logo
भारतवाणी
bharatavani  
logo
Knowledge through Indian Languages
Bharatavani

Punjabi Encyclopaedic Dictionary of Theatre (Punjabi-English)

ਦ੍ਰਿਸ਼ - ਸੰਗਲੀ

Knitting of scene

ਨਾਟਕ ਦੇ ਪ੍ਰਦਰਸ਼ਨ ਵੇਲੇ ਮੰਚ ਉੱਤੇ ਸਾਕਾਰ ਹੋ ਰਿਹਾ ਦ੍ਰਿਸ਼ ਦਰਸ਼ਕਾਂ ਤੱਕ ਵਿਸ਼ੇਸ਼ ਅਰਥਾਂ ਦਾ ਸੰਚਾਰ ਕਰਦਾ ਹੈ| ਇੱਕ ਦ੍ਰਿਸ਼ ਵਿੱਚੋਂ ਨਜ਼ਰ ਆ ਰਹੇ ਪਾਤਰਾਂ ਦਾ ਸੰਬੰਧ ਕਿਸੀ ਵਿਸ਼ੇਸ਼ ਸਥਿਤੀ ਨੂੰ ਉਭਾਰਨ ਵਾਲਾ ਹੁੰਦਾ ਹੈ ਪਰ, ਕਈ ਨਾਟਕਾਂ ਵਿੱਚ ਇੱਕੋ ਵੇਲੇ ਇੱਕ ਤੋਂ ਵਧੇਰੇ ਦ੍ਰਿਸ਼ ਰੂਪਮਾਨ ਹੋ ਰਹੇ ਹੁੰਦੇ ਹਨ| ਅਜਿਹੇ ਦ੍ਰਿਸ਼ ਵੱਖ-ਵੱਖ ਹੁੰਦੇ ਹੋਏ ਵੀ ਸਮੁੱਚਤਾ ਦੀ ਪੱਧਰ ਤੇ ਇੱਕੋ ਥੀਮ ਨੂੰ ਉਭਾਰਨ ਵਿੱਚ ਸਹਾਈ ਹੁੰਦੇ ਹਨ| ਸਮੱਗਰਤਾ ਦਾ ਪ੍ਰਭਾਵ ਸਿਰਜਨ ਵਾਲੇ ਅਜਿਹੇ ਦ੍ਰਿਸ਼, ਦ੍ਰਿਸ਼-ਸੰਗਲੀ ਦੇ ਅੰਤਰਗਤ ਆਉਂਦੇ ਹਨ| ਜਿਵੇਂ ਪਿੰਡ ਦੇ ਦ੍ਰਿਸ਼ ਦੀ ਸਿਰਜਨਾ ਕਰਨ ਵੇਲੇ ਇੱਕ ਪਾਸੇ ਨਿੱਕੀ ਜਿਹੀ ਮਨਿਆਰੀ ਦੀ ਦੁਕਾਨ ਨਜ਼ਰ ਆਉਂਦੀ ਹੈ, ਦੂਜੇ ਪਾਸੇ ਔਰਤਾਂ ਗੋਹਾ ਥੱਪ ਰਹੀਆਂ ਹਨ, ਚੂੜੀਆਂ ਵੇਚਣ ਵਾਲਾ ਚੂੜੀਆਂ ਵੇਚ ਰਿਹਾ ਹੈ, ਕਿਸੇ ਪਾਸੇ ਸੱਥ ਨਜ਼ਰ ਆ ਰਹੀ ਹੈ ਤੇ ਕਿਧਰੇ ਬੈਠ ਕੇ ਲੋਕ ਤਾਸ਼ ਖੇਡ ਰਹੇ ਹਨ| ਇਹ ਸਾਰੇ ਦ੍ਰਿਸ਼ ਵੱਖੋ-ਵੱਖਰੇ ਹੁੰਦੇ ਹੋਏ ਵੀ ਸਮੁੱਚੇ ਰੂਪ ਵਿੱਚ ਦ੍ਰਿਸ਼ ਏਕਤਾ ਦਾ ਪ੍ਰਭਾਵ ਸਿਰਜਦੇ ਹਨ| ਦ੍ਰਿਸ਼-ਸੰਗਲੀ ਵਿੱਚ ਸਭ ਤੋਂ ਮਹੱਤਵਪੂਰਨ ਤੱਤ ਮੰਚੀ ਸਪੇਸ ਦੀ ਢੁੱਕਵੀਂ ਵਰਤੋਂ ਕਰਨੀ ਹੁੰਦਾ ਹੈ; ਕਿਉਂਕਿ ਨਾਟਕ ਦੀ ਪ੍ਰਦਰਸ਼ਨੀ ਵੇਲੇ ਸਪੇਸ ਦਾ ਮਹੱਤਵ ਬੜਾ ਅਹਿਮ ਹੁੰਦਾ ਹੈ| ਸਪੇਸ ਰਾਹੀਂ ਪ੍ਰਦਾਨ ਕੀਤੇ ਜਾਣ ਵਾਲੇ ਅਰਥ ਮੰਚੀ ਪੇਸ਼ਕਾਰੀ ਨੂੰ ਪ੍ਰਭਾਵੀ ਬਣਾਉਣ ਵਿੱਚ ਆਪਣੀ ਭੂਮਿਕਾ ਅਦਾ ਕਰਦੇ ਹਨ| ਬਿਨ੍ਹਾਂ ਕਿਸੇ ਮੰਚ ਸਮੱਗਰੀ ਤੇ ਸੈਟਾਂ ਦੀ ਵਰਤੋਂ ਬਿਨਾਂ ਜਦੋਂ ਕੇਵਲ ਪਾਤਰ ਵੰਡ ਰਾਹੀਂ ਦ੍ਰਿਸ਼ ਦੀ ਭਰਪੂਰਤਾ ਨੂੰ ਸਾਕਾਰ ਕੀਤਾ ਜਾਂਦਾ ਹੈ ਤਾਂ ਅਜਿਹੀ ਸਾਰੀ ਤਕਨੀਕ ਜਾਂ ਵਿਧੀ ਦ੍ਰਿਸ਼-ਸੰਗਲੀ ਦੇ ਅੰਤਰਗਤ ਵਿਚਾਰੀ ਜਾਂਦੀ ਹੈ| (ਸਹਾਇਕ ਗ੍ਰੰਥ - ਆਤਮਜੀਤ : ਨਾਟਕ ਦਾ ਨਿਰਦੇਸ਼ਨ)

ਦ੍ਰਿਸ਼ - ਡਿਜ਼ਾਇਨ

Scene design

ਨਾਟਕ ਵਿੱਚ ਸੈਟ ਡਿਜ਼ਾਇਨ ਦੇ ਨਾਲ-ਨਾਲ ਸੀਨ ਡਿਜ਼ਾਈਨ ਦੀ ਵੀ ਮਹੱਤਤਾ ਪ੍ਰਮੁੱਖ ਹੁੰਦੀ ਹੈ| ਨਾਟਕ ਦੀ ਪ੍ਰਦਰਸ਼ਨੀ ਵੇਲੇ ਨਾਟਕੀ ਵਾਤਾਵਰਨ ਨੂੰ ਉਸਾਰਨ ਵਿੱਚ ਦ੍ਰਿਸ਼ ਦੀ ਭੂਮਿਕਾ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ| ਯੂਨਾਨੀ ਨਾਟ ਪਰੰਪਰਾ ਵਿੱਚ ਦ੍ਰਿਸ਼ ਨੂੰ ਪ੍ਰਮੁੱਖ ਸਥਾਨ ਦਿੱਤਾ ਜਾਂਦਾ ਸੀ| ਯੂਨਾਨੀ ਨਾਟਕ ਅਜਿਹੇ ਨਾਟ ਘਰਾਂ ਵਿੱਚ ਖੇਡਿਆ ਜਾਂਦਾ ਸੀ ਜਿਨ੍ਹਾਂ ਦਾ ਆਰਕੀਟੈਕਚਰ ਵਿਸ਼ੇਸ਼ ਕਿਸਮ ਦੇ ਦ੍ਰਿਸ਼ ਦੀ ਸਿਰਜਨਾ ਕਰਨ ਵਾਲਾ ਹੁੰਦਾ ਸੀ| ਪਾਤਰਾਂ ਦੇ ਮੰਚ ਉੱਤੇ ਆਉਣ ਜਾਣ ਲਈ ਬਕਾਇਦਾ ਸਥਾਨ ਨਿਸ਼ਚਿਤ ਹੁੰਦੇ ਸਨ| ਪਿੱਠ ਭੂਮੀ ਦੇ ਅਜਿਹੇ ਦ੍ਰਿਸ਼ਾਂ ਰਾਹੀਂ ਦਰਸ਼ਕ ਨਾਟਕ ਦੇ ਅਰਥਾਂ ਦੀ ਗਹਿਰਾਈ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਸਨ| ਗਰੀਕ ਥੀਏਟਰ ਤੋਂ ਲੈ ਕੇ ਅਜੋਕੇ ਸਮੇਂ ਤੱਕ ਪਹੁੰਚਦਿਆਂ ਦ੍ਰਿਸ਼ ਨਿਰਮਾਣ ਕਲਾ ਦਾ ਵੱਡੀ ਪੱਧਰ 'ਤੇ ਵਿਕਾਸ ਹੋਇਆ ਨਜ਼ਰ ਆਉਂਦਾ ਹੈ | ਹਰੇਕ ਥੀਏਟਰ ਦ੍ਰਿਸ਼ ਡਿਜ਼ਾਇਨ ਕਰਨ ਪ੍ਰਤੀ ਪੂਰੀ ਤਰ੍ਹਾਂ ਸੁਚੇਤ ਹੁੰਦਾ ਹੈ ਜਿਸਦਾ ਇੱਕੋ ਇੱਕ ਮੁੱਖ ਮਨੋਰਥ ਨਾਟਕ ਦੀਆਂ ਸਮੁੱਚੀਆਂ ਸੰਭਾਵਨਾਵਾਂ ਨੂੰ ਪੂਰੀ ਸਮਰੱਥਾ ਨਾਲ ਉਘਾੜਨ ਦਾ ਹੁੰਦਾ ਹੈ| ਨਾਟਕ ਦੀ ਸਫ਼ਲ ਪੇਸ਼ਕਾਰੀ ਵਿੱਚ ਦ੍ਰਿਸ਼ ਡਿਜ਼ਾਇਨ ਦਾ ਰੋਲ ਮਹੱਤਵਪੂਰਨ ਹੁੰਦਾ ਹੈ| ਦ੍ਰਿਸ਼ ਡਿਜਾਇਨ ਇੱਕ ਹੁਨਰੀ ਕਲਾ ਹੈ| ਇਸ ਕਲਾ ਵਿੱਚ ਸਭ ਤੋਂ ਵਧੇਰੇ ਮਹੱਤਵ ਸਟੇਜ ਸਮੱਗਰੀ ਨੂੰ ਤਰਤੀਬ ਪ੍ਰਦਾਨ ਕਰਨ ਦਾ ਹੁੰਦਾ ਹੈ| ਮੰਚ ਉੱਤੇ ਦ੍ਰਿਸ਼ਟੀਗੋਚਰ ਹੋ ਰਹੀ ਹਰੇਕ ਵਸਤੂ ਵਿੱਚ ਬਕਾਇਦਾ ਇਕਸਾਰਤਾ ਤੇ ਸੁਹਜ ਦਾ ਪ੍ਰਭਾਵ ਨਾਟਕੀ ਪੇਸ਼ਕਾਰੀ ਨੂੰ ਪ੍ਰਭਾਵੀ ਬਣਾਉਣ ਵਿੱਚ ਮਦਦਗਾਰ ਸਿੱਧ ਹੁੰਦਾ ਹੈ| ਸੁਚੱਜੀ ਦ੍ਰਿਸ਼ ਵਿਉਂਤਕਾਰੀ ਦਰਸ਼ਕਾਂ ਦੀਆਂ ਭਾਵਨਾਵਾਂ ਨੂੰ ਟੁੰਬਣ ਦੀ ਸਮੱਰਥਾ ਪੈਦਾ ਕਰਦੀ ਹੈ| ਮੰਚ ਉੱਤੇ ਵਾਪਰਨ ਵਾਲਾ ਸਮੁੱਚਾ ਕਾਰਜ ਦ੍ਰਿਸ਼ ਦੇ ਘੇਰੇ ਅੰਦਰ ਹੀ ਸੰਪੰਨ ਹੁੰਦਾ ਹੈ| ਅਦਾਕਾਰਾਂ ਦੀ ਅਦਾਕਾਰੀ ਨੂੰ ਅਰਥ ਪ੍ਰਦਾਨ ਕਰਨ ਵਿੱਚ ਵੀ ਦ੍ਰਿਸ਼ ਦੀ ਸਿਰਜਨਾ ਸਹਾਈ ਹੁੰਦੀ ਹੈ ਕਿਉਂਕਿ ਕਿਸੇ ਦ੍ਰਿਸ਼ ਦੇ ਅੱਗੇ/ਸਾਹਮਣੇ ਵਾਪਰਨ ਵਾਲਾ ਕਾਰਜ ਦ੍ਰਿਸ਼ ਦੇ ਪ੍ਰਸੰਗ ਵਿੱਚ ਹੀ ਸਾਰਥਕਤਾ ਗ੍ਰਹਿਣ ਕਰਦਾ ਹੈ| ਸਾਰ ਰੂਪ ਵਿੱਚ ਦ੍ਰਿਸ਼ ਦੀ ਸਿਰਜਨਾ ਨਾਟਕੀ ਸੰਦੇਸ਼ ਦੀ ਵਾਹਕ ਸਿੱਧ ਹੁੰਦੀ ਹੈ| ਵੱਖ ਵੱਖ ਸਰੋਕਾਰਾਂ ਵਾਲੇ ਨਾਟਕਾਂ ਲਈ ਇੱਕੋ ਜਿਹੀ ਰਵਾਇਤੀ ਕਿਸਮ ਦੀ ਦ੍ਰਿਸ਼ ਡਿਜਾਇਨਿੰਗ ਦਾ ਉਨੀਵੀਂ ਸਦੀ ਵਿੱਚ ਭਰਵਾਂ ਵਿਰੋਧ ਹੋਇਆ ਕਿਉਂਕਿ ਅਜਿਹੀ ਸੈਟਿੰਗ ਦਾ ਨਾਟਕ ਨਾਲ ਕੋਈ ਜੀਵੰਤ ਸੰਬੰਧ ਨਹੀਂ ਸੀ ਹੁੰਦਾ| ਗੋਰਦੇਨ ਕਰੇਗ ਅਤੇ ਐਡਲਫ਼ ਐਪੀਆ ਵਰਗੇ ਡਿਜ਼ਾਇਨਰਾਂ ਨੇ ਨਾਟਕ ਦੀ ਪ੍ਰਦਰਸ਼ਨੀ ਲਈ ਦ੍ਰਿਸ਼ ਡਿਜ਼ਾਇਨ ਕਰਨ ਦੀ ਵਿਗਿਆਨਕ ਸੂਝ ਪ੍ਰਦਾਨ ਕੀਤੀ| ਦ੍ਰਿਸ਼ ਸਿਰਜਨਾ ਰਾਹੀਂ ਦਰਸ਼ਕਾਂ ਨੂੰ ਅਹਿਸਾਸ ਦੀ ਚੇਤਨਾ ਪ੍ਰਦਾਨ ਕੀਤੀ ਜਾਂਦੀ ਹੈ ਜਿਸ ਦਾ ਸੰਬੰਧ ਨਾਟਕੀ ਪੇਸ਼ਕਾਰੀ ਦੇ ਅਰਥ ਸੰਚਾਰ ਨਾਲ ਜੁੜਿਆ ਹੁੰਦਾ ਹੈ| ਦ੍ਰਿਸ਼ ਡਿਜ਼ਾਇਨ ਰਾਹੀਂ ਜੀਵਨ ਦਾ ਉਤਾਰਾ ਜਾਂ ਨਕਲ ਨਹੀਂ ਕੀਤੀ ਜਾਂਦੀ ਸਗੋਂ ਜੀਵਨ ਦੇ ਅਨੁਭਵਾਂ ਦੀ ਸੂਖ਼ਮ ਵਿਆਖਿਆ ਦੀ ਇਹ ਕਲਾਤਮਕ ਤੇ ਜਟਿਲ ਵਿਧੀ ਹੈ| ਦ੍ਰਿਸ਼ ਡਿਜ਼ਾਇਨ ਕਰਨਾ ਇੱਕ ਇੱਕਲੇ ਵਿਅਕਤੀ ਦਾ ਕੰਮ ਨਹੀਂ ਹੁੰਦਾ ਸਗੋਂ ਇਸ ਲਈ ਸਮੂਹਕ ਯਤਨਾਂ ਦੀ ਲੋੜ ਹੁੰਦੀ ਹੈ| ਸਹਾਇਕ ਗ੍ਰੰਥ - ਸੁਰਜੀਤ ਸਿੰਘ ਸੇਠੀ : ਸਿਰਜਨਾਤਮਿਕ ਨਾਟਕ ਨਿਰਦੇਸ਼ਨ ; Oscar. G. Brockett : The theatre : An introduction)

