logo
भारतवाणी
bharatavani  
logo
Knowledge through Indian Languages
Bharatavani

Punjabi Encyclopaedic Dictionary of Theatre (Punjabi-English)

ਸਪਰੂ ਥੀਏਟਰ

( Theatre of Saproo House )

ਸਪਰੂ ਥੀਏਟਰ ( Theatre of Saproo House ) : - ਸਪਰੂ ਥੀਏਟਰ ਦਾ ਅਰੰਭ ਸੱਤਵੇਂ ਦਹਾਕੇ ਵਿੱਚ ਪ੍ਰੇਮ ਜਲੰਧਰੀ ਦੀ ਨਾਟ ਮੰਡਲੀ ਦੁਆਰਾ ਦਿੱਲੀ ਵਿੱਚ ਹੋਇਆ । ਇਹ ਬੜੇ ਲੱਚਰ ਕਿਸਮ ਦੇ ਭੜਕਾਊ ਜਿਹੇ ਨਾਟਕ ਸਨ । ਵਿਸ਼ੇ ਪੱਖੋਂ ਬੜੇ ਹਲਕੇ ਕਿਸਮ ਦੇ ਇਨਾਂ ਨਾਟਕਾਂ ਨੂੰ ਦੇਖਣ ਲਈ ਥੀਏਟਰ ਖਚਾਖਚ ਭਰ ਜਾਂਦੇ ਸਨ । ਪ੍ਰੇਮ ਜਲੰਧਰੀ ਤੋਂ ਮਗਰੋਂ ਹੋਰ ਨਾਟ ਮੰਡਲੀਆਂ ਵੀ ਪੈਸੇ ਕਮਾਉਣ ਦੇ ਚੱਕਰ ਵਿੱਚ ਸੁਪਰੁ ਥੀਏਟਰ ਲਈ ਨਾਟਕ ਖੇਡਣ ਲੱਗੀਆਂ । ਇਨ੍ਹਾਂ ਨਾਟਕਾਂ ਦੇ ਨਾਂ ਤੋਂ ਹੀ ਇਨ੍ਹਾਂ ਦੇ ਮਿਆਰ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ । ਸੋਟੀ ਨਰਮਾ ਵਹੁਟੀ ਗਰਮ , ਕੁੜੀ ਕੁਆਰੀ ਲੱਗੇ ਪਿਆਰੀ , ਹਲਵਾ ਸੁਜੀ ਦਾ ਚਸਕਾ ਦੂਜੀ ਦਾ , ਵੇਖ ਹਸੀਨਾ ਆਏ ਪਸੀਨਾ , ਹੀਰ ਪਰਾਈ ਹੱਥ ਨਾ ਆਈ , ਖਸਮ ਸ਼ੀਲਾ ਦਾ ਆਸ਼ਕ ਲੀਲਾ ਦਾ , ਆਦਿ ਅਜਿਹੇ ਨਾਟਕਾਂ ਦੀ ਲੰਮੀ ਸੂਚੀ ਹੈ ਜਿਹੜੇ ਸੁਪਰ ਹਾਉਸ ਵਿੱਚ ਖੇਡੇ ਗਏ । ਪਰ ਅਜਿਹੇ ਹਲਕੇ ਤੋਂ ਲੱਚਰ ਕਿਸਮ ਦੇ ਨਾਟਕਾਂ ਨੂੰ ਖੇਡਣ ਵਾਲੇ ਕਲਾਕਾਰ ਹਲਕੇ ਨਹੀਂ ਸਨ ਸਗੋਂ ਬਹੁਤੇ ਪ੍ਰਦਰਸ਼ਨ ਕਮਾਲ ਦੇ ਕਲਾਕਾਰਾਂ ਵਲੋਂ ਕੀਤੇ ਜਾਂਦੇ ਸਨ । ਕੇ.ਅਨੰਦ ਤੇ ਸੰਤੋਸ਼ ਲਤਾ ਵਰਗੇ ਚੋਟੀ ਦੇ ਕਿਰਦਾਰਾਂ ਨੇ ਇਨ੍ਹਾਂ ਨਾਟਕਾਂ ਵਿੱਚ ਬਤੌਰ ਅਦਾਕਾਰਾਂ ਦੇ ਆਪਣੀ ਭੂਮਿਕਾ ਨਿਭਾਈ । ਜਲਦੀ ਹੀ ਸਮਾਜ ਦੇ ਬੁੱਧੀਜੀਵੀ ਵਰਗ ਨੇ ਇਸ ਦਾ ਗੰਭੀਰ ਨੋਟਿਸ ਲਿਆ । ਅਖਬਾਰਾਂ ਵਾਲਿਆਂ ਨੇ ਬੜੀ ਤਿੱਖੀ ਸੁਰ ਵਿੱਚ ਅਜਿਹੀਆਂ ਦਰਸ਼ਨੀਆਂ ਦਾ ਵਿਰੋਧ ਕੀਤਾ । ਸਿੱਟੇ ਵਜੋਂ ਹੌਲੀ ਹੌਲੀ ਇਹ ਥੀਏਟਰ ਬੰਦ ਹੋਣ ਦੇ ਕਿਨਾਰੇ ਪਹੁੰਚ ਗਿਆ । ਲਗਭਗ ਪੰਦਰਾਂ ਸਾਲ ਚੱਲੀ ਥੀਏਟਰ ਦੀ ਇਹ ਲਹਿਰ ਅਖੀਰ ਖ਼ਤਮ ਹੋ ਗਈ । ਜ਼ਿੰਦਗੀ ਦੀਆਂ ਕਦਰਾਂ ਕੀਮਤਾਂ ਤੋਂ ਰਹਿਤ ਇਸ ਥੀਏਟਰ ਤੋਂ ਲੋਕ ਆਪ ਹੀ ਉਕਤਾ ਗਏ । ਇਨਾਂ ਨਾਟਕਾਂ ਵਿੱਚ ਵਰਤੀ ਜਾਣ ਵਾਲੀ ਭਾਸ਼ਾ ਬਹੁਅਰਥੀ ਭਾਵਾਂ ਨੂੰ ਪ੍ਰਗਟਾਉਣ ਵਾਲੀ ਤੇ ਅਸ਼ਲੀਲ ਕਿਸਮ ਦੇ ਲਹਿਜੇ ਵਾਲੀ ਹੁੰਦੀ ਸੀ । ( ਸਹਾਇਕ ਥ - - ਕਮਲੇਸ਼ ਉੱਪਲ : ਪੰਜਾਬੀ ਨਾਟਕ ਤੇ ਰੰਗਮੰਚ ; ਗੁਰਦਿਆਲ ਸਿੰਘ ਫੁੱਲ : ਪੰਜਾਬੀ ਨਾਟਕ ਸਰੂਪ , ਸਿਧਾਂਤ ਤੇ ਵਿਕਾਸ

ਸਪੀਚ

Speech

ਸਪੀਚ ( Speech ) : - ਨਾਟਕ ਇੱਕ ਅਜਿਹੀ ਦ੍ਰਿਸ਼ਗਤ ਕਲਾ ਹੈ ਜਿਸ ਵਿੱਚ ਸੰਕੇਤ , ਜੈਸਚਰ , ਸਰੀਰਕ ਭਾਸ਼ਾ ਤੇ ਮੂਕ ਅਦਾਕਾਰੀ ਦਾ ਮਹੱਤਵਪੂਰਨ ਰੋਲ ਹੁੰਦਾ ਹੈ । ਸੰਚਾਰ ਦੀਆਂ ਇਹ ਵਿਧੀਆਂ ਜਿੱਥੇ ਨਾਟਕ ਦੇ ਅਰਥਾਂ ਨੂੰ ਸਮਝਣ ਵਿੱਚ ਸਹਾਈ ਸਿੱਧ ਹੁੰਦੀਆਂ ਹਨ ਉੱਥੇ ਇਨ੍ਹਾਂ ਵਿਧੀਆਂ ਦੇ ਨਾਲ - ਨਾਲ ਸਪੀਚ / ਬੋਲਚਾਲ ਵੀ ਨਾਟਕ ਦੀ ਅਜਿਹੀ ਅਹਿਮ ਲੋੜ ਹੈ ਜਿਹੜੀ ਉਪਰੋਕਤ ਸਾਰੀਆਂ ਵਿਧੀਆਂ ਤੋਂ ਵਧੇਰੇ ਕਾਰਗਰ ਰੋਲ ਅਦਾ ਕਰਦੀ ਹੈ । ਸਪੀਚ ਤੋਂ ਭਾਵ ਅਦਾਕਾਰ ਦੁਆਰਾ ਉਚਾਰੇ ਜਾਂਦੇ ਬੋਲਾਂ ਦੀ ਪ੍ਰਸਤਤੀ ਤੋਂ ਹੈ । ਇਸ ਵਿੱਚ ਅਭਿਨੇਤਾ ਦਾ ਉਚਾਰਨ ਢੰਗ ਜਿਸ ਵਿੱਚ ਉਸ ਦੇ ਬੋਲਣ ਦੀ ਸਪੀਡ , ਜੋਸ਼ ਅਤੇ ਪਿੱਚ ਆਦਿ ਸਭ ਕੁਝ ਸ਼ਾਮਲ ਹੁੰਦਾ ਹੈ । ਮਿਸਾਲ ਦੇ ਤੌਰ ' ਤੇ ਖ਼ਲਨਾਇਕ ਦੀ ਭੂਮਿਕਾ ਨਿਭਾਉਣ ਵਾਲੇ ਪਾਤਰ ਦੀ ਬੋਲਚਾਲ ਵਿੱਚ ਮਿਠਾਸ ਤੇ ਨਰਮੀ ਨਾਟਕੀ ਪ੍ਰਭਾਵ ਨੂੰ ਖੰਡਿਤ ਕਰ ਸਕਦੀ ਹੈ । ਸਪੀਚ ਦਾ ਸੰਬੰਧ ਸ਼ਬਦਾਂ ਦੇ ਉਚਾਰਨ ਨਾਲ ਵੀ ਹੁੰਦਾ ਹੈ । ਸ਼ਬਦਾਂ ਦਾ ਗਲਤ ਉਚਾਰਨ ਦਰਸ਼ਕਾਂ ਨੂੰ ਹਮੇਸ਼ਾ ਖਟਕਦਾ ਹੈ । ਨਿਰਦੇਸ਼ਕ ਵਲੋਂ ਉਚੇਚੇ ਤੌਰ ਤੇ ਇਨ੍ਹਾਂ ਗੱਲਾਂ ਦਾ ਧਿਆਨ ਰੱਖਿਆ ਜਾਂਦਾ ਹੈ । ਇਸੇ ਤਰ੍ਹਾਂ ਉਚਾਰਨ ਦੀ ਸਪਸ਼ਟਤਾ ਅਤੇ ਸ਼ਬਦਾਂ ਦਾ ਉਤਾਰ ਚੜਾਅ ਵੀ ਸਪੀਚ ਦੇ ਅੰਤਰਗਤ ਹੀ ਵਿਚਾਰੇ ਜਾਣ ਵਾਲੇ ਮੁੱਦੇ ਹਨ । ਭਾਸ਼ਾ ਦਾ ਦਰਸ਼ਕਾਂ ਤੱਕ ਸਹੀ ਸੰਚਾਰ ਕਰਨ ਲਈ ਨਿਰਦੇਸ਼ਕ ਵਲੋਂ ਨਾਟਕ ਦੀ ਮੁੜ - ਮੁੜ ਰਿਹਰਸਲ ਕਰਵਾਈ ਜਾਂਦੀ ਹੈ । ਸ਼ਬਦਾਂ ਉੱਤੇ ਘੱਟ ਜਾਂ ਵੱਧ ਦਬਾਓ ਦੇਣ ਨਾਲ ਭਾਸ਼ਾ ਦੇ ਅਰਥ ਬਦਲ ਜਾਂਦੇ ਹਨ । ਸੂਝਵਾਨ ਨਿਰਦੇਸ਼ਕ ਇਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਅਦਾਕਾਰਾਂ ਬੋਲਚਾਲ ਨੂੰ ਉਚੇਚੇ ਤੌਰ ' ਤੇ ਅਹਿਮੀਅਤ ਦੇਂਦਾ ਹੈ । ਨਾਟਕੀ ਬੋਲਚਾਲ ਦਾ ਸੰਬੰਧ ਇਸ ਗੱਲ 'ਤੇ ਵੀ ਨਿਰਭਰ ਕਰਦਾ ਹੈ ਕਿ ਨਾਟਕ ਦੀ ਪੇਸ਼ਕਾਰੀ ਦਾ ਸਥਾਨ ਕਿਹੜਾ ਹੈ। ਆਡੀਟੋਰੀਅਮ ਵਿੱਚ ਪੇਸ਼ ਹੋਣ ਵਾਲੇ ਨਾਟਕ ਦੇ ਅਭਿਨੇਤਾ ਭਾਵਪੂਰਤ ਸੰਵਾਦਾਂ ਨੂੰ ਬੋਲਣ ਵੇਲੇ ਦਰਸ਼ਕਾਂ ਦੇ ਨੇੜੇ ਆਉਣ ਦਾ ਯਤਨ ਕਰਦੇ ਹਨ ਤਾਂ ਜੋ ਅਦਾਕਾਰਾਂ ਦੁਆਰਾ ਉਚਾਰੇ ਜਾਣ ਵਾਲੇ ਬੋਲਾਂ ਦਾ ਦਰਸ਼ਕਾਂ ਤੱਕ ਠੀਕ ਅਰਥਾਂ ਵਿੱਚ ਸੰਚਾਰ ਹੋ ਸਕੇ । ਅਜਿਹੇ ਸਮੇਂ ਦਰਸ਼ਕਾਂ ਅਤੇ ਅਦਾਕਾਰਾਂ ਵਿਚਲੀ ਦੂਰੀ ਨਾਟਕ ਵਿਚਲੀ ਗੰਭੀਰਤਾ ਉੱਤੇ ਸੱਟ ਹੈ । ਇਸ ਲਈ ਅਦਾਕਾਰ ਦੇ ਉਚਾਰਨ ਢੰਗ ਦੇ ਨਾਲ - ਨਾਲ ਆਵਾਜ਼ ਦੀ ਕੋਮਲਤਾ ਤੇ ਕਠੋਰਤਾ ਵੀ ਨਾਟਕੀ ਪੇਸ਼ਕਾਰੀ ਦੀ ਸਫ਼ਲਤਾ / ਅਸਫਲਤਾ ਦਾ ਆਧਾਰ ਸਿੱਧ ਹੁੰਦੀ ਹੈ ਅਦਾਕਾਰ ਦੇ ਬੋਲਣ ਦਾ ਅੰਦਾਜ਼ ਵੀ ਸਪੀਚ ਦੇ ਤਹਿਤ ਹੀ ਵਿਚਾਰਿਆ ਜਾਂਦਾ ਹੈ । ਕਿਸੇ ਸ਼ਬਦ ਉੱਤੇ ਘੱਟ ਜਾਂ ਵੱਧ ਦਬਾਓ ਪਾਉਣ ਨਾਲ ਸ਼ਬਦਾਂ ਦੇ ਅਰਥ ਬਦਲ ਜਾਂਦੇ ਹਨ । ਨਾਟਕ ਦਾ ਨਿਰਦੇਸ਼ਕ ਸ਼ਬਦਾਂ ਦੇ ਉਚਾਰਨ ਵੇਲੇ ਅਜਿਹੇ ਦਬਾਓ ਦੀ ਠੀਕ ਵਰਤੋਂ ਪ੍ਰਤੀ ਸੁਚੇਤ ਰਹਿੰਦਾ ਹੈ । ਅਦਾਕਾਰਾਂ ਦਾ ਇਕੋ ਜਿਹਾ ਉਚਾਰਨ ਢੰਗ ਨਾਟਕ ਦੀ ਪੇਸ਼ਕਾਰੀ ਵਿੱਚ ਨੀਰਸਤਾ ਅਤੇ ਅਕੇਵਾਂ ਪੈਦਾ ਕਰ ਦਿੰਦਾ ਹੈ । ਇਸ ਲਈ ਆਵਾਜ ਦੀ ਸਪੀਡ , ਉਚਾਰਨ ਵਿਧੀ ਅਤੇ ਦਬਾਓ ( Stress ) ਦੀ ਢੁਕਵੀਂ ਵਰਤੋਂ ਸਦਕਾ ਪੇਸ਼ਕਾਰੀ ਵਿਚਲੀ ਨੀਰਸਤਾ ਨੂੰ ਤੋੜਿਆ ਜਾਂਦਾ ਹੈ । ਅਦਾਕਾਰਾਂ ਦੀ ਆਵਾਜ਼ ਵਿੱਚ ਸੰਤੁਲਨ ਦਾ ਹੋਣਾ ਵੀ ਨਾਟ ਆਚਾਰੀਆਂ ਵਲੋਂ ਜ਼ਰੂਰੀ ਮੰਨਿਆ ਗਿਆ ਹੈ । ( ਸਹਾਇਕ ਗ੍ਰੰਥ - ਆਤਮਜੀਤ : ਨਾਟਕ ਦਾ ਨਿਰਦੇਸ਼ਨ : Greta colson : Voice production and speech , Marjorie Boulton : The Anatomy of Drama )

