੱਚ ਉਭਾਰਦਾ ਹੈ| ਸਵਰਾਜਬੀਰ, ਕ੍ਰਿਸ਼ਨ ਨਾਟਕ ਵਿੱਚ ਮੰਗਲਾਚਰਨ ਜੁਗਤ ਦੀ ਵਰਤੋਂ ਨਾਟਕ ਦੇ ਥੀਮਕ ਪਾਸਾਰ ਨੂੰ ਵਿਸਤਾਰ ਦੇਣ ਲਈ ਕਰਦਾ ਹੈ| ਪਰੰਪਰਾ ਵਿੱਚੋਂ ਲਈ ਇਸ ਜੁਗਤ ਨੂੰ ਨਾਟਕਕਾਰ ਰਵਾਇਤੀ ਅਰਥਾਂ ਵਿੱਚ ਨਾ ਵਰਤ ਕੇ ਇਸ ਦਾ ਰੂਪਾਂਤਰਣ ਕਰਦਾ ਹੋਇਆ ਦਰਸ਼ਕਾਂ ਨੂੰ ਵਿਵੇਕਸ਼ੀਲ ਬਣਾਉਣ ਦੀ ਕੋਸ਼ਿਸ਼ ਕਰਦਾ ਹੈ| ਮੰਗਲਾਚਰਨ ਦੀ ਰਵਾਇਤੀ ਜੁਗਤ ਨਵੇਂ ਅਰਥਾਂ ਨੂੰ ਗ੍ਰਹਿਣ ਕਰਦੀ ਹੈ : ਦੱਸੇ ਕੌਣ ਕਹਾਣੀ ਬਾਤ ਲੋਕਾਂ ਦੀ ਪ੍ਰਲੋਕਾਂ ਦੀ ਤੇ ਵੇਦ ਪੁਰਾਣ ਸ਼ਲੋਕਾਂ ਦੀ ਕੋਈ ਕਿਵੇਂ ਠੀਕ ਪਹਿਚਾਣ ਕਰੈ
ਪ੍ਰਦਰਸ਼ਨੀ ਦੀ ਇਸ ਕਲਾ ਦੀ ਮੂਲ ਚੂਲ ਹੀ ਸਿਰਜਨਾਤਮਕ ਜੁਗਤਾਂ ਦੀ ਰਚਨਾ ਕਰਨ ਵਿੱਚ ਨਿਹਿਤ ਹੁੰਦੀ ਹੈ| ਇਨ੍ਹਾਂ ਜੁਗਤਾਂ ਦੀ ਕਲਾਤਮਕ ਵਰਤੋਂ ਰਾਹੀਂ ਹੀ ਨਾਟਕ ਹੋਂਦ ਵਿੱਚ ਆਉਂਦਾ ਹੈ ਤੇ ਸਿਖਰ ਨੂੰ ਛੂੰਹਦਾ ਹੈ| ਜਿੰਨੀਆਂ ਰਚਨਾਤਮਕ ਜੁਗਤਾਂ ਦੀ ਵਰਤੋਂ ਕੋਈ ਨਾਟਕਕਾਰ ਸੁਚੱਜਤਾ ਨਾਲ ਕਰਦਾ ਹੈ ਉਨਾ ਹੀ ਉਹ ਸ੍ਰੇਸ਼ਟ ਪ੍ਰਵਾਨਿਆ ਜਾਂਦਾ ਹੈ| ਅਜਮੇਰ ਔਲਖ ਆਪਣੇ ਪਾਤਰਾਂ ਦੇ ਅੰਦਰੂਨੀ ਦਵੰਦ ਨੂੰ ਮਨਬਚਨੀ ਦੀ ਜੁਗਤ ਰਾਹੀਂ ਪੇਸ਼ ਕਰਨ ਵਿੱਚ ਵਿਸ਼ੇਸ਼ ਮੁਹਾਰਤ ਰੱਖਣ ਵਾਲਾ ਨਾਟਕਕਾਰ ਹੈ| ਪੂਰਨ ਅਤੇ ਲੂਣੀ ਦੇ ਹਮ ਉਮਰ ਹੋਣ ਦੇ ਭੈਅ ਵਿੱਚ ਗ੍ਰਸੇ ਸਲਵਾਨ ਦੇ ਮਨ ਵਿੱਚ ਛਿਪੀ ਘ੍ਰਿਣਾ ਨੂੰ ਔਲਖ, ਸਲਵਾਨ ਦੀਆਂ ਮਨਬਚਨੀਆਂ ਰਾਹੀਂ ਪ੍ਰਗਟ ਕਰਦਾ ਹੈ :