ਦੁਹਰਾਤਮਕ ਸੰਵਾਦ
ਦੁਹਰਾਤਮਕ ਸੰਵਾਦ ਤੋਂ ਭਾਵ ਅਜਿਹੇ ਸੰਵਾਦਾਂ ਤੋਂ ਲਿਆ ਜਾਂਦਾ ਹੈ ਜਿਨ੍ਹਾਂ ਦਾ ਨਾਟਕ ਵਿੱਚ ਬਾਰ-ਬਾਰ ਉਚਾਰਨ ਕੀਤਾ ਜਾਂਦਾ ਹੈ| ਅਜਿਹੇ ਸੰਵਾਦਾਂ ਰਾਹੀਂ ਨਾਟਕ ਵਿੱਚ ਰੌਚਿਕਤਾ ਦਾ ਅੰਸ਼ ਪੈਦਾ ਕੀਤਾ ਜਾਂਦਾ ਹੈ| ਜਦੋਂ ਕੋਈ ਪਾਤਰ ਨਾਟਕ ਵਿੱਚ ਇੱਕੋ ਸੰਵਾਦ ਦੀ ਮੁੜ ਮੁੜ ਕੇ ਵਰਤੋਂ ਕਰਦਾ ਹੈ ਤਾਂ ਅਜਿਹੇ ਸੰਵਾਦ ਦਰਸ਼ਕਾਂ ਦਾ ਵਿਸ਼ੇਸ਼ ਤੌਰ 'ਤੇ ਧਿਆਨ ਆਕਰਸ਼ਤ ਕਰਦੇ ਹਨ| ਨਾਟਕ ਦੇ ਮੰਚਣ ਪੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਅਜਿਹੇ ਸੰਵਾਦ ਪ੍ਰਭਾਵੀ ਸਿੱਧ ਹੁੰਦੇ ਹਨ| ਪੰਜਾਬੀ ਨਾਟਕਾਂ ਵਿੱਚ ਅਜਿਹੇ ਸੰਵਾਦਾਂ ਦੀ ਵਰਤੋਂ ਨਾਟਕਕਾਰਾਂ ਨੇ ਜਿੰਦਗੀ ਦੀਆਂ ਤਲਖ਼ ਸਚਾਈਆਂ ਨੂੰ ਬਿਆਨ ਕਰਨ ਲਈ ਕੀਤੀ ਹੈ| ਅਜਿਹੇ ਸੰਵਾਦਾਂ ਨੂੰ ਕਹਾਉਣ ਲਈ ਸ਼ਰਾਬੀ, ਅਮਲੀ, ਛੜੇ ਤੇ ਨਸ਼ੇੜੀ ਕਿਸਮ ਦੇ ਪਾਤਰ ਪੰਜਾਬੀ ਨਾਟਕਾਂ ਵਿੱਚ ਦ੍ਰਿਸ਼ਟੀਗੋਚਰ ਹੁੰਦੇ ਹਨ| ਅਜਮੇਰ ਔਲਖ ਦੇ ਨਾਟਕ ਸੱਤ ਬੇਗਾਨੇ ਵਿੱਚ ਲੱਕੜ ਚੱਬ ਇਸੇ ਕਿਸਮ ਦਾ ਪਾਤਰ ਹੈ ਜਿਹੜਾ ਸੰਵਾਦਾਂ ਦੇ ਦੁਹਰਾਓ ਰਾਹੀਂ ਨਾਟਕ ਵਿੱਚ ਕਲਾਤਮਕਤਾ ਦਾ ਅੰਸ਼ ਭਰਦਾ ਹੈ| ਪੂਰੇ ਨਾਟਕ ਵਿੱਚ ਲੱਕੜ ਚੱਬ ਦੁਆਰਾ ਗੱਡਾ ਡਹੀਆ ਕੀਤਾ ਦਾ ਮੁੜ ਮੁੜ ਦੁਹਰਾਓ ਨਾਟਕੀ ਪ੍ਰਭਾਵ ਨੂੰ ਵਧਾਉਣ ਵਿੱਚ ਕਾਰਗਰ ਸਿੱਧ ਹੁੰਦਾ ਹੈ : ਲੱਕੜ ਚੱਬ, ''ਆਉੜਨੀ ਕੀ ਸੀ| ਐਂ ਕਚਿਆਈ ਜੀ ਤਾਂ ਨਾ ਦਿਆ ਕਰੋ|'' ਐ ਤਾਂ ਗਿਆਨੀ ਜੀ ਥੋਡੇ ਆਲੀ ਚਾਚੀ ਨੇ ਗੱਡਾ ਡਹੀਆ ਕੀਤਾ| (ਪੰਨਾ 87) (ਸਹਾਇਕ ਗ੍ਰੰਥ - ਅਜਮੇਰ ਔਲਖ : ਸੱਤ ਬੇਗਾਨੇ)