ਸ਼ਬਦ ਅਡੰਬਰ

( Rhetoric )

ਸ਼ਬਦ ਅਡੰਬਰ ( Rhetoric ) : - ਅਜਿਹੀ ਭਾਸ਼ਾ ਸ਼ੈਲੀ ਦੀ ਵਰਤੋਂ ਨਾਟਕ ਵਿੱਚ ਪੇਸ਼ ਸਥਿਤੀਆਂ ਨੂੰ ਭਾਵੁਕਤਾ ਦੀ ਰੰਗਣ ਪ੍ਰਦਾਨ ਕਰਦੀ ਹੈ । ਨਾਟਕਕਾਰ ਸੰਵਾਦਾਂ ਦੀ ਸਿਰਜਨਾ ਕਰਨ ਵੇਲੇ , ਕਿਸੇ ਸਥਿਤੀ ਦਾ ਬਿਆਨ ਕਰਨ ਸਮੇਂ ਜਾਂ ਦਿਸ਼ ਵਿਉਂਤਕਾਰੀ ਨੂੰ ਉਲੀਕਣ ਵੇਲੇ ਉਚੇਚੇ ਤੌਰ ' ਤੇ ਅਜਿਹੇ ਸਜਾਵਟੀ ਲਫਜਾਂ ਦੀ ਵਰਤੋਂ ਕਰਦਾ ਹੈ ਜਿਸ ਨਾਲ ਪਾਠਕ / ਦਰਸ਼ਕ ਨਾਟਕ ਦੀ ਵਸਤੂ ਸਥਿਤੀ ਦੀ ਗਹਿਰਾਈ ਤੱਕ ਪਹੁੰਚਣ ਦੀ ਬਜਾਏ ਭਾਸ਼ਾ ਦੇ ਸਬਦ ਜਾਲ ਵਿੱਚ ਉਲਝ ਕੇ ਰਹਿ ਜਾਂਦੇ ਹਨ । ਅਜਿਹੀ ਸਥਿਤੀ ਵਿੱਚ ਪਾਠਕ ਜਾਂ ਦਰਸ਼ਕ ਵਿਵੇਕਹੀਲ ਹੋਣ ਦੀ ਸਾਜਏ ਭਾਵੁਕਤਾ ਦੇ ਵਹਿਣ ਵਿੱਚ ਵਹਿ ਕੇ ਅੰਤਰਮੁਖਤਾਂ ਰਾਹੀਂ ਨਾਟਕੀ ਸਮੱਸਿਆ ਨੂੰ ਦੇਖਦੇ ਹਨ । ਦਰਅਸਲ ਨਾਟਕਕਾਰ ਦੀ ਇੱਕ ਬੁਨਿਆਦੀ ਲੋੜ ਦਰਸ਼ਕ ਵਰਗ ਤੋਂ “ ਬੱਲੇ ਬੱਲੇ ਗ੍ਰਹਿਣ ਕਰਨ ਦੀ ਸਦਾ ਬਣੀ ਰਹਿੰਦੀ ਹੈ । ਇਸ ਲਈ ਸੰਵਾਦਾਂ ਦੀ ਸਿਰਜਨਾ ਕਰਨ ਵੇਲੇ ਉਹ ਕਈ ਵੇਰਾਂ ਲੋੜੋਂ ਵੱਧ ਜਜ਼ਬਾਤੀ ਸ਼ੈਲੀ ਦੀ ਵਰਤੋਂ ਕਰਦਾ ਹੈ । ਅਜਿਹੀ ਸ਼ੈਲੀ ਦਰਸ਼ਕ ਵਰਗ ਨੂੰ ਜਜ਼ਬਾਤੀ ਵਹਿਣ ਵਿੱਚ ਵਹਾ ਦੇਂਦੀ ਹੈ । ਖਚਾਖਚ ਭਰੇ ਹਾਲ ਵਿੱਚ ਤਾੜੀਆਂ ਦੀ ਗੂੰਜ ਕਈ ਵੇਰਾਂ ਇੰਨੀ ਜ਼ਿਆਦਾ ਹੋ ਜਾਂਦੀ ਹੈ ਕਿ ਕਲਾ ਲਈ ਨਾਟਕ ਦੀ ਪ੍ਰਦਰਸ਼ਨੀ ਰੋਕਣੀ ਪੈਂਦੀ ਹੈ । ਅਭਿਨੇਤਾ ਅਗਲੇ ਸੰਵਾਦ ਓਦੋਂ ਬੋਲਦਾ ਹੈ ਜਦੋਂ ਹਾਲ ਵਿੱਚ ਤਾੜੀਆਂ ਦੀ ਅਵਾਜ਼ ਬੰਦ ਹੁੰਦੀ ਹੈ । ਨਿਸ਼ਚੇ ਹੀ ਦਰਸ਼ਕਾਂ ਵਲੋਂ ਅਜਿਹਾ ਹੁੰਗਾਰਾ ਨਾਟਕਕਾਰ ਨੂੰ ਭਰਪੂਰ ਤਸੱਲੀ ਦੇਂਦਾ ਹੈ ਪਰ ਲੋੜੋਂ ਵੱਧ ਅਜਿਹੀ ਅਲੰਕਾਰਕ ਤੇ ਸਜਾਵਟੀ ਸ਼ੈਲੀ ਰਚਨਾ ਨੂੰ ਪ੍ਰਮਾਣਕਤਾ ਦੇ ਮਿਆਰ ਤੋਂ ਥੱਲੇ ਵੀ ਡੇਗਦੀ ਹੈ ਕਿਉਂਕਿ ਅਜਿਹੀ ਰਚਨਾ ਪਾਠਕਾਂ / ਦਰਸ਼ਕਾਂ ਨੂੰ ਸੂਝ ਨਹੀਂ ਪ੍ਰਦਾਨ ਕਰਦੀ ਸਗੋਂ ਕੇਵਲ ਉਤੇਜਿਤ ਕਰਦੀ ਹੈ । ਉਰਜਿਤ ਦਸ਼ਾ ਵਿੱਚ ਪਾਠਕ / ਦਰਸ਼ਕ ਵਰਗ ਨਾਟਕੀ ਸਮੱਸਿਆ ਨੂੰ ਗਹਿਰਾਈ ਨਾਲ ਜਾਨਣ ਤੋਂ ਅਸਮਰੱਥ ਰਹਿੰਦਾ ਹੈ । ਅਜਿਹੀ ਸ਼ੈਲੀ ਦੀ ਵਰਤੋਂ ਨਾਲ ਨਾਟਕੀ ਰਚਨਾ ਤੱਤਕਾਲੀ ਮਨੋਰਥ ਪੂਰਾ ਕਰਨ ਤੱਕ ਹੀ ਸੀਮਤ ਰਹਿੰਦੀ ਹੈ । ਰਚਨਾ ਵਿੱਚ ਸਦੀਵਤਾ ਉਚਿਤਤਾ ਤੇ ਸੰਭਵਤਾ ਦੇ ਗੁਣ ਪੈਦਾ ਕਰਨ ਲਈ ਨਾਟਕਕਾਰ ਨੂੰ ਅਜਿਹੇ ਸ਼ਬਦ ਅਡੰਬਰ ਤੋਂ ਪਰਹੇਜ਼ ਕਰਨ ਦੀ ਲੋੜ ਹੁੰਦੀ ਹੈ । ( ਸਹਾਇਕ ਗ੍ਰੰਥ - ਵੀ , ਆਰ , ਵਿਨੋਦ : ਨਾਵਲ ਆਲੋਚਨਾ ਸ਼ਬਦਾਵਲੀ ਕੋਸ਼ , Wendell V . Harris : Dictionary of concepts in literary criticism and theory )

ਸਮੱਸਿਆ ਨਾਟਕ

( Problem Play )

ਸਮੱਸਿਆ ਨਾਟਕ ( Problem Play ) : - ਉਂਝ ਤਾਂ ਹਰੇਕ ਨਾਟਕ ਵਿੱਚ ਹੀ ਕਿਸੇ ਨਾ ਕਿਸੇ ਸਮੱਸਿਆ ਦੀ ਪੇਸ਼ਕਾਰੀ ਹੁੰਦੀ ਹੈ ਪਰ ਸਮੱਸਿਆ ਨਾਟਕ , ਨਾਟਕ ਦੀ ਅਜਿਹੀ ਵੰਨਗੀ ਹੈ ਜਿਹੜਾ ਨਿਰੋਲ ਸਮਾਜਕ ਸਮੱਸਿਆ ਨਾਲ ਜੁੜਿਆ ਹੁੰਦਾ ਹੈ । ਅਜਿਹੇ ਨਾਟਕ ਵਿੱਚ ਪੇਸ਼ ਸਮੱਸਿਆ ਦਾ ਹੱਲ ਸੁਝਾਉਣ ਲਈ ਨਾਟਕਕਾਰ ਪੂਰੀ ਕੋਸ਼ਿਸ਼ ਕਰਦਾ ਹੈ । ਸਮੱਸਿਆ ਨੂੰ ਗੰਭੀਰਤਾ ਨਾਲ ਸੋਚਣ ਤੇ ਉਹਦਾ ਹੱਲ ਲੱਭਣ ਬਾਰੇ ਦਰਸ਼ਕਾਂ ਨੂੰ ਪੂਰੀ ਤਰਾਂ ਉਤੇਜਿਤ ਕਰਨਾ ਨਾਟਕਕਾਰ ਦਾ ਮੁੱਢਲਾ ਯਤਨ ਹੁੰਦਾ ਹੈ । ਸਮੱਸਿਆ ਨਾਟਕ ਕਿਸੇ ਵੀ ਸਮੇਂ ਦੀਆਂ ਸਥਿਤੀਆਂ ਨੂੰ ਪੇਸ਼ ਕਰਨ ਵਾਲਾ ਅਜਿਹਾ ਨਾਟਕ ਹੁੰਦਾ ਹੈ ਜਿਸ ਵਿੱਚ ਮਨੁੱਖੀ ਸਰੋਕਾਰਾਂ ਤੇ ਸਮਾਜਕ ਵਰਤਾਰੇ ਨੂੰ ਗੰਭੀਰਤਾ ਨਾਲ ਪੇਸ਼ ਕੀਤਾ ਜਾਂਦਾ ਹੈ । ਮਨੁੱਖੀ ਜੀਵਨ ਦੀਆਂ ਵੱਧ ਰਹੀਆਂ ਜਟਿਲਤਾਵਾਂ ਨੂੰ ਪੇਸ਼ ਕਰਨ ਵਾਲਾ ਨਾਟਕ , ਸਮੱਸਿਆ ਨਾਟਕ ਦੇ ਅੰਤਰਗਤ ਆਉਂਦਾ ਹੈ । ਸਮੱਸਿਆ ਨਾਟਕ ਦੀ ਪ੍ਰਕ੍ਰਿਤੀ ਗੰਭੀਰਤਾ ਦੇ ਤੱਤਾਂ ਦੀ ਧਾਰਨੀ ਹੁੰਦੀ ਹੈ ਪਰ ਇਸ ਨੂੰ ਦੁਖਾਂਤਕ ਨਾਟਕ ਦਾ ਨਾਂ ਨਹੀਂ ਦਿੱਤਾ ਜਾ ਸਕਦਾ । ਇਸ ਵਿੱਚ ਮਨੁੱਖੀ ਸੰਘਰਸ਼ ਤੇ ਮਾਨਵੀ ਮੁੱਲਾਂ ਦੀ ਗੱਲ ਕੀਤੀ ਜਾਂਦੀ ਹੈ । ਇਸ ਦਾ ਉਦੇਸ਼ ਕਦਾਚਿਤ ਸਮਾਜਕ ਨੈਤਿਕ ਜਾਂ ਸਦਾਚਾਰਕ ਮੁੱਲਾਂ ਦੀ ਵਕਾਲਤ ਕਰਨਾ ਨਹੀਂ ਹੁੰਦਾ । ਇਹ ਨਾਟਕ ਵਿਚਾਰ ਪ੍ਰਧਾਨ ਹੁੰਦਾ ਹੈ ; ਇਸ ਵਿੱਚ ਬੌਧਿਕਤਾ ਦੇ ਅੰਸ਼ ਭਾਰ ਹੁੰਦੇ ਹਨ । ਅਜਿਹੇ ਨਾਟਕ ਵਿੱਚ ਜ਼ਿੰਦਗੀ ਦੇ ਸੰਘਰਸ਼ ਦੀ ਪੇਸ਼ਕਾਰੀ ਦੇ ਨਾਲ - ਨਾਲ ਸਮੱਸਿਆ ਦੇ ਹੱਲ ਵੀ ਪੇਸ਼ ਕੀਤੇ ਜਾਂਦੇ ਹਨ । ਕੁਝ ਨਾਟਕਕਾਰ ਮਨੁੱਖ ਦੇ ਜੂਝਣ ਦੀ ਗੱਲ ਤਾਂ ਕਰਦੇ ਹਨ ਪਰ ਕੋਈ ਨਿਸ਼ਚਿਤ ਸੇਧ ਪ੍ਰਦਾਨ ਨਹੀਂ ਕਰਦੇ । ਉਹ ਜਾਣ ਲੈਣ ਤਾਂ ਨਾਟਕ ਵਿੱਚ ਪ੍ਰਚਾਰ ਦੀ ਸੁਰ ਭਾਰੂ ਹੋ ਜਾਂਦੀ ਹੈ ਤੇ ਨਾਟਕ ਸਿਧਾਂਤਕ ਕਿਸਮ ਦਾ ਬਣ ਜਾਂਦਾ ਹੈ । ਆਈ . ਸੀ . ਨੰਦਾ ਦੇ ਸੁਭੱਦਰਾ ਨਾਟਕ ਨੂੰ ਸਮੱਸਿਆ ਨਾਟਕ ਦੀ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ । ਨਾਟਕ ਦੇ ਅਖੀਰ ' ਤੇ ਸਮੱਸਿਆ ਦਾ ਹੱਲ ਪੇਸ਼ ਕਰ ਦਿੱਤਾ ਗਿਆ ਹੈ । ਨਾਟਕ ਵਿੱਚ ਗੰਭੀਰਤਾ ਦੇ ਨਾਲ ਨਾਲ ਵਿਚਾਰ ਤੇ ਤਰਕ ਪ੍ਰਧਾਨ ਰੂਪ ਵਿੱਚ ਨਜ਼ਰ ਆਉਂਦੇ ਹਨ । (ਸਹਾਇਕ ਗ੍ਰੰਥ - ਗੁਰਦਿਆਲ ਸਿੰਘ ਫੁੱਲ : ਪੰਜਾਬੀ ਨਾਟਕ ਸਰੂਪ ਸਿਧਾਂਤ ਤੇ ਵਿਕਾਸ)

ਸਮਾਂ ਅਤੇ ਸਥਾਨ

( Time and space )

