logo
भारतवाणी
bharatavani  
logo
Knowledge through Indian Languages
Bharatavani

Punjabi Encyclopaedic Dictionary of Theatre (Punjabi-English)

ਟੀ. ਵੀ. ਨਾਟਕ

T.V Drama

ਟੀ. ਵੀ.ਨਾਟਕ, ਮੰਚੀ ਨਾਟਕ ਅਤੇ ਰੇਡੀਓ ਨਾਟਕ ਤੋਂ ਬਿਲਕੁਲ ਵੱਖਰੀ ਵਿਧਾ ਹੈ| ਇਸ ਦਾ ਮਾਧਿਅਮ ਕੈਮਰਾ ਹੈ| ਇਸ ਦਾ ਪ੍ਰਦਰਸ਼ਨ ਨਾ ਸਿਨਮੇ ਨਾਲ ਮੇਲ ਖਾਂਦਾ ਹੈ ਤੇ ਨਾ ਹੀ ਥੀਏਟਰ ਨਾਲ| ਟੀ.ਵੀ.ਨਾਟਕ ਕਲੋਜ਼ ਅੱਪ ਦੀ ਕਲਾ ਹੈ| ਛੋਟੀ ਸਕਰੀਨ ਹੋਣ ਕਰਕੇ ਵਿਆਪਕ ਕਿਸਮ ਦੇ ਦ੍ਰਿਸ਼ ਟੀ.ਵੀ. ਨਾਟਕ ਰਾਹੀਂ ਪੇਸ਼ ਕਰਨੇ ਕਠਿਨ ਹੁੰਦੇ ਹਨ| ਦਰਸ਼ਕਾਂ ਦੇ ਧਿਆਨ ਹਿੱਤ ਲਿਆTਣ ਵਾਲੇ ਦ੍ਰਿਸ਼ ਨੂੰ ਕਲੋਜ਼ ਅੱਪ ਰਾਹੀਂ ਫ਼ੋਕਸ ਕੀਤਾ ਜਾਂਦਾ ਹੈ| ਇਉਂ ਫ਼ੋਕਸੀਕਰਨ ਦੀ ਪ੍ਰਕਿਰਿਆ ਰਾਹੀਂ ਸਿਰਜੇ ਨਾਟ ਦ੍ਰਿਸ਼ ਨੂੰ ਦਰਸ਼ਕ ਗ੍ਰਹਿਣ ਕਰਦਾ ਹੈ| ਮੰਚੀ ਨਾਟਕ ਦੀ ਪ੍ਰਦਰਸ਼ਨੀ ਵਿੱਚ ਦਰਸ਼ਕ ਅਤੇ ਅਭਿਨੇਤਾ ਆਹਮੋ ਸਾਹਮਣੇ ਲਾਈਵ ਰੂਪ ਵਿੱਚ ਮੌਜੂਦ ਹੁੰਦੇ ਹਨ| ਮੰਚ ਉੱਤੇ ਹੋ ਰਹੀ ਪੇਸ਼ਕਾਰੀ ਬਾਰੇ ਦਰਸ਼ਕਾਂ ਦਾ ਪ੍ਰਤੀਕਰਮ ਅਭਿਨੇਤਾਵਾਂ ਦੇ ਜੋਸ਼ ਅਤੇ ਉਮਾਹ ਵਿੱਚ ਵਾਧਾ ਕਰਦਾ ਹੈ| ਵੱਖ- ਵੱਖ ਸੰਵਾਦਾਂ ਦੇ ਉਚਾਰਨ ਵੇਲੇ ਅਤੇ ਨਾਟਕੀ ਮੌਕਿਆਂ ਦੀ ਸਿਰਜਨਾ 'ਤੇ ਦਰਸ਼ਕਾਂ ਵਲੋਂ ਭਰਪੂਰ ਤਾੜੀਆਂ ਮਾਰਨ 'ਤੇ ਅਭਿਨੇਤਾਵਾਂ ਵਿੱਚ ਉਮੜਨ ਵਾਲਾ ਚਾਅ, ਟੀ.ਵੀ. ਨਾਟਕ ਵਿੱਚ ਗੈਰਹਾਜ਼ਰ ਹੁੰਦਾ ਹੈ| ਟੀ.ਵੀ. ਨਾਟਕ ਦੇ ਅਭਿਨੇਤਾ ਅਤੇ ਦਰਸ਼ਕ ਵਿੱਚ ਅਜਿਹੀ ਕੋਈ ਸਾਂਝ ਨਹੀਂ ਹੁੰਦੀ| ਟੀ.ਵੀ. ਨਾਟਕ ਦਾ ਮੁੱਖ ਜ਼ੋਰ ਸੰਵਾਦਾਂ ਦੀ ਸਿਰਜਨ ਕਲਾ ਅਤੇ ਅਦਾਕਾਰਾਂ ਦੇ ਚਿਹਰਿਆਂ ਨੂੰ ਨੇੜਿਓਂ ਕੈਮਰੇ ਵਿੱਚ ਬੰਦ ਕਰਨਾ ਹੁੰਦਾ ਹੈ| ਟੀ.ਵੀ. ਨਾਟਕ ਦੇ ਦਰਸ਼ਕਾਂ ਦੇ ਪ੍ਰਤਿਕਰਮ ਦਾ ਅਦਾਕਾਰਾਂ ਉੱਤੇ ਕੋਈ ਅਸਰ ਨਹੀਂ ਹੁੰਦਾ| ਅਦਾਕਾਰਾਂ ਦੇ ਹਾਵਾਂ-ਭਾਵਾਂ ਨੂੰ ਟੀ.ਵੀ. ਦੇ ਨੇੜੇ ਬਹਿ ਕੇ ਹੀ ਦੇਖਿਆ ਜਾ ਸਕਦਾ ਹੈ ਜਦ ਕਿ ਮੰਚੀ ਨਾਟ ਵਿੱਚ ਦਰਸ਼ਕਾਂ ਦਾ ਵਿਸ਼ਾਲ ਸਮੂਹ ਅਦਾਕਾਰਾਂ ਦੇ ਸੂਖ਼ਮ ਤੋਂ ਸੂਖ਼ਮ ਭਾਵ ਨੂੰ ਤੱਕ ਕੇ ਉਨ੍ਹਾਂ ਦੇ ਮਨ ਅੰਦਰਲੇ ਜਗਤ ਤੱਕ ਪਹੁੰਚ ਜਾਂਦਾ ਹੈ| ਟੀ.ਵੀ. ਨਾਟਕ ਵਿੱਚ ਵਾਰਤਾਲਾਪ ਬੋਲਣ ਵਾਲੇ ਹਰੇਕ ਅਦਾਕਾਰ ਦੇ ਉੱਤੇ ਕੈਮਰਾ ਫ਼ੋਕਸ ਕਰ ਦਿੱਤਾ ਜਾਂਦਾ ਹੈ| ਟੀ.ਵੀ. ਉੱਤੇ ਚਲਣ ਵਾਲੇ ਲੰਮੇ-ਲੰਮੇ ਲੜੀਵਾਰ ਨਾਟਕਾਂ ਨੇ ਦਰਸ਼ਕਾਂ ਨੂੰ ਜਟਿਲ ਕਿਸਮ ਦੇ ਕਥਾਨਕਾਂ ਵਾਲੇ ਨਾਟਕ ਦੇਖਣ ਦੀ ਆਦਤ ਪਾਈ ਹੈ| ਟੀ.ਵੀ. ਨਾਟਕ ਦੀ ਤਕਨੀਕ ਮੰਚੀ ਨਾਟਕ ਨਾਲੋਂ ਅਤੇ ਫ਼ਿਲਮ ਨਾਲੋਂ ਵੱਖਰੀ ਕਿਸਮ ਦੀ ਹੁੰਦੀ ਹੈ| ਚੌਵੀ ਘੰਟੇ ਚੱਲਣ ਵਾਲੇ ਸੈਟੇਲਾਈਟ ਚੈਨਲਾਂ ਰਾਹੀਂ ਪ੍ਰਸਾਰਤ ਹੋਣ ਵਾਲੇ ਨਾਟਕਾਂ ਨੇ ਦਰਸ਼ਕਾਂ ਨੂੰ ਇਸ ਵਿਧਾ ਪ੍ਰਤੀ ਆਕਰਸ਼ਤ ਕੀਤਾ ਹੈ| ਮਹੀਨਿਆਂ ਬੱਧੀ ਚੱਲਣ ਵਾਲੇ ਇਹ ਲੜੀਵਾਰ ਨਾਟਕ ਫ਼ਿਲਮੀ ਵਿਧੀਆਂ ਦੀ ਵਰਤੋਂ ਕਰਦੇ ਹੋਏ ਜ਼ਿੰਦਗੀ ਦੀ ਵਿਸ਼ਾਲ ਤਸਵੀਰ ਦੀ ਪੇਸ਼ਕਾਰੀ ਕਰਦੇ ਹਨ| (ਸਹਾਇਕ ਗ੍ਰੰਥ - ਕਮਲੇਸ਼ ਉੱਪਲ : ਟੀ.ਵੀ. ਅਤੇ ਪੰਜਾਬੀ ਰੰਗਮੰਚ; ਮਨਜੀਤ ਪਾਲ ਕੌਰ (ਸੰਪਾ.) : ਪੰਜਾਬੀ ਨਾਟਕ ਤੇ ਰੰਗਮੰਚ ਵਿਕਾਸ ਦੀਆਂ ਸਮੱਸਿਆਵਾਂ)