ਦੁਖਾਂਤ

Tragedy

ਦੁਖਾਂਤ ਨਾਟਕ ਵਿੱਚ ਦੁੱਖ ਅਤੇ ਪੀੜਾ ਦੇ ਅਹਿਸਾਸ ਨੂੰ ਦਰਸ਼ਕਾਂ ਸਾਹਮਣੇ ਪੇਸ਼ ਕੀਤਾ ਜਾਂਦਾ ਹੈ| ਭਾਰਤੀ ਵਿਚਾਰਧਾਰਾ ਦੇ ਕਰਮ ਸਿਧਾਂਤ ਅਨੁਸਾਰ ਭਾਰਤੀ ਨਾਟ ਪਰੰਪਰਾ ਸੁਖਾਂਤ ਦੀ ਧਾਰਨੀ ਰਹੀ ਹੈ| ਸਾਹਿਤ ਆਚਾਰੀਆਂ ਵਲੋਂ ਮੌਤ ਦੇ ਦ੍ਰਿਸ਼ਾਂ ਦੀ ਮੰਚ ਉੱਤੇ ਮਨਾਹੀ ਕੀਤੀ ਗਈ ਹੈ| ਪੱਛਮ ਵਿੱਚ ਦੁਖਾਂਤ ਨੂੰ ਸਾਹਿਤ ਦਾ ਉੱਤਮ ਰੂਪ ਪ੍ਰਵਾਨ ਕੀਤਾ ਗਿਆ ਹੈ| ਯੂਨਾਨ ਵਿੱਚ ਦੁਖਾਂਤ ਦੀ ਕਲਾ ਦੇ ਸਿਖਰ ਨੂੰ ਛੂਹਣ ਤੋਂ ਮਗਰੋਂ ਅਰਸਤੂ ਨੇ ਦੁਖਾਂਤ ਨਾਟਕ ਦਾ ਸਿਧਾਂਤ ਪੇਸ਼ ਕਰਦਿਆਂ ਇਸ ਨੂੰ ਪਰਿਭਾਸ਼ਤ ਕਰਦਿਆਂ ਲਿਖਿਆ ਕਿ ਦੁਖਾਂਤ ਇੱਕ ਅਜਿਹੀ ਨਾਟ ਰਚਨਾ ਹੈ ਜਿਹੜੀ ਆਪਣੇ ਆਪ ਵਿੱਚ ਸੰਪੂਰਨ ਤੇ ਗੰਭੀਰ ਕਾਰਜ ਦਾ ਅਨੁਕਰਨ ਹੈ| ਇਸ ਦੇ ਪਾਤਰਾਂ ਦਾ ਕਿਰਦਾਰ ਉਚਾ ਤੇ ਸੁੱਚਾ ਹੁੰਦਾ ਹੈ| ਇਸ ਦੀ ਭਾਸ਼ਾ ਕਾਵਿਕ ਅਤੇ ਰਾਗਾਤਮਿਕ ਹੁੰਦੀ ਹੈ| ਅਜਿਹੀ ਰਚਨਾ ਦਰਸ਼ਕਾਂ ਦੇ ਮਨਾਂ ਵਿੱਚ ਕਰੁਣਾ ਅਤੇ ਭੈ ਦੇ ਭਾਵ ਪੈਦਾ ਕਰਨ ਦੀ ਸਮਰੱਥਾ ਰੱਖਦੀ ਹੈ| ਇਸ ਰਚਨਾ ਦਾ ਅੰਤ ਨਾਇਕ ਦੀ ਮੌਤ ਜਾਂ ਬਰਬਾਦੀ ਨਾਲ ਜੁੜਿਆ ਹੁੰਦਾ ਹੈ| ਇਸ ਦੀਆਂ ਘਟਨਾਵਾਂ ਦਰਸ਼ਕਾਂ ਦੇ ਮਨਾਂ ਅੰਦਰੋਂ ਕਰੁਣਾ ਅਤੇ ਭੈ ਦੇ ਭਾਵਾਂ ਦਾ ਵਿਰੇਚਨ ਕਰਦੀਆਂ ਹਨ| ਨਾਟਕ ਦੇ ਅਖੀਰ 'ਤੇ ਦਰਸ਼ਕਾਂ ਦੇ ਮਨ ਵਿੱਚੋਂ ਕੁੰਠਿਤ ਭਾਵਾਂ ਦਾ ਨਿਕਾਸ ਹੋ ਜਾਂਦਾ ਹੈ| ਬਣਤਰ ਪਖੋਂ ਇਸ ਦੇ ਛੇ ਤੱਤ ਗੋਂਦ, ਪਾਤਰ, ਵਾਰਤਾਲਾਪ, ਦ੍ਰਿਸ਼, ਗੀਤ ਤੇ ਵਿਚਾਰ ਸਵੀਕਾਰ ਕੀਤੇ ਗਏ ਹਨ| ਐਸਕਾਈਲਸ, ਸੋਫ਼ੋਕਲੀਜ਼ ਤੇ ਯੂਰੀਪੀਡੀਜ਼ ਯੂਨਾਨ ਦੇ ਮਹਾਨ ਨਾਟਕਕਾਰਾਂ ਹੋਏ ਹਨ ਜਿਨ੍ਹਾਂ ਨੇ ਦੁਖਾਂਤ ਨਾਟਕਾਂ ਦੀ ਰਚਨਾ ਕੀਤੀ ਹੈ| ਦੁਖਾਂਤ ਦਾ ਨਾਇਕ ਸੁਚੇਤ ਜਾਂ ਅਚੇਤ ਰੂਪ ਵਿੱਚ ਦੁੱਖ ਤੇ ਬਿਪਤਾ ਨੂੰ ਸਹੇੜਦਾ ਹੈ ਤੇ ਮੌਤ ਦੇ ਰਾਹ ਨੂੰ ਖੁਸ਼ੀ ਖੁਸ਼ੀ ਸਵੀਕਾਰਦਾ ਹੈ| ਯੂਨਾਨੀ ਸਾਹਿਤ ਵਿੱਚ ਐਨਟਿਗਨੀ ਦੀ ਬਹਾਦਰੀ ਨੂੰ ਸਭ ਤੋਂ ਸ੍ਰੇਸ਼ਟ ਦੁਖਾਂਤ ਸਵੀਕਾਰ ਕੀਤਾ ਗਿਆ ਹੈ ਕਿਉਂਕਿ ਇਸ ਵਿੱਚ ਐਨਟਿਗਨੀ ਅਜਿਹੀ ਪਾਤਰ ਹੈ ਜਿਹੜੀ ਸੁਚੇਤ ਪੱਧਰ 'ਤੇ ਮੌਤ ਨੂੰ ਵੰਗਾਰਦੀ ਹੈ| ਦੁਖਾਂਤ ਦਾ ਸਭ ਤੋਂ ਅਹਿਮ ਪੱਖ ਉਸ ਦਾ ਅੰਤਮ ਪ੍ਰਭਾਵ ਹੁੰਦਾ ਹੈ ਜਿਹੜਾ ਮਨੁੱਖ ਨੂੰ ਆਤਮਕ ਸ਼ੁੱਧੀ ਪ੍ਰਦਾਨ ਕਰਦਾ ਹੈ| ਮਨੁੱਖੀ ਵਿਕਾਰਾਂ ਤੇ ਗਲਤ ਰੁਚੀਆਂ ਦਾ ਨਿਕਾਸ ਹੋ ਜਾਂਦਾ ਹੈ| ਅਰਸਤੂ ਇਸ ਮੱਤ ਦਾ ਧਾਰਨੀ ਹੈ ਕਿ ਅਜਿਹੇ ਭਾਵਾਂ ਦੀ ਖਲਾਸੀ ਹੋਣ ਨਾਲ ਸਹਿਜ ਅਵਸਥਾ ਉਤਪੰਨ ਹੋ ਜਾਂਦੀ ਹੈ| ਰੂਪ ਪੱਖੋਂ ਦੁਖਾਂਤ ਨੂੰ ਕਈ ਸ਼੍ਰੇਣੀਆਂ ਵਿੱਚ ਵੰਡਿਆ ਜਾਂਦਾ ਹੈ| ਗੁਰਦਿਆਲ ਸਿੰਘ ਫੁੱਲ ਦੁਖਾਂਤ ਦੀ ਸ਼੍ਰੇਣੀ ਵੰਡ ਕਰਦਿਆਂ ਇਸ ਦੀਆਂ ਤਿੰਨ ਪ੍ਰਮੁੱਖ ਕਿਸਮਾਂ ਦਾ ਵਰਣਨ ਕਰਦਾ ਹੈ| ਪ੍ਰਮਾਣਿਕ ਜਾਂ ਪ੍ਰਾਚੀਨ ਦੁਖਾਂਤ, ਰੁਮਾਂਚਕ ਤੇ ਯਥਾਰਥਕ ਦੁਖਾਂਤ| ਪ੍ਰਾਚੀਨ ਦੁਖਾਂਤ ਵਿੱਚ ਪਰਦੇ ਦੀ ਸਹੂਲਤ ਨਾ ਹੋਣ ਕਰਕੇ ਸਮੇਂ ਸਥਾਨ ਤੇ ਕਾਰਜ ਦੀ ਏਕਤਾ ਕਾਇਮ ਰਹਿੰਦੀ ਸੀ| ਪੂਰੇ ਨਾਟਕ ਦੌਰਾਨ ਕੋਰਸ ਮੰਚ ਉੱਤੇ ਰਹਿੰਦਾ ਸੀ| ਰੁਮਾਂਚਕ ਦੁਖਾਂਤ ਵਿੱਚ ਭਾਵੁਕ ਘਟਨਾਵਾਂ ਦੀ ਬਹੁਤਾਤ ਹੁੰਦੀ ਸੀ| ਸਮੇਂ ਸਥਾਨ ਤੇ ਕਾਰਜ ਦੀ ਅਨੇਕਤਾ ਦੇ ਨਾਲ-ਨਾਲ ਪਰਾਸਰੀਰਕ ਅੰਸ਼ਾਂ ਦੀ ਬਹੁਲਤਾ ਵੱਡੀ ਪੱਧਰ 'ਤੇ ਹੁੰਦੀ ਸੀ| ਤੀਜੇ ਕਿਸਮ ਦਾ ਦੁਖਾਂਤ ਯਥਾਰਥਕ ਰੰਗਣ ਦਾ ਹੈ ਜਿਸ ਵਿੱਚ ਸਧਾਰਨ ਜੀਵਨ ਦੀਆਂ ਸਧਾਰਨ ਘਟਨਾਵਾਂ ਦੀ ਪੇਸ਼ਕਾਰੀ ਨਾਲ ਦੁਖਾਂਤਕ ਭਾਵ ਪੈਦਾ ਕੀਤੇ ਜਾਂਦੇ ਹਨ| ਹੋਣੀ, ਦੁਖਾਂਤ ਨਾਟਕ ਦਾ ਅਜਿਹਾ ਤੱਤ ਹੈ ਜਿਹੜਾ ਨਾਇਕ ਦੇ ਸੰਕਟ ਦਾ ਕਾਰਨ ਬਣਦਾ ਹੈ| ਦੁਖਾਂਤ ਨਾਟਕ ਵਿੱਚ ਵਿਸ਼ਵਵਿਆਪਕਤਾ ਦਾ ਗੁਣ ਹੁੰਦਾ ਹੈ; ਅਜਿਹਾ ਪ੍ਰਭਾਵ ਨਾਟਕ ਵਿੱਚ ਗਹਿਰਾਈ ਅਤੇ ਵਿਸ਼ਾਲਤਾ ਲਿਆਉਂਦਾ ਹੈ| ਨਾਟਕ ਵਿੱਚ ਡੂੰਘਾਈ ਦੇ ਭਾਵ ਪੈਦਾ ਕਰਨ ਲਈ ਨਾਟਕਕਾਰ ਅਜਿਹੇ ਚਿੰਨ੍ਹਾਂ ਦੀ ਵਰਤੋਂ ਕਰਦਾ ਹੈ ਜਿਹੜੇ ਨਾਟਕ ਵਿਚਲੇ ਦੁਖਾਂਤਕ ਅੰਸ਼ਾਂ ਨੂੰ ਡੂੰਘਾਈ ਪ੍ਰਦਾਨ ਕਰਦੇ ਹਨ| ਦੁਖਾਂਤ ਵਿੱਚ ਕਲੇਸ਼, ਪੀੜਾ, ਕਰੁਣਾ, ਦੁੱਖ, ਕਰੁਣਾ ਤੇ ਤਬਾਹੀ ਦੇ ਭਾਵ ਹੁੰਦੇ ਹਨ| (ਸਹਾਇਕ ਗ੍ਰੰਥ - ਅਰਸਤੂ ਦਾ ਕਾਵਿ ਸ਼ਾਸਤਰ; ਹਰਚਰਨ ਸਿੰਘ : ਨਾਟਕ ਕਲਾ ਅਤੇ ਹੋਰ ਲੇਖ; ਮੈਥਲੀਪ੍ਰਸਾਦ ਭਾਰਦਵਾਜ : ਪਾਸ਼ਚਾਤਯ ਕਾਵਯ ਸ਼ਾਸਤ੍ਰ ਕੇ ਸਿਧਾਂਤ)
ਰੂਪ ਪੱਖੋਂ ਦੁਖਾਂਤ ਨੂੰ ਕਈ ਸ਼੍ਰੇਣੀਆਂ ਵਿੱਚ ਵੰਡਿਆ ਜਾਂਦਾ ਹੈ| ਗੁਰਦਿਆਲ ਸਿੰਘ ਫੁੱਲ ਦੁਖਾਂਤ ਦੀ ਸ਼੍ਰੇਣੀ ਵੰਡ ਕਰਦਿਆਂ ਇਸ ਦੀਆਂ ਤਿੰਨ ਪ੍ਰਮੁੱਖ ਕਿਸਮਾਂ ਦਾ ਵਰਣਨ ਕਰਦਾ ਹੈ| ਪ੍ਰਮਾਣਿਕ ਜਾਂ ਪ੍ਰਾਚੀਨ ਦੁਖਾਂਤ, ਰੁਮਾਂਚਕ ਤੇ ਯਥਾਰਥਕ ਦੁਖਾਂਤ| ਪ੍ਰਾਚੀਨ ਦੁਖਾਂਤ ਵਿੱਚ ਪਰਦੇ ਦੀ ਸਹੂਲਤ ਨਾ ਹੋਣ ਕਰਕੇ ਸਮੇਂ ਸਥਾਨ ਤੇ ਕਾਰਜ ਦੀ ਏਕਤਾ ਕਾਇਮ ਰਹਿੰਦੀ ਸੀ| ਪੂਰੇ ਨਾਟਕ ਦੌਰਾਨ ਕੋਰਸ ਮੰਚ ਉੱਤੇ ਰਹਿੰਦਾ ਸੀ| ਰੁਮਾਂਚਕ ਦੁਖਾਂਤ ਵਿੱਚ ਭਾਵੁਕ ਘਟਨਾਵਾਂ ਦੀ ਬਹੁਤਾਤ ਹੁੰਦੀ ਸੀ| ਸਮੇਂ ਸਥਾਨ ਤੇ ਕਾਰਜ ਦੀ ਅਨੇਕਤਾ ਦੇ ਨਾਲ-ਨਾਲ ਪਰਾਸਰੀਰਕ ਅੰਸ਼ਾਂ ਦੀ ਬਹੁਲਤਾ ਵੱਡੀ ਪੱਧਰ 'ਤੇ ਹੁੰਦੀ ਸੀ| ਤੀਜੇ ਕਿਸਮ ਦਾ ਦੁਖਾਂਤ ਯਥਾਰਥਕ ਰੰਗਣ ਦਾ ਹੈ ਜਿਸ ਵਿੱਚ ਸਧਾਰਨ ਜੀਵਨ ਦੀਆਂ ਸਧਾਰਨ ਘਟਨਾਵਾਂ ਦੀ ਪੇਸ਼ਕਾਰੀ ਨਾਲ ਦੁਖਾਂਤਕ ਭਾਵ ਪੈਦਾ ਕੀਤੇ ਜਾਂਦੇ ਹਨ| ਹੋਣੀ, ਦੁਖਾਂਤ ਨਾਟਕ ਦਾ ਅਜਿਹਾ ਤੱਤ ਹੈ ਜਿਹੜਾ ਨਾਇਕ ਦੇ ਸੰਕਟ ਦਾ ਕਾਰਨ ਬਣਦਾ ਹੈ| ਦੁਖਾਂਤ ਨਾਟਕ ਵਿੱਚ ਵਿਸ਼ਵਵਿਆਪਕਤਾ ਦਾ ਗੁਣ ਹੁੰਦਾ ਹੈ; ਅਜਿਹਾ ਪ੍ਰਭਾਵ ਨਾਟਕ ਵਿੱਚ ਗਹਿਰਾਈ ਅਤੇ ਵਿਸ਼ਾਲਤਾ ਲਿਆਉਂਦਾ ਹੈ| ਨਾਟਕ ਵਿੱਚ ਡੂੰਘਾਈ ਦੇ ਭਾਵ ਪੈਦਾ ਕਰਨ ਲਈ ਨਾਟਕਕਾਰ ਅਜਿਹੇ ਚਿੰਨ੍ਹਾਂ ਦੀ ਵਰਤੋਂ ਕਰਦਾ ਹੈ ਜਿਹੜੇ ਨਾਟਕ ਵਿਚਲੇ ਦੁਖਾਂਤਕ ਅੰਸ਼ਾਂ ਨੂੰ ਡੂੰਘਾਈ ਪ੍ਰਦਾਨ ਕਰਦੇ ਹਨ| ਦੁਖਾਂਤ ਵਿੱਚ ਕਲੇਸ਼, ਪੀੜਾ, ਕਰੁਣਾ, ਦੁੱਖ, ਕਰੁਣਾ ਤੇ ਤਬਾਹੀ ਦੇ ਭਾਵ ਹੁੰਦੇ ਹਨ| (ਸਹਾਇਕ ਗ੍ਰੰਥ - ਅਰਸਤੂ ਦਾ ਕਾਵਿ ਸ਼ਾਸਤਰ; ਹਰਚਰਨ ਸਿੰਘ : ਨਾਟਕ ਕਲਾ ਅਤੇ ਹੋਰ ਲੇਖ; ਮੈਥਲੀਪ੍ਰਸਾਦ ਭਾਰਦਵਾਜ : ਪਾਸ਼ਚਾਤਯ ਕਾਵਯ ਸ਼ਾਸਤ੍ਰ ਕੇ ਸਿਧਾਂਤ)