ਐਸੇ ਅੰਨੇ ਤੇ ਡੂੰਘੇ ਖੂਹ ਵਿੱਚ ਸਿਟਿਐ ਮੇਰਾ ਪੁੱਤ ਕਿ ਕੋਈ ਬਲੀ ਪੀਰ ਫ਼ਕੀਰ ਵੀ ਕਢਣਾ ਚਾਹੇ ਤਾਂ ਵੀ ਨਾ ਨਿਕਲੇ''| ਮਨਬਚਨੀ ਸੰਚਾਰ ਦੀ ਅਜਿਹੀ ਜੁਗਤ ਹੈ ਜਿਸ ਰਾਹੀਂ ਦਰਸ਼ਕ ਪਾਤਰ ਦੇ ਅੰਤਰੀਵ ਭਾਵਾਂ ਨੂੰ ਸਮਝਣ ਦੀ ਸਮੱਰਥਾ ਹਾਸਲ ਕਰਦਾ ਹੈ| ਪਾਤਰਾਂ ਦੇ ਮਾਨਸਿਕ ਭਾਵਾਂ ਨੂੰ ਉੱਚੀ ਆਵਾਜ ਵਿੱਚ ਪਾਤਰ ਦੇ ਮੂੰਹੋਂ ਬੁਲਵਾਉਣ ਦੀ ਵਿਧੀ ਮਨਬਚਨੀ ਕਹਾTਉਂਦੀ ਹੈ| ਮਾਨਸਿਕ ਅਟਪਟੇਪਣ ਨੂੰ ਪ੍ਰਗਟ ਕਰਨ ਵੇਲੇ ਨਾਟਕ ਵਿੱਚ ਪਾਤਰ ਆਪਣੇ ਆਪ ਨਾਲ ਇੱਕਲਿਆਂ ਗੱਲਾਂ ਕਰਦਾ ਹੈ| ਇਉਂ ਨਾਟਕ ਦੇਖ ਰਹੇ ਦਰਸ਼ਕ ਪਾਤਰਾਂ ਦੀ ਮਨੋਸਥਿਤੀ ਤੋਂ ਜਾਣੂੰ ਹੋ ਜਾਂਦੇ ਹਨ|
ਨਾਟਕ ਵਿੱਚ ਸੂਤਰਧਾਰ ਦੀ ਜੁਗਤ ਦਾ ਪ੍ਰਯੋਗ ਸੰਸਕ੍ਰਿਤ ਨਾਟ ਪਰੰਪਰਾ ਨਾਲ ਸੰਬੰਧਤ ਹੈ| ਇਸ ਪਾਤਰ ਦੀ ਹੈਸੀਅਤ ਨਾਟਕ ਦੇ ਮੰਚਣ ਵੇਲੇ ਨਿਰਮਾਤਾ ਨਿਰਦੇਸ਼ਕ ਦੀ ਹੁੰਦੀ ਸੀ ਜਿਸ ਦਾ ਕੰਮ ਦਰਸ਼ਕਾਂ ਨੂੰ ਨਾਟਕ ਦੀ ਜਾਣਕਾਰੀ ਪ੍ਰਦਾਨ ਕਰਨ ਦਾ ਹੁੰਦਾ ਸੀ| ਦਰਸ਼ਕਾਂ ਨੂੰ ਨਾਟ ਦ੍ਰਿਸ਼ ਦੀ ਸੂਚਨਾ ਦੇਣ ਲਈ ਸੂਤਰਧਾਰ ਦਾ ਪ੍ਰਯੋਗ ਚਿਰਕਾਲ ਤੋਂ ਹੁੰਦਾ ਆਇਆ ਹੈ| ਨਾਟਕੀ ਕਥਾ ਦੇ ਜਿਹੜੇ ਹਿੱਸੇ ਦੀ ਮੰਚ ਉੱਤੇ ਪੇਸ਼ ਕਰਨ ਦੀ ਸੰਭਾਵਨਾ ਨਹੀਂ ਹੁੰਦੀ ਸੂਤਰਧਾਰ ਉਸਦਾ ਬਿਆਨ ਕਰ ਦਿੰਦਾ ਹੈ| ਇਉਂ ਦਰਸ਼ਕਾਂ ਨੂੰ ਦ੍ਰਿਸ਼ ਜਗਤ ਨਾਲ ਜੋੜਿਆ ਜਾਂਦਾ ਹੈ| ਪੰਜਾਬੀ ਦੇ ਨਾਟਕਾਂ ਵਿੱਚ ਇਸ ਜੁਗਤ ਦੀ ਵਰਤੋਂ ਅਲੱਗ ਅਲੱਗ ਮੰਤਵਾਂ ਦੀ ਮੂਰਤੀ ਹਿੱਤ ਕੀਤੀ ਗਈ ਹੈ| ਕਈ ਨਾਟਕਕਾਰ ਸੂਤਰਧਾਰ ਤੋਂ ਦੂਹਰਾ ਤੀਹਰਾ ਕੰਮ ਲੈਂਦੇ ਹਨ| ਉਹ ਚੱਲ ਰਹੇ ਨਾਟਕੀ ਕਾਰਜ ਵਿੱਚ ਆ ਕੇ ਦਰਸ਼ਕਾਂ ਨੂੰ ਸਮੱਸਿਆ ਬਾਰੇ ਜਾਣਕਾਰੀ ਵੀ ਦਿੰਦੇ ਹਨ ਅਤੇ ਉਸੇ ਨਾਟਕ ਵਿੱਚ ਕਿਸੇ ਹੋਰ ਪਾਤਰ ਦੀ ਭੂਮਿਕਾ ਵੀ ਨਿਭਾ ਰਹੇ ਹੁੰਦੇ ਹਨ|
ਨੁੱਕੜ ਨਾਟਕਾਂ ਦੇ ਅੰਤਰਗਤ ਕੁਮੈਂਟਰੀ ਦੀ ਜੁਗਤ ਦੀ ਵਰਤੋਂ ਕੀਤੀ ਜਾਂਦੀ ਹੈ| ਮੰਚ ਜੜਤ ਦੇ ਅਭਾਵ ਕਾਰਨ ਨੁਕੜ ਨਾਟਕ ਦਾ ਰਚੈਤਾ ਹਮੇਸ਼ਾ ਅਜਿਹੀਆਂ ਜੁਗਤਾਂ ਦੀ ਤਲਾਸ਼ ਵਿੱਚ ਰਹਿੰਦਾ ਹੈ ਜਿਸ ਸਦਕਾ ਨਾਟਕ ਦੀ ਪੇਸ਼ਕਾਰੀ ਪ੍ਰਭਾਵੀ ਢੰਗ ਨਾਲ ਸਾਕਾਰ ਹੋ ਸਕੇ| ਇਸ ਵਿਧੀ ਰਾਹੀਂ ਨਾਟਕਕਾਰ ਸਿੱਧਾ ਦਰਸ਼ਕਾਂ ਨੂੰ ਸੰਬੋਧਤ ਹੁੰਦਾ ਹੈ| ਸਮਾਜ ਵਿੱਚ ਵਾਪਰਨ ਵਾਲੀਆਂ ਬੁਰਾਈਆਂ ਬਾਰੇ ਵੀ ਨਾਟਕਕਾਰ ਆਪਣੀ ਪ੍ਰਤੀਕਿਰਿਆ ਇਸ ਵਿਧੀ ਰਾਹੀਂ ਪ੍ਰਗਟਾਉਂਦਾ ਹੈ| ਕੂਮੈਂਟਰੀ ਦੇ ਪੰਜਾਬੀ ਭਾਸ਼ਾ ਵਿੱਚ ਅਰਥ ਟੀਕਾ, ਟਿੱਪਣੀ, ਪੜਚੋਲ, ਅੱਖੀਂ ਡਿੱਠਾ ਹਾਲ ਆਦਿ ਦੇ ਪ੍ਰਸੰਗ ਵਿੱਚ ਕੀਤੇ ਜਾਂਦੇ ਹਨ| ਜਿਵੇਂ ਕਿਸੇ ਖੇਡੇ ਜਾ ਰਹੇ ਮੈਚ ਦੇ ਦੌਰਾਨ ਕੁਮੈਂਟਰੀ ਦੁਆਰਾ ਦਰਸ਼ਕਾਂ ਨੂੰ ਦੇਖੇ ਜਾ ਰਹੇ ਮੰਚ ਦਾ ਬਿਉਰਾ ਬਕਾਇਦਾ ਪੜਚੋਲ ਅਤੇ ਟਿੱਪਣੀਆਂ ਰਾਹੀਂ ਪੁਚਾਇਆ ਜਾਂਦਾ ਹੈ ਇਸੇ ਤਰ੍ਹਾਂ ਇਸ ਜੁਗਤ ਨੂੰ ਆਧਾਰ ਬਣਾ ਕੇ, ਨੁੱਕੜ ਨਾਟਕ ਵਿੱਚ ਨਾਟਕਕਾਰ ਦਰਸ਼ਕਾਂ ਨੂੰ ਮੁਖਾਤਬ ਹੁੰਦਾ ਹੈ| ਗੁਰਸ਼ਰਨ ਸਿੰਘ ਨੇ ਆਪਣੇ ਨਾਟਕਾਂ ਵਿੱਚ ਇਸ ਜੁਗਤ ਨੂੰ ਵਰਤਿਆ ਹੈ| 'ਬੁੱਤ ਜਾਗ ਪਿਆ' ਵਿੱਚ ਉਹ ਦਰਸ਼ਕਾਂ ਨੂੰ ਲੰਮੀ ਕੁਮੈਂਟਰੀ ਰਾਹੀਂ ਅਤੀਤ ਦੀ ਘਟਨਾ ਸੁਣਾ ਕੇ ਵਰਤਮਾਨ ਵਿੱਚ ਖੇਡੇ ਜਾ ਰਹੇ ਨਾਟਕੀ ਪ੍ਰਸੰਗ ਨਾਲ ਜੋੜਦਾ ਹੈ :