ਟੈਬੂ / ਵਰਜਨਾ

Taboo

ਟੈਬੂ ਦੇ ਅਰਥ ਵਰਜਨਾ, ਰੋਕ ਨਿਸ਼ੇਧ ਜਾਂ ਮਨਾਹੀ ਦੇ ਹਨ| ਵਰਜਨਾ ਦਾ ਸੰਬੰਧ ਕਿਸੇ ਵੀ ਸਮਾਜ-ਸਭਿਆਚਾਰ ਦੇ ਉਸ ਵਰਤਾਰੇ ਨਾਲ ਹੁੰਦਾ ਹੈ ਜਿੱਥੇ ਮਨੁੱਖ ਜਨਮ ਲੈਂਦਾ ਹੈ| ਹਰੇਕ ਸਮਾਜ ਵਿੱਚ ਕੁਝ ਵਰਜਨਾਵਾਂ ਹੁੰਦੀਆਂ ਹਨ ਜਿਨ੍ਹਾਂ ਨੂੰ Tਹ ਪਰੰਪਰਕ ਵਿਧਾਨ ਅਨੁਸਾਰ ਮੰਨਦਾ ਰਹਿੰਦਾ ਹੈ| ਇਨ੍ਹਾਂ ਵਰਜਨਾਵਾਂ ਨੂੰ ਮੰਨਣ ਵੇਲੇ ਮਨੁੱਖ ਇਖ਼ਲਾਕੀ ਕੀਮਤਾਂ ਦਾ ਪਾਲਣ ਨਹੀਂ ਕਰ ਰਿਹਾ ਹੁੰਦਾ ਸਗੋਂ ਉਸ ਸਮਾਜ-ਸਭਿਆਚਾਰ ਦੇ ਮੁੱਲਾਂ ਨੂੰ ਵਿਸ਼ੇਸ਼ ਮਾਨਸਿਕ ਪਹੁੰਚ ਕਰਕੇ ਮੰਨ ਰਿਹਾ ਹੁੰਦਾ ਹੈ| ਇਨ੍ਹਾਂ ਨੂੰ ਨਿਭਾਉਣ ਵਿੱਚ ਨਾਂ ਤਾਂ ਮਨੁੱਖ ਦੀ ਵਿਅਕਤੀਗਤ ਇੱਛਾ ਦਾ ਦਖਲ ਹੁੰਦਾ ਹੈ ਤੇ ਨਾ ਹੀ ਕਿਸੇ ਕਿਸਮ ਦੀ ਮਜਬੂਰੀ, ਸਗੋਂ ਵਿਸ਼ੇਸ਼ ਮਾਨਸਿਕ ਬਣਤਰ ਅਧੀਨ ਇਨ੍ਹਾਂ ਦਾ ਅਨੁਸਰਨ ਕਰਨਾ ਇੱਕ ਅਜਿਹਾ ਸਹਿਜ ਵਰਤਾਰਾ ਹੁੰਦਾ ਹੈ ਜਿਸ ਦੀ ਪਾਲਣਾ ਸਹਿਜ ਰੂਪ ਵਿੱਚ ਹੀ ਹੁੰਦੀ ਰਹਿੰਦੀ ਹੈ| ਇਸ ਲਈ ਵਰਜਨਾ ਕੋਈ ਕੁਦਰਤੀ ਵਰਤਾਰਾ ਨਹੀਂ ਹੈ| ਹਰੇਕ ਸਮਾਜ- ਸਭਿਆਚਾਰ ਦੀਆਂ ਵਰਜਨਾਵਾਂ ਅਲੱਗ ਅਲੱਗ ਹੁੰਦੀਆਂ ਹਨ| ਭਾਰਤੀ ਤੇ ਪੱਛਮੀ ਸਮਾਜ ਦੀਆਂ ਵਰਜਨਾਵਾਂ ਦੇ ਵਖਰੇ ਹੋਣ ਦਾ ਕਾਰਨ ਦੋਨਾਂ ਸਮਾਜਾਂ ਦਾ ਆਪੋ ਆਪਣਾ ਸਮਾਜ ਸਭਿਆਚਾਰ ਹੈ| ਸਾਹਿਤ ਵਿੱਚ ਵਰਜਨਾ ਦਾ ਵਰਤਾਰਾ ਬਹੁਤਾ ਮਨੁੱਖ ਦੀਆਂ ਕਾਮ ਰੁਚੀਆਂ ਦੇ ਰੂਪ ਵਿੱਚ ਪ੍ਰਗਟ ਹੋਇਆ ਹੈ| ਇਸ ਵਰਜਨਾ ਦਾ ਉਲਾਰ ਅਤੇ ਦਮਨ ਦੋਵੇਂ ਪਹਿਲੂ ਘਾਤਕ ਸਿੱਧ ਹੁੰਦੇ ਹਨ| ਮਨੁੱਖ ਦੇ ਮਾਨਸਿਕ ਵਿਗਾੜਾਂ ਤੇ ਮਨੋਰੋਗਾਂ ਦਾ ਵੱਡਾ ਕਾਰਨ ਫ਼ਰਾਇਡ ਨੇ ਇਨ੍ਹਾਂ ਵਰਜਨਾਵਾਂ ਨੂੰ ਹੀ ਮੰਨਿਆ ਹੈ| ਆਤਮਜੀਤ ਦਾ ਲਿਖਿਆ ਨਾਟਕ ਫ਼ਰਸ਼ ਵਿੱਚ ਉਗਿਆ ਰੁੱਖ ਨਾਟਕ ਦੀ ਮੁੱਖ ਪਾਤਰ ਵੀਨਾ ਦੀ ਪੂਰੇ ਨਾਟਕ ਵਿੱਚ ਵਿਸ਼ਾਦ ਗ੍ਰਸਤਤਾ ਦੀ ਵਜਾ ਉਹ ਵਰਜਨਾ ਹੈ ਜਿਹੜੀ ਸਾਡੇ ਸਮਾਜਕ ਢਾਂਚੇ ਵਿੱਚ ਮੌਜੂਦ ਹੈ| ਪਤੀ ਪਤਨੀ ਦੀ ਇੱਕ ਦੂਜੇ ਪ੍ਰਤੀ ਵਫ਼ਾਦਾਰੀ ਤੇ ਵਚਨਬੱਧ ਹੋਣ ਦੀ ਆਦਰਸ਼ਕ ਸੋਚ ਪਿਛੇ ਸਮਾਜਕ ਸੰਸਕਾਰਾਂ ਦੀ ਪੀਢੀ ਪਕੜ ਹੈ| ਦੂਜੇ ਪਾਸੇ ਵੀਨਾ ਦਾ ਬੇਲਗਾਮ ਮਨ ਉਹਦੇ ਕਾਬੂ ਵਿੱਚ ਨਹੀਂ ਹੈ| ਮਨ ਦੀ ਆਦਰਸ਼ ਇੱਛਾ ਪ੍ਰਗਟਾਉਣ ਵਿੱਚ ਵੀ ਵਰਜਨਾਵਾਂ ਉਹਦੇ ਰਾਹ ਵਿੱਚ ਹਨ ਜਿਹੜੀਆਂ ਉਸ ਸਮਾਜ ਸਭਿਆਚਾਰ ਦੀ ਦੇਣ ਹਨ| ਵੀਨਾ ਦੀ ਮਾਨਸਿਕ ਘੁਟਨ ਅਤੇ ਅਸੰਤੁਲਨਤਾ ਦਾ ਸਭ ਤੋਂ ਵੱਡਾ ਕਾਰਨ ਸਮਾਜਕ ਵਰਜਨਾ ਸਿੱਧ ਹੁੰਦਾ ਹੈ| ਵਰਜਨਾ ਦਾ ਸੰਬੰਧ ਸੰਸਕ੍ਰਿਤਕ ਮੁੱਲਾਂ ਨਾਲ ਹੁੰਦਾ ਹੈ| ਮਨੁੱਖ ਦੀਆਂ ਅਮੋੜ ਕਾਮਨਾਵਾਂ, ਪ੍ਰਬਲ ਵੇਗ ਤੇ ਜਿੰਦਗੀ ਨੁੰ ਭਰਪੂਰਤਾ ਵਿੱਚ ਮਾਨਣ ਦੀ ਰੁਚੀ ਉੱਤੇ ਸਮਾਜਕ ਵਰਜਨਾ ਨਿਸ਼ਚੇ ਹੀ ਨਿਯੰਤਰਨ ਰੱਖਦੀ ਹੈ ਪਰ ਵਰਜਨਾ ਦੀ ਸਖਤ ਜਕੜ ਕਈ ਵੇਰਾਂ ਮਨੁੱਖ ਲਈ ਗਲਘੋਟੂ ਬਣ ਕੇ ਮਾਨਸਿਕ ਵਿਗਾੜ ਪੈਦਾ ਕਰ ਦੇਂਦੀ ਹੈ| ਵੀਨਾ, ਵਰਜਨਾ ਦੀ ਇਸ ਜਕੜਬੰਦੀ ਦੀ ਸ਼ਿਕਾਰ ਅਜਿਹੀ ਹੀ ਪਾਤਰ ਹੈ| (ਸਹਾਇਕ ਗ੍ਰੰਥ - ਆਤਮਜੀਤ : ਫ਼ਰਸ਼ ਵਿੱਚ ਉਗਿਆ ਰੁੱਖ਼)

ਤਕਨੀਕੀ ਸਪੇਸ

Technical Space

ਨਾਟਕੀ ਸਕ੍ਰਿਪਟ ਨੂੰ ਲਿਖਣ ਵੇਲੇ ਨਾਟਕਕਾਰ ਆਪਣੀ ਲਿਖਤ ਵਿੱਚ ਤਕਨੀਕੀ ਸਪੇਸ ਛੱਡਦਾ ਜਾਂਦਾ ਹੈ ਜਿਸ ਦੀ ਪੂਰਤੀ ਨਾਟਕ ਦੀ ਪ੍ਰਦਰਸ਼ਨੀ ਵੇਲੇ ਨਾਟ ਟੈਕਨੀਸ਼ਨ ਰਾਹੀਂ ਕੀਤੀ ਜਾਂਦੀ ਹੈ| ਨਾਟਕ ਦੀ ਪੇਸ਼ਕਾਰੀ ਦਾ ਅਜਿਹਾ ਪਾਤਰ ਅਦਿੱਸ ਰੂਪ ਵਿੱਚ ਨਾਟਕ ਵਿੱਚ ਨਾਟਕ ਨੂੰ ਪ੍ਰਭਾਵਤ ਕਰਦਾ ਹੈ| ਤਕਨੀਕੀ ਸਪੇਸ ਦੀ ਪੂਰਤੀ ਪਿੱਠ ਭੂਮੀ ਸੰਗੀਤ, ਰੌਸ਼ਨੀ, ਮੰਚ ਜੜਤ , ਅਤੇ ਵੇਸਭੂਸ਼ਾ ਆਦਿ ਰਾਹੀਂ ਕੀਤੀ ਜਾਂਦੀ ਹੈ| ਚੂੰਕਿ ਨਾਟਕ ਵਿੱਚ ਕਹੇ ਨਾਲੋਂ ਅਣਕਿਹਾ ਵਧੇਰੇ ਹੁੰਦਾ ਹੈ ਇਸ ਲਈ ਸਾਰਾ ਸੰਦੇਸ਼ ਸੰਵਾਦਾਂ ਰਾਹੀਂ ਨਹੀਂ ਸੰਚਾਰਿਆ ਜਾਂਦਾ ਸਗੋਂ ਉਪਰੋਕਤ ਤੱਤਾਂ ਰਾਹੀਂ ਬਹੁਤ ਸਾਰੀ ਸੂਚਨਾ ਦਰਸ਼ਕ ਵਰਗ ਤੱਕ ਪਹੁੰਚਾਈ ਜਾਂਦੀ ਹੈ| ਮਿਸਾਲ ਦੇ ਤੋਰ 'ਤੇ ਰੋਸ਼ਨੀ, ਨਾਟਕ ਦਾ ਅਜਿਹਾ ਅਹਿਮ ਪਹਿਲੂ ਹੈ ਜਿਸ ਰਾਹੀਂ ਤਕਨੀਸ਼ਨ ਦਰਸ਼ਕਾਂ ਨੂੰ ਵਿਸ਼ੇਸ਼ ਦ੍ਰਿਸ਼ ਉੱਤੇ ਫ਼ੋਕਸ ਕਰਦਾ ਹੈ| ਰੋਸ਼ਨੀ ਦੇ ਦਾਇਰਿਆਂ ਰਾਹੀਂ ਪਾਤਰ ਦੇ ਮਨ ਅੰਦਰਲੀ ਸਥਿਤੀ ਤੋਂ ਜਾਣੂੰ ਕਰਵਾਇਆ ਜਾਂਦਾ ਹੈ| ਲਿਖਤ ਦੇ ਅਜਿਹੇ ਖੱਪੇ ਨਾਟਕ ਦੀ ਪੇਸ਼ਕਾਰੀ ਵੇਲੇ ਸਿਆਣਾ ਤਕਨੀਸ਼ਨ ਕਲਾਤਮਕਤਾ ਨਾਲ ਪੂਰਿਆਂ ਕਰਦਾ ਹੈ| ਇਸੇ ਤਰ੍ਹਾਂ ਪਿੱਠ-ਭੂਮੀ ਸੰਗੀਤ ਦੀ ਵਰਤੋਂ ਪਾਤਰਾਂ ਦੇ ਮਾਨਸਿਕ ਭਾਵਾਂ ਨੂੰ ਤੀਖਣਤਾ ਪ੍ਰਦਾਨ ਕਰਨ ਵਿੱਚ ਅਤੇ ਸੰਵਾਦਾਂ ਦੀ ਗਹਿਰਾਈ ਨੂੰ ਸ਼ਿੱਦਤ ਪ੍ਰਦਾਨ ਲਈ ਕੀਤੀ ਜਾਂਦੀ ਹੈ ਜਾਂ ਪਾਤਰਾਂ ਦੇ ਮੂਕ ਰਹਿਣ ਦੀ ਸਥਿਤੀ ਵਿੱਚ ਵੀ ਅਜਿਹਾ ਸੰਗੀਤ ਇਨ੍ਹਾਂ ਖੱਪਿਆਂ ਦੀ ਪੂਰਤੀ ਕਰਕੇ ਦਰਸ਼ਕਾਂ ਤੱਕ ਵਿਸ਼ੇਸ਼ ਅਰਥਾਂ ਦੀ ਰਸਾਈ ਕਰਦਾ ਹੈ| ਤਕਨੀਕੀ ਸਪੇਸ ਦੀ ਪੂਰਤੀ ਦੀਆਂ ਅਜਿਹੀਆਂ ਵਿਧੀਆਂ ਪਾਤਰਾਂ ਦੇ ਅੰਦਰੂਨੀ ਯਥਾਰਥ ਨੂੰ ਰੂਪਮਾਨ ਕਰਨ ਵਿੱਚ ਸਹਾਈ ਸਿੱਧ ਹੁੰਦੀਆਂ ਹਨ|
ਪੰਜਾਬੀ ਨਾਟਕ ਦੇ ਪ੍ਰਸੰਗ ਵਿੱਚ ਤਕਨੀਕੀ ਸਪੇਸ ਦੀ ਪੂਰਤੀ ਲਈ ਅਜਿਹੀਆਂ ਸਹੂਲਤਾਂ ਵਿਆਪਕ ਰੂਪ ਵਿੱਚ ਉਪਲਬਧ ਨਹੀਂ ਹਨ ਇਸ ਲਈ ਨਾਟਕੀ ਸਕ੍ਰਿਪਟ ਵਿੱਚ ਅਜਿਹੀ ਸਪੇਸ ਬਹੁਤ ਘੱਟ ਛੱਡੀ ਜਾਂਦੀ ਹੈ| ਸਿੱਟੇ ਵਜੋਂ ਅਜਿਹੀ ਸਪੇਸ ਦੀ ਪੂਰਤੀ ਦਾ ਵਿਕਲਪ ਸੰਵਾਦ ਬਣਦੇ ਹਨ| ਗੁਰਸ਼ਰਨ ਸਿੰਘ ਦੇ ਨਾਟਕਾਂ ਵਿੱਚ ਮੰਚ ਜੜਤ, ਮੇਕਅੱਪ ਅਤੇ ਰੋਸ਼ਨੀਆਂ ਦੇ ਘਾਟ ਦੀ ਪੂਰਤੀ ਸੰਵਾਦਾਂ ਦੀ ਵਿਧੀ ਰਾਹੀਂ ਕੀਤੀ ਜਾਂਦੀ ਹੈ| ਲਾਈਵ ਸੰਗੀਤ ਦੀ ਥਾਵੇਂ ਰਿਕਾਰਡ ਕੀਤੇ ਸੰਗੀਤ ਨੂੰ ਵਰਤਣ ਦਾ ਪ੍ਰਚਲਨ ਵੀ ਪੰਜਾਬੀ ਨਾਟਕ ਵਿੱਚ ਆਮ ਕੀਤਾ ਜਾਂਦਾ ਹੈ| ਇਸੇ ਤਰ੍ਹਾਂ ਰੋਸ਼ਨੀਆਂ ਦੀ ਬਹੁਪੱਖੀ ਵਰਤੋਂ ਦੀ ਥਾਵੇਂ ਮਹਿਜ਼ ਝਾਕੀ ਪਰਿਵਰਤਨ ਲਈ ਹੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ| ਪੰਜਾਬੀ ਵਿੱਚ ਅਜਿਹੇ ਨਾਟਕਾਂ ਦੀ ਗਿਣਤੀ ਅਲਪ ਮਾਤਰਾ ਵਿੱਚ ਹੈ ਜਿਹੜੇ ਨਾਟਕ ਦੇ ਤਕਨੀਕੀ ਪਹਿਲੂਆਂ ਨੂੰ ਧਿਆਨ ਵਿੱਚ ਰੱਖ ਕੇ ਲਿਖੇ ਗਏ ਹੋਣ| ਨਾਟਕ ਦੇ ਤਕਨੀਕੀ ਪੱਖ ਦਾ ਸੰਬੰਧ ਦਰਅਸਲ ਆਰਥਿਕ ਕਾਰਨਾਂ ਨਾਲ ਵੀ ਜੁੜਿਆ ਹੋਇਆ ਹੈ | ਪੰਜਾਬੀ ਵਿੱਚ ਨਾਟਕਕਾਰਾਂ ਦੀਆਂ ਆਰਥਕ ਸੀਮਾਵਾਂ ਤੇ ਸਰਕਾਰ ਵਲੋਂ ਸਰਪ੍ਰਸਤੀ ਨਾ ਹੋਣ ਕਾਰਨ ਤਕਨੀਕੀ ਸਹੂਲਤਾਂ ਨੂੰ ਮਾਡਲ ਬਣਾ ਕੇ ਨਾਟਕਾਂ ਦੀ ਰਚਨਾ ਨਹੀਂ ਕੀਤੀ ਜਾਂਦੀ| ਇਹਦੇ ਉਲਟ ਪੱਛਮੀ ਮੁਲਕਾਂ ਵਿੱਚ ਨਾਟਕ ਦੀ ਪੇਸ਼ਕਾਰੀ ਤੋਂ ਪੂਰਵ ਬਕਾਇਦਾ ਤਕਨੀਕੀ ਰਿਹਰਸਲਾਂ ਦੇ ਅਭਿਆਸ ਕੀਤੇ ਜਾਂਦੇ ਹਨ| ਪੰਜਾਬੀ ਥੀਏਟਰ ਵਿੱਚ ਅਲਪ ਅਤੇ ਅਵਿਕਸਿਤ ਨਾਟ ਸਹੂਲਤਾਂ ਦੇ ਨਾਲ-ਨਾਲ ਵਪਾਰਕ ਸੀਮਾਵਾਂ ਕਾਰਨ ਵੀ ਤਕਨੀਕ ਸਪੇਸ ਦੇ ਖੱਪਿਆਂ ਨੂੰ ਨਾਟਕੀ ਸਕ੍ਰਿਪਟ ਰਾਹੀਂ ਪੂਰਿਆਂ ਕੀਤਾ ਜਾਂਦਾ ਹੈ| (ਸਹਾਇਕ ਗ੍ਰੰਥ - ਪਾਲੀ ਭੁਪਿੰਦਰ ਸਿੰਘ : ਪੰਜਾਬੀ ਨਾਟਕ ਦਾ ਕਾਵਿ ਸ਼ਾਸਤਰ (ਪੰਜਾਬ ਯੂਨੀਵਰਸਿਟੀ ਨੂੰ ਪ੍ਰਸਤੁਤ ਖੋਜ ਪ੍ਰਬੰਧ)