ਦੁਖਾਂਤਕ - ਸੁਖਾਂਤ

Tragic - Comedy

ਦੁਖਾਂਤਕ ਸੁਖਾਂਤ, ਨਾਟਕ ਦੀ ਅਜਿਹੀ ਕਿਸਮ ਹੈ ਜਿਸ ਵਿੱਚ ਨਾਟਕ ਦੀ ਕਥਾ, ਪਾਤਰ ਤੇ ਕਥਾਨਕ, ਦੁਖਾਂਤਕ ਅੰਸ਼ਾਂ ਨਾਲ ਭਰਪੂਰ ਹੁੰਦੇ ਹਨ ਅਰਥਾਤ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਨਾਟਕ, ਦੁਖਾਂਤ ਨਾਟਕ ਦੇ ਤੌਰ 'ਤੇ ਅੱਗੇ ਵੱਧਦਾ ਹੈ ਪਰ ਅਚਾਨਕ ਕਿਸੇ ਘਟਨਾ ਦੇ ਵਾਪਰਨ ਨਾਲ ਦੁਖਾਂਤ ਵਾਪਰਨ ਤੋਂ ਟਲ ਜਾਂਦਾ ਹੈ| ਅਜਿਹੇ ਨਾਟਕ ਨੂੰ ਅੰਗਰੇਜ਼ੀ ਵਿੱਚ Tragic – Comedy ਕਿਹਾ ਜਾਂਦਾ ਹੈ|
ਐਲਿਜ਼ਾਬੇਥਨ ਨਾਟਕ ਵਿੱਚ ਦੁਖਾਂਤ ਅਤੇ ਸੁਖਾਂਤ ਦੇ ਤੱਤ ਮਿਸ਼ਰਿਤ ਰੂਪ ਵਿੱਚ ਮਿਲਦੇ ਹਨ| ਦੁਖਾਂਤਕ ਸੁਖਾਂਤ ਵਿੱਚ ਸ੍ਰੇਸ਼ਟ ਵਰਗ ਦੇ ਨਾਲ ਨਾਲ ਨਿਮਨ ਵਰਗ ਦੇ ਪਾਤਰ ਵੀ ਹੁੰਦੇ ਸਨ| ਪੁਨਰਜਾਗਰਣ ਕਾਲ ਵਿੱਚ ਨਾਟਕ ਦੀ ਇਸ ਕਿਸਮ ਨੂੰ ਉਤਮ ਨਾਟਕਾਂ ਦੀ ਵੰਨਗੀ ਵਿੱਚ ਨਹੀਂ ਸੀ ਰੱਖਿਆ ਜਾਂਦਾ ਸਗੋਂ ਇਸ ਨੂੰ ਮਿਲਾਵਟ ਵਾਲੀ ਰਚਨਾ ਕਹਿ ਕੇ ਨਿਮਨ ਨਾਟਕਾਂ ਦੀ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਜਾਂਦਾ ਸੀ| ਸ਼ੈਕਸਪੀਅਰ ਦਾ ਮਰਚੈਂਟ ਆਫ਼ ਵੀਨਸ ਦੁਖਾਂਤਕ ਸੁਖਾਂਤ ਨਾਟਕ ਦੀ ਹੀ ਵੰਨਗੀ ਹੈ ਕਿਉਂਕਿ ਇਸ ਨਾਟਕ ਵਿੱਚ ਉਚ ਕੁਲੀਨ ਵਰਗ ਦੇ ਪਾਤਰਾਂ ਦੇ ਨਾਲ ਨਾਲ ਨਿਮਨ ਕਿਸਮ ਦੇ ਪਾਤਰ ਵੀ ਸ਼ਾਮਲ ਹਨ ਤੇ ਇਸੇ ਦੇ ਨਾਲ ਨਾਲ ਨਾਟਕ ਦੀ ਕਥਾ ਅਖੀਰ 'ਤੇ ਪਹੁੰਚ ਕੇ ਸੁਖਾਂਤਕ ਮੋੜ ਵੀ ਲੈ ਲੈਂਦੀ ਹੈ| ਨਾਟਕ ਦੀ ਇਸ ਕਿਸਮ ਦੀ ਰਚਨਾ ਹੋਣ ਨਾਲ ਸੁਖਾਂਤ ਅਤੇ ਦੁਖਾਂਤ ਨਾਟਕ ਦੀ ਵੱਖਰੀ ਪਛਾਣ ਦਾ ਖਤਰਾ ਪੈਦਾ ਹੋ ਗਿਆ| ਇਬਸਨ ਦਾ ਨਾਟਕ The Wild duck ਦੁਖਾਂਤਕ ਸੁਖਾਂਤ ਨਾਟਕ ਦੀ ਬਿਹਤਰੀਨ ਮਿਸਾਲ ਹੈ| ਸੁਖਾਂਤ ਅਤੇ ਦੁਖਾਂਤ ਨਾਟਕ ਦੇ ਤੱਤਾਂ ਦਾ ਸੰਤੁਲਨ ਇਸ ਨਾਟਕ ਵਿੱਚ ਦੇਖਿਆ ਜਾ ਸਕਦਾ ਹੈ| ਇਬਸਨ ਤੋਂ ਪਿਛੋਂ ਬਰਨਾਰਡ ਸ਼ਾਅ, ਚੈਖ਼ਵ ਦੇ ਨਾਟਕਾਂ ਵਿੱਚੋਂ ਵੀ ਦੁਖਾਂਤਕ ਸੁਖਾਂਤ ਨਾਟਕ ਦੇ ਅੰਸ਼ ਨਜ਼ਰੀ ਪੈਂਦੇ ਹਨ| ਆਈ. ਸੀ. ਨੰਦਾ ਦਾ ਸੁਭੱਦਰਾ ਨਾਟਕ ਵੀ ਇਸੇ ਨਾਟਕ ਦੀ ਕਿਸਮ ਦੇ ਅੰਤਰਗਤ ਰੱਖਿਆ ਜਾ ਸਕਦਾ ਹੈ ਕਿਉਂਕਿ ਨਾਟਕ ਦੇ ਅਰੰਭ ਵਿੱਚ ਦੁਖਾਂਤਕ ਪ੍ਰਭਾਵ ਦੇਣ ਵਾਲੇ ਇਸ ਨਾਟਕ ਦਾ ਅਖ਼ੀਰ ਸੁਖਾਂਤ ਰੂਪ ਵਿੱਚ ਸੰਪੰਨ ਹੁੰਦਾ ਹੈ| ਵਿਸ਼ਵ ਪੱਧਰ 'ਤੇ ਇਸ ਵੇਲੇ ਅਜਿਹੇ ਨਾਟਕ ਲਿਖਣ ਦਾ ਪ੍ਰਚਲਨ ਨਹੀਂ ਹੈ; ਜਾਂ ਤਾਂ ਦੁਖਾਂਤ ਨਾਟਕ ਲਿਖੇ ਜਾ ਰਹੇ ਹਨ ਜਾਂ ਫੇਰ ਸੁਖਾਂਤ ਨਾਟਕਾਂ ਦੀ ਰਚਨਾ ਕੀਤੀ ਜਾ ਰਹੀ ਹੈ|
ਪੰਜਾਬੀ ਦੇ ਨਾਟਕਕਾਰ ਵੀ ਇਸ ਵਿਧਾ ਨੂੰ ਲੈ ਕੇ ਨਾਟਕਾਂ ਦੀ ਰਚਨਾ ਨਹੀਂ ਕਰ ਰਹੇ| ਸ਼ੈਕਸਪੀਅਰ ਨੇ ਸਤਾਰਵੀਂ ਸਦੀ ਦੇ ਅਰੰਭ ਵਿੱਚ ਵਿਸ਼ੇਸ਼ ਤੌਰ 'ਤੇ 1609 ਤੋਂ 1611 ਦੇ ਦਰਮਿਆਨ cymbeline ਤੇ The Winter's tale ਦੁਖਾਂਤਕ ਸੁਖਾਂਤ ਦੀ ਵਿਧਾ 'ਤੇ ਆਧਾਰਤ ਰੋਮਾਂਚਕ ਨਾਟਕਾਂ ਦੀ ਰਚਨਾ ਕੀਤੀ ਸੀ| Tragic – Comedy ਟਰਮ ਦੀ ਵਰਤੋਂ ਅਜਿਹੇ ਨਾਟਕਾਂ ਲਈ ਵੀ ਕੀਤੀ ਜਾਂਦੀ ਹੈ ਜਿਨ੍ਹਾਂ ਵਿੱਚ ਦੂਹਰੇ ਕਥਾਨਕ ਹੁੰਦੇ ਹਨ| ਇੱਕ ਪਲਾਟ ਗੰਭੀਰ ਕਿਸਮ ਦਾ ਅਤੇ ਦੂਜਾ ਹਸਾਉਣੇ ਕਿਸਮ ਦਾ ਹੁੰਦਾ ਹੈ| ਨਾਟਕ ਦੀ ਇਸ ਕਿਸਮ ਨੂੰ ਅਜਿਹੇ ਦੁਖਾਂਤ ਦਾ ਨਾਂ ਵੀ ਦਿੱਤਾ ਜਾਂਦਾ ਹੈ ਜਿਸ ਵਿੱਚ ਕਿਸੇ ਕਾਰਨ ਕਰਕੇ ਦੁਖਾਂਤ ਵਾਪਰਨ ਤੋਂ ਟਲ ਜਾਂਦਾ ਹੈ| (ਸਹਾਇਕ ਗ੍ਰੰਥ - ਸੁਰਜੀਤ ਸਿੰਘ ਸੇਠੀ : ਨਾਟਕ ਕਲਾ ; ਮੈਥਲੀ ਪ੍ਰਸਾਦ ਭਾਰਦਵਾਜ : ਪਾਸ਼ਚਾਤਯ ਕਾਵਯ ਸ਼ਾਮਤਰ ਕੇ ਸਿਧਾਂਤ; M.H. Abhrams : A Glossary of literary terms )

ਦੇਸ਼ ਕਾਲ ਤੇ ਵਾਤਾਵਰਨ
ਦੇਸ਼ ਕਾਲ ਅਤੇ ਵਾਤਾਵਰਨ ਨਾਟਕੀ ਪ੍ਰਕ੍ਰਿਆ ਦਾ ਮਹੱਤਵਪੂਰਨ ਅੰਗ ਹੁੰਦੇ ਹਨ| ਮੰਚ ਉੱਤੇ ਰੂਪਮਾਨ ਹੋ ਰਹੀ ਭ੍ਰਮਕ ਪੇਸ਼ਕਾਰੀ ਨੂੰ ਦਰਸ਼ਕ ਯਥਾਰਥ ਰੂਪ ਵਿੱਚ ਗ੍ਰਹਿਣ ਕਰਦਾ ਹੈ| ਦਰਅਸਲ ਇਹ ਨਾਟਕ ਦੇ ਅਜਿਹੇ ਤੱਤ ਹਨ ਜਿਹੜੇ ਸੂਖ਼ਮ ਮਨੋਵਿਗਿਆਨ ਪ੍ਰਕ੍ਰਿਆ ਦੁਆਰਾ ਅਣਯਥਾਰਥਕ ਜੀਵਨ ਦਾ ਯਥਾਰਥ ਭੁਲਾਂਦਰਾ ਪੈਦਾ ਕਰਨ ਵਿੱਚ ਮਦਦ ਕਰਦੇ ਹਨ| ਨਾਟਕ ਦੇਖ ਰਿਹਾ ਦਰਸ਼ਕ ਮੰਚ ਉੱਤੇ ਵਾਪਰਦੇ ਨਾਟਕੀ ਜਗਤ ਨਾਲ ਇਨ੍ਹਾਂ ਤੱਤਾਂ ਕਾਰਨ ਹੀ ਆਪਣੇ ਆਪ ਨੂੰ ਆਤਮਸਾਤ ਕਰਦਾ ਹੈ| ਨਾਟਕੀ ਕਥਾ ਅਤੇ ਮੰਚ ਉੱਤੇ ਹੋ ਰਹੇ ਅਭਿਨੈ ਨੂੰ ਮੰਨਣਯੋਗ ਬਣਾਉਣ ਵਿੱਚ ਇਨ੍ਹਾਂ ਤੱਤਾਂ ਦੀ ਅਹਿਮੀਅਤ ਨਿਵੇਕਲੀ ਹੁੰਦੀ ਹੈ| ਦੇਸ਼ ਕਾਲ ਅਤੇ ਵਾਤਾਵਰਨ ਦਾ ਪਰਿਪੇਖ ਬੜਾ ਵਿਸਤ੍ਰਿਤ ਹੈ| ਸਮਾਂ, ਸਥਾਨ, ਵੇਸ ਭੂਸ਼ਾ, ਆਚਾਰ-ਵਿਹਾਰ, ਚਿੰਤਨ, ਵਾਰਤਾਲਾਪ, ਉਚਾਰਨ ਸ਼ੈਲੀ ਤੇ ਪਿਠ ਭੂਮੀ ਆਦਿ ਸਾਰੇ ਸੰਕਲਪ ਦੇਸ਼ ਕਾਲ ਅਤੇ ਵਾਤਾਵਰਨ ਦੇ ਅੰਤਰਗਤ ਗਿਣੇ ਜਾਂਦੇ ਹਨ| ਵਾਸਤਵਿਕਤਾ, ਯਥਾਰਥਕਤਾ, ਸੁਭਾਵਿਕਤਾ, ਸੰਭਵਤਾ ਤੇ ਮੰਨਣਯੋਗਤਾ ਆਦਿ ਇਸ ਦੇ ਮਹੱਤਵਪੂਰਨ ਤੇ ਲੋੜੀਂਦੇ ਗੁਣ ਸਵੀਕਾਰੇ ਗਏ ਹਨ| ਪ੍ਰਭਾਵ ਦੀ ਦ੍ਰਿਸ਼ਟੀ ਤੋਂ ਇਨ੍ਹਾਂ ਗੁਣਾਂ ਦਾ ਹੋਣਾ ਕਿਸੀ ਵੀ ਰਚਨਾ ਲਈ ਅਨਿਵਾਰੀ ਮੰਨਿਆ ਜਾਂਦਾ ਹੈ| ਦਰਸ਼ਨੀ ਅਤੇ ਸਮਾਂਗਤ ਕਲਾ ਹੋਣ ਕਰਕੇ ਨਾਟਕ ਵਿੱਚ ਇਨ੍ਹਾਂ ਤੱਤਾਂ ਦੀ ਹੋਂਦ ਹੋਰ ਵੀ ਮਹੱਤਵਪੂਰਨ ਬਣ ਜਾਂਦੀ ਹੈ| (ਸਹਾਇਕ ਗ੍ਰੰਥ -ਮੈਥਲੀਪ੍ਰਸਾਦ ਭਾਰਦਵਾਜ : ਪਾਸ਼ਚਾਤਯ ਕਾਵਯ ਸ਼ਾਸਤਰ ਕੇ ਸਿਧਾਂਤ)