ਸਾਹਿਤ ਦੀਆਂ ਦੂਜੀਆਂ ਰੂਪ ਵਿਧਾਵਾਂ , ਨਾਵਲ , ਕਹਾਣੀ ਅਤੇ ਕਵਿਤਾ ਨਾਲੋਂ ਸਮੇਂ ਤੇ ਸਥਾਨ ਦਾ ਸੰਕਲਪ ਨਾਟਕ ਵਿੱਚ ਵੱਖਰੇ ਢੰਗ ਨਾਲ ਪੇਸ਼ ਹੁੰਦਾ ਹੈ । ਇਹ ਵੱਖਰਤਾ ਹੀ ਨਾਟਕ ਦੀ ਹੋਂਦ ਵਿਧੀ ਦਾ ਆਧਾਰ ਸਿਰਜਦੀ ਹੈ । ਨਾਟਕ ਦਾ ਪ੍ਰਦਰਸ਼ਨੀ ਤੱਤ ਇਸ ਵਿਧਾ ਦਾ ਅਜਿਹਾ ਪਹਿਲੂ ਹੈ ਜਿਹੜਾ ਸਮੇਂ ਸਥਾਨ ਦੀਆਂ ਸੀਮਾਵਾਂ ਵਿੱਚ ਬੰਨ੍ਹਿਆ ਹੁੰਦਾ ਹੈ । ਮੰਚ ਉੱਤੇ ਪੇਸ਼ ਹੋਣ ਵਾਲਾ ਨਾਟਕੀ ਕਾਰਜ ਸਮੇਂ ਦੇ ਨਿਰੰਤਰ ਕ੍ਰਮ ਵਿੱਚ ਵਾਪਰਦਾ ਹੈ । ਨਾਟਕੀ ਕਥਾਨਕ ਦੀ ਵਿਉਂਤਕਾਰੀ ਕਰਨ ਲੱਗਿਆ ਇਹ ਨਾਟਕਕਾਰ ਦੀ ਇੱਛਾ 'ਤੇ ਨਿਰਭਰ ਕਰਦਾ ਹੈ ਕਿ ਉਹ ਨਾਟਕ ਦਾ ਅਰੰਭ, ਅਖੀਰ , ਜਾਂ ਅੰਤ ਕਿਸ ਘਟਨਾ ਤੋਂ ਕਰੇ । ਨਾਟਕ ਵਰਤਮਾਨ ਸਮੇਂ ਵਿੱਚ ਪੇਸ਼ ਹੋਣ ਵਾਲੀ ਵਿਧਾ ਹੈ I ਇਤਿਹਾਸ ਦੇ ਕਿਸੇ ਵੀ ਕਾਲ ਖੰਡ ਵਿੱਚ ਵਾਪਰੀ ਘਟਨਾ ਜਦੋਂ ਨਾਟਕ ਵਿੱਚ ਪੇਸ਼ ਕੀਤੀ ਜਾਂਦੀ ਹੈ ਤਾਂ ਉਹ ਵਰਤਮਾਨ ਸੰਦਰਭ ਵਿੱਚ ਹੀ ਵਾਪਰਦੀ ਹੈ । ਦੋ ਹਜ਼ਾਰ ਸਾਲ ਪਹਿਲਾਂ ਲਿਖੇ ਕਾਲੀਦਾਸ ਦੇ ਨਾਟਕ ਸਕੰਤਲਾ ਦੀ ਅਜੋਕੇ ਸਮੇਂ ਵਿੱਚ ਕੀਤੀ ਜਾਣ ਵਾਲੀ ਪੇਸ਼ਕਾਰੀ ਨੂੰ ਵਰਤਮਾਨ ਦੇ ਪ੍ਰਸੰਗ ਵਿੱਚ ਹੀ ਪੇਸ਼ ਕੀਤਾ ਜਾਵੇਗਾ ਅਰਥਾਤ ਕਾਰਜ ਦਾ ਸਮਾਂ ਤੇ ਪੇਸ਼ਕਾਰੀ ਦੇ ਸਮੇਂ ਦਾ ਪ੍ਰਸੰਗ ਵਰਤਮਾਨ ਸਮੇਂ ਵਿੱਚ ਵੀ ਉਸੇ ਤਰਤੀਬ ਨਾਲ ਹੀ ਪੇਸ਼ ਹੋਵੇਗਾ ਜਦ ਕਿ ਸਾਹਿਤ ਦੇ ਦੂਜੇ ਯਾਨਰਾਂ ਉੱਤੇ ਇਹ ਪਾਬੰਦੀ ਇਸ ਤਰ੍ਹਾਂ ਲਾਗੂ ਨਹੀਂ ਹੁੰਦੀ । ਨਾਟਕ ਦੇ ਸਮਾਂਗਤ ਕਲਾ ਹੋਣ ਦੀ ਦੂਜੀ ਵਿਲੱਖਣਤਾ ਇਹ ਹੈ ਕਿ ਇਸ ਦਾ ਸਿੱਧਾ ਰਾਬਤਾ ਦਰਸ਼ਕਾਂ ਨਾਲ ਹੁੰਦਾ ਹੈ । ਨਾਟਕ ਦੀ ਪੇਸ਼ਕਾਰੀ ਅਦਾਕਾਰਾਂ ਅਤੇ ਦਰਸ਼ਕਾਂ ਦੇ ਵਿਚਕਾਰ ਸਮੇਂ ਦੀ ਸੀਮਾ ਵਿੱਚ ਹੀ ਪਾਸਾਰ ਗ੍ਰਹਿਣ ਕਰਦੀ ਹੈ । ਇਸ ਦੀ ਪ੍ਰਦਰਸ਼ਨੀ ਦੌਰਾਨ ਦਰਸ਼ਕਾਂ ਦਾ ਤੱਤਕਾਲੀ ਹੰਗਾਰਾ ਸਮੇਂ ਦੀ ਸਥਿਤੀ ਵਿੱਚ ਹੀ ਮਹੱਤਵ ਪ੍ਰਾਪਤ ਕਰਦਾ ਹੈ । ਸਮੇਂ ਦਾ ਅਜਿਹਾ ਸੰਕਲਪ ਸਾਹਿਤ ਦੇ ਦੂਜੇ ਯਾਨਰਾਂ ਉੱਤੇ ਲਾਗੂ ਨਹੀਂ ਹੁੰਦਾ ਕਿਉਂਕਿ ਦੂਜੇ ਯਾਨਰਾਂ ਉੱਤੇ ਪਾਠਕ ਦੀ ਆਪਣੀ ਇੱਛਾ ਭਾਰੂ ਰਹਿੰਦੀ ਹੈ । ਕਿਸੇ ਵੀ ਕਹਾਣੀ , ਨਾਵਲ , ਕਵਿਤਾ ਜਾਂ ਮਹਾਂਕਾਵਿ ਨੂੰ ਪੜ੍ਹਨ ਵੇਲੇ ਇਹ ਪਾਠਕ ਦੀ ਮਰਜ਼ੀ ਉੱਤੇ ਨਿਰਭਰ ਕਰਦਾ ਹੈ ਕਿ ਉਹ ਇਨ੍ਹਾਂ ਨੂੰ ਕਿੰਨੇ ਸਮੇਂ ਵਿੱਚ ਪੜ੍ਹਨਾ ਚਾਹੁੰਦਾ ਹੈ ਜਦ ਕਿ ਨਾਟਕ ਵਿੱਚ ਸਮੇਂ ਦਾ ਸੰਕਲਪ ਉਹਦੀ ਨਿਰੰਤਰ ਪੇਸ਼ਕਾਰੀ ਨਾਲ ਸੰਬੰਧਤ ਹੁੰਦਾ ਹੈ । ਲਾਈਵ ਵਿਧਾ ਹੋਣ ਕਰਕੇ ਇੱਕੋ ਨਾਟਕ ਦੀਆਂ ਵੱਖ - ਵੱਖ ਪ੍ਰਦਰਸ਼ਨੀਆਂ ਭਿੰਨਤਾ ਦਾ ਪ੍ਰਭਾਵ ਸਿਰਜਦੀਆਂ ਹਨ । ਸਮੇਂ ਦੇ ਅਜਿਹੇ ਸੰਕਲਪ ਕਾਰਨ ਹੀ ਨਾਟਕ ਹੋਰ ਸਾਹਿਤ - ਰੂਪਾਂ ਤੋਂ ਵੱਖਰਤਾ ਹਾਸਿਲ ਕਰਦਾ ਹੈ । ਨਾਟਕ ਦੀ ਪ੍ਰਦਰਸ਼ਨੀ ਨੂੰ ਇੱਕੋ ਸਮੇਂ ਪੂਰਾ ਦੇਖਣ ਨਾਲ ਹੀ ਦਰਸ਼ਕ ਇਸ ਦੇ ਸਮੱਗਰ ਪ੍ਰਭਾਵ ਨੂੰ ਪ੍ਰਾਪਤ ਕਰ ਸਕਦਾ ਹੈ । ਇਸ ਦੇ ਉਲਟ ਟੀ ਵੀ . ਨਾਟਕ ਨੂੰ ਕਈ ਹਿੱਸਿਆਂ ਵਿੱਚ ਦੇਖਣ ਦੀ ਉਸ ਨੂੰ ਖੁੱਲ੍ਹ ਪ੍ਰਾਪਤ ਹੁੰਦੀ ਹੈ ਤੇ ਇੱਕ ਤੋਂ ਵਧੇਰੇ ਵਾਰ ਦੇਖਣ ਦੇ ਬਾਵਜੂਦ ਪ੍ਰਭਾਵ ਦੀ ਇਕਸਾਰਤਾ ਇੱਕੋ ਜਿਹੀ ਰਹਿੰਦੀ ਹੈ ਜਦ ਕਿ ਨਾਟਕ ਵਿੱਚ ਸਮੇਂ ਦੇ ਕਾਲਕੀ ਸੰਕਲਪ ਦਾ ਅਸਰ ਇੰਨਾਂ ਜ਼ਿਆਦਾ ਹੁੰਦਾ ਹੈ ਕਿ ਇੱਕ ਦਿਨ ਵਿੱਚ ਦੋ ਵਾਰ ਖੇਡਿਆ ਗਿਆ ਨਾਟਕ ਵੱਖ - ਵੱਖ ਤਰ੍ਹਾਂ ਦਾ ਪ੍ਰਭਾਵ ਸਿਰਜ ਦੇਂਦਾ ਹੈ । ਨਾਟਕੀ ਰਚਨਾ ਸਥਾਨ ਦੇ ਪ੍ਰਸੰਗ ਵਿੱਚ ਵੀ ਵਿਸ਼ੇਸ਼ ਅਰਥਾਂ ਦੀ ਲਖਾਇਕ ਸਿੱਧ ਹੁੰਦੀ ਹੈ । ( ਸਹਾਇਕ ਗ੍ਰੰਥ - ਜਸਵਿੰਦਰ ਸੈਣੀ : ਬਲਵੰਤ ਗਾਰਗੀ ਦੇ ਨਾਟਕਾਂ ਦਾ ਚਿਹਨ ਵਿਗਿਆਨਕ ਅਧਿਐਨ ; Eric Bentley : What is Theatre )

ਸਮਾਜਕ ਨਾਟਕ

( Social play )

ਸਮਾਜਕ ਨਾਟਕ ਤੋਂ ਭਾਵ ਅਜਿਹੀ ਨਾਟ ਰਚਨਾ ਤੋਂ ਲਿਆ ਜਾਂਦਾ ਹੈ ਜਿਸ ਵਿੱਚ ਮਨੁੱਖੀ ਜੀਵਨ ਦੀਆਂ ਸਮੱਸਿਆਵਾਂ ਅਤੇਸੰਘਰਸ਼ ਨੂੰ ਮੂਰਤੀਮਾਨ ਕੀਤਾ ਗਿਆ ਹੋਵੇ । ਯੂਨਾਨੀ ਅਤੇ ਸੰਸਕ੍ਰਿਤ ਨਾਟਕਾਂ ਦਾ ਨਾਇਕ ਰਾਜਾ, ਦੇਵਤਾ ਜਾਂ ਉੱਚ ਕੁਲ ਦਾ ਵਿਅਕਤੀ ਹੁੰਦਾ ਸੀ । ਅਜਿਹੇ ਨਾਟਕਾਂ ਵਿੱਚ ਸਧਾਰਨ ਮਨੁੱਖ ਦੇ ਦੁੱਖਾਂ ਸੁੱਖਾਂ ਦਾ ਇਜ਼ਹਾਰ ਨਹੀਂ ਕੀਤਾ ਜਾਂਦਾ ਸੀ । ਉਨੀਵੀਂ ਸਦੀ ਦੇ ਦੂਜੇ ਅੱਧ ਵਿੱਚ ਨਾਇਕ ਦਾ ਸੰਕਲਪ ਬਦਲ ਗਿਆ । ਸਾਹਿਤ ਵਿੱਚ ਸਧਾਰਨ ਮਨੁੱਖ ਦੇ ਦੁੱਖਾਂ ਸੁੱਖਾਂ ਦੀ ਗੱਲ ਕੀਤੀ ਜਾਣ ਲੱਗੀ ਅਤੇ ਦੇਵਤਿਆਂ ਤੇ ਰਾਜਿਆਂ ਦੀ ਥਾਂ ਆਮ ਮਨੁੱਖ ਸਾਹਿਤ ਦਾ ਨਾਇਕ ਬਣ ਕੇ ਪੇਸ਼ ਹੋਣ ਲੱਗਾ । ਰੁਮਾਂਸਵਾਦ ਦੇ ਵਿਰੋਧ ਵਿੱਚ ਯਥਾਰਥਵਾਦੀ ਰੁਚੀਆਂ ਸਾਹਿਤ ਵਿੱਚ ਪ੍ਰਬਲ ਹੋਣ ਲੱਗੀਆਂ । ਭਾਵੇਂ ਉਨੀਵੀਂ ਸਦੀ ਦੇ ਅਰੰਭ ਵਿੱਚ ਯਥਾਰਥਵਾਦੀ ਨਾਟਕ ਦਾ ਮੁੱਢ ਬੱਝ ਗਿਆ ਸੀ ਪਰ ਇਬਸਨ ਦੀਆਂ ਨਾਟ ਰਚਨਾਵਾਂ ਰਾਹੀਂ ਇਹ ਰੁਚੀ ਪਰਪੱਕਤਾ ਨੂੰ ਗ੍ਰਹਿਣ ਕਰਦੀ ਹੈ । ਇਬਸਨ ਨੇ ਸਾਧਾਰਨ ਮਨੁੱਖ ਦੀਆਂ ਲੋੜ੍ਹਾਂ ਥੁੜ੍ਹਾਂ, ਤ੍ਰਿਪਤੀਆਂ ਅਤੇ ਅਤ੍ਰਿਪਤੀਆਂ ਨੂੰ ਯਥਾਰਥਵਾਦੀ ਦ੍ਰਿਸ਼ਦੀ ਤੋਂ ਨਾਟਕਾਂ ਵਿੱਚ ਪੇਸ਼ ਕੀਤਾ । ਇਉਂ ਸਾਹਿਤ ਦੇ ਦੂਜੇ ਰੂਪਾਂ ਦੀ ਤਰ੍ਹਾਂ ਨਾਟਕ ਵਿੱਚ ਵੀ ਸਮਾਜਕ ਚੇਤਨਾ ਦਾ ਆਗਾਜ਼ ਹੋਇਆ । ਸਮਾਜਕ ਨਾਟਕ ਸਧਾਰਨ ਮਨੁੱਖ ਦੇ ਹਾਵਾਂ - ਭਾਵਾਂ ਨੂੰ ਪੇਸ਼ ਕਰਨ ਵਾਲੀ ਅਜਿਹੀ ਨਾਟ ਕਿਰਤ ਹੁੰਦੀ ਹੈ ਜਿਸ ਵਿੱਚ ਮਨੁੱਖ ਦੇ ਮਸਲਿਆਂ ਦੀ ਪੇਸ਼ਕਾਰੀ ਸਮਾਜਕ - ਸਭਿਆਚਾਰਕ ਸਥਿਤੀਆਂ ਦੇ ਪ੍ਰਸੰਗ ਵਿੱਚ ਇਤਿਹਾਸਕ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਕੀਤੀ ਜਾਂਦੀ ਹੈ । ਅਜਿਹੇ ਨਾਟਕ ਦਾ ਲੇਖਕ ਮਨੁੱਖ ਦੀਆਂ ਸਮੱਸਿਆਵਾਂ ਨੂੰ ਉਸ ਦੇ ਪੂਰਬਲੇ ਜਨਮ ਦੇ ਸੰਸਕਾਰਾਂ ਨਾਲ ਜੋੜ ਕੇ ਨਹੀਂ ਦੇਖਦਾ ਸਗੋਂ ਸਮੇਂ ਦੇ ਸੱਚ ਨੂੰ ਤਤਕਾਲੀ ਸਮਾਜਕ, ਰਾਜਸੀ, ਧਾਰਮਿਕ ਤੇ ਵਿਹਾਰਕ ਪਰਿਸਥਿਤੀਆਂ ਦੇ ਸੰਦਰਭ ਵਿੱਚ ਵਿਚਾਰਦਾ ਹੈ । ਪੰਜਾਬੀ ਵਿੱਚ ਆਈ. ਸੀ. ਨੰਦਾ. ਦੇ ਸੁਹਾਗ ਨਾਟਕ ਲਿਖਣ ਨਾਲ ਸਮਾਜਕ ਨਾਟਕ ਲਿਖੇ ਜਾਣ ਦਾ ਅਰੰਭ ਹੁੰਦਾ ਹੈ । ਹਰਚਰਨ ਸਿੰਘ ਦਾ ਅਨਜੋੜ, ਰੱਤਾ ਸਾਲੂ, ਕੱਲ੍ਹ ਅੱਜ ਤੇ ਭਲਕ ਸਮਾਜਕ ਨਾਟਕ ਹਨ । ਭਾਵੇਂ ਹਰੇਕ ਕਾਲ ਵਿੱਚ ਸਮਾਜਕ ਨਾਟਕ ਲਿਖੇ ਗਏ ਹਨ ਪਰ ਪੰਜਾਬੀ ਵਿੱਚ ਅਜਿਹੇ ਸਮਾਜਕ ਨਾਟਕਾਂ ਦੀ ਘਾਟ ਖਟਕਦੀ ਹੈ ਜਿਸ ਵਿੱਚ ਜੀਵਨ ਦੀ ਸਮੁੱਚਤਾ ਨੂੰ ਵਿਸ਼ਾਲਤਾ ਵਿੱਚ ਪਕੜਿਆ ਗਿਆ ਹੋਵੇ । ਆਤਮਜੀਤ, ਅਜਮੇਰ ਔਲਖ, ਚਰਨਦਾਸ ਸਿੱਧੂ ਅਜਿਹੇ ਨਾਟਕਕਾਰ ਹਨ ਜਿਨ੍ਹਾਂ ਕੋਲ ਵਿਸ਼ੇਸ਼ ਕਿਸਮ ਦੀ ਨਾਟਕੀ ਸੂਝ ਹੈ । ਮੰਚੀ ਜੁਗਤਾਂ ਦੇ ਸਹਾਰੇ ਜੀਵਨ ਦੀ ਵਿਆਪਕਤਾ ਨੂੰ ਕਲਾਮਈ ਅੰਦਾਜ਼ ਵਿੱਚ ਪੇਸ਼ ਕਰਨ ਦਾ ਹੁਨਰ ਇਨ੍ਹਾਂ ਦੇ ਮੰਚੀ ਪ੍ਰਦਰਸ਼ਨ ਵਿੱਚੋਂ ਸਾਕਾਰ ਹੁੰਦਾ ਹੈ । ਆਤਮਜੀਤ ਚਿੰਨ੍ਹਾਤਮਕ ਮੰਚੀ ਵਿਧੀਆਂ ਰਾਹੀਂ ਮਨੁੱਖੀ ਮਨ ਦੀਆਂ ਜਟਿਲਤਾਵਾਂ ਨੂੰ ਵਿਆਪਕ ਪਰਿਪੇਖ ਵਿੱਚ ਪੇਸ਼ ਕਰਨ ਵਿੱਚ ਵਿਸ਼ੇਸ਼ ਮੁਹਾਰਤ ਰੱਖਦਾ ਹੈ । (ਸਹਾਇਕ ਗ੍ਰੰਥ - ਐਸ. ਐਸ. ਅਮੋਲ 'ਸਮਾਜਕ ਨਾਟਕ' ਸਾਹਿਤ ਸਮਾਚਾਰ ਦਾ ਨਾਟਕ ਅੰਕ ; ਗੁਰਦਿਆਲ ਸਿੰਘ ਫੁੱਲ : ਪੰਜਾਬੀ ਨਾਟਕ ਸਰੂਪ ਸਿਧਾਂਤ ਤੇ ਵਿਕਾਸ)