ਤਨਜ਼

Sarcasm

ਸਮਾਜਕ ਬੁਰਾਈਆਂ ਨੂੰ ਨਿੰਦਣ ਦੀ ਇਹ ਇੱਕ ਕਾਰਗਰ ਵਿਧੀ ਹੈ| ਨਾਟਕਕਾਰ ਇਸ ਵਿਧੀ ਰਾਹੀਂ ਸਮਾਜਕ ਬੇਤਰਤੀਬੀਆਂ ਦਾ ਅਤੇ ਵਿਅਕਤੀ ਵਿਸ਼ੇਸ਼ ਦੀਆਂ ਮੂਰਖਤਾਈਆਂ ਦਾ ਮਜ਼ਾਕ ਉੜਾਉਂਦਾ ਹੈ| ਮਖੌਲ ਉੜਾਉਣ ਦੀ ਇਸ ਵਿਧੀ ਰਾਹੀਂ ਨਾਟਕਕਾਰ ਪਾਠਕਾਂ/ਦਰਸ਼ਕਾਂ ਵਿੱਚ ਗਲਤ ਸਿਸਟਮ ਪ੍ਰਤੀ ਵਿਦਰੋਹ ਦੀ ਭਾਵਨਾ ਪੈਦਾ ਕਰਦਾ ਹੈ| ਸਮਾਜ ਵਿੱਚ ਵਿਆਪਕ ਪੱਧਰ 'ਤੇ ਫ਼ੈਲੇ ਭ੍ਰਿਸ਼ਟਾਚਾਰ ਵਿੱਚ ਦਰਸ਼ਕਾਂ ਨੂੰ ਭਾਗੀਦਾਰ ਸਿੱਧ ਕਰਦਾ ਹੋਇਆ ਅਜਿਹੇ ਕੁਹਜ ਨੂੰ ਖਤਮ ਕਰਨ ਦੀ ਚੇਤਨਾ ਪੈਦਾ ਕਰਦਾ ਹੈ| ਨਾਟਕ ਵਿਚਲੀ ਅਜਿਹੀ ਤਨਜ਼ ਜਿੱਥੇ ਨਾਟਕਕਾਰ ਦੀ ਸੰਵੇਦਨਸ਼ੀਲਤਾ ਦਾ ਪ੍ਰਮਾਣ ਸਿੱਧ ਹੁੰਦੀ ਹੈ ਉੱਥੇ ਸਮਾਜਕ ਬੇਤਰਤੀਬੀਆਂ ਨੂੰ ਸੁਧਾਰਨ ਦੀ ਕਾਰਗਰ ਵਿਧੀ ਵੀ ਬਣਦੀ ਹੈ| ਇਹ ਵਿਧੀ ਭਾਸ਼ਾ ਦੀ ਵਰਤੋਂ ਅਤੇ ਸਥਿਤੀਆਂ ਦੀ ਸਿਰਜਨਾ ਰਾਹੀਂ ਦੋਵੇਂ ਤਰ੍ਹਾਂ ਸਾਕਾਰ ਕੀਤੀ ਜਾਂਦੀ ਹੈ| ਪਾਲੀ ਭੁਪਿੰਦਰ ਦੇ ਨਾਟਕ ਇਸ ਚੌਕ ਤੋਂ ਸ਼ਹਿਰ ਦਿਸਦਾ ਹੈ ਵਿੱਚ ਨਾਟਕਕਾਰ ਪੂੰਜੀਵਾਦੀ ਸਿਸਟਮ ਅੰਦਰ ਬਜ਼ਾਰ ਦੇ ਬਿਕਾਊ ਕਲਚਰ ਉੱਤੇ ਤਿੱਖਾ ਵਿਅੰਗ ਕਰਦਾ ਹੋਇਆ ਕਹਿੰਦਾ ਹੈ ਕਿ ਬਜ਼ਾਰ ਵਿੱਚ ਕੁੱਤੇ ਦੀ ਹੈਸੀਅਤ ਬੰਦੇ ਨਾਲੋਂ ਕਿਤੇ ਵੱਧ ਹੈ| ਇਸ ਨਾਟਕ ਦੀ ਨਾਟਕੀ ਤਨਜ਼ ਇਹੋ ਹੈ ਕਿ ਬੰਦੇ ਤੇ ਕੁੱਤੇ ਵਿੱਚ ''ਇੱਕ ਪਟੇ ਤੇ ਜੰਜ਼ੀਰ ਦਾ ਹੀ ਫ਼ਰਕ ਹੈ .... ਕੁੱਤਾ ਵੀ ਭੌਂਕਦਾ ਹੈ, ਆਦਮੀ ਵੀ ਭੌਂਕਦਾ ਹੈ.....ਕੁੱਤਾ ਵੀ ਕੱਟਦਾ ਹੈ ਤੇ ਆਦਮੀ ਵੀ ਕੱਟਦਾ ਹੈ| ਸੱਚ ਤਾਂ ਇਹ ਹੈ ਕਿ ਆਦਮੀ ਕੁਤੇ ਨਾਲੋਂ ਵੱਧ ਭੌਂਕਦਾ ਹੈ ਤੇ ਵੱਧ ਕੱਟਦਾ ਹੈ'' ਨਾਟਕ ਦੀ ਇਹ ਤਨਜ਼ ਹੋਰ ਵੀ ਤੀਖਣ ਹੋ ਜਾਂਦੀ ਹੈ ਕਿਉਂਕਿ ਕੁੱਤਾ ਬਣਿਆ ਆਦਮੀ ਭੌਂਕਣ ਤੇ ਕੱਟਣ ਵਿੱਚ ਨਵੇਂ-ਨਵੇਂ ਪ੍ਰਯੋਗ ਕਰਨ ਲਈ ਤਿਆਰ ਰਹਿੰਦਾ ਹੈ| ਸਰਮਾਏਦਾਰੀ ਵਿਵਸਥਾ ਦੀ ਇਸ ਤ੍ਰਾਸਦੀ ਨੂੰ ਜਿੱਥੇ ਆਦਮੀ ਕੁੱਤਾ ਬਣ ਜਾਂਦਾ ਹੈ, ਪਾਲੀ ਭੁਪਿੰਦਰ ਤਨਜ਼ ਦੀ ਵਿਧੀ ਰਾਹੀਂ ਸਾਕਾਰ ਕਰਦਾ ਹੈ| ਅਜਿਹੀ ਤਨਜ਼ ਪਾਤਰਾਂ ਦੇ ਬੋਲਾਂ ਰਾਹੀਂ ਸਾਕਾਰ ਹੋਣ ਦੇ ਨਾਲ-ਨਾਲ ਪਾਤਰਾਂ ਦੇ ਧੁਰ ਅੰਦਰਲੇ ਨੂੰ ਵੀ ਮੂਰਤੀਮਾਨ ਕਰਦੀ ਹੈ|
ਵਿਅੰਗ ਦੀ ਇਸ ਵਿਧੀ ਰਾਹੀਂ ਨਾਟਕਕਾਰ ਦਰਸ਼ਕਾਂ ਸਾਹਮਣੇ ਬੁਨਿਆਦੀ ਪ੍ਰਸ਼ਨ ਖੜ੍ਹੇ ਕਰਦਾ ਹੈ ਅਤੇ ਦਰਸ਼ਕਾਂ ਦੀ ਬੁੱਧੀ ਨੂੰ ਟੁੰਬਦਾ ਹੋਇਆ ਇਨ੍ਹਾਂ ਪ੍ਰਸ਼ਨਾਂ ਦੇ ਸਹੀ ਉੱਤਰ ਤਲਾਸ਼ਣ ਦੀ ਪ੍ਰੇਰਨਾ ਵੀ ਦੇਂਦਾ ਹੈ| (ਸਹਾਇਕ ਗ੍ਰੰਥ - ਪਾਲੀ ਭੁਪਿੰਦਰ : ਇਸ ਚੌਂਕ ਤੋਂ ਸ਼ਹਿਰ ਦਿਸਦਾ ਹੈ ; Wendell V. Harris : Dictionary of concepts in literary criticism and theory)