ਧਾਰਮਿਕ ਨਾਟਕ

Religious play

ਸੰਸਾਰ ਦੀਆਂ ਨਾਟਕੀ ਪਰੰਪਰਾਵਾਂ ਵਿੱਚ ਧਰਮ ਦਾ ਸਥਾਨ ਮਹੱਤਵਪੂਰਨ ਰਿਹਾ ਹੈ| ਮੁਢਲੇ ਯੂਨਾਨੀ ਨਾਟਕ ਧਰਮ ਨਾਲ ਹੀ ਸੰਬੰਧਤ ਸਨ| ਭਾਰਤੀ ਨਾਟਕ ਦਾ ਮੁਢ ਵੀ ਸ਼ਿਵ ਅਤੇ ਵਿਸ਼ਨੂੰ ਦੇਵਤਿਆਂ ਦੀ ਉਪਾਸਨਾ ਨਾਲ ਜੋੜਿਆ ਜਾਂਦਾ ਹੈ| ਭਾਰਤ ਦੀ ਲੋਕ ਨਾਟ ਪਰੰਪਰਾ ਵਿੱਚ ਵੀ ਧਰਮ ਨਿਵੇਕਲਾ ਸਥਾਨ ਰੱਖਦਾ ਹੈ| ਧਰਮ ਅਤੇ ਨਾਟਕ ਦੋਵੇਂ ਇੱਕ ਦੂਜੇ ਨੂੰ ਪ੍ਰਭਾਵਤ ਕਰਦੇ ਹਨ| ਨਾਟਕ ਦੇ ਉਸ ਰੂਪ ਨੂੰ ਧਾਰਮਿਕ ਨਾਟਕ ਕਿਹਾ ਜਾਂਦਾ ਹੈ ਜਿਸ ਵਿੱਚ ਕਿਸੇ ਧਾਰਮਿਕ ਆਗੂ ਦੀ ਜੀਵਨ ਕਥਾ ਦੇ ਵੇਰਵੇ, ਉਸ ਦੀ ਵਿਚਾਰਧਾਰਾ, ਅਤੇ ਧਾਰਮਿਕ ਵਿਸ਼ਵਾਸਾਂ ਦਾ ਜ਼ਿਕਰ ਕੀਤਾ ਗਿਆ ਹੋਵੇ| ਅੰਗਰੇਜੀ ਸਾਹਿਤ ਵਿੱਚ ਤਿੰਨ ਤਰ੍ਹਾਂ ਦੇ ਧਾਰਮਿਕ ਨਾਟਕ ਉਪਲਬਧ ਹਨ| ਇੱਕ ਧਾਰਮਿਕ ਨਾਟਕ ਅਜਿਹੇ ਹੁੰਦੇ ਹਨ ਜਿਨ੍ਹਾਂ ਵਿੱਚ ਧਾਰਮਿਕ ਆਗੂਆਂ ਦੇ ਜੀਵਨ ਬਿਰਤਾਂਤ ਨੂੰ ਸੰਕਲਤ ਕੀਤਾ ਜਾਂਦਾ ਹੈ| ਦੂਜੀ ਕਿਸਮ ਦੇ ਧਾਰਮਿਕ ਨਾਟਕਾਂ ਵਿੱਚ ਕਿਸੇ ਵਿਸ਼ੇਸ਼ ਧਰਮ ਦੇ ਨਿਯਮਾਂ ਦਾ ਪ੍ਰਚਾਰ ਕੀਤਾ ਜਾਂਦਾ ਹੈ| ਇਸ ਤੋਂ ਬਿਨਾਂ ਅਜਿਹੇ ਨਾਟਕ ਵੀ ਧਾਰਮਕ ਨਾਟਕਾਂ ਦੀ ਗਿਣਤੀ ਵਿੱਚ ਸ਼ਾਮਲ ਹੁੰਦੇ ਹਨ ਜਿਨਾਂ ਵਿੱਚ ਸਿੱਧੇ ਤੌਰ ਉੱਤੇ ਧਾਰਮਿਕ ਨਿਯਮਾਂ ਜਾਂ ਸਿਧਾਂਤ ਦੀ ਗੱਲ ਨਹੀਂ ਕੀਤੀ ਜਾਂਦੀ ਸਗੋਂ ਉਨ੍ਹਾਂ ਦੇ ਪਿਛੋਕੜ ਵਿੱਚ ਧਾਰਮਕ ਸਿਧਾਂਤਾਂ ਦਾ ਜ਼ਿਕਰ ਹੁੰਦਾ ਹੈ| ਪੰਜਾਬੀ ਵਿੱਚ ਲਿਖੇ ਜਾਣ ਵਾਲੇ ਧਾਰਮਕ ਨਾਟਕ ਧਾਰਮਕ ਆਗੂਆਂ ਦੇ ਜੀਵਨ ਬਿਰਤਾਂਤ ਅਤੇ ਧਾਰਮਕ ਉਪਦੇਸ਼ ਨਾਲ ਸੰਬੰਧਤ ਹੁੰਦੇ ਹਨ| ਬਹੁਤੇ ਧਾਰਮਕ ਨਾਟਕ ਸਿੱਖ ਗੂਰੁਆਂ ਦੀਆਂ ਜਨਮ ਸ਼ਤਾਬਦੀਆਂ ਦੇ ਮੌਕੇ ਲਿਖੇ ਗਏ ਹਨ| ਇਨ੍ਹਾਂ ਨਾਟਕਾਂ ਵਿੱਚ ਗੁਰੂਆਂ ਦੇ ਜੀਵਨ ਨਾਲ ਸੰਬੰਧਤ ਘਟਨਾਵਾਂ ਨੂੰ ਨਾਟਕੀ ਰੂਪ ਵਿੱਚ ਉਭਾਰਨ ਦੀ ਕੋਸ਼ਿਸ਼ ਕੀਤੀ ਗਈ ਹੈ| ਧਾਰਮਕ ਨਾਟਕ ਦਾ ਮੁੱਖ ਪ੍ਰਯੋਜਨ ਦਰਸ਼ਕ ਵਰਗ ਨੂੰ ਸਿਖਿਆ ਦੇਣ ਨਾਲ ਸੰਬੰਧਤ ਹੁੰਦਾ ਹੈ| ਇਸ ਨਾਟਕ ਦੀ ਪ੍ਰਮੁੱਖ ਸਮੱਸਿਆ ਇਸ ਦੇ ਮੰਚਨ ਪੱਖ ਨਾਲ ਸੰਬੰਧਤ ਹੈ| ਧਾਰਮਕ ਨਾਟਕ ਦੇ ਲੇਖਕ ਨੂੰ ਇਸ ਦੀ ਰਚਨਾ ਕਰਦੇ ਸਮੇਂ ਬਹੁਤ ਸੁਚੇਤ ਰਹਿਣ ਦੀ ਲੋੜ ਹੁੰਦੀ ਹੈ ਕਿਉਂਕਿ ਇਸ ਦੇ ਵਿਸ਼ੇ ਨੂੰ ਧਰਮ ਦੇ ਖੇਤਰ ਤੱਕ ਸੀਮਤ ਕੀਤਿਆਂ ਨਾਟਕੀਅਤਾ ਨੂੰ ਕਾਇਮ ਰੱਖਣ ਦੀ ਲੋੜ ਹੁੰਦੀ ਹੈ ਅਤੇ ਦੂਜੇ ਪਾਸੇ ਧਰਮ ਦੇ ਦਾਇਰੇ ਤੋਂ ਪਰ੍ਹੇ ਕਰਨ ਨਾਲ ਉਸ ਰਚਨਾ ਵਿੱਚੋਂ ਧਾਰਮਿਕਤਾ ਦਾ ਅੰਸ਼ ਖਤਮ ਹੋ ਜਾਂਦਾ ਹੈ| ਅਜਿਹੇ ਨਾਟਕ ਦੀ ਪ੍ਰਦਰਸ਼ਨੀ ਵੇਲੇ ਨਿਰਦੇਸ਼ਕ ਨੂੰ ਇਸ ਪਖੋਂ ਸੁਚੇਤ ਰਹਿਣ ਦੀ ਲੋੜ ਹੁੰਦੀ ਹੈ ਕਿ ਇਸ ਦੀ ਪੇਸ਼ਕਾਰੀ ਦਰਸ਼ਕਾਂ ਦੇ ਕਿਸੇ ਵਰਗ ਨੂੰ ਠੇਸ ਪਹੁੰਚਾTਣ ਵਾਲੀ ਨਹੀਂ ਹੋਣੀ ਚਾਹੀਦੀ| ਅਦਾਕਾਰਾਂ ਦਾ ਆਪਣੇ ਪਾਤਰਾਂ ਨਾਲ ਧਾਰਮਕ ਪੱਧਰ 'ਤੇ ਆਤਮਸਾਤ ਹੋ ਜਾਣਾ ਇਸ ਦੀ ਸਫ਼ਲ ਪੇਸ਼ਕਾਰੀ ਦਾ ਪ੍ਰਮਾਣ ਸਿਧ ਹੁੰਦਾ ਹੈ| ਪੰਜਾਬੀ ਦੇ ਧਾਰਮਕ ਨਾਟਕਾਂ ਦੀ ਪ੍ਰਦਰਸ਼ਨੀ ਵਿੱਚ ਸਿਖ ਗੁਰੂਆਂ ਨੂੰ ਮੰਚ ਉੱਤੇ ਪੇਸ਼ ਕੀਤੇ ਜਾਣ ਦੀ ਮਨਾਹੀ ਹੈ| ਪੱਛਮੀ ਚਿੰਤਕ ਵੀ ਪਰਮਾਤਮਾ ਨੂੰ ਮਨੁੱਖ ਦੇ ਰੂਪ ਵਿੱਚ ਪੇਸ਼ ਕੀਤੇ ਜਾਣ ਦੇ ਹੱਕ ਵਿੱਚ ਨਹੀਂ ਹਨ| ਈਸਾਈ ਭਾਈਚਾਰੇ ਵਲੋਂ ਖੇਡੇ ਜਾਣ ਵਾਲੇ ਨਾਟਕਾਂ ਵਿੱਚ ਵੀ ਈਸਾ ਨੂੰ ਸਾਕਾਰ ਰੂਪ ਵਿੱਚ ਮੰਚ ਉੱਤੇ ਪੇਸ਼ ਨਹੀਂ ਕੀਤਾ ਜਾਂਦਾ| ਪੰਜਾਬੀ ਵਿੱਚ ਸਿੱਖ ਗੁਰੂਆਂ ਦੀਆਂ ਜਨਮ ਅਤੇ ਸ਼ਹੀਦੀ ਸ਼ਤਾਬਦੀਆਂ ਨਾਲ ਸੰਬੰਧਤ ਨਾਟਕਾਂ ਵਿੱਚ ਸੁਰਜੀਤ ਸਿੰਘ ਸੇਠੀ ਦਾ ਗੁਰੁ ਬਿਨ ਘੋਰ ਅੰਧਾਰ, ਹਰਚਰਨ ਸਿੰਘ ਦਾ ਮਿਟੀ ਧੁੰਧ ਜਗਿ ਚਾਨਣ ਹੋਆ, ਇਤਿਹਾਸ ਜੁਆਬ ਮੰਗਦਾ ਹੈ , ਬਲਵੰਤ ਗਾਰਗੀ ਦਾ ਗਗਨ ਮੈ ਥਾਲ ਆਦਿ ਪ੍ਰਮੁੱਖ ਧਾਰਮਕ ਨਾਟਕ ਹਨ| ਗੁਰੂ ਸਾਹਿਬਾਨ ਦੀ ਹੋਂਦ ਦਾ ਅਹਿਸਾਸ ਕਰਾਉਣ ਲਈ ਨਾਟ ਨਿਰਦੇਸ਼ਕਾਂ ਨੇ ਨਵੀਆਂ ਵਿਧੀਆਂ ਦੀ ਤਲਾਸ਼ ਕੀਤੀ| ਗੁਰਬਾਣੀ ਦੀਆਂ ਟੂਕਾਂ ਦੇ ਉਚਾਰਨ ਅਤੇ ਗੁਰਬਾਣੀ ਦੀ ਭਾਵਪੂਰਤ ਵਿਆਖਿਆ ਧਾਰਮਕ ਵਾਤਾਵਰਨ ਦੀ ਉਸਾਰੀ ਵਿੱਚ ਸਹਾਇਕ ਤੱਤ ਸਿੱਧ ਹੁੰਦੇ ਹਨ| ਕਈ ਨਿਰਦੇਸ਼ਕ ਗੁਰੂਆਂ ਦੀ ਹੋਂਦ ਨੂੰ ਰੋਸ਼ਨੀ ਰਾਹੀਂ ਸਾਕਾਰ ਕਰਨ ਦੀ ਕੋਸ਼ਿਸ਼ ਕਰਦੇ ਹਨ| ਧਾਰਮਿਕ ਨਾਟਕਾਂ ਦੀ ਪੇਸ਼ਕਾਰੀ ਨੂੰ ਪ੍ਰਭਾਵਸ਼ਾਲੀ ਬਨਾਉਣ ਲਈ ਅਤੇ ਵਿਸ਼ੇ ਦਾ ਢੁਕਵਾਂ ਸੰਚਾਰ ਕਰਨ ਲਈ ਸੂਤਰਧਾਰ ਅਤੇ ਕੋਰਸ ਦੀ ਵਿਧੀ ਦਾ ਪ੍ਰਯੋਗ ਵੱਡੇ ਪੱਧਰ 'ਤੇ ਕੀਤਾ ਜਾਂਦਾ ਹੈ| ਗੁਰੂ ਸਾਹਿਬਾਨਾਂ ਨੂੰ ਮੰਚ ਉੱਤੇ ਲਿਆਏ ਬਿਨਾਂ ਸਫ਼ਲ ਧਾਰਮਿਕ ਨਾਟਕਾਂ ਦਾ ਮੰਚਨ ਪੰਜਾਬੀ ਨਾਟਕਕਾਰਾਂ ਵਲੋਂ ਕੀਤਾ ਗਿਆ ਹੈ| (ਸਹਾਇਕ ਗ੍ਰੰਥ - ਕਮਲੇਸ਼ ਉੱਪਲ : ਪੰਜਾਬੀ ਨਾਟਕ ਤੇ ਰੰਗਮੰਚ; ਸਤੀਸ਼ ਕੁਮਾਰ ਵਰਮਾ : ਪੰਜਾਬੀ ਨਾਟਕ ਦਾ ਇਤਿਹਾਸ)