ਸਾਂਗ ਨਾਟਕ
ਸਾਂਗ ਤੋਂ ਭਾਵ ਕਿਸੇ ਦੂਜੇ ਵਿਅਕਤੀ ਦਾ ਰੂਪ ਅਖ਼ਤਿਆਰ ਕਰਨ ਤੋਂ ਹੁੰਦਾ ਹੈ । ਜਦੋਂ ਕੋਈ ਵਿਅਕਤੀ ਆਪਣੀ ਹੋਂਦ ਨੂੰ ਖਤਮ ਕਰਕੇ ਕਿਸੇ ਦੂਜੇ ਵਿਅਕਤੀ ਦੇ ਸਰੂਪ ਨੂੰ ਧਾਰਨ ਕਰ ਲੈਂਦਾ ਹੈ ਤਾਂ ਉਸ ਨੂੰ ਸਾਂਗ ਕਿਹਾ ਜਾਂਦਾ ਹੈ । ਸਾਂਗ ਨਾਟਕ ਤੋਂ ਭਾਵ ਅਜਿਹੇ ਨਾਟਕ ਤੋਂ ਲਿਆ ਜਾਂਦਾ ਹੈ ਜਿਸ ਵਿੱਚ ਕਿਸੇ ਇਤਿਹਾਸਕ, ਮਿਥਿਹਾਸਕ ਜਾਂ ਲੋਕ ਕਲਾਕਾਰਾਂ ਰਾਹੀਂ ਖੇਡਿਆ ਜਾਂਦਾ ਹੈ । ਸਾਂਗ ਨਾਟਕ ਦੀ ਪਰੰਪਰਾ ਭਾਵੇਂ ਬਹੁਤ ਪ੍ਰਾਚੀਨ ਹੈ ਪਰ ਲਿਖਤੀ ਸਾਂਗ ਨਾਟਕਾਂ ਬਾਰੇ ਪਹਿਲੀ ਵਾਰ ਰਿਚਰਡ ਟੈਂਪਲ ਦੀ ਕਿਤਾਬ ਲੀਜੈਂਡਸ ਆਫ਼ ਦੀ ਪੰਜਾਬ (1884) ਵਿੱਚ ਵਿਸਤ੍ਰਿਤ ਚਰਚਾ ਕੀਤੀ ਮਿਖਦੀ ਹੈ ।
ਪੰਜਾਬੀ ਵਿੱਚ ਸਾਂਗ ਨਾਟਕਾਂ ਦੇ ਵਿਸ਼ਿਆਂ ਦਾ ਘੇਰਾ ਬੜਾ ਵਸੀਹ ਹੈ । ਮਿੱਥਕ ਕਥਾਵਾਂ ਤੋਂ ਲੈ ਕੇ ਕਾਲਪਨਿਕ ਕਥਾਵਾਂ ਤੱਕ ਹਰੇਕ ਤਰ੍ਹਾਂ ਦੇ ਵਿਸ਼ਿਆਂ ਦੀ ਪੇਸ਼ਕਾਰੀ ਇਨ੍ਹਾਂ ਸਾਂਗ ਨਾਟਕਾਂ ਦੁਆਰਾ ਹੁੰਦੀ ਰਹੀ ਹੈ । ਭਗਤ, ਸੰਤ, ਮਹਾਤਮਾ ਆਦਿ ਸਾਂਗ ਨਾਟਕਾਂ ਦੇ ਪਾਤਰ ਬਣਦੇ ਰਹੇ ਹਨ । ਅਜੀਤ ਸਿੰਘ ਔਲਖ ਨੇ ਸਾਂਗ ਨਾਟਕਾਂ ਦਾ ਵਿਭਾਜਨ ਕਰਦਿਆਂ ਇਸ ਦੀਆਂ ਪੰਜ ਕਿਸਮਾਂ ਦਰਸਾਈਆਂ ਹਨ : ਮਿੱਥਕ, ਇਤਿਹਾਸਕ, ਦੇਸੀ ਲੋਕ ਗਾਥਾ, ਬਦੇਸੀ ਲੋਕ ਗਾਥਾ ਅਤੇ ਕਾਲਪਨਿਕ ਗਾਥਾ ਸਾਂਗ ਨਾਟਕ । ਮਿਥਿਕ ਕਹਾਣੀਆਂ ਨਾਲ ਸੰਬੰਧਤ ਸਾਂਗ ਨਾਟਕ ਧਾਰਮਿਕ ਰੰਗਣ ਦੀਆਂ ਲੋਕ ਕਥਾਵਾਂ ਉੱਤੇ ਆਧਾਰਤ ਹਨ । ਇਨ੍ਹਾਂ ਵਿੱਚੋਂ ਪ੍ਰਹਲਾਦ ਭਗਤ, ਰਾਜਾ ਜਨਕ, ਸੀਤਾ ਹਰਣ, ਧਰੂ ਭਗਤ, ਲਵ - ਕੁਸ਼ ਆਦਿ ਦੇ ਸਾਂਗ ਨਾਟਕ ਪੰਜਾਬ ਵਿੱਚ ਹਰਮਨ ਪਿਆਰੇ ਰਹੇ ਹਨ । ਇਤਿਹਾਸਕ ਸਾਂਗ ਨਾਟਕ ਇਤਿਹਾਸਕ ਸ਼ਖਸੀਅਤਾਂ ਦੇ ਜੀਵਨ ਬਿਰਤਾਂਤ 'ਤੇ ਆਧਾਰਤ ਹੁੰਦੇ ਹਨ । ਪੰਜਾਬ ਵਿੱਚ ਬਹੁਤੇ ਇਤਿਹਾਸਕ ਸਾਂਗ ਨਾਟਕ ਰਾਜਾ ਪੋਰਸ, ਅਮਰ ਸਿੰਘ ਰਾਠੌਰ, ਪ੍ਰਿਥਵੀ ਰਾਜ ਚੌਹਾਨ ਆਦਿ ਨਾਲ ਸੰਬੰਧਤ ਲਿਖੇ ਗਏ ਹਨ । ਇਸ ਤੋਂ ਬਿਨਾਂ ਸੰਤਾਂ, ਮਹਾਤਮਾਵਾਂ, ਭਗਤਾਂ ਆਦਿ ਨੂੰ ਵੀ ਲੈ ਕੇ ਇਤਿਹਾਸਕ ਸਾਂਗ ਨਾਟਕਾਂ ਦੀ ਰਚਨਾ ਕੀਤੀ ਮਿਲਦੀ ਹੈ । ਭਗਤ ਕਬੀਰ, ਭਗਤ ਰਵੀਦਾਸ, ਭਗਤ ਧੰਨਾ ਆਦਿ ਇਤਿਹਾਸਕ ਸਾਂਗ ਨਾਟਕਾਂ ਨੂੰ ਵਿਸ਼ੇਸ਼ ਤੌਰ 'ਤੇ ਪੰਜਾਬ ਵਿੱਚ ਬਹੁਤ ਪ੍ਰਸਿੱਧੀ ਮਿਲੀ ਹੈ । ਇਸੇ ਤਰ੍ਹਾਂ ਦੇਸੀ, ਬਦੇਸੀ ਤੇ ਕਾਲਪਨਿਕ ਗਾਥਾ ਸਾਂਗ ਨਾਟਕਾਂ ਨੂੰ ਵੀ ਵਿਸ਼ੇਸ਼ ਸ਼ੁਹਰਤ ਹਾਸਿਲ ਹੁੰਦੀ ਰਹੀ ਹੈ । ਸਾਂਗ ਨਾਟਕ ਦਾ ਲੇਖਕ ਰਚਨਾ ਵਿੱਚੋਂ ਰਸ ਨੂੰ ਮਨਫ਼ੀ ਨਹੀਂ ਹੋਣ ਦੇਂਦਾ । ਇਨ੍ਹਾਂ ਨਾਟਕਾਂ ਵਿੱਚ ਲੇਖਕ ਅੰਕ ਵੰਡ ਨਹੀਂ ਕਰਦਾ ਸਗੋਂ ਵੱਧ ਤੋਂ ਵੱਧ ਝਾਕੀਆਂ ਰਾਹੀਂ ਨਾਟਕ ਦੀ ਪੇਸ਼ਕਾਰੀ ਕਰਦਾ ਹੈ । ਕਈ ਸਾਂਗ ਨਾਟਕ ਇੰਨੇ ਲੰਮੇ ਹੁੰਦੇ ਹਨ ਜਿਹੜੇ ਇੱਕ ਦਿਨ ਵਿੱਚ ਪੂਰੇ ਨਹੀਂ ਖੇਡੇ ਜਾਂਦੇ ਸਗੋਂ ਉਨ੍ਹਾਂ ਦੀ ਪੇਸ਼ਕਾਰੀ ਕਈ ਵਾਰ ਦੋ - ਦੋ ਦਿਨ ਤੱਕ ਵੀ ਚਲਦੀ ਰਹਿੰਦੀ ਹੈ । ਭਾਵੇਂ ਦਰਸ਼ਕ ਵਰਗ ਸਾਂਗ ਨਾਟਕ ਦੀ ਕਥਾ ਤੋਂ ਪਰਿਚਿਤ ਹੁੰਦਾ ਹੈ ਪਰ ਨਾਟਕ ਦੇ ਅਖੀਰ ਤੱਕ ਦਰਸ਼ਕਾਂ ਦੀ ਅੱਗੋਂ ਜਾਨਣ ਦੀ ਉਤਸੁਕਤਾ ਬਰਕਰਾਰ ਰਹਿੰਦੀ ਹੈ । ਸਾਂਗ ਨਾਟਕਾਂ ਦੇ ਪਾਤਰ ਹਰੇਕ ਵਰਗ ਦੇ ਮਨੁੱਖ ਹੋ ਸਕਦੇ ਹਨ । ਗੈਰ ਮਨੁੱਖੀ ਪਾਤਰ ਵੀ ਸਾਂਗ ਨਾਟਕ ਦੇ ਪਾਤਰ ਹੁੰਦੇ ਹਨ ਜਿਵੇਂ ਕਿ ਜੰਗਲ, ਪਹਾੜ, ਸਮੁੰਦਰ ਆਦਿ ਪਾਤਰਾਂ ਨੂੰ ਕਲਪਿਤ ਰੂਪ ਵਿੱਚ ਦਰਸ਼ਕ ਵਰਗ ਗ੍ਰਹਿਣ ਕਰ ਲੈਂਦਾ ਹੈ । ਇਸੇ ਤਰ੍ਹਾਂ ਤੋਤਾ, ਮੈਨਾ, ਹਿਰਨ ਆਦਿ ਵੀ ਸਾਂਗ ਨਾਟਕਾਂ ਦੇ ਬੜੇ ਅਹਿਮ ਪਾਤਰ ਸਿੱਧ ਹੁੰਦੇ ਹਨ ਜਿਵੇਂ ਰਾਜਾ ਰਸਾਲੂ ਸਾਂਗ ਨਾਟਕ ਵਿੱਚ ਤੋਤਾ, ਰਾਜਾ ਰਸਾਲੂ ਦਾ ਵਜ਼ੀਰ ਬਣਦਾ ਹੈ ਤੇ ਮੈਨਾ, ਰਾਣੀ ਕੋਕਲਾਂ ਦੀ ਸਹੇਲੀ ਹੈ । ਸਾਂਗ ਨਾਟਕਾਂ ਵਿੱਚ ਹਰੇਕ ਤਰ੍ਹਾਂ ਦੇ ਪਾਤਰ ਨੂੰ ਮੰਚ ਉੱਤੇ ਪੇਸ਼ ਕਰਨ ਦਾ ਵਿਧਾਨ ਹੈ । ਦਰਸ਼ਕਾਂ ਨੂੰ ਇਹ ਜਾਣਕਾਰੀ ਦੇ ਦਿੱਤੀ ਜਾਂਦੀ ਹੈ ਕਿ ਮੰਚ ਉੱਤੇ ਪੇਸ਼ ਹੋਣ ਵਾਲਾ ਪਾਤਰ ਦੇਵਤਾ ਹੈ, ਕੋਈ ਦੈਵੀ ਸ਼ਕਤੀ ਹੈ ਜਾਂ ਪਸ਼ੂ ਪੰਛੀ ਹਨ । ਦਰਸ਼ਕ ਉਨ੍ਹਾਂ ਨੂੰ ਮਨੁੱਖਾ ਰੂਪ ਵਿੱਚ ਦੇਖਦੇ ਹੋਏ ਵੀ ਉਸ ਰੂਪ ਵਿੱਚ ਸਵੀਕਾਰ ਕਰ ਲੈਂਦੇ ਹਨ ।