ਤਿੰਨ ਏਕਤਾਵਾਂ

Three Unities

(ਸਮੇਂ ਸਥਾਨ ਅਤੇ ਕਾਰਜ ਦੀ ਏਕਤਾ) ਅਰਸਤੂ ਨੇ ਆਪਣੇ ਕਾਵਿ ਸ਼ਾਸਤਰ ਵਿੱਚ ਕਾਰਜ ਦੀ ਏਕਤਾ ਦੀ ਗੱਲ ਕੀਤੀ ਸੀ| ਸੋਲਵੀਂ ਸਤਾਰਵੀਂ ਸਦੀ ਵਿੱਚ ਇਟਲੀ ਅਤੇ ਫਰਾਂਸ ਦੇ ਨਾਟ ਚਿੰਤਕਾਂ ਨੇ ਸਮੇਂ ਤੇ ਸਥਾਨ ਦੀ ਏਕਤਾ ਨੂੰ ਨਾਟਕ ਦੇ ਜਰੂਰੀ ਤੱਤਾਂ ਦੇ ਤੌਰ 'ਤੇ ਪ੍ਰਵਾਨ ਕੀਤਾ| ਨਾਟਕ, ਸੱਚ ਦਾ ਆਭਾਸ ਕਰਾਉਣ ਵਾਲੀ ਅਜਿਹੀ ਮੰਚੀ ਕਲਾ ਹੈ ਜਿਸਨੇ ਨਾਟਕ ਵਿੱਚ ਸਮੇਂ ਅਤੇ ਸਥਾਨ ਦੀ ਏਕਤਾ ਉੱਤੇ ਬਲ ਦਿੱਤਾ ਹੈ| ਸਥਾਨ ਦੀ ਏਕਤਾ ਤੋਂ ਭਾਵ ਹੈ ਕਿ ਮੰਚ ਉੱਤੇ ਵਾਪਰਨ ਵਾਲੇ ਕਾਰਜ ਦਾ ਸਥਾਨ ਇੱਕੋ ਹੋਵੇ ਯਾਨਿ ਨਾਟਕ ਦੀਆਂ ਸਾਰੀਆਂ ਘਟਨਾਵਾਂ ਇੱਕੋ ਸਥਾਨ ਉੱਤੇ ਵਾਪਰਨ ਤਾਂ ਜੋ ਦਰਸ਼ਕਾਂ ਉੱਤੇ ਪ੍ਰਭਾਵ ਦੀ ਏਕਤਾ ਬਣੀ ਰਹੇ| ਕਾਰਜ ਦੀ ਸਥਾਨ ਬਦਲੀ ਦਰਸ਼ਕਾਂ ਦੇ ਮਨਾਂ ਉੱਤੇ ਪੈਣ ਵਾਲੇ ਪ੍ਰਭਾਵ ਨੂੰ ਖੰਡਿਤ ਕਰਦੀ ਹੈ| ਇਸੇ ਤਰ੍ਹਾਂ ਸਮੇਂ ਦੀ ਏਕਤਾ ਤੋਂ ਭਾਵ ਹੈ ਕਿ ਪ੍ਰਦਰਸ਼ਨੀ ਦੋ ਤੋਂ ਤਿੰਨ ਘੰਟਿਆਂ ਦੇ ਅੰਦਰ ਸੰਪੰਨ ਹੋ ਜਾਵੇ ਜਾਂ ਵੱਧ ਤੋਂ ਵੱਧ ਇਸ ਦੇ ਅਭਿਨੈ ਦਾ ਸਮਾਂ ਬਾਰਾਂ ਤੋਂ ਚੌਵੀ ਘੰਟਿਆਂ ਦਾ ਪ੍ਰਵਾਨ ਕੀਤਾ ਗਿਆ ਹੈ ਕਿਉਂਕਿ ਜੀਵੰਤ ਵਿਧਾ ਹੋਣ ਕਰਕੇ ਕਲਾਕਾਰਾਂ ਲਈ ਜਿੱਥੇ ਲੰਮੇ ਸਮੇਂ ਲਈ ਅਭਿਨੈ ਕਰਨਾ ਕਠਿਨ ਹੁੰਦਾ ਹੈ ਉੱਥੇ ਦਰਸ਼ਕਾਂ ਲਈ ਪੰਡਾਲ ਵਿੱਚ ਇੰਨੇਂ ਸਮੇਂ ਲਈ ਬੈਠਣਾ ਵੀ ਆਸਾਨ ਨਹੀਂ ਹੁੰਦਾ| ਸ਼ੈਕਸਪੀਅਰ ਦੇ ਨਾਟਕਾਂ ਵਿੱਚ ਕਾਰਜ ਦੇ ਵਾਪਰਨ ਵਿੱਚ ਥਾਵਾਂ ਦੀ ਵੱਖਰਤਾ ਅਤੇ ਨਾਟਕੀ ਕਥਾ ਦੇ ਵਾਪਰਨ ਦਾ ਸਮਾਂ ਸਾਲਾਂ ਵਿੱਚ ਫੈਲਿਆ ਹੋਣ ਕਾਰਨ ਅੰਗਰੇਜ਼ੀ ਨਾਟਕਾਂ ਵਿੱਚ ਸਮੇਂ ਤੇ ਸਥਾਨ ਦੀ ਏਕਤਾ ਦਾ ਸੰਕਲਪ ਮਹੱਤਵ ਨਹੀਂ ਰੱਖਦਾ| ਤਕਨੀਕੀ ਸਾਧਨਾਂ ਦੇ ਹੋਏ ਵਿਕਾਸ ਸਦਕਾ ਅਤੇ ਮੰਚੀ ਖੇਤਰ ਵਿੱਚ ਹੋਈਆਂ ਨਵੀਆਂ ਈਜਾਦਾਂ ਕਾਰਨ ਸਮੇਂ ਅਤੇ ਸਥਾਨ ਦੀ ਏਕਤਾ ਦਾ ਸੰਕਲਪ ਬਦਲ ਗਿਆ ਹੈ| ਰੋਸ਼ਨੀ ਵਿਉਂਤਕਾਰ ਸਦਕਾ ਨਾਟਕਕਾਰ ਨੇ ਇਨ੍ਹਾਂ ਮਸਲਿਆਂ ਨੂੰ ਹੱਲ ਕਰ ਲਿਆ ਹੈ| ਹੁਣ ਨਾਟਕ ਵਿੱਚ ਪ੍ਰਭਾਵ ਦੀ ਏਕਤਾ ਨੂੰ ਕਾਇਮ ਰੱਖਣ ਲਈ ਇਨ੍ਹਾਂ ਤਿੰਨ ਏਕਤਾਵਾਂ ਦਾ ਹੋਣਾ ਜ਼ਰੂਰੀ ਨਹੀਂ ਸਮਝਿਆ ਜਾਂਦਾ| (ਸਹਾਇਕ ਗ੍ਰੰਥ - ਅਰਸਤੂ ਦਾ ਕਾਵਿ ਸ਼ਾਸਤ੍ਰ)

ਤੀਰ ਕਮਾਨੀ ਪਿੜ
ਨਕਲਾਂ ਨੂੰ ਖੇਡਣ ਦਾ ਇਹ ਇੱਕ ਤਰ੍ਹਾਂ ਦਾ ਮੰਚ ਹੁੰਦਾ ਹੈ| ਨਕਲਾਂ, ਲੋਕ ਨਾਟਕ ਦਾ ਅਜਿਹਾ ਰੂਪ ਹਨ ਜਿਨ੍ਹਾਂ ਦੀ ਪੇਸ਼ਕਾਰੀ ਲਈ ਕਿਸੇ ਵਿਸ਼ੇਸ਼ ਤਰ੍ਹਾਂ ਦੇ ਰੰਗਮੰਚ ਦੀ ਲੋੜ ਨਹੀਂ ਹੁੰਦੀ| ਨਕਲੀਏ ਜਿੱਥੇ ਵੀ ਜ਼ਰੂਰੀ ਸਮਝਣ ਪਿੜ ਲਾ ਕੇ ਨਕਲਾਂ ਦੀ ਪੇਸ਼ਕਾਰੀ ਕਰ ਲੈਂਦੇ ਹਨ| ਤੀਰ ਕਮਾਨੀ ਪਿੜ ਪੇਸ਼ਕਾਰੀ ਦੀ ਉਸ ਥਾਂ ਨੂੰ ਕਿਹਾ ਜਾਂਦਾ ਹੈ ਜਦੋਂ ਪਿਛੇ ਕੰਧ ਦੀ ਓਟ ਹੋਵੇ ਅਤੇ ਦਰਸ਼ਕ ਪਿਛਲੇ ਪਾਸੇ ਨਾ ਬੈਠ ਸਕਣ| ਅਜਿਹੀ ਸਥਿਤੀ ਵਿੱਚ ਦਰਸ਼ਕ ਤਿੰਨ ਪਾਸੇ ਕਮਾਨ ਦੀ ਸ਼ਕਲ ਵਿੱਚ ਬੈਠਦੇ ਹਨ| ਅਜਿਹੇ ਪਿੜ ਵਿੱਚ ਸਾਜ਼ ਵਜਾਉਣ ਵਾਲੇ ਇੱਕੋ ਥਾਂ 'ਤੇ ਬੈਠ ਕੇ ਸਾਜ਼ ਵਜਾਉਂਦੇ ਹਨ| ਕੰਧ ਵਾਲੇ ਪਾਸੇ ਕੋਈ ਓਪਰਾ ਵਿਅਕਤੀ ਨਹੀਂ ਆਉਂਦਾ ਕੇਵਲ ਉਹੀ ਵਿਅਕਤੀ ਪਿਛਲੇ ਪਾਸੇ ਬੈਠਦੇ ਹਨ ਜਿਹੜੇ ਨਕਲੀਆਂ ਦੇ ਗਰੁੱਪ ਦੇ ਮੈਂਬਰ ਹੁੰਦੇ ਹਨ| ਪਟੜੀਆਂ ਖੇਡਣ ਲਈ ਅਜਿਹੇ ਪਿੜ ਦੀ ਵਰਤੋਂ ਕੀਤੀ ਜਾਂਦੀ ਹੈ| (ਸਹਾਇਕ ਗ੍ਰੰਥ - ਅਜੀਤ ਸਿੰਘ ਔਲਖ : ਪੰਜਾਬੀ ਲੋਕ ਨਾਟ ਪਰੰਪਰਾ)

ਤੀਰੂਕੂਤੁ

Folk theatre of South India

ਦੱਖਣੀ ਭਾਰਤ ਦੇ ਇਸ ਲੋਕ ਨਾਟਕ ਦੀ ਪਰੰਪਰਾ ਬੜੀ ਪ੍ਰਾਚੀਨ ਹੈ| ਮਦਰਾਸ ਵਿੱਚ ਇਸ ਨਾਟਕ ਨੂੰ ਬਸਤੀਆਂ ਵਾਲੇ ਲੋਕ ਖੇਡਦੇ ਹਨ| ਇੱਥੋਂ ਦੀਆਂ ਸ਼ੌਕੀਆ ਨਾਟ ਮੰਡਲੀਆਂ ਬਹੁਤ ਥੋੜ੍ਹੇ ਦਰਸ਼ਕ ਵਰਗ ਦੇ ਸਾਹਮਣੇ ਇਸ ਦਾ ਪ੍ਰਦਰਸ਼ਨ ਕਰਦੀਆਂ ਹਨ| ਬਲਵੰਤ ਗਾਰਗੀ ਨੇ ਆਪਣੀ ਪੁਸਤਕ ਲੋਕ ਨਾਟਕ ਵਿੱਚ ਇਸ ਕਲਾ ਰੂਪ ਬਾਰੇ ਵਿਆਪਕ ਚਾਨਣਾ ਪਾਇਆ ਹੈ| ਸ਼ਾਸਤਰੀ ਨਾਟਕ ਦੇ ਮੁਕਾਬਲੇ ਇੱਥੇ ਲੋਕ ਨਾਟਕ ਦੀ ਪਰੰਪਰਾ ਬਹੁਤੀ ਵਿਕਸਿਤ ਨਹੀਂ ਹੈ| ਤੀਰੂ ਦਾ ਭਾਵ 'ਗਲੀ' ਅਤੇ 'ਕੂਤੁ' ਦਾ ਅਰਥ ਨਾਟਕ ਤੋਂ ਲਿਆ ਜਾਂਦਾ ਹੈ| ਗਲੀਆਂ ਵਿੱਚ ਖੇਡੇ ਜਾਣ ਕਰਕੇ ਹੀ ਇਸ ਨੂੰ ਤੀਰੂਕੂਤੁ ਕਿਹਾ ਜਾਂਦਾ ਹੈ| ਮੰਚ ਦੀ ਬਣਤਰ ਅਜਿਹੀ ਹੁੰਦੀ ਹੈ ਜਿਸ ਦੇ ਤਿੰਨ ਪਾਸੇ ਦਰਸ਼ਕ ਬੈਠ ਕੇ ਇਸ ਨਾਟਕ ਦਾ ਅਨੰਦ ਮਾਣਦੇ ਹਨ| ਚੌਥੇ ਹਿੱਸੇ ਵਿੱਚ ਲੱਕੜ ਦੇ ਤਖ਼ਤਪੋਸ਼ ਉੱਤੇ ਸਾਜ਼ ਵਜਾਉਣ ਵਾਲੇ ਸਾਜ਼ਿੰਦੇ ਬੈਠਦੇ ਹਨ ਤੇ ਇਸ ਦੀ ਪੇਸ਼ਕਾਰੀ ਵੇਲੇ ਨਾਲ-ਨਾਲ ਗਾਉਂਦੇ ਵੀ ਹਨ| ਨਾਟਕ ਦੇ ਸ਼ੁਰੂ ਹੋਣ ਵੇਲੇ ਗਨੇਸ਼ ਦੇਵਤਾ ਦੀ ਪੂਜਾ ਕੀਤੀ ਜਾਂਦੀ ਹੈ| ਧਾਰਮਿਕ ਰੀਤਾਂ ਦੇ ਰਵਾਇਤੀ ਪੂਜਨ ਤੋਂ ਮਗਰੋਂ ਪਰਦੇ ਦੇ ਪਿਛੋਂ ਸੂਤਰਧਾਰ ਦੀ ਭੂਮਿਕਾ ਨਿਭਾਉਣ ਵਾਲਾ ਕੱਤਿਯਾਕਾਰਨ ਇਸ ਨਾਟਕ ਦਾ ਅਜਿਹਾ ਪਾਤਰ ਹੈ ਜਿਹੜਾ ਪਰਦੇ ਪਿੱਛੇ ਖੜੋ ਕੇ ਵੰਦਨਾ ਕਰਦਾ ਹੈ| ਪਰਦਾ ਹਟਾਉਣ ਤੋਂ ਮਗਰੋਂ ਇਹ ਪਾਤਰ ਨਾਟਕ ਦੀ ਕਹਾਣੀ ਬਾਰੇ ਜਾਣਕਾਰੀ ਦੇਂਦਾ ਹੈ ਤੇ ਕਥਾ ਬਾਰੇ ਟੀਕਾ ਟਿੱਪਣੀ ਵੀ ਕਰਦਾ ਹੈ| ਇਸ ਨਾਟਕ ਦੇ ਪਾਤਰ ਆਪਣੀ ਜਾਣ-ਪਛਾਣ ਆਪ ਕਰਵਾਉਂਦੇ ਹਨ| ਨਾਟਕ ਦਾ ਹਰੇਕ ਪਾਤਰ ਆਪਣੇ ਸੁਭਾਅ ਅਨੁਸਾਰ ਆਪਣੀ ਸ਼ਖਸੀਅਤ ਦਾ ਝਲਕਾਰਾ ਦੇਂਦਾ ਹੈ| ਪੇਸ਼ਕਾਰੀ ਦੌਰਾਨ ਪਾਤਰ ਆਪਣੀ ਜੀਵੰਤ ਸ਼ਕਤੀ ਦਾ ਜ਼ਬਰਦਸਤ ਪ੍ਰਦਰਸ਼ਨ ਕਰਦੇ ਹਨ| ਨਾਟਕ ਵਿੱਚ ਗੀਤ ਸ਼ੈਲੀ ਦੀ ਪ੍ਰਧਾਨਤਾ ਹੁੰਦੀ ਹੈ| ਬਹੁਤ ਘੱਟ ਸੰਵਾਦ ਵਾਰਤਕ ਵਿੱਚ ਰਚੇ ਜਾਂਦੇ ਹਨ| ਹਰੇਕ ਗੀਤ ਤੋਂ ਪਹਿਲਾਂ ਲੈਅਮਈ ਅਲਾਪ ਹੁੰਦਾ ਹੈ| ਜਿਸ ਨੂੰ ਵਿਰੁਤਮ ਕਿਹਾ ਜਾਂਦਾ ਹੈ| ਵਿਰੁਤਮ ਚਾਰ ਸਤਰਾਂ ਦਾ ਹੁੰਦਾ ਹੈ| ਹਰੇਕ ਸਤਰ ਦੀ ਲੰਮਾਈ ਮਾਤਰਾਵਾਂ ਕਾਰਨ ਅਲੱਗ ਅਕਾਰ ਦੀ ਹੁੰਦੀ ਹੈ| ਨਾਟਕ ਦੇ ਪਾਤਰ ਵਿਰੁਤਮ ਦੀ ਵਰਤੋਂ ਨਾਲ ਸ਼ਬਦਾਂ ਦੇ ਭਾਵਾਂ ਨੂੰ ਪ੍ਰਗਟ ਕਰਦੇ ਹਨ| ਅਕੇਵੇਂ ਦੀ ਸਥਿਤੀ ਨੂੰ ਤੋੜਨ ਲਈ ਵੀ ਵਿਰੁਤਮ ਦੀ ਵਰਤੋਂ ਕੀਤੀ ਜਾਂਦੀ ਹੈ|
ਤੀਰੂਕੂਤੁ ਨਾਟਕ ਦੇ ਅੰਤ ਉੱਤੇ ਮੰਗਲਮ ਗਾਉਣ ਦੀ ਰਵਾਇਤ ਦਾ ਪ੍ਰਚਲਨ ਹੈ| ਇਸ ਦੇ ਵਿਸ਼ੇ ਰਮਾਇਣ, ਮਹਾਂਭਾਰਤ ਆਦਿ ਦੀਆਂ ਲੋਕ ਕਥਾਵਾਂ 'ਤੇ ਆਧਾਰਤ ਹੁੰਦੇ ਹਨ| ਇਸ ਨਾਟਕ ਦੇ ਮੁੱਖ ਪਾਤਰ ਦੁਰਯੋਧਨ, ਯੁਧਿਸ਼ਟਰ, ਕੀਚਕ ਤੇ ਭੀਮ ਹੁੰਦੇ ਹਨ| ਦ੍ਰੋਪਦੀ ਇਸ ਨਾਟਕ ਦੀ ਨਾਇਕਾ ਦੇ ਰੂਪ ਵਿੱਚ ਵਿਚਰਨ ਵਾਲੀ ਪਾਤਰ ਹੈ| ਤਾਮਿਲਨਾਡੂ ਵਿੱਚ ਦ੍ਰੋਪਦੀ ਦੀ ਪੂਜਾ ਕੀਤੀ ਜਾਂਦੀ ਹੈ| ਪੂਰੇ ਸਾਲ ਵਿੱਚ ਅੱਠ ਨਾਟਕ ਦ੍ਰੋਪਦੀ ਦੀ ਪੂਜਾ ਦੇ ਸੰਬੰਧ ਵਿੱਚ ਮੰਦਰ ਦੇ ਅੱਗੇ ਖੇਡੇ ਜਾਂਦੇ ਹਨ| ਨੌਵੇਂ ਦਿਨ ਭੀਮ, ਦੁਰਯੋਧਨ ਤੋਂ ਦ੍ਰੋਪਦੀ ਦੇ ਅਪਮਾਨ ਦਾ ਬਦਲਾ ਲੈਂਦਾ ਹੈ| ਨਾਟਕ ਦਾ ਇਹ ਦ੍ਰਿਸ਼ ਬੜੇ ਡਰਾਵਣੇ ਢੰਗ ਨਾਲ ਖੇਡਿਆ ਜਾਂਦਾ ਹੈ| ਦੁਰਯੋਧਨ ਦੇ ਪੁਤਲੇ ਦੇ ਪਰਖਚੇ ਉੜਾ ਦਿੱਤੇ ਜਾਂਦੇ ਹਨ| ਉਸ ਤੋਂ ਬਾਅਦ ਦ੍ਰੋਪਦੀ ਦੀ ਪੂਜਾ ਦਾ ਕਾਰਜ ਅਰੰਭ ਹੁੰਦਾ ਹੈ|
ਤਾਮਿਲਨਾਡੂ ਦੇ ਇਲਾਕੇ ਵਿੱਚ ਇਸ ਨਾਟਕ ਨੂੰ ਖੇਡਣ ਵਾਲੀਆਂ ਮੰਡਲੀਆਂ ਬਹੁ ਗਿਣਤੀ ਮਾਤਰਾ ਵਿੱਚ ਹਨ| ਤੀਰੂਕੂਤੁ ਵਿੱਚ ਕਈ ਝਾਕੀਆਂ ਦੀ ਪੇਸ਼ਕਾਰੀ ਬੜੇ ਯਥਾਰਥਕ ਰੂਪ ਵਿੱਚ ਕੀਤੀ ਜਾਂਦੀ ਹੈ| ਵਿਸ਼ੇਸ਼ ਤੌਰ ਤੇ ਭੀਮ ਦਾ ਕੀਚਕ ਨੂੰ ਮਾਰਨਾ ਦੇ ਦ੍ਰੋਪਦੀ ਦਾ ਦੁਰਯੋਧਨ ਦੇ ਖੂਨ ਨਾਲ ਆਪਣੇ ਵਾਲਾਂ ਨੂੰ ਭਿਉਣ ਦੇ ਦ੍ਰਿਸ਼ ਦੀ ਪੇਸ਼ਕਾਰੀ ਬੜੇ ਜੋਸ਼ੀਲੇ ਅੰਦਾਜ਼ ਵਿੱਚ ਕੀਤੀ ਜਾਂਦੀ ਹੈ| ਅਭਿਨੇਤਾ ਆਪਣੇ ਪਾਤਰ ਨਾਲ ਪੂਰੀ ਤਰ੍ਹਾਂ ਆਤਮਸਾਤ ਹੋ ਜਾਂਦੇ ਹਨ| ਨਾਟਕ ਦੇ ਪਾਤਰਾਂ ਦੀ ਰੂਪ ਸੱਜਾ ਉਨ੍ਹਾਂ ਦੇ ਕਿਰਦਾਰ ਮੁਤਾਬਕ ਕੀਤੀ ਜਾਂਦੀ ਹੈ| ਦੁਰਯੋਧਨ ਅਤੇ ਯੁਧਿਸ਼ਟਰ ਦੇ ਸਿਰ 'ਤੇ ਤਾਜ ਲਾਏ ਜਾਂਦੇ ਹਨ ਅਤੇ ਖਲਨਾਇਕ ਪਾਤਰਾਂ ਦੀ ਭੂਮਿਕਾ ਨਿਭਾਉਣ ਵਾਲੇ ਅਦਾਕਾਰਾਂ ਦੇ ਚਿਹਰਿਆਂ ਉੱਤੇ ਚਿੱਟੇ ਤੇ ਕਾਲੇ ਰੰਗ ਦੇ ਚਮਕੀਲੇ ਟਿਮਕਣੇ ਲਾਏ ਜਾਂਦੇ ਹਨ| ਸਾਰੇ ਪਾਤਰ ਆਪਣਾ ਰੋਲ ਨੱਚਣ ਦੀ ਪ੍ਰਕ੍ਰਿਆ ਰਾਹੀਂ ਨਿਭਾਉਂਦੇ ਹਨ| ਇਸ ਲਈ ਉਨ੍ਹਾਂ ਦੇ ਪੈਰਾਂ ਵਿੱਚ ਘੁੰਗਰੂ ਬੰਨ੍ਹੇ ਜਾਂਦੇ ਹਨ| ਕੁਮਾਲੀ ਇਸ ਨਾਟਕ ਦਾ ਅਜਿਹਾ ਪਾਤਰ ਹੈ ਜਿਹੜਾ ਹਰੇਕ ਸਮਾਜਕ ਬੁਰਾਈ ਦਾ ਮਜ਼ਾਕ ਉੜਾਉਂਦਾ ਹੈ ਅਤੇ ਸਮਾਜਕ ਅਸੰਗਤੀਆਂ 'ਤੇ ਤਿੱਖੀਆਂ ਚੋਟਾਂ ਲਾਉਂਦਾ ਹੈ| ਉਸ ਦੇ ਵਿਅੰਗ ਵਿੱਚ ਤਿੱਖੀ ਚੋਭ ਦੇ ਨਾਲ-ਨਾਲ ਹਾਸਾ ਵੀ ਲੁਕਿਆ ਹੁੰਦਾ ਹੈ| ਕੁਮਾਲੀ ਤੇ ਕੱਤਿਯਾਕਾਰਨ ਨਾਟਕ ਦੇ ਵਾਰਤਾਲਾਪ ਵਿੱਚ ਦੁਹਰਾਓ ਦਾ ਰੰਗ ਭਰਦੇ ਹਨ ਜਿਸ ਦਾ ਮੁੱਖ ਮੰਤਵ ਇਹੋ ਹੁੰਦਾ ਹੈ ਕਿ ਦਰਸ਼ਕਾਂ ਨੂੰ ਗੀਤ ਦੀ ਹਰੇਕ ਪੰਗਤੀ ਦਾ ਅਰਥ ਸਮਝ ਆ ਜਾਵੇ ਪਰ ਕਈ ਵਾਰ ਅਜਿਹੇ ਦੁਹਰਾਓ ਕਾਰਨ ਅਕੇਵਾਂ ਵੀ ਪੈਦਾ ਹੋ ਜਾਂਦਾ ਹੈ| ਤੀਰੂਕੂਤੁ ਨਾਟਕ ਨੂੰ ਖੇਡਣ ਵਾਲੇ ਅਦਾਕਾਰ ਕਿਸੇ ਪ੍ਰੋਫ਼ੈਸ਼ਨਲ ਥੀਏਟਰ ਦੇ ਕਲਾਕਾਰ ਨਹੀਂ ਹੁੰਦੇ ਸਗੋਂ ਸ਼ੌਕੀਆ ਨਾਟ ਮੰਡਲੀਆਂ ਇਸ ਨਾਟਕ ਨੂੰ ਲੰਮੇ ਸਮੇਂ ਤੋਂ ਖੇਡਦੀਆਂ ਆ ਰਹੀਆਂ ਹਨ| ਇਸ ਵਿੱਚ ਕੰਮ ਕਰਨ ਵਾਲੇ ਕਲਾਕਾਰ ਗਰੀਬ, ਕੰਮੀਕਾਰੀ, ਰਿਕਸ਼ਾ ਚਲਾਉਣ ਵਾਲੇ ਅਤੇ ਮੱਛੀਆਂ ਫੜਨ ਵਾਲੇ ਲੋਕ ਹੁੰਦੇ ਹਨ ਜਿਹੜੇ ਆਪਣੀ ਕਮਾਈ ਦਾ ਕੁਝ ਹਿੱਸਾ ਨਾਟ ਮੰਡਲੀ ਨੂੰ ਦੇਂਦੇ ਹਨ| ਇਸ ਨਾਟਕ ਨੂੰ ਤਿਆਰ ਕਰਨ ਦੀ ਜ਼ਿੰਮੇਵਾਰੀ ਕੱਤਿਯਾਕਾਰਨ ਦੀ ਹੁੰਦੀ ਹੈ ਜਿਸ ਦੇ ਬਦਲੇ ਉਸਨੂੰ ਮਿਹਨਤਾਨਾ ਦਿੱਤਾ ਜਾਂਦਾ ਹੈ| ਇਸ ਦਾ ਮੁੱਖ ਮੰਤਵ ਲੋਕਾਂ ਦਾ ਮਨੋਰੰਜਨ ਕਰਨਾ ਹੁੰਦਾ ਹੈ| ਦੂਜੇ ਲੋਕ ਨਾਟਕਾਂ ਦੇ ਮੁਕਾਬਲੇ ਇਸ ਲੋਕ ਨਾਟਕ ਨੂੰ ਉੱਚ ਦਰਜੇ ਦੀ ਕਲਾ ਨਹੀਂ ਸਵੀਕਾਰਿਆ ਜਾਂਦਾ| (ਸਹਾਇਕ ਗ੍ਰੰਥ - ਖੋਜ ਪਤ੍ਰਿਕਾ ਲੋਕ ਨਾਟ ਸ਼ੈਲੀਆਂ ਵਿਸ਼ੇਸ਼ ਅੰਕ; ਬਲਵੰਤ ਗਾਰਗੀ : ਲੋਕ ਨਾਟਕ)

