logo
भारतवाणी
bharatavani  
logo
ਭਾਰਤੀ ਭਾਸ਼ਾਵਾਂ ਦੁਆਰਾ ਗਿਆਨ
Bharatavani

Punjabi Muhavara Kosh

Please click here to read PDF file Punjabi Muhavara Kosh

ਉਸਤਰਿਆਂ ਦੀ ਮਾਲਾ
ਦੁੱਖਾਂ ਦੀ ਖਾਣ।
ਅੱਜ ਦੇ ਜ਼ਮਾਨੇ ਵਿਚ ਰੋਜ਼ਾਨਾ ਅਖ਼ਬਾਰ ਚਲਾਣਾ ਨਿਰੀ ਪੁਰੀ ਉਸਤਰਿਆਂ ਦੀ ਮਾਲਾ ਤੇ ਸੂਲਾਂ ਦੀ ਸੇਜ ਹੈ।
ਮ. ਸ.

ਉਸਤਾਦੀ ਕਰਨੀ
ਚਲਾਕੀ ਕਰਨੀ, ਧੋਖਾ ਕਰ ਜਾਣਾ।
ਤੁਹਾਡਾ ਭਰਾ ਤੇ ਸਾਡੇ ਨਾਲ ਬੜੀ ਉਸਤਾਦੀ ਕਰ ਗਿਆ ਹੈ। ਅਸਾਂ ਤੇ ਉਸਨੂੰ ਆਪਣਾ ਸਮਝ ਕੇ ਘਰ ਵਾੜਿਆ ਸੀ ਪਰ ਜਾਂਦੀ ਵਾਰ ਉਹ ਮੇਰੀਆਂ ਦੋ ਕਮੀਜ਼ਾਂ ਖਿਸਕਾ ਕੇ ਲੈ ਗਿਆ ਹੈ।
ਸੰ.

ਉਸਰ ਉਸਰ ਕੇ ਬਹਿਣਾ
ਆਪਣੇ ਆਪ ਨੂੰ ਵੱਡਾ ਦੱਸਣਾ।
ਤੇਰੀ ਉਥੇ ਉਕੀ ਕੋਈ ਪੁੱਛ ਨਹੀਂ, ਐਵੇਂ ਸਾਡੇ ਸਾਹਮਣੇ ਉਸਰ ਉਸਰ ਕੇ ਨਾ ਬੈਠ ਕਿ ਮੈਂ ਇਹ ਕਰ ਦਿਆਂਗਾ ਤੇ ਉਹ ਕਰਾ ਦਿਆਂਗਾ।
ਸੰ.

ਉਸਲ ਵੱਟੇ ਭੰਨਣੇ
ਪਾਸੇ ਮਾਰਦੇ ਰਹਿਣਾ, ਸੌਂ ਨ ਸਕਣਾ।
ਮੈਂ ਰਾਤੀਂ ਫਿਕਰ ਵਿਚ ਸੌਂ ਨਹੀਂ ਸਕਿਆ। ਸਾਰੀ ਰਾਤ ਉਸਲ ਵੱਟੇ ਭੰਨਦਿਆਂ ਲੰਘੀ।
ਸੰ.

ਉਸਾਰਾ ਉਸਾਰਨਾ
ਖਿਆਲੀ-ਪੁਲਾ ਪਕਾਉਣਾ।
ਉਹ ਬਸ ਉਸਾਰੇ ਉਸਾਰਨ ਨੂੰ ਹੀ ਸ਼ੇਰ ਹੈ, ਹੱਥੀਂ ਕੁਝ ਨਹੀਂ ਕਰ ਸਕਦਾ।
ਸੰ.

ਉਹ ਜਾਣੇ
ਸਾਨੂੰ ਕੀ, ਸਾਡਾ ਕੀ ਵਿਗੜਿਆ, ਜਾਣ ਦਿਓ।
ਤੁਸੀਂ ਚਿੰਤਾ ਨ ਕਰੋ। ਉਹ ਜਾਣੇ ਜੇ ਵੀਹ ਰੁਪਏ ਗੁੰਮ ਹੋ ਗਏ ਹਨ ਤਾਂ।
ਸੰ.

ਉੱਕਤਾ ਜਾਣਾ
ਉਦਾਸ ਹੋ ਜਾਣਾ, ਅੱਕ ਜਾਣਾ।
ਤੁਹਾਡੀ ਚਿੱਠੀ ਪੜ੍ਹ ਕੇ ਦਿਲ ਨੂੰ ਦੁੱਖ ਵੀ ਹੋਇਆ ਤੇ ਖੁਸ਼ੀ ਵੀ, ਦੁੱਖ ਇਸ ਗੱਲ ਦਾ ਕਿ ਤੁਸੀਂ ਆਪਣੇ ਮੌਜੂਦਾ ਕੰਮ ਧੰਧੇ ਤੋਂ ਇਤਨਾ ਉੱਕਤਾ ਗਏ ਹੋ ਕਿ ਆਪਣੀ ਹੋਂਦ ਤੁਹਾਨੂੰ ਵਬਾਲ ਮਲੂਮ ਹੋਣ ਲਗ ਪਈ ਹੈ।
ਗੰ.ਸ.

ਉਕਾਈ ਖਾ ਜਾਣਾ
ਖੁੰਝ ਜਾਣਾ, ਗ਼ਲਤੀ ਲਗ ਜਾਣੀ।
ਠੇਕੇਦਾਰ ਸਾਹਿਬ ਨੇ ਭਾਂਵੇ ਆਪਣੇ ਵਲੋਂ ਉਪਰੋਕਤ ਸ਼ਬਦਾਂ ਨੂੰ ਖੂਬ ਕੰਠ ਕਰ ਕੇ ਲਿਆਂਦਾ ਹੋਇਆ ਸੀ, ਫਿਰ ਵੀ ਥੋੜੀ ਜਿੰਨੀ ਉਕਾਈ ਖਾ ਹੀ ਗਏ।
ਮ. ਸ.

ਉਕਾਈ ਲਗਣੀ
ਖੁੰਝ ਜਾਣਾ, ਭੁੱਲ ਜਾਣਾ।
ਮੈਨੂੰ ਬੜੀ ਉਕਾਈ ਲੱਗੀ ਹੈ। ਜੇ ਮੈਂ ਕਲ੍ਹ ਉਥੇ ਚਲਾ ਜਾਂਦਾ ਤਾਂ ਇਹ ਕੰਮ ਹੋ ਜਾਣਾ ਸੀ।
ਸੰ.

ਉੱਖਲੀ ਛੜਨਾ
ਚੰਗੀ ਤਰ੍ਹਾਂ ਮਾਰ ਕੁਟਾਈ ਕਰਨੀ।
ਜਿਹੜਾ ਪੁਲਸ ਦੇ ਕਾਬੂ ਆ ਜਾਏ, ਇੱਕ ਵਾਰੀ ਉਸਨੂੰ ਉੱਖਲੀ ਵਿਚ ਛੜ ਦੇਂਦੇ ਹਨ ਤੇ ਕਸੂਰ ਮੰਨਵਾ ਕੇ ਹੀ ਛੱਡਦੇ ਹਨ।
ਸੰ.


logo