ਨਕਲ

Form of folk Punjabi theatre

ਨਕਲ, ਲੋਕ ਨਾਟਕ ਦਾ ਬੜਾ ਪ੍ਰਸਿੱਧ ਰੂਪ ਹੈ ਜਿਸ ਦਾ ਅਰੰਭ ਆਦਿ ਕਾਲ ਨਾਲ ਜੋੜਿਆ ਜਾਂਦਾ ਹੈ| ਨਕਲ ਦਾ ਸ਼ਬਦੀ ਅਰਥ ਕਿਸੇ ਦੀ ਸਾਂਗ ਜਾਂ ਰੀਸ ਉਤਾਰਨ ਨਾਲ ਸਬੰਧਤ ਹੈ| ਨਕਲ ਲਾ ਕੇ ਹਸਾਉਣ ਦੀ ਰਵਾਇਤ ਮਨੁੱਖ ਦਾ ਮੁੱਢ ਤੋਂ ਸ਼ੁਗਲ ਰਿਹਾ ਹੈ| ਨਕਲੀਏ ਜ਼ਾਤ ਦੇ ਮਿਰਾਸੀ ਜਾਂ ਡੂਮ ਹੁੰਦੇ ਹਨ| ਸੰਸਕ੍ਰਿਤ ਨਾਟਕ ਦੇ ਪਤਨ ਤੋਂ ਮਗਰੋਂ ਜਦੋਂ ਪੇਸ਼ਾਵਰ ਅਦਾਕਾਰਾਂ ਕੋਲ ਰੋਜ਼ੀ ਰੋਟੀ ਦਾ ਕੋਈ ਵਸੀਲਾ ਨਾ ਰਿਹਾ ਤਾਂ ਉਨ੍ਹਾਂ ਨੇ ਵੱਖ ਵੱਖ ਟੋਲੇ ਬਣਾ ਕੇ ਲੋਕਾਂ ਦਾ ਮਨ ਪ੍ਰਚਾਵਾ ਕਰਨਾ ਸ਼ੁਰੂ ਕਰ ਦਿਤਾ| ਅਜਿਹਾ ਕਰਨ ਲਈ ਉਨ੍ਹਾਂ ਨੇ ਇਸ ਕਲਾ ਨੂੰ ਨੀਵੀਂ ਪੱਧਰ ਤੱਕ ਲੈ ਆਂਦਾ | ਮੁਗਲ ਕਾਲ ਵਿੱਚ ਵੀ ਨਕਲੀਆਂ ਦਾ ਜ਼ਿਕਰ ਆਉਂਦਾ ਹੈ| ਰਾਜ ਦਰਬਾਰਾਂ ਵਿੱਚ ਰਾਜੇ ਮਹਾਰਾਜੇ ਆਪਣੇ ਮਨ ਪਰਚਾਵੇ ਲਈ ਅਤੇ ਵਿਆਹਾਂ ਸ਼ਾਦੀਆਂ ਦੇ ਅਵਸਰ 'ਤੇ ਅਕਸਰ ਨਕਲਾਂ ਕਰਵਾਉਂਦੇ ਸਨ| ਇਨ੍ਹਾਂ ਲੋਕ ਕਲਾਕਾਰਾਂ ਦਾ ਮੁੱਖ ਕੰਮ ਸਮਾਜ ਦੇ ਕੁਹਜਾਂ, ਕੁਕਰਮਾਂ ਅਤੇ ਉਲਾਰ ਕਿਸਮ ਦੀਆਂ ਰੁਚੀਆਂ ਉੱਤੇ ਟੀਕਾ ਟਿਪਣੀ ਕਰਨਾ ਹੁੰਦਾ ਸੀ| ਟਿਚਰ ਅਤੇ ਕਰਾਰੀ ਚੋਟ ਕਰਨ ਦਾ ਗੁਣ ਇਨ੍ਹਾਂ ਨੂੰ ਵਿਰਸੇ ਵਿੱਚ ਹਾਸਿਲ ਹੁੰਦਾ ਹੈ ਅਤੇ ਇਉਂ ਪੀੜ੍ਹੀ ਦਰ ਪੀੜ੍ਹੀ ਇਹ ਕਲਾ ਅੱਗੇ ਤੁਰਦੀ ਆਈ ਹੈ| ਇਨ੍ਹਾਂ ਨਕਲਾਂ ਦੇ ਮੁੱਖ ਵਿਸ਼ੇ, ਦਾਜ ਦੇ ਲੋਭੀਆਂ, ਕੁਪੱਤੀਆਂ ਸੱਸਾਂ, ਭੈੜੀਆਂ ਰੰਨਾਂ ਤੇ ਪ੍ਰਬੰਧਕੀ ਢਾਂਚੇ ਨਾਲ ਸੰਬੰਧਤ ਅਮਲੇ ਦੀ ਕਾਰਜ ਵਿਧੀ ਤੇ ਵਿਹਾਰ ਨਾਲ ਸੰਬੰਧਤ ਹੁੰਦੇ ਹਨ| ਤਿੱਖੀਆਂ ਚੋਟਾਂ ਨਾਲ ਭੰਡਣ ਦੀ ਕਲਾ ਸਦਕਾ ਇਹ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਦੇ ਹਨ| ਸਮੂਹ ਨੂੰ ਕੀਲਣ ਦੀ ਜੁਗਤ ਨਕਲਾਂ ਦਾ ਵਿਸ਼ੇਸ਼ ਖਾਸਾ ਰਿਹਾ ਹੈ| ਗੱਲ 'ਚੋਂ ਗੱਲ ਕੱਢਣ ਦੀ ਕਲਾ ਨਾਲ ਦਰਸ਼ਕਾਂ ਦੀ ਉਤਸੁਕਤਾ ਲਗਾਤਾਰ ਵਧਦੀ ਜਾਂਦੀ ਹੈ| ਸਮਾਜ ਦੀ ਹਰ ਬੁਰਾਈ ਨੂੰ ਬੇਨਕਾਬ ਕਰਨ ਵਿੱਚ ਨਕਲੀਏ ਖਾਸ ਕਿਸਮ ਦੀ ਮੁਹਾਰਤ ਰੱਖਦੇ ਹਨ| ਨਕਲ ਦੀ ਪੇਸ਼ਕਾਰੀ ਬਕਾਇਦਾ ਇੱਕ ਤਰਤੀਬ ਵਿੱਚੋਂ ਹੁੰਦੀ ਹੈ| ਦੋ ਮਸਖਰੇ ਇੱਕ ਨੂੰ ਰੰਗਾ ਤੇ ਦੂਜੇ ਨੂੰ ਬਿਗਲਾ ਕਿਹਾ ਜਾਂਦਾ ਹੈ| ਰੰਗਾ ਪ੍ਰਸ਼ਨ ਕਰਦਾ ਹੈ ਤੇ ਬਿਗਲਾ ਉਤਰ ਦੇਂਦਾ ਹੈ| ਬਿਗਲਾ ਆਪਣੇ ਸਿਧੇ ਉਲਟੇ ਜਵਾਬਾਂ ਕਾਰਨ ਰੰਗੇ ਤੋਂ ਮਾਰ ਖਾਂਦਾ ਰਹਿੰਦਾ ਹੈ| ਇਉਂ ਨਾਟਕੀ ਕਾਰਜ ਤੀਖਣ ਹੋਈ ਜਾਂਦਾ ਹੈ| ਲਗਾਤਾਰ ਲਟਕਾਉ ਦੀ ਸਥਿਤੀ ਵਿੱਚ ਬਿਗਲੇ ਦੇ ਤਿਖੇ ਵਿਅੰਗ ਭਰੇ ਜੁਆਬ ਨਾਲ ਨਕਲ ਖਤਮ ਹੋ ਜਾਂਦੀ ਹੈ ਤੇ ਦਰਸ਼ਕ ਹੱਸਦੇ ਹੱਸਦੇ ਲੋਟ ਪੋਟ ਹੋ ਜਾਂਦੇ ਹਨ| ਇਸ ਸਾਰੇ ਨਾਟਕੀ ਅਭਿਨੈ ਦੌਰਾਨ ਰੰਗਾ, ਬਿਗਲੇ ਨੂੰ ਚਮੜੇ ਦੇ ਚਮੋਟੇ ਨਾਲ ਮਾਰੀ ਜਾਂਦਾ ਹੈ ਤੇ ਬਿਗਲਾ ਅਜੀਬ ਹਰਕਤਾਂ ਕਰਦਾ ਹੋਇਆ ਮਾਰ ਖਾਂਦਾ ਰਹਿੰਦਾ ਹੈ| ਕਿਸੇ ਦੇ ਘਰ ਮੁੰਡਾ ਜੰਮਣ 'ਤੇ ਜਾਂ ਵਿਆਹ ਸ਼ਾਦੀ ਵਾਲੇ ਘਰ ਨਕਲੀਏ ਆਪ ਪਹੁੰਚ ਕੇ ਪਿੜ ਬੰਨ ਲੈਂਦੇ ਹਨ| ਪੰਜਾਬ ਦੀ ਵੰਡ ਹੋਣ ਤੋਂ ਪਹਿਲਾਂ ਪੰਜਾਬ ਵਿੱਚ ਬਹੁਤ ਸਾਰੇ ਨਕਲੀਆਂ ਦੇ ਸਮੂਹ ਸਨ| ਪੰਜਾਬ ਵੰਡ ਵੇਲੇ ਬਹੁਤੇ ਟੋਲੇ ਪਾਕਿਸਤਾਨ ਚਲੇ ਗਏ ਸਨ| ਨਕਲਾਂ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ| ਛੋਟੀਆਂ ਨਕਲਾਂ ਨੂੰ ਟਿੱਚਰ ਅਤੇ ਵੱਡੀਆਂ ਨੂੰ ਪਟੜੀਆਂ ਕਿਹਾ ਜਾਂਦਾ ਹੈ| ਲੋਕ ਨਾਟਕ ਦੇ ਇਸ ਰੂਪ ਨੇ ਪੰਜਾਬੀ ਨਾਟਕਕਾਰਾਂ ਨੂੰ ਕਾਟਵੇਂ ਫ਼ਿਕਰੇ ਘੜਨ ਅਤੇ ਤੀਖਣ ਸੰਵਾਦ ਸਿਰਜਨ ਦੀ ਮੁਹਾਰਤ ਦਿੱਤੀ ਹੈ| ਆਤਮਜੀਤ ਨੇ ਨਾਟਕ ਪੰਚ ਨਦ ਦਾ ਪਾਣੀ ਵਿੱਚ ਨਕਲ ਸ਼ੈਲੀ ਦੀ ਬੜੀ ਕਲਾਮਈ ਵਰਤੋਂ ਕੀਤੀ ਹੈ| ਸਿਆਣਾ ਅਤੇ ਕਮਲਾ ਪਾਤਰ ਰੰਗੇ ਤੇ ਬਿਗਲੇ ਦੇ ਰੂਪਾਂਤਰਿਤ ਪਾਤਰਾਂ ਵਜੋਂ ਨਜ਼ਰ ਆਉਦੇ ਹਨ|
ਗੁਰਸ਼ਰਨ ਸਿੰਘ ਦੇ 'ਭੰਡ ਕਨੇਡਾ ਆਏ', 'ਜੰਗੀ ਰਾਮ ਦੀ ਹਵੇਲੀ', 'ਤਮਾਸ਼ਾ ਨਟ-ਨਟੀ ਦਾ' ਆਦਿ ਨਾਟਕ, ਨਕਲ ਲੋਕ ਨਾਟ ਪਰੰਪਰਾ ਨੂੰ ਆਧਾਰ ਬਣਾ ਕੇ ਲਿਖੇ ਗਏ ਹਨ| 'ਭੰਡ ਕਨੇਡਾ ਆਏ' ਨਾਟਕ ਵਿੱਚ ਬਾਪੂ ਤੇ ਮੁੰਡਾ ਅਜਿਹੇ ਪਾਤਰ ਹਨ ਜਿਹੜੇ ਨਕਲਾਂ ਵਿਚਲੇ ਪਾਤਰ ਰੰਗੇ ਤੇ ਬਿਗਲੇ ਵਾਂਗ ਸਮਾਜਕ ਵਿਸੰਗਤੀਆਂ ਨੰ ਉਜਾਗਰ ਕਰਦੇ ਹਨ :
ਮੁੰਡਾ : ਬਾਪੂ ਕੋਠੇ ਵਾਲੀ ਬਾਤ ਪਾਈਏ ਬਾਪੂ : ਫ਼ੇਰ ਹੋ ਜਾ ਤਿਆਰ ਮੁੰਡਾ : ਹੋ ਗਿਆ ਬਾਪੂ ਬਾਪੂ : ਜਜਮਾਨੋ ਰੌਲਾ ਇਹ ਵੇ ਕਿ ਮੈਂ ਸਾਰੀ ਉਮਰ ਦੀ ਕਮਾਈ ਨਾਲ ਕੋਠਾ ਪਾਇਆ ਏ ਤੇ ਇਹ ਮੁੰਡਾ ਕਹਿੰਦਾ ਏ ਕਿ ਮੈਂ ਇਹ ਢਾਹ ਦੇਣਾ ਏ| ਮੁੰਡਾ : ਮੈਂ ਤਾਂ ਕੋਠਾ ਢਾਹ ਦੇਣੈ| ਬਾਪੂ : ਨਾ ਪੁਤ ਢਾਹੁਣਾ ਕਾਹਨੂੰ ਏ ? ਮੁੰਡਾ : ਬਸ ਮੈਂ ਢਾਹ ਦੇਣਾ ਏ| ਬਾਪੂ : ਪੁੱਤ, ਇਹ ਤੇਰੀ ਮਾਂ ਨੇ ਰੀਝਾਂ ਨਾਲ ਬਣਵਾਇਆ| ਮੁੰਡਾ : ਮੈਨੂੰ ਨਹੀਂ ਪਤਾ------ ਮੈਂ ਢਾਹ ਦੇਣੈ ਬਾਪੂ : ਇਹਦੀਆਂ ਕੰਧਾਂ ਤੇ ਤੇਰੀ ਮਾਂ ਨੇ ਮੋਰ ਬਣਾਏ ਮੁੰਡਾ : ਪਏ ਬਣਾਏ ਹੋਣ----- ਮੈਂ ਢਾਹ ਦੇਣਾ ਏ| -------------------------- ਬਾਪੂ : ਕੋਠੇ ਲਈ ਮਿੱਟੀ ਮੈਂ ਜੌੜੇ ਵਾਲੇ ਛੱਪੜ ਤੋਂ ਲਿਆਂਦੀ-------- ਸੀਮਿੰਟ ਨਾਲੋਂ ਪੱਕੀ ਮੁੰਡਾ : ਪਈ ਪੱਕੀ ਹੋਵੇ-----ਮੈਂ ਤਾਂ ਬੱਸ ਢਾਹ ਦੇਣੈ --------------------------- ਬਾਪੂ : ਉਹ ਬਕ ਵੀ ਸਹੀ---------ਕਿਉਂ ਢਾਹ ਦੇਣੈ ਮੁੰਡਾ : ਬਾਪੂ ਇਹ ਕੋਠਾ ਮਾਂ ਨੇ ਰੀਝਾਂ ਨਾਲ ਬਣਵਾਇਆ ? ਬਾਪੂ : ਬਣਵਾਇਆ | ਮੁੰਡਾ : ਕੋਠੇ ਉੱਤੇ ਲੇਪ ਕੀਤਾ ? ਬਾਪੂ : ਕੀਤਾ ਮੁੰਡਾ : ਪਰ ਲੇਪ ਵਿੱਚ ਗੋਹਾ ਕਿਸ ਮੱਝ ਦਾ ਸੀ ਬਾਪੂ : ਮੈਂ ਤਾਂ ਗੋਹੇ ਦੀ ਕੋਈ ਪੜਤਾਲ ਨਹੀਂ ਕੀਤੀ| ਮੁੰਡਾ : ਇਹ ਜਗੀਰੋ ਦੀ ਮੱਝ ਦਾ ਸੀ ਬਾਪੂ : ਜਗੀਰੋ ਦੀ ਮੱਝ ਦਾ------ਫ਼ੇਰ ਕੀ ਹੋਇਆ ਮੁੰਡਾ : ਇਹ ਜਗੀਰਾ ਉਹੋ ਵੇ, ਜੀਹਨੇ ਪਿਛਲੇ ਸਾਲ ਮੈਨੂੰ ਗਾਲ੍ਹ ਕੱਢੀ ਸੀ--------ਉਹ ਮੇਰਾ ਦੁਸ਼ਮਣ ----------------------- ਮੁੰਡਾ : ਤੇ ਦੁਸ਼ਮਣ ਦੀ ਮੱਝ ਦਾ ਗੋਹਾ ਸਾਡੇ ਕੋਠੇ ਲੱਗ ਗਿਆ ਬਾਪੂ : ਓਏ ਗੋਹੇ ਕਰਕੇ ਢਾਹ ਦੇਣੈ------ਤੇ ਮੇਰੀ ਸਾਰੀ ਉਮਰ ਦੀ ਕਮਾਈ ਲੱਗ ਗਈ ਮੁੰਡਾ : ਹਾਹੋ ਢਾਹ ਦੇਣੈ------ ਜੇ ਟੌਹੜਾ ਬਣਿਆ ਅਕਾਲ ਤਖਤ ਢਾਹ ਸਕਦੈ ਤਾਂ ਅਸੀ ਇੱਕ ਮਿੱਟੀ ਦਾ ਕੋਠਾ ਨਹੀਂ ਢਾਹ ਸਕਦੈ-----ਅਸੀਂ ਕਿਸੇ ਨਾਲੋਂ ਘੱਟ ਹਾਂ ? ਕੇਵਲ ਧਾਲੀਵਾਲ (ਸੰਪਾਦਕ), ਗੁਰਸ਼ਰਨ ਸਿੰਘ ਦੇ ਨਾਟਕ (ਭਾਗ ਦੂਜਾ), ਪੰਨੇ 50-53 (ਸਹਾਇਕ ਗ੍ਰੰਥ - ਅਜੀਤ ਸਿੰਘ ਔਲਖ : ਪੰਜਾਬੀ ਲੋਕ ਨਾਟ ਪਰੰਪਰਾ; ਰਵੇਲ ਸਿੰਘ : ਪੰਜਾਬ ਦੀ ਲੋਕ ਨਾਟ ਪਰੰਪਰਾ ਤੇ ਪੰਜਾਬੀ ਨਾਟਕ)