ਥ੍ਰੀ - ਡਾਇਮੈਨਸ਼ਨਲ ਕਲਾ

Three dimensional Art

ਥੀਏਟਰ ਦੀ ਕਲਾ ਨੂੰ ਤਿੰਨ ਦਿਸ਼ਾਵੀ ਕਲਾ ਕਿਹਾ ਜਾਂਦਾ ਹੈ| ਆਤਮਜੀਤ ਨੇ ਆਪਣੀ ਪੁਸਤਕ ਨਾਟਕ ਦਾ ਨਿਰਦੇਸ਼ਨ ਵਿੱਚ ਇਸ ਸੰਕਲਪ ਨੂੰ ਇਉਂ ਪਰਿਭਾਸ਼ਿਤ ਕੀਤਾ ਹੈ,
''ਯਥਾਰਥ ਵਿੱਚ ਪਈ ਹਰ ਸ਼ੈਅ ਦੀਆਂ ਤਿੰਨ ਭੁਜਾਵਾਂ ਜਾਂ ਦਿਸ਼ਾਵਾਂ ਹੁੰਦੀਆਂ ਹਨ| ਕਿਸੇ ਮੇਜ ਦੀ ਇੱਕ ਲੰਬਾਈ ਹੈ| ਉਸ ਲੰਬਾਈ ਦੀਆਂ ਦੋ ਦਿਸ਼ਾਵਾਂ ਹਨ, ਖੱਬੀ ਤੇ ਸੱਜੀ| ਤੇ ਤੀਜੀ ਦਿਸ਼ਾ ਉਸ ਮੇਜ ਦੀ ਡੂੰਘਾਈ ਹੈ ਜਿਸ ਨੂੰ ਆਮ ਕਰਕੇ ਚੌੜਾਈ ਵੀ ਕਹਿ ਦੇਂਦੇ ਹਾਂ| ਤਸਵੀਰ ਜਾਂ ਚਿੱਤਰ ਵਿੱਚ ਇਹ ਡੂੰਘਾਈ ਅਸਲ ਵਿੱਚ ਨਹੀਂ ਹੁੰਦੀ, ਤੀਜੀ ਦਿਸ਼ਾ ਦਾ ਕੇਵਲ ਭੁਲੇਵਾਂ ਹੀ ਸਿਰਜਿਆ ਗਿਆ ਹੁੰਦਾ ਹੈ| ਅਸਲ ਵਿੱਚ ਤਾਂ ਉੱਥੇ ਪਰਦਾ ਹੀ ਹੈ ਜਿਸ ਦੀ ਕਿ ਆਪਣੀ ਕੋਈ ਡੂੰਘਾਈ ਨਹੀਂ ਹੁੰਦੀ| ਇਹੀ ਥੀਏਟਰ ਤੇ ਫ਼ਿਲਮ ਦਾ ਅੰਤਰ ਵੀ ਹੈ, ਥੀਏਟਰ ਤਿੰਨ ਭੁਜਾਈ ਕਲਾ ਹੈ|'' (ਪੰਨਾ 220) (ਸਹਾਇਕ ਗ੍ਰੰਥ - ਆਤਮਜੀਤ : ਨਾਟਕ ਦਾ ਨਿਰਦੇਸ਼ਨ)

