Punjabi Encyclopaedic Dictionary of Proverbs
ਉਸਤਕਾਰ (ਉਸਤਾਦ) ਉਚੱਕਾ, ਚੇਲੇ ਚੌੜ ਚਪੱਟ । ਵੇਖੋ : ਗੁਰੂ (ਪੀਰ) ਜਿਨ੍ਹਾਂ ਦੇ ਟੱਪਣੇ, ਚੇਲੇ ਜਾਣ ਛੜੱਪ ।
ਜਿਸ ਦਾ ਸਿੱਖਿਆ ਦੇਣ ਵਾਲਾ ਉਸਤਾਦ ਜਾਂ ਗੁਰੂ ਮਾੜਾ ਹੋਵੇ, ਉਹ ਆਪ ਵਧੇਰੇ ਭੈੜਾ ਹੁੰਦਾ ਹੈ ।
ਕਾਲਾ ਸਿੰਘ ! ਹੁਣ ਹਰੀ ਸਿੰਘ ਦੇ ਹੱਥੋਂ ਔਖੇ ਕਿਉਂ ਹੁੰਦੇ ਹੋ ? ਉਸ ਦੇ ਪਿਉ ਨੂੰ ਨਹੀਂ ਜਾਣਦੇ ਤੁਸੀਂ ? ਸਾਰੇ ਪਿੰਡ ਦਾ ਛਟਿਆ ਹੋਇਆ ਹੈ । ਜਿਸ ਦਾ ਉਸਤਾਦ ਹੀ ਉਚੱਕਾ ਹੋਵੇ, ਉਸ ਦੇ ਚੇਲੇ ਚੌੜ ਚਪੱਟ ਕਿਉਂ ਨਾ ਹੋਣ ? (ਸੰਗ੍ਰ)
ਉਸ਼ਨਾਕ ਬਾਹਮਣੀ, ਸੀਂਢ ਦਾ ਤੜਕਾ ।
ਬਾਹਰਲੀ ਭੜਕ ਬਹੁਤ, ਪਰ ਵਿੱਚੋਂ ਖ਼ਾਲੀ । ਜਦ ਕੋਈ ਘਰ ਵਿੱਚ ਤਾਂ ਗੰਦ-ਮੰਦ ਜਾਂ ਜੂਠ ਦੀ ਪਰਵਾਹ ਨਾ ਕਰੇ ਪਰ ਬਾਹਰ ਕਿਸੇ ਦੇ ਛੋਹ ਜਾਣ ਨਾਲ ਵੀ ਨੱਕ ਮੂੰਹ ਚੜ੍ਹਾਏ ਜਾਂ ਉਤੋਂ ਉਤੋਂ ਤਾਂ ਕੋਈ ਬੜਾ ਸੋਹਣਾ ਬਣ ਠਣ ਕੇ ਰਹੇ, ਪਰ ਵਿੱਚੋਂ ਬੜਾ ਗੰਦਾ ਹੋਵੇ, ਤਦ ਇਹ ਅਖਾਣ ਵਰਤਦੇ ਹਨ ।
ਕਰਮੋਂ ਨੂੰ ਵੇਖੋ ਨਾ, ਘਰ ਵਿੱਚ ਤਾਂ ਬਿੱਲੀਆਂ ਕੁੱਤਿਆਂ ਦੀ ਜੂਠ ਤੋੜੀ ਖਾ ਜਾਂਦੀ ਏ, ਪਰ ਅੱਜ ਮੈਂ ਕਿਹਾ ਲੈ ਨੀ, ਦਾਣੇ ਚੱਬ ਲੈ ਤਾਂ ਆਂਹਦੀ ਏ ਤੇਰੇ ਨਾਲ ਤਾਂ ਰਹਿਮਤੋ ਲੱਗ ਗਈ ਸੀ। ਉਸਨੇ ਤਾਂ ‘ਉਸ਼ਨਾਕ ਬਾਹਮਣੀ, ਸੀਂਢ ਦਾ ਤੜਕਾ’ ਵਾਲੀ ਗੱਲ ਕੀਤੀ ਹੈ । (ਸੰਗ੍ਰ)