ਇਹ ਨਾਟਕ ਇੱਕ ਸੱਚੀ ਘਟਨਾ ਦੀ ਦੇਣ ਹੈ| 23 ਮਾਰਚ 1993, ਮੈਂ ਖਟਕੜ ਕਲਾਂ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਦੇਣ ਪੁੱਜਾ, ਖਟਕੜ ਕਲਾਂ ਜਲੰਧਰ ਤੋਂ ਚੰਡੀਗੜ੍ਹ ਮੁੱਖ ਸੜਕ 'ਤੇ ਬੰਗਾ ਅਤੇ ਨਵਾਂ ਸ਼ਹਿਰ ਦੇ ਦਰਮਿਆਨ ਹੈ| ਉੱਥੇ ਭਗਤ ਸਿੰਘ ਦਾ ਇੱਕ ਆਦਮਕਦ ਬੁੱਤ ਹੈ ਜਿਸਦੇ ਆਲੇ ਦੁਆਲੇ ਵਾਲੇ ਮੈਦਾਨ ਵਿੱਚ ਹਰ ਸਾਲ ਵੱਡਾ ਸ਼ਹੀਦੀ ਮੇਲਾ ਹੁੰਦਾ ਹੈ| ਜਦੋਂ ਮੈਂ ਉੱਥੇ ਪੁੱਜਿਆ ਤਾਂ ਦੇਖਿਆ ਬੁੱਤ ਵਾਲੀ ਥਾਂ ਪੁਲੀਸ ਨੇ ਘੇਰੀ ਹੋਈ ਹੈ| ਪਤਾ ਲੱਗਿਆ ਕਿ ਦਿੱਲੀ ਤੇ ਚੰਡੀਗੜ੍ਹ ਤੋਂ ਵੱਡੇ ਲੀਡਰ ਆ ਰਹੇ ਹਨ| ਬੁੱਤ ਦੇ ਪਿਛਲੇ ਮੈਦਾਨ ਵਿੱਚ ਸਰਕਾਰੀ ਜਲਸੇ ਦਾ ਪ੍ਰਬੰਧ ਹੈ| ਜਲਸੇ 'ਚ ਲੋਕ ਇੱਕਠੇ ਹੋਏ ਹਨ| ਲੀਡਰ ਹਾਲੇ ਪੁੱਜੇ ਨਹੀਂ| ਇੱਕ ਗਾਇਕ ਗੀਤ ਗਾ ਰਿਹਾ ਹੈ 'ਬੇਰੀਆਂ ਦੇ ਬੇਰ ਖਾਣੀਏ ਸਾਨੂੰ ਗਿਟਕਾਂ ਗਿਣਨ ਤੇ ਰੱਖ ਲੈ|'
ਸਰਕਾਰੀ ਜਲਸਾ ਹੈ| ਇਹ ਗੀਤ ਨਹੀਂ ਗਾਇਆ ਜਾ ਰਿਹਾ ''ਮੇਰਾ ਰੰਗ ਦੇ ਬਸੰਤੀ ਚੋਲਾ ਜਾਂ ਸਰਫ਼ਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇ ਹੈ ;''