ਸਾਂਗ ਨਾਟਕ ਵਾਰਤਕ ਰੂਪ ਵਿੱਚ ਘੱਟ ਲਿਖੇ ਜਾਂਦੇ ਹਨ| ਇਹ ਜ਼ਿਆਦਾਤਰ ਸੰਗੀਤਕ ਸ਼ੈਲੀ ਵਿੱਚ ਲਿਖੇ ਜਾਂਦੇ ਹਨ| ਸੰਗੀਤ ਸ਼ੈਲੀ ਵਿੱਚ ਲਿਖੇ ਸਾਂਗ ਨਾਟਕ ਹੀ ਵਧੇਰੇ ਉਤਮ ਸਮਝੇ ਜਾਂਦੇ ਹਨ| ਵਧੇਰੇ ਸਾਂਗ ਨਾਟਕ ਅਜਿਹੇ ਹੁੰਦੇ ਹਨ ਜਿੱਥੇ ਪੂਰਾ ਸਾਂਗ ਨਾਟਕ ਕਵਿਤਾ ਵਿੱਚ ਹੀ ਲਿਖਿਆ ਜਾਂਦਾ ਹੈ| ਵਾਰਤਾਲਾਪ ਦੀ ਰਚਨਾ ਵਿਸ਼ੇਸ਼ ਰਾਗਣੀਆਂ ਅਨੁਸਾਰ ਕੀਤੀ ਜਾਂਦੀ ਹੈ| ਪੁਰਾਤਨ ਸਾਂਗ ਨਾਟਕਾਂ ਵਿੱਚ ਵਾਰਤਾਲਾਪ ਦਾ ਆਕਾਰ ਬੜਾ ਲੰਮਾ ਹੁੰਦਾ ਸੀ| ਇੱਕ ਪਾਤਰ ਜਿੰਨੀ ਲੰਮੀ ਵਾਰਤਾਲਾਪ ਵਿੱਚ ਗੱਲ ਕਰਦਾ ਸੀ ਦੂਜਾ ਪਾਤਰ ਉਨੀ ਹੀ ਲੰਮੀ ਵਾਰਤਾਲਾਪ ਵਿੱਚ ਉਹਦਾ ਜੁਆਬ ਦੇਂਦਾ ਸੀ| ਆਮ ਲੋਕਾਂ ਲਈ ਲਿਖੇ ਜਾਣ ਵਾਲੇ ਇਨ੍ਹਾਂ ਸਾਂਗ ਨਾਟਕਾਂ ਦੀ ਬੋਲੀ ਬੜੀ ਸਾਧਾਰਨ ਕਿਸਮ ਦੀ ਹੁੰਦੀ ਹੈ ਤਾਂ ਕਿ ਸਧਾਰਨ ਵਿਅਕਤੀ ਬੜੀ ਆਸਾਨੀ ਨਾਲ ਇਹਨੂੰ ਸਮਝ ਸਕੇ| ਉਰਦੂ ਫ਼ਾਰਸੀ ਦੇ ਸਾਂਗ ਲੇਖਕਾਂ ਨੇ ਸਾਂਗ ਨਾਟਕ ਲਿਖਣ ਵੇਲੇ ਅਰਬੀ ਫ਼ਾਰਸੀ ਦੀ ਤਤਸਮ ਸ਼ਬਦਾਵਲੀ ਦਾ ਪ੍ਰਯੋਗ ਵੱਡੇ ਪੱਧਰ 'ਤੇ ਕੀਤਾ ਹੈ| ਹਸ਼ਮਤ ਸ਼ਾਹ ਚਿਸ਼ਤੀ ਅਤੇ ਅਬਦਲ ਮਜੀਦ ਦੇ ਸਾਂਗ ਨਾਟਕਾਂ ਵਿੱਚ ਅਜਿਹੀ ਸ਼ਬਦਾਵਲੀ ਦੀ ਭਰਮਾਰ ਨਜ਼ਰ ਆਉਂਦੀ ਹੈ| ਪੰਜਾਬੀ ਵਿੱਚ ਸਾਂਗ ਨਾਟਕ ਲਿਖਣ ਵਾਲੇ ਲੇਖਕ ਪ੍ਰੀਤਮ ਸਿੰਘ ਪ੍ਰੀਤਮ, ਸੇਵਾ ਸਿੰਘ ਸੇਵਕ, ਚਮਨ ਲਾਲ ਸ਼ੁਗਲ ਅਤੇ ਕਰਤਾਰ ਸਿੰਘ ਫੁੱਲ ਹਨ ਜਿਨ੍ਹਾਂ ਨੇ ਲੋਕ ਬੋਲੀ ਨੂੰ ਹੀ ਸਾਂਗ ਨਾਟਕਾਂ ਦਾ ਮਾਧਿਅਮ ਬਣਾਇਆ ਹੈ| ਸਾਂਗ ਨਾਟਕ ਵਿੱਚ ਸੰਗੀਤ ਦੀ ਸਦਾ ਪ੍ਰਧਾਨਤਾ ਰਹੀ ਹੈ| ਦ੍ਰਿਸ਼ ਬਦਲਣ ਵੇਲੇ ਵੀ ਸੰਗੀਤ ਦੀ ਵਰਤੋਂ ਕੀਤੀ ਜਾਂਦੀ ਹੈ| ਰਾਗਣੀਆਂ ਅਨੁਸਾਰ ਵਾਰਤਾਲਪਾਂ ਦਾ ਉਚਾਰਨ ਕੀਤਾ ਜਾਂਦਾ ਹੈ| ਸਾਂਗ ਨਾਟਕਾਂ ਵਿੱਚ ਵਰਤੀਆਂ ਜਾਣ ਵਾਲੀਆਂ ਪ੍ਰਮੁੱਖ ਰਾਗਣੀਆਂ ਭੀਮ, ਜੋਗ, ਸਾਰੰਗ ਤੇ ਭੇਰਵੀ ਆਦਿ ਦਾ ਪ੍ਰਯੋਗ ਵਿਆਪਕ ਰੂਪ ਵਿੱਚ ਕੀਤਾ ਜਾਂਦਾ ਹੈ| ਇੱਕੋ ਝਾਕੀ ਵਿੱਚ ਇੱਕ ਤੋਂ ਵਧੇਰੇ ਰਾਗਣੀਆਂ ਦਾ ਪ੍ਰਯੋਗ ਵੀ ਕੀਤਾ ਜਾਂਦਾ ਹੈ| ਨ੍ਰਿਤ ਵੀ ਸਾਂਗ ਦਾ ਇੱਕ ਅਹਿਮ ਤੱਤ ਹੈ| ਰਸ ਨੂੰ ਪੈਦਾ ਕਰਨ ਲਈ ਗੀਤਾਂ ਦੇ ਨਾਲ-ਨਾਲ ਨ੍ਰਿਤ ਨੂੰ ਵੀ ਵਿਸ਼ੇਸ਼ ਮਹੱਤਵ ਦਿੱਤਾ ਜਾਂਦਾ ਹੈ| ਇਹ ਨ੍ਰਿਤ ਮਰਦਾਂ ਦੁਆਰਾ ਪੇਸ਼ ਕੀਤਾ ਜਾਂਦਾ ਹੈ| ਸਾਂਗ ਨਾਟਕ ਵਿੱਚ ਪਾਤਰ, ਵਾਰਤਾਲਾਪ ਨੂੰ ਰਾਗਣੀਆਂ ਵਿੱਚ ਬੋਲਦੇ ਹਨ ਜਿਸ ਨੂੰ ਲਾਉਣੀ ਕਿਹਾ ਜਾਂਦਾ ਹੈ| ਪੰਜਾਬੀ ਦੇ ਹਰੇਕ ਸਾਂਗ ਨਾਟਕ ਵਿੱਚ ਲਾਉਣੀ ਛੰਦ ਦੀ ਵਰਤੋਂ ਕੀਤੀ ਜਾਂਦੀ ਹੈ| ਲਾਉਣੀ ਛੰਦ ਦੀਆਂ ਕਈ ਕਿਸਮਾਂ ਪ੍ਰਵਾਨ ਕੀਤੀਆਂ ਗਈਆਂ ਹਨ| ਸਾਂਗ ਨਾਟਕ ਖੁਲ੍ਹੇ ਤੀਰ ਕਮਾਨੀ ਪਿੜ ਵਿੱਚ ਖੇਡਿਆ ਜਾਂਦਾ ਹੈ| ਇਹ ਪਿੜ ਜ਼ਮੀਨ ਉੱਤੇ ਜਾਂ ਫੱਟੇ ਜੋੜ ਕੇ ਬਣਾਏ ਤਖਤਪੋਸ਼ ਉੱਤੇ ਬਣਾਇਆ ਜਾਂਦਾ ਹੈ| ਅਗਲੇ ਹਿੱਸੇ ਵਿੱਚ ਅਦਾਕਾਰ ਬੈਠ ਜਾਂਦੇ ਹਨ; ਮੰਚ ਦੇ ਪਿਛਲੇ ਹਿੱਸੇ ਵਿੱਚ ਤਬਲਾ ਵਜਾਉਣ ਵਾਲਾ ਪੇਟੀ ਮਾਸਟਰ ਅਤੇ ਗਿੱਧਾ ਪਾਉਣ ਵਾਲੇ ਬੈਠ ਜਾਂਦੇ ਹਨ| ਮੰਚ ਦੇ ਅਗਲੇ ਤਿੰਨਾਂ ਹਿੱਸਿਆਂ ਵਿੱਚ ਦਰਸ਼ਕ ਬੈਠਦੇ ਹਨ| ਕੁਝ ਦੂਰੀ ਉੱਤੇ ਇੱਕ ਕਮਰਾ ਹੁੰਦਾ ਹੈ ਜਿੱਥੇ ਅਭਿਨੇਤਾ ਆਪਣਾ ਭੇਸ ਵਟਾਉਣ ਲਈ ਜਾਂਦੇ ਹਨ| ਮੰਚ ਉੱਤੇ ਪਰਦੇ ਦੀ ਵਰਤੋਂ ਨਹੀਂ ਕੀਤੀ ਜਾਂਦੀ| ਸਾਂਗ ਨਾਟਕ ਆਮ ਤੌਰ 'ਤੇ ਰਾਤ ਵੇਲੇ ਖੇਡਿਆ ਜਾਂਦਾ ਹੈ| ਦਿਨ ਵੇਲੇ ਇਸ ਨਾਟਕ ਨੂੰ ਖੇਡਣ ਦੀ ਰੀਤ ਨਹੀਂ ਹੈ| ਨਾਟਕ ਸ਼ੁਰੂ ਕਰਨ ਤੋਂ ਪਹਿਲਾਂ ਮੰਗਲਾਚਰਨ ਦੀ ਰਵਾਇਤ ਹੈ| ਰੱਬ ਦੀ ਉਸਤਤ ਕਰਨ ਮਗਰੋਂ ਨਾਟਕ ਦਾ ਰੰਗਾ ਪਾਤਰ ਨਾਟਕ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ| ਖੇਡੇ ਜਾਣ ਵਾਲੇ ਨਾਟਕ ਬਾਰੇ ਪੂਰਾ ਵੇਰਵਾ ਦਿੱਤਾ ਜਾਂਦਾ ਹੈ| ਦਰਸ਼ਕ ਵਰਗ ਭਾਵੇਂ ਨਾਟਕ ਦੀ ਕਥਾ ਬਾਰੇ ਅਗਾਊਂ ਤੌਰ ਤੇ ਜਾਣਕਾਰ ਹੁੰਦਾ ਹੈ ਪਰ ਰੰਗਾ ਨਾਟਕ ਦੀ ਕਥਾ ਬਾਰੇ ਵਿਸਤ੍ਰਿਤ ਜਾਣਕਾਰੀ ਇਹੋ ਸੋਚ ਕੇ ਦੇਂਦਾ ਹੈ ਕਿ ਦਰਸ਼ਕ ਇਸ ਦੀ ਕਹਾਣੀ ਤੋਂ ਅਨਜਾਣ ਹਨ| ਪਾਤਰ ਜਿਵੇਂ ਜਿਵੇਂ ਮੰਚ ਉੱਤੇ ਆਉਂਦੇ ਹਨ ਆਪਣੇ ਬਾਰੇ ਜਾਣ ਪਛਾਣ ਦਂੇਦੇ ਹਨ| ਦੁੱਲਾ ਭੱਟੀ ਸਾਂਗ ਵਿੱਚ ਦੁਲਾ ਮੰਚ ਉੱਤੇ ਆਉਂਦਾ ਹੈ ਤੇ ਦਰਸ਼ਕਾਂ ਨੂੰ ਆਪਣੇ ਬਾਰੇ ਪਰਿਚੈ ਕਰਾਉਂਦਾ ਹੈ| ਹੋਵੇ ਸਾਂਗ ਸ਼ੁਰੂ ਇਹ ਸਮਝਣ ਲੋਕ ਸਿਆਣੇ ਲੱਧੀ ਦਾ ਪੁੱਤ ਐਂ ਦੁੱਲਾ, ਸਭ ਜ਼ਮਾਨਾ ਜਾਣੇ
ਸਾਂਗ ਨਾਟਕ ਦੇ ਕੁਝ ਨਿਵੇਕਲੇ ਲੱਛਣ ਹੁੰਦੇ ਹਨ| ਜੇਕਰ ਦਰਸ਼ਕਾਂ ਨੂੰ ਕੋਈ ਵਾਰਤਾਲਾਪ ਵਧੇਰੇ ਪਸੰਦ ਆਵੇ ਤਾਂ ਉਹ ਸਾਂਗੀਆਂ ਤੋਂ ਦੁਬਾਰਾ ਉਸ ਨੂੰ ਬੋਲੇ ਜਾਣ ਦੀ ਫ਼ਰਮਾਇਸ਼ ਕਰਦੇ ਹਨ| ਕਈ ਵਾਰ ਦਰਸ਼ਕਾਂ ਨੂੰ ਵੀ ਨਾਟਕ ਦਾ ਹਿੱਸਾ ਬਣਾਇਆ ਜਾਂਦਾ ਹੈ| ਕਿਸੇ ਦ੍ਰਿਸ਼ ਵੇਲੇ ਰੰਗਾ ਦਰਸ਼ਕਾਂ ਨੂੰ ਤਾੜੀਆਂ ਮਾਰਨ ਲਈ ਕਹਿੰਦਾ ਹੈ| ਲੋਕ ਤਾਲੀਆਂ ਮਾਰ ਕੇ ਪੇਸ਼ਕਾਰੀ ਵਿੱਚ ਸ਼ਾਮਲ ਹੋ ਜਾਂਦੇ ਹਨ| ਸਾਂਗ ਨਾਟਕ ਨੂੰ ਖੇਡਣ ਵਾਲੇ ਕਲਾਕਾਰ ਪ੍ਰੋਫ਼ੈਸ਼ਨਲ ਹੁੰਦੇ ਹਨ| ਵਧੀਆ ਸਾਂਗੀ ਬਣਨ ਲਈ ਬਕਾਇਦਾ ਉਸਤਾਦ ਦੀ ਸ਼ਰਨ ਲਈ ਜਾਂਦੀ ਹੈ| ਇਸ ਨਾਟਕ ਦਾ ਹਰੇਕ ਕਲਾਕਾਰ ਹਰ ਤਰ੍ਹਾਂ ਦੇ ਸਾਜ਼ ਸੰਗੀਤ ਵਜਾਉਣ ਦਾ ਮਾਹਿਰ ਹੁੰਦਾ ਹੈ| ਵੀਹਵੀਂ ਸਦੀ ਤੋਂ ਪੂਰਵ ਸਾਂਗ ਨਾਟਕ ਦੀ ਲਿਖਤੀ ਪਰੰਪਰਾ ਨਹੀਂ ਮਿਲਦੀ| ਹਸ਼ਮਤ ਸ਼ਾਹ ਚਿਸ਼ਤੀ ਉਨੀਂਵੀਂ ਸਦੀ ਦੇ ਅਖ਼ੀਰ ਤੇ ਅਜੀਹਾ ਸਾਂਗ ਲੇਖਕ ਹੋਇਆ ਹੈ ਜਿਸ ਨੇ ਸਮੁੱਚੇ ਭਾਰਤ ਵਿੱਚ ਇਸ ਪਰੰਪਰਾ ਨੂੰ ਉਸਾਰਨ ਵਿੱਚ ਭਰਪੂਰ ਯੋਗਦਾਨ ਪਾਇਆ ਹੈ| (ਸਹਾਇਕ ਗ੍ਰੰਥ- ਅਜੀਤ ਸਿੰਘ ਔਲਖ : ਪੰਜਾਬੀ ਲੋਕ ਨਾਟ ਪਰੰਪਰਾ)