ਦਸ਼ ਰੂਪਕ
ਜਿਹੜੀ ਕਲਾ ਪ੍ਰਦਰਸ਼ਨੀ ਦੇ ਮਾਧਿਅਮ ਰਾਹੀਂ ਦਰਸ਼ਕਾਂ ਦੇ ਸਾਹਮਣੇ ਪੇਸ਼ ਕੀਤੀ ਜਾਂਦੀ ਹੈ ਉਸ ਨੂੰ ਰੂਪਕ ਕਿਹਾ ਜਾਂਦਾ ਹੈ| ਸੰਸਕ੍ਰਿਤ ਨਾਟ ਪਰੰਪਰਾ ਵਿੱਚ ਨਾਟਕ ਨੂੰ ਰੂਪਕ ਕਿਹਾ ਗਿਆ ਹੈ ਕਿਉਂਕਿ ਇਸ ਵਿੱਚ ਅਭਿਨੇਤਾ ਆਪਣੇ ਵਾਸਤਵਿਕ ਰੂਪ ਨੂੰ ਤਿਲਾਂਜਲੀ ਦੇ ਕੇ ਨਵਾਂ ਰੂਪ ਅਖਤਿਆਰ ਕਰ ਲੈਂਦਾ ਹੈ ਅਰਥਾਤ ਨਾਟਕੀ ਪਾਤਰ ਦੀ ਭੂਮਿਕਾ ਨਿਭਾਉਣ ਵੇਲੇ ਅਭਿਨੇਤਾ ਆਪਣਾ ਆਪਾ ਤਿਆਗ ਕੇ ਪਰ ਆਪੇ ਨੂੰ ਧਾਰਨ ਕਰ ਲੈਂਦਾ ਹੈ| ਧਨੰਜਯ ਨੇ ਦ੍ਰਿਸ਼ ਕਾਵਿ ਨੂੰ ਰੂਪਕ ਕਿਹਾ ਹੈ| ਪ੍ਰਦਰਸ਼ਨੀ ਅਤੇ ਸੰਵਾਦ, ਦ੍ਰਿਸ਼ ਕਾਵਿ ਦੇ ਦੋ ਅਜਿਹੇ ਤੱਤ ਹਨ ਜਿਹੜੇ ਰੂਪਕ ਦੇ ਅੰਤਰਗਤ ਵਿਚਾਰੇ ਜਾਂਦੇ ਹਨ| ਰੂਪਕ ਦੇ ਦਸ ਪ੍ਰਕਾਰ ਮੰਨੇ ਗਏ ਹਨ| 1 ਨਾਟਕ 2 ਪ੍ਰਕਰਣ 3 ਅੰਕ 4 ਵਯਾਯੋਗ 5 ਭਾਣ 6 ਸਮਵਕਾਰ 7 ਵੀਥੀ 8 ਪ੍ਰਹਸਨ 9 ਡਿਮ 10 ਈਹਾਮ੍ਰਿਗ| ਭਰਤਮੁਨੀ ਦੇ ਨਾਟ-ਸ਼ਾਸਤਰ ਵਿੱਚ ਰੂਪਕ ਦੇ ਅੰਤਰਗਤ ਨਾਟਕ ਨੂੰ ਸਭ ਤੋਂ ਪਹਿਲੇ ਨੰਬਰ ਤੇ ਵਿਚਾਰਿਆ ਗਿਆ ਹੈ| ਨਾਟਕ ਨੂੰ ਰੂਪਕ ਦਾ ਇੱਕ ਭੇਦ ਮੰਨਿਆ ਗਿਆ ਹੈ| ਨਾਟਕ ਦੀ ਕਥਾ ਵਸਤੂ ਕਿਸੇ ਪ੍ਰਸਿੱਧ ਰਾਜੇ ਜਾਂ ਇਤਿਹਾਸਕ ਪ੍ਰਸਿੱਧੀ ਵਾਲੇ ਵਿਅਕਤੀ ਨਾਲ ਸੰਬੰਧਤ ਹੁੰਦੀ ਹੈ| ਇਸ ਦਾ ਨਾਇਕ ਤੇਜਸਵੀ ਗੁਣਾਂ ਦਾ ਧਾਰਨੀ ਹੁੰਦਾ ਹੈ| ਅਜਿਹੀ ਰਚਨਾ ਵਿੱਚ ਪੰਜ ਤੋਂ ਦਸ ਅੰਕ ਹੁੰਦੇ ਹਨ| ਰੂਪਕ ਦੀ ਦੂਜੀ ਕਿਸਮ ਪ੍ਰਕਰਣ ਨੂੰ ਮੰਨਿਆ ਗਿਆ ਹੈ| ਇਸ ਦੀ ਕਥਾ ਵਸਤੂ ਕਲਪਨਾ 'ਤੇ ਅਧਾਰਿਤ ਹੁੰਦੀ ਹੈ ਜਿਸ ਦਾ ਨਾਇਕ ਸ਼ਾਂਤ ਸੁਭਾਅ ਦਾ ਬ੍ਰਾਹਮਣ ਜਾਂ ਵੈਸ਼ ਜਾਤੀ ਨਾਲ ਸਬੰਧਤ ਵਿਅਕਤੀ ਹੁੰਦਾ ਹੈ| ਇਹ ਨਾਟਕ ਲੋਕਾਂ ਦੇ ਦੁਖਾਂ ਸੁਖਾਂ ਨੂੰ ਬਿਆਨ ਕਰਨ ਵਾਲਾ ਹੁੰਦਾ ਹੈ| ਇਸ ਵਿੱਚ ਕਿਸੇ ਦੇਵਤਾ ਦੀ ਕਥਾ ਨੂੰ ਪੇਸ਼ ਨਹੀਂ ਕੀਤਾ ਜਾਂਦਾ| ਨਾਟਿਕਾ ਵੀ ਰੂਪਕ ਦਾ ਇੱਕ ਹੋਰ ਮਹੱਤਵਪੂਰਨ ਭੇਦ ਹੈ| ਇਸ ਦੀ ਕਥਾ ਵਸਤੂ ਵੀ ਕਲਪਿਤ ਹੁੰਦੀ ਹੈ| ਇਸ ਦਾ ਨਾਇਕ ਰਾਜਾ ਨੂੰ ਬਣਾਇਆ ਜਾਂਦਾ ਹੈ ਇਸ ਰੂਪਕ ਵਿੱਚ ਇਸਤਰੀ ਪਾਤਰਾਂ ਦੀ ਗਿਣਤੀ ਵਧੇਰੇ ਹੁੰਦੀ ਹੈ| ਇਸ ਦੀ ਰਚਨਾ ਚਾਰ ਅੰਕਾਂ ਵਿੱਚ ਕੀਤੀ ਜਾਂਦੀ ਹੈ| ਪੂਰੀ ਰਚਨਾ ਵਿੱਚ ਗੀਤ, ਨ੍ਰਿਤ ਅਤੇ ਸੰਵਾਦਾਂ ਦੀ ਭਰਮਾਰ ਹੁੰਦੀ ਹੈ| ਨਾਇਕ ਆਪਣੀ ਰਾਣੀ ਨੂੰ ਤਿਆਗ ਕੇ ਕਿਸੇ ਨੱਚਣ ਵਾਲੀ ਦੇ ਮੋਹ ਵਿੱਚ ਫ਼ਸ ਜਾਂਦਾ ਹੈ| ਰਾਣੀ ਦਾ ਕ੍ਰੋਧ ਤੇ ਰਾਜੇ ਦੇ ਰਾਣੀ ਨੂੰ ਮਨਾਉਣ ਦੇ ਭਰਪੂਰ ਯਤਨ ਨਾਇਕਾ ਦੀ ਕਥਾ ਵਸਤੂ ਦਾ ਆਧਾਰ ਹੁੰਦੇ ਹਨ| ਸਮਵਕਾਰ ਵਿੱਚ ਦੇਵਤਿਆਂ ਅਤੇ ਰਾਖਸ਼ਾਂ ਦੀ ਕਥਾ ਹੁੰਦੀ ਹੈ| ਇਸ ਦਾ ਨਾਇਕ ਉਦਾਤ ਗੁਣਾਂ ਦਾ ਧਾਰਨੀ ਹੁੰਦਾ ਹੈ| ਇਸ ਦੇ ਕੁਲ ਅੰਕ ਤਿੰਨ ਹੁੰਦੇ ਹਨ| ਨਾਇਕਾਂ ਦੀ ਗਿਣਤੀ ਬਾਰਾਂ ਦੱਸੀ ਗਈ ਹੈ| ਤਿੰਨਾਂ ਅੰਕਾਂ ਦੀ ਕਥਾ ਅਲੱਗ-ਅਲੱਗ ਹੁੰਦੀ ਹੈ ਪਰ ਮਨੋਰਥ ਸਭ ਦਾ ਲੱਗਭੱਗ ਇੱਕੋ ਹੁੰਦਾ ਹੈ| ਇਸ ਦੇ ਦ੍ਰਿਸ਼ਾਂ ਵਿੱਚ ਹੜ੍ਹ, ਤੂਫ਼ਾਨ ਅਤੇ ਅੱਗ ਲੱਗਣ ਦੇ ਕਾਰਨ ਤੇ ਭਗਦੜ ਦੇ ਦ੍ਰਿਸ਼ਾਂ ਦੀ ਪੇਸ਼ਕਾਰੀ ਕੀਤੀ ਜਾਂਦੀ ਹੈ| ਈਹਾ ਮ੍ਰਿਗ ਰੂਪਕ ਦੇ ਚਾਰ ਅੰਕ ਹੁੰਦੇ ਹਨ| ਇਸ ਵਿੱਚ ਯੁੱਧ ਦੇ ਦ੍ਰਿਸ਼ਾਂ ਦੀ ਪ੍ਰਮੁੱਖਤਾ ਹੁੰਦੀ ਹੈ| ਦੇਵ ਪੁਰਸ਼ ਦੈਵੀ ਔਰਤ ਦੀ ਪ੍ਰਾਪਤੀ ਲਈ ਯੁੱਧ ਕਰਦਾ ਹੈ| ਨਾਇਕਾ ਦੀ ਪ੍ਰਾਪਤੀ ਯੁੱਧ ਰਾਹੀਂ ਹੁੰਦੀ ਹੈ| ਇਸ ਵਿੱਚ ਔਰਤ ਦੇ ਅਪਹਰਣ ਅਤੇ ਜੁਦਾਈ ਨਾਲ ਸਬੰਧਤ ਘਟਨਾਵਾਂ ਦੀ ਬਹੁਤਾਤ ਹੁੰਦੀ ਹੈ| ਘਟਨਾਵਾਂ ਵਿੱਚ ਸ਼ਿੰਗਾਰ ਅਤੇ ਬੀਰ ਰਸ ਦੀ ਪ੍ਰਧਾਨਤਾ ਹੁੰਦੀ ਹੈ| ਵਯਾ ਯੋਗ ਦੀ ਕਥਾ ਵਸਤੂ ਪੌਰਾਣਿਕ ਅਤੇ ਮਿਥਿਹਾਸਕ ਘਟਨਾਵਾਂ 'ਤੇ ਆਧਾਰਿਤ ਹੁੰਦੀ ਹੈ| ਇਸ ਵਿੱਚ ਇਸਤਰੀ ਪਾਤਰਾਂ ਦੀ ਅਣਹੋਂਦ ਹੁੰਦੀ ਹੈ| ਨਾਇਕ ਦੇਵ ਪੁਰਸ਼ ਤੇ ਉਦਾਤ ਗੁਣਾਂ ਦਾ ਧਾਰਨੀ ਹੁੰਦਾ ਹੈ| ਰੂਪਕ ਦਾ ਇੱਕ ਹੋਰ ਭੇਦ ਡਿਮ ਹੈ| ਡਿਮ ਦੇ ਪਾਤਰ ਦੇਵਤਾ, ਰਾਖਸ਼ ਅਤੇ ਭੂਤ ਪ੍ਰੇਤ ਆਦਿ ਹੁੰਦੇ ਹਨ| ਸ਼ਿੰਗਾਰ ਅਤੇ ਹਾਸ ਰਸ ਨੂੰ ਛੱਡ ਕੇ ਬਾਕੀ ਦੇ ਰਸਾਂ ਦੀ ਇਸ ਵਿੱਚ ਪ੍ਰਧਾਨਤਾ ਹੁੰਦੀ ਹੈ| ਇਸ ਦੀ ਭਾਸ਼ਾ ਵਿੱਚ ਪੂਰਾ ਵੇਗ ਹੁੰਦਾ ਹੈ| ਲੜਾਈ ਝਗੜੇ ਆਦਿ ਦੇ ਦ੍ਰਿਸ਼ਾਂ ਦੀ ਪ੍ਰਧਾਨਤਾ ਹੁੰਦੀ ਹੈ| ਇਸ ਤੋਂ ਬਿਨਾਂ ਚੰਦਰਮਾ ਅਤੇ ਸੂਰਜ ਗ੍ਰਹਿਣ ਲੱਗਣ ਦੇ ਦ੍ਰਿਸ਼ ਵੀ ਇਸ ਵਿੱਚ ਪੇਸ਼ ਕੀਤੇ ਜਾਂਦੇ ਹਨ| ਭਾਣ ਵਿੱਚ ਕੇਵਲ ਇੱਕੋ ਪਾਤਰ ਦਾ ਪ੍ਰਦਰਸ਼ਨ ਹੁੰਦਾ ਹੈ| ਇੱਕੋ ਪਾਤਰ ਅਭਿਨੈ ਕਲਾ ਰਾਹੀਂ ਦੂਜੇ ਪਾਤਰਾਂ ਦੇ ਸੰਵਾਦਾਂ ਦਾ ਉਚਾਰਨ ਕਰਦਾ ਹੈ| ਸਰੀਰਕ ਮੁਦਰਾਵਾਂ ਰਾਹੀਂ ਦੂਜੇ ਪਾਤਰਾਂ ਦੇ ਸੰਵਾਦਾਂ ਨੂੰ ਸੁਣਨ ਦਾ ਅਭਿਨੈ ਵੀ ਕਰਦਾ ਹੈ| ਦੂਜੇ ਰੂਪਕਾਂ ਦੀ ਤਰ੍ਹਾਂ ਇਸ ਵਿੱਚ ਬਹੁਤੇ ਅੰਕ ਨਹੀਂ ਹੁੰਦੇ ਸਗੋਂ ਇੱਕੋ ਅੰਕ ਹੁੰਦਾ ਹੈ| ਸੰਸਕ੍ਰਿਤ ਨਾਟ ਪਰੰਪਰਾ ਵਿੱਚ ਇਸ ਰੂਪਕ ਦੀ ਦੀਰਘ ਪਰੰਪਰਾ ਹੈ| ਵੀਥੀ ਨਾਟ ਰੂਪਕ ਵਿੱਚ ਇੱਕੋ ਅੰਕ ਹੁੰਦਾ ਹੈ| ਵੀਥੀ ਤੋ ਭਾਵ ਗਲੀ ਜਾਂ ਰਾਹ ਤੋਂ ਹੈ| ਇਹ ਇੱਕ ਤਰ੍ਹਾਂ ਨਾਲ ਉਸ ਵੇਲੇ ਦਾ ਸਟਰੀਟ ਪਲੇ ਹੈ| ਇਸ ਵਿੱਚ ਸਾਰੇ ਰਸਾਂ ਦੀ ਵਰਤੋਂ ਕੀਤੀ ਜਾਂਦੀ ਹੈ| ਭਰਤਮੁਨੀ ਦੇ ਨਾਟ ਸ਼ਾਸਤਰ ਵਿੱਚ ਇਸ ਨਾਟ-ਰੂਪਕ ਲਈ ਤੇਰਾਂ ਅੰਗਾਂ ਦਾ ਜ਼ਿਕਰ ਕੀਤਾ ਗਿਆ ਹੈ| ਹਸਾਉਣੇ ਸੰਵਾਦਾਂ ਰਾਹੀਂ ਨਾਟਕੀ ਕਟਾਖਸ਼ ਉਸਾਰਨ ਦੀ ਪਰੰਪਰਾ ਵੀਥੀ ਰੂਪਕ ਦੇ ਅੰਤਰਗਤ ਮਿਲਦੀ ਹੈ| ਭੰਡਾਂ ਮਰਾਸੀਆਂ ਦੀ ਗੱਲਬਾਤ ਵਿੱਚੋਂ ਉਪਜਣ ਵਾਲਾ ਹਾਸ ਰਸ ਇਸ ਰੂਪਕ ਵਿੱਚੋਂ ਦ੍ਰਿਸ਼ਟੀਗੋਚਰ ਹੁੰਦਾ ਹੈ| ਪ੍ਰਹਸਨ ਨਾਟ-ਰੂਪਕ ਦੀਆਂ ਦੋ ਕਿਸਮਾਂ ਦਰਸਾਈਆਂ ਗਈਆਂ ਹਨ| ਸ਼ੁੱਧ ਅਤੇ ਸੰਕੀਰਨ ਪ੍ਰਹਸਨ| ਪੂਜਾ ਪਾਠ ਕਰਨ ਵਾਲੇ ਬ੍ਰਾਹਮਣਾਂ ਦੇ ਜੀਵਨ ਆਚਾਰ ਵਿੱਚ ਪਸਰੇ ਪਖੰਡ ਦਾ ਹਾਸੇ ਦੀ ਵਿਧੀ ਰਾਹੀਂ ਮਖੌਲ ਉਡਾਉਣਾ ਸ਼ੁੱਧ ਪ੍ਰਹਸਨ ਦੇ ਅੰਤਰਗਤ ਆਉਂਦਾ ਹੈ| ਨਿਮਨ ਵਰਗ ਵਿੱਚ ਫੈਲੇ ਕੁਹਜ ਅਤੇ ਕੁਰੀਤੀਆਂ ਨੂੰ ਪ੍ਰਗਟਾਉਣ ਵਾਲੀ ਰਚਨਾ ਨੂੰ ਸੰਕੀਰਨ ਪ੍ਰਹਸਨ ਕਿਹਾ ਜਾਂਦਾ ਹੈ| ਸ਼ੁੱਧ ਪ੍ਰਹਸਨ ਵਿੱਚ ਭਾਸ਼ਾ ਦਾ ਮਿਆਰ ਸ਼ੁੱਧ ਰੱਖਿਆ ਜਾਂਦਾ ਹੈ| ਸੰਕੀਰਨ ਪ੍ਰਹਸਨ ਵਿੱਚ ਧੋਖਾ, ਫ਼ਰੇਬ ਤੇ ਫ਼ਜ਼ੂਲ ਕਿਸਮ ਦੇ ਸੰਵਾਦਾਂ ਦੀ ਗੁੰਜਾਇਸ਼ ਵਧੇਰੇ ਹੁੰਦੀ ਹੈ| ਅੰਕ ਜਾਂ ਉਤਸ੍ਰਿਸ਼ਟਿਕਾਂਕ ਰੂਪਕ ਵਿੱਚ ਇੱਕ ਹੀ ਅੰਕ ਹੁੰਦਾ ਹੈ| ਇਸ ਦੀ ਕਥਾ ਵਸਤੂ ਇਤਿਹਾਸ ਆਧਾਰਤ ਹੁੰਦੀ ਹੈ| ਇਸ ਦੇ ਪਾਤਰ ਦੈਵੀ ਸ਼ਖਸੀਅਤ ਦੇ ਨਾ ਹੋ ਕੇ ਸਾਧਾਰਨ ਕਿਸਮ ਦੇ ਮਨੁੱਖ ਹੀ ਹੁੰਦੇ ਹਨ| ਇਸਤਰੀਆਂ ਦੇ ਰੋਣ ਕੁਰਲਾਣ ਤੇ ਵਿਰਲਾਪ ਦੇ ਦ੍ਰਿਸ਼ਾਂ ਦੀ ਭਰਮਾਰ ਹੁੰਦੀ ਹੈ| ਇਹ ਕਰੁਣਾ ਰਸ ਪ੍ਰਧਾਨ ਰੂਪਕ ਹੈ| ਸੰਸਕ੍ਰਿਤ ਨਾਟਕ ਭਾਸ ਦਾ 'ਉਰੂਭੰਗ' ਉਤਸ੍ਰਿਸ਼ਟਿਕਾਂਕ ਦੀ ਬਿਹਤਰੀਨ ਉਦਾਹਰਨ ਹੈ| (ਸਹਾਇਕ ਗ੍ਰੰਥ - ਨਵਨਿੰਦਰਾ ਬਹਿਲ : ਨਾਟਕੀ ਸਾਹਿਤ; ਬਖ਼ਸ਼ੀਸ਼ ਸਿੰਘ : ਪੰਜਾਬੀ ਨਾਟਕ ਵਿੱਚ ਲੋਕ ਤੱਤ; ਭਰਤ ਮੁਨੀ: ਨਾਟਯ ਸ਼ਾਸਤ੍ਰ)