ਨਟ / ਨਟੀ

Traditional characters of Sanskrit drama)

ਸੰਸਕ੍ਰਿਤ ਭਾਸ਼ਾ ਦੇ ਇਸ ਸ਼ਬਦ ਦੇ ਸ਼ਾਬਦਿਕ ਅਰਥ ਨੱਚਣ ਵਾਲਾ ਦੇ ਹਨ| ਇਹ ਇੱਕ ਖਾਨਾਬਦੋਸ਼ ਜਾਤੀ ਹੈ ਇਹ ਲੋਕ ਇੱਕ ਥਾਂ ਤੋਂ ਦੂਜੀ ਥਾਂ 'ਤੇ ਘੁੰਮਦੇ ਰਹਿੰਦੇ ਹਨ| ਦੇਸ਼ ਵੰਡ ਤੋ ਮਗਰੋਂ ਕੇਵਲ ਹਿੰਦੂ ਨਟ ਹੀ ਪੰਜਾਬ ਵਿੱਚ ਰਹਿ ਗਏ ਹਨ| ਇੰਨ੍ਹਾਂ ਵਿੱਚੋਂ ਬਹੁਤੇ ਮਾਤਾ ਦੀ ਪੂਜਾ ਕਰਨ ਵਾਲੇ ਪਰ ਕੁਝ ਹਨੂਮਾਨ ਨੂੰ ਪੂਜਣ ਵਾਲੇ ਵੀ ਹਨ| ਨਟਾਂ ਦੇ ਆਰੰਭ ਬਾਰੇ ਯਕੀਨ ਨਾਲ ਕੁਝ ਕਿਹਾ ਨਹੀਂ ਜਾ ਸਕਦਾ| ਵਣਜਾਰਾ ਵੇਦੀ ਅਨੁਸਾਰ ਇਹ ਮੂਲ ਰੂਪ ਵਿੱਚ ਮਾਰਵਾੜੀ ਬ੍ਰਾਹਮਣ ਸਨ ਜਿਨ੍ਹਾਂ ਦਾ ਕੰਮ ਦਾਹ ਸੰਸਕਾਰ ਸਮੇਂ ਲਕੜੀਆਂ ਜੁਟਾਉਣਾ ਹੁੰਦਾ ਸੀ| ਇੱਕ ਮਿੱਥ ਕਥਾ ਅਨੁਸਾਰ ਹੌਲੀ ਹੌਲੀ ਇਹ ਕਲਾਬਾਜ਼ੀਆਂ ਦੇ ਕੰਮ ਵਿੱਚ ਪ੍ਰਬੀਨ ਹੋ ਗਏ| ਮੁਸਲਮਾਨ ਨਟਾਂ ਬਾਰੇ ਇਹ ਵਿਚਾਰ ਪ੍ਰਵਾਨਤ ਹੈ ਕਿ ਉਹ ਅਣਵਿਆਹੀਆਂ ਲੜਕੀਆਂ ਤੋਂ ਧੰਦਾ ਕਰਵਾਂਦੇ ਸਨ| ਨਟ ਜਾਤੀ ਦੇ ਲੋਕ ਬਾਂਸਾਂ ਅਤੇ ਰੱਸੀਆਂ ਉੱਤੇ ਨਾਚ ਕਰਨ ਲਈ ਮਸ਼ਹੂਰ ਜਾਣੇ ਜਾਂਦੇ ਹਨ| ਇਸੇ ਪਿੱਠ-ਭੂਮੀ ਦੇ ਅੰਤਰਗਤ ਨਾਟਕ ਦੇ ਪ੍ਰਸੰਗ ਵਿੱਚ ਨਟ ਦੇ ਅਰਥ ਨਾਟਕ ਖੇਡਣ ਵਾਲੇ ਦੇ ਅਰਥਾਂ ਵਿੱਚ ਕੀਤੇ ਜਾਂਦੇ ਹਨ| ਨਟ ਦਾ ਇਸਤਰੀ ਵਾਚਕ ਸ਼ਬਦ ਨਟੀ ਹੈ| ਨਾਟਕ ਖੇਡਣ ਵਾਲੀ ਇਸਤਰੀ ਨੂੰ ਨਟੀ ਕਿਹਾ ਜਾਂਦਾ ਹੈ| ਪੰਜਾਬੀ ਦੇ ਕਈ ਨਾਟਕਕਾਰਾਂ ਨੇ ਨਟ ਅਤੇ ਨਟੀ ਨੂੰ ਪਾਤਰ ਦੇ ਰੂਪ ਵਿੱਚ ਆਪਣੇ ਨਾਟਕਾਂ ਵਿੱਚ ਸ਼ਾਮਲ ਕੀਤਾ ਹੈ| ਮੁੱਢਲੇ ਨਾਟਕਾਂ ਵਿੱਚ ਨਟੀ ਦੀ ਭੂਮਿਕਾ ਇੱਕ ਗਾਇਕਾ ਦੀ ਹੋਣ ਦੇ ਨਾਲ ਨਾਲ ਨਰਤਕੀ ਦੀ ਵੀ ਹੁੰਦੀ ਸੀ| ਸੰਗੀਤਕਾਰਾਂ ਤੇ ਸਾਜ਼ਿੰਦਿਆਂ ਦੇ ਮੁਕਾਬਲੇ ਉਹ ਆਪਣੀ ਖੂਬਸੂਰਤੀ ਤੇ ਅਦਾਵਾਂ ਕਾਰਨ ਵੱਧ ਮਕਬੂਲੀਅਤ ਹਾਸਲ ਕਰਦੀ ਸੀ| ਇੱਕ ਸਮਾਂ ਅਜਿਹਾ ਆਇਆ ਕਿ ਸੂਤਰਧਾਰ ਤੇ ਨਟੀ ਦੋਨੋਂ ਪਾਤਰ ਇੱਕਠੇ ਨਾਟਕ ਵਿੱਚ ਸ਼ਾਮਲ ਹੋ ਗਏ ਜਦ ਕਿ ਇਸ ਤੋਂ ਪੂਰਵਲੀ ਨਾਟ ਪਰੰਪਰਾ ਵਿੱਚ ਵੰਦਨਾ ਦੇ ਖਤਮ ਹੋਣ ਮਗਰੋਂ ਸੂਤਰਧਾਰ ਨਟੀ ਨੂੰ ਮੰਚ ਉੱਤੇ ਬੁਲਾਉਂਦਾ ਸੀ ਤੇ ਦੋਨਾਂ ਦਾ ਕੰਮ ਇੱਕਠੇ ਹੋ ਕੇ ਦਰਸ਼ਕਾਂ ਨੂੰ ਨਾਟਕਕਾਰ ਬਾਰੇ, ਨਾਟਕ ਦੇ ਸਮੇਂ ਤੇ ਸਥਾਨ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਹੁੰਦਾ ਸੀ| ਸੂਤਰਧਾਰ, ਨਟੀ ਦੇ ਪਾਤਰ ਦੁਆਰਾ ਦਰਸ਼ਕਾਂ ਦਾ ਮਨੋਰੰਜਨ ਵੀ ਕਰਦਾ ਸੀ| (ਸਹਾਇਕ ਗ੍ਰੰਥ - ਵਣਜਾਰਾ ਬੇਦੀ : ਪੰਜਾਬੀ ਲੋਕਧਾਰਾ ਵਿਸ਼ਵ ਕੋਸ਼)