ਸਾਧਾਰਨੀਕਰਨ

Generalisation

ਸਾਧਾਰਨੀਕਰਨ ਇੱਕ ਅਜਿਹੀ ਪ੍ਰਕ੍ਰਿਆ ਹੈ ਜਿਸ ਰਾਹੀ ਪਾਠਕ /ਦਰਸ਼ਕ ਰਚਨਾ ਦੇ ਰਚਨਹਾਰੇ ਨਾਲ ਭਾਵੁਕ ਪੱਧਰ ਉੱਤੇ ਇਕਮਿਕਤਾ ਹਾਸਲ ਕਰਦਾ ਹੈ| ਜਦੋਂ ਪਾਠਕ/ਦਰਸ਼ਕ ਰਚਨਾ ਦੀ ਵਸਤ ਨਾਲ, ਪਾਤਰਾਂ ਤੇ ਸਥਿਤੀਆਂ ਨਾਲ ਹਰੇਕ ਤਰ੍ਹਾਂ ਦੀਆਂ ਸੀਮਾਵਾਂ ਤੋਂ ਮੁਕਤ ਹੋ ਕੇ, ਸਮੇਂ ਤੇ ਸਥਾਨ ਦੀਆਂ ਹੱਦਾਂ ਤੋਂ ਪਾਰ ਜਾ ਕੇ ਪੂਰੀ ਤਰ੍ਹਾਂ ਅਭੇਦ ਹੋ ਜਾਂਦਾ ਹੈ| ਰਚਨਾ ਵਿੱਚ ਵਿਆਪਤ ਪਾਤਰਾਂ ਦੇ ਦੁੱਖ-ਸੁੱਖ, ਅਨੁਭਵ ਤੇ ਅਹਿਸਾਸ ਪਾਠਕ ਜਾਂ ਦਰਸ਼ਕ ਦੇ ਆਪਣੇ ਹੋ ਜਾਂਦੇ ਹਨ| ਨਾਟਕਕਾਰ, ਪਾਤਰ ਅਤੇ ਦਰਸ਼ਕ ਵਿਚਲੀ ਅਜਿਹੀ ਸਾਂਝ ਅਤੇ ਅਭੇਦਤਾ ਸਰਬ ਵਿਆਪੀ ਹੋ ਕੇ ਅਲੌਕਿਕ ਰਸ ਪੈਦਾ ਕਰਦੀ ਹੈ| ਸਾਧਾਰਨੀਕਰਨ ਇੱਕ ਅਜਿਹੀ ਕਲਾ ਹੈ ਜਿਸ ਰਾਹੀਂ ਨਾਟਕ ਦੀ ਅੰਦਰਲੀ ਭਾਵੁਕ ਸ਼ਕਤੀ ਪਾਠਕ/ਦਰਸ਼ਕ ਦੇ ਭਾਵੁਕ ਪੱਧਰ ਨਾਲ ਆਤਮਸਾਤ ਹੋ ਜਾਂਦੀ ਹੈ| ਅਜਿਹੀ ਸਥਿਤੀ ਵਿੱਚ ਦਰਸ਼ਕ, ਨਾਟਕੀ ਪਾਤਰ ਦੇ ਅਹਿਸਾਸਾਂ ਨੂੰ ਆਪਣੇ ਅੰਦਰ ਉਸੀ ਤੀਬਰਤਾ ਦੇ ਵੇਗ ਨਾਲ ਮਹਿਸੂਸ ਕਰਦਾ ਹੈ| ਪਾਤਰ ਦੇ ਭਾਵ, ਦਰਸ਼ਕ ਦੇ ਭਾਵ ਵਿੱਚ ਰਲ ਜਾਂਦੇ ਹਨ| ਇਹ ਸਾਰਾ ਵਰਤਾਰਾ ਸਾਧਾਰਨੀਕਰਨ ਰਾਹੀਂ ਵਾਪਰਦਾ ਹੈ| ਇਸ ਕਲਾ ਜੁਗਤ ਰਾਹੀਂ ਨਾਟਕ ਦੀ ਭਾਸ਼ਾ ਵਿੱਲਖਣ ਕਿਸਮ ਦੇ ਭਾਵੁਕ ਰੂਪਾਂਤਰਣ ਵਿੱਚੋਂ ਗੁਜ਼ਰ ਕੇ ਰਸ ਅਨੁਭੂਤੀ ਨੂੰ ਪ੍ਰਾਪਤ ਹੁੰਦੀ ਹੈ| ਇਸ ਸਥਿਤੀ ਤੱਕ ਅਪੜਨ ਵਿੱਚ ਬਹੁਤ ਸਾਰੇ ਤੱਤ ਕਾਰਜਸ਼ੀਲ ਹੁੰਦੇ ਹਨ| ਨਾਟਕ ਦੇ ਪ੍ਰਸੰਗ ਵਿੱਚ ਨਾਟਕ ਦੀ ਭਾਸ਼ਾ, ਨਾਟਕ ਦਾ ਸਿਰਜਣਕਾਰ, ਦਰਸ਼ਕ/ਸਰੋਤਾ, ਨਾਟਕ ਵਿੱਚ ਕੰਮ ਕਰਨ ਵਾਲੇ ਅਦਾਕਾਰ/ਪਾਤਰ, ਇਤਿਹਾਸਕ ਜਾਂ ਕਾਲਪਨਿਕ ਸਮੱਗਰੀ, ਨਾਇਕ/ਨਾਇਕਾ, ਅਦਾਕਾਰਾਂ ਦਾ ਅਭਿਨੈ (ਆਂਗਿਕ ਅਭਿਨੈ, ਬੋਲਾਂ ਰਾਹੀਂ ਕੀਤਾ ਜਾਣ ਵਾਲਾ ਅਭਿਨੈ, ਆਹਾਰਯ ਅਭਿਨੈ ਅਤੇ ਮਨ ਦੀ ਇਕਾਗਰਤਾ ਰਾਹੀਂ ਪ੍ਰਦਰਸ਼ਨ ਕੀਤਾ ਜਾਣ ਵਾਲਾ ਅਭਿਨੈ) ਇਸ ਤੋਂ ਇਲਾਵਾ ਸੰਚਾਰੀ ਅਤੇ ਸਥਾਈ ਭਾਵ ਜਿਵੇਂ ਡਰ, ਚਿੰਤਾ, ਉੱਤੇਜਨਾ ਅਤੇ ਰਤਿ, ਕਰੁਣਾ, ਭੈ ਆਦਿ| ਉਪਰੋਕਤ ਵਰਣਿਤ ਇਨ੍ਹਾਂ ਸਾਰੇ ਤੱਤਾਂ ਰਾਹੀਂ ਪਾਠਕ/ਦਰਸ਼ਕ ਨੂੰ ਰਸ ਦਾ ਅਨੁਭਵ ਹੁੰਦਾ ਹੈ ਤੇ ਉਹ ਇਸ ਹੁਲਾਸ ਅਤੇ ਅਨੰਦ ਦੀ ਅਵਸਥਾ ਨੂੰ ਮਾਣਦਾ ਹੈ| ਸਧਾਰਨੀਕਰਣ ਦਾ ਸੰਬੰਧ ਇਨ੍ਹਾਂ ਸਾਰੇ ਤੱਤਾਂ ਨਾਲ ਜਾਂ ਸਮੁੱਚੀ ਪ੍ਰਕ੍ਰਿਆ ਨਾਲ ਹੈ| ਨਾਟਕਕਾਰ ਤੇ ਦਰਸ਼ਕ ਦਰਮਿਆਨ ਪੈਦਾ ਹੋਏ ਅਹਿਸਾਸ, ਜਜ਼ਬਾਤ, ਭਾਵਨਾਵਾਂ ਅਤੇ ਵਲਵਲਿਆਂ ਦੀ ਸਾਂਝ ਸਾਧਾਰਨੀਕਰਨ ਕਹਾਉਂਦੀ ਹੈ| ਮੰਚ ਉੱਤੇ ਚਲ ਰਹੇ ਕਾਰਜ ਨੂੰ ਦੇਖ ਕੇ ਦਰਸ਼ਕ ਨੂੰ ਇਉਂ ਜਾਪਦਾ ਹੈ ਜਿਵੇਂ ਨਾਟਕੀ ਪਾਤਰਾਂ ਨਾਲ ਵਾਪਰਨ ਵਾਲੀਆਂ ਘਟਨਾਵਾਂ ਉਸ ਦੀਆਂ ਹੱਡਬੀਤੀਆਂ ਘਟਨਾਵਾਂ ਹੋਣ| ਪਾਤਰ ਦੇ ਦੁਖ ਸੁਖ, ਖੁਸ਼ੀ ਗਮੀ ਵਿੱਚ ਉਸਨੂੰ ਆਪਣਾ ਆਪਾ ਝਲਕਦਾ ਦਿਸਦਾ ਹੈ| ਇਉਂ ਪਾਤਰ ਤੇ ਦਰਸ਼ਕ ਵਿਚਲਾ ਮੈਂ ਅਤੇ ਤੂੰ ਦਾ ਅੰਤਰ ਮਿਟ ਜਾਂਦਾ ਹੈ| ਸਾਧਾਰਨੀਕਰਨ ਦੀ ਇਸ ਅਵਸਥਾ ਦਾ ਸ਼੍ਰੇ ਨਾਟਕਕਾਰ ਨੂੰ ਜਾਂਦਾ ਹੈ ਕਿਉਂ ਕਿ ਨਾਟਕ/ਸਾਹਿਤ ਦੀ ਸਿਰਜਨਾ ਕਰਨ ਵੇਲੇ ਉਹ ਉਨਾਂ ਸਾਰੇ ਅੰਸ਼ਾਂ ਦੀ ਤਲਾਸ਼ ਵੱਲ ਰੁਚਿਤ ਹੁੰਦਾ ਹੈ ਜਿਸ ਨਾਲ ਪਾਤਰ ਤੇ ਦਰਸ਼ਕ ਵਿੱਚ ਇਕਸੁਰਤਾ ਸਥਾਪਤ ਹੋ ਕੇ ਸਾਧਾਰਨੀਕਰਨ ਦੀ ਪ੍ਰਕ੍ਰਿਆ ਵਾਪਰਦੀ ਹੈ ਪਰ ਇਸ ਅਨੰਦ ਤੇ ਸੁਹਜ ਦੀ ਪ੍ਰਾਪਤੀ ਲਈ ਦਰਸ਼ਕ/ਪਾਠਕ ਦਾ ਕੋਮਲ ਭਾਵੀ ਰੁਚੀਆਂ ਵਾਲਾ ਅਤੇ ਸੰਵੇਦਨਸ਼ੀਲ ਹੋਣਾ ਜਰੂਰੀ ਹੁੰਦਾ ਹੈ| ਸਾਧਾਰਨੀਕਰਨ ਦੀ ਇਸ ਸਥਿਤੀ ਵਿੱਚ ਹੀ ਦਰਸ਼ਕ ਨਾਟਕ ਦਾ ਅਨੰਦ ਮਾਣਦਾ ਹੈ| ਇਸ ਅਨੰਦ ਅਤੇ ਹੁਲਾਸ ਮਾਨਣ ਦੀ ਸਥਿਤੀ ਨੂੰ ਸੰਸਕ੍ਰਿਤ ਵਿੱਚ ਰਸ ਕਿਹਾ ਗਿਆ ਹੈ| ਭਰਤਮੁਨੀ ਦੇ ਨਾਟ ਸ਼ਾਸਤਰ ਵਿੱਚ ਇਸ ਸੰਕਲਪ ਬਾਰੇ ਵਿਸਤ੍ਰਿਤ ਚਰਚਾ ਨਹੀਂ ਮਿਲਦੀ| ਭੱਟਨਾਯਕ ਇਸ ਮੱਤ ਦਾ ਹਾਮੀ ਹੈ ਕਿ ਨਾ ਤਾਂ ਰਸ ਦੀ ਉਤਪਤੀ ਹੁੰਦੀ ਹੈ ਤੇ ਨਾ ਹੀ ਇਸ ਨੂੰ ਪ੍ਰਗਟ ਕੀਤਾ ਜਾ ਸਕਦਾ ਹੈ| ਇਸ ਨੂੰ ਕੇਵਲ ਮਾਣਿਆ ਤੇ ਮਹਿਸੂਸ ਹੀ ਕੀਤਾ ਜਾ ਸਕਦਾ ਹੈ| ਇਸ ਮੱਤ ਦੀ ਪ੍ਰੋੜ੍ਹਤਾ ਲਈ ਉਸ ਨੇ ਕਾਵਿ/ਨਾਟਕ ਦੀਆਂ ਤਿੰਨ ਕ੍ਰਿਆਵਾਂ ਦਾ ਜ਼ਿਕਰ ਕੀਤਾ ਹੈ| ਅਭਿਦਾ, ਭਾਵਨਾ ਅਤੇ ਭੋਗ| ਅਭਿਦਾ ਰਾਹੀਂ ਪਾਠਕ/ਦਰਸ਼ਕ ਨਾਟਕ ਦੇ ਸ਼ਬਦਾਂ ਦੇ ਅਰਥਾਂ ਨੂੰ ਗ੍ਰਹਿਣ ਕਰਦਾ ਹੈ| ਭਾਵਨਾ ਦੇ ਅੰਤਰਗਤ ਸੰਵੇਦਨਸ਼ੀਲ ਜਾਂ ਭਾਵੁਕ ਪਾਠਕ/ਦਰਸ਼ਕ ਵੈਰ ਵਿਰੋਧ ਦੀ ਭਾਵਨਾ ਤੋਂ ਮੁਕਤ ਹੋ ਜਾਂਦਾ ਹੈ| ਨਾਟਕ ਵਿੱਚ ਪੇਸ਼, ਵਿਸ਼ਾ, ਪਾਤਰ, ਘਟਨਾਵਾਂ ਸਭ ਕੁਝ ਸਰਬ ਸਧਾਰਨ ਹੋ ਜਾਂਦਾ ਹੈ| ਸਥਾਈ ਭਾਵ ਸਧਾਰਨੀਕ੍ਰਿਤ ਹੋ ਕੇ ਰਸ ਵਿੱਚ ਤਬਦੀਲ ਹੋ ਜਾਂਦੇ ਹਨ| ਤੀਜੀ ਸਥਿਤੀ ਭੋਗ ਦੀ ਹੈ ਜਿਸ ਰਾਹੀਂ ਦਰਸ਼ਕੇਪਾਠਕ ਰਸ ਦਾ ਅਨੰਦ ਮਾਣਦਾ ਹੈ| ਰਸ ਨੂੰ ਮਾਨਣ ਦੀ ਪ੍ਰਕ੍ਰਿਆ ਸਥਾਈ ਭਾਵ ਨਾਲ ਸੰਬੰਧਤ ਹੁੰਦੀ ਹੈ| ਪ੍ਰੇਮ ਪ੍ਰਕਾਸ਼ ਨੇ ਭਾਰਤੀ ਕਾਵਿ ਸ਼ਾਸਤ੍ਰ ਵਿੱਚ ਭੱਟਨਾਯਕ ਦੀ ਸਾਧਾਰਨੀਕਰਣ ਦੀ ਪ੍ਰਕ੍ਰਿਆ ਨੂੰ ਇਉਂ ਸਾਰਬੱਧ ਕੀਤਾ ਹੈ|
'ਸਾਧਾਰਨੀਕਰਣ ਵਿਭਾਵ ਅਨੁਭਾਵ ਤੇ ਸੰਚਾਰੀ ਭਾਵ ਦਾ ਹੁੰਦਾ ਹੈ, ਕਾਵਿ- ਨਾਟਕ ਵਿੱਚ ਜੋ ਭਾਵਨਾ ਕ੍ਰਿਆ ਜਾਂ ਸ਼ਕਤੀ ਹੈ ਉਹੋ ਹੀ ਸਾਧਾਰਨੀਕਰਣ ਹੈ| ਭਾਵਨਾ ਕ੍ਰਿਆ ਦੁਆਰਾ ਸਾਧਾਰਣੀਕ੍ਰਿਤ ਸਥਾਈ ਭਾਵ ਹੀ ਰਸ ਵਿੱਚ ਪ੍ਰਗਟ ਹੋ ਜਾਂਦਾ ਹੈ| ਸਾਧਾਰਨੀਕਰਣ ਰਸ ਦੇ ਅਨੁਭਵ ਕਰਨ ਤੋਂ ਪਹਿਲਾਂ ਦੀ ਪ੍ਰਕ੍ਰਿਆ ਹੈ'' ( ਪ੍ਰੇਮ ਪ੍ਰਕਾਸ਼, ਭਾਰਤੀ ਕਾਵਿ ਸ਼ਾਸਤ੍ਰ, ਪੰਨਾ 78)
ਲੇਖਕ/ਨਾਟਕਕਾਰ ਦੇ ਰਚਨਾ ਰਚਣ ਤੋਂ ਲੈ ਕੇ ਪਾਠਕ/ਦਰਸ਼ਕ ਦੇ ਰਸ ਦੀ ਅਨੁਭੂਤੀ ਕਰਨ ਤੱਕ ਕਈ ਪੜਾਅ ਨਿਰਧਾਰਤ ਕੀਤੇ ਗਏ ਹਨ| ਲੇਖਕ, ਰਚਨਾ ਦਾ ਵਿਸ਼ਾ, ਵਿਭਾਵ, ਅਨੁਭਾਵ, ਸੰਚਾਰੀਭਾਵ ਤੇ ਪਾਠਕ ਦੀ ਰਸ ਅਨੁਭੂਤੀ| ਸੰਸਕ੍ਰਿਤ ਦੇ ਵੱਖ-ਵੱਖ ਆਚਾਰੀਆਂ ਵਲੋਂ ਸਾਧਾਰਨੀਕਰਨ ਲਈ ਕਿਤੇ ਵਿਭਾਵ ਨੂੰ, ਕਿਤੇ ਰਚਨਾ ਦੇ ਵਿਸ਼ੇ ਨੂੰ ਤੇ ਕਿਤੇ ਭਾਵ-ਤੱਤ ਨੂੰ ਪ੍ਰਾਥਮਿਕਤਾ ਦਿਤੀ ਗਈ ਹੈ| ਆਚਾਰਯ ਵਿਸ਼ਵਨਾਥ ਇਸ ਮੱਤ ਦਾ ਹਾਮੀ ਹੈ ਕਿ ਨਾਟਕੇਕਾਵਿ ਵਿਚਲੇ ਵਿਭਾਵ ਨਾਟਕ ਦਾ ਪ੍ਰਦਰਸ਼ਨ ਦੇਖਣ ਵੇਲੇ ਦਰਸ਼ਕ ਨਾਲ ਆਪਣੇ ਆਪ ਨੂੰ ਸੰਮਿਲਤ ਕਰਕੇ ਅਭੇਦ ਰੂਪ ਵਿੱਚ ਪ੍ਰਗਟ ਹੁੰਦੇ ਹਨ| ਅਜਿਹੀ ਅਵਸਥਾ ਵਿੱਚ ਦਰਸ਼ਕ ਦੇ ਨਿੱਜ ਦਾ ਸਾਧਾਰਨੀਕਰਨ ਹੁੰਦਾ ਹੈ| ਦਰਸ਼ਕ ਦਾ ਨਿੱਜ, ਪਾਤਰ ਦੇ ਭਾਵਾਂ ਨਾਲ ਇਕਮਿਕ ਹੋ ਜਾਂਦਾ ਹੈ| ਸਾਧਾਰਨੀਕਰਨ ਸਿਰਜਣ ਦੀ ਸਮਰੱਥਾ ਸਾਰੇ ਰਚਨਾਕਾਰਾਂ ਜਾਂ ਨਾਟਕਕਾਰਾਂ ਵਿੱਚ ਨਹੀਂ ਹੁੰਦੀ| ਜਦੋਂ ਕੋਈ ਨਾਟਕਕਾਰ ਆਪਣੀ ਅਨੁਭੂਤੀ ਦੇ ਭਾਵ, ਨਾਟਕ ਦੇਖਣ ਵਾਲੇ ਸਾਰੇ ਦਰਸ਼ਕਾਂ ਵਿੱਚ ਪੈਦਾ ਕਰ ਦੇਂਦਾ ਹੈ ਤਾਂ ਉਸਦੀ ਅਜਿਹੀ ਸਮਰੱਥਾ ਨੂੰ ਸਾਧਾਰਨੀਕਰਨ ਦਾ ਨਾਂ ਦਿੱਤਾ ਜਾਂਦਾ ਹੈ| ਦਰਸ਼ਕ ਦਾ ਆਪਣੇ ਆਪੇ ਵਿੱਚੋਂ ਨਿਕਲ ਕੇ ਸਧਾਰਨ ਮਨੁੱਖ ਦੇ ਦੁੱਖ ਸੁੱਖ ਨਾਲ ਇੱਕਮਿੱਕ ਹੋ ਜਾਣਾ ਲੇਖਕ ਦੀ ਸਾਧਾਰਨੀਕਰਨ ਦੀ ਸ਼ਕਤੀ ਦੀ ਸਹੀ ਉਦਾਹਰਨ ਹੈ| ਅਜਿਹੀ ਸਥਿਤੀ ਲਈ ਵੁਡਵਰਥ ਨੇ ਸਹਿ-ਅਨੁਭੂਤੀ ਸੰਕਲਪ ਦੀ ਵਰਤੋਂ ਕੀਤੀ ਹੈ| ਸਹਾਇਕ ਗ੍ਰੰਥ - ਪ੍ਰੇਮ ਪ੍ਰਕਾਸ਼ : ਭਾਰਤੀ ਕਾਵਿ ਸ਼ਾਸਤ੍ਰ)