ਇਉਂ ਘਟਨਾ ਨੂੰ ਪੜਚੋਲਵੀਂ ਨਜ਼ਰ ਰਾਹੀਂ ਬਿਆਨਣ ਦੇ ਢੰਗ ਨਾਲ ਜਿੱਥੇ ਨਾਟਕ ਵਿੱਚ ਸਮੇਂ ਦੀ ਸੀਮਾ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ ਉੱਥੇ ਦਰਸ਼ਕਾਂ ਦੀ ਚੇਤਨ ਮਾਨਸਿਕਤਾ ਨੂੰ ਵੀ ਨਾਟਕ ਦਾ ਹਿੱਸਾ ਬਣਾਇਆ ਜਾਂਦਾ ਹੈ, ਕਿਉਂਕਿ ਨਾਟਕ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਇਨ੍ਹਾਂ ਸੁਣਾਏ ਜਾ ਰਹੇ ਪ੍ਰਸੰਗਾਂ ਵਿੱਚ ਹੀ ਅਰਥ ਗ੍ਰਹਿਣ ਕਰਦੀਆਂ ਹਨ| ਗੁਰਸ਼ਰਨ ਸਿੰਘ ਨੇ ਬਾਬਾ ਬੋਲਦਾ ਹੈ ਤੇ ਚੰਡੀਗੜ੍ਹ ਪੁਆੜੇ ਦੀ ਜੜ ਵਿੱਚ ਵੀ ਇਸ ਜੁਗਤ ਨੂੰ ਸਫ਼ਲਤਾ ਨਾਲ ਨਿਭਾਇਆ ਹੈ|
ਰੋਸ਼ਨੀ ਨਾਟਕ ਪ੍ਰਦਰਸ਼ਨੀ ਦੀ ਅਜਿਹੀ ਮਹੱਤਵਪੂਰਨ ਜੁਗਤ ਹੈ ਜਿਸ ਦੀ ਵਰਤੋਂ ਮੰਚ Tਤੇ ਵਾਪਰ ਰਹੀ ਘਟਨਾ ਨੂੰ ਠੀਕ ਤਰ੍ਹਾਂ ਉਭਾਰਨ ਤੇ ਨਾਟਕੀ ਪੇਸ਼ਕਾਰੀ ਨੂੰ ਅਰਥ ਭਰਪੂਰ ਬਣਾਉਣ ਲਈ ਕੀਤੀ ਜਾਂਦੀ ਹੈ| ਆਤਮਜੀਤ ਦੇ ਨਾਟਕ ''ਮੈਂ ਤਾਂ ਇੱਕ ਸਾਰੰਗੀ ਹਾਂ'' ਵਿੱਚ ਵਰਤਮਾਨ ਤੋਂ ਅਤੀਤ ਦੀ ਯਾਤਰਾ ਤੈਅ ਕਰਨ ਵਿੱਚ ਰੋਸ਼ਨੀਆਂ ਦੀ ਭੂਮਿਕਾ ਬੜੀ ਕਾਰਗਰ ਸਿੱਧ ਹੁੰਦੀ ਹੈ| ਪੰਜਾਬੀ ਦੇ ਨਾਟਕਕਾਰਾਂ ਨੇ ਯੂਨਾਨੀ, ਸੰਸਕ੍ਰਿਤ ਅਤੇ ਲੋਕ ਨਾਟ ਪਰੰਪਰਾ ਦੀਆਂ ਸੰਚਾਰ ਜੁਗਤਾਂ ਨੂੰ ਹੀ ਆਪਣੇ ਵਿਚਾਰਾਂ ਦੀ ਅਭਿਵਿਅਕਤੀ ਦਾ ਆਧਾਰ ਨਹੀਂ ਬਣਾਇਆ ਸਗੋਂ ਨਵੀਆਂ ਰਚਨਾਤਮਕ ਜੁਗਤਾਂ ਦੀ ਵਰਤੋਂ ਕਰਕੇ ਵੀ ਵਿਲੱਖਣ ਪ੍ਰਤਿਭਾ ਦਾ ਸਬੂਤ ਦਿੱਤਾ ਹੈ| (ਸਹਾਇਕ ਗ੍ਰੰਥ - ਅਜਮੇਰ ਔਲਖ : ਸਲਵਾਨ; ਸਵਰਾਜਬੀਰ : ਕ੍ਰਿਸ਼ਨ; ਗੁਰਸ਼ਰਨ ਸਿੰਘ : ਬੁੱਤ ਜਾਗ ਪਿਆ)


logo