ਨ੍ਰਿਤ ਨਾਟਕ
ਸੰਸਕ੍ਰਿਤ ਭਾਸ਼ਾ ਦੇ ਨ੍ਰਿਤਯ ਸ਼ਬਦ ਦਾ ਅਰਥ ਹੈ ਨਾਚ| ਨ੍ਰਿਤ ਨਾਟਕ ਵਿੱਚ ਨਾਟਕੀ ਕਥਾ ਦਾ ਮੰਚਨ ਨ੍ਰਿਤ ਰਾਹੀਂ ਕੀਤਾ ਜਾਂਦਾ ਹੈ| ਨਾਟਕੀ ਸੰਵਾਦਾਂ ਦੀ ਥਾਂ ਨ੍ਰਿਤਕਾਰ ਨ੍ਰਿਤ ਦੇ ਅਭਿਨੈ ਰਾਹੀਂ ਆਪਣੇ ਭਾਵਾਂ ਨੂੰ ਪ੍ਰਗਟ ਕਰਦੇ ਹਨ| ਭਾਰਤ ਦੇ ਨ੍ਰਿਤ ਨਾਟਕ ਦਾ ਪੱਛਮ ਦੇ ਨ੍ਰਿਤ ਨਾਟਕ ਨਾਲੋਂ ਪ੍ਰਮੁੱਖ ਅੰਤਰ ਇਹ ਹੈ ਕਿ ਭਾਰਤੀ ਨ੍ਰਿਤ ਨਾਟਕ ਵਿੱਚ ਭਾਵਾਂ ਦਾ ਮੂਰਤੀਕਰਨ ਹੱਥਾਂ ਦੇ ਸੰਕੇਤਾਂ ਅਤੇ ਅੱਖਾਂ ਦੇ ਇਸ਼ਾਰਿਆਂ ਰਾਹੀਂ ਕੀਤਾ ਜਾਂਦਾ ਹੈ| ਪੱਛਮ ਦੇ ਨ੍ਰਿਤ ਨਾਟ ਵਿੱਚ ਹੱਥਾਂ ਅਤੇ ਅੱਖਾਂ ਦੀ ਭਾਸ਼ਾ ਦਾ ਪ੍ਰਯੋਗ ਨਹੀਂ ਕੀਤਾ ਜਾਂਦਾ| ਉਥੋਂ ਦੇ ਨ੍ਰਿਤ ਨਾਟਾਂ ਦੇ ਸਰੋਕਾਰ ਸਮਾਜੀ ਹਨ| ਉਨ੍ਹਾਂ ਨਾਟਕਾਂ ਵਿੱਚ ਸੰਗੀਤ ਅਤੇ ਚਿੱਤਰਕਲਾ ਨੂੰ ਨ੍ਰਿਤ ਕਲਾ ਦੇ ਬਰਾਬਰ ਦੀ ਹੀ ਅਹਿਮੀਅਤ ਦਿੱਤੀ ਗਈ ਹੈ| ਭਾਰਤ ਵਿੱਚ ਲਿਖੇ/ਖੇਡੇ ਗਏ ਪਹਿਲੇ ਨ੍ਰਿਤ ਨਾਟਕ ਮਿਥਿਹਾਸ ਅਤੇ ਧਰਮ ਦੇ ਵਿਸ਼ਿਆਂ ਨਾਲ ਸੰਬੰਧਤ ਸਨ| ਉਦੇ ਸ਼ੰਕਰ ਦੀ ਨ੍ਰਿਤ ਨਾਟ ਦੇ ਖੇਤਰ ਵਿੱਚ ਵਿਲੱਖਣ ਦੇਣ ਹੈ| ਉਸ ਨੇ ਸ਼ਾਸਤਰੀ ਨ੍ਰਿਤ ਤੇ ਲੋਕ ਨ੍ਰਿਤ ਦਾ ਸਮਨਵੇ ਕਰਕੇ ਨ੍ਰਿਤ ਨਾਟਕ ਨੂੰ ਨਵੀਂ ਪਾਹ ਦਿੱਤੀ| ਨ੍ਰਿਤ ਨਾਟਕ ਦਾ ਵਿਸ਼ਾ ਵਧੇਰੇਤਰ ਮਿਥਿਹਾਸਕ ਕਥਾਵਾਂ ਨਾਲ ਸੰਬੰਧਤ ਹੁੰਦਾ ਹੈ| ਦਰਸ਼ਕ ਇਨ੍ਹਾਂ ਕਹਾਣੀਆਂ ਤੋਂ ਪਹਿਲਾਂ ਹੀ ਪਰਿਚਿਤ ਹੁੰਦੇ ਹਨ| ਉਦੇ ਸ਼ੰਕਰ ਨੇ ਇਸ ਰਵਾਇਤ ਨੂੰ ਤੋੜ ਕੇ ਸਮਾਜੀ ਤੇ ਰਾਜਸੀ ਸਰੋਕਾਰਾਂ ਨਾਲ ਸੰਬੰਧਤ ਨ੍ਰਿਤ ਨਾਟਕ ਲਿਖੇ| ਅਜਿਹੇ ਨਾਟਕਾਂ ਵਿੱਚ ਦ੍ਰਿਸ਼ ਦਾ ਮੰਚਣ ਲੋਕ ਨਾਚਾਂ ਅਤੇ ਸ਼ਾਸਤਰੀ ਨਾਚਾਂ ਰਾਹੀਂ ਕੀਤਾ ਜਾਂਦਾ ਹੈ| ਰਮਾਇਣ ਅਤੇ ਹੋਰ ਮਿਥਿਹਾਸਕ ਕਥਾਵਾਂ 'ਤੇ ਆਧਾਰਤ ਨ੍ਰਿਤ ਨਾਟਾਂ ਦੀ ਰਚਨਾ ਵਧੇਰੇ ਹੋਈ ਹੈ| ਰਵਿੰਦਰ ਨਾਥ ਟੈਗੋਰ ਦੇ 'ਚਿਤ੍ਰਾਂਗਦਾ' ਅਤੇ 'ਸ਼ਯਾਮਾ' ਨ੍ਰਿਤ ਨਾਟਾਂ ਦਾ ਵਿਸ਼ੇਸ਼ ਮਹੱਤਵ ਹੈ| ਇਨ੍ਹਾਂ ਨਾਟਕਾਂ ਵਿੱਚ ਨ੍ਰਿਤ ਅਤੇ ਸੰਗੀਤ ਦੇ ਤਾਲਮੇਲ ਰਾਹੀਂ ਪਾਤਰਾਂ ਦੇ ਮਨ ਅੰਦਰਲੇ ਵਿਰੋਧਾਂ ਦੀ ਕਲਾਤਮਕ ਅਭਿਵਿਅਕਤੀ ਟੈਗੋਰ ਦੀ ਨਾਟਕੀ ਸੂਝ ਦੀ ਸਾਖੀ ਭਰਦੀ ਹੈ| ਨ੍ਰਿਤ ਨਾਟਕ ਵਿੱਚ ਸੰਗੀਤ ਦਾ ਤੱਤ ਪ੍ਰਧਾਨ ਹੁੰਦਾ ਹੈ| ਇਸ ਨਾਟਕ ਵਿੱਚ ਅਭਿਨੈ ਕਰ ਰਹੇ ਨਾਟਕੀ ਪਾਤਰ ਲੋੜ ਮੁਤਾਬਕ ਤੁਰਤ ਅਭਿਨੈ ਕਰਨ ਵਿੱਚ ਵੀ ਮੁਹਾਰਤ ਰੱਖਣ ਵਾਲੇ ਹੁੰਦੇ ਹਨ| ਭਾਰਤੀ ਕਲਾ ਕੇਂਦਰ ਨਵੀਂ ਦਿੱਲੀ ਨੇ ਵੱਡੀ ਗਿਣਤੀ ਵਿੱਚ ਨ੍ਰਿਤ ਨਾਟਕ ਖੇਡੇ ਹਨ| ਦੋ ਤਰ੍ਹਾਂ ਦੇ ਨ੍ਰਿਤ-ਨਾਟਕ ਪ੍ਰਵਾਨਿਤ ਹੋਏ ਹਨ| ਇੱਕ ਦਾ ਆਧਾਰ ਲੋਕ ਨਾਚ ਹਨ ਤੇ ਦੂਜੇ ਦਾ ਸ਼ਾਸਤਰੀ ਨ੍ਰਿਤ| ਪੁਤਲੀਆਂ ਦੇ ਨਾਚਾਂ ਅਤੇ ਪ੍ਰਚਲਤ ਲੋਕ ਨਾਚਾਂ ਨੂੰ ਆਧਾਰ ਬਣਾ ਕੇ ਭਾਰਤ ਵਿੱਚ ਨ੍ਰਿਤ ਨਾਟਕ ਖੇਡਣ ਦੀ ਪਰੰਪਰਾ ਮੌਜੂਦ ਰਹੀ ਹੈ| ਆਦਿਵਾਸੀਆਂ ਦੇ ਤੇਜ਼ ਤਾਲ 'ਤੇ ਆਧਾਰਤ ਨਾਚਾਂ ਦੀ ਲੈਅ ਨੂੰ ਦੂਜੇ ਨਾਚਾਂ ਦੀ ਲੈਅ ਵਿੱਚ ਰਲਾ ਕੇ ਵੀ ਨ੍ਰਿਤ ਨਾਟਕ ਖੇਡੇ ਜਾਂਦੇ ਹਨ| ਇਸੇ ਤਰ੍ਹਾਂ ਲੋਕ ਨਾਚ ਅਤੇ ਝਾਕੀਆਂ ਦੇ ਸੁਮੇਲ ਰਾਹੀਂ ਵੀ ਨ੍ਰਿਤ ਨਾਟਕ ਖੇਡੇ ਜਾਣ ਦੇ ਪ੍ਰਯੋਗ ਕੀਤੇ ਮਿਲਦੇ ਹਨ| ਭਾਰਤ ਦੇ ਨ੍ਰਿਤ ਨਾਟਾਂ ਵਿੱਚ ਅਭਿਨੈ ਅਤੇ ਭਾਵਾਂ ਦੀ ਪ੍ਰਧਾਨਤਾ ਹੋਣ ਕਾਰਨ ਪੱਛਮ ਦੇ ਦੇਸ਼ਾਂ ਵਿੱਚ ਇਨ੍ਹਾਂ ਦੀ ਹਰਮਨ ਪਿਆਰਤਾ ਦਿਨੋ ਦਿਨ ਵੱਧ ਰਹੀ ਹੈ|


logo