ਸੁਧਾਰਵਾਦੀ ਨਾਟ ਪ੍ਰਵਿਰਤੀ
39. ਸੁਧਾਰਵਾਦੀ ਨਾਟ-ਪ੍ਰਵਿਰਤੀ :- ਸੁਧਾਰਵਾਦੀ ਨਾਟ-ਪ੍ਰਵਿਰਤੀ ਦੇ ਅੰਤਰਗਤ ਉਨਾਂ ਨਾਟਕਕਾਰਾਂ ਦੀਆਂ ਨਾਟ-ਰਚਨਾਵਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ ਜਿਨ੍ਹਾਂ ਵਿੱਚ ਸਮਾਜਕ ਅਨਿਆਂ ਅਤੇ ਬੇਇਨਸਾਫੀ ਵਿਰੁੱਧ ਅਵਾਜ਼ ਲਾਮਬੰਦ ਕੀਤੀ ਗਈ ਹੋਵੇ| ਅਜਿਹੀਆਂ ਨਾਟ ਰਚਨਾਵਾਂ ਦਾ ਮੁੱਖ ਮਨੋਰਥ ਸਮਾਜਕ ਬੁਰਾਈਆਂ ਵਿਰੁੱਧ ਚੇਤਨਾ ਪੈਦਾ ਕਰਨਾ ਹੁੰਦਾ ਹੈ| ਸੌ ਸਾਲਾਂ ਦੇ ਪੰਜਾਬੀ ਨਾਟਕ ਤੇ ਇਤਿਹਾਸ ਵਿੱਚ ਮੁਢਲੇ ਪੰਜਾਬੀ ਨਾਟਕਕਾਰਾਂ ਨੇ ਇਸ ਪ੍ਰਵਿਰਤੀ ਦੇ ਅੰਤਰਗਤ ਵੱਡੇ ਪੱਧਰ 'ਤੇ ਨਾਟਕਾਂ ਦੀ ਰਚਨਾ ਕੀਤੀ ਹੈ| ਭਾਈ ਵੀਰ ਸਿੰਘ ਦਾ ਨਾਟਕ ਰਾਜਾ ਲੱਖਦਾਤਾ ਸਿੰਘ ਸਿੱਖ ਕੌਮ ਵਿੱਚ ਆ ਰਹੀ ਗਿਰਾਵਟ ਨੂੰ ਦੂਰ ਕਰਨ ਦੇ ਵਿਸ਼ੇ ਨਾਲ ਸੰਬੰਧਤ ਸੁਧਾਰਵਾਦੀ ਪ੍ਰਵਿਰਤੀ ਦਾ ਨਾਟਕ ਹੈ| ਉਸੇ ਦੌਰ ਵਿੱਚ ਸਮਾਜਕ ਬੁਰਾਈਆਂ ਨੂੰ ਦੂਰ ਕਰਨ ਲਈ ਅਜਿਹੇ ਨਾਟਕਾਂ ਦੀ ਰਚਨਾ ਕੀਤੀ ਗਈ ਜਿਨ੍ਹਾਂ ਦਾ ਮਕਸਦ ਸਮਾਜਕ ਕੁਰੀਤੀਆਂ ਨੂੰ ਖ਼ਤਮ ਕਰਨਾ ਸੀ| ਆਈ.ਸੀ.ਨੰਦਾ ਦਾ ਸੁੱਭਦਰਾ ਨਾਟਕ ਵਿਧਵਾ ਵਿਆਹ ਦੀ ਸਮੱਸਿਆ ਨਾਲ ਸਬੰਧਤ ਨਾਟਕ ਹੈ ਜਿਸ ਵਿੱਚ ਉਸਨੇ ਵਿਧਵਾ ਦੇ ਪੁਨਰ ਵਿਆਹ ਦਾ ਸੁਝਾਅ ਦੇ ਕੇ ਸਮਾਜਕ ਸਮੱਸਿਆ ਦੇ ਸੁਧਾਰ ਦਾ ਸੰਦੇਸ਼ ਦਿੱਤਾ ਹੈ| ਪਹਿਲੀ ਪੀੜ੍ਹੀ ਦੇ ਨਾਟਕਕਾਰਾਂ ਵਿੱਚੋ ਹਰਚਰਨ ਸਿੰਘ ਦਾ ਅਨਜੋੜ, ਗੁਰਦਿਆਲ ਸਿੰਘ ਦਾ ਜੋੜੀ ਨਾਟਕ ਇਸੇ ਪ੍ਰਵਿਰਤੀ ਦੇ ਨਾਟਕ ਹਨ| ਸੁਤੰਤਰਤਾ ਪ੍ਰਾਪਤੀ ਤੱਕ ਦੇ ਲਿਖੇ ਨਾਟਕਾਂ ਵਿੱਚ ਸੁਧਾਰਵਾਦ ਦੀ ਪ੍ਰਵਿਰਤੀ ਵੱਡੇ ਪੱਧਰ 'ਤੇ ਦ੍ਰਿਸ਼ਟੀਗੋਚਰ ਹੁੰਦੀ ਹੈ| ਦੇਸ਼ ਵੰਡ ਮਗਰੋਂ ਉਪਜੀਆਂ ਸਮੱਸਿਆਵਾਂ ਨੂੰ ਲੈ ਕੇ ਵੀ ਸੁਧਾਰਵਾਦੀ ਨਾਟਕ ਰਚਣ ਦੀ ਰੁਚੀ ਪੰਜਾਬੀ ਨਾਟਕਕਾਰਾਂ ਵਿੱਚ ਪ੍ਰਬਲ ਨਜ਼ਰ ਆਉਂਦੀ ਰਹੀ| ਕਪੂਰ ਸਿੰਘ ਘੁੰਮਣ ਦਾ ਨਾਟਕ 'ਜਿੰਦਗੀ ਤੋਂ ਦੂਰ' ਗ੍ਰਹਿਸਤੀ ਜੀਵਨ ਤੋਂ ਭਾਂਜਵਾਦੀ ਰੁਚੀ ਅਪਨਾਉਣ ਵਾਲਿਆਂ ਨੂੰ, ਗ੍ਰਹਿਸਤ ਦੀ ਮਹਤੱਤਾ ਦਰਸਾਉਣ ਵਾਲੀ ਸੁਧਾਰਵਾਦੀ ਨਾਟ-ਕ੍ਰਿਤੀ ਹੈ| ਇਸੇ ਦੌਰ ਦਾ ਇੱਕ ਹੋਰ ਮਹੱਤਵਪੂਰਨ ਨਾਟਕਕਾਰ ਗੁਰਚਰਨ ਸਿੰਘ ਜਸੂਜਾ ਹੈ ਜਿਸ ਦਾ 'ਅੰਧਕਾਰ' ਨਾਟਕ ਸੁਧਾਰਵਾਦੀ ਰੁਚੀ ਨੂੰ ਲੈ ਕੇ ਲਿਖਿਆ ਗਿਆ ਨਾਟਕ ਹੈ| ਦਰਸ਼ਕਾਂ ਨੂੰ ਸਿੱਧਾ ਸੰਬੋਧਤ ਹੋਣ ਕਰਕੇ ਨਾਟਕ ਇੱਕ ਮਹੱਤਵਪੂਰਨ ਤੇ ਸਸ਼ਕਤ ਮਾਧਿਅਮ ਹੈ| ਮੰਚ ਉੱਤੇ ਵਾਪਰਦੀ ਬੁਰਾਈ ਨੂੰ ਦਿਖਾਉਣ ਤੋਂ ਬਾਅਦ ਉਸਦਾ ਸੁਝਾਇਆ ਹੱਲ ਦਰਸ਼ਕਾਂ ਉੱਤੇ ਮੁਕਾਬਲਤਨ ਵਧੇਰੇ ਅਸਰ ਕਰਦਾ ਹੈ| ਸੁਧਾਰ ਦੇ ਵਿਸ਼ੇ ਨੂੰ ਲੈ ਕੇ ਲਿਖੇ ਗਏ ਪੰਜਾਬੀ ਨਾਟਕਾਂ ਦੇ ਪ੍ਰ੍ਰਮੁੱਖ ਵਿਸ਼ੇ, ਬਾਲ ਵਿਆਹ, ਵਿਧਵਾ ਵਿਆਹ, ਧਾਰਮਕ ਪਤਨ, ਨੈਤਿਕ ਨਿਘਾਰ ਤੇ ਭ੍ਰਿਸ਼ਟਾਚਾਰ ਆਦਿ ਦੇ ਇਰਦ ਗਿਰਦ ਘੁੰਮਦੇ ਹਨ| ਚੰਗਾ ਸੁਧਾਰਵਾਦੀ ਨਾਟਕ ਉਹ ਸਮਝਿਆ ਜਾਂਦਾ ਹੈ ਜਿਹੜਾ ਕੇਵਲ ਉਪਦੇਸ਼ਾਤਮਕ ਰੁਚੀਆਂ ਤੱਕ ਸੀਮਤ ਹੋ ਕੇ ਹੀ ਨਾ ਰਹਿ ਜਾਵੇ| ਕਿਉਂਕਿ ਅਜਿਹਾ ਨਾਟਕ ਪ੍ਰਚਾਰ ਦੇ ਪੱਧਰ ਤੱਕ ਘਟਿਤ ਹੋ ਕੇ ਰਹਿ ਜਾਂਦਾ ਹੈ| ਦਰਸ਼ਕ ਨੂੰ ਇਉਂ ਮਹਿਸੂਸ ਨਹੀਂ ਹੋਣਾ ਚਾਹੀਦਾ ਕਿ ਰਚਨਾ ਵਿੱਚੋਂ ਨਾਟਕਕਾਰ ਬੋਲ ਰਿਹਾ ਹੈ ਬਲਕਿ ਸੁਧਾਰ ਦੀ ਰੁਚੀ ਨਾਟਕੀ ਟੱਕਰ ਵਿੱਚੋ ਉਭਰਦੀ ਪ੍ਰਤੀਤ ਹੋਣੀ ਚਾਹੀਦੀ ਹੈ| ਮੁਢਲੇ ਨਾਟਕਕਾਰਾਂ ਵਿੱਚ ਸੁਧਾਰ ਦੀ ਪ੍ਰਵਿਰਤੀ ਆਦਰਸ਼ਵਾਦੀ ਰੰਗਣ ਦੀ ਨਜ਼ਰ ਆਉਂਦੀ ਹੈ ਪਰ ਅਗਲੀ ਪੀੜ੍ਹੀ ਦੇ ਨਾਟਕਕਾਰਾਂ ਵਿੱਚ ਕਲਾ ਪੱਖੋਂ ਵਧੇਰੇ ਪ੍ਰਪਕਤਾ ਨਜ਼ਰ ਆਉਂਦੀ ਹੈ ਕਿਉਂਕਿ ਉਨ੍ਹਾਂ ਨੇ ਸਮਾਜ ਸੁਧਾਰ ਦਾ ਸੰਦੇਸ਼ ਨਾਟਕੀ ਕਾਰਜ ਰਾਹੀਂ ਸਾਕਾਰ ਕਰਨ ਦੀ ਕੋਸ਼ਿਸ਼ ਕੀਤੀ| ਸੁਧਾਰਵਾਦੀ ਰੁਚੀ ਅਧੀਨ ਲਿਖੇ ਗਏ ਨਾਟਕ ਸਮਾਜਕ ਕੁਹਜਾਂ ਤੇ ਕੁਰੀਤੀਆਂ ਨੂੰ ਉਘਾੜ ਕੇ ਉਨ੍ਹਾਂ ਨੂੰ ਦੂਰ ਕਰਨ ਦਾ ਹੱਲ ਸੁਝਾਉਂਦੇ ਹਨ| (ਸਹਾਇਕ ਗ੍ਰੰਥ - ਸਤੀਸ਼ ਕੁਮਾਰ ਵਰਮਾ : ਪੰਜਾਬੀ ਨਾਟਕ ਦਾ ਇਤਿਹਾਸ, ਪੰਜਾਬੀ ਨਾਟਕ ਪ੍ਰਗਤੀ ਤੇ ਪਾਸਾਰ)

