logo
भारतवाणी
bharatavani  
logo
ਭਾਰਤੀ ਭਾਸ਼ਾਵਾਂ ਦੁਆਰਾ ਗਿਆਨ
Bharatavani

Punjabi Encyclopaedic Dictionary of Theatre (Punjabi-English)

ਆਂਚਲਿਕ ਨਾਟਕ

Regional play

ਸਾਹਿਤ ਸਿਰਜਣਾ ਦੇ ਸੰਦਰਭ ਵਿੱਚ ਆਂਚਲਿਕਤਾ ਨੇ ਨਵਾਂ ਪਰਿਪੇਖ ਸਿਰਜਿਆ ਹੈ । ਪ੍ਰਸਿੱਧ ਇਤਿਹਾਸਕਾਰ ਆਰਨੋਲਡ ਜੇ. ਟਾਇਨਬੀ ਇਸ ਮੱਤ ਦਾ ਅਨੁਸਾਰੀ ਹੈ ਕਿ ਸੰਸਾਰ ਦੀਆਂ ਕੁਝ ਸਭਿਅਤਾਵਾਂ ਮਨੁੱਖ ਦੇ ਪ੍ਰਕ੍ਰਿਤੀ ਨਾਲ ਵਿਰੋਧ ਵਿੱਚੋਂ ਵਿਕਸਿਤ ਹੋਈਆਂ ਹਨ । ਵੱਖ - ਵੱਖ਼ ਖਿੱਤਿਆਂ ਦੀਆਂ ਭੂਗੋਲਿਕ ਸਥਿਤੀਆਂ ਨੇ ਵਿਅਕਤੀ - ਵਿਸ਼ੇਸ਼ ਦੀ ਜੀਵਨ ਵਿਧੀ ਨੂੰ ਪ੍ਰਭਾਵਤ ਕੀਤਾ ਹੈ । ਸਿੱਟੇ ਵਜੋਂ ਅਜਿਹੀਆਂ ਵਿਲੱਖਣਤਾਵਾਂ ਉਸ ਵਿਸ਼ੇਸ਼ ਖਿੱਤੇ ਵਿੱਚ ਵਿਚਰਨ ਵਾਲੇ ਮਨੁੱਖੀ ਸਮੂਹ ਦੇ ਪਛਾਣ ਚਿੰਨ੍ਹ ਬਣਦੇ ਹਨ । ਇਹ ਵੱਖਰਤਾ ਇੱਕ ਵਿਸ਼ੇਸ਼ ਇਲਾਕੇ ਦੀਆਂ ਰੀਤਾਂ ਤੇ ਰਵਾਇਤਾਂ ਵਿੱਚ ਦ੍ਰਿਸ਼ਟੀਗੋਚਰ ਹੁੰਦੀ ਹੈ । ਭਾਸ਼ਾ ਵਿਗਿਆਨੀਆਂ ਨੇ ਭਾਸ਼ਾ ਦੇ ਆਧਾਰ 'ਤੇ ਵੱਖ ਵੱਖ ਉਪ - ਭਾਸ਼ਾਈ ਇਲਾਕਿਆਂ ਦੀ ਵੱਖ - ਵੱਖ ਆਂਚਲਿਕਤਾ ਨੂੰ ਪ੍ਰਵਾਨ ਕੀਤਾ ਹੈ । ਕਿਸੇ ਇਲਾਕੇ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਉਚਾਰਣ ਅਤੇ ਵਿਆਕਰਣ ਪੱਖੋਂ ਕੁਝ ਵਿਸ਼ੇਸ਼ ਵੱਖਰਤਾਵਾਂ ਕਾਰਨ ਉਸ ਇਲਾਕੇ ਦੀ ਉਪਭਾਸ਼ਾ ਕਹਾਉਂਦੀ ਹੈ । ਆਂਚਲਿਕਤਾ ਦੀ ਵਿਸ਼ੇਸ਼ ਪਛਾਣ ਕਿਸੇ ਵੀ ਰਚਨਾ ਦੀ ਉਪਭਾਸ਼ਾ ਨੂੰ ਮੰਨਿਆ ਜਾਂਦਾ ਹੈ ਪਰ ਕੇਵਲ ਉਪਭਾਸ਼ਾ ਹੀ ਆਂਚਲਿਕਤਾ ਦਾ ਇੱਕੋ ਇੱਕ ਆਧਾਰ ਨਹੀਂ ਹੁੰਦਾ ਸਗੋਂ ਕਿਸੇ ਵੀ ਸਮਾਜ - ਸਭਿਆਚਾਰ ਦੀਆਂ ਰੀਤਾਂ ਰਵਾਇਤਾਂ ਦਾ ਪ੍ਰਗਟਾਵਾ ਵੀ ਆਂਚਲਿਕਤਾ ਦੇ ਪ੍ਰਭਾਵ ਥੱਲੇ ਹੀ ਕੀਤਾ ਜਾਂਦਾ ਹੈ । ਸਾਹਿਤ ਦੀਆਂ ਦੂਜੀਆਂ ਵਿਧਾਵਾਂ ਵਾਂਗ ਪੰਜਾਬੀ ਨਾਟਕ ਵਿੱਚ ਵੀ ਆਂਚਲਿਕਤਾ ਦੇ ਲੱਛਣ ਦ੍ਰਿਸ਼ਟੀਗੋਚਰ ਹੁੰਦੇ ਹਨ । ਚਰਨ ਦਾਸ ਸਿੱਧੂ ਦੇ ਨਾਟਕਾਂ ਵਿੱਚ ਦੁਆਬੇ ਦੀ ਆਂਚਲਿਕਤਾ ਨੂੰ ਉਭਾਰਨ ਵਿੱਚ ਦੁਆਬੀ ਉਪਭਾਸ਼ਾ ਦੇ ਮੁਹਾਵਰੇ, ਉਚਾਰਨ ਢੰਗ ਅਤੇ ਵਿਆਕਰਣ ਪੱਖੋਂ ਨਿਵੇਕਲੀ ਸ਼ੈਲੀ ਦੇ ਵਿਸ਼ੇਸ਼ ਲੱਛਣ ਸਿੱਧ ਹੁੰਦੇ ਹਨ । ਉਹਦੇ ਨਾਟਕਾਂ ਦੇ ਪਾਤਰਾਂ ਦੀ ਆਪਸੀ ਗੱਲਬਾਤ, ਦਰਸ਼ਕਾਂ, ਪਾਠਕਾਂ ਨੂੰ ਦੁਆਬੇ ਦੀ ਆਂਚਲਿਕਤਾ ਦਾ ਅਹਿਸਾਸ ਕਰਾਉਂਦੀ ਹੈ । ਦੁਆਬੀ ਉਪਭਾਸ਼ਾ ਦਾ ਲੋਕ ਮੁਹਾਵਰਾ ਅਤੇ ਵਿਆਕਰਣਕ ਵਰਤੋਂ ਸਿੱਧੂ ਦੇ ਨਾਟਕਾਂ ਦੀ ਵਿਸ਼ੇਸ਼ ਪਛਾਣ ਚਿੰਨ੍ਹ ਸਿੱਧ ਹੋਏ ਹਨ । ਭਜਨੋ ਨਾਟਕ ਵਿੱਚ ਦੁਆਬੀ ਉਪਭਾਸ਼ਾ ਦਾ ਪ੍ਰਭਾਵ ਆਂਚਲਿਕਤਾ ਨੂੰ ਉਜਾਗਰ ਕਰਨ ਵਾਲਾ ਹੈ : ਭਜਨੋ : ਮੈਂ ਮੁੰਡਾ ਸ਼ਹਿਰ ਲਿਜਾਣਾ ਡਾਕਟਰਾਂ ਕੋਲ, ਹਸਪਤਾਲ ਭਵਾਂ ਮੇਰਾ ਸਭ ਕੁਛ ਬਿੱਕ ਜਾਵੇ । ਕਰਮ : ਕੋਈ ਲੋੜ ਨਹੀਂ ਸ਼ਹਿਰ ਜਾਣ ਦੀ, ਲਾਲ ਮਿਰਚਾਂ ਬੰਨ੍ਹ ਦਿਉ ਹੈਥੋਂ ਸਰੋਂ ਦਾ ਤੇਲ ਲਾ ਕੇ । ਜੀਤੇ : ਮੇਰੇ ਵੀਰ ਨੂੰ ਬਚਾਈਂ ਰੱਬਾ, ਮੇਰੇ ਵੀਰ ਨੂੰ ਬਚਾਈਂ ਕਰਮ : ਐਂਵੇ ਮੂੰਹ ਅੱਡੀ ਜਾਂਦੀਆਂ, ਖਾਹ ਮਖਾਹ ਪੈਸੇ ਗਾਲਣੇ ਐ, ਸ਼ਹਿਰ ਲਜਾ ਕੇ ਭਜਨੋ , ਪੰਨਾ 59)
ਬਾਬਾ ਫੱਤੂ ਝੀਰ ਦੀ ਨਾਟਕ ਵਿੱਚ ਦੁਆਬੇ ਦੀ ਉਪਭਾਸ਼ਾ ਦਾ ਪ੍ਰਭਾਵ ਹੋਰ ਵੀ ਗੂੜ੍ਹੇ ਰੰਗ ਵਿੱਚ ਦਿਖਾਈ ਦੇਂਦਾ ਹੈ|