ਉਹ ਕਿਹੜੀ ਗਲੀ, ਜਿੱਥੇ ਭਾਗੋ ਨਹੀਂ ਖਲੀ। ਵੇਖੋ : ਹਰ ਮਸਾਲੇ ਪਿਪਲਾ ਮੂਲ ।
ਜਦ ਕਿਸੇ ਨੂੰ ਹਰ ਥਾਂ ਅੱਗੇ ਹੀ ਅੱਗੇ ਜਾਂ ਹਰ ਕੰਮ ਵਿੱਚ ਲੱਤ ਅੜਾਉਂਦਾ ਵੇਖੀਏ ਤਾਂ ਇਹ ਅਖਾਣ ਵਰਤੀਦਾ ਹੈ ।
ਆਹੋ ਜੀ, ਤੁਸੀਂ ਕਿਉਂ ਨਾ ਆਉਂਦੇ। ਅਖੇ ਉਹ ਕਿਹੜੀ ਗਲੀ ਜਿਥੇ ਭਾਗੋ ਨਹੀਂ ਖਲੀ । ਤੁਹਾਡੇ ਬਿਨਾ ਕਿਸੇ ਦਾ ਕੰਮ ਭਲਾ ਤੁਰਦਾ ਹੈ ? (ਸੰਗ੍ਰ)
ਉਹ ਕਿਹੜੇ ਬਾਗ਼ (ਖੇਤ) ਦੀ ਮੂਲੀ ਹੈ ।
ਜਦ ਕੋਈ ਸਾਧਾਰਣ ਵਿੱਤ ਵਾਲਾ ਕੋਈ ਤਕੜਾ ਕੰਮ ਕਰਨ ਦੀ ਫੜ ਮਾਰੇ, ਤਦ ਉਸ ਦੀ ਹੇਠੀ ਕਰਨ ਲਈ ਜਾਂ ਔਖਾ ਸਮਾਂ ਆਉਣ ਤੇ ਹਰ ਹੈਸੀਅਤ ਦਾ ਪੁਰਸ਼ ਮਾੜੇ ਤੋਂ ਮਾੜਾ ਕੰਮ ਕਰਨ ਲਈ ਤਿਆਰ ਹੋ ਪਵੇ, ਤਦ ਇਹ ਅਖਾਣ ਵਰਤਦੇ ਹਨ ।
ਉਹ ਕਿਹੜੇ ਬਾਗ਼ ਦੀ ਮੂਲੀ ਹੈ। ਇਹੋ ਜਿਹੇ ਸਮੇਂ ਤੇ ਚੰਗਿਆਂ ਚੰਗਿਆਂ ਦੀ ਹੋਸ਼ ਭੁੱਲ ਜਾਂਦੀ ਹੈ। (ਸੰਗ੍ਰ)
ਉਹ ਘਿਉ ਦੀਆਂ ਕੁਰਲੀਆਂ ਕਰਦਾ ਹੈ ।
ਜਦ ਕੋਈ ਅਤਿ ਦਰਜੇ ਦੀ ਗ਼ਰੀਬੀ ਵਿੱਚੋਂ ਨਿਕਲ ਕੇ ਅਮੀਰ ਹੋ ਜਾਵੇ, ਤਦ ਇਹ ਅਖਾਣ ਵਰਤਦੇ ਹਨ ।
ਜੀ ਅੱਜ ਕੱਲ ਤਾਂ ਉਹ ਬੜਾ ਸੁਖੀ ਹੈ । ਹੁਣ ਤਾਂ ਘਿਉ ਦੀਆਂ ਕੁਰਲੀਆਂ ਕਰਦਾ ਹੈ । ਕੱਲ ਤੱਕ ਤਾਂ ਖਾਣ ਨੂੰ ਵੀ ਨਹੀਂ ਸੀ ਮਿਲਦਾ । (ਸੰਗ੍ਰ)
ਉਹ ਝੂਲੈ ਉਹ ਚੀਰੀਐ ਸਾਕਤ ਸੰਗੁ ਨਾ ਹੇਰਿ ।
ਕਬੀਰ ਜੀ ਫਰਮਾਂਦੇ ਹਨ, ਜਿਵੇਂ ਕੇਲਾ ਬੇਰੀ ਦੇ ਨੇੜੇ ਹੋਣ ਕਰਕੇ ਦੁਖ ਪਾਂਦਾ ਹੈ ; (ਕਿਉਂਕਿ ਜਦ ਬੇਰੀ ਝੂਲਦੀ ਹੈ, ਉਹਦੇ ਕੰਡਿਆਂ ਨਾਲ ਕੇਲੇ ਦਾ ਪੱਤਰ ਚੀਰੇ ਜਾਂਦੇ ਹਨ) ਤਿਵੇਂ ਹੀ ਮਾੜੀ ਸੰਗਤ ਕੀਤਿਆਂ ਮਨੁੱਖ ਦਾ ਜੀਵਨ ਮਾੜਾ ਹੋ ਜਾਂਦਾ ਹੈ।
“ਕਬੀਰ ਮਾਰੀ ਮਰਉ ਕੁਸੰਗ ਕੀ ਕੇਲੇ ਨਿਕਟਿ ਜੁ ਬੇਰਿ ।। ਉਹ ਝੂਲੈ ਉਹ ਚੀਰੀਐ ਸਾਕਤ ਸੰਗੁ ਨਾ ਹੇਰਿ ।।” (ਗੁਰੂ ਗ੍ਰੰਥ : ਸ਼ਲੋਕ ਕਬੀਰ)
ਉਹ ਤਾਂ ਪਰਾਂ ਤੇ ਪਾਣੀ ਨਹੀਂ ਪੈਣ ਦਿੰਦਾ ।
ਜਦ ਕੋਈ ਦੋਸ਼ੀ ਹੁੰਦਿਆਂ ਵੀ ਆਪਣਾ ਦੋਸ਼ ਨਾ ਮੰਨੇ ।
ਜਸਵੰਤ ਸਿੰਘ ਨੂੰ ਬੜਾ ਪੁੱਛਿਆ ਹੈ, ਪਰ ਉਹ ਤਾਂ ਪਰਾਂ ਤੇ ਪਾਣੀ ਨਹੀਂ ਪੈਣ ਦਿੰਦਾ । ਰਤਾ ਜਿੰਨਾ ਭੀ ਭੇਤ ਨਹੀਂ ਦੱਸਦਾ । (ਸੰਗ੍ਰ)
ਉਹ ਦਿਨ ਡੁੱਬਾ ਜਦੋਂ ਕੰਮ ਸਵਾਰੇ ਕੁੱਬਾ । ਜਾਂ ਉਹ ਦਿਨ ਡੁੱਬਾ ਜਦੋਂ ਘੋੜੀ ਚੜ੍ਹਿਆ ਕੁੱਬਾ ।
ਜਿਸ ਦੇ ਅੰਦਰ ਯੋਗਤਾ ਨਾ ਹੋਵੇ, ਪਰ ਫੜ੍ਹਾਂ ਬੜੀਆਂ ਮਾਰੇ ।
ਬਲਬੀਰ ਨੇ ਚਾਰ ਮਿੱਤਰਾਂ ਵਿੱਚ ਬੈਠਿਆਂ ਰਣਬੀਰ ਬਾਰੇ ਬੜੇ ਜੋਸ਼ ਵਿੱਚ ਇਹ ਸ਼ਬਦ ਕਹੇ : ਚਾਰ ਵਾਰੀ ਤਾਂ ਉਹ ਪ੍ਰੀਖਿਆ ਵਿੱਚੋਂ ਫ਼ੇਲ੍ਹ ਹੋ ਚੁੱਕਾ ਹੈ, ਪਰ ਸੁਫ਼ਨੇ ਲੈਂਦਾ ਹੈ ਮੈਜਿਸਟਰੇਟ ਬਣਨ ਦੇ । ਉਹ ਸਮਝਦਾ ਹੈ ਕਿ ਪਿਓ ਦੀ ਗੱਦੀ ਉਸ ਨੂੰ ਮਿਲ ਜਾਏਗੀ । ਪਰ ਉਹ ਦਿਹਾੜਾ ਡੁੱਬਾ ਜਦੋਂ ਘੋੜੀ ਚੜ੍ਹਿਆ ਕੁੱਬਾ । (ਸੰ)
ਉਹ ਨਾ ਭੁੱਲਾ ਜਾਣੀਏ, ਜੋ ਸ਼ਾਮੀਂ ਮੁੜ ਘਰ ਆਵੇ । ਜਾਂ ਉਹ ਭੀ ਨਾਹੀਂ ਭੁਲਾ, ਜਿਹੜਾ ਰਾਹ ਪੈ ਜਾਵੇ। ਜਾਂ ਉਹ ਭੀ ਭੁਲਾ ਨਾ ਜਾਣੀਏ, ਜੇ ਮੁੜ ਘਰ ਆਵੇ ।