ਸੂਚਨਾ ਜੁਗਤ

Information Technique

ਨਾਟਕ ਪ੍ਰਦਰਸ਼ਨੀ ਦੀ ਕਲਾ ਹੈ| ਇਸ ਵਿੱਚ ਘਟਨਾਵਾਂ ਨੂੰ ਮੰਚ ਉੱਤੇ ਵਾਪਰਦਿਆਂ ਦਿਖਾਇਆ ਜਾਂਦਾ ਹੈ| ਸਮਾਂਗਤ ਵਿਧਾ ਹੋਣ ਕਰਕੇ ਸਾਰੀਆਂ ਘਟਨਾਵਾਂ ਦੀ ਮੰਚੀ ਪੇਸ਼ਕਾਰੀ ਸੰਭਵ ਨਹੀਂ ਹੁੰਦੀ| ਸਮੇਂ ਦੀ ਸੀਮਾ ਤੇ ਸਥਾਨ ਦੀਆਂ ਸੀਮਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਨਾਟਕਕਾਰ ਪ੍ਰਦਰਸ਼ਨੀ ਲਈ ਕੇਵਲ ਅਜਿਹੀਆਂ ਘਟਨਾਵਾਂ ਦੀ ਚੋਣ ਕਰਦਾ ਹੈ ਜਿਹੜੀਆਂ ਬਹੁਤ ਪ੍ਰਭਾਵਸ਼ਾਲੀ ਹੋਣ ਤੇ ਜਿਨ੍ਹਾਂ ਦੀ ਮੰਚੀ ਪੇਸ਼ਕਾਰੀ ਵਿੱਚ ਕਿਸੇ ਕਿਸਮ ਦੀ ਸਮੱਸਿਆ ਪੇਸ਼ ਨਾ ਆਉਂਦੀ ਹੋਵੇ| ਜੀਵਨ ਦੇ ਵਿਸ਼ਾਲ ਕਲੇਵਰ ਨੂੰ ਸੀਮਤ ਸਮੇਂ ਦੌਰਾਨ ਮੰਚ ਉੱਤੇ ਸਾਕਾਰ ਕਰਨ ਵੇਲੇ ਬਹੁਤ ਸਾਰੀਆਂ ਘਟਨਾਵਾਂ ਦਾ ਕੇਵਲ ਬਿਆਨ ਹੀ ਕੀਤਾ ਜਾਂਦਾ ਹੈ| ਇਉਂ ਦਰਸ਼ਕ ਜਿੱਥੇ ਬਹੁਤ ਕੁਝ ਦ੍ਰਿਸ਼ ਦੀ ਭਾਸ਼ਾ ਰਾਹੀਂ ਗ੍ਰਹਿਣ ਕਰਦੇ ਹਨ ਉੱਥੇ ਮੰਚ ਤੋਂ ਬਾਹਰ ਵਾਪਰਦੀਆਂ ਘਟਨਾਵਾਂ ਨੂੰ ਪਾਤਰਾਂ ਦੀ ਗੱਲਬਾਤ ਰਾਹੀਂ ਵੀ ਗ੍ਰਹਿਣ ਕਰਦੇ ਹਨ| ਹਰੇਕ ਘਟਨਾ ਦੀ ਮੰਚੀ ਪੇਸ਼ਕਾਰੀ ਸੰਭਵ ਵੀ ਨਹੀਂ ਹੁੰਦੀ| ਜਿਵੇਂ ਜੰਗ ਜਾਂ ਯੁੱਧ ਦੇ ਦ੍ਰਿਸ਼ਾਂ ਦੀ ਪੇਸ਼ਕਾਰੀ ਮੰਚ ਤੋਂ ਨਹੀਂ ਦਿਖਾਈ ਜਾਂਦੀ| ਲਾਈਵ ਵਿਧਾ ਹੋਣ ਕਰਕੇ ਹੋਰ ਵੀ ਕਈ ਪ੍ਰਕਾਰ ਦੇ ਦ੍ਰਿਸ਼ਾਂ ਦੀ ਪੇਸ਼ਕਾਰੀ ਮੰਚ ਤੋਂ ਦਿਖਾਉਣੀ ਵਰਜਿਤ ਹੁੰਦੀ ਹੈ| ਅਜਿਹੀ ਸਥਿਤੀ ਵਿੱਚ ਨਾਟਕਕਾਰ ਸੂਚਨਾ ਜੁਗਤ ਰਾਹੀਂ ਦਰਸ਼ਕਾਂ ਨੂੰ ਨਾਟਕੀ ਕਾਰਜ ਨਾਲ ਜੋੜਦਾ ਹੈ| ਅਜਿਹੀ ਸੂਚਨਾ ਪਾਤਰਾਂ ਦੀ ਗੱਲਬਾਤ ਰਾਹੀਂ ਦਰਸ਼ਕਾਂ ਤੱਕ ਪੁਚਾਈ ਜਾਂਦੀ ਹੈ| ਇਉਂ ਮੰਚ ਤੋਂ ਬਾਹਰ ਵਾਪਰੀਆਂ ਘਟਨਾਵਾਂ ਬਾਰੇ ਦਰਸ਼ਕਾਂ ਨੂੰ ਜਾਣਕਾਰੀ ਹਾਸਿਲ ਹੁੰਦੀ ਹੈ| ਅਜਿਹੀ ਸੂਚਨਾ ਜੁਗਤ ਦੀ ਵਰਤੋਂ ਨਾਟਕ ਵਿੱਚ ਵੱਡੇ ਪੱਧਰ ਉੱਤੇ ਕੀਤੀ ਜਾਂਦੀ ਹੈ| ਨਾਟਕ ਵਿੱਚ ਦ੍ਰਿਸ਼ ਦੀ ਮਹੱਤਤਾ ਦੇ ਨਾਲ ਨਾਲ ਇਸ ਦੀ ਅਹਿਮੀਅਤ ਵੀ ਕਿਸੇ ਤਰ੍ਹਾਂ ਘੱਟ ਨਹੀਂ ਹੁੰਦੀ| ਬਹੁਤੇ ਨਾਟਕਾਂ ਵਿੱਚ ਦ੍ਰਿਸ਼ ਤੇ ਸੂਚਨਾ ਦੇ ਸੁਮੇਲ ਰਾਹੀਂ ਹੀ ਨਾਟਕ ਦੀ ਪੇਸ਼ਕਾਰੀ ਕੀਤੀ ਜਾਂਦੀ ਹੈ| ਗੁਰੂ ਸਾਹਿਬਾਨ ਨਾਲ ਸੰਬੰਧਤ ਰਚੇ ਗਏ ਨਾਟਕਾਂ ਵਿੱਚ ਕਿਉਂਕਿ ਸਿੱਖ ਗੁਰੂਆਂ ਨੂੰ ਮੰਚ ਉੱਤੇ ਦਿਖਾਏ ਜਾਣ ਦੀ ਮਨਾਹੀ ਹੈ ਇਸ ਲਈ ਉੱਥੇ ਨਾਟਕਕਾਰ ਵੱਡੇ ਪੱਧਰ ਉੱਤੇ ਸੂਚਨਾ ਜੁਗਤ ਦੀ ਵਰਤੋਂ ਕਰਦੇ ਹਨ| ਗੁਰੂ ਸਾਹਿਬਾਨ ਦੀ ਹੋਂਦ ਨੂੰ ਮੰਚ ਉੱਤੇ ਯਕੀਨੀ ਬਣਾਉਣ ਲਈ ਗੁਰਬਾਣੀ ਦੀਆਂ ਟੂਕਾਂ ਦਾ ਗਾਇਨ ਕੀਤਾ ਜਾਂਦਾ ਹੈ| ਗੁਰੂ ਸਾਹਿਬਾਨ ਦੀਆਂ, ਜਨਮ ਸ਼ਤਾਬਦੀਆਂ ਨੂੰ ਲੈ ਕੇ ਲਿਖੇ ਗਏ ਨਾਟਕਾਂ ਵਿੱਚ ਗੁਰੂਆਂ ਦੇ ਮੰਚ ਉੱਤੇ ਆਉਣ ਵੇਲੇ ਰੋਸ਼ਨੀਆਂ ਦੀ ਵਰਤੋਂ ਕੀਤੇ ਜਾਣ ਦਾ ਪ੍ਰਚਲਨ ਹੈ ਜਾਂ ਦੂਜਾ ਢੰਗ ਗੁਰਬਾਣੀ ਦੇ ਸ਼ਬਦ ਗਾਇਨ ਰਾਹੀਂ ਸੂਚਨਾ ਪ੍ਰਦਾਨ ਕੀਤੀ ਜਾਂਦੀ ਹੈ ਜਿਸ ਨਾਲ ਦਰਸ਼ਕ ਗੁਰੂਆਂ ਨੂੰ ਪ੍ਰਤੱਖ ਰੂਪ ਵਿੱਚ ਦੇਖੇ ਬਿਨਾਂ ਵੀ ਉਨ੍ਹਾਂ ਦੀ ਹੋਂਦ ਨੂੰ ਸਵੀਕਾਰ ਕਰ ਲੈਂਦੇ ਹਨ| ਅਜਿਹੀ ਜੁਗਤ ਦੀ ਵਰਤੋਂ ਨਾਟਕੀ ਕਾਰਜ ਨੂੰ ਸੰਪੂਰਨਤਾ ਪ੍ਰਦਾਨ ਕਰਦੀ ਹੈ| ਕਣਕ ਦੀ ਬੱਲੀ ਬਲਵੰਤ ਗਾਰਗੀ ਦੀ ਅਜਿਹੀ ਨਾਟ ਰਚਨਾ ਹੈ ਜਿਸ ਵਿੱਚ ਨਾਟਕਕਾਰ ਨੇ ਇਸ ਵਿਧੀ ਰਾਹੀਂ ਨਾਟਕੀ ਕਾਰਜ ਨੂੰ ਤੀਖਣਤਾ ਪ੍ਰਦਾਨ ਕੀਤੀ ਹੈ| ਨਾਟਕ ਦਾ ਬਹੁਤਾ ਵੇਰਵਾ ਸੂਚਨਾਵਾਂ ਦੇ ਮਾਧਿਅਮ ਰਾਹੀਂ ਹੀ ਦਰਸ਼ਕਾਂ ਤੱਕ ਪਹੁੰਚਦਾ ਹੈ|
ਝੰਡੂ-ਸੁਣਿਆ ਏ, ਮਹਾਰਾਜੇ ਨੇ ਤਿੰਨ ਸੌ ਰਾਣੀਆਂ ਰੱਖੀਆਂ ਸਨ ਤੇ ਉਹਨਾਂ ਮਹਾਰਾਣੀਆਂ ਦੀਆਂ ਟਹਿਲੀਆਂ ਵੀ ਸੋਹਣੀਆਂ ਸਨ (ਬਲਵੰਤ ਗਾਰਗੀ ਦੇ ਨਾਟਕ, ਪੰਨਾ, 142)
ਮੱਘਰ ------ਮਾੜੂ ਦੀ ਭਾਂਜੀ ਏ| ਇਸ ਦਾ ਪਿਓ ਮੇਰੇ ਖੇਤ ਵਿੱਚ ਕੰਮ ਕਰਦਾ ਸੀ (ਉਹੀ, ਪੰਨਾ, 143)
ਝੰਡੂ-------- ਤੁਹਾਡੇ ਬਾਬਾ ਜੀ ਪੁਰਾਣੇ ਮਹਾਰਾਜ ਦੇ ਡਿਓੜੀ ਅਫਸਰ ਸਨ, ਮਹਾਰਾਜ ਦੀ ਮੁੱਛ ਦਾ ਵਾਲ, ਨੱਕ ਉੱਤੇ ਮੱਖੀ ਕਿਹੜਾ ਬੈਠਣ ਦੇਂਦੇ ਸਨ| ਸਾਰੀ ਖ਼ਲਕਤ ਉਨ੍ਹਾਂ ਨੂੰ ਸਲਾਮਾਂ ਕਰਦੀ ਸੀ (ਉਹੀ)
ਨਿਹਾਲੀ ----- ਉਹਨਾਂ ਉਸਨੂੰ ਮਾਰ ਦਿੱਤਾ, ਨੀਲੀ ਰਾਤ ਵਿੱਚ ਉਹਨਾਂ ਦੀਆਂ ਛਵੀਆਂ ਚਮਕੀਆਂ| ਉਸ ਦੀ ਛਾਤੀ ਵਿੱਚੋਂ ਲਹੂ ਦੀਆਂ ਧਾਰਾਂ ਫੁੱਟ ਵਗੀਆਂ| ਚਾਨਣੀ ਵਿੱਚ ਉਸ ਦਾ ਲਹੂ ਸਾਵਾ ਸਾਵਾ ਲੱਗਦਾ ਸੀ| ਉਸ ਦੀ ਪੱਗ ਦਾ ਲੜ ਗਰਮ ਲਹੂ ਵਿੱਚ ਭਿੱਜ ਗਿਆ ਸੀ| (ਉਹੀ, ਪੰਨਾ 179)
ਇਸ ਨਾਟਕ ਦੀ ਉਸਾਰੀ ਵਿੱਚ ਸੂਚਨਾਵਾਂ ਦੀ ਭੂਮਿਕਾ ਬੜੀ ਮਹੱਤਵਪੂਰਨ ਹੈ| ਘਟਨਾਵਾਂ ਨੂੰ ਇਉਂ ਬਿਆਨ ਕਰਨ ਦੀ ਵਿਧੀ ਜਿੱਥੇ ਨਾਟਕ ਵਿੱਚ ਸੰਜਮਤਾ ਦੇ ਅੰਸ਼ ਭਰਦੀ ਹੈ ਉੱਥੇ ਨਾਟਕ ਦੀ ਗਤੀ ਵਿੱਚ ਸੰਪੂਰਨਤਾ ਵੀ ਲਿਆਉਂਦੀ ਹੈ| ਇਹ ਵਿਧੀ ਪਾਤਰਾਂ ਦੇ ਕਿਰਦਾਰ ਨੂੰ ਉਸਾਰਨ ਵਿੱਚ ਵੀ ਕਾਰਗਰ ਭੂਮਿਕਾ ਨਿਭਾTੁਂਦੀ ਹੈ| ਸੂਚਨਾ ਜੁਗਤ ਦੀ ਕਲਾਮਈ ਵਰਤੋਂ ਨਾਟਕੀ ਦ੍ਰਿਸ਼ ਦੀ ਸਿਰਜਨਾ ਕਰਨ ਵਿੱਚ ਵੀ ਸਹਾਈ ਸਿੱਧ ਹੁੰਦੀ ਹੈ| (ਸਹਾਇਕ ਗ੍ਰੰਥ - ਬਲਵੰਤ ਗਾਰਗੀ : ਬਲਵੰਤ ਗਾਰਗੀ ਦੇ ਨਾਟਕ)


logo