ਫ਼ਤਹ : ਪੁੱਠੀਆਂ ਸਲਾਹਾਂ ਦਿੰਦਾ ਸਹੁਰਾ, ਨਿੱਤ ਮਿਲਦੇ ਇਦਾਂ ਦੇ ਜੁਆਈ ; ਬੇਰ ਐ ਨਾ ਮਲ੍ਹੇ ਦਾ, ਜਦੋਂ ਮਰਜ਼ੀ ਤੋਂੜ ਲਿਆ ਪੰਨਾ 51)
ਲੋਕਧਾਰਾਈ ਵਿਸ਼ਵਾਸ਼ ਅਤੇ ਸਥਾਨਕ ਮਿੱਥਾਂ ਦੀ ਵਰਤੋਂ ਵੀ ਆਂਚਲਿਕ ਨਾਟਕ ਦੀ ਪਛਾਣ ਦਾ ਇੱਕ ਹੋਰ ਆਧਾਰ ਹਨ| ਗੁੱਗੇ ਪੀਰ ਦੀ ਮਿੱਥ ਦਾ ਬਿਆਨ ਦੁਆਬੇ ਦੀ ਆਂਚਲਿਕਤਾ ਦੇ ਪ੍ਰਭਾਵ ਥੱਲੇ ਵੀ ਸਿੱਧੂ ਦੇ ਨਾਟਕਾਂ ਦਾ ਅੰਗ ਬਣਿਆ ਹੈ| ਬਾਬਾ ਬੰਤੂ ਵਿੱਚ ਨਾਟਕ ਦੇ ਮੁੱਖ ਪਾਤਰ ਬੰਤੂ ਨੇ ਗੁੱਗੇ ਪੀਰ ਦੀ ਮੜ੍ਹੀ ਬਣਾਈ ਹੋਈ ਹੈ| ਉਹ ਸੱਪ ਦੇ ਡੱਸੇ ਲੋਕਾਂ ਦਾ ਇਲਾਜ ਕਰਦਾ ਹੈ| ਗੁੱਗੇ ਦੀ ਮਿੱਥ ਦਾ ਪੂਰਾ ਵਰਣਨ ਸਿੱਧੂ ਨੇ ਇਸ ਨਾਟਕ ਵਿੱਚ ਕੀਤਾ ਹੈ ਨਾਟਕ ਦਾ ਅਰੰਭ ਗੁੱਗੇ ਦੀ ਆਰਤੀ ਨਾਲ ਕੀਤਾ ਗਿਆ ਹੈ : ਝੋਲ ਮੇਰੀ ਵਿੱਚ ਛੱਲੀਆਂ ਮੈਂ ਗੁੱਗੇ ਮਨਾਵਣ ਚੱਲੀਆਂ ਨੀ ਮੈਂ ਵਾਰੀ ਗੁੱਗੇ ਤੋਂ (ਪੰਨਾ 20)
ਆਂਚਲਿਕ ਨਾਟਕ ਵਿੱਚ ਕਿਸੇ ਵਿਸ਼ੇਸ਼ ਇਲਾਕੇ ਦੇ ਪਿਤਾ ਪੁਰਖ਼ੀ ਕਿਤਿਆਂ ਤੇ ਉਸ ਨਾਲ ਸੰਬੰਧਤ ਲੋਕ ਵਿਸ਼ਵਾਸ਼ਾਂ ਦਾ ਵਰਣਨ ਵੀ ਕੀਤਾ ਜਾਂਦਾ ਹੈ| ਅਜਮੇਰ ਔਲਖ ਦੇ ਨਾਟਕਾਂ ਵਿੱਚ ਮਲਵਈ ਇਲਾਕੇ ਦੀ ਆਂਚਲਿਕਤਾ ਦੀ ਉਸਾਰੀ ਉਥੋਂ ਦੀ ਉਪਭਾਸ਼ਾ, ਰੀਤੀ ਰਿਵਾਜਾਂ, ਲੋਕਧਾਰਾਈ ਵਿਸ਼ਵਾਸ਼ਾਂ ਅਤੇ ਮਿਥਿਕ ਪ੍ਰਸੰਗਾਂ ਵਿੱਚ ਦ੍ਰਿਸ਼ਟੀਗੋਚਰ ਹੁੰਦੀ ਹੈ (ਸਹਾਇਕ ਗ੍ਰੰਥ -ਗੁਰਦਿਆਲ ਸਿੰਘ ਫੁੱਲ : ਪੰਜਾਬੀ ਨਾਟਕ ਸਰੂਪ, ਸਿਧਾਂਤ ਤੇ ਵਿਕਾਸ; ਚਰਨਦਾਸ ਸਿੱਧੂ : ਭਜਨੋ, ਬਾਬਾ ਬੰਤੂ, ਬਾਬਾ ਫੱਤੂ ਝੀਰ ਦੀ)