ਜਦ ਕੋਈ ਭੁੱਲ ਕਰ ਕੇ ਪਛਤਾਵਾ ਕਰੇ ਤੇ ਮੁੜ ਸਿੱਧੇ ਰਾਹ ਪੈ ਜਾਵੇ, ਤਦ ਇਹ ਅਖਾਣ ਵਰਤਦੇ ਹਨ ।
(੧) ਦੁਨੀ ਚੰਦ – ਬਚੀਏ ! ਅਜੇ ਵੀ ਸਮਝ, ਡੁੱਲ੍ਹਿਆਂ ਬੇਰਾਂ ਦਾ ਕੁਝ ਨਹੀਂ ਵਿਗੜਿਆ, ਉਹ ਭੁਲਾ ਨਾ ਜਾਣੀਏ, ਜੋ ਮੁੜ ਘਰ ਆਵੇ । ਤੂੰ ਛੋਟੀ ਨਹੀਂ । ਹੋਸ਼ ਕਰ । (ਰਜਨੀ ਨਾਟਕ)
(੨) ਭਾਈ – ਇਹੋ ਤਾਂ ਸਾਰੀ ਗੱਲ ਹੈ, ਜੋ ਤੇਰਾ ਪਿਆਰ, ਤੇਰੀ ਮਿਹਨਤ ਨੂੰ ਖਵਾਰ ਕਰ ਰਿਹਾ ਹੈ, ਪਰ ਹੱਛਾ ! ਉਹ ਭੀ ਭੁਲਾ ਨਾ ਜਾਣੀਏ ਜੋ ਮੁੜ ਘਰ ਆਵੇ ।
(ਸ੍ਰੀ ਹਰਿਚਰਣ ਵਿਸਥਾਰ ਡਾ: ਬਲਬੀਰ ਸਿੰਘ)
ਉਹ ਫਿਰੇ ਨਥ ਘੜਾਨ ਨੂੰ, ਉਹ ਫਿਰੇ ਨੱਕ ਵਢਾਨ ਨੂੰ । ਜਾਂ ਉਹ ਨੱਥ ਘੜਾਂਦੀ ਫਿਰੇ, ਉਹ ਨੱਕ ਵਢਾਂਦੀ ਫਿਰੇ ।
ਜਦ ਇੱਕ ਧਿਰ ਦੂਜੀ ਪਾਸੋਂ ਲਾਭ ਉਠਾਉਣ ਦੀ ਆਸ ਕਰੇ, ਪਰ ਅੱਗੋਂ ਉਹ ਉਸਦਾ ਨਾਸ ਕਰਨਾ ਚਾਹੇ, ਤਦ ਇਹ ਅਖਾਣ ਵਰਤਦੇ ਹਨ ।
ਆਤਮਾ ਰਾਮ ਕਹਿੰਦਾ ਹੈ ਮੇਰੀ ਤਰੱਕੀ ਹੋਵੇ, ਪਰ ਉਸਨੂੰ ਪਤਾ ਨਹੀਂ, ਉਸ ਦਾ ਅਫ਼ਸਰ ਤਾਂ ਉਸਨੂੰ ਨੌਕਰੀਓਂ ਹਟਾਉਣ ਤੇ ਤੁਲਿਆ ਹੋਇਆ ਹੈ । ਅਖੇ ਉਹ ਫਿਰ ਨੱਥ ਘੜਾਉਣ ਨੂੰ ਤੇ ਉਹ ਫਿਰੇ ਨੱਕ ਵਢਾਉਣ ਨੂੰ। (ਮਿੱਧੇ ਹੋਏ ਫੁਲ – ਨਾਨਕ ਸਿੰਘ)
ਨਾਨਕ ਸਿੰਘ : ਸ਼ਾਹ ! ਜੀ ਤੁਹਾਡੇ ਲਈ ਤਾਂ ਉਹ ਭਲਾਮਾਣਸ ਕੇਹਾ ਜਿਸ ਦੇ ਪਲੇ ਨਹੀਂ ਰੁਪਿਆ, ਪਰ ਭਾਵੇਂ ਅਸੀਂ ਗ਼ਰੀਬ ਹਾਂ, ਸਾਡੇ ਵਿੱਚੋਂ ਨਾ ਅਣਖ ਮਰੀ ਹੈ ਨਾ ਭਲਮਣਸਊ । (ਸੰਗ੍ਰ)