ਦਰਸ਼ਕ

Audience

ਦਰਸ਼ਕ, ਨਾਟਕ ਦੀ ਮਹੱਤਵਪੂਰਨ ਧਿਰ ਹੁੰਦੇ ਹਨ| ਪਾਤਰਾਂ ਤੋਂ ਦਰਸ਼ਕਾਂ ਤੱਕ ਫ਼ੈਲਣ ਵਾਲੀ ਇਸ ਵਿਧਾ ਵਿੱਚ ਦਰਸ਼ਕਾਂ ਦੀ ਅਹਿਮੀਅਤ ਨਾਟਕ ਦੀਆਂ ਹੋਰ ਜ਼ਰੂਰੀ ਧਿਰਾਂ ਨਾਲੇ ਕਿਸੇ ਤਰ੍ਹਾਂ ਵੀ ਘੱਟ ਨਹੀਂ ਹੁੰਦੀ| ਨਾਟ ਪਾਠ ਦੀ ਮੰਚਣ ਪ੍ਰਕ੍ਰਿਆ ਦੌਰਾਨ ਅਰਥਾਂ ਦਾ ਸਿੱਧਾ ਸੰਚਾਰ ਦਰਸ਼ਕਾਂ ਤੱਕ ਪਹੁੰਚਦਾ ਹੈ| ਸੰਚਾਰ ਦੀ ਇਹ ਪ੍ਰਕ੍ਰਿਆ ਹੀ ਨਾਟਕ ਦੀ ਵਿਧਾ ਨੂੰ ਸਾਹਿਤ ਦੇ ਹੋਰ ਰੂਪਾਂ ਤੋਂ ਵੱਖਰਿਆਂ ਕਰਦੀ ਹੈ| ਰੰਗਮੰਚ ਦੀ ਮੁੱਢਲੀ ਲੋੜ ਦਰਸ਼ਕ ਹੀ ਹੁੰਦੇ ਹਨ| ਨਾਟਕੀ ਮੰਚਣ ਵੇਲੇ ਪਾਤਰਾਂ ਦੇ ਸੰਵਾਦ ਉਚਾਰਨ ਤੋਂ ਪਹਿਲਾਂ, ਦਰਸ਼ਕ ਮਹਿਜ ਦ੍ਰਿਸ਼ ਦੇ ਜ਼ਰੀਏ, ਪਾਤਰਾਂ ਦੀ ਵੇਸਭੂਸ਼ਾ ਤੇ ਮੇਕਅੱਪ ਰਾਹੀਂ ਹੀ ਕਈ ਕੁਝ ਹਾਸਿਲ ਕਰ ਲੈਣ ਦੀ ਹੈਸੀਅਤ ਵਿੱਚ ਹੁੰਦੇ ਹਨ| ਕਿਸੇ ਨਾਟਕ ਵਿੱਚ ਨਾਟਕਕਾਰ , ਨਾਟਕ-ਨਿਰਦੇਸ਼ਕ, ਅਦਾਕਾਰ ਵਾਂਗ ਦਰਸ਼ਕ ਦੀ ਜਗ੍ਹਾ ਵੀ ਉਨ੍ਹੀ ਹੀ ਮਹੱਤਵਪੂਰਨ ਹੁੰਦੀ ਹੈ| ਨਾਟ-ਪਾਠ ਦੇ ਮੰਚਣ ਵੇਲੇ ਨਾਟਕ ਦੀ ਟੈਕਸਟ ਨੂੰ ਬਹੁਪਰਤੀ ਤੇ ਬਹੁਦਿਸ਼ਾਵੀ ਬਣਾਉਣ ਵਿੱਚ ਦਰਸ਼ਕ ਦੀ ਭੂਮਿਕਾ ਸਭ ਤੋਂ ਅਹਿਮ ਹੁੰਦੀ ਹੈ| ਉਹ ਪਾਤਰਾਂ ਦੀ ਅਦਾਕਾਰੀ ਉਨਾਂ੍ਹ ਦੇ ਸੰਕੇਤਾਂ, ਇਸ਼ਾਰਿਆਂ, ਹਾਵਾਂ ਭਾਵਾਂ ਤੇ ਉਨ੍ਹਾਂ ਦੀ ਚੁੱਪ ਨੂੰ ਡੀ ਕੋਡ ਕਰਦਾ ਹੋਇਆ ਨਾਟਕ ਦੇ ਥੀਮ ਨੂੰ ਵਿਸ਼ਾਲ ਕਲੇਵਰ ਤੇ ਫ਼ੈਲਾਉਂਦਾ ਹੈ| ਨਾਟ ਪਾਠ ਦੀ ਰਚਨਾ ਕਰਨ ਵੇਲੇ ਹੀ ਨਾਟਕਕਾਰ ਦਰਸ਼ਕ ਵਰਗ ਨੂੰ ਆਪਣੀ ਕਲਪਨਾ ਵਿੱਚ ਰੱਖ ਕੇ ਨਾਟਕ ਦੀ ਸਿਰਜਨਾ ਕਰਦਾ ਹੈ| ਲਾਈਵ ਵਿਧਾ ਹੋਣ ਕਰਕੇ ਦਰਸ਼ਕਾਂ ਦੇ ਪ੍ਰਤਿਕਰਮ ਤੋਂ ਨਾਟਕਕਾਰ ਨੂੰ ਹਮੇਸ਼ਾ ਸੁਚੇਤ ਰਹਿਣਾ ਪੈਂਦਾ ਹੈ| ਦਰਸ਼ਕ ਵਰਗ ਦੀਆਂ ਭਾਵਨਾਵਾਂ ਤੋਂ ਵਿਪਰੀਤ ਖੇਡਿਆ ਜਾਣ ਵਾਲਾ ਨਾਟਕ, ਨਾਟਕ ਨੂੰ ਫ਼ਲਾਪ ਕਰਨ ਦੇ ਨਾਲ-ਨਾਲ ਨਾਟਕ ਨਿਰਦੇਸ਼ਕ ਲਈ ਭਾਰੀ ਬਿਪਤਾ ਵੀ ਖੜ੍ਹਾ ਕਰ ਸਕਦਾ ਹੈ| ਇਸ ਲਈ ਦਰਸ਼ਕ ਵਰਗ ਦੀਆਂ ਮਨੋਵਿਗਿਆਨਕ ਰੁਚੀਆਂ ਨਾਟਕੀ ਪੇਸ਼ਕਾਰੀ ਦੀ ਸਫ਼ਲਤਾ ਜਾਂ ਅਸਫ਼ਲਤਾ ਦਾ ਆਧਾਰ ਬਣਦੀਆਂ ਹਨ| ਦਰਸ਼ਕ ਨਾਟਕ ਦੀ ਟੈਕਸਟ/ਪਾਠ ਬਾਰੇ ਸੋਚਣ ਦੀ ਪ੍ਰਕ੍ਰਿਆ ਵਿੱਚੋਂ ਨਹੀਂ ਗੁਜ਼ਰਦਾ ਸਗੋਂ ਹਰ ਨਿੱਕੇ ਵੱਡੇ ਵੇਰਵੇ ਨੂੰ ਆਪਣੀਆਂ ਅੱਖਾਂ ਸਾਹਮਣੇ ਵਾਪਰਦਾ ਦੇਖਦਾ ਹੈ| ਮੰਚ ਉੱਤੇ ਜੀਵੰਤ ਰੂਪ ਵਿੱਚ ਚਲ ਰਹੀ ਜਿੰਦਗੀ ਦਰਸ਼ਕ ਨੂੰ ਖਾਸ ਕਿਸਮ ਦਾ ਅਨੰਦ ਅਤੇ ਹੁਲਾਰਾ ਪ੍ਰਦਾਨ ਕਰਦੀ ਹੈ| ਕਿਸੇ ਵੀ ਨਾਟਕ ਦੀ ਮੰਚੀ ਪੇਸ਼ਕਾਰੀ ਦੀ ਸਫ਼ਲਤਾ ਜਾਂ ਅਸਫ਼ਲਤਾ ਦੇ ਅਸਲੀ ਜੱਜ ਦਰਸ਼ਕ ਬਣਦੇ ਹਨ| ਨਾਟ ਰਚਨਾ ਵਿਚਲੇ ਸੰਦੇਸ਼ ਦੀ ਮਹੱਤਤਾ ਇਸ ਗੱਲ ਉੱਤੇ ਨਿਰਭਰ ਕਰਦੀ ਹੈ ਕਿ ਉਹ ਦਰਸ਼ਕਾਂ ਨੂੰ ਕਿਸ ਹੱਦ ਤਕ ਪ੍ਰਭਾਵਤ ਕਰਨ ਵਿੱਚ ਸਮਰੱਥ ਰਿਹਾ ਹੈ| ਵਿਸ਼ਵ ਪੱਧਰ ਉੱਤੇ ਕਿਸੇ ਵੀ ਭਾਸ਼ਾ ਵਿੱਚ ਰਚਿਆ ਜਾਣ ਵਾਲਾ ਨਾਟਕ ਰੰਗਮੰਚ ਅਤੇ ਦਰਸ਼ਕਾਂ ਤੋਂ ਵਿਹੂਣੇ ਹੋਣ ਦੀ ਸਥਿਤੀ ਵਿੱਚ ਵਿਕਸਿਤ ਨਹੀਂ ਹੋਇਆ| ਪੰਜਾਬੀ ਨਾਟਕ ਦੇ ਸੰਦਰਭ ਵਿੱਚ ਦਰਸ਼ਕ ਵਰਗ ਨਾਟਕ ਦੀ ਪ੍ਰਮੁੱਖ ਧਿਰ ਬਣਿਆ ਰਿਹਾ ਹੈ ਪਰ ਇਸ ਵਰਗ ਦੀ ਮੰਚੀ ਭਾਸ਼ਾ ਨੂੰ ਸਮਝਣ ਵਿੱਚ ਵੀ ਸਦਾ ਇੱਕ ਸੀਮਾ ਬਣੀ ਰਹੀ ਹੈ ਜਿਸ ਦੇ ਸਿੱਟੇ ਵਜੋਂ ਪੰਜਾਬੀ ਨਾਟਕ ਸੁਧਾਰਵਾਦੀ ਤੇ ਉਪਦੇਸ਼ਾਤਮਕ ਰੁਚੀਆਂ ਤੱਕ ਸੀਮਤ ਰਿਹਾ ਹੈ| ਦਰਸ਼ਕ ਵਰਗ ਦੇ ਇਸ ਦਬਾਅ ਕਾਰਨ ਪੰਜਾਬੀ ਨਾਟਕਕਾਰਾਂ ਨੇ ਜਟਿਲ ਕਥਾਨਕਾਂ ਨੂੰ ਲੈ ਕੇ ਨਾਟਕਾਂ ਦੀ ਸਿਰਜਨਾ ਨਹੀਂ ਕੀਤੀ| ਜਿੱਥੇ ਅਲਪ ਵਿਕਸਿਤ ਮੰਚ ਅਤੇ ਹੰਢੇ ਵਰਤੇ ਕਲਾਕਾਰਾਂ ਦੀ ਘਾਟ ਪੰਜਾਬੀ ਨਾਟਕ ਦੇ ਵਿਕਾਸ ਦੀ ਸੀਮਾ ਬਣੀ ਰਹੀ ਹੈ ਉੱਥੇ ਦਰਸ਼ਕ ਵਰਗ ਵੀ ਇਸ ਵਿਧਾ ਦੇ ਵਿਕਾਸ ਦੇ ਰਾਹ ਵਿੱਚ ਰੁਕਾਵਟ ਬਣਿਆ ਰਿਹਾ ਹੈ| ਇਉਂ ਦਰਸ਼ਕ ਜਿੱਥੇ ਇਸ ਵਿਧਾ ਦੀ ਪ੍ਰਮੁੱਖ ਲੋੜ ਹੈ ਉੱਥੇ ਇੱਕ ਸੀਮਾ ਵੀ ਸਿੱਧ ਹੁੰਦਾ ਹੈ| ਦ੍ਰਿਸ਼ ਦੀ ਕਲਾ ਹੋਣ ਕਰਕੇ ਕੋਈ ਵੀ ਨਾਟ ਰਚਨਾ ਦਰਸ਼ਕਾਂ ਤੋਂ ਟੁੱਟ ਕੇ ਪ੍ਰਵਾਨ ਨਹੀਂ ਚੜ੍ਹਦੀ| (ਸਹਾਇਕ ਗ੍ਰੰਥ - ਸੁਰਜੀਤ ਸਿੰਘ ਸੇਠੀ : ਨਾਟਕ ਕਲਾ; ਪਾਲੀ ਭੁਪਿੰਦਰ ਸਿੰਘ : ਪੰਜਾਬੀ ਨਾਟਕ ਦਾ ਕਾਵਿ ਸ਼ਾਸਤਰ (ਪੰਜਾਬ ਯੂਨੀਵਰਸਿਟੀ ਨੂੰ ਪ੍ਰਸਤੁਤ ਖੋਜ ਪ੍ਰਬੰਧ)


logo