ਆਫ਼ ਸਟੇਜ

Off Stage)

ਨਾਟਕ ਦੇ ਖੇਤਰ ਵਿੱਚ ਆਫ਼ ਸਟੇਜ ਤੋਂ ਭਾਵ ਅਜਿਹੀ ਗਤੀਵਿਧੀ ਜਾਂ ਕਾਰਜ ਤੋਂ ਲਿਆ ਜਾਂਦਾ ਹੈ ਜਿਹੜਾ ਮੰਚ ਉੱਤੇ ਨਹੀਂ ਵਾਪਰਦਾ ਅਰਥਾਤ ਅਜਿਹਾ ਕਾਰਜ ਦਰਸ਼ਕਾਂ ਦੇ ਸਨਮੁੱਖ ਨਹੀਂ ਵਾਪਰਦਾ ਸਗੋਂ ਸਟੇਜ ਦੇ ਪਿਛਲੇ ਹਿੱਸੇ ਵਿੱਚ ਵਾਪਰਦਾ ਹੈ । ਨਾਟਕ ਦੇ ਲਿਖਤੀ ਪਾਠ ਨੂੰ ਮੰਚੀ ਰੂਪ ਵਿੱਚ ਰੂਪਾਂਤਰਣ ਕਰਨ ਵੇਲੇ ਆਫ਼ ਸਟੇਜ ਦੀ ਭੂਮਿਕਾ ਮਹੱਤਪੂਰਣ ਹੁੰਦੀ ਹੈ । ਪਿੱਠ ਭੂਮੀ ਤੋਂ ਆਉਣ ਵਾਲੀਆਂ ਆਵਾਜ਼ਾਂ, ਗੀਤ ਆਦਿ ਆਫ਼ ਸਟੇਜ ਤੋਂ ਹੀ ਪੇਸ਼ ਹੁੰਦੇ ਹਨ ਜਿਹੜੇ ਨਾਟਕ ਦੀ ਪ੍ਰਦਰਸ਼ਨੀ ਵਿੱਚ ਪ੍ਰਭਾਵੀ ਰੋਲ ਅਦਾ ਕਰਦੇ ਹਨ । ਜਿਹੜੇ ਵਰਕਰ ਜਾਂ ਰੰਗਕਰਮੀ ਸਟੇਜ ਦੇ ਉੱਤੇ ਨਹੀਂ ਆਉਂਦੇ ਸਗੋਂ ਸਟੇਜ ਦੇ ਪਿੱਛੇ ਰਹਿ ਕੇ ਹੀ ਆਪਣਾ ਰੋਲ ਨਿਭਾਉਂਦੇ ਹਨ ਉਨ੍ਹਾਂ ਨੂੰ ਆਫ਼ ਸਟੇਜ ਵਰਕਰ ਕਿਹਾ ਜਾਂਦਾ ਹੈ । ਮੰਚ ਸੱਜਾ, ਰੂਪ ਸੱਜਾ ਤੇ ਮੰਚ ਵਿਉਂਤਕਾਰੀ ਵਿੱਚ ਇਨ੍ਹਾਂ ਦਾ ਯੋਗਦਾਨ ਅਹਿਮ ਹੁੰਦਾ ਹੈ । (ਸਹਾਇਕ ਗ੍ਰੰਥ - ਆਤਮਜੀਤ : ਨਾਟਕ ਦਾ ਨਿਰਦੇਸ਼ਨ)

ਆਵਾਜ਼ ਪ੍ਰਭਾਵ

sound effects

ਨਾਟਕ ਦੀ ਪ੍ਰਦਰਸ਼ਨੀ ਵਿੱਚ ਰੋਸ਼ਨੀ ਦੀ ਵਿਉਂਤਕਾਰੀ ਦੇ ਨਾਲ - ਨਾਲ ਆਵਾਜ਼ਾਂ ਦੀ ਵਿਉਂਤਕਾਰੀ ਵੀ ਉਨਾਂ ਹੀ ਮਹੱਤਵ ਰੱਖਦੀ ਹੈ । ਧੁਨੀ ਜਾਂ ਆਵਾਜ਼ਾਂ ਦੇ ਪ੍ਰਭਾਵ ਰਾਹੀਂ ਨਾਟਕ ਦੀ ਪੇਸ਼ਕਾਰੀ ਨੂੰ ਗੰਭੀਰਤਾ ਤੇ ਸੰਜੀਦਗੀ ਪ੍ਰਦਾਨ ਕੀਤੀ ਜਾਂਦੀ ਹੈ । ਆਵਾਜ਼ਾਂ ਦਾ ਸਹੀ ਪ੍ਰਭਾਵ ਸਿਰਜਨ ਲਈ ਬਕਾਇਦਾ ਇਸ ਖੇਤਰ ਵਿੱਚ ਕੰਮ ਕਰਨ ਵਾਲੇ ਮਾਹਿਰ ਵਿਅਕਤੀਆਂ ਦੀ ਮਦਦ ਲਈ ਜਾਂਦੀ ਹੈ । ਪਾਤਰਾਂ ਦੁਆਰਾ ਉਚਾਰੇ ਵਾਰਤਾਲਾਪਾਂ ਦਾ ਦਰਸ਼ਕਾਂ ਤੱਕ ਸਹੀ ਸੰਚਾਰ ਹੋਣ ਲਈ ਧੁਨੀ ਪ੍ਰਬੰਧ ਦਾ ਠੀਕ ਹੋਣਾ ਅਤਿ ਜਰੂਰੀ ਹੈ । ਅਜਿਹਾ ਨਾ ਹੋਣ ਦੀ ਸੂਰਤ ਵਿੱਚ ਨਾਟਕ ਦੀ ਪੇਸ਼ਕਾਰੀ ਅਸਫ਼ਲ ਸਿੱਧ ਹੋ ਸਕਦੀ ਹੈ । ਪਾਤਰਾਂ ਦੇ ਸੂਖ਼ਮ ਭਾਵਾਂ ਨੂੰ ਪ੍ਰਗਟਾਉਣ ਵਿੱਚ ਅਤੇ ਨਾਟਕੀ ਮਾਹੌਲ ਨੂੰ ਸਿਰਜਨ ਵਿੱਚ ਆਵਾਜ਼ਾਂ ਦੀ ਭੂਮਿਕਾ ਅਹਿਮ ਹੁੰਦੀ ਹੈ । ਪਾਤਰਾਂ ਦੇ ਮਨ ਅੰਦਰਲੇ ਸ਼ੋਰ, ਬੇਚੈਨੀ ਅਤੇ ਮਾਨਸਿਕ ਪਰੇਸ਼ਾਨੀ ਨੂੰ ਦਰਸ਼ਕਾਂ ਤੱਕ ਉਨੀ ਹੀ ਸ਼ਿੱਦਤ ਨਾਲ ਪੁਚਾਉਣ ਲਈ ਹਨੇਰੀ ਅਤੇ ਤੇਜ ਤੂਫਾਨ ਦੀਆਂ ਰਿਕਾਰਡ ਕੀਤੀਆਂ ਆਵਾਜ਼ਾਂ ਨਾਟਕੀ ਮਾਹੌਲ ਨੂੰ ਸਿਰਜਨ ਵਿੱਚ ਸਹਾਈ ਸਿੱਧ ਹੁੰਦੀਆਂ ਹਨ । ਭਾਸ਼ਾ ਦੇ ਮੁਕਾਬਲੇ ਆਵਾਜ਼ਾਂ ਦੇ ਪ੍ਰਭਾਵ ਰਾਹੀਂ ਕੀਤਾ ਜਾਣ ਵਾਲਾ ਸੰਚਾਰ ਨਾਟਕੀ ਪ੍ਰਦਰਸ਼ਨ ਨੂੰ ਵਧੇਰੇ ਸਸ਼ਕਤ ਬਣਾਉਂਦਾ ਹੈ । ਸਮੇਂ ਅਤੇ ਸਥਾਨ ਬਾਰੇ ਜਾਣਕਾਰੀ ਦੇਣ ਲਈ ਵੀ ਰਿਕਾਰਡ ਕੀਤੀਆਂ ਆਵਾਜ਼ਾਂ ਦੀ ਸਹਾਇਤਾ ਲਈ ਜਾਂਦੀ ਹੈ । ਆਵਾਜ਼ਾਂ ਦੇ ਸਹੀ ਤਾਲਮੇਲ ਲਈ ਨਾਟਕ ਨਿਰਦੇਸ਼ਕ ਨੂੰ ਤਕਨੀਕੀ ਜਾਣਕਾਰੀ ਲੋੜੀਂਦੀ ਸਮਝੀ ਜਾਂਦੀ ਹੈ । ਬੇਮੌਕਾ ਆਵਾਜ਼ਾਂ ਅਤੇ ਅਣਲੋੜੀਂਦਾ ਸੰਗੀਤ ਨਾਟਕ ਦੇ ਸਫ਼ਲ ਮੰਚਨ ਵਿੱਚ ਰੁਕਾਵਟ ਦਾ ਕਾਰਨ ਵੀ ਬਣ ਸਕਦਾ ਹੈ । ਪੂਰਨ ਖਾਮੋਸ਼ੀ ਦੀ ਮੰਗ ਕਰਨ ਵਾਲੇ ਦ੍ਰਿਸ਼ਾਂ ਵਿੱਚ ਅਣਲੇੜੀਂਦੀਆਂ ਆਵਾਜ਼ਾਂ ਨਾਟਕੀ ਪ੍ਰਭਾਵ ਨੂੰ ਖ਼ਤਮ ਕਰ ਦੇਂਦੀਆਂ ਹਨ । ਨਾਟਕ ਇੱਕ ਲਾਈਵ ਵਿਧਾ ਹੋਣ ਕਰਕੇ ਅਤੇ ਸਿੱਧੇ ਰੂਪ ਵਿੱਚ ਦਰਸ਼ਕਾਂ ਨਾਲ ਜੁੜੇ ਹੋਣ ਕਾਰਨ ਗਲਤ ਆਵਾਜ਼ਾਂ ਰਾਹੀਂ ਪੈਦਾ ਹੋਣ ਵਾਲਾ ਖ਼ਲਲ ਦਰਸ਼ਕਾਂ ਦੀ ਬਿਰਤੀ ਨੂੰ ਭੰਗ ਕਰ ਸਕਦਾ ਹੈ । ਨਿਰਸੰਦੇਹ ਨਾਟਕ ਵਿੱਚ ਸੰਵਾਦਾਂ ਦੀ ਮਹੱਤਤਾ ਬੜੀ ਅਹਿਮ ਹੁੰਦੀ ਹੈ ਪਰ ਸੂਝਵਾਨ ਨਿਰਦੇਸ਼ਕ ਆਵਾਜ਼ਾਂ ਦੇ ਪ੍ਰਭਾਵ ਰਾਹੀਂ ਨਾਟਕੀ ਥੀਮ ਨੂੰ ਸਪਸ਼ਟ ਕਰਨ ਦੇ ਨਾਲ ਨਾਲ ਨਾਟਕੀ ਵਾਤਾਵਰਨ ਦੀ ਪ੍ਰਭਾਵਸ਼ਾਲੀ ਸਿਰਜਨਾ ਕਰਦੇ ਹਨ । ਅਜਿਹਾ ਪ੍ਰਭਾਵ ਜਿੱਥੇ ਦਰਸ਼ਕਾਂ ਨੂੰ ਅਨੰਦਿਤ ਕਰਦਾ ਹੈ ਉੱਥੇ ਨਾਟਕ ਦੇ ਪ੍ਰਦਰਸ਼ਨ ਵਿੱਚ ਸੁਹਜ ਵੀ ਭਰਦਾ ਹੈ । (ਸਹਾਇਕ ਗ੍ਰੰਥ - ਸੁਰਜੀਤ ਸਿੰਘ ਸੇਠੀ : ਸਿਰਜਨਾਤਮਿਕ ਨਾਟਕ ਨਿਰਦੇਸ਼ਨ ; ਸੀਤਾ ਰਾਮ ਚਤੁਰਵੇਦੀ : ਭਾਰਤੀਯ ਤਥਾ ਪਾਸ਼ਚਾਤਯ ਰੰਗਮੰਚ)

ਆਕ੍ਰਿਤੀ